20
ਡੀ.ਆਈ.ਜੀ. ਦੇ ਲਾਰੇ ਲੋਕਾਂ ਨੂੰ ਬਹੁਤੇ ਦਿਨ ਖ਼ੁਸ਼ ਨਾ ਰੱਖ ਸਕੇ ।
ਬੂਝਾ ਸਿੰਘ ਸੀ.ਆਈ.ਡੀ. ਵਾਲੇ ਨੇ ਸਾਰੇ ਪਾਜ ਖੋਲ੍ਹ ਦਿੱਤੇ ।
''ਉਹ ਮੌਕਾ ਦੇਖਣ ਨਹੀਂ ਸੀ ਆਇਆ ਡਿਪਟੀ ਨੂੰ ਸਿੱਧਾ ਕਰਨ ਆਇਆ ਸੀ । ਆਪਣਾ ਉੱਲੂ ਸਿੱਧਾ ਕਰ ਕੇ ਤੁਰ ਗਿਆ । ਦੇਖ ਲਓ, ਉਸੇ ਦਿਨ ਦਾ ਨੰਬਰਦਾਰ ਪਿੰਡ ਬੜ੍ਹਕਾਂ ਮਾਰਦਾ ਫਿਰਦੈ । ਗਰੇਵਾਲਾਂ ਨੇ ਜ਼ਮੀਨ 'ਤੇ ਕਬਜ਼ਾ ਕਰ ਲਿਐ । ਬੰਟੀ ਦੇ ਕਾਤਲਾਂ ਦਾ ਪਤਾ ਟਿਕਾਣਾ ਨਾ ਉਸ ਦਿਨ ਸੀ, ਨਾ ਹਾਲੇ ਤਕ ਲੱਗੈ । ਉਹ ਕੋਰਾ ਝੂਠ ਮਾਰ ਗਿਐ ।''
ਬੂਝਾ ਸਿੰਘ ਦਾ ਪਰਚਾਰ ਰੰਗ ਲਿਆਇਆ ਸੀ ।
ਬੰਟੀ ਦੀ ਮੌਤ ਵਾਲੇ ਦਿਨ ਤੋਂ ਹੜਤਾਲ ਜਾਰੀ ਸੀ । ਹੜਤਾਲ ਵੀ ਬੇਮਿਸਾਲ ਸੀ । ਜਦੋਂ ਦੀ ਪੰਜਾਬ ਵਿਚ ਗੜਬੜ ਹੋਈ , ਹਰ ਤੀਸਰੇ ਦਿਨ ਹੜਤਾਲ ਹੁੰਦੀ । ਕਦੇ ਸਿੱਖਾਂ ਵੱਲੋਂ, ਕਦੇ ਹਿੰਦੂਆਂ ਵੱਲੋਂ । ਸਿੱਖਾਂ ਵੱਲੋਂ ਹੜਤਾਲ ਹੋਵੇ ਤਾਂ ਹਿੰਦੂ ਡਰਦੇ ਦੁਪਹਿਰ ਤਕ ਤਾਂ ਦੁਕਾਨਾਂ ਬਿਲਕੁਲ ਨਹੀਂ ਖੋਲ੍ਹਦੇ । ਦੁਪਹਿਰ ਤੋਂ ਬਾਅਦ ਪਹਿਲਾਂ ਥੋੜ੍ਹਾ ਜਿਹਾ ਦਰਵਾਜ਼ਾ ਖੋਲ੍ਹਦੇ ਹਨ ਤੇ ਫੇਰ ਹੌਲੀਹੌਲੀ ਸਾਰਾ । ਸ਼ਾਮ ਤਕ ਬਜ਼ਾਰ ਵਿਚ ਗਹਿਮਾਗਹਿਮੀ ਹੋਣ ਲੱਗਦੀ ।
ਹੜਤਾਲ ਹਿੰਦੂਆਂ ਵੱਲੋਂ ਹੋਵੇ ਤਾਂ ਮਾਹੌਲ ਤਨਾਅਪੂਰਨ ਬਣਿਆ ਰਹਿੰਦਾ । ਅੱਦੇ ਸਿੱਖ ਤਾਂ ਦੁਕਾਨਾਂ ਬੰਦ ਕਰਦੇ ਹੀ ਨਹੀਂ । ਉਹਨਾਂ ਦੇ ਬਹਾਨੇ ਕੁਝ ਹਿੰਦੂ ਵੀ ਦੁਕਾਨਾਂ ਖੋਲ੍ਹ ਲੈਂਦੇ ਹਨ । ਕੁਝ ਕਾਂਗਰਸੀ ਹੋਣ ਦਾ ਪੱਜ ਲਾਦੇ ਹਨ ਤੇ ਕੁਝ ਕਾਮਰੇਡ ਹੋਣ ਦਾ । ਉਹ ਆਖਦੇ ਹਨ, ਉਹਨਾਂ ਦਾ ਫ਼ਿਰਕੂ ਪਾਰਟੀਆਂ ਜਾਂ ਉਹਨਾਂ ਦੇ ਪਰੋਗਰਾਮਾਂ ਨਾਲ ਕੋਈ ਸੰਬੰਧ ਨਹੀਂ । ਭਾਰਤੀ ਜਨਤਾ ਪਾਰਟੀ ਵਾਲੇ ਜਾਂ ਫੇਰ ਵਿਉਪਾਰ ਮੰਡਲ ਵਾਲੇ ਲੋਕਾਂ ਤੋਂ ਦੁਕਾਨਾਂ ਬੰਦ ਕਰਾਉਣ ਲਈ ਇਕ ਗੇੜਾ ਮਾਰਦੇ ਹਨ, ਫੇਰ ਘਰੋਘਰੀ ਜਾ ਵੜਦੇ ਹਨ ।
ਇਸ ਵਾਰ ਹਾਲਾਤ ਉਲਟ ਸਨ । ਬੰਟੀ ਦੇ ਕਤਲ ਦੇ ਸਵਾਲ ਨੂੰ ਲੈ ਕੇ ਹੋਈ ਹੜਤਾਲ ਕਾਰਨ ਢਾਬਿਆਂ ਤੋਂ ਲੈ ਕੇ ਸ਼ਰਾਬ ਦੇ ਠੇਕਿਆਂ ਤਕ ਸਭ ਦੁਕਾਨਾਂ ਨੂੰ ਜਿੰਦੇ ਵੱਜੇ ਹੋਏ ਸਨ ।
ਕਿਸੇ ਰਾਹ ਜਾਂਦੇ ਨੂੰ ਚਾਹ ਦਾ ਕੱਪ ਤਕ ਨਸੀਬ ਨਹੀਂ ਸੀ ਹੁੰਦਾ । ਕਿਸੇ ਬੀਮਾਰ ਨੂੰ ਹਸਪਤਾਲ ਲਿਜਾਣ ਲਈ ਰਿਕਸ਼ਾ ਤਕ ਨਹੀਂ ਸੀ ਲੱਭਦਾ । ਆਖ਼ਿਰ ਵਿਉਪਾਰ ਲਈ ਵੀ ਤਾਂ ਸੁਖਸ਼ਾਂਤੀ ਚਾਹੀਦੀ । ਅਜਿਹੇ ਰੁੱਖੇ ਦਿਨਾਂ ਵਿਚ ਕੰਮ ਕਰਨ ਨੂੰ ਕਿਸ ਦਾ ਦਿਲ ਕਰਦਾ ? ਹਨੇਰਗਰਦੀ ਮੱਚੀ ਪਈ ਸੀ । ਦਿਨਦਿਹਾੜੇ ਬੱਚੇ ਨੂੰ ਅਗਵਾ ਕੀਤਾ ਗਿਆ, ਪੁਲਿਸ ਨੇ ਪੂਰਾ ਜ਼ੋਰ ਲਾ ਲਿਆ, ਉਹ ਸ਼ਹਿਰ ਵਿਚ ਬੈਠੇ ਹੋਏ ਵੀ ਉਸ ਦੇ ਹੱਥ ਨਾ ਆਏ । ਧਮਕੀਆਂ ਦਿੰਦੇ ਰਹੇ, ਬੱਚੇ ਨੂੰ ਮਾਰ ਕੇ ਭੱਜਣ ਵਿਚ ਕਾਮਯਾਬ ਹੋ ਗਏ । ਅਜਿਹੇ ਮਾਹੌਲ ਵਿਚ ਆਮ ਬੰਦੇ ਦਾ ਕੀ ਵੱਟੀਦਾ ? ਕਿੰਨੇ ਹੀ ਵਾਰ ਲੋਕਾਂ ਤੋਂ ਸਕੂਟਰ ਖੋਹੇ ਗਏ, ਕਈ ਵਾਰ ਬਜ਼ਾਰਾਂ ਵਿਚਲੀਆਂ ਬੈਂਕਾਂ ਲੁੱਟੀਆਂ ਗਈਆਂ । ਮੌਕੇ 'ਤੇ ਕਦੇ ਕੋਈ ਨਹੀਂ ਫੜਿਆ ਗਿਆ । ਲੋਕਾਂ ਦੇ ਦਿਲ ਟੁੱਟ ਚੁੱਕੇ ਸਨ । ਕੰਮ 'ਤੇ ਆਉਣ ਦੀ ਕਿਸੇ ਦੀ ਰੂਹ ਨਹੀਂ ਸੀ ਕਰਦੀ ।
ਇਸ ਮੁਕੰਮਲ ਹੜਤਾਲ ਲਈ ਬੂਝਾ ਸਿੰਘ ਆਪਣੇ ਆਪ ਨੂੰ ਸ਼ਾਬਾਸ਼ ਦੇ ਰਿਹਾ ਸੀ । ਇਸ ਦਾ ਮੁੱਢ ਉਸੇ ਦੇ ਪੈਰੋਂ ਬੱਝਾ ਸੀ ।
ਬੂਝਾ ਸਿੰਘ ਦੀ ਸੀ.ਆਈ.ਡੀ. ਵਿਚੋਂ ਨਿਕਲਣ ਦੀ ਪਹਿਲੀ ਚਾਲ ਅਸਫ਼ਲ ਹੋ ਗਈ ਸੀ ।
ਤਲਾਸ਼ੀਆਂ ਦੌਰਾਨ ਉਸ ਨੇ ਪੰਜ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ ਸੀ । ਪੰਜਾਬ ਸਟੂਡੈਂਟਸ ਯੂਨੀਅਨ ਨੇ ਅਜਿਹਾ ਸਿਆਪਾ ਪਾਇਆ ਕਿ ਸ਼ਾਮੂ ਦੇ ਨਾਲਨਾਲ ਬੂਝਾ ਸਿੰਘ ਨੂੰ ਬਾਕੀ ਸਾਂਸੀ ਵੀ ਛੱਡਣੇ ਪਏ । ਕਰਫ਼ਿਊ ਹੁੰਦਿਆਂ ਹੋਇਆਂ ਵੀ ਯੂਨੀਅਨ ਨੇ ਪਤਾ ਨਹੀਂ ਕਿਥੋਂ ਸੂਹ ਕੱਢੀ ।
ਖ਼ਾਨ ਨੂੰ ਝੱਟ ਫ਼ੋਨ ਖੜਕਾ ਦਿੱਤੇ । ਤਰੱਕੀ ਦੀ ਥਾਂ ਬੂਝਾ ਸਿੰਘ ਨੂੰ ਮਿਲੀਆਂ ਖ਼ਾਨ ਦੀਆਂ ਝਿੜਕਾਂ ।
ਹੜਤਾਲ ਉਸ ਦੀ ਦੂਸਰੀ ਚਾਲ ਸੀ । ਉਹ ਵਿਸਥਾਰ ਨਾਲ ਰਿਪੋਰਟਾਂ ਭੇਜ ਰਿਹਾ ਸੀ ।
ਘੁੰਮਫਿਰ ਕੇ ਸਾਰੀ ਗੱਲ ਪਰੀਤਮ ਸਿੰਘ ਸਿਰ ਆ ਜਾਂਦੀ । ਬੂਝਾ ਸਿੰਘ ਆਪਣੀਆਂ ਰਿਪੋਰਟਾਂ ਨਾਲ ਅਫ਼ਸਰਾਂ ਨੂੰ ਇਹ ਗੱਲ ਜਚਾਉਣ 'ਤੇ ਤੁਲਿਆ ਹੋਇਆ ਸੀ ਕਿ ਇਸ ਸਾਰੀ ਬਦਅਮਨੀ ਦਾ ਇਕੋ ਕਾਰਨ ਪਰੀਤਮ ਸਿੰਘ ਐਸ.ਐਚ.ਓ ਸੀ ।
ਜਿੰਨੀਆਂ ਵੀ ਖ਼ਬਰਾਂ ਛਪਦੀਆਂ, ਜਿੰਨੀਆਂ ਰੈਲੀਆਂ ਹੁੰਦੀਆਂ, ਸਭ ਵਿਚ ਪਰੀਤਮ 'ਤੇ ਸਿੱਧੇ ਹਮਲੇ ਹੁੰਦੇ । ਉਸ ਵੱਲੋਂ ਕੀਤੀ ਜਾ ਰਹੀ ਕੁਰੱਪਸ਼ਨ ਦੇ ਕੱਚੇ ਚਿੱਠੇ ਖੋਲ੍ਹੇ ਜਾਂਦੇ । ਬੂਝਾ ਸਿੰਘ ਦੀ ਕਿਰਪਾ ਨਾਲ ਉਸ ਦੇ ਪੁਲਿਸ 'ਚ ਭਰਤੀ ਹੋਣ ਤੋਂ ਲੈ ਕੇ ਅੱਜ ਤਕ ਬਣੀ ਲੱਖਾਂ ਰੁਪਏ ਦੀ ਜਾਇਦਾਦ ਦੇ ਅੰਕੜੇ ਕਈ ਪੋਸਟਰਾਂ ਵਿਚ ਛਪ ਚੁੱਕੇ ਸਨ ।
ਕਿਸੇ ਜਥੇਦਾਰ ਰਾਹੀਂ ਮੁੱਖ ਮੰਤਰੀ ਨੂੰ ਭੇਜੀ ਆਪਣੀ ਖ਼ੁਫ਼ੀਆ ਰਿਪੋਰਟ ਚਿ ਬੂਝਾ ਸਿੰਘ ਨੇ ਸਾਫ਼ ਲਿਖਿਆ ਸੀ ਕਿ ਲੋਕ ਅਸਲ ਵਿਚ ਪਰੀਤਮ ਸਿੰਘ ਦੇ ਖ਼ਿਲਾਫ਼ ਹਨ, ਕਿਕਿ ਉਹਨਾਂ ਦੀ ਪਰੀਤਮ ਨੂੰ ਤਬਦੀਲ ਕਰਨ ਦੀ ਮੰਗ ਨਹੀਂ ਮੰਨੀ ਜਾ ਰਹੀ, ਇਸ ਲਈ ਹੁਣ ਲੋਕ ਮੁੱਖ ਮੰਤਰੀ ਦੇ ਖ਼ਿਲਾਫ਼ ਹੁੰਦੇ ਜਾ ਰਹੇ ਹਨ । ਲੋਕਾਂ ਦਾ ਮਤ ਬਣਦਾ ਜਾ ਰਿਹਾ ਕਿ ਇਸ ਗੜਬੜ ਵਿਚ ਮੁੱਖ ਮੰਤਰੀ ਵੀ ਹਿੱਸੇਦਾਰ । ਕੀ ਹੋ ਗਿਆ ਜੋ ਅੱਜ ਉਨਾਂ ਦੀ ਪਾਰਟੀ ਚੋਣਾਂ ਜਿੱਤ ਗਈ । ਕੱਲ੍ਹ ਉਹ ਵੀ ਵੱਖਵਾਦੀ ਨਾਅਰੇ ਹੀ ਤਾਂ ਮਾਰ ਰਹੇ ਸਨ । ਜੇ ਮੁੱਖ ਮੰਤਰੀ ਨੂੰ ਆਪਣੇ ਇਲਾਕੇ ਦੇ ਲੋਕਾਂ ਦਾ ਹੀ ਖ਼ਿਆਲ ਨਹੀਂ, ਉਹ ਸੂਬੇ ਦਾ ਕੀ ਸੰਵਾਰੇਗਾ ? ਉਸ ਨੂੰ ਇਕ ਬੇਈਮਾਨ ਥਾਣੇਦਾਰ ਨਾਲ ਇੰਨਾ ਮੋਹ ਕਿ ? ਮੰਤਰੀ ਦੀ ਚੁੱਪ ਸਗੋਂ ਪੁਲਿਸ ਨੂੰ ਲੁੱਟਖਸੁੱਟ ਦੀ ਖੁੱਲ੍ਹੀ ਛੁਟੀ ਦੇ ਰਹੀ ਸੀ ।
ਲੋਕਾਂ ਦੀਆਂ ਮੰਗਾਂ ਜਾਇਜ਼ ਸਨ । ਉਹ ਕਿਸੇ ਪੁਲਿਸ ਵਾਲੇ ਨੂੰ ਫਾਹੇ ਲਾਉਣ ਦੀ ਮੰਗ ਤਾਂ ਨਹੀਂ ਕਰ ਰਹੇ । ਇਮਾਨਦਾਰ ਅਫ਼ਸਰਾਂ ਦੀ ਮੰਗ ਹੀ ਕਰ ਰਹੇ ਹਨ । ਮੁੱਖ ਮੰਤਰੀ ਨੂੰ ਚਾਹੀਦਾ , ਲੋਕਾਂ ਦਾ ਗੁੱਸਾ ਸ਼ਾਂਤ ਕਰੇ ।
ਇਹ ਸ਼ਹਿਰ ਹੀ , ਜਿਹੜਾ ਵੋਟਾਂ ਵੇਲੇ ਮੁੱਖ ਮੰਤਰੀ ਦੇ ਹੱਕ ਵਿਚ ਭੁਗਤਦਾ । ਚੋਣਾਂ ਤੋਂ ਪਹਿਲਾਂ ਲੋਕ ਲੱਖ ਸਰਦਾਰ ਜੀ ਨਾਲ ਰੁੱਸੇ ਹੋਣ, ਵੋਟ ਪਾਉਣ ਵੇਲੇ ਉਹ ਸਰਦਾਰ ਦੇ ਨਰਮ ਸੁਭਾਅ 'ਤੇ ਹੀ ਧਿਜਦੇ ਹਨ । ਵਿਰੋਧੀ ਚਾਹੇ ਜਿੰਨੇ ਮਰਜ਼ੀ ਬਰਾਹਮਣਵਾਦ ਦੇ ਨਾਹਰੇ ਲਾਦੇ ਰਹਿਣ, ਲੋਕ ਸਰਦਾਰ ਜੀ ਨਾਲੋਂ ਨਹੀਂ ਟੁੱਟਦੇ । ਇਸ ਵਾਰ ਮਾਮਲਾ ਨਾਜ਼ੁਕ । ਜੇ ਫੌਰੀ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾ ਲੋਕਾਂ ਨੇ ਸਰਦਾਰ ਜੀ ਤੋਂ ਅਜਿਹਾ ਮੁੱਖ ਮੋੜਨਾ ਕਿ ਉਹਨਾਂ ਨੂੰ ਹੋਰ ਹਲਕਾ ਲੱਭਣਾ ਪੈਣਾ । ਇਸ ਵਾਰ ਪਾਰਲੀਮੈਂਟ ਦੀਆਂ ਚੋਣਾਂ ਸਮੇਂ ਉਹ ਲੋਕਾਂ ਦੇ ਗੁੱਸੇ ਦਾ ਸੁਆਦ ਚੱਕ ਚੁੱਕੇ ਹਨ ।
ਮੁੱਖ ਮੰਤਰੀ ਪਤਾ ਨਹੀਂ ਕਿਹੜੀ ਕੁੰਭਕਰਨੀ ਨੀਂਦ ਸੁੱਤਾ ਹੋਇਆ ਜਾਂ ਫੇਰ ਉਸ ਨੂੰ ਲੋਕਾਂ ਦੇ ਗ਼ੁੱਸੇ ਦੀ ਕੋਈ ਪਰਵਾਹ ਨਹੀਂ ਸੀ ਜਾਂ ਫੇਰ ਇਸ ਚੁੱਪ ਵਿਚ ਵੀ ਕੋਈ ਸਿਆਸੀ ਚਾਲ ਸੀ ।
ਬੂਝਾ ਸਿੰਘ ਨੂੰ ਆਪਣੀ ਕਾਹਲ ਸੀ । ਉਸ ਨੇ ਮੁੱਖ ਮੰਤਰੀ ਦੇ ਸਭ ਤੋਂ ਨਜ਼ਦੀਕੀ ਜਥੇਦਾਰ ਨੂੰ ਸ਼ਿੰਗਾਰ ਰੱਖਿਆ ਸੀ । ਜਿਸ ਦਿਨ ਵੀ ਬਦਲੀਆਂ ਹੋਈਆਂ, ਮੁੱਖ ਮੰਤਰੀ ਤੋਂ ਫ਼ੋਨ ਕਰਾ ਕੇ ਐਸ.ਐਚ.ਓ. ਲਗਵਾ ਦੇਵੇਗਾ ।
ਜਥੇਦਾਰ ਤਾਂ ਆਈ.ਜੀ. ਕੋਲ ਵੀ ਜਾ ਵੱਜਾ ਸੀ । ਆਈ.ਜੀ. ਨੇ ਇਕੋ ਸ਼ਰਤ ਰੱਖੀ ਸੀ ।
''ਪਹਿਲਾਂ ਪੰਜਚਾਰ ਦਹਿਸ਼ਤਗਰਦ ਫੜ ਕੇ ਮਾਰ । ਆਦੇ ਦੇ ਹੀ ਆਰਡਰ ਕਰ ਦਿਆਂਗਾ ।''
ਬੂਝਾ ਸਿੰਘ ਇਹ ਕਰਨ ਲਈ ਤਿਆਰ ਨਹੀਂ ਸੀ । ਪਹਿਲਾਂ ਇਕ ਮਾਰਿਆ ਸੀ ਤਾਂ ਅੱਜ ਤਕ ਤਾਬ ਨਹੀਂ ਸੀ ਆਇਆ । ਅਜਿਹੀ ਨੌਕਰੀ ਨਾਲੋਂ ਤਾਂ ਇਥੇ ਹੀ ਭਲਾ ਸੀ ।
ਝ ਬੂਝਾ ਸਿੰਘ ਸੀ.ਆਈ.ਡੀ. ਵਿਚ ਪਹਿਲਾਂ ਜਿੰਨਾ ਔਖਾ ਨਹੀਂ ਸੀ । ਇਸ ਕੰਮ ਦਾ ਹੁਣ ਉਸ ਨੂੰ ਭੁੱਸ ਪੈ ਗਿਆ ਸੀ ।
ਜਦੋਂ ਦੀ ਗੜਬੜ ਸ਼ੁਰੂ ਹੋਈ , ਸੀ.ਆਈ.ਡੀ. ਵਾਲਿਆਂ ਦੀਆਂ ਵੀ ਮੌਜਾਂ ਹੋ ਗਈਆਂ ਹਨ । ਪਹਿਲਾਂ ਤਾਂ ਸਾਰਾ ਦਿਨ ਚੋਰਾਂ ਵਾਂਗ ਸ਼ੈਲਰਾਂ, ਫੂਡ ਸਪਲਾਈ ਜਾਂ ਮਾਰਕਫੈੱਡ ਵਾਲਿਆਂ ਪਿੱਛੇ ਫਿਰਨਾ ਪੈਂਦਾ ਸੀ, ਕਦੋਂ ਦੋ ਨੰਬਰ ਦੇ ਚੌਲਾਂ ਨਾਲ ਭਰਿਆ ਟਰੱਕ ਗੁਦਾਮੋਂ ਬਾਹਰ ਨਿਕਲਦਾ ? ਕਦੇ ਪੀ.ਡਬਲਿਯੂ.ਡੀ. ਵਾਲਿਆਂ ਪਿੱਛੇ ਬੰਦੇ ਲਾਉਣੇ ਪੈਂਦੇ, ਕਦੇ ਜੰਗਲਾਤ ਵਾਲਿਆਂ ਪਿੱਛੇ ।
'ਮੁਲਾਜ਼ਮ ਭਾਈ, ਮੁਲਾਜ਼ਮ ਭਾਈ' ਦਾ ਵਾਸਤਾ ਪਾ ਕੇ ਉਹ ਮਸਾਂ ਹੀ ਦਸੌਂਧ ਦਿੰਦੇ ਸਨ । ਇਹਨਾਂ ਦਿਨਾਂ ਵਿਚ ਉਹਨਾਂ ਪਿੱਛੇ ਫਿਰਨ ਦੀ ਕਿਸ ਨੂੰ ਵਿਹਲ ? ਉਸ ਦਾ ਹੌਲਦਾਰ ਬੜਾ ਸਿਆਣਾ । ਉਸ ਦੀ ਸਾਰੀ ਨੌਕਰੀ ਸੀ.ਆਈ.ਡੀ. ਦੀ ਅਤੇ ਉਹ ਵੀ ਇਸ ਇਲਾਕੇ ਦੀ । ਇਥੋਂ ਦੇ ਬੱਚੇਬੱਚੇ ਨੂੰ ਜਾਣਦਾ । ਸਿਪਾਹੀ ਵੀ ਪੁਰਾਣੇ ਹਨ । ਉੱਪਰ ਭੇਜਣ ਲeਂੀ ਆਪੇ ਇਤਲਾਹ ਇਕੱਠੀ ਕਰ ਲੈਂਦੇ ਹਨ । ਕੁਝ ਪਰੈਸਰਿਪੋਰਟਰਾਂ ਕੋਲੋਂ, ਕੁਝ ਨੇਤਾਵਾਂ ਕੋਲੋਂ ਅਤੇ ਕੁਝ ਇਧਰੋਂਉਧਰੋਂ । ਬਾਕੀ ਘੜੀਆਂਘੜਾਈਆਂ ਹੁੰਦੀਆਂ ਹਨ । ਜਿਵੇਂ ਅੱਤਵਾਦ ਬਾਰੇ ਹਰ ਪੰਦਰਾਂ ਦਿਨਾਂ ਬਾਅਦ ਇਹੋ ਰਿਪੋਰਟ ਭੇਜਣੀ ਹੁੰਦੀ ਕਿ ਇਲਾਕੇ ਵਿਚ ਕੁਝ ਨਵੇਂ ਅਤਿਵਾਦੀ ਪਰਵੇਸ਼ ਕਰ ਗਏ ਹਨ । ਕਿਸੇ ਵੀ ਸਮੇਂ ਮਾੜੀ ਘਟਨਾ ਵਾਪਰ ਸਕਦੀ ਜਾਂ ਅਤਿਵਾਦੀ ਇਲਾਕੇ ਵਿਚ ਆਪਣਾ ਵਿਸਥਾਰ ਕਰ ਰਹੇ ਹਨ, ਨਵੇਂ ਮੁੰਡੇ ਭਰਤੀ ਕਰ ਰਹੇ ਹਨ । ਇਲਾਕੇ ਵਿਚ ਮਾਰੂ ਹਥਿਆਰ ਜਮ੍ਹਾਂ ਕੀਤੇ ਜਾ ਰਹੇ ਹਨ ।
ਇਹ ਖ਼ਬਰ ਉਹਨਾਂ ਆਪਣੇ ਅਫ਼ਸਰਾਂ ਤੋਂ ਸਿੱਖੀ । ਹਰ ਪੰਦਰਾਂ ਅਗਸਤ ਅਤੇ ਛੱਬੀ ਜਨਵਰੀ ਨੂੰ ਦਿੱਲੀ ਪੁਲਿਸ ਅਜਿਹੀ ਹੀ ਖ਼ਬਰ ਨਸ਼ਰ ਕਰਦੀ ਤੇ ਪੰਜਚਾਰ ਮੁੰਡਿਆਂ ਦੀਆਂ ਫ਼ੋਟੋਆਂ ਛਾਪ ਦਿੰਦੀ ਕਿ ਇਹ ਖ਼ਤਰਨਾਕ ਅਤਿਵਾਦੀ ਦਿੱਲੀ ਵਿਚ ਪਰਵੇਸ਼ ਕਰ ਗਏ ਹਨ ।
ਕੋਈ ਵੀ ਵਾਰਦਾਤ ਕਰ ਸਕਦੇ ਹਨ । ਉਹਨਾਂ ਦੀ ਸਰਕਾਰੀ ਸਮਾਗਮਾਂ ਵਿਚ ਗੜਬੜ ਕਰਨ ਦਾ ਯੋਜਨਾ ਆਦਿ । ਜੇ ਦਿੱਲੀ ਵਾਲੇ ਇੰਝ ਕਰ ਸਕਦੇ ਹਨ ਤਾਂ ਉੇਹ ਕਿ ਨਹੀਂ ਕਰ ਸਕਦੇ ?
ਲੋਕਲ ਪੁਲਿਸ ਆਪੇ ਟੱਕਰਾਂ ਮਾਰਦੀ ਰਹਿੰਦੀ ।
ਸ਼ਹਿਰ ਵਿਚ ਹੜਤਾਲ ਹੋਣੀ ਹੋਵੇ ਤਾਂ ਵੀ ਰਿਪੋਰਟ ਤਿਆਰ । ਉਹੋ ਪਹਿਲਾਂ ਵਾਲੇ ਅੱਖਰ, ਸੰਘ ਵੱਲੋਂ ਖ਼ੂਨਖ਼ਰਾਬੇ ਲਈ ਜ਼ੋਰਾਂਸ਼ੋਰਾਂ ਨਾਲ ਤਿਆਰੀ ਹੋ ਰਹੀ । ਮੰਦਰ ਵਿਚ ਮੀਟਿੰਗਾਂ ਹੋ ਰਹੀਆਂ ਹਨ । ਕੁਝ ਹਥਿਆਰ ਅਤੇ ਬਹੁਤ ਸਾਰੀਆਂ ਡਾਂਗਾਂ ਇਕੱਠੀਆਂ ਕੀਤੀਆਂ ਜਾ ਚੁੱਕੀਆਂ ਹਨ । ਦੁਕਾਨਾਂ ਲੁੱਟਣ, ਅੱਗਜ਼ਨੀ ਤੋਂ ਲੈ ਕੇ ਕਤਲਾਂ ਤਕ ਕੁਝ ਵੀ ਹੋ ਸਕਦਾ । ਬੱਸਾਂ ਦਾ ਘਿਰਾਓ ਕੀਤਾ ਜਾਏਗਾ, ਸਰਕਾਰੀ ਮੁਲਾਜ਼ਮਾਂ ਨੂੰ ਦਫ਼ਤਰ ਜਾਣੋਂ ਰੋਕਿਆ ਜਾਏਗਾ ਆਦਿ । ਇਹ ਰਿਪੋਰਟ ਵੀ ਉਹਨਾਂ ਉੱਚ ਅਧਿਕਾਰੀਆਂ ਵੱਲੋਂ ਹਰ ਤਿਉਹਾਰ 'ਤੇ ਜਾਰੀ ਕੀਤੀ ਜਾਂਦੀ ਰਿਪੋਰਟ ਦੇ ਆਧਾਰ ਉੱਪਰ ਹੀ ਤਿਆਰ ਕੀਤੀ ।
ਹੜਤਾਲ ਅਕਾਲੀਆਂ ਵੱਲੋਂ ਹੋਵੇ ਤਾਂ ਕੁਝ ਸ਼ਬਦ ਬਦਲਣੇ ਪੈਂਦੇ ਹਨ । ਮੰਦਰ ਦੀ ਥਾਂ ਗੁਰਦੁਆਰਾ, ਡਾਂਗਾਂ ਦੀ ਥਾਂ ਕਿਰਪਾਨਾਂ, ਬਾਕੀ ਉਹੋ ਕੁਝ ।
ਕੋਈ ਸਰਕਾਰੀ ਜਲਸਾ ਹੋਵੇ ਤਾਂ ਲੋਕਾਂ ਵਿਚ ਭਾਰੀ ਉਤਸ਼ਾਹ ਦੀ ਰਿਪੋਰਟ । ਕੋਈ ਵਿਰੋਧੀ ਪਾਰਟੀ ਦਾ ਜਲਸਾ ਹੋਵੇ ਤਾਂ ਲੋਕਾਂ ਵਿਚ ਉਦਾਸੀਨਤਾ ਦੀ ਰਿਪੋਰਟ । ਹੁਕਮਰਾਨ ਪਾਰਟੀ ਦੇ ਜਲਸੇ ਵਿਚ ਇਕੱਠੇ ਹੋਏ ਲੋਕਾਂ ਦੀ ਗਿਣਤੀ ਦਿੰਦਿਆਂ ਇਕ ਜਾਂ ਦੋ ਬਿੰਦੀਆਂ ਹੋਰ ਲਾ ਦਿਓ ।
ਵਿਰੋਧੀ ਪਾਰਟੀ ਦੇ ਇਕੱਠ ਨਾਲੋਂ ਇਕ ਬਿੰਦੀ ਖਿਸਕਾ ਦਿਓ । ਬੱਸ ! ਤੁਸੀਂ ਇਕ ਕਾਮਯਾਬ ਸੂਹੀਏ ਬਣ ਗਏ ।
ਅਜਿਹੀਆਂ ਰਿਪੋਰਟਾਂ ਤਾਂ ਹੁਣ ਉਸ ਦੇ ਖੱਬੇ ਹੱਥ ਦੀ ਖੇਡ ਸੀ ।
ਉਹਨਾਂ ਦਾ ਜ਼ਿਆਦਾ ਧਿਆਨ ਨਵੇਂ ਪੁੰਗਰਦੇ ਅਤਿਵਾਦੀਆਂ ਵੱਲ ਰਹਿੰਦਾ ਸੀ । ਕਿਸੇ ਮੁੰਡੇ ਨੇ ਕੇਸਰੀ ਪੱਗ ਬੰਨ੍ਹੀ ਨਹੀਂ ਕਿ ਉਹਨਾਂ ਆਪਣਾ ਜਾਲ ਵਿਛਾਇਆ ਨਹੀਂ । ਇਸ ਕੰਮ ਲਈ ਬੂਝਾ ਸਿੰਘ ਦਾ ਤਾਂ ਬਹੁਤਾ ਦਿਮਾਗ਼ ਕੰਮ ਨਹੀਂ ਕਰਦਾ, ਪਰ ਉਸ ਦਾ ਸਟਾਫ਼ ਬਹੁਤ ਮਾਹਿਰ ।
ਉਹ ਦੂਜੇਤੀਜੇ ਦਿਨ ਕੋਈ ਨਾ ਕੋਈ ਸ਼ਿਕਾਰ ਫੁੰਡ ਲੈਂਦੇ ਹਨ ।
ਪਹਿਲੇ ਦਿਨ ਸਿਪਾਹੀ ਮੁੰਡੇ ਦੇ ਮਾਪਿਆਂ ਨੂੰ ਮਿਲਦਾ । ਮੁੰਡੇ ਦੇ ਬੁਰੀ ਸੰਗਤ ਵਿਚ ਪੈ ਜਾਣ ਦੀ ਸੂਚਨਾ ਦਿੰਦਾ । ਉਸ ਮੀਟਿੰਗ ਦੀ ਕਾਰਵਾਈ ਪੜ੍ਹ ਕੇ ਸੁਣਾਦਾ , ਜਿਹੜੀ ਵਿਚੋਂ ਮੁੰਡਾ ਉੱਠ ਕੇ ਆਇਆ ਹੁੰਦਾ । ਬੜੇ ਸਲੀਕੇ ਨਾਲ ਉਹ ਮਾਪਿਆਂ ਨੂੰ ਸਮਝਾਦਾ ਕਿ ਉਹ ਉਹਨਾਂ ਨੂੰ ਆਪਣਾ ਸਮਝ ਕੇ ਸੂਚਿਤ ਕਰਨ ਆਇਆ । ਹਾਲੇ ਮੌਕਾ ਸੰਭਾਲਿਆ ਜਾ ਸਕਦਾ । ਉਪਰੋਂ ਚਿੱਠੀ ਆਈ ਕਿ ਮੁੰਡੇ ਦੀਆਂ ਗਤੀਵਿਧੀਆਂ 'ਤੇ ਨਿਗਾਹ ਰੱਖੀ ਜਾਵੇ ।
ਨਾਲੇ ਉਸ ਦੇ ਚਾਲਚਲਨ ਦੀ ਰਿਪੋਰਟ ਭੇਜੀ ਜਾਵੇ । ਇਕ ਵਾਰ ਸੀ.ਆਈ.ਡੀ. ਵਾਲਿਆਂ ਨ ਲਿਖ ਦਿੱਤਾ ਕਿ ਮੁੰਡਾ ਅਤਿਵਾਦੀਆਂ ਨਾਲ ਮਿਲਦਾਜੁਲਦਾ ਤਾਂ ਸਿਆਪਾ ਖੜਾ ਹੋ ਜਾਣਾ । ਸਿਪਾਹੀ ਕਈਕਈ ਉਦਾਹਰਣਾਂ ਦਿੰਦਾ । ਕਿਸੇ ਦੇ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਦੀ, ਕਿਸੇ ਦੇ ਬਿਨਾਂ ਮੁਕੱਦਮਾ ਜੇਲ੍ਹ 'ਚ ਸੜਦੇ ਰਹਿਣ ਦੀ । ਇਕ ਵਾਰ ਹਿਸਟਰੀਸ਼ੀਟ ਖੁੱਲ੍ਹ ਜਾਣ 'ਤੇ ਲੱਗ ਜਾਣ ਵਾਲੀ ਕੋੜ੍ਹ ਦੀ ਬੀਮਾਰੀ ਦੀ । ਫੇਰ ਕਤਲ ਚਾਹੇ ਦਿੱਲੀ ਹੋਇਆ ਹੋਵੇ ਜਾਂ ਬੰਬਈ, ਅਗਲਿਆਂ ਝੱਟ ਥਾਣੇ ਬੁਲਾ ਲਿਆ ਕਰਨੈ । ਕਈਕਈ ਦਿਨ ਥਾਣੇ ਬਿਠਾਈ ਰੱਖਿਆ ਕਰਨੈ ।
ਹਰ ਵਾਰ ਪੈਸੇ ਦੇ ਕੇ ਖਹਿੜਾ ਛੁੱਟਿਆ ਕਰਨੈ ।
ਉਹ ਸਮਝਾਬੁਝਾ ਕੇ ਮਾਪਿਆਂ ਦਾ ਦਿਲ ਹਿਲਾ ਕੇ ਆਇਆ ਹੀ ਹੁੰਦਾ ਕਿ ਬੂਝਾ ਸਿੰਘ ਅੱਧੀ ਰਾਤ ਨੂੰ ਉਹਨਾਂ ਦੇ ਘਰ ਰੇਡ ਕਰ ਦਿੰਦਾ । ਮੁੰਡੇ ਤੋਂ ਸਭ ਕੁਝ ਮਨਵਾ ਕੇ, ਮਾਪਿਆਂ ਦੀਆਂ ਮਿੰਨਤਾਂ ਨੂੰ ਮੁੱਖ ਰੱਖਦਿਆਂ ਉਸ ਨੂੰ ਅਗਲੇ ਦਿਨ ਤਕ ਲਈ ਛੱਡ ਆਦਾ ।
ਬਾਕੀ ਕੰਮ ਸੇਵਾ ਸਿੰਘ ਹੌਲਦਾਰ ਕਰਦਾ । ਉਸ ਨੂੰ ਪਤਾ ਹੁੰਦਾ ਸੀ, ਕਿਸੇ ਦੇ ਕਿੱਡੀ ਕੁ ਸਿੰਗੀ ਲਾਉਣੀ ।
ਅਤਿਵਾਦੀਆਂ ਵਿਚ ਨਾਂ ਆਉਣ ਅਤੇ ਫੇਰ ਕੱਟ ਦੇਣ ਦਾ ਉਹਨਾਂ ਦਾ ਪੂਰਾ ਸੀਜ਼ਨ ਲੱਗਾ ਹੋਇਆ ਸੀ । ਫੇਰ ਵੀ ਉਹ ਵੱਜਦੇ ਤਾਂ ਸੀ.ਆਈ.ਡੀ. ਵਾਲੇ ਹੀ ਸਨ । ਉਹ ਸਹੂਲਤਾਂ ਤਾਂ ਨਹੀਂ ਸਨ, ਜਿਹੜੀਆਂ ਥਾਣੇ ਵਾਲਿਆਂ ਨੂੰ ਹੁੰਦੀਆਂ ਹਨ । ਇਥੇ ਤਾਂ ਸਿਨੇਮਾ ਦੇਖਣ ਵੀ ਜਾਣਾ ਹੋਵੇ ਤਾਂ ਪਹਿਲਾਂ ਮੈਨੇਜਰ ਨੂੰ ਦੱਸਣਾ ਪੈਂਦਾ ਕਿ ਉਹ ਕੌਣ ? ਬੱਸ 'ਚ ਸਫ਼ਰ ਕਰਨਾ ਹੋਵੇ ਤਾਂ ਅਡੈਂਟੀ ਕਾਰਡ ਦਿਖਾਉਣਾ ਪੈਂਦਾ । ਥਾਣੇ ਲੱਗਾ ਹੋਵੇ ਤਾਂ ਅਗਲੇ ਵਰਦੀ ਦੇਖ ਕੇ ਹੀ ਡਰ ਜਾਂਦੇ ਹਨ ।
ਥਾਣੇਦਾਰ ਨੂੰ ਕੋਈ ਵੱਡਾ ਅਫ਼ਸਰ ਵੀ ਨਹੀਂ ਪੁੱਛਦਾ । ਕੋਈ ਜ਼ਮਾਨਾ ਸੀ ਜੇ ਥਾਣੇਦਾਰ ਦੇ ਹਲਕੇ ਵਿਚ ਇਕ ਕਤਲ ਵੀ ਹੋ ਜਾਂਦਾ ਤਾਂ ਅਗਲੇ ਦੀ ਬਦਲੀ ਹੋ ਜਾਂਦੀ । ਹੁਣ ਤਾਂ ਭਾਵੇਂ ਥਾਣੇ ਅੱਗੇ ਫ਼ਾਇਰਿੰਗ ਕਰ ਜਾਏ, ਕੋਈ ਪੁੱਛਪੜਤਾਲ ਨਹੀਂ ਹੁੰਦੀ । ਸੀ.ਆਈ.ਡੀ. ਨੂੰ ਵਖਤ ਜ਼ਰੂਰ ਪੈ ਜਾਂਦਾ । ਉਹਨਾਂ ਪਹਿਲਾਂ ਸੂਹ ਕਿ ਨਾ ਲਾਈ ? ਸੀ.ਆਈ.ਡੀ. ਸੂਹ ਕਿਥੋਂ ਲਾਵੇ ? ਇਸ ਮਹਿਕਮੇ ਬਾਰੇ ਕੋਈ ਨਹੀਂ ਸੋਚਦਾ । ਦਹਿਸ਼ਤਗਰਦਾਂ ਕੋਲ ਇਨਫੀਲਡ ਮੋਟਰਸਾਈਕਲ ਹਨ । ਪੁਲਿਸ ਕੋਲ ਸਾਈਕਲ ਵੀ ਨਹੀਂ । ਮੀਟਿੰਗ ਲਈ ਉਹਨਾਂ ਨੂੰ ਪੰਜ ਸਟਾਰ ਹੋਟਲ ਮਿਲ ਸਕਦੇ ਹਨ । ਸੀ.ਆਈ.ਡੀ. ਵਾਲੇ ਢਾਬੇ 'ਤੇ ਚਾਹ ਦਾ ਕੱਪ ਨਹੀਂ ਪੀ ਸਕਦੇ । ਸੀ.ਆਈ.ਡੀ. ਵਾਲੇ ਪਿੱਛਾ ਕਿਵੇਂ ਕਰਨ ? ਕਦੇ ਪੈਰ ਹੇਠ ਬਟੇਰਾ ਆ ਵੀ ਜਾਵੇ ਤਾਂ ਪੈਸੇ ਪੁਲਿਸ ਬਣਾ ਲੈਂਦੀ । ਧਮਕੀਆਂ ਸੀ.ਆਈ.ਡੀ. ਵਾਲਿਆਂ ਨੂੰ ।
ਇਸੇ ਲਈ ਬੂਝਾ ਸਿੰਘ ਨੇ ਅਸਲ ਕੰਮ ਛੱਡ ਕੇ ਚਾਰ ਪੈਸੇ ਕਮਾਉਣ ਵੱਲ ਧਿਆਨ ਲਾਇਆ ੋਇਆ । ਚਾਰ ਪੈਸੇ ਕਮਾਏ ਹਨ ਤਾਂ ਹੀ ਜਥੇਦਾਰਾਂ ਨੂੰ ਕਾਰਾਂ ਵਿਚ ਢੋਣ ਦੇ ਕਾਬਲ ਹੋਇਆ । ਅੱਜ ਕੱਲ੍ਹ ਜਥੇਦਾਰਾਂ ਨੂੰ ਵੀ ਖੰਭ ਲੱਗ ਗਏ ਹਨ । ਬਿਨਾਂ ਕਾਰ ਤੋਂ ਪੁਲਾਂਘ ਨਹੀਂ ਪੁੱਟਦੇ ।
ਉਸ ਲਈ ਕਈ ਜਥੇਦਾਰ ਮੁੱਖ ਮੰਤਰੀ ਨੂੰ ਆਖ ਚੁੱਕੇ ਸਨ, ਪਰ ਉਸ ਦੇ ਕੰਨ 'ਤੇ ਜੂੰ ਨਹੀਂ ਸੀ ਸਰਕੀ । ਉਹ ਹਰ ਵਾਰ ਆਮ ਤਬਾਦਲਿਆਂ ਵਿਚ ਤਬਾਦਲਾ ਕਰਨ ਦਾ ਵਾਅਦਾ ਕਰ ਕੇ ਟਾਲ ਦਿੰਦਾ । ਇਹ ਗੱਲ ਜਥੇਦਾਰ ਉਸ ਨੂੰ ਨਹੀਂ ਸੀ ਸਮਝਾ ਸਕੇ ਕਿ ਪੁਲਿਸ ਦੇ ਤਬਾਦਲੇ ਬਾਰਾਂ ਮਹੀਨੇ ਤੀਹ ਦਿਨ ਹੁੰਦੇ ਰਹਿੰਦੇ ਹਨ । ਜਨਰਲ ਤਬਾਦਲੇ ਨਹੀਂ ਹੁੰਦੇ ।
ਮੁੱਖ ਮੰਤਰੀ ਦਾ ਖਹਿੜਾ ਛੱਡ ਕੇ ਬੂਝਾ ਸਿੰਘ ਹੜਤਾਲਾਂ ਪਿੱਛੇ ਪਿਆ ਹੋਇਆ ਸੀ । ਇਹ ਬੇਅਰਥ ਨਹੀਂ ਸਨ ਜਾਣੀਆਂ । ਬਾਹਰਲੇ ਸ਼ਹਿਰਾਂ ਵਿਚ ਇਹਨਾਂ ਦਾ ਅਸਰ ਦਿਖਾਈ ਦੇਣ ਲੱਗਾ ਸੀ ।
ਕਈ ਸ਼ਹਿਰਾਂ ਵਿਚ ਇਥੋਂ ਦੇ ਲੋਕਾਂ ਦੀਆਂ ਮੰਗਾਂ ਦੀ ਹਮਾਇਤ ਵਿਚ ਹੜਤਾਲ ਹੋ ਚੁੱਕੀ ਸੀ ।
ਕੱਲ੍ਹ ਕਿਸੇ ਅਖ਼ਬਾਰ ਵਿਚ ਪੰਜਾਬ ਬੰਦ ਹੋਣ ਦਾ ਇਸ਼ਾਰਾ ਵੀ ਸੀ ।
ਮਸਲਾ ਜੇ ਪੰਜਾਬ ਪੱਧਰ 'ਤੇ ਪਹੁੰਚੇ ਤਾਂ ਮੁੱਖ ਮੰਤਰੀ ਦੀਆਂ ਅੱਖਾਂ ਖੁੱਲ੍ਹਣ । ਉਸ ਦੀਆਂ ਅੱਖਾਂ ਖੁੱਲ੍ਹਣ ਤਾਂ ਪੁਲਿਸ ਦੇ ਤਬਾਦਲੇ ਹੋਣ । ਪੁਲਿਸ ਦੇ ਤਬਾਦਲੇ ਹੋਣ ਤਾਂ ਬੂਝਾ ਸਿੰਘ ਦਾ ਦਾਅ ਲੱਗੇ ।
ਹਾਲ ਦੀ ਘੜੀ ਇਹ ਹਵਾਈ ਕਿਲ੍ਹੇ ਹੀ ਸਨ । ਨਿਰਾਸ਼ ਬੂਝਾ ਸਿੰਘ ਨੂੰ ਕੁਝ ਵੀ ਵਾਪਰਦਾ ਨਜ਼ਰ ਨਹੀਂ ਸੀ ਆ ਰਿਹਾ ।
21
ਆਪਣੇ ਹਲਕੇ ਵਿਚ ਵਾਪਰ ਰਹੀਆਂ ਘਟਨਾਵਾਂ 'ਤੇ ਮੁੱਖ ਮੰਤਰੀ ਬਰਾਬਰ ਨਜ਼ਰ ਰੱਖ ਰਿਹਾ ਸੀ ।
ਹਰ ਸ਼ਾਮ ਉਹ ਸੀ.ਆਈ.ਡੀ. ਦੀਆਂ ਰਿਪੋਰਟਾਂ ਅਤੇ ਅਖ਼ਬਾਰਾਂ ਵਿਚ ਛਪਦੀਆਂ ਖ਼ਬਰਾਂ ਨੂੰ ਘੋਖਦੈ ।
ਅਖ਼ਬਾਰਾਂ ਵਿਚ ਬੰਟੀ ਕਾਂਡ ਬਾਰੇ ਲਿਖਿਆ ਤਾਂ ਬਹੁਤ ਕੁਝ ਗਿਆ ਸੀ, ਪਰ ਉਹ ਸੀ ਖੇਤਰੀ ਭਾਸ਼ਾਵਾਂ ਦੇ ਅਖ਼ਬਾਰਾਂ ਵਿਚ । ਇਹਨਾਂ ਅਖ਼ਬਾਰਾਂ ਨੂੰ ਮੁੱਖ ਮੰਤਰੀ ਜੀ ਬਹੁਤੀ ਅਹਿਮੀਅਤ ਨਹੀਂ ਸਨ ਦਿੰਦੇ । ਪਹਿਲਾ ਕਾਰਨ ਤਾਂ ਇਹ ਸੀ ਕਿ ਇਹਨਾਂ ਦੇ ਹਿੱਤ ਕਿਸੇ ਨਾ ਕਿਸੇ ਤਬਕੇ ਨਾਲ ਜੁੜੇ ਹੋਏ ਸਨ । ਇਹ ਹਰ ਘਟਨਾ ਨੂੰ ਉਸੇ ਨਜ਼ਰੀਏ ਨਾਲ ਦੇਖਦੇ ਸਨ । ਦੂਜਾ ਇਹ ਕਿ ਪਾਠਕਾਂ ਦਾ ਘੇਰਾ ਸੀਮਤ ਹੋਣ ਕਰਕੇ ਹਰ ਖ਼ਬਰ ਨੂੰ ਲੂਣ ਮਿਰਚ ਲਾਉਣਾ ਇਹਨਾਂ ਦੀ ਮਜਬੂਰੀ । ਇਹ ਅਖ਼ਬਾਰ ਤਾਂ ਬਾਤ ਦਾ ਅਜਿਹਾ ਬਤੰਗੜ ਬਣਾਦੇ ਹਨ ਕਿ ਪੜ੍ਹਨ ਵਾਲੇ ਦਾ ਸਿਰ ਚਕਰਾ ਜਾਂਦਾ । ਸੁਰਖ਼ੀਆਂ ਪੜ੍ਹ ਕੇ ਲੱਗੇਗਾ, ਸਾਰਾ ਪੰਜਾਬ ਜਲ ਰਿਹਾ । ਹਰ ਹਿੰਦੂ ਹਰ ਸਿੱਖ ਦਾ ਵੈਰੀ । ਘਰੋਂ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ । ਲੱਗੇਗਾ ਜੇ ਬਾਹਰ ਨਿਕਲ ਗਏ ਤਾਂ ਗਲੀਆਂ ਬਜ਼ਾਰਾਂ ਵਿਚ ਘੇਰ ਲਏ ਜਾਓਗੇ ਅਤੇ ਗੋਲੀਆਂ ਨਾਲ ਭੁੰਨ ਦਿੱਤੇ ਜਾਓਗੇ ।
ਡਰਦੇ ਸਫ਼ਰ ਨਹੀਂ ਕਰੀਦਾ । ਕੀ ਪਤੈ ਕਦੋਂ ਕੋਈ ਬੱਸ ਰੋਕ ਲਏ । ਇਕ ਤਬਕੇ ਦੀਆਂ ਸਵਾਰੀਆਂ ਨੂੰ ਹੇਠਾਂ ਉਤਾਰ ਕੇ ਗੋਲੀ ਮਾਰ ਦਿੱਤੀ ਜਾਵੇ ।
ਘਰੋਂ ਬਾਹਰ ਨਿਕਲੋ ਤਾਂ ਸਥਿਤੀ ਉਲਟ ਨਜ਼ਰ ਆਏਗੀ । ਨਾ ਹਿੰਦੂ ਦਾ ਸਿੱਖ ਵੈਰੀ , ਨਾ ਸਿੱਖ ਦਾ ਹਿੰਦੂ । ਉਹੋ ਸਾਂਝ , ਉਹੋ ਇਕੱਠਾ ਖਾਣਪੀਣ ਅਤੇ ਉਹੋ ਸਾਂਝਾ ਸਭਿਆਚਾਰ ।
ਇਸੇ ਲਈ ਮੁੱਖ ਮੰਤਰੀ ਨੇ ਇਹਨਾਂ ਅਖ਼ਬਾਰਾਂ ਦੀਆਂ ਰਿਪੋਰਟਾਂ ਦੇ ਆਧਾਰ 'ਤੇ ਦਖ਼ਲ ਦੇਣਾ ਠੀਕ ਨਹੀਂ ਸੀ ਸਮਝਿਆ । ਕਿਸੇ ਇੰਗਲਿਸ਼ ਦੇ ਅਖ਼ਬਾਰ ਨੇ ਨੋਟਿਸ ਲਿਆ ਹੁੰਦਾ ਤਾਂ ਉਹ ਵੀ ਸਮਝਦੇ ਕਿ ਮਾਮਲਾ ਗੰਭੀਰ ।
ਸੀ.ਆਈ.ਡੀ. ਦੀਆਂ ਰਿਪੋਰਟਾਂ ਦੀ ਵੀ ਇਹੋ ਹਾਲਤ ਸੀ । ਇਹ ਤਾਂ ਹੁਣ ਨਾਂ ਦਾ ਹੀ ਮਹਿਕਮਾ ਰਹਿ ਗਿਐ । ਹਰ ਮੁਲਾਜ਼ਮ ਨੂੰ ਮਹਿਸੂਸ ਹੁੰਦਾ ਰਹਿੰਦਾ ਜਿਵੇਂ ਉਸ ਨੂੰ ਖੂੰਜੇ ਲਾਉਣ ਲਈ ਹੀ ਸੀ.ਆਈ.ਡੀ. ਵਿਚ ਲਾਇਆ ਗਿਆ । ਸਾਰਾ ਦਿਨ ਇਕੋ ਤਲਬ ਰਹਿੰਦੀ । ਕਿਵੇਂ ਇਸ ਮਹਿਕਮੇ ਤੋਂ ਜਾਨ ਛੁਡਾਈ ਜਾਵੇ ? ਕੰਮ ਇਹਨਾਂ ਕੀ ਸਵਾਹ ਕਰਨਾ ? ਸੀ.ਆਈ.ਡੀ. ਵਾਲਿਆਂ ਵਿਚ ਮੁੱਖ ਮੰਤਰੀ ਨੂੰ ਨਾ ਅਸਲੀਅਤ ਖੋਜ ਲੈਣ ਦੀ ਕਾਬਲੀਅਤ ਨਜ਼ਰ ਆਦੀ ਅਤੇ ਨਾ ਹੀ ਸੱਚੀ ਰਿਪੋਰਟ ਦੇਣ ਦੀ ਹਿੰਮਤ । ਬਿਨਾਂ ਮਤਲਬ ਝੂਠੀਆਂ ਰਿਪੋਰਟਾਂ ਦੇਈ ਜਾਣਗੇ ।
''ਬਹੁਤ ਮਾੜੀ ਘਟਨਾ ਵਾਪਰਨ ਦੀ ਸੰਭਾਵਨਾ । ਰਾਤ ਨੂੰ ਚੱਲਦੀਆਂ ਬੱਸਾਂ ਬੰਦ ਕਰਾ ਦਿਓ । ਹਥਿਆਰਾਂ 'ਤੇ ਪਾਬੰਦੀ ਲਾ ਦਿਓ । ਦੁਕਾਨਾਂ ਛੇ ਵਜੇ ਬੰਦ ਕਰਾ ਦਿਓ ।''
ਜੇ ਮੁੱਖ ਮੰਤਰੀ ਇਹਨਾਂ ਰਿਪੋਰਟਾਂ ਨੂੰ ਗੰਭੀਰਤਾ ਨਾਲ ਲੈਣ ਲੱਗੇ ਤਾਂ ਸ਼ਾਮ ਤਕ ਪਾਗ਼ਲ ਹੋ ਜਾਵੇ । ਬਹੁਤੀਆਂ ਰਿਪੋਰਟਾਂ ਨੂੰ ਤਾਂ ਮੁੱਖ ਮੰਤਰੀ ਪਾੜ ਕੇ ਰੱਦੀ ਦੀ ਟੋਕਰੀ ਵਿਚ ਸੁੱਟ ਦਿਆ ਕਰਦਾ ਸੀ ।
ਪਰ ਜਦੋਂ ਇਲਾਕੇ ਦੇ ਵਰਕਰ ਮਾੜੀਆਂ ਖ਼ਬਰਾਂ ਸੁਣਾਉਣ ਲੱਗੇ ਤਾਂ ਮੁੱਖ ਮੰਤਰੀ ਨੂੰ ਕੁਝ ਸੋਚਣ ਲਈ ਮਜਬੂਰ ਹੋਣਾ ਪਿਆ ।
ਸਰਕਲ ਜਥੇਦਾਰ ਅਜੀਬ ਗੱਲ ਦੱਸ ਰਿਹਾ ਸੀ । ਬਾਬੂ ਹੱਥ ਧੋ ਕੇ ਹੀ ਸਰਦਾਰ ਦੇ ਪਿੱਚੇ ਪੈ ਗਿਆ ਲੱਗਦਾ ਸੀ । ਉਹ ਆਖਦਾ ਫਿਰਦਾ ਸੀ ਕਿ ਇਸ ਕਤਲ ਪਿੱਛੇ ਸਰਦਾਰ ਦਾ ਸਿੱਧਾ ਹੱਥ । ਕਾਰਨ ਕਿਸੇ ਤੋਂ ਲੁਕਿਆ ਨਹੀਂ । ਇਸ ਵਾਰ ਚੋਣਾਂ ਵਿਚ ਲਾਲਾ ਜੀ ਨੇ ਸਰਦਾਰ ਦਾ ਡਟ ਕੇ ਵਿਰੋਧ ਕੀਤਾ ਸੀ । ਸਰਕਾਰ ਦੇ ਹਾਮੀ ਉਸੇ ਦਿਨ ਤੋਂ ਲਾਲਾ ਜੀ ਨੂੰ ਧਮਕੀਆਂ ਦਿੰਦੇ ਆ ਰਹੇ ਸਨ । ਸਰਦਾਰ ਨੇ ਇਸ ਵਿਰੋਧ ਦਾ ਬਦਲਾ ਲੈਣਾ ਸੀ, ਸੋ ਲੈ ਲਿਆ । ਆਪਣੇ ਦੋਸ਼ ਦੇ ਹੱਕ ਵਿਚ ਉਹ ਦਲੀਲ ਦਿੰਦਾ ਕਿ ਇਸੇ ਲਈ ਮੁੱਖ ਮੰਤਰੀ ਚੁੱਪ ਧਾਰੀ ਬੈਠਾ । ਨਹੀਂ ਤਾਂ ਮੁੱਖ ਮੰਤਰੀ ਦੇ ਹਲਕੇ ਵਿਚ ਹਾਹਾਕਾਰ ਮੱਚੀ ਹੋਵੇ ਤੇ ਉਹ ਇਲਾਕੇ ਦਾ ਦੌਰਾ ਤਾਂ ਕੀ ਕਰਨਾ ਸੀ, ਇਕ ਬਿਆਨ ਵੀ ਨਾ ਦਾਗੇ ? ਜ਼ਰੂਰ ਸਰਦਾਰ ਨੇ ਪੁਲਿਸ ਨੂੰ ਅੱਖਾਂ ਮੀਚੀ ਰੱਖਣ ਦਾ ਇਸ਼ਾਰਾ ਕੀਤਾ ਹੋਣਾ । ਇਸੇ ਲਈ ਪੁਲਿਸ ਲੋਕਾਂ ਨੂੰ ਦਿਲ ਖੋਲ੍ਹ ਕੇ ਲੁੱਟ ਰਹੀ । ਸ਼ਹਿਰ ਵਿਚ ਛਾਏ ਮਾਤਮ ਦਾ ਸਰਦਾਰ ਨੂੰ ਕੋਈ ਅਫ਼ਸੋਸ ਨਹੀਂ । ਉਹ ਤਾਂ ਸਗੋਂ ਖ਼ੁਸ਼ ਹੋ ਰਿਹਾ ਹੋਏਗਾ ।
ਬਾਬੂ ਤਾਂ ਬਾਬੂ, ਇਸ ਮਸਲੇ ਨੂੰ ਭਾਰਤੀ ਜਨਤਾ ਪਾਰਟੀ ਵੀ ਉਛਾਲਣਾ ਚਾਹੁੰਦੀ ਸੀ ।
ਅੰਦਰੇਅੰਦਰੀ ਉਹ 'ਪੰਜਾਬ ਬੰਦ' ਲਈ ਯਤਨ ਕਰ ਰਹੀ ਸੀ । ਅੱਜ 'ਪੰਜਾਬ ਬੰਦ' ਤਾਂ ਕੱਲ੍ਹ ਨੂੰ 'ਭਾਰਤ ਬੰਦ' । ਮਸਲਾ ਰਾਸ਼ਟਰੀ ਪੱਧਰ ਤਕ ਜਾ ਸਕਦਾ ਸੀ । ਵਿਰੋਧੀ ਪਾਰਟੀਆਂ ਹਮੇਸ਼ਾ ਅਜਿਹੇ ਨੁਕਤੇ ਦੀ ਤਲਾਸ਼ ਵਿਚ ਰਹਿੰਦੀਆਂ ਹਨ, ਜਿਸ 'ਤੇ ਐਜੀਟੇਸ਼ਨ ਕੀਤੀ ਜਾ ਸਕੇ । ਹਿੰਦੂਆਂ ਦੀ ਹਮਦਰਦ ਅਖਵਾਦੀ ਭਾਰਤੀ ਜਨਤਾ ਪਾਰਟੀ ਨੂੰ ਇਸ ਤੋਂ ਵਧੀਆ ਹੋਰ ਕਿਹੜਾ ਮੌਕਾ ਮਿਲੇਗਾ ?
ਕਤਲ ਨੂੰ ਆਪਣੇ ਨਾਂ ਨਾਲ ਜੁੜਦਾ ਦੇਖ ਕੇ ਮੁੱਖ ਮੰਤਰੀ ਨੂੰ ਘਬਰਾਹਟ ਹੋਣ ਲੱਗੀ ।
ਉਹਨਾਂ ਨੂੰ ਇਲਮ ਸੀ ਕਿ ਉਹ ਪੰਜਾਬ ਦੀ ਵਿਗੜੀ ਸਥਿਤੀ ਨੂੰ ਕੇਂਦਰ ਸਰਕਾਰ ਦੀ ਇੱਛਾ ਅਨਸਾਰ ਨਹੀਂ ਸੀ ਸੰਭਾਲ ਸਕੇ । ਉਹਨਾਂ ਦੇ ਰਾਜ ਕਾਲ ਵਿਚ ਹਾਲਾਤ ਹੋਰ ਖ਼ਰਾਬ ਹੋਏ ਹਨ ।
ਇਸੇ ਲਈ ਉਹਨਾਂ 'ਤੇ ਕੇਂਦਰ ਪਹਿਲਾਂ ਜਿੰਨਾ ਮਿਹਰਬਾਨ ਨਹੀਂ ਸੀ । ਜਦੋਂ ਕੇਂਦਰ ਨੇ ਕਿਸੇ ਮੁੱਖ ਮੰਤਰੀ ਤੋਂ ਖਹਿੜਾ ਛੁਡਾਉਣਾ ਹੋਵੇ ਤਾਂ ਉਸ ਨੂੰ ਕਿਸੇ ਨਾ ਕਿਸੇ ਸਕੈਂਡਲ ਵਿਚ ਫਸਾ ਕੇ ਪਹਿਲਾਂ ਬਦਨਾਮ ਕੀਤਾ ਜਾਂਦਾ ਅਤੇ ਫੇਰ ਉਸ ਦਾ ਪੱਤਾ ਕੱਟ ਦਿੱਤਾ ਜਾਂਦਾ । ਹੋ ਸਕਦੈ ਬਾਬੂ ਇਹ ਪਰਚਾਰ ਕੇਂਦਰ ਦੇ ਇਸ਼ਾਰੇ 'ਤੇ ਕਰ ਰਿਹਾ ਹੋਵੇ ? ਪਾਇਲ ਕਤਲ ਕਾਂਡ ਮੁੱਖ ਮੰਤਰੀ ਦੇ ਸਾਹਮਣੇ ਸੀ । ਸਿਆਸੀ ਕਤਲਾਂ ਵਿਚ ਕਈ ਵਾਰ ਵੱਡੇਵੱਡੇ ਬੰਦਿਆਂ ਨੂੰ ਵੀ ਹਵਾਲਾਤ ਦੇਖਣੀ ਪੈ ਜਾਂਦੀ । ਉਹ ਪੇਸ਼ੇ ਤੋਂ ਵਕੀਲ ਸੀ । ਵਕੀਲ ਦਾ ਮਨ ਕਮਜ਼ੋਰ ਹੁੰਦਾ । ਮੁੱਖ ਮੰਤਰੀ ਨੂੰ ਲੱਗਣ ਲੱਗਾ, ਜਿਵੇਂ ਕੋਈ ਗੁਪਤ ਸੰਸਥਾ ਜਾਣ ਬੁਝ ਕੇ ਉਹਨਾਂ ਖ਼ਿਲਾਫ਼ ਤਾਣਾਬਾਣਾ ਬੁਣ ਰਹੀ ਸੀ । ਉਹ ਚੁੱਪ ਰਹਿ ਕੇ ਖ਼ੁਦ ਵੀ ਬੇਵਕੂਫ਼ੀ ਕਰ ਰਹੇ ਸਨ । ਉਸ ਨੂੰ ਤਾਂ ਚਾਹੀਦਾ ਸੀ, ਪਹਿਲੇ ਦਿਨੋਂ ਹੀ ਇਸ ਕਾਂਡ ਵਿਰੁੱਧ ਆਵਾਜ਼ ਬੁਲੰਦ ਕਰੇ ।
ਡੁੱਲ੍ਹੇ ਬੇਰਾਂ ਦਾ ਹਾਲੇ ਵੀ ਕੁਝ ਨਹੀਂ ਸੀ ਵਿਗੜਿਆ ।
ਮੁੱਖ ਮੰਤਰੀ ਨੇ ਸਾਰੇ ਮਸਲੇ ਨੂੰ ਗੰਭੀਰਤਾ ਨਾਲ ਸੋਚਿਆ । ਉਸ ਦੀ ਚੁੱਪ ਦਾ ਅਸਲ ਕਾਰਨ ਇਹ ਸੀ ਕਿ ਲਾਲਾ ਜੀ ਦੇ ਘਰ ਜਾਣ ਦੀ ਗੱਲ ਤਾਂ ਦੂਰ ਰਹੀ, ਉਸ ਦਾ ਤਾਂ ਸ਼ਹਿਰ ਵੱਲ ਵੀ ਮੂੰਹ ਕਰਨ ਨੂੰ ਦਿਲ ਨਹੀਂ ਸੀ ਕਰਦਾ । ਚੋਣ ਜਿੱਤ ਕੇ ਮੁੱਖ ਮੰਤਰੀ ਨੇ ਇਹ ਜ਼ਰੂਰ ਆਖਿਆ ਸੀ ਕਿ ਹੁਣ ਉਸ ਦੇ ਵਿਰੋਧੀ ਵੀ ਉਸ ਦੇ ਮਿੱਤਰ ਹੀ ਹਨ, ਪਰ ਇਹ ਮਹਿਜ਼ ਇਕ ਸਿਆਸੀ ਗੱਲ ਸੀ । ਅਸਲੀਅਤ ਇਹ ਸੀ ਕਿ ਉਸ ਦੇ ਦਿਲ ਦੇ ਕਿਸੇ ਕੋਨੇ ਵਿਚ ਸ਼ਹਿਰੀਆਂ ਪ੍ਰਤੀ ਨਫ਼ਰਤ ਭਰੀ ਹੋਈ ਸੀ । ਲੱਖ ਯਤਨ ਕਰਨ 'ਤੇ ਵੀ ਉਹ ਲੋੜੋਂ ਵੱਧ ਹੀ ਮਿੰਨਤਾਂ ਕਰਾਦੇ ਸਨ । ਉਸ ਦਾ ਸ਼ਹਿਰੀਆਂ ਦਾ ਮੇਂਗਣਾਂ ਘੋਲ ਕੇ ਦੁੱਧ ਦੇਣਾ ਪਸੰਦ ਨਹੀਂ ਸੀ ।
ਹਰ ਇਕ ਇਕੋ ਮੁੱਦਾ ਲੈ ਕੇ ਉਹ ਸਰਦਾਰ ਦਾ ਵਿਰੋਧ ਕਰਨ ਲੱਗਦੇ । ਸਰਦਾਰ ਫ਼ਸਲੀ ਬਟੇਰਾ । ਚੋਣ ਜਿੱਤ ਕੇ ਚੰਡੀਗੜ੍ਹ ਜਾ ਬੈਠਦਾ । ਵੋਟਾਂ ਵੇਲੇ ਹੀ ਨਜ਼ਰ ਆਦਾ ।
ਜਿੱਤ ਕੇ ਗਿਆ ਸਰਦਾਰ ਲੋਕਾਂ ਨੂੰ ਭੁੱਲ ਜਾਂਦਾ । ਕੋਠੀ 'ਤੇ ਪਹਿਰਾ ਲਾ ਦਿੰਦਾ ।
ਸਿਰਕੱਢ ਵਰਕਰ ਨੂੰ ਵੀ ਮੁਲਾਕਾਤ ਕਰਨ ਤੋਂ ਪਹਿਲਾਂ ਪੁਲਿਸ ਹੱਥੋਂ ਜ਼ਲੀਲ ਹੋਣਾ ਪੈਂਦਾ ।
ਤਲਾਸ਼ੀ ਹੀ ਨਹੀਂ ਦੇਣੀ ਪੈਂਦੀ, ਚੋਰਾਂ ਵਾਂਗ ਵੀਹ ਸਵਾਲਾਂ ਦੇ ਉੱਤਰ ਵੀ ਦੇਣੇ ਹੁੰਦੇ ਹਨ । ਕੋਠੀ ਵਿਚ ਪਰਵੇਸ਼ ਕਰਨ ਦੀ ਇਜਾਜ਼ਤ ਮਿਲ ਜਾਵੇ ਤਾਂ ਕਿਹੜਾ ਸਰਦਾਰ ਮਿਲਦਾ । ਖੜੇ ਰਹੋ ਧੁੱਪੇ ।
ਇਹ ਵੀ ਪਤਾ ਨਹੀਂ ਹੁੰਦਾ, ਜਦੋਂ ਤੁਹਾਡੀ ਵਾਰੀ ਆਵੇ ਤਾਂ ਸਰਦਾਰ ਖਾਣੇ ਲਈ ਉੱਠ ਜਾਵੇ ।
ਫੇਰ ਆਰਾਮ ਕਰਨ ਲੱਗ ਪਏ । ਪਿੱਛੋਂ ਕਿਸੇ ਜ਼ਰੂਰੀ ਮੀਟਿੰਗ 'ਤੇ ਤੁਰ ਜਾਏ । ਤੁਹਾਨੂੰ ਤਿੰਨ ਦਿਨ ਉਡੀਕਣਾ ਪਏਗਾ ਜਾਂ ਪੰਜ ਦਿਨ, ਕੋਈ ਪਤਾ ਨਹੀਂ ਹੁੰਦਾ ।
ਕਦੇ ਸਬੱਬ ਨਾਲ ਮਿਲ ਵੀ ਜਾਵੇ ਤਾਂ ਵੀ ਕੰਮ ਨਹੀਂ ਕਰਾਦਾ । ਕਲਰਕਾਂ ਵਾਂਗ ਟਾਲੇ ਲਾਦਾ ਰਹਿੰਦਾ ।
''ਮੈਂ ਡਾਇਰੈਕਟਰ ਨਾਲ ਗੱਲ ਕਰੂੰ । ਮੈਂ ਸਕੱਤਰ ਨੂੰ ਪੁੱਛੂੰ । ਜੇ ਕੰਮ ਹੋਣ ਵਾਲਾ ਹੋਇਆ ਤਾਂ ਜ਼ਰੂਰ ਹੋਊ ।''
ਦਸ ਚੱਕਰ ਲਗਵਾ ਕੇ ਜੇ ਕਿਸੇ ਅਫ਼ਸਰ ਨੂੰ ਫ਼ੋਨ ਕਰ ਦੇਵੇ ਤਾਂ ਜ਼ੋਰ ਲਾ ਕੇ ਨਹੀਂ ਆਖਦਾ ।
ਮਲਵੀਂ ਜਿਹੀ ਜੀਭ ਨਾਲ ਆਖੇਗਾ :
''ਦੇਖ ਲੈਣਾ, ਹੋ ਸਕੇ ਤਾਂ ਅਡਜਸਟ ਕਰ ਲੈਣਾ ।''
ਇਸ ਤਰ੍ਹਾਂ ਕਿਤੇ ਕੰਮ ਹੁੰਦੇ ਹਨ ? ਉਸ ਦਾ ਇਕ ਉਦੇਸ਼ ਹੁੰਦਾ । ਅਗਲਾ ਚੰਡੀਗੜ੍ਹ ਦੇ ਗੇੜੇ ਮਾਰਮਾਰ ਕੇ ਆਪੇ ਹੰਭ ਜਾਏਗਾ ਅਤੇ ਸਰਦਾਰ ਦਾ ਖਹਿੜਾ ਛੱਡ ਜਾਏਗਾ ।
ਸਰਦਾਰ ਨੇ ਸ਼ਹਿਰੀਆਂ ਨੂੰ ਬਥੇਰਾ ਸਮਝਾਇਆ । ਅੱਗੇ ਉਹ ਇਕੱਲਾ ਵਜ਼ੀਰ ਹੁੰਦਾ ਸੀ ।
ਬਹੁਤੇ ਕੰਮਾਂ ਲਈ ਮੁੱਖ ਮੰਤਰੀ ਦੇ ਹੱਥਾਂ ਵੱਲ ਝਾਕਣਾ ਪੈਂਦਾ ਸੀ । ਕਸਰ ਤਾਂ ਉਸ ਨੇ ਫੇਰ ੀ ਕੋਈ ਨਹੀਂ ਸੀ ਛੱਡੀ । ਜਦੋਂ ਸਿੱਖਿਆ ਮੰਤਰੀ ਸੀ ਤਾਂ ਸੈਂਕੜੇ ਸਕੂਲ ਅੱਪਗਰੇਡ ਕਰਾਏ, ਵੀਸੀਆਂ ਨਵੇਂ ਖੋਲ੍ਹੇ । ਉਹ ਕੰਮ ਲੋਕ ਭੁੱਲ ਗਏ । ਯਾਦ ਕਰਾ ਰਹੇ ਹਨ ਉਹ ਬਦਲੀਆਂ, ਜਿਹੜੀਆਂ ਉਹ ਮਜਬੂਰੀਵੱਸ ਨਹੀਂ ਸੀ ਕਰਾ ਸਕਿਆ ।
ਇਸ ਵਾਰ ਉਸ ਨੇ ਮੁੱਖ ਮੰਤਰੀ ਬਣਨਾ ਸੀ । ਕੇਂਦਰ ਦਾ ਹੱਥ ਉਸ ਦੇ ਸਿਰ 'ਤੇ ਸੀ । ਸ਼ਹਿਰ ਨੂੰ ਸਵਰਗ ਬਣਾ ਦੇਵੇਗਾ । ਲੋਕਾਂ ਦੀ ਇਕੋ ਵੱਡੀ ਮੰਗ ਕਿ ਸ਼ਹਿਰ ਨੂੰ ਜ਼ਿਲ੍ਹਾ ਬਣਾਇਆ ਜਾਏ । ਜ਼ਿਲ੍ਹਾ ਤਾਂ ਕੀ, ਸ਼ਹਿਰ ਨੂੰ ਰਾਜਧਾਨੀ ਵਾਲੀਆਂ ਸਹੂਲਤਾਂ ਦੇਵੇਗਾ । ਲੋਕਾਂ ਨੂੰ ਪਰਮਿਟ, ਕੋਟੇ, ਨਵੀਆਂ ਫ਼ੈਕਟਰੀਆਂ ਲਈ ਲਾਇਸੈਂਸ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਵੇਗਾ । ਇਲਾਕੇ ਨੂੰ ਪੱਛੜਿਆ ਕਰਾਰ ਦੇ ਕੇ ਸਬਸਿਡੀ ਨਾਲ ਨਿਹਾਲ ਕਰ ਦੇਵੇਗਾ । ਬਿਨਾਂ ਵਿਆਜ ਵਾਲੇ ਕਰਜ਼ਿਆਂ ਦੇ ਗੱਫੇ ਮਿਲਣਗੇ । ਪਹਿਲੇ ਕਰਜ਼ੇ ਮੁਆਫ਼ ਹੋਣਗੇ । ਪਰ ਕਿਸੇ 'ਤੇ ਕੋਈ ਅਸਰ ਨਹੀਂ ਸੀ ਹੋ ਰਿਹਾ ।
ਬਾਬੂ ਅਤੇ ਲਾਲਾ ਮਿਲ ਕੇ ਸਥਿਤੀ ਨੂੰ ਵਿਗਾੜ ਰਹੇ ਸਨ । ਚੋਣਾਂ ਲੜਨ ਦਾ ਹੋਰ ਤਾਂ ਉਹਨਾਂ ਕੋਲ ਕੋਈ ਮੁੱਦਾ ਨਹੀਂ ਸੀ । ਮਾਹੌਲ ਨੂੰ ਫ਼ਿਰਕੂ ਰੰਗ ਦੇਣ 'ਤੇ ਤੁਲੇ ਹੋਏ ਸਨ । ਸਥਿਤੀ ਇੰਨੀ ਮਾੜੀ ਹੋ ਗਈ ਸੀ ਕਿ ਸਰਦਾਰ ਨੂੰ ਕਿਸੇ ਹੋਰ ਹਲਕੇ ਵਿਚ ਜਾਣ ਦਾ ਮੌਕਾ ਨਹੀਂ ਸੀ ਮਿਲ ਰਿਹਾ । ਉਹਨਾਂ ਨੂੰ ਮਹਿਸੂਸ ਹੋਣ ਲੱਗਾ ਸੀ, ਜਿਵੇਂ ਉਹਨਾਂ ਦੀ ਹਾਰ ਯਕੀਨੀ ਸੀ । ਜੇ ਖ਼ੁਦ ਹੀ ਹਾਰ ਗਏ ਤਾਂ ਕੇਂਦਰ ਨੂੰ ਕੀ ਮੂੰਹ ਦਿਖਾਉਣਗੇ ? ਆਪਣੀ ਪਾਰਟੀ ਦੇ ਵਿਰੋਧੀ ਧਵੇ ਨੂੰ ਮੁੱਖ ਮੰਤਰੀ ਬਣਾਉਣੋਂ ਕੌਣ ਰੋਕ ਸਕੇਗਾ ?
ਕੇਂਦਰ ਨੇ ਤਾਂ ਸਰਦਾਰ 'ਤੇ ਏਨੀ ਮਿਹਰ ਕੀਤੀ ਸੀ ਕਿ ਕਾਂਗਰਸੀਆਂ ਨੂੰ ਵੀ ਟਿਕਟ ਸਰਦਾਰ ਦੀ ਮਰਜ਼ੀ ਨਾਲ ਦਿੱਤੇ ਸਨ । ਬਾਬੂ ਨੂੰ ਟਿਕਟ ਸਰਦਾਰ ਦੇ ਆਖਣ 'ਤੇ ਦਿੱਤਾ ਸੀ । ਸਰਦਾਰ ਦਾ ਖ਼ਿਆਲ ਸੀ ਕਿ ਹਿੰਦੂ ਹੋਣ ਕਰਕੇ ਉਸ ਨੂੰ ਪਿੰਡਾਂ ਵਿਚੋਂ ਤਾਂ ਵੋਟ ਮਿਲਣੀ ਨਹੀਂ । ਸ਼ਹਿਰ ਨੂੰ ਸਰਦਾਰ ਆਪੇ ਕਾਬੂ ਕਰ ਲਏਗਾ । ਸ਼ਹਿਰੀ ਸਿਆਣੇ ਹੁੰਦੇ ਹਨ । ਸਭ ਨੂੰ ਪਤਾ , ਇਸ ਵਾਰ ਉਸ ਨੇ ਮੁੱਖ ਮੰਤਰੀ ਬਣਨਾ । ਆਪੇ ਸਰਦਾਰ ਨਾਲ ਆ ਰਲਣਗੇ ।
ਇਸ ਇਲਾਕੇ ਦੇ ਵੋਟਰਾਂ ਦਾ ਸੁਭਾਅ ਅਜੀਬ ਜਿਹਾ ਸੀ । ਅੱਧੀ ਵੋਟ ਪੇਂਡੂ ਸੀ ਅਤੇ ਅੱਧੀ ਸ਼ਹਿਰੀ । ਕਿਸੇ ਹਿੰਦੂ ਦੇ ਜਿੱਤਣ ਦੀ ਸੰਭਾਵਨਾ ਇਸ ਲਈ ਘੱਟ ਸੀ ਕਿ ਉਸ ਨੂੰ ਪਿੰਡਾਂ ਵਿਚੋਂ ਵੋਟ ਨਹੀਂ ਸੀ ਮਿਲਦੇ । ਕਾਂਗਰਸ ਕਿਸੇ ਸਿੱਖ ਨੂੰ ਟਿਕਟ ਦਿੰਦੀ ਤਾਂ ਉਸ ਨੂੰ ਸ਼ਹਿਰ 'ਚੋਂ ਵੋਟਾਂ ਨਾ ਮਿਲਦੀਆਂ । ਸਰਦਾਰ ਨੇ ਆਪਣੇ ਹੀ ਢੰਗ ਨਾਲ ਸੰਤੁਲਨ ਬਣਾਇਆ ਹੋਇਆ ਸੀ । ਪਿੰਡਾਂ ਵਿਚੋਂ ਵੋਟ ਇਸ ਲਈ ਮਿਲਦੇ ਸਨ ਕਿ ਉਹ ਅਕਾਲੀ ਉਮੀਦਵਾਰ ਹੁੰਦਾ ਸੀ । ਸ਼ਹਿਰ 'ਚੋਂ ਉਹ ਇਸ ਬਹਾਨੇ ਵੋਟਾਂ ਬਟੋਰ ਲੈਂਦਾ ਕਿ ਉਹ ਸ਼ਹਿਰ ਦਾ ਜੰਮਪਲ ਸੀ । ਜਦੋਂ ਦਾ ਸਿਆਸਤ ਵਿਚ ਪੈਰ ਰੱਖਿਆ ਸੀ, ਉਸ ਨੇ ਪਿਛਾਂਹ ਮੁੜ ਕੇ ਨਹੀਂ ਸੀ ਤੱਕਿਆ । ਹਰ ਵਾਰ ਚੋਣ ਜਿੱਤੀ ਸੀ ।
ਕਿਸੇ ਵਿਰੋਧੀ ਪਾਰਟੀ ਦੇ ਨੇਤਾ ਦੇ ਇਥੇ ਪੈਰ ਜੰਮ ਹੀ ਨਹੀਂ ਸਕੇ । ਨਿਰਾਸ਼ ਹੋਇਆ ਨੇਤਾ ਹਲਕਾ ਬਦਲ ਲੈਂਦਾ । ਸਰਦਾਰ ਨੂੰ ਹੋਰ ਸੌਖਾ ਹੋ ਜਾਂਦਾ ।
ਇਸ ਨੀਤੀ ਨੂੰ ਮੁੱਖ ਰੱਖ ਕੇ ਸਰਦਾਰ ਨੇ ਬਾਬੂ ਨੂੰ ਟਿਕਟ ਦਿਵਾਇਆ ਸੀ ।
ਸ਼ਹਿਰ ਦੀ ਕਾਂਗਰਸ ਪਹਿਲਾਂ ਹੀ ਦੋ ਧੜਿਆਂ ਵਿਚ ਵੰਡੀ ਹੋਈ ਸੀ । ਕਾਂਗਰਸ 'ਚ ਬਾਬੂ ਦੇ ਵਿਰੋਧੀਆਂ ਦੀ ਗਿਣਤੀ ਉਸ ਦੇ ਸਮਰਥਕਾਂ ਨਾਲੋਂ ਜ਼ਿਆਦਾ ਸੀ । ਅੱਧੇ ਤਾਂ ਬਾਹਰਲੇ ਹਲਕਿਆਂ ਨੂੰ ਤੁਰ ਜਾਣਗੇ । ਇਥੇ ਰਹਿਣਗੇ ਤਾਂ ਸ਼ਰਮੋਸ਼ਰਮੀ ਬਾਬੂ ਨਾਲ ਤੁਰਨਾ ਪਏਗਾ । ਬਾਬੂ ਨਾਲ ਤੁਰਨਗੇ ਤਾਂ ਕੁਝ ਵੋਟਾਂ ਉਹਨਾਂ ਨੂੰ ਪੈ ਹੀ ਜਾਣੀਆਂ ਸਨ । ਬਾਹਰ ਜਾ ਕੇ ਆਪਣੇ ਕਿਸੇ ਮੂੰਹ ਮੁਲਾਹਜ਼ੇ ਵਾਲੇ ਦਾ ਹੱਥ ਵਟਾਉਣਗੇ । ਬਾਬੂ ਨੂੰ ਹਰਾਉਣ 'ਚ ਸਹਾਈ ਹੋਣਗੇ ।
ਕਈ ਪੁਰਾਣੇ ਨੇਤਾਵਾਂ ਨੇ ਬਾਬੂ ਦਾ ਖੁੱਲ੍ਹ ਕੇ ਵਿਰੋਧ ਕਰਨਾ ਸੀ, ਜਦੋਂ ਉਹਨਾਂ ਨੂੰ ਟਿਕਟ ਮਿਲਿਆ ਸੀ ਤਾਂ ਬਾਬੂ ਨੇ ਇਹ ਆਖ ਕੇ ਉਹਨਾਂ ਦਾ ਵਿਰੋਧ ਕੀਤਾ ਸੀ ਕਿ ਹਾਈ ਕਮਾਂਡ ਨੇ ਬਾਬੂ ਦਾ ਹੱਕ ਮਾਰ ਕੇ ਉਹਨਾਂ ਨੂੰ ਟਿਕਟ ਦੇ ਦਿੱਤੀ । ਜਦੋਂ ਬਾਬੂ ਉਹਨਾਂ ਨੂੰ ਹਰਾਉਣ ਲਈ ਅੱਡੀਚੋਟੀ ਦਾ ਜ਼ੋਰ ਲਾਦਾ ਰਿਹਾ ਸੀ ਤਾਂ ਉਹਨਾਂ ਕਿਹੜੀ ਭਲੀ ਗੁਜ਼ਾਰਨੀ ਸੀ । ਚੁਸਤ ਬਾਣੀਏ ਨੇ ਬੋਤਲ 'ਚੋਂ ਨਵਾਂ ਹੀ ਜਿੰਨ ਕੱਢ ਮਾਰਿਆ । ਲਾਲੇ ਨੇ ਉਸ ਦਾ ਸਾਥ ਦਿੱਤਾ । ਉਹ ਮਦਾਰੀਆਂ ਵਾਲਾ ਖੇਡ ਖੇਡਣ ਲੱਗੇ ।
ਉਹ ਇਸ ਗੱਲ ਦਾ ਤਾਂ ਪਰਚਾਰ ਕਰਦੇ ਹੀ ਸਨ ਕਿ ਬਾਬੂ ਸਾਰਾ ਦਿਨ ਲੋਕਾਂ ਦੇ ਅੰਗਸੰਗ ਰਹਿੰਦਾ , ਅਫ਼ਸਰਾਂ ਨਾਲ ਲੜਲੜ ਲੋਕਾਂ ਦੇ ਕੰਮ ਕਰਾਦਾ ਅਤੇ ਅਮੀਰਗ਼ਰੀਬ ਦਾ ਵਿਤਕਰਾ ਕੀਤੇ ਬਿਨਾਂ ਹਰ ਇਕ ਨਾਲ ਉੱਠ ਤੁਰਦਾ । ਪੰਜਾਹ ਰੁਪਏ ਦੇ ਕੰਮ ਲਈ ਪੰਜ ਸੌ ਖ਼ਰਚ ਕੇ ਚੰਡੀਗੜ੍ਹ ਜਾਣ ਦੀ ਜ਼ਰੂਰਤ ਨਹੀਂ ਪੈਂਦੀ । ਉਹ ਇਸ ਗੱਲ 'ਤੇ ਜ਼ਿਆਦਾ ਜ਼ੋਰ ਦੇ ਰਹੇ ਸਨ ਕਿ ਬਾਬੂ ਉਹਨਾਂ ਦੇ ਧਰਮ ਅਤੇ ਜਾਤ ਬਰਾਦਰੀ ਨਾਲ ਸੰਬੰਧ ਰੱਖਦਾ ।
ਜਾਤ ਬਰਾਦਰੀ ਦੇ ਨਾਂ 'ਤੇ ਵੋਟਾਂ ਲੈਣ ਦਾ ਠੇਕਾ ਲਾਲੇ ਜ਼ਿੰਮੇ ਸੀ । ਉਸ ਨੇ ਮੁਹੱਲੇਮੁਹੱਲੇ ਕਮੇਟੀ ਬਣਾ ਦਿੱਤੀ । ਕਿਤੇ ਅਗਰਵਾਲ ਸਭਾ, ਕਿਤੇ ਬਰਾਹਮਣ ਸਭਾ । ਅਗਰਵਾਲ ਸਭਾ ਦਾ ਪਰਧਾਨ ਆਪ ਬਣ ਗਿਆ । ਬਰਾਹਮਣ ਸਭਾ ਦੀ ਵਾਗਡੋਰ ਯੁਵਾ ਸੰਘ ਨੂੰ ਫੜਾ ਦਿੱਤੀ । ਮਹਾਂਬੀਰ ਦਲ, ਗੀਤਾ ਭਵਨ ਸੰਮਤੀ ਸਭ ਬਾਬੂ ਦੇ ਹੱਕ ਵਿਚ ਰਾਗ ਅਲਾਪਣ ਲੱਗੇ । ਮੁੱਖ ਮੰਤਰੀ ਨੂੰ ਕਿਸੇ ਮੁਹੱਲੇ ਵਿਚੋਂ ਵੀ ਸਾਥ ਨਹੀਂ ਸੀ ਮਿਲ ਰਿਹਾ । ਉਹ ਇਕੱਲਾ ਪੈ ਗਿਆ ।
ਸਰਦਾਰ ਲਾਲੇ ਨੂੰ ਆਖ਼ਰੀ ਦਿਨ ਤਕ ਚੋਗਾ ਪਾਦਾ ਰਿਹਾ । ਇੰਪਰੂਵਮੈਂਟ ਟਰੱਸਟ ਦੀ ਚੇਅਰਮੈਨਸ਼ਿਪ ਤੋਂ ਲੈ ਕੇ ਪਬਲਿਕ ਸਰਵਿਸ ਕਮਿਸ਼ਨ ਦੀ ਮੈਂਬਰੀ ਤਕ ਕੁਝ ਵੀ ਉਸ ਨੂੰ ਭਰਮਾ ਨਾ ਸਕਿਆ । ਇਕੋ ਜਵਾਬ ਸੀ, ਇਸ ਵਾਰ ਉਹ ਮਜਬੂਰ । ਬਾਬੂ ਨਾਲ ਉਸ ਦਾ ਬਚਪਨ ਤੋਂ ਯਰਾਨਾ । ਰਾਮ ਲੀਲ੍ਹਾ ਵਿਚ ਜੇ ਲਾਲਾ ਦਸਰਥ ਬਣਦਾ ਤਾਂ ਬਾਬੂ ਰਾਵਣ । ਲਾਲਾ ਅੱਖਾਂ ਦਾ ਕੈਂਪ ਲਾਦਾ ਤਾਂ ਬਾਬੂ ਕਿਸੇ ਮੰਤਰੀ ਨੂੰ ਉਦਘਾਟਨ 'ਤੇ ਬੁਲਾ ਕੇ ਪੈਸੇ ਬਟੋਰ ਕੇ ਦਿੰਦਾ । ਮਹਾਂਬੀਰ ਦਲ ਲਈ ਰਾਸ਼ਨ ਬਾਬੂ ਇਕੱਠਾ ਕਰਦਾ, ਲੰਗਰ ਲਾਲਾ ਚਲਾਦਾ । ਬਾਬੂ ਨੂੰ ਤਾਂ ਲਾਲੇ ਦੀ ਅਤੇ ਉਸ ਦੀਆਂ ਜਥੇਬੰਦੀਆਂ ਦੀ ਪਹਿਲੀ ਵਾਰ ਜ਼ਰੂਰਤ ਪਈ ਸੀ । ਲਾਲਾ ਪਿੱਠ ਨਹੀਂ ਸੀ ਦਿਖਾ ਸਕਦਾ । ਨਾਲੇ ਜੇ ਬਾਬੂ ਜਿੱਤੇਗਾ ਤਾਂ ਉਹਨਾਂ ਦੀਆਂ ਸੰਸਥਾਵਾਂ ਨੂੰ ਫ਼ਾਇਦਾ ਹੀ ਹੋਏਗਾ । ਬਾਬੂ ਦੀ ਸਹਾਇਤਾ ਨਾਲ ਹੋਰ ਤਰੱਕੀ ਕਰਨਗੀਆਂ । ਸਰਦਾਰ ਤੋਂ ਤਾਂ ਕਿਸੇ ਨੂੰ ਕੋਈ ਆਸ ਨਹੀਂ ਸੀ ।
ਬੱਸ, ਇਹੋ ਗੱਲ ਸਰਦਾਰ ਦੇ ਦਿਲ ਵਿਚ ਕੰਡੇ ਵਾਂਗ ਚੁਭੀ ਹੋਈ ਸੀ । ਲਾਲੇ ਦੀ ਅੜੀ ਨੂੰ ਸਰਦਾਰ ਭੁਲਾ ਨਹੀਂ ਸੀ ਸਕਿਆ । ਬੰਟੀ ਕਾਂਡ ਬਾਰੇ ਕੋਈ ਕਾਰਵਾਈ ਕਰਨ ਲੱਗਿਆਂ ਉਸ ਦਾ ਮਨ ਬਾਗ਼ੀ ਹੋ ਜਾਂਦਾ ਸੀ ।
ਠੰਢੇ ਦਿਮਾਗ਼ ਨਾਲ ਸੋਚਿਆ ਤਾਂ ਮਹਿਸੂਸ ਹੋਇਆ ਕਿ ਆਖ਼ਰ ਉਹ ਮੁੱਖ ਮੰਤਰੀ ।
ਵੱਡੇ ਬੰਦੇ ਦਾ ਹਿਰਦਾ ਵਿਸ਼ਾਲ ਹੋਣਾ ਚਾਹੀਦਾ । ਛੋਟੀਆਂਛੋਟੀਆਂ ਗੱਲਾਂ ਨੂੰ ਮਨ 'ਚ ਨਹੀਂ ਲਿਆਉਣਾ ਚਾਹੀਦਾ । ਨਾਲੇ ਉਹ ਸਭ ਸਿਆਸੀ ਲੋਕ ਹਨ । ਕਦੇ ਇਕ ਕੈਂਪ ਵਿਚ, ਕਦੇ ਦੂਸਰੇ ਕੈਂਪ ਵਿਚ । ਫੇਰ ਲਾਲਾ ਹਮੇਸ਼ਾ ਤਾਂ ਸਰਦਾਰ ਦਾ ਵਿਰੋਧੀ ਨਹੀਂ ਰਿਹਾ । ਪਹਿਲਾਂ ਹਰ ਇਲਕੈਸ਼ਨ ਵਿਚ ਮੋਢੇ ਨਾਲ ਮੋਢਾ ਜੋੜ ਕੇ ਉਹ ਸਰਦਾਰ ਦਾ ਸਾਥ ਦਿਆ ਕਰਦਾ ਸੀ । ਇਸ ਵਾਰ ਬਾਬੂ ਦਾ ਸਾਥ ਦੇ ਦਿੱਤਾ ਤਾਂ ਕੀ ਹੋ ਗਿਆ ? ਨਾਲੇ ਬਾਬੂ ਤਾਂ ਫੇਰ ਵੀ ਹਾਰ ਗਿਆ ਸੀ ।
ਸਗੋਂ ਉਹਨਾਂ ਦਾ ਬਰਾਹਮਣਵਾਦ ਸਰਦਾਰ ਦੇ ਕੰਮ ਹੀ ਆਇਆ ਸੀ ।
ਬਾਬੂ ਕਿਸੇ ਜ਼ਮਾਨੇ 'ਚ ਲੁਕੇਛੁਪੇ ਤੌਰ 'ਤੇ ਗਰਮ ਖ਼ਿਆਲਾਂ ਵਾਲੇ ਮੁੰਡਿਆਂ ਦੀ ਮਦਦ ਕਰਿਆ ਕਰਦਾ ਸੀ । ਜਦੋਂ ਉਹ ਅੰਡਰਗਰਾਊਂਡ ਸਨ ਤਾਂ ਬਾਬੂ ਉਹਨਾਂ ਨੂੰ ਪੁਲਿਸ ਤੋਂ ਬਚਾਦਾ ਰਿਹਾ ਸੀ । ਇਸੇ ਅਹਿਸਾਨ ਬਦਲੇ ਉਹ ਬਾਬੂ ਦੀ ਅੰਦਰਖ਼ਾਤੇ ਮਦਦ ਕਰ ਰਹੇ ਸਨ । ਉਹ ਬਹੁਤ ਸਾਰੀਆਂ ਪੰਚਾਇਤਾਂ 'ਤੇ ਕਾਬਜ਼ ਸਨ । ਬਹੁਤੇ ਲੋਕ ਉਨ੍ਹਾਂ ਪਿੱਛੇ ਲੱਗਦੇ ਸਨ । ਜੇ ਲਾਲਾ ਜੀ ਜਾਤੀਵਾਦ ਦਾ ਪਰਚਾਰ ਨਾ ਕਰਦੇ ਤਾਂ ਉਹਨਾਂ ਮੁੰਡਿਆਂ ਨੇ ਪਿੰਡਾਂ ਵਿਚੋਂ ਬਹੁਤ ਸਾਰੀਆਂ ਵੋਟਾਂ ਬਾਬੂ ਨੂੰ ਪਵਾ ਕੇ ਸਰਦਾਰ ਦਾ ਨੁਕਸਾਨ ਕਰਨਾ ਸੀ ।
ਸਰਦਾਰ ਨੇ ਆਪਣੇ ਸਮਰਥਕਾਂ ਰਾਹੀਂ ਮੁੰਡਿਆਂ ਦੇ ਪ੍ਰਗਤੀਵਾਦ 'ਤੇ ਕਟਾਖ਼ਸ਼ ਕਰਾਏ, ਪੋਸਟਰ ਲਗਵਾਏ । ਪੁੱਛਿਆ, ਕੀ ਧਰਮ ਦੇ ਨਾਂ 'ਤੇ ਵੋਟਾਂ ਮੰਗਣਾ ਹੀ ਪਰਗਤੀਵਾਦ ? ਮੁੰਡਿਆਂ ਨੂੰ ਬੈਠ ਕੇ ਸੋਚਣਾ ਪਿਆ । ਬਾਬੂ ਦੀ ਹਮਾਇਤ ਕਰ ਕੇ ਉਹਨਾਂ ਦੀਆਂ ਨੀਤੀਆਂ ਨੂੰ ਤਾਂ ਗਰਹਿਣ ਲੱਗਣਾ ਹੀ ਸੀ, ਉਹਨਾਂ ਦੀ ਨਿੱਜੀ ਸਾਖ਼ ਵੀ ਵਿਗੜਨੀ ਸੀ । ਉਹ ਪਿਛਾਂਹ ਹਟੇ ਤਾਂ ਸਰਦਾਰ ਨੂੰ ਪਿੰਡਾਂ ਵਿਚੋਂ ਘੱਟ ਰਹੀਆਂ ਵੋਟਾਂ ਦਾ ਖ਼ਤਰਾ ਟਲਿਆ । ਪਰਗੀਤਵਾਦੀਆਂ ਦੇ ਚੁੱਪ ਕਰਨ ਨਾਲ ਉਹ ਵੋਟਾਂ ਪੰਥ ਤੋਂ ਸਿਵਾ ਕਿਧਰੇ ਨਹੀਂ ਸੀ ਜਾ ਸਕਦੀਆਂ ।
ਕੁਝ ਬਦਮਾਸ਼ ਪਾਰਟੀਆਂ ਵੀ ਬਾਬੂ ਨੇ ਆਪਣੇ ਹੱਕ ਵਿਚ ਕਰ ਰੱਖੀਆਂ ਸਨ । ਬਾਬੂ ਸ਼ਹਿਰ ਵਿਚ ਰਹਿੰਦਾ ਸੀ ਅਤੇ ਅਫ਼ਸਰਾਂ ਨਾਲ ਲੈਦੇ ਕਰ ਲੈਂਦਾ ਸੀ । ਥਾਣੇ ਕਚਹਿਰੀਆਂ ਵਿਚ ਵੀ ਉਸ ਦੀ ਚੜ੍ਹਤ ਸੀ । ਵੇਲੇਕੁਵੇਲੇ ਉਹ ਉਹਨਾਂ ਪਾਰਟੀਆਂ ਦੀ ਮਦਦ ਕਰਦਾ ਸੀ । ਹੇਠ ਉਤਾਂਹ ਕਰ ਕੇ ਕੇਸ ਰਫ਼ਾਦਫ਼ਾ ਕਰਾ ਦਿੰਦਾ ।
ਉਹ ਵੀ ਬਾਬੂ ਦੀ ਮਦਦ ਕਰ ਰਹੇ ਸਨ । ਉਹਨਾਂ ਨੂੰ ਬਾਬੂ ਨਾਲੋਂ ਤੋੜਨ ਲਈ ਸਰਦਾਰ ਨੂੰ ਵੀ ਜਾਤੀਵਾਦ ਦਾ ਸਹਾਰਾ ਲੈਣਾ ਪਿਆ । ਬਦਮਾਸ਼ਾਂ 'ਤੇ ਸਰਦਾਰ ਨੇ ਪੁਲਿਸ ਦਾ ਪਰਭਾਵ ਤਾਂ ਪਾਇਆ ਹੀ, ਪੰਥ ਦਾ ਵਾਸਤਾ ਵੀ ਪਾਇਆ । ਜੇ ਸ਼ਹਿਰ ਵਾਲੇ ਬਰਾਹਮਣ ਸਭਾ ਅਤੇ ਅਗਰਵਾਲ ਸਭਾ ਬਣਾ ਸਕਦੇ ਹਨ ਤਾਂ ਉਹਨਾਂ ਨੂੰ ਉਸ ਦਾ ਮੂੰਹਤੋੜਵਾਂ ਜਵਾਬ ਦੇਣਾ ਚਾਹੀਦਾ । ਇਹ ਜਵਾਬ ਪੰਥ ਦੇ ਹੱਥ ਮਜ਼ਬੂਤ ਕਰ ਕੇ ਹੀ ਦਿੱਤਾ ਜਾ ਸਕਦਾ ।
ਇਸ ਲਈ ਸਰਦਾਰ ਨੂੰ ਲਾਲਾ ਜੀ ਨਾਲ ਨਾਰਾਜ਼ ਹੋਣ ਦੀ ਥਾਂ ਸਗੋਂ ਖ਼ੁਸ਼ ਹੋਣਾ ਚਾਹੀਦਾ ਸੀ । ਉਹਨਾਂ ਦੀ ਕੱਚੀ ਸਿਆਸੀ ਚਾਲ ਨਾਲ ਹੀ ਸਰਦਾਰ ਨੂੰ ਜਿੱਤ ਹਾਸਲ ਹੋਈ ਸੀ । ਸਰਦਾਰ ਦੇ ਸ਼ਹਿਰ ਜਾਣ ਤੋਂ ਟਾਲਮਟੋਲ ਕਰਨ ਦਾ ਇਕ ਹੋਰ ਵੀ ਕਾਰਨ ਸੀ । ਇਕ ਬੱਚੇ ਦਾ ਅਪਹਰਣ ਜਾਂ ਕਤਲ ਅੱਜ ਦੇ ਹਾਲਤਾਂ ਵਿਚ ਇਕ ਮਾਮੂਲੀ ਘਟਨਾ ਸੀ । ਅੱਜਕੱਲ੍ਹ ਤਾਂ ਭਰੀ ਬੱਸ ਦੀ ਹਰ ਇਕ ਸਵਾਰੀ ਨੂੰ ਹੇਠਾਂ ਉਤਾਰ ਲਿਆ ਜਾਂਦਾ ਅਤੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ । ਸਾਰੇ ਦਾ ਸਾਰਾ ਟੱਬਰ ਭੁੰਨ ਦਿੱਤਾ ਜਾਂਦਾ । ਟੱਬਰ ਵਿਚ ਅੋਰਤਾਂ ਵੀ ਹੁੰਦੀਆਂ ਹਨ ਅਤੇ ਬੱਚੇ ਵੀ । ਇਹ ਅਜਿਹਾ ਮਸਲਾ ਨਹੀਂ ਸੀ, ਜਿਸ 'ਚ ਮੁੱਖ ਮੰਤਰੀ ਨਿੱਜੀ ਦਿਲਚਸਪੀ ਲੈਂਦਾ । ਸੂਬੇ 'ਚ ਵਾਵਰੋਲਾ ਉੱਠ ਖੜ੍ਹਨਾ ਸੀ । ਮੁੱਖ ਮੰਤਰੀ ਨੂੰ ਇਕ ਖ਼ਾਸ ਬੱਚੇ ਨਾਲ ਇੰਨਾ ਮੋਹ ਕਿ ? ਸਾਰੇ ਸੂਬੇ ਦਾ ਫ਼ਿਕਰ ਕਿ ਨਹੀਂ ? ਉਸ ਕੋਲ ਕੀ ਜਵਾਬ ਸੀ ?
ਹੁਣ ਜਥੇਦਾਰਾਂ ਦੀਆਂ ਗੱਲਾਂ ਤੋਂ ਸਰਦਾਰ ਨੂੰ ਲੱਗਣ ਲੱਗਾ ਸੀ ਜਿਵੇਂ ਸਾਰਾ ਸ਼ਹਿਰ ਹੀ ਨਹੀਂ, ਸਗੋਂ ਜਥੇਦਾਰ ਵੀ ਉਸ ਤੋਂ ਪੁੱਛ ਰਹੇ ਸਨ ਕਿ ਆਖ਼ਿਰ ਉਹ ਆਪਣੇ ਸ਼ਹਿਰ ਦੀ ਭਲਾਈ ਲਈ ਕੀ ਕਰ ਰਿਹਾ ?
ਸਰਦਾਰ ਕੋਲ ਸਫ਼ਾਈ 'ਚ ਆਖਣ ਲਈ ਕੁਝ ਵੀ ਨਹੀਂ ਸੀ ।
ਮੁੱਖ ਮੰਤਰੀ ਨੂੰ ਮਹਿਸੂਸ ਹੋਇਆ ਕਿ ਮੌਕਾ ਸੰਭਾਲਿਆ ਜਾਣਾ ਬਹੁਤ ਜ਼ਰੂਰੀ ਸੀ, ਨਹੀਂ ਤਾਂ ਉਸ ਦਾ ਸਿੰਘਾਸਣ ਡੋਲ ਜਾਣਾ ਸੀ ।
ਉਹ ਮੁੱਖ ਮੰਤਰੀ । ਲੋਕਾਂ ਨੂੰ ਭਰਮਾਉਣ ਲਈ ਕੁਝ ਵੀ ਕਰ ਸਕਦਾ । ਕੁਝ ਬਿਆਨ ਦਾਗ਼ ਕੇ, ਕੁਝ ਵੱਡੇਵੱਡੇ ਵਾਅਦੇ ਕਰ ਕੇ ਅਤੇ ਕੁਝ ਕੰਮ ਨੇਪਰੇ ਚਾੜ੍ਹ ਕੇ ਭੋਲੇਭਾਲੇ ਲੋਕਾਂ ਦੇ ਰੋਹ ਨੂੰ ਠੱਲ੍ਹਿਆ ਜਾ ਸਕਦਾ ।
ਹੋਰ ਸਮਾਂ ਗਵਾਉਣਾ ਹੁਣ ਸਿਆਣਪ ਨਹੀਂ ਸੀ ।
ਉਸ ਨੇ ਸਭ ਤੋਂ ਪਹਿਲਾਂ ਪਰੈਸ ਸਕੱਤਰ ਨੂੰ ਬੁਲਾਇਆ । ਉਸ ਨੂੰ ਅਜਿਹੇ ਨਰਮਨਰਮ ਭਾਸ਼ਣ ਅਤੇ ਬਿਆਨ ਤਿਆਰ ਕਰਨ ਦਾ ਹੁਕਮ ਹੋਇਆ, ਜਿਹੜੇ ਪੱਥਰਦਿਲ ਲੋਕਾਂ ਨੂੰ ਵੀ ਹੰਝੂ ਵਹਾ ਦੇਣ ਲਈ ਮਜਬੂਰ ਕਰ ਦੇਣ ।
ਕੱਲ੍ਹ ਉਹ ਸ਼ਹਿਰ ਦਾ ਦੌਰਾ ਵੀ ਕਰਨਗੇ । ਇਸ ਦੌਰੇ ਦੀ ਖ਼ਬਰ ਤੁਰੰਤ ਪਰੈਸ ਨੂੰ ਜਾਰੀ ਕੀ ਜਾਵੇ । ਰੇਡੀਓ ਅਤੇ ਟੀ.ਵੀ. ਦੇ ਹਰ ਬੁਲਿਟਿਨ ਵਿਚ ਇਸ ਦੌਰੇ ਦੀ ਸੂਚਨਾ ਦਿੱਤੀ ਜਾਵੇ । ਉਹਨਾਂ ਦੀਆਂ ਟੀਮਾਂ ਵੀ ਸਾਰੀ ਕਾਰਵਾਈ ਦੀ ਕਵਰਿੰਗ ਲਈ ਮੌਕੇ 'ਤੇ ਹਾਜ਼ਰ ਰਹਿਣ ਮੁੱਖ ਸਕੱਤਰ ਨੂੰ ਪਿਛਲੀਆਂ ਸਾਰੀਆਂ ਖ਼ਬਰਾਂ ਦਾ ਨਚੋੜ ਅਤੇ ਲੋਕਾਂ ਦੀਆਂ ਮੰਗਾਂ ਦੀ ਸੂਚੀ ਤਿਆਰ ਕਰਨ ਦਾ ਹੁਕਮ ਹੋਇਆ । ਉਹ ਮੰਗਾਂ ਵੱਖ ਕਰ ਲਈਆਂ ਜਾਣ, ਜਿਨ੍ਹਾਂ ਨੂੰ ਫੋਰੀ ਤੌਰ 'ਤੇ ਕਬੂਲ ਕੀਤਾ ਜਾ ਸਕਦਾ ਹੋਵੇ ।
ਉਹ ਆਪ ਸਿਆਸੀ ਸਲਾਹਕਾਰਾਂ ਅਤੇ ਜਥੇਦਾਰਾਂ ਦੀ ਸਹਾਇਤਾ ਨਾਲ ਦੌਰੇ ਦੀ ਰੂਪਰੇਖਾ ਉਲੀਕਣ ਲੱਗੇ ।
ਸਰਕਲ ਜਥੇਦਾਰ ਦਾ ਮੱਤ ਸੀ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼ਹਿਰ ਵਿਚ ਅਕਾਲੀ ਪਾਰਟੀ ਦਾ ਵਜੂਦ ਨਾ ਬਰਾਬਰ । ਪਾਰਟੀ ਨੂੰ ਜੋ ਵੋਟਾਂ ਮਿਲਦੀਆਂ ਹਨ, ਉਹ ਸਰਦਾਰ ਦੇ ਨਿੱਜੀ ਰਸੂਖ਼ ਕਾਰਨ ਮਿਲਦੀਆਂ ਹਨ । ਸਰਦਾਰ ਦੀ ਚੁੱਪ ਅਤੇ ਪੁਲਿਸ ਦੀ ਵਧੀਕੀ ਕਾਰਨ ਸਰਦਾਰ ਦੇ ਪੱਕੇ ਸਮਰਥਕ ਵੀ ਨਾਰਾਜ਼ ਸਨ । ਉਹਨਾਂ ਨੂੰ ਬਿਨਾਂ ਮਤਲਬ ਲੋਕਾਂ ਦੇ ਮਿਹਣੇਤਾਅਨੇ ਸੁਣਨੇ ਪੈ ਰਹੇ ਸਨ । ਸਾਰੇ ਸ਼ਹਿਰ ਵਿਚ ਸੋਗ ਸੀ, ਸਹਿਮ ਸੀ ਅਤੇ ਨਿਰਾਸ਼ਾ ਵੀ । ਬੰਟੀ ਦੇ ਕਤਲ ਨਾਲੋਂ ਵੀ ਲੋਕ ਸਰਦਾਰ ਦੀ ਚੁੱਪ 'ਤੇ ਦੁਖੀ ਸਨ । ਇਸ ਦਾ ਇਕੋ ਇਕ ਹੱਲ ਪੁਲਿਸ ਦਾ ਵੱਡੇ ਪੱਧਰ 'ਤੇ ਤਬਾਦਲਾ ਸੀ । ਪੁਲਿਸ ਨੇ ਲੋਕਾਂ ਨਾਲ ਬਹੁਤ ਜ਼ਿਆਦਤੀ ਕੀਤੀ ਸੀ ।
ਸ਼ਹਿਰ ਦੀ ਸਾਰੀ ਪੁਲਿਸ ਦੇ ਤਬਾਦਲੇ 'ਤੇ ਸਰਦਾਰ ਨੂੰ ਤਾਂ ਕੋਈ ਗਿਲਾ ਨਹੀਂ ਸੀ, ਪਰ ਡੀ.ਜੀ.ਪੀ. ਬੜਾ ਅੜੀਅਲ ਸੀ । ਉਹ ਸਾਰਾ ਦਿਨ ਅਜਿਹੇ ਢੰਗ ਤਰੀਕੇ ਸੋਚਦਾ ਰਹਿੰਦਾ , ਜਿਸ ਨਾਲ ਪੁਲਿਸ ਦੇ ਗਿਰੇ ਮਨੋਬਲ ਨੂੰ ਫਿਰ ਤੋਂ ਉੱਚਾ ਚੁੱਕਿਆ ਜਾ ਸਕੇ । ਵੱਡੇ ਪੱਧਰ 'ਤੇ ਕੀਤੇ ਜਾਣ ਵਾਲੇ ਤਬਾਦਲਿਆਂ ਦਾ ਉਸ ਨੇ ਵਿਰੋਧ ਕਰਨਾ ਸੀ । ਉਸ ਨੇ ਆਖਣਾ ਸੀ, ਇਸ ਨਾਲ ਪੁਲਿਸ 'ਚ ਫੈਲੀ ਬੇਚੈਨੀ ਹੋਰ ਵਧਣੀ ਸੀ । ਲੋਕ ਤਾਂ ਪਹਿਲਾਂ ਹੀ ਦੋਸ਼ ਲਾ ਰਹੇ ਹਨ ਕਿ ਡਰਦੀ ਪੁਲਿਸ ਦਿਨ ਛਿਪਦੇ ਹੀ ਥਾਣਿਆਂ ਨੂੰ ਜਿੰਦੇ ਮਾਰ ਲੈਂਦੀ । ਬਾਹਰ ਕੁਝ ਵੀ ਹੁੰਦਾ ਰਹੇ, ਕੋਈ ਦਰਵਾਜ਼ਾ ਨਹੀਂ ਖੋਲ੍ਹਦਾ । ਸਰਹੱਦੀ ਜ਼ਿਲ੍ਹਿਆਂ ਵਿਚ ਰਾਤ ਨੂੰ ਰਾਜ ਹੀ ਦਹਿਸ਼ਤਗਰਦਾਂ ਦਾ ਹੁੰਦਾ । ਇਸ ਗੱਲ 'ਤੇ ਕੇਂਦਰ ਡੀ.ਜੀ.ਪੀ. ਦੀ ਹਮਾਇਤ ਕਰਦਾ , ਪਰ ਜੇ ਮੁੱਖ ਮੰਤਰੀ ਨੂੰ ਆਪਣੀ ਹੀ ਕੁਰਸੀ ਦਾ ਖ਼ਤਰਾ ਹੋਵੇ ਤਾਂ ਉਸ ਨੇ ਪੁਲਿਸ ਦੇ ਮਨੋਬਲ ਤੋਂ ਕੀ ਲੈਣਾ ? ਨਾਲੇ ਅੱਗੇ ਕਿਹੜਾ ਪੁਲਿਸ ਮੱਲ ਢਾਹੁੰਦੀ ਸੀ ਬਈ ਫੇਰ ਢਾਉਣੋਂ ਹਟ ਜੂ । ਉਹ ਤਬਾਦਲੇ ਕਰੇਗਾ ।
ਉਹ ਜਥੇਦਾਰਾਂ ਨੂੰ ਵੀ ਖ਼ੁਸ਼ ਰੱਖਣਾ ਚਾਹੁੰਦੇ ਸਨ । ਜੇ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਸ਼ਹਿਰ ਵਿਚ ਲਗਵਾਉਣਾ ਚਾਹੁੰਦਾ ਤਾਂ ਉਸ ਦਾ ਨਾਂ ਨੋਟ ਕਰਾ ਦੇਵੇ । ਮੁੱਖ ਮੰਤਰੀ ਉਸ ਨੂੰ ਮਨਮਰਜ਼ੀ ਦੀ ਥਾਂ 'ਤੇ ਲਗਵਾ ਦੇਵੇਗਾ ।
ਜਥੇਦਾਰ ਨੇ ਜ਼ਿਹਨ 'ਤੇ ਪੂਰਾ ਜ਼ੋਰ ਦੇ ਕੇ ਸੋਚਿਆ । ਉਸ ਦਾ ਇਕ ਵੀ ਰਿਸ਼ਤੇਦਾਰ ਡਿਪਟੀ ਜਾਂ ਥਾਣੇਦਾਰ ਨਹੀਂ ਸੀ । ਕੁਝ ਕੁ ਵਾਕਫ਼ ਜ਼ਰੂਰ ਸਨ । ਚੰਗੇ ਥਾਣੇ ਦੇ ਤਬਾਦਲੇ ਲਈ ਕਈ ਜਣੇ ਕਈਕਈ ਵਾਰ ਗੋਡੇ ਹੱਥ ਲਾ ਕੇ ਗਏ ਸਨ । ਉਹਨਾਂ ਦੇ ਨਾਂ ਨੋਟ ਕਰਾਉਣ ਨੂੰ ਜਥੇਦਾਰ ਦਾ ਦਿਲ ਨਾ ਕੀਤਾ । ਉਸ ਦਾ ਤਜਰਬਾ ਦੱਸਦਾ ਸੀ ਕਿ ਸਾਰੇ ਪੁਲਸੀਏ ਇਕੋ ਥੈਲੀ ਦੇ ਚੱਟੇਵੱਟੇ ਹੁੰਦੇ ਹਨ । ਪਹਿਲਾਂ ਹੋਰ ਹੁੰਦੇ ਹਨ, ਕੁਰਸੀ ਮਿਲਦਿਆਂ ਹੀ ਪਹਿਲਾਂ ਆਪਣਿਆਂ ਦੇ ਚਿੱਤੜ ਕੁੱਟਦੇ ਹਨ । ਜਿਹੜਾ ਮਰਜ਼ੀ ਆ ਜਾਵੇ, ਸਭ ਠੀਕ । ਡਰਦੇ ਆਪੇ ਸਲੂਟ ਮਾਰਨਗੇ । ਕਿਸੇ ਨੂੰ ਸਿਫ਼ਾਰਸ਼ ਕਰ ਕੇ ਲਗਵਾ ਲਿਆ ਤਾਂ ਉਸ ਨੇ ਸਿਰ ਚੜ੍ਹੇ ਰਹਿਣਾ । ਚੰਗੇਮੰਦੇ ਕੰਮ ਵਿਚ ਉਸ ਦੀ ਹਮਾਇਤ ਕਰਨੀ ਪਿਆ ਕਰੇਗੀ ।
ਜਥੇਦਾਰ ਨੇ ਇਕੱਲੇ ਬੂਝਾ ਸਿੰਘ ਦਾ ਨਾਂ ਨੋਟ ਕਰਾਇਆ । ਉਸ ਨੂੰ ਜ਼ਰੂਰ ਥਾਣੇ ਵਿਚ ਲਾ ਦਿੱਤਾ ਜਾਵੇ । ਜਥੇਦਾਰ ਉਸ ਨਾਲ ਵਾਅਦਾ ਕਰ ਚੁੱਕਾ ਸੀ ।
ਮੁੱਖ ਮੰਤਰੀ ਬੂਝਾ ਸਿੰਘ 'ਤੇ ਖ਼ੁਸ਼ ਨਹੀਂ ਸੀ । ਉਹ ਜਿਹੜਾ ਗੰਦ ਪਾ ਰਿਹਾ ਸੀ, ਉਸ ਦੀ ਸਾਰੀ ਰਿਪੋਰਟ ਮੁੱਖ ਮੰਤਰੀ ਨੂੰ ਪੁੱਜ ਰਹੀ ਸੀ, ਪਰ ਉਹਨਾਂ ਮਨ ਦੀ ਗੱਲ ਮਨ ਵਿਚ ਹੀ ਰੱਖੀ ।
ਸੋਚਿਆ ਰੋਪੜ ਵੱਲ ਧੱਕ ਦਿਆਂਗੇ । ਨਾਲੇ ਜਥੇਦਾਰ ਖ਼ੁਸ਼, ਨਾਲੇ ਹੋਏ ਤਬਾਦਲੇ 'ਤੇ ਲੋਕ ਖ਼ੁਸ਼, ਨਾਲੇ ਬੂਝੇ ਨੂੰ ਮੁੱਖ ਮੰਤਰੀ ਵਿਰੁੱਧ ਪਰਚਾਰ ਕਰਨ ਅਤੇ ਰਿਪੋਰਟਾਂ ਭੇਜਣ ਦਾ ਸੁਆਦ ਪਤਾ ਲੱਗ ਜਾਏਗਾ ।
ਸਿਆਸੀ ਸਲਾਹਕਾਰ ਸਮੱਸਿਆ ਨੂੰ ਗੰਭੀਰਤਾ ਨਾਲ ਲੈਣਾ ਚਾਹੁੰਦੇ ਹਨ । ਉਹਨਾਂ ਨੂੰ ਰਿਪੋਰਟਾਂ ਮਿਲ ਰਹੀਆਂ ਸਨ ਕਿ ਦੂਜਾ ਧੜਾ ਪਰਧਾਨ ਮੰਤਰੀ ਦੇ ਨੇੜੇ ਹੁੰਦਾ ਜਾ ਰਿਹਾ ਸੀ । ਕੇਂਦਰ ਦਾ ਕੋਈ ਵਸਾਹ ਨਹੀਂ, ਉਸ ਨੂੰ ਹਿੱਕ ਨਾਲ ਲਾ ਲਏ ।
ਸ਼ਹਿਰ ਵਿਚ ਬਹੁਤ ਵੱਡੀ ਕਾਨਫ਼ਰੰਸ ਹੋਣੀ ਚਾਹੀਦੀ । ਕਿਸੇ ਕੇਂਦਰੀ ਮੰਤਰੀ ਨੂੰ ਵੀ ਬੁਲਾਇਆ ਜਾਵੇ । ਨਾਲੇ ਤਾਕਤ ਦਾ ਦਿਖਾਵਾ ਕੀਤਾ ਜਾਵੇ, ਨਾਲੇ ਮਿੱਠੇਮਿੱਠੇ ਭਾਸ਼ਣਾਂ ਨਾਲ ਸਰਦਾਰ ਦੇ ਖ਼ਿਲਾਫ਼ ਹੁੰਦੇ ਪਰਚਾਰ ਨੂੰ ਨਕਾਰਿਆ ਜਾਵੇ । ਬੰਟੀ ਦੀ ਯਾਦ ਵਿਚ ਬਣਾਈ ਜਾਣ ਵਾਲੀ ਕਿਸੇ ਵੱਡੀ ਯਾਦਗਾਰ ਦਾ ਐਲਾਨ ਕਰ ਕੇ ਲੋਕਾਂ ਦੇ ਬਦਲੇ ਮਜ਼ਾਜ਼ ਨੂੰ ਆਪਣੇ ਹੱਕ ਵਿਚ ਕੀਤਾ ਜਾਵੇ ।
ਮੁੱਖ ਮੰਤਰੀ ਕਾਨਫ਼ਰੰਸ ਦੇ ਹੱਕ ਵਿਚ ਨਹੀਂ ਸੀ । ਇਸ ਘਟਨਾ ਨੂੰ ਸਿਆਸੀ ਰੰਗ ਦੇ ਕੇ ਆਪਣੇ ਪੈਰ 'ਤੇ ਆਪੇ ਕੁਹਾੜਾ ਮਾਰਨ ਵਾਲੀ ਗੱਲ ਹੋਏਗੀ । ਇਸ ਕਤਲ ਨੂੰ ਨਿੱਜੀ ਮਸਲੇ ਤਕ ਹੀ ਸੀਮਤ ਰੱਖਿਆ ਜਾਣਾ ਚਾਹੀਦਾ ਸੀ । ਉਹ ਲਾਲਾ ਜੀ ਦੇ ਘਰ ਜਾਣਗੇ । ਦੋ ਘੜੀ ਉਹਨਾਂ ਵਿਚ ਬੈਠਣਗੇ । ਲੋਕਾਂ ਦੀਆਂ ਮੰਗਾਂ ਮੰਨਣਗੇ ।
ਲੋਕਾਂ ਦਾ ਗ਼ੁੱਸਾ ਠੰਢਾ ਕਰਨ ਲਈ ਜ਼ਰੂਰੀ , ਲੋਕਾਂ ਵਿਚ ਬੈਠਿਆ ਜਾਵੇ । ਉੱਚੀਆਂ ਉੱਚੀਆਂ ਸਟੇਜਾਂ ਤੋਂ ਭਾਸ਼ਣ ਦੇਣ ਨਾਲ ਕੁਝ ਨਹੀਂ ਸੀ ਸੰਵਰਨਾ ।
ਮੁੱਖ ਸਕੱਤਰ ਦੀ ਰਿਪੋਰਟ ਤਿਆਰ ਸੀ । ਦੋ ਕੁ ਮੰਗਾਂ ਛੱਡ ਕੇ ਬਾਕੀ ਮੌਕੇ 'ਤੇ ਪੂਰੀਆਂ ਕੀਤੀਆਂ ਜਾ ਸਕਦੀਆਂ ਸਨ
ਇਸ ਵਾਰ ਮੁੱਖ ਮੰਤਰੀ ਇਕੱਲੇ ਐਲਾਨ ਕਰਨ ਦੇ ਮੂਡ ਵਿਚ ਨਹੀਂ ਸੀ । ਉਹ ਜਿਹੜਾ ਵੀ ਐਲਾਨ ਕਰਨਗੇ, ਉਸ 'ਤੇ ਤੁਰੰਤ ਹੀ ਅਮਲ ਹੋਏਗਾ । ਇਸ ਲਈ ਮੁੱਖ ਸਕੱਤਰ ਨੂੰ ਹਦਾਇਤ ਹੋਈ ਕਿ ਉਹ ਡਿਪਟੀ ਕਮਿਸ਼ਨਰ ਅਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਨੂੰ ਮੌਕੇ 'ਤੇ ਹਾਜ਼ਰ ਰਹਿਣ ਦਾ ਹੁਕਮ ਜਾਰੀ ਕਰੇ ।
ਸ਼ਹਿਰ ਜਾਣ ਦਾ ਪਰੋਗਰਾਮ ਬਣਾ ਕੇ ਮੁੱਖ ਮੰਤਰੀ ਦੇ ਮਨ ਤੋਂ ਬੋਝ ਲਹਿ ਗਿਆ ਸੀ । ਬੇਫ਼ਿਕਰ ਹੋਏ ਉਹ ਸੂਬੇ ਦੇ ਹੋਰ ਕੰਮਾਂ ਵੱਲ ਧਿਆਨ ਦੇਣ ਲੱਗੇ ।
22
ਮੁੱਖ ਮੰਤਰੀ ਦੇ ਸ਼ਹਿਰ ਆਉਣ ਦੀ ਖ਼ਬਰ ਨਾਲ ਚਾਰੇ ਪਾਸੇ ਖ਼ੁਸ਼ੀ ਦੀ ਲਹਿਰ ਦੌੜ ਗਈ ।
ਸਰਕਾਰੀ ਮਹਿਕਮਿਆਂ ਨੂੰ ਸਭ ਤੋਂ ਵੱਧ ਭਾਜੜਾਂ ਪਈਆਂ । ਤਿਆਰੀ ਲਈ ਉਹਨਾਂ ਨੂੰ ਬਹੁਤ ਥੋੜ੍ਹਾ ਸਮਾਂ ਮਿਲਿਆ ਸੀ ।
ਸਭ ਤੋਂ ਜ਼ਿਆਦਾ ਵਖਤ ਮਿਊਂਸਪੈਲਟੀ ਵਾਲਿਆਂ ਨੂੰ ਪਿਆ ਸੀ । ਕਾਰਜ ਸਾਧਕ ਅਫ਼ਸਰ ਨੂੰ ਜਮਾਂਦਾਰਾਂ ਦੀਆਂ ਛੁੱਟੀਆਂ ਕੈਂਸਲ ਕਰ ਕੇ ਉਹਨਾਂ ਨੂੰ ਤੁਰੰਤ ਡਿਊਟੀ 'ਤੇ ਹਾਜ਼ਰ ਹੋਣ ਦਾ ਹੁਕਮ ਜਾਰੀ ਕਰਨਾ ਪਿਆ । ਬਾਕੀ ਕੰਮਾਂ ਦੀ ਜ਼ਿੰਮੇਵਾਰੀ ਤਾਂ ਦੂਜੇ ਮੁਲਾਜ਼ਮਾਂ ਦੇ ਮੋਢਿਆਂ 'ਤੇ ਵੀ ਪਾਈ ਜਾ ਸਕਦੀ ਸੀ, ਪਰ ਸੜਕਾਂ, ਨਾਲੀਆਂ ਅਤੇ ਗਲੀਆਂ ਦੀ ਸਫ਼ਾਈ ਤਾਂ ਉਹਨਾਂ ਬਿਨਾਂ ਕੋਈ ਨਹੀਂ ਸੀ ਕਰ ਸਕਦਾ ।
ਟੁੱਟੀਆਂ ਸੜਕਾਂ ਦੀ ਮੁਰੰਮਤ ਹੋਣ ਲੱਗੀ । ਗਲੀਆਂ, ਮੁਹੱਲਿਆਂ ਦੇ ਟੋਏ ਭਰੇ ਗਏ । ਭਾਵੇਂ ਮੁੱਖ ਮੰਤਰੀ ਨੇ ਰਾਤ ਨੂੰ ਸ਼ਹਿਰ ਵਿਚ ਨਹੀਂ ਸੀ ਠਹਿਰਨਾ, ਫੇਰ ਵੀ ਸਟਰੀਟ ਲਾਈਟਾਂ ਦੇ ਫਿਊਜ਼ ਬੱਲਬ ਅਤੇ ਟਿਊਬਾਂ ਬਦਲ ਦਿੱਤੀਆਂ ਗਈਆਂ ।
ਖ਼ੁਫ਼ੀਆ ਵਿਭਾਗ ਨੇ ਘਰਘਰ ਦਾ ਜਾਇਜ਼ਾ ਲਿਆ । ਕਿਥੇ ਮੋਰਚਾਬੰਦੀ ਕਰਨੀ , ਕਿਥੇ ਘੱਟ ਅਤੇ ਕਿਥੇ ਵੱਧ ਸੂਹੀਏ ਤਾਇਨਾਤ ਕਰਨੇ ਹਨ, ਇਸ ਦਾ ਫ਼ੈਸਲਾ ਲਿਆ ਗਿਆ । ਗਸ਼ਤੀ ਪਾਰਟੀਆਂ ਦੀ ਗਿਣਤੀ ਤਾਂ ਤੁਰੰਤ ਹੀ ਵਧਾ ਦਿੱਤੀ ਗਈ । ਬਾਹਰੋਂ ਆਏ ਬੰਦੇ ਨੂੰ ਇ ਝਉਲਾ ਪੈਂਦਾ ਸੀ ਜਿਵੇਂ ਕਿਸੇ ਧਨਾਢ ਦੀ ਕੁੜੀ ਦੀ ਬਰਾਤ ਆਉਣੀ ਹੋਵੇ । ਵਿਆਹ ਵਰਗਾ ਮਾਹੌਲ ਬਣਿਆ ਹੋਇਆ ਸੀ । ਸਾਰੇ ਸ਼ਹਿਰ ਵਿਚ ਪਾਣੀ ਛਿੜਕਿਆ ਗਿਆ । ਉਹਨਾਂ ਸਾਰੀਆਂ ਸੜਕਾਂ 'ਤੇ ਕਲੀ ਵਿਛਾ ਦਿੱਤੀ ਗਈ, ਜਿਥੋਂ ਲੰਘ ਕੇ ਸਰਦਾਰ ਨੇ ਲਾਲਾ ਜੀ ਦੇ ਘਰ ਜਾਣਾ ਸੀ ।
ਸਾਰੇ ਅਫ਼ਸਰਾਂ ਦਾ ਧਿਆਨ ਲਾਲਾ ਜੀ ਦੇ ਮੁਹੱਲੇ ਵੱਲ ਸੀ । ਉਥੇ ਕੋਈ ਕਸਰ ਬਾਕੀ ਨਹੀਂ ਸੀ ਰਹਿਣੀ ਚਾਹੀਦੀ । ਨਾਲੀਆਂ 'ਤੇ ਡੀ.ਡੀ.ਟੀ. ਛਿੜਕੀ ਗਈ । ਕੁਝ ਕੁ ਥਾਵਾਂ 'ਤੇ ਅਗਰਬੱਤੀਆਂ ਲਾਈਆਂ ਗਈਆਂ । ਸੋਗ ਦਾ ਸਮਾਂ ਨਾ ਹੁੰਦਾ ਤਾਂ ਸਵਾਗਤੀ ਗੇਟ ਵੀ ਲਾਏ ਜਾਂਦੇ ।
ਜਿਜਿ ਸੂਰਜ ਉੱਚਾ ਹੁੰਦਾ ਗਿਆ, ਤਿਤਿ ਲਾਲਾ ਜੀ ਦੇ ਘਰ ਚਹਿਲਪਹਿਲ ਵਧਦੀ ਗਈ । ਅੱਜ ਉਹਨਾਂ ਦੇ ਦੁੱਖ ਵੰਡਾਉਣ ਵਾਲਿਆਂ ਵਿਚ ਅਫ਼ਸਰਾਂ ਅਤੇ ਸਿਆਸੀ ਨੇਤਾਵਾਂ ਦੀ ਗਿਣਤੀ ਜ਼ਿਆਦਾ ਸੀ । ਕਦੇ ਐਸ.ਡੀ.ਐਮ. ਚੱਕਰ ਕੱਟਦਾਕੱਟਦਾ ਇਧਰ ਆ ਜਾਂਦਾ, ਕਦੇ ਡੀ.ਐਸ.ਪੀ. । ਹਰ ਕੋਈ ਬੈਠਕ ਵਿਚ ਬੈਠੇ ਲਾਲਾ ਜੀ ਦੇ ਗੋਡੀਂ ਹੱਥ ਲਾਦਾ ਅਤੇ ਬੜੀ ਨਿਮਰਤਾ ਨਾਲ ਸੇਵਾ ਪੁੱਛਦਾ । ਅਸਲ ਇਸ਼ਾਰਾ ਇਸ ਗੱਲ ਵੱਲ ਹੁੰਦਾ ਸੀ ਕਿ ਲਾਲਾ ਜੀ ਮੇਹਰ ਰੱਖਣ ।
ਉਹਨਾਂ ਦੀਆਂ ਭੁੱਲਾਂ ਬਖ਼ਸ਼ਣ । ਅਫ਼ਸਰਾਂ ਦੀ ਨਾਲਾਇਕੀ ਦੇ ਚਿੱਠੇ ਮੁੱਖ ਮੰਤਰੀ ਅੱਗੇ ਨਾ ਖੋਲ੍ਹਣ ।
ਹੋਰ ਤਾਂ ਸਭ ਠੀਕ ਸੀ, ਪਰ ਕਾਂਤਾ ਮੁੱਖ ਮੰਤਰੀ ਦੇ ਸਵਾਗਤ ਲਈ ਤਿਆਰ ਨਹੀਂ ਸੀ ਹੋ ਰਹੀ ।
ਉਹ ਮੰਜੇ ਨਾਲ ਚਿਪਕੀ ਪਈ ਸੀ । ਸੁਬ੍ਹਾ ਚਾਰਚਾਰ ਵਜੇ ਉੱਠ ਕੇ ਸਾਰੇ ਕੰਮਾਂ ਨੂੰ ਮਿੰਟਾਂਸਕਿੰਟਾਂ ਵਿਚ ਸਮੇਟਣ ਵਾਲੀ ਕਾਂਤਾ ਦੀ ਸਾਰੀ ਚੁਸਤੀਫੁਰਤੀ ਜਿਵੇਂ ਬੰਟੀ ਆਪਣੇ ਨਾਲ ਹੀ ਲੈ ਗਿਆ ਸੀ ।
ਕਮਰੇ 'ਚ ਪਈ ਕਾਂਤਾ ਬਹੁਤ ਉਦਾਸ ਸੀ । ਸੰਘ ਦਾ ਮੁੱਖ ਮੰਤਰੀ ਦੇ ਸਵਾਗਤ ਲਈ ਲਟਾਪੀਂਘ ਹੋਣਾ ਉਸ ਨੂੰ ਬੰਟੀ ਦੇ ਕਤਲ ਨਾਲੋਂ ਵੀ ਭੈੜਾ ਲੱਗ ਰਿਹਾ ਸੀ ।
ਸੰਘ ਵਾਲੇ ਮੁੱਖ ਮੰਤਰੀ ਲਈ ਚਾਹ ਦਾ ਇੰਤਜ਼ਾਮ ਕਰ ਰਹੇ ਸਨ । ਇਸ ਮਕਸਦ ਲਈ ਟੈਂਟ ਕੋਠੇ 'ਤੇ ਲਾਇਆ ਗਿਆ ਸੀ । ਕਰਾਕਰੀ ਮੰਗਵਾਈ ਗਈ ਸੀ । ਜਦੋਂ ਸਵਾਗਤ ਦੀਆਂ ਤਿਆਰੀਆਂ ਦਾ ਪਰੋਗਰਾਮ ਉਲੀਕਿਆ ਜਾ ਰਿਹਾ ਸੀ ਤਾਂ ਕਾਂਤਾ ਨੇ ਉਸ ਸਮੇਂ ਹੀ ਮੁੱਖ ਮੰਤਰੀ ਨੂੰ ਚਾਹ ਪਿਆਉਣ ਦੀ ਤਜਵੀਜ਼ ਦਾ ਵਿਰੋਧ ਕੀਤਾ ਸੀ । ਉਹ ਮੁੰਡੇ ਦੀ ਛਟੀ 'ਤੇ ਨਹੀਂ ਸੀ ਆ ਰਿਹਾ ਬਈ ਉਸ ਨੂੰ ਬਰਫ਼ੀ ਅਤੇ ਪੇੜਿਆਂ ਨਾਲ ਚਾਹ ਪਿਲਾਈ ਜਾਏ । ਅਜਿਹੇ ਸਮੇਂ ਚਾਹ ਪੀਣਾ ਬੰਟੀ ਦੀ ਰੱਤ ਪੀਣ ਬਰਾਬਰ ਹੋਏਗਾ ।
ਕਾਂਤਾ ਤਾਂ ਇਹ ਵੀ ਚਾਹੁੰਦੀ ਸੀ ਕਿ ਮੁੱਖ ਮੰਤਰੀ ਦੇ ਮਨਹੂਸ ਪੈਰ ਇਸ ਘਰ ਵਿਚ ਪੈਣ ਹੀ ਨਾ । ਬੰਟੀ ਸੂਬੇ ਵਿਚ ਫੈਲੀ ਹਫੜਾਦਫੜੀ ਅਤੇ ਅਰਾਜਕਤਾ ਦਾ ਸ਼ਿਕਾਰ ਹੋਇਆ ਸੀ ।
ਇਸ ਸਾਰੀ ਬਦਅਮਨੀ ਲਈ ਉਹ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਸਮਝਦੀ ਸੀ । ਜਦੋਂ ਦਾ ਉਹ ਮੁੱਖ ਮੰਤਰੀ ਬਣਿਆ ਸੀ ਅਤੇ ਅਕਾਲੀਆਂ ਵਿਚ ਕੁਰਸੀਯੁੱਧ ਛਿੜਿਆ ਸੀ, ਉਦੋਂ ਦੇ ਲੋਕਾਂ ਦੇ ਘਰੀਂ ਮੁੜ ਸੱਥਰ ਵਿਛਣ ਲੱਗੇ ਸਨ । ਕਾਂਤਾ ਨੂੰ ਤਾਂ ਮੁੱਖ ਮੰਤਰੀ ਹੀ ਬੰਟੀ ਦਾ ਕਾਤਲ ਲੱਗਦਾ ਸੀ ।
ਉਸ ਦੀਆਂ ਕਮਜ਼ੋਰ ਨੀਤੀਆਂ ਕਾਰਨ ਪੁਲਿਸ ਪੁਲਿਸ ਨਹੀਂ ਸੀ ਰਹੀ । ਪੁਲਿਸ ਦਾ ਮਨੋਬਲ ਇੰਨਾ ਗਿਰ ਗਿਆ ਸੀ ਕਿ ਉਹ ਕੋਲ ਖੜੇ ਮੁਜਰਮ ਨੂੰ ਵੀ ਹੱਥ ਪਾਉਣ ਤੋਂ ਡਰਦੀ ਸੀ । ਜੋ ਹੋਣਾ ਸੀ ਸੋ ਹੋ ਗਿਆ । ਹੁਣ ਮਗਰਮੱਛ ਵਾਲੇ ਹੰਝੂ ਵਹਾਉਣ ਦਾ ਕੀ ਫ਼ਾਇਦਾ ? ਘਰ ਤਾਂ ਕਾਂਤਾ ਦਾ ਉਜੜਿਆ । ਮੁੱਖ ਮੰਤਰੀ ਆਪਣਾ ਰਾਜਪਾਟ ਮਾਣਦਾ ਰਹੇ ।
ਰਾਤ ਕਾਂਤਾ ਨੇ ਆਪਣੇ ਮਨ ਦੀ ਇਹ ਸਾਰੀ ਭੜਾਸ ਲਾਲਾ ਜੀ ਅੱਗੇ ਕੱਢ ਲਈ ਸੀ । ਲਾਲਾ ਜੀ ਉਸ ਨਾਲ ਸਹਿਮਤ ਤਾਂ ਸਨ, ਪਰ ਸਨ ਮਜਬੂਰ । ਉਸ ਦਾ ਮਨ ਉਹਨਾਂ ਕਲਮੂੰਹੇਂ ਕਾਤਲਾਂ ਨੂੰ ਦੇਖਣ ਲਈ ਕਾਹਲਾ ਪੈ ਰਿਹਾ ਸੀ, ਜਿਨ੍ਹਾਂ ਅੰਦਰਲੀ ਸਾਰੀ ਮਾਨਵਤਾ ਮਰ ਚੁੱਕੀ ਸੀ, ਜਿਹੜੇ ਬੰਟੀ ਵਰਗੇ ਮਾਸੂਮਾਂ ਦਾ ਗਲਾ ਘੁੱਟਣ ਲੱਗੇ ਵੀ 'ਸੀ' ਨਹੀਂ ਕਰਦੇ । ਉਹ ਤਾਂ ਹੀ ਬੇਨਕਾਬ ਹੋ ਸਕਦੇ ਸਨ ਜੇ ਮੁੱਖ ਮੰਤਰੀ ਪੁਲਿਸ ਨੂੰ ਸਿਰਧੜ ਦੀ ਬਾਜ਼ੀ ਲਾ ਕੇ ਕਾਤਲਾਂ ਨੂੰ ਫੜਨ ਦਾ ਹੁਕਮ ਦੇਵੇ ।
ਲਾਲਾ ਜੀ ਅਤੇ ਉਸ ਦੇ ਚੇਲਿਆਂ ਦੀ ਅਕਲ 'ਤੇ ਕਾਂਤਾ ਨੂੰ ਰੋਣਾ ਆਇਆ ਸੀ । ਬੰਟੀ ਦੇ ਕਾਤਲਾਂ ਦੀ ਝਲਕ ਦੇਖਣੀ ਤਾਂ ਕਿਸੇ ਵੀ ਸਿਆਸੀ ਨੇਤਾ ਦੇ ਚਿਹਰੇ 'ਚੋਂ ਦੇਖ ਲੈਣ ।
ਪਰਧਾਨ ਮੰਤਰੀ, ਮੰਤਰੀ ਸਭ ਕਾਤਲ ਹਨ । ਕੋਈ ਬੰਟੀ ਦਾ ਕਾਤਲ , ਕੋਈ ਉਸ ਵਰਗੇ ਲੱਖਾਂ ਹੋਰਾਂ ਦਾ । ਮੁੱਖ ਮੰਤਰੀ ਤੋਂ ਕਾਤਲਾਂ ਦੀ ਸ਼ਨਾਖ਼ਤ ਦੀ ਆਸ ਰੱਖਣਾ ਸੰਘ ਦੀ ਅਕਲ ਦੇ ਨਿਕਲੇ ਜਨਾਜ਼ੇ ਦਾ ਸਬੂਤ ਸੀ । ਕੋਈ ਆਪਣੇ ਪੈਰੋਕਾਰਾਂ ਨੂੰ ਵੀ ਕਟਹਿਰੇ ਵਿਚ ਖੜਾ ਕਰ ਸਕਦੈ ਭਲਾ ?
ਕਾਂਤਾ ਦੀਆਂ ਦਲੀਲਾਂ ਦਾ ਲਾਲਾ ਜੀ ਕੋਲ ਕੋਈ ਜਵਾਬ ਨਹੀਂ ਸੀ । ਉਸ ਨੇ ਅੋਰਤਾਂ ਵਾਂਗ ਅੱਖਾਂ ਭਰ ਲਈਆਂ । ਮੁੱਖ ਮੰਤਰੀ ਨੂੰ ਘਰੇ ਆਉਣ ਤੋਂ ਰੋਕਣ ਦੀ ਲਾਲਾ ਜੀ ਵਿਚ ਹਿੰਮਤ ਨਹੀਂ ਸੀ । ਆਪਣੀ ਇੱਜ਼ਤ ਦਾ ਵਾਸਤਾ ਪਾ ਕੇ ਉਹ ਕਾਂਤਾ ਨੂੰ ਮਨਾਉਣ ਲੱਗੇ ।
ਸਹੁਰੇ ਅੱਗੇ ਹਥਿਆਰ ਸੁੱਟਣ ਤੋਂ ਸਿਵਾ ਕਾਂਤਾ ਕਰ ਵੀ ਕੀ ਸਕਦੀ ਸੀ ? ਹੁਣ ਕਿਹੜੇ ਮੂੰਹ ਕਾਂਤਾ ਮੁੱਖ ਮੰਤਰੀ ਦੇ ਸਵਾਗਤ ਲਈ ਹਾਰਸ਼ਿੰਗਾਰ ਕਰੇ ?
ਕਾਂਤਾ ਦੀ ਮਰਜ਼ੀ ਨੂੰ ਕੋਈ ਪਹਿਲੀ ਵਾਰ ਤਾਂ ਅਣਡਿੱਠਾ ਨਹੀਂ ਸੀ ਕੀਤਾ ਗਿਆ । ਇਸ ਘਰ ਵਿਚ ਉਸ ਨੂੰ ਪੁੱਛਦਾ ਹੀ ਕੌਣ ਸੀ ? ਕਈ ਵਾਰ ਕਾਂਤਾ ਨੂੰ ਲੱਗਦਾ ਸੀ, ਉਹ ਪੈਦਾ ਹੀ ਲਤਾੜੇ ਜਾਣ ਲਈ ਹੋਈ ਸੀ ।
ਬੰਦੇ ਤਾਂ ਬੰਦੇ, ਉਸ ਦੇ ਤਾਂ ਕੁਦਰਤ ਵੀ ਹੱਥ ਧੋ ਕੇ ਪਿੱਛੇ ਪੈ ਗਈ ਲੱਗਦੀ ਸੀ ।
ਹਾਲੇ ਦੋ ਸਾਲ ਪਹਿਲਾਂ ਹੀ ਉਸ ਦੇ ਮੱਥੇ ਤੋਂ ਸੁਹਾਗ ਦੀ ਬਿੰਦੀ ਪੂੰਝੀ ਗਈ ਸੀ । ਹੱਸਦੀ ਖੇਡਦੀ ਕਾਂਤਾ ਅਚਾਨਕ ਹੀ ਵਿਧਵਾ ਹੋ ਗਈ ਸੀ । ਉਸ ਦਾ ਬਲਦੇਵ ਟਰੱਕ ਹੇਠ ਕੁਚਲਿਆ ਗਿਆ ਸੀ ।
ਕਾਂਤਾ ਨੂੰ ਅੱਜ ਤਕ ਯਕੀਨ ਨਹੀਂ ਆਇਆ ਕਿ ਉਸ ਦਾ ਬਲਦੇਵ ਕਦੇ ਵੀ ਮੁੜ ਕੇ ਘਰ ਨਹੀਂ ਆਏਗਾ । ਯਕੀਨ ਆਵੇ ਵੀ ਕਿਵੇਂ ? ਉਸ ਨੂੰ ਕਿਹੜਾ ਬਲਦੇਵ ਦੇ ਆਖ਼ਰੀ ਦਰਸ਼ਨ ਕਰਾਏ ਗਏ ਸਨ । ਦਰਸ਼ਨ ਕਿਥੋਂ ਕਰਾਦੇ ? ਟਰੱਕ ਨੇ ਦੇਖਣ ਵਾਲਾ ਛੱਡਿਆ ਹੀ ਕੀ ਸੀ ? ਸਾਰਾ ਸਰੀਰ ਹੀ ਫੀਤਾਫੀਤਾ ਕਰ ਦਿੱਤਾ ਸੀ ।
ਕਾਂਤਾ ਨੂੰ ਬੰਟੀ ਦੇ ਮਰਨ 'ਤੇ ਵੀ ਯਕੀਨ ਨਹੀਂ । ਕਾਂਤਾ ਨੂੰ ਪਹਿਲਾਂ ਆਖਿਆ ਗਿਆ ਸੀ ਕਿ ਬੰਟੀ ਨੂੰ ਘਰ ਲਿਆਂਦਾ ਜਾਏਗਾ । ਉਸ ਦੀ ਗੋਦ ਵਿਚ ਪਾਇਆ ਜਾਏਗਾ । ਫੇਰ ਉਸ ਨੂੰ ਦੱਸਿਆ ਗਿਆ, ਪੋਸਟਮਾਰਟਮ ਨੂੰ ਦੇਰ ਹੋ ਗਈ ਸੀ । ਲਾਸ਼ ਦਾ ਘਰ ਲਿਆਉਣਾ ਮੁਸ਼ਕਲ ਸੀ । ਸੂਰਜ ਛੁਪਣ ਵਾਲਾ ਸੀ । ਕਾਂਤਾ ਨੂੰ ਡੈੱਡ ਹਾਊਸ ਵੱਲ ਧੂਹਿਆ ਗਿਆ । ਕਾਂਤਾ ਨਾਲ ਧੋਖਾ ਹੋਇਆ ਸੀ, ਸਾਰਾ ਧੋਖਾ ।
ਜਿਹੜੇ ਗਿਣਵੇਂ ਪਲ ਬੰਟੀ ਦੇ ਦਰਸ਼ਨਾਂ ਲਈ ਮਿਲੇ, ਉਹਨਾਂ ਵਿਚ ਉਹ ਬੰਟੀ ਨੂੰ ਚੱਜ ਨਾਲ ਦੇਖ ਵੀ ਨਾ ਸਕੀ । ਜਿਹੜੀ ਲਾਸ਼ ਉਸ ਨੂੰ ਦਿਖਾਈ ਗਈ ਸੀ, ਉਹ ਬੰਟੀ ਦੀ ਨਹੀਂ ਸੀ ਲੱਗਦੀ । ਉਹ ਬੱਚਾ ਤਾਂ ਮਾੜਚੂ ਜਿਹਾ ਸੀ, ਹੱਡੀਆਂ ਦਾ ਢਾਂਚਾ । ਉਸ ਦਾ ਬੰਟੀ ਤਾਂ ਲੁਗਲੁਗ ਕਰਦਾ ਸੀ । ਉਸ ਬੱਚੇ ਦਾ ਚਿਹਰਾ ਕਾਲਾ ਸ਼ਾਹ ਸੀ, ਬੰਟੀ ਗੋਰਾ ਨਿਛੋਹ ਸੀ । ਲਾਸ਼ ਦਾ ਤਾਂ ਕੁਝ ਵੀ ਬੰਟੀ ਨਾਲ ਨਹੀਂ ਸੀ ਮਿਲਦਾ ।
ਹਿੰਮਤ ਕਰ ਕੇ ਕਾਂਤਾ ਨੇ ਪੇਟ ਨੰਗਾ ਕੀਤਾ । ਬੰਟੀ ਹੋਇਆ ਤਾਂ ਪੇਟ 'ਤੇ ਲਸਣ ਦਾ ਨਿਸ਼ਾਨ ਜ਼ਰੂਰ ਹੋਏਗਾ । ਪੇਟ ਸਿਊਣ ਨਾਲ ਭਰੇ ਵੱਡੇਵੱਡੇ ਸੜੋਪੇ ਦੇਖ ਕੇ ਕਾਂਤਾ ਦੀਆਂ ਅੱਖਾਂ ਅੱਗੇ ਭੰਬੂਤਾਰੇ ਨੱਚਣ ਲੱਗੇ । ਉਹ ਧੜੱਮ ਦੇਣੇ ਪਿਛਾਂਹ ਗਿਰ ਗਈ । ਲਸਣ ਦੇਖਣ ਦਾ ਸਮਾਂ ਹੀ ਨਾ ਮਿਲਿਆ ।
ਜਦੋਂ ਹੋਸ਼ ਆਈ, ਬੰਟੀ ਮਿੱਟੀ ਨਾਲ ਮਿੱਟੀ ਹੋ ਚੁੱਕਾ ਸੀ ।
ਲਾਲਾ ਜੀ ਦੇ ਮਨ ਵਿਚ ਵੀ ਇਹੋ ਸ਼ੱਕ ਸੀ । ਉਹ ਸਾਫ਼ਸਾਫ਼ ਤਾਂ ਨਹੀਂ ਸੀ ਆਖਦੇ, ਪਰ ਸ਼ੰਕਾ ਅਕਸਰ ਪਰਗਟ ਕਰਦੇ ਸਨ । ਉਹਨਾਂ ਦੇ ਮੂੰਹੋਂ ਕਈ ਵਾਰ ਨਿਕਲਿਆ ਸੀ ਕਿ ਮਰਨ ਵਾਲਾ ਉਹਨਾਂ ਦਾ ਪੋਤਾ ਨਹੀਂ ਸੀ ।
ਕਾਂਤਾ ਨੂੰ ਲੱਗਦਾ ਸੀ, ਗੁਰਦੁਆਰੇ ਦੀ ਤਲਾਸ਼ੀ ਤੋਂ ਡਰਦੀ ਪੁਲਿਸ ਨੇ ਕਿਸੇ ਹੋਰ ਮਾਂ ਦੇ ਢਿੱਡ ਦੇ ਆਂਡੇ ਨੂੰ ਕਾਂਤਾ ਦੀ ਝੋਲੀ ਪਾ ਦਿੱਤਾ ਸੀ ।
ਕਾਂਤਾ ਨੂੰ ਸੌ ਫ਼ੀਸਦੀ ਯਕੀਨ ਸੀ ਕਿ ਬੰਟੀ ਜ਼ਿੰਦਾ ਸੀ । ਉਹ ਕਾਂਤਾ ਨੂੰ ਛੱਡ ਕੇ ਕਿਧਰੇ ਜਾ ਨਹੀਂ ਸਕਦਾ ।
ਫੇਰ ਵੀ ਸਾਰਾ ਟੱਬਰ ਉਸ ਦਾ ਵੈਰੀ ਬਣ ਗਿਆ ਲੱਗਦਾ ਸੀ । ਉਸ ਦੇ ਅੱਧੋਰਾਣੇ ਕੱਪੜੇ ਗ਼ਰੀਬ ਬੱਚਿਆਂ ਵਿਚ ਵੰਡ ਦਿੱਤੇ ਗਏ ਸਨ । ਉਸ ਦੇ ਸਾਰੇ ਖਿਡੌਣੇ, ਨਵੇਂ ਕੱਪੜੇ, ਕਿਤਾਬਾਂ ਅਤੇ ਫ਼ੋਟੋਆਂ ਅਲਮਾਰੀ ਵਿਚ ਸਾਂਭ ਦਿੱਤੀਆਂ ਗਈਆਂ ਸਨ । ਬਹਾਨਾ ਵਧੀਆ ਸੀ, ਕਾਂਤਾ ਸਾਰਾ ਦਿਨ ਪਾਗ਼ਲਾਂ ਵਾਂਗ ਖਿਡੌਣਿਆਂ ਨਾਲ ਗੱਲਾਂ ਕਰਦੀ ਰਹਿੰਦੀ । ਉਹਨਾਂ ਨੂੰ ਸਾਹਮਣੇ ਰੱਖ ਕੇ ਬੰਟੀ ਨੂੰ ਆਵਾਜ਼ਾਂ ਮਾਰਦੀ ।
ਘਰ ਵਿਚੋਂ ਬੰਟੀ ਦਾ ਨਾਮੋਨਿਸ਼ਾਨ ਹੀ ਮਿਟਾ ਦਿੱਤਾ ਗਿਆ ਸੀ । ਇਸ ਕਾਰਨ ਕਾਂਤਾ ਦਾ ਮਨ ਹੋਰ ਵੀ ਮਸੋਸਿਆ ਗਿਆ ਸੀ । ਉਹ ਸੱਚਮੁੱਚ ਹੀ ਪਾਗ਼ਲ ਹੋ ਕੇ ਘਰੋਂ ਨਿਕਲ ਗਈ ਹੁੰਦੀ, ਜੇ ਉਸ ਦੀਆਂ ਦੋਵੇਂ ਧੀਆਂ ਉਸ ਦਾ ਰਸਤਾ ਰੋਕੀ ਨਾ ਖੜੀਆਂ ਹੁੰਦੀਆਂ ।
ਧੀਆਂ ਕਦੇ ਕਾਂਤਾ ਨੂੰ ਦੁੱਧ ਦੀਆਂ ਨਾਲਾਂ ਲੱਗਦੀਆਂ, ਕਦੇ ਵਿਹੁ ਦੀਆਂ ਗੰਦਲਾਂ ।
ਵਿਹੁ ਦੀਆਂ ਗੰਦਲਾਂ ਇਸ ਲਈ ਕਿ ਉਹ ਸਾਰਾ ਦਿਨ ਬੰਟੀ ਨਾਲ ਖਹਿਬੜਦੀਆਂ ਰਹਿੰਦੀਆਂ ਸਨ । ਕਦੇ ਉਸ ਦੇ ਖਿਡੌਣੇ ਖੋਹ ਲਏ, ਕਦੇ ਬਿਸਕੁਟ ਅਤੇ ਕਦੇ ਕਾਪੀ ਪੈਂਸਲ । ਜ਼ਿੱਦੀ ਸੁਭਾਅ ਕਾਰਨ ਉਹ ਕਾਂਤਾ ਤੋਂ ਵੀ ਦੋਚਾਰ ਖਾ ਲੈਂਦਾ । ਬੰਟੀ ਦਾ ਹੋਰ ਤਾਂ ਕੋਈ ਜ਼ੋਰ ਨਾ ਚੱਲਦਾ, ਉਹ ਕੰਧਾਂ ਨਾਲ ਟੱਕਰਾਂ ਮਾਰਨ ਲੱਗਦਾ । ਇਕ ਵਾਰ ਰੋਣ ਲੱਗਦਾ ਤਾਂ ਘੰਟਾਘੰਟਾ ਰੋਂਦਾ ਰਹਿੰਦਾ ।
ਕਾਂਤਾ ਦੇ ਹਾੜ੍ਹੇ ਕੱਢਣ 'ਤੇ ਵੀ ਚੁੱਪ ਨਾ ਕਰਦਾ । ਬੰਟੀ ਨੂੰ ਦੁਖੀ ਕਰਨ ਵਾਲੀਆਂ ਇਹ ਭੇਣਾਂ ਕਾਂਤਾ ਨੂੰ ਕਿਵੇਂ ਚੰਗੀਆਂ ਲੱਗਣ ।
ਜਿਸ ਦਿਨ ਦਾ ਬੰਟੀ ਗੁੰਮ ਹੋਇਆ ਸੀ, ਇਹ ਵੀ ਬਲੂੰਗੜਿਆਂ ਵਾਂਗ ਸਹਿਮ ਗਈਆਂ ਸਨ । ਉਹਨਾਂ ਦੇ ਇਸ ਸਾਊਪੁਣੇ ਤੋਂ ਕਾਂਤਾ ਚਿੜਨ ਲੱਗਦੀ ।
''ਹੁਣ ਨਸਾਲ ਲਓ ਟੰਗਾਂ ਭੂਤਨੀਓਂ.....ਫਿਰਦੀਆਂ ਰਹੋ ਕੱਲਮੁਕੱਲੀਆਂ.....ਸਾਂਭ ਲਓ ਸਾਰੇ ਖਿਡੌਣੇ.....ਕਾਪੀਆਂ ਪੈਂਸਲਾਂ.....ਉਹ ਤਾਂ ਗਿਆ ਵਿਚਾਰਾ.....''
ਉਹ ਧਾਹਾਂ ਮਾਰਮਾਰ ਕਾਂਤਾ ਨੂੰ ਚਿੰਬੜ ਜਾਂਦੀਆਂ । ਕੰਨਾਂ ਨੂੰ ਫੜ ਕੇ ਆਖਦੀਆਂ :
''ਮੰਮੀ ਇਕ ਵਾਰ ਬੰਟੀ ਨੂੰ ਘਰ ਲੈ ਆਉ.....ਮੁੜ ਕੇ ਕਦੇ ਨਹੀਂ ਲੜਦੇ, ਅਸੀਂ ਉਸ ਤੋਂ ਕੋਈ ਚੀਜ਼ ਨਹੀਂ ਮੰਗਦੀਆਂ.....ਮੋੜ ਲਿਆ ਸਾਡੇ ਵੀਰ ਨੂੰ.....।''
ਛੋਟੀ ਨੇ ਤਾਂ ਆਪਣੀਆਂ ਸਾਰੀਆਂ ਖੇਡਾਂ ਕਾਂਤਾ ਦੇ ਮੰਜੇ ਹੇਠ ਲਿਆ ਰੱਖੀਆਂ । ਜਦੋਂ ਬੰਟੀ ਆਵੇ, ਉਸ ਨੂੰ ਦੇ ਦੇਵੋ । ਬੱਚੀਆਂ ਦੀਆਂ ਗੱਲਾਂ ਸੁਣਸੁਣ ਕਾਂਤਾ ਵੀ ਪਰਲਪਰਲ ਹੰਝੂ ਵਹਾਉਣ ਲੱਗਦੀ । ਕਿਥੋਂ ਮੋੜ ਲਿਆਵੇ ਉਹ ਬੰਟੀ ਨੂੰ ?
ਲਾਡਲੀਆਂ ਬੱਚੀਆਂ ਕਦੇ ਕਾਂਤਾ ਨੂੰ ਡੈਣਾਂ ਲੱਗਣ ਲੱਗਣਗੀਆਂ, ਇਹ ਤਾਂ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ । ਕਾਂਤਾ ਤਾਂ ਬੜੇ ਫ਼ਖ਼ਰ ਨਾਲ ਆਖਿਆ ਕਰਦੀ ਸੀ ਕਿ ਧੀਆਂ ਅਤੇ ਪੁੱਤਾਂ ਵਿਚ ਕੋਈ ਫ਼ਰਕ ਨਹੀਂ ਹੁੰਦਾ ।
ਜਦੋਂ ਸ਼ੀਲੂ ਪੈਦਾ ਹੋਈ ਸੀ ਤਾਂ ਸਾਰੇ ਟੱਬਰ ਦੇ ਚਿਹਰੇ ਮੁਰਝਾ ਗਏ ਸਨ । ਇਕ ਕਾਂਤਾ ਹੀ ਸੀ, ਜਿਸ ਤੋਂ ਚਾਅ ਸਾਂਭਿਆ ਨਹੀਂ ਸੀ ਜਾਂਦਾ । ਉਹ ਕੁੜੀ ਨੂੰ ਮੁੰਡਿਆਂ ਨਾਲੋਂ ਵੱਧ ਲਾਇਕ ਬਣਾਉਣ ਦੇ ਸੁਪਨੇ ਦੇਖਦੀ ਸੀ ।
''ਕੁੜੀ ਲੱਛਮੀ ਦਾ ਰੂਪ ਹੁੰਦੀ ।'' ਹਾਰ ਕੇ ਘਰ ਦੇ ਕਾਂਤਾ ਦੀ ਹਾਂ ਵਿਚ ਹਾਂ ਮਿਲਾਉਣ ਲਈ ਮਜਬੂਰ ਹੋਏ ਸਨ ।
ਨੀਰੂ ਪੇਟ ਵਿਚ ਆਈ ਤਾਂ ਬਲਦੇਵ ਜ਼ਿੱਦ ਫੜ ਕੇ ਬੈਠ ਗਿਆ । ਉਹਨਾਂ ਨੂੰ ਕੇਵਲ ਦੋ ਬੱਚੇ ਚਾਹੀਦੇ ਸਨ । ਇਕ ਲੜਕਾ ਅਤੇ ਇਕ ਲੜਕੀ । ਉਹ ਪੇਟ ਵਿਚਲੇ ਬੱਚੇ ਦਾ ਸੈਕਸ ਟੈਸਟ ਕਰਵਾਉਣਾ ਚਾਹੁੰਦਾ ਸੀ । ਕਾਂਤਾ ਨੇ ਸਾਫ਼ ਨਾਂਹ ਕਰ ਦਿੱਤੀ । ਜੋ ਵੀ ਹੋਇਆ, ਉਸ ਨੂੰ ਮਨਜ਼ੂਰ ਹੋਏਗਾ । ਘਰ ਵਿਚ ਲੜਕੇ ਦਾ ਹੋਣਾ ਕੋਈ ਜ਼ਰੂਰੀ ਨਹੀਂ । ਜੇ ਜ਼ਰੂਰੀ ਵੀ ਤਾਂ ਕਿਸੇ ਨੂੰ ਗੋਦ ਲਿਆ ਜਾ ਸਕਦਾ । ਵਿਆਹ ਪਿੱਛੋਂ ਕਿਸੇ ਜਵਾਈ ਨੂੰ ਵੀ ਘਰ ਰੱਖਿਆ ਜਾ ਸਕਦਾ ।
ਨੀਰੂ ਹੋਈ ਤਾਂ ਘਰ ਵਿਚ ਮਾਤਮ ਛਾ ਗਿਆ । ਆਂਢਗੁਆਂਢ ਇ ਸੋਗ ਕਰਨ ਆਇਆ, ਜਿਵੇਂ ਘਰ ਵਿਚ ਕੋਈ ਜੰਮਿਆ ਨਹੀਂ, ਮਰਿਆ ਹੋਵੇ । ਕਾਂਤਾ ਨੇ ਕਿਸੇ ਨੂੰ ਮੂੰਹ ਨਹੀਂ ਸੀ ਲਾਇਆ, ਸਭ ਨੂੰ ਫਿਟਕਾਰਿਆ ਸੀ । ਉਸ ਨੂੰ ਧੀਆਂ ਜੰਮਣ 'ਤੇ ਅਫ਼ਸੋਸ ਨਹੀਂ ਸੀ ।
ਬਲਦੇਵ ਕਈ ਮਹੀਨੇ ਕਾਂਤਾ ਨਾਲ ਰੁੱਸਿਆ ਰਿਹਾ । ਉਸ ਦਾ ਕਹਿਣਾ ਸੀ ਕਿ ਕਾਂਤਾ ਦੀ ਅੜੀ ਕਰਕੇ ਉਸ ਦੇ ਮੋਢਿਆਂ 'ਤੇ ਬੋਝ ਆ ਪਿਆ । ਲਾਲਾ ਜੀ ਵੀ ਕਦੇ ਪੋਤੀਆਂ ਨੂੰ ਹਿੱਕ ਨਾਲ ਨਹੀਂ ਸੀ ਲਾਦੇ ।
ਬੰਟੀ ਪੇਟ ਵਿਚ ਆਇਆ ਤਾਂ ਕਾਂਤਾ ਇਸ ਅਣਚਾਹੇ ਗਰਭ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ । ਤੀਜੇ ਬੱਚੇ ਦੀ ਕੋਈ ਜ਼ਰੂਰਤ ਨਹੀਂ ਸੀ । ਬਲਦੇਵ ਨੇ ਸੈਕਸ ਟੈਸਟ ਕਰਾਉਣ ਦੀ ਜ਼ਿੱਦ ਕੀਤੀ ਅਤੇ ਧਮਕੀ ਵੀ ਦਿੱਤੀ । ਹਾਰ ਕੇ ਕਾਂਤਾ ਨੂੰ ਹਥਿਆਰ ਸੁੱਟਣੇ ਪਏ । ਸ਼ੁਕਰ ਸੀ ਉਹ ਬੰਟੀ ਸੀ ।
ਬੰਟੀ ਦੇ ਪੈਦਾ ਹੁੰਦਿਆਂ ਹੀ ਬਲਦੇਵ ਛੋਟੇ ਪਰਿਵਾਰ ਦੀਆਂ ਗੱਲਾਂ ਭੁੱਲ ਗਿਆ । ਮੁੰਡਿਆਂ ਦੀ ਜੋੜੀ ਦੀ ਇੱਛਾ ਰੱਖਣ ਲੱਗਾ । ਕੁੜੀਆਂ ਨੇ ਤਾਂ ਆਪਣੇ ਘਰ ਤੁਰ ਜਾਣਾ । ਇਕਲੌਤੇ ਪੁੱਤਰ ਦਾ ਕੀ ਪਤੈ, ਕੀ ਬਣੇ ? ਦੋ ਹੋਣਗੇ ਤਾਂ ਉਹਨਾਂ ਦਾ ਭਵਿੱਖ ਸੁਰੱਖਿਅਤ ਰਹੇਗਾ ।
ਬਲਦੇਵ ਕੋਲ ਆਪਣੀ ਦਲੀਲ ਦੇ ਹੱਕ ਵਿਚ ਕਈ ਉਦਾਹਰਣਾਂ ਸਨ ।
ਸਭ ਤੋਂ ਪਹਿਲਾਂ ਉਹ ਕਾਂਤਾ ਦੇ ਮਾਮੇ ਦੀ ਗੱਲ ਛੇੜਦਾ । ਉਹਨਾਂ ਇਕੋ ਪੁੱਤਰ ਜੰਮ ਕੇ ਬੱਸ ਕਰ ਦਿੱਤੀ ਸੀ । ਮੁੰਡਾ ਬੇਹੱਦ ਲਾਇਕ ਨਿਕਲਿਆ । ਅੱਠਵੀਂ ਤਕ ਵਜ਼ੀਫ਼ੇ ਲੈਂਦਾ ਰਿਹਾ, ਨੌਵੀਂ 'ਚ ਜਾ ਕੇ ਦਿਮਾਗ਼ ਦਾ ਕੈਂਸਰ ਹੋ ਗਿਆ । ਤਿੰਨ ਸਾਲ ਇਲਾਜ ਚੱਲਦਾ ਰਿਹਾ, ਘਰਬਾਰ ਸਾਰਾ ਉਸ ਦੀ ਬੀਮਾਰੀ 'ਤੇ ਲੱਗ ਗਿਆ । ਪੱਲੇ ਪਿਆ ਤਾਂ ਰੋਣਧੋਣ । ਸਾਹਮਣੇ ਖੜੀ ਮੌਤ ਨੂੰ ਦੇਖ ਮਾਮੀ ਨੇ ਰੋਰੋ ਆਪਣੀਆਂ ਅੱਖਾਂ ਗਾਲ੍ਹ ਲਈਆਂ । ਦੁੱਖ 'ਚ ਬੱਚੇਦਾਨੀ 'ਚ ਨੁਕਸ ਪੈ ਗਿਆ । ਮੁੜ ਬੱਚਾ ਪੈਦਾ ਨਹੀਂ ਹੋਇਆ । ਉਹਨਾਂ ਦੀ ਤਰਸਯੋਗ ਹਾਲਤ ਦੇਖੀ ਨਹੀਂ ਜਾਂਦੀ ।
ਦੋ ਬੱਚੇ ਹੁੰਦੇ ਤਾਂ ਇਹ ਦਿਨ ਤਾਂ ਨਾ ਦੇਖਣੇ ਪੈਂਦੇ ।
ਬਲਦੇਵ ਦੇ ਬੈਂਕ ਮੈਨੇਜਰ ਦਾ ਵੀ ਕੁਝ ਅਜਿਹਾ ਹੀ ਹਾਲ ਸੀ । ਵਿਆਹ ਉਸ ਨੇ ਲੇਟ ਕਰਾਇਆ । ਫਿਰ ਬੱਚਾ ਦੇਰ ਨਾਲ ਜੰਮਿਆ । ਲਾਡ ਲਡਾਲਡਾ ਮਾਂ ਨੇ ਵਿਗਾੜ ਦਿੱਤਾ । ਕਾਲਜ ਅੱਪੜਦਾਅੱਪੜਦਾ ਅਸੱਭਿਅਤਾ ਦੀਆਂ ਸਾਰੀਆਂ ਹੱਦਾਂ ਟੱਪ ਗਿਆ । ਨਸ਼ੇ, ਚੋਰੀਆਂ, ਸਾਰੇ ਵੈਲਐਬ ਸਹੇੜ ਲਏ । ਕਈ ਵਾਰ ਪੁਲਿਸ ਨੇ ਫੜਿਆ । ਨਮੋਸ਼ੀ ਤੋਂ ਡਰਦੇ ਮੈਨੇਜਰ ਨੇ ਘਰੋਂ ਕੱਢ ਦਿੱਤਾ । ਨਸ਼ੇ 'ਚ ਧੁੱਤ ਕਦੇ ਸਟੇਸ਼ਨ 'ਤੇ ਪਿਆ ਹੁੰਦੈ, ਕਦੇ ਬੱਸ ਸਟੈਂਡ 'ਤੇ । ਇਸ ਉਮਰ ਵਿਚ ਹੋਰ ਬੱਚਾ ਵੀ ਪੈਦਾ ਨਹੀਂ ਹੋ ਸਕਦਾ । ਦਰਦਰ ਦੀਆਂ ਠੋਕਰਾਂ ਖਾਂਦੇ ਫਿਰਦੇ ਹਨ ।
ਕਾਂਤਾ ਦਾ ਆਪਣਾ ਤਰਕ ਸੀ । ਦੋ ਕਿਹੜਾ ਮਰ ਨਹੀਂ ਸਕਦੇ । ਪੰਜਪੰਜ ਕਿਹੜਾ ਬਦਮਾਸ਼ ਨਹੀਂ ਨਿਕਲ ਸਕਦੇ । ਕਾਂਤਾ ਉਹਨਾਂ ਦੀਆਂ ਉਦਾਹਰਣਾਂ ਦਿੰਦੀ, ਜਿਹੜੇ ਪੰਜਪੰਜ, ਸੱਤਸੱਤ ਪੁੱਤਾਂ ਦੇ ਮਾਪੇ ਹੁੰਦਿਆਂ ਵੀ ਰੋਟੀ ਨੂੰ ਤਰਸਦੇ ਫਿਰਦੇ ਸਨ । ਕਈ ਵਾਰ ਸਾਰੇ ਹੀ ਪੁੱਤਰ ਧੱਕੇ ਮਾਰ ਕੇ ਘਰੋਂ ਕੱਢ ਦਿੰਦੇ ਹਨ । ਉਹਨਾਂ ਦੇ ਤਾਂ ਫਿਰ ਵੀ ਦੋ ਧੀਆਂ ਹਨ । ਧੀਆਂ ਨੂੰ ਮਾਪੇ ਜ਼ਿਆਦਾ ਪਿਆਰੇ ਹੁੰਦੇ ਹਨ । ਉਹਨਾਂ ਦੇ ਭਵਿੱਖ ਨੂੰ ਕੋਈ ਖ਼ਤਰਾ ਨਹੀਂ ਸੀ ।
ਕਾਂਤਾ ਹੋਰ ਗਰਭ ਧਾਰਨ ਤੋਂ ਟਲਦੀ ਸੀ ।
ਉਸ ਨੂੰ ਕੀ ਪਤਾ ਸੀ ਕਿ ਇਕ ਦਿਨ ਬਲਦੇਵ ਦੀ ਭਵਿੱਖਬਾਣੀ ਸੱਚ ਹੋ ਜਾਣੀ ਸੀ ।
ਬਲਦੇਵ ਅਤੇ ਬੰਟੀ ਬਿਨਾਂ ਕਾਂਤਾ ਦੀ ਜ਼ਿੰਦਗੀ ਅਰਥਹੀਣ ਹੋ ਗਈ ਸੀ ।
ਹਾਲੇ ਪਹਾੜ ਜਿੱਡੀ ਉਮਰ ਅੱਗੇ ਖੜੀ ਸੀ । ਮੱਥੇ 'ਤੇ ਦੋ ਕਲੰਕ ਆ ਲੱਗੇ ਸਨ । ਨਿਪੁੱਤੀ ਅਤੇ ਵਿਧਵਾ । ਉਸ ਦੀ ਹਾਲੇ ਉਮਰ ਹੀ ਕੀ ਸੀ ? ਸਾਰੀ ਬੱਤੀ ਸਾਲ । ਉਸ ਦੀਆਂ ਕਈ ਸਹੇਲੀਆਂ ਦੇ ਤਾਂ ਹਾਲੇ ਵਿਆਹ ਵੀ ਨਹੀਂ ਸੀ ਹੋਏ ।
ਲਾਲਾ ਜੀ ਪਿੱਛੇ ਲੱਗ ਕੇ ਕਾਂਤਾ ਨੌਕਰੀ ਦਾ ਇਕ ਮੌਕਾ ਗਵਾ ਚੁੱਕੀ ਸੀ । ਬਲਦੇਵ ਦੀ ਥਾਂ ਉਸ ਨੂੰ ਬੈਂਕ ਵਿਚ ਨੌਕਰੀ ਮਿਲ ਸਕਦੀ ਸੀ, ਪਰ ਲਾਲਾ ਜੀ ਨੂੰ ਇਹ ਪਸੰਦ ਨਹੀਂ ਸੀ ਕਿ ਉਹਨਾਂ ਦੀ ਨੂੰਹ ਮਰਦਾਂ 'ਚ ਬੈਠ ਕੇ ਹੀਂਹੀਂ ਕਰੇ । ਵਿਧਵਾ ਔਰਤ ਦਾ ਆਂਚਲ ਤਾਂ ਪਵਿੱਤਰਤਾ ਦੀ ਹੋਰ ਵੀ ਮੰਗ ਕਰਦਾ । ਮਰਦਾਂ ਵਿਚ ਬੈਠੇਗੀ ਤਾਂ ਮਨ 'ਚ ਮੈਲ ਆਏਗੀ ਹੀ । ਉਸ ਸਮੇਂ ਕਾਂਤਾ ਇਸ ਤਰਕ ਨਾਲ ਸਹਿਮਤ ਸੀ । ਜਦੋਂ ਸੁਹਾਗ ਹੀ ਉੱਜੜ ਗਿਆ ਤਾਂ ਕਾਹਦੀ ਜ਼ਿੰਦਗੀ ।
ਕਾਂਤਾ ਦਾ ਮਨ ਭਟਕਿਆ ਹੋਇਆ ਸੀ । ਬੱਚੇ ਨਾ ਹੁੰਦੇ ਤਾਂ ਉਹ ਸੰਨਿਆਸ ਲੈ ਲੈਂਦੀ ।
ਲੱਗੀਆਂ ਠੋਕਰਾਂ ਨੇ ਉਸ ਦੀ ਸੋਚ ਬਦਲ ਦਿੱਤੀ ਸੀ । ਬਲਦੇਵ ਦੀ ਗਰੈਜੁਇਟੀ ਦੇ ਸਹਾਰੇ ਉਹ ਕਿੰਨੇ ਕੁ ਦਿਨ ਕੱਟ ਸਕੇਗੀ ? ਬੰਟੀ ਦੇ ਮਰਨ ਨਾਲ ਲਾਲਾ ਜੀ ਤਾਂ ਕੁਝ ਦਿਨਾਂ ਵਿਚ ਹੀ ਅੱਧੇ ਰਹਿ ਗਏ । ਉਹ ਸਾਰੀ ਉਮਰ ਤਾਂ ਸਾਥ ਨਹੀਂ ਦੇ ਸਕਦੇ । ਕਾਂਤਾ ਨਹੀਂ ਸੀ ਚਾਹੁੰਦੀ, ਉਸ ਦੀਆਂ ਧੀਆਂ ਨੂੰ ਲੋਕਾਂ ਦੇ ਹੱਥਾਂ ਵੱਲ ਝਾਕਣਾ ਪਏ । ਧੀਆਂ ਨੂੰ ਪੈਰਾਂ ਸਿਰ ਕਰਨ ਲਈ ਪਹਿਲਾਂ ਕਾਂਤਾ ਨੂੰ ਪੈਰਾਂ ਸਿਰ ਖੜ੍ਹਨਾ ਪਏਗਾ ।
....ਚਲਦਾ...