ਕਾਂਤਾ ਨੌਕਰੀ ਕਰਨ ਦਾ ਮਨ ਕਾਫ਼ੀ ਚਿਰ ਤੋਂ ਬਣਾ ਚੁੱਕੀ ਸੀ । ਲਾਲਾ ਜੀ ਤੋਂ ਚੋਰੀ ਰੋਜ਼ਗਾਰ ਦਫ਼ਤਰ ਵਿਚ ਨਾਂ ਦਰਜ ਵੀ ਕਰਾ ਆਈ ਸੀ । ਉਹ ਦਸਵੀਂ ਪਾਸ ਸੀ । ਸ਼ਾਇਦ ਕਦੇ ਨੌਕਰੀ ਮਿਲ ਜਾਵੇ ।
ਦੋ ਧੀਆਂ ਅਤੇ ਬੰਟੀ ਨਾ ਹੁੰਦੇ ਤਾਂ ਉਸ ਨੇ ਕਦੋਂ ਦਾ ਵਿਆਹ ਕਰਾ ਲੈਣਾ ਸੀ । ਆਖ਼ਰ ਮਰਿਆਂ ਨਾਲ ਕਾਹਦਾ ਮੋਹ ? ਨਾ ਮਰਿਆਂ ਨੇ ਵਾਪਸ ਆਉਣਾ ਸੀ, ਨਾ ਕੁਰਬਾਨੀ ਦੀ ਸ਼ਾਬਾਸ਼ ਦੇਣੀ ਸੀ, ਪਰ ਆਪਣੇ ਆਰਾਮ ਬਦਲੇ ਉਹ ਤਿੰਨ ਬੱਚਿਆਂ ਦਾ ਭਵਿੱਖ ਖ਼ਰਾਬ ਨਹੀਂ ਸੀ ਕਰ ਸਕਦੀ ।
ਆਪਣੇ ਆਪ ਨਾਲ ਜੂਝਦੀ ਕਾਂਤਾ ਜ਼ਿੰਦਗੀ ਨੂੰ ਧੂੰਹਦੀ ਆ ਰਹੀ ਸੀ ।
ਬੰਟੀ ਦੀ ਮੌਤ ਨੇ ਉਸ ਨੂੰ ਝੰਜੋੜ ਸੁੱਟਿਆ ਸੀ । ਉਸ ਦੀਆਂ ਸਾਰੀਆਂ ਯੋਜਨਾਂਵਾਂ ਧਰੀਆਂ ਧਰਾਈਆਂ ਰਹਿ ਗਈਆਂ ।
ਜਦੋਂ ਤੋਂ ਬੰਟੀ ਦੇ ਸਹੀਸਲਾਮਤ ਘਰ ਮੁੜਨ ਦੀ ਆਸ ਮੁੱਕੀ ਸੀ ਤਾਂ ਕਾਂਤਾ ਪੱਥਰ ਬਣ ਕੇ ਰਹਿ ਗਈ ਸੀ । ਉਸ ਨੂੰ ਖਾਣਾਪੀਣਾ ਭੁੱਲ ਗਿਆ । ਬੰਟੀ ਦੇ ਸੰਸਕਾਰ ਤੋਂ ਬਾਅਦ ਉਹ ਕੇਵਲ ਇਕ ਵਾਰ ਨਹਾਤੀ ਸੀ । ਉਸ ਦੇ ਵਾਲਾਂ ਦਾ ਝਥਰਾ ਬਣ ਗਿਆ ਸੀ । ਕੱਪੜੇ ਮੈਲੇ ਹੋ ਗਏ ਸਨ ।
ਘੜੀਘੜੀ ਵਹਿੰਦੇ ਹੰਝੂਆਂ ਕਾਰਨ ਚਿਹਰੇ 'ਤੇ ਸੈਂਕੜੇ ਨਿਸ਼ਾਨ ਪੈ ਗਏ ਸਨ ।
ਦਰਸ਼ਨ ਨੂੰ ਕਾਂਤਾ ਦਾ ਇਹ ਭੂਤਨੀਆਂ ਵਾਲਾ ਹੁਲੀਆ ਪਸੰਦ ਨਹੀਂ ਸੀ । ਮੁੱਖ ਮੰਤਰੀ ਕਿਸੇ ਵੀ ਸਮੇਂ ਘਰ ਆ ਸਕਦਾ ਸੀ । ਕਾਂਤਾ ਦਾ ਇਸ ਤਰ੍ਹਾਂ ਮੁੱਖ ਮੰਤਰੀ ਅੱਗੇ ਪੇਸ਼ ਹੋਣਾ ਅਜੀਬ ਅਜੀਬ ਜਿਹਾ ਲੱਗੇਗਾ ।
ਇਸ ਸਮੇਂ ਦਰਸ਼ਨ ਬਿਸਕੁਟਾਂ ਵਾਲੀਆਂ ਪਲੇਟਾਂ ਕੋਠੇ 'ਤੇ ਪਹੁੰਚਾ ਰਿਹਾ ਸੀ । ਹਰ ਵਾਰ ਉਹ ਕਾਂਤਾ ਦੇ ਕਮਰੇ 'ਚ ਝਾਤ ਮਾਰ ਜਾਂਦਾ । ਉਮੀਦ ਸੀ, ਸ਼ਾਇਦ ਅਗਲੇ ਚੱਕਰ 'ਚ ਸੰਭਲ ਜਾਏ । ਜਦੋਂ ਕਾਂਤਾ ਉਸੇ ਤਰ੍ਹਾਂ ਪਈ ਰਹੀ ਤਾਂ ਦਰਸ਼ਨ ਤੋਂ ਰਿਹਾ ਨਾ ਗਿਆ । ਕੁਝ ਸਮਝਾਉਣ ਦੀ ਨੀਯਤ ਨਾਲ ਉਹ ਕਾਂਤਾ ਦੇ ਕਮਰੇ ਵਿਚ ਦਾਖ਼ਲ ਹੋਇਆ ।
''ਭੈਣ ਜੀ, ਜ਼ਰਾ ਹੌਂਸਲਾ ਕਰੋ.....ਹੋਰ ਨਹੀਂ ਤਾਂ ਮੂੰਹਹੱਥ ਹੀ ਧੋ ਲਓ.....ਮੁੱਖ ਮੰਤਰੀ ਜੀ ਕਿਸੇ ਵੀ ਸਮੇਂ ਆ ਸਕਦੇ ਹਨ ।''
''ਤਿਆਰ ਹੋਣ ਨੂੰ ਮੈਂ ਮੁਕਲਾਵੇ ਜਾਣੈਂ ? ਭੱਠ 'ਚ ਪਏ ਤੇਰਾ ਮੁੱਖ ਮੰਤਰੀ ਨਾਲੇ ਤੇਰਾ ਸੰਘ.....ਮੈਂ ਕਿਸੇ ਦੇ ਮੱਥੇ ਨਹੀਂ ਲੱਗਣਾ ।'' ਦਰਸ਼ਨ ਦੇ ਚਿਹਰੇ 'ਤੇ ਟਪਕਦੀ ਖ਼ੁਸ਼ੀ ਕਾਂਤਾ ਦੇ ਸੀਨੇ 'ਚ ਬਲਦੀ ਅੱਗ ਲਈ ਬਾਲਣ ਬਣ ਗਈ । ਉਸ ਨੂੰ ਦਰਸ਼ਨ ਅਤੇ ਸਰਦਾਰ ਇਕੋ ਸਿੱਕੇ ਦੇ ਦੋ ਪਾਸੇ ਲੱਗੇ । ਦੋਵੇਂ ਬੰਟੀ ਦੀ ਮੌਤ ਤੋਂ ਸਿਆਸੀ ਲਾਭ ਲੈਣ 'ਤੇ ਤੁਲੇ ਹੋਏ ਸਨ । ਗ਼ੁੱਸੇ ਕਾਰਨ ਭਰ ਆਈਆਂ ਅੱਖਾਂ ਨੂੰ ਲੁਕਾਉਣ ਲਈ ਕਾਂਤਾ ਨੇ ਆਪਣਾ ਮੂੰਹ ਕੰਧ ਵੱਲ ਕਰ ਲਿਆ । ਉਹ ਦਰਸ਼ਨ ਤੋਂ ਪੁੱਛਣਾ ਚਾਹੁੰਦੀ ਸੀ ਕਿ ਜੇ ਮੁੱਖ ਮੰਤਰੀ ਆ ਰਿਹਾ ਤਾਂ ਇਸ ਵਿਚ ਖ਼ੁਸ਼ ਹੋਣ ਵਾਲੀ ਕਿਹੜੀ ਗੱਲ ? ਉਸ ਨੇ ਕੋਈ ਬੰਟੀ ਨੂੰ ਮੋੜ ਲਿਆਉਣਾ ? ਰੀਆਂਖਰੀਆਂ ਸੁਣ ਕੇ ਦਰਸ਼ਨ ਦਾ ਸੀਤ ਨਿਕਲ ਗਿਆ । ਢਿੱਲਾ ਜਿਹਾ ਮੂੰਹ ਬਣਾ ਕੇ ਕਮਰੇ 'ਚੋਂ ਬਾਹਰ ਜਾਣ ਤੋਂ ਸਿਵਾ ਉਸ ਕੋਲ ਕੋਈ ਚਾਰਾ ਨਹੀਂ ਸੀ । ਜਾਂਦਾਜਾਂਦਾ ਉਹ ਦੋਦੋ ਬਿਸਕੁਟ ਕੁੜੀਆਂ ਨੂੰ ਫੜਾ ਗਿਆ ।
ਬਿਸਕੁਟ ਕਾਂਤਾ ਨੇ ਗਿਰਝ ਵਾਂਗ ਝਪਟ ਲਏ । ਇਸ ਦਾ ਇਹ ਵੀ ਮਤਲਬ ਸੀ, ਮਨ੍ਹਾਂ ਕਰਨ ਦੇ ਬਾਵਜੂਦ ਵੀ ਘਰ ਵਿਚ ਬਿਸਕੁਟ ਲਿਆਂਦੇ ਗਏ ਹਨ । ਇਸ ਦਾ ਇਹ ਵੀ ਮਤਲਬ ਸੀ ਕਿ ਕਾਂਤਾ ਦੀ ਹੁਣ ਇਸ ਘਰ ਵਿਚ ਕੋਈ ਗੱਲ ਮੰਨੀ ਹੀ ਨਹੀਂ ਜਾਇਆ ਕਰੇਗੀ ।
ਬਿਸਕੁਟਾਂ ਨੂੰ ਤਰਸਦਾ ਬੰਟੀ ਉਸ ਦੀਆਂ ਅੱਖਾਂ ਅੱਗੇ ਆ ਖੜੋਤਾ । ਬੰਟੀ ਬਿਸਕੁਟਾਂ ਨੂੰ ਬਹੁਤ ਪਿਆਰ ਕਰਦਾ ਸੀ । ਕਾਂਤਾ ਹਰ ਵਕਤ ਡੱਬਾ ਬਿਸਕੁਟਾਂ ਨਾਲ ਭਰੀ ਰੱਖਦੀ । ਉਸੇ ਦਿਨ ਉਸ ਦੀ ਯਾਦਦਾਸ਼ਤ ਨੂੰ ਪਤਾ ਨਹੀਂ ਕੀ ਹੋ ਗਿਆ ? ਬਿਸਕੁਟ ਰਾਤ ਦੇ ਮੁੱਕੇ ਹੋਏ ਸਨ । ਉਹ ਮੰਗਵਾਉਣਾ ਭੁੱਲ ਗਈ । ਸਕੂਲ ਜਾਣ ਲੱਗੇ ਬੰਟੀ ਨੂੰ ਜਦੋਂ ਬਿਸਕੁਟ ਨਾ ਮਿਲੇ, ਉਹ ਧੂੰਆਂ ਸੱਥਰ ਪਾ ਕੇ ਬੈਠ ਗਿਆ । ਆਖੇ ਬਿਸਕੁਟਾਂ ਬਿਨਾਂ ਸਕੂਲ ਨਹੀਂ ਜਾਣਾ ।
ਫ਼ਰਸ਼ 'ਤੇ ਲਿਟਲਿਟ ਵਰਦੀ ਖ਼ਰਾਬ ਕਰ ਲਈ । ਵਾਲ ਪੁੱਟ ਸੁੱਟੇ । ਕਾਂਤਾ ਨੂੰ ਵੀ ਜਿਵੇਂ ਕੋਈ ਮਾੜਾ ਦਿਖਾਈ ਦੇ ਗਿਆ ਸੀ । ਉਸ ਨੇ ਵੀ ਬੰਟੀ ਨੂੰ ਚੁੱਪ ਨਾ ਕਰਾਇਆ । ਉਹ ਬੰਟੀ ਦੀਆਂ ਜ਼ਿਦਾਂ ਤੋਂ ਤੰਗ ਆ ਗਈ ਸੀ । ਸੋਚਿਆ ਰੋਰੋ ਆਪੇ ਹੰਭ ਜਾਏਗਾ । ਕੁਦਰਤੀ ਲਾਲਾ ਜੀ ਵੀ ਘਰ ਨਹੀਂ ਸਨ । ਘਰ ਹੁੰਦੇ ਤਾਂ ਉਹੋ ਬੰਟੀ ਨੂੰ ਹਿੱਕ ਨਾਲ ਲਾ ਲੈਂਦੇ । ਮੋਮ ਵਾਂਗ ਪਿਘਲੀ ਕਾਂਤਾ ਬੰਟੀ ਦੇ ਚੁੱਪ ਹੋਣ ਨੂੰ ਉਡੀਕਦੀ ਰਹੀ । ਆਖ਼ਰ ਬੰਟੀ ਨੂੰ ਹੀ ਹਥਿਆਰ ਸੁੱਟਣੇ ਪਏ । ਕੁਝ ਕੁ ਮਿੰਟ ਹਉਕੇ ਭਰ ਕੇ ਉਹ ਚੁੱਪ ਕਰ ਗਿਆ ।
ਬੱਘੀ ਵਾਲਾ ਆਇਆ ਤਾਂ ਬਸਤਾ ਚੁੱਕ ਕੇ ਸਕੂਲ ਤੁਰ ਗਿਆ । ਖ਼ਰਚਣ ਲਈ ਨਾ ਪੈਸੇ ਲਏ ਨਾ ਲੰਚਬੌਕਸ । ਕਾਂਤਾ ਦੀਆਂ ਤਾਂ ਉਸੇ ਵਕਤ ਭੁੱਬਾਂ ਨਿਕਲ ਗਈਆਂ ਸਨ । ਕੀ ਪਤਾ ਸੀ ਉਹ ਸਾਰੀ ਉਮਰ ਲਈ ਰੁੱਸ ਕੇ ਜਾ ਰਿ ? ਬੰਟੀ ਨੇ ਜਾਣਾ ਸੀ ਤਾਂ ਮਾਂ ਤੋਂ ਖ਼ੁਸ਼ੀਖ਼ੁਸ਼ੀ ਤਾਂ ਵਿਦਾ ਹੁੰਦਾ । ਰੱਜਪੁੱਜ ਕੇ ਘਰੋਂ ਜਾਂਦਾ । ਮਾਂ ਦੇ ਮਨ 'ਚ ਇਹ ਤਾਂ ਨਾ ਰਹਿ ਜਾਂਦਾ ਕਿ ਬੰਟੀ ਭੁੱਖਣਭਾਣਾ ਹੀ ਤੁਰ ਗਿਆ । ਉਹ ਵੀ ਚੰਦਰੇ ਬਿਸਕੁਟਾਂ ਨੂੰ ।
ਜਦੋਂ ਕਾਂਤਾ ਨੇ ਸਹੁੰ ਖਾਧੀ ਸੀ ਕਿ ਜਿਊਂਦੇਜੀ ਉਹ ਬਿਸਕੁਟਾਂ ਨੂੰ ਘਰ ਨਹੀਂ ਵੜਨ ਦੇਵੇਗੀ ਤਾਂ ਘਰ ਵਿਚ ਬਿਸਕੁਟ ਕਿ ਲਿਆਂਦੇ ਗਏ ? ਬਿਸਕੁਟਾਂ ਨੇ ਕਾਂਤਾ ਅੰਦਰ ਮੱਚਦੀ ਵਿਦਰੋਹ ਦੀ ਲਾਟ ਨੂੰ ਹੋਰ ਉੱਚਾ ਕਰ ਦਿੱਤਾ । ਉਸ ਦਾ ਮਨ ਕਰਨ ਲੱਗਾ ਕਿ ਭੂਤਰੀ ਗਾਂ ਵਾਂਗ ਉਹ ਸਾਰੇ ਭੜਥੂ ਪਾ ਦੇਵੇ । ਟੈਂਟ ਪੁੱਟ ਸੁੱਟੇ, ਕਰਾਕਰੀ ਤੋੜ ਦੇਵੇ । ਬਿਸਕੁਟਾਂ ਅਤੇ ਬਰਫ਼ੀ ਨੂੰ ਪੈਰਾਂ ਹੇਠ ਮਸਲ ਦੇਵੇ । ਸਹੁਰੇ ਦੀ ਇੱਜ਼ਤ ਨੂੰ ਧਿਆਨ 'ਚ ਰੱਖਦਿਆਂ ਉਹ ਇੰਝ ਤਾਂ ਨਾ ਕਰ ਸਕੀ, ਪਰ ਆਪਣੀਆਂ ਧੀਆਂ 'ਤੇ ਜ਼ੋਰ ਜ਼ਰੂਰ ਚਲਾ ਲਿਆ । ਉਹਨਾਂ ਤੋਂ ਖੋਹ ਕੇ ਬਿਸਕੁਟ ਗਲੀ 'ਚ ਵਗਾਹ ਮਾਰੇ ।
ਮੁੱਖ ਮੰਤਰੀ ਸ਼ਹਿਰ 'ਚ ਪਹੁੰਚ ਚੁੱਕਾ ਸੀ । ਸੰਘ ਦੇ ਕਿਸੇ ਵਰਕਰ ਨੇ ਲਾਲਾ ਜੀ ਨੂੰ ਦੱਸਿਆ ਸੀ । ਰੈਸਟ ਹਾਊਸ ਵਿਚ ਕੁਝ ਮਿੰਟ ਰੁਕਣ ਤੋਂ ਪਿੱਛੋਂ ਉਹ ਇਧਰ ਆਉਣ ਵਾਲੇ ਹਨ ।
ਮਿੰਟਾਂ ਵਿਚ ਸਾਰਾ ਮੁਹੱਲਾ ਪੁਲਿਸ ਨਾਲ ਭਰ ਗਿਆ । ਇਕਇਕ ਬੰਦੇ ਪਿੱਛੇ ਦੋਦੋ ਪੁਲਸੀਏ ਲੱਗ ਗਏ । ਸੀ.ਆਰ.ਪੀ. ਨੇ ਕੋਠਿਆਂ 'ਤੇ ਪੋਜ਼ੀਸ਼ਨਾਂ ਲੈ ਲਈਆਂ । ਖ਼ੁਫ਼ੀਆ ਵਿਭਾਗ ਦੀਆਂ ਔਰਤਾਂ ਵੀ ਲਾਲਾ ਜੀ ਦੇ ਘਰ ਇਕੱਠੀਆਂ ਹੋਈਆਂ ਔਰਤਾਂ ਵਿਚ ਜਾ ਬੈਠੀਆਂ ।
ਬਾਹਰੋਂ ਆਏ ਪਰੈਸ ਰਿਪੋਰਟਰ ਕਾਂਤਾ ਨਾਲ ਮੁਲਾਕਾਤ ਕਰਨਾ ਚਾਹੁੰਦੇ ਸਨ । ਉਹਨਾਂ ਕੋਲ ਵੱਡੇਵੱਡੇ ਕੈਮਰੇ ਵੀ ਸਨ । ਉਹ ਫ਼ੋਟੋ ਵੀ ਲੈਣਾ ਚਾਹੁੰਦੇ ਸਨ । ਅਖ਼ਬਾਰ ਕਾਂਤਾ ਦੇ ਦੁੱਖ ਲੋਕਾਂ ਨਾਲ ਸਾਂਝੇ ਕਰਨੇ ਚਾਹੁੰਦੇ ਸਨ । ਕਾਂਤਾ ਸਭ ਨੂੰ ਨਾਂਹ ਕਰ ਰਹੀ ਸੀ । ਕਰਨ ਨੂੰ ਨਵੀਆਂ ਗੱਲਾਂ ਸਨ ਹੀ ਕਿਹੜੀਆਂ ? ਜੋ ਵਾਪਰਿਆ ਸੀ ਸਭ ਨੂੰ ਪਤਾ ਸੀ ।
ਇਕ ਬਹੁਤ ਹੀ ਚੁਸਤ ਫ਼ੋਟੋਗਰਾਫ਼ਰ ਨੇ ਕਾਂਤਾ ਦੀ ਮੰਜੇ 'ਚ ਪਈ ਦੀ ਹੀ ਫ਼ੋਟੋ ਖਿੱਚ ਲਈ ।
ਬਿਟਰਬਿਟਰ ਤੱਕਦੀਆਂ ਦੋਹਾਂ ਬੱਚੀਆਂ ਦੀ ਵੀ । ਇਕ ਦੁਖੀ ਪਰਿਵਾਰ ਦਾ ਇਸ ਤੋਂ ਵੱਧ ਯਥਾਰਥਕ ਚਿਤ੍ਰਣ ਕੀ ਹੋਏਗਾ ?
ਕਾਂਤਾ ਦੇ ਰੋਸ ਪਰਗਟ ਕਰਨ 'ਤੇ ਪੱਤਰਕਾਰ ਬਾਹਰ ਚਲੇ ਗਏ ।
ਕਾਂਤਾ ਨੂੰ ਇਕੱਲੀ ਪਈ ਦੇਖ ਕੇ ਦੂਰੋਂ ਲੱਗਦੀ ਉਸ ਦੀ ਫੂਫਸ ਉਸ ਕੋਲ ਆ ਬੈਠੀ ।
ਉਹ ਕਾਂਤਾ ਨੂੰ ਹੌਸਲਾ ਰੱਖਣ ਅਤੇ ਭੈੜੇ ਦਿਨਾਂ ਨੂੰ ਦਲੇਰੀ ਨਾਲ ਲੰਘਾਉਣ ਦੀ ਸਿੱਖਿਆ ਦੇਣ ਲੱਗੀ । ਉਹ ਕਿਸੇ ਹੋਰ ਦੀ ਨਹੀਂ, ਆਪਣੀ ਉਦਾਹਰਣ ਦੇ ਰਹੀ ਸੀ । ਕਾਂਤਾ ਵਾਂਗ ਉਹ ਵੀ ਭਰ ਜਵਾਨੀ ਵਿਚ ਰੰਡੀ ਹੋਈ ਸੀ । ਦੋ ਜਵਾਨ ਪੁੱਤਰਾਂ ਦਾ ਹੱਥੀਂ ਸੰਸਕਾਰ ਕੀਤਾ । ਧੀਆਂ ਸਹੁਰੇ ਤੋਰੀਆਂ । ਕਦੇ ਬਾਲਬੱਚਿਆਂ ਨਾਲ ਚਹਿਕਦੇ ਘਰ ਵਿਚ ਹੁਣ ਉਹ ਇਕੱਲੀ ਹੀ ਰੁਲਦੀ , ਪਰ ਉਸ ਨੇ ਦੁੱਖਾਂ ਤੋਂ ਹਾਰ ਨਹੀਂ ਮੰਨੀ । ਕਾਂਤਾ ਨੂੰ ਵੀ ਹਿੰਮਤ ਬਟੋਰਨੀ ਚਾਹੀਦੀ । ਜਾਣ ਵਾਲੇ ਚਲੇ ਗਏ । ਗਏ ਤਾਂ ਜਾਣ । ਕਾਂਤਾ ਨੂੰ ਉਹਨਾਂ ਲਈ ਜਿਊਣਾ ਚਾਹੀਦਾ , ਜੋ ਜਿਊਂਦੇ ਹਨ । ਖਾਣਾਪੀਣਾ ਛੱਡ ਕੇ ਕਿਸੇ ਵਾਪਸ ਥੋੜ੍ਹਾ ਮੁੜ ਆਉਣਾ ਸੀ ? ਉਸ ਨੂੰ ਕੁਝ ਹੋ ਗਿਆ ਤਾਂ ਇਹਨਾਂ ਅਨਾਥ ਕੁੜੀਆਂ ਦਾ ਕੀ ਬਣੇਗਾ ?
ਕਾਂਤਾ ਲਈ ਉਹ ਪਹਿਲਾਂ ਵੀ ਚਾਹ ਦਾ ਗਲਾਸ ਰੱਖ ਗਈ ਸੀ, ਜੋ ਪਈਪਈ ਠੰਢੀ ਹੋ ਗਈ ਸੀ । ਫੂਫਸ ਦੂਸਰਾ ਗਲਾਸ ਲੈ ਆਈ, ਨਾਲ ਬਰੈਡ ਪੀਸ ਵੀ । ਨਾਲੇ ਭੋਰਾ ਆਪਣੇ ਅੰਦਰ ਪਾਏ ਨਾਲੇ ਇਹਨਾਂ ਮਾਸੂਮਾਂ ਦਾ ਪੇਟ ਭਰੇ । ਉਹ ਸਵੇਰ ਤੋਂ ਕਾਂਤਾ ਦੇ ਮੂੰਹ ਵੱਲ ਤੱਕ ਰਹੀਆਂ ਸਨ । ਮੁੱਖ ਮੰਤਰੀ ਦੇ ਸ਼ੋਰਸ਼ਰਾਬੇ ਕਾਰਨ ਕਿਸੇ ਨੇ ਉਹਨਾਂ ਦੀ ਜਾਤ ਨਹੀਂ ਸੀ ਪੁੱਛੀ । ਮਾਂ ਨੇ ਵੀ ਉਹਨਾਂ ਦੇ ਹੱਥੋਂ ਬਿਸਕੁਟ ਖੋਹ ਲਏ । ਜੇ ਮਾਂ ਹੀ ਵੈਰਨ ਬਣ ਗਈ ਤਾਂ ਬਿਗਾਨਿਆਂ ਨੂੰ ਕੀ ਚੱਟੀ ਪਈ , ਇਹਨਾਂ ਦਾ ਖ਼ਿਆਲ ਰੱਖਣ ਦੀ ?
ਫੂਫਸ ਦੇ ਬੋਲ ਕਾਂਤਾ ਨੂੰ ਸ਼ਹਿਦ ਵਰਗੇ ਲੱਗੇ । ਉਸ ਨੇ ਕੁੜੀਆਂ ਨੂੰ ਘੁੱਟ ਕੇ ਹਿੱਕ ਨਾਲ ਲਾ ਲਿਆ । ਹੰਝੂ ਕਾਂਤਾ ਦੀਆਂ ਅੱਖਾਂ ਵਿਚੋਂ ਵਹਿ ਤੁਰੇ । ਕੁੜੀਆਂ ਦੇ ਹੰਝੂਆਂ ਦੇ ਵੀ ਜਿਵੇਂ ਕੜ ਪਾਟ ਗਏ । ਉਹ ਹੁਬਕੀਂਹੁਬਕੀਂ ਰੋਣ ਲੱਗੀਆਂ । ਕਈ ਦਿਨਾਂ ਬਾਅਦ ਕਾਂਤਾ ਵਿਚੋਂ ਉਹਨਾਂ ਨੂੰ ਆਪਣੀ ਗੁਆਚੀ ਮਾਂ ਲੱਭੀ ਸੀ ।
ਕਾਂਤਾ ਨੇ ਦੋਹਾਂ ਨੂੰ ਗੋਦ ਵਿਚ ਬਿਠਾ ਲਿਆ । ਹੌਲੀਹੌਲੀ ਉਹਨਾਂ ਨੂੰ ਬਰੈੱਡ ਖਵਾਉਣ ਲੱਗੀ ।
''ਮੈਂ ਤੁਹਾਨੂੰ ਰੁਲਣ ਨਹੀਂ ਦਿਆਂਗੀ, ਮੇਰੀਓ ਬੱਚੀਓ.....ਮੈਂ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਹਾਂ.....ਮੈਂ ਜ਼ਰੂਰ ਕੋਈ ਅਜਿਹਾ ਸਾਥੀ ਲੱਭਾਂਗੀ ਜਿਹੜਾ ਤੁਹਾਨੂੰ ਪਿਓ ਦਾ ਪਿਆਰ ਦੇਣ ਲਈ ਤਿਆਰ ਹੋਵੇ.....ਆਪਾਂ ਇਹ ਘਰ ਛੱਡ ਜਾਵਾਂਗੀਆਂ.....'' ਆਪਣੇ ਮਨ ਦਾ ਫ਼ੈਸਲਾ ਉਹ ਬੱਚੀਆਂ ਨਾਲ ਸਾਂਝਾ ਕਰਨਾ ਚਾਹੁੰਦੀ ਸੀ, ਪਰ ਹਾਲੇ ਉਹਨਾਂ ਨੂੰ ਇਸ ਫ਼ੈਸਲੇ ਦੀ ਸਮਝ ਕਿਥੇ ਸੀ ?
ਬੱਚੀਆਂ ਨੂੰ ਖੁਆਪਿਆ ਕੇ ਬਾਹਰ ਭੇਜ ਦਿੱਤਾ । ਬਾਹਰ ਕਾਫ਼ੀ ਇਕੱਠ ਹੋ ਗਿਆ ਸੀ ।
ਉਹਨਾਂ ਦਾ ਮਨ ਪਰਚ ਜਾਏਗਾ ।
ਕੋਈ ਹੋਰ ਫ਼ੋਟੋ ਨਾ ਖਿੱਚੀ ਜਾਵੇ, ਇਸ ਲਈ ਖੇਸ ਤਾਣ ਕੇ ਉਹ ਲੰਮੀ ਪੈ ਗਈ ।
ਕੁਝ ਹੀ ਦੇਰ ਬਾਅਦ 'ਆ ਗਏ, ਆ ਗਏ' ਦਾ ਸ਼ੋਰ ਕਾਂਤਾ ਦੇ ਕੰਨ ਖਾਣ ਲੱਗਾ । ਪੁਲਿਸ ਦੇ ਕਾਸ਼ਨ ਸੁਣਾਈ ਦੇਣ ਲੱਗੇ । ਵਿਸਲਾਂ ਵੱਜਣ ਲੱਗੀਆਂ । ਲਾਲਾ ਜੀ ਦੇ ਘਰ ਜਿਵੇਂ ਭੁਚਾਲ ਜਿਹਾ ਆ ਗਿਆ । ਲੋਕ ਇਧਰਉਧਰ ਦੌੜਨ ਲੱਗੇ ।
ਮੰਤਰੀ ਜੀ ਨੂੰ ਬੈਠਕ ਤਕ ਪਹੁੰਚਦਿਆਂ ਅੱਧਾ ਘੰਟਾ ਲੱਗ ਗਿਆ । ਬਾਹਰ ਉਪਾਸ਼ਕਾਂ ਦਾ ਤਾਂਤਾ ਲੱਗਾ ਹੋਇਆ ਸੀ । ਹਰ ਇਕ ਦੀ ਇੱਛਾ ਸੀ ਕਿ ਉਹ ਮੁੱਖ ਮੰਤਰੀ ਨਾਲ ਹੱਥ ਮਿਲਾਏ ।
ਹੱਥ ਮਿਲਾਦੇ ਦੀ ਫ਼ੋਟੋ ਖਿੱਚੀ ਜਾਵੇ । ਇਸ ਮਕਸਦ ਲਈ ਕਈਆਂ ਨੇ ਤਾਂ ਫ਼ੋਟੋਗਰਾਫ਼ਰ ਨਾਲ ਲਿਆਂਦੇ ਸਨ । ਬਾਕੀਆਂ ਨੇ ਹਾਜ਼ਰ ਫ਼ੋਟੋਗਰਾਫ਼ਰਾਂ ਨੂੰ ਇਸ ਗੱਲ ਦੀ ਖ਼ਾਸ ਹਦਾਇਤ ਦਿੱਤੀ ਸੀ, ਜਦੋਂ ਵੀ ਉਸ ਨੂੰ ਮੁੱਖ ਮੰਤਰੀ ਦੇ ਨੇੜੇ ਹੋਣ ਦਾ ਮੌਕਾ ਮਿਲੇ, ਝੱਟ ਫ਼ੋਟੋ ਖਿੱਚ ਲਈ ਜਾਵੇ ।
ਮੰਤਰੀ ਜੀ ਨੂੰ ਬੈਠਕ ਵਿਚ ਬਿਠਾਇਆ ਗਿਆ । ਬੈਠਕ ਵਿਚ ਸੰਘ ਦੇ ਚੋਣਵੇਂ ਵਰਕਰ, ਕੁਝ ਜਥੇਦਾਰ, ਮੰਤਰੀ ਦਾ ਸਟਾਫ਼ ਅਤੇ ਕੁਝ ਅਫ਼ਸਰਾਂ ਨੂੰ ਹੀ ਬੈਠਣ ਦਿੱਤਾ ਗਿਆ ਸੀ ।
ਅੱਖਾਂ ਨਮ ਕਰ ਕੇ ਮੁੱਖ ਮੰਤਰੀ ਜੀ ਬੰਟੀ ਬਾਰੇ ਪੁੱਛਣ ਲੱਗੇ । ਉਹ ਕਿੰਨੇ ਸਾਲ ਦਾ ਸੀ ?
ਕਿਹੜੀ ਕਲਾਸ ਵਿਚ ਪੜ੍ਹਦਾ ਸੀ ? ਕਿੰਨੇ ਵਜੇ ਸਕੂਲ ਗਿਆ ? ਪੁਲਿਸ ਨੇ ਕਿੰਨੇ ਕੁ ਯਤਨ ਕੀਤੇ ? ਆਦਿ ।
ਲਾਲਾ ਜੀ ਇਕਇਕ ਕਰ ਕੇ ਸਵਾਲਾਂ ਦਾ ਜਵਾਬ ਦਿੰਦੇ ਰਹੇ ।
ਜਦੋਂ ਮੰਤਰੀ ਜੀ ਵੱਲੋਂ ਕੀਤੇ ਜਾਣ ਵਾਲੇ ਅਹਿਮ ਐਲਾਨਾਂ ਦਾ ਸਮਾਂ ਆਇਆ ਤਾਂ ਮੰਤਰੀ ਜੀ ਨੂੰ ਕਿਸੇ ਖ਼ਾਸ ਵਿਅਕਤੀ ਦੀ ਗ਼ੈਰਹਾਜ਼ਰੀ ਰੜਕਣ ਲੱਗੀ । ਉਹਨਾਂ ਨੂੰ 'ਬੀਬੀ' ਨਜ਼ਰ ਨਹੀਂ ਸੀ ਆਈ ।
ਬੀਬੀ ਨੂੰ ਬੈਠਕ 'ਚ ਲਿਆਉਣ ਲਈ ਲਾਲਾ ਜੀ ਨੂੰ ਖ਼ੁਦ ਉਸ ਦੇ ਕਮਰੇ ਵਿਚ ਜਾਣਾ ਪਿਆ ।
ਉਹ ਹਾਲੇ ਵੀ ਖੇਸ ਤਾਣੀ ਪਈ ਸੀ । ਕਾਂਤਾ ਨੂੰ ਮਨਾਉਣ ਲਈ ਲਾਲਾ ਜੀ ਬੱਚਿਆਂ ਵਾਂਗ ਲੇਲ੍ਹੜੀਆਂ ਕੱਢਣ ਲੱਗੇ । ਤਮਾਸ਼ਾ ਬਣਨ ਤੋਂ ਡਰਦੀ ਕਾਂਤਾ ਆਖ਼ਰ ਉੱਠ ਖਲੋਤੀ ।
ਕਾਂਤਾ ਦੇ ਬੈਠਕ ਵਿਚ ਪੈਰ ਧਰਦਿਆਂ ਹੀ ਕੈਮਰਿਆਂ ਦੇ ਫ਼ਲੈਸ਼ ਵੱਜਣ ਲੱਗੇ । ਟੀ.ਵੀ ਸਟੇਸ਼ਨ ਦੀ ਕੈਮਰਾ ਟੀਮ ਨੇ ਵੀ ਕੈਮਰੇ ਦਾ ਫ਼ੋਕਸ ਮੁੱਖ ਮੰਤਰੀ ਤੋਂ ਹਟਾ ਕੇ ਕਾਂਤਾ 'ਤੇ ਕਰ ਲਿਆ ।
ਮੁੱਖ ਮੰਤਰੀ ਨੇ ਕਾਂਤਾ ਨੂੰ ਆਪਣੇ ਕੋਲ ਬਿਠਾਇਆ । ਪਿਆਰ ਭਰਿਆ ਨਰਮਨਰਮ ਹੱਥ ਉਸ ਦੀ ਪਿੱਠ 'ਤੇ ਫੇਰਿਆ । 'ਭਾਣਾ ਮੰਨਣ' ਦੀ ਘਸੀਪਿਟੀ ਸਿੱਖਿਆ ਦਿੱਤੀ ।
ਕਾਂਤਾ ਸਿਰ ਸੁੱਟ ਕੇ ਬੈਠੀ ਰਹੀ । ਕਮਰਾ ਛੋਟਾ ਸੀ, ਇਕੱਠ ਜ਼ਿਆਦਾ । ਕਾਂਤਾ ਦੀਆਂ ਵੱਖੀਆਂ ਵਿਚ ਗੋਡੇ ਵੱਜ ਰਹੇ ਸਨ । ਕਾਂਤਾ ਨੇ ਚੋਰ ਅੱਖਾਂ ਨਾਲ ਦੇਖਿਆ । ਜਥੇਦਾਰਾਂ ਅਤੇ ਸੰਘ ਦੇ ਵਰਕਰਾਂ ਦੀਆਂ ਨਿਗਾਹਾਂ ਟੀ.ਵੀ. ਕੈਮਰੇ 'ਤੇ ਸਨ । ਕੈਮਰਾ ਮੁੱਖ ਮੰਤਰੀ ਅਤੇ ਕਾਂਤਾ 'ਤੇ ਫ਼ੋਕਸ ਹੋਇਆ ਹੋਇਆ ਸੀ । ਵੱਖੀ ਵਿਚ ਗੋਡੇ ਮਾਰਨ ਵਾਲੇ ਇਸ ਤਾਕ ਵਿਚ ਸਨ ਕਿ ਕਿਵੇਂ ਨਾ ਕਿਵੇਂ ਮੁੱਖ ਮੰਤਰੀ ਜਾਂ ਕਾਂਤਾ ਦੇ ਨੇੜੇ ਹੋ ਜਾਣ ਤਾਂ ਜੋ ਉਹਨਾਂ ਦੀਆਂ ਸ਼ਕਲਾਂ ਵੀ ਕੈਮਰਾ ਆਪਣੇ ਵਿਚ ਸਮੋ ਸਕੇ । ਸਭ ਨੂੰ ਇਕੋ ਤਲਬ ਸੀ । ਕਿਵੇਂ ਨਾ ਕਿਵੇਂ ਸ਼ਾਮ ਨੂੰ ਟੀ.ਵੀ. 'ਤੇ ਉਸ ਦੀ ਫ਼ੋਟੋ ਆ ਜਾਵੇ । ਕਾਂਤਾ ਉਹਨਾਂ ਵਿਚੋਂ ਹਟ ਜਾਣਾ ਚਾਹੁੰਦੀ ਸੀ । ਉਸ ਨੇ ਆਪਣੇ ਕਮਰੇ ਵਿਚ ਜਾਣਾ ਚਾਹਿਆ ।
ਮੁੱਖ ਮੰਤਰੀ ਜੀ ਨੇ ਕਾਂਤਾ ਨੂੰ ਰੋਕ ਲਿਆ । ਜਿਸ ਕੰਮ ਲਈ ਉਹ ਇੰਨੀ ਦੂਰੋਂ ਆਏ ਸਨ, ਉਹ ਤਾਂ ਹਾਲੇ ਰਹਿੰਦਾ ਸੀ । ਬਹੁਤਾ ਸਮਾਂ ਤਾਂ ਮੰਤਰੀ ਜੀ ਕੋਲ ਵੀ ਨਹੀਂ ਸੀ । ਕਾਂਤਾ ਦੀ ਤੇਜ਼ੀ ਦਾ ਫ਼ਾਇਆ ਉਠਾਦਿਆਂ ਉਹ ਐਲਾਨ ਕਰਨ ਲੱਗੇ ।
ਪਹਿਲਾਂ ਉਹਨਾਂ ਬੰਟੀ ਦੀ ਮਾਂ ਲਈ ਇਕ ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ।
ਨਾਲ ਹੀ ਉਹਨਾਂ ਸਮਝਾਇਆ ਕਿ ਦਹਿਸ਼ਤਗਰਦਾਂ ਹੱਥੋਂ ਮਰਨ ਵਾਲੇ ਦੇ ਵਾਰਿਸਾਂ ਨੂੰ ਸਰਕਾਰ ਵੈਸੇ ਤਾਂ ਕੇਵਲ ਵੀਹ ਹਜ਼ਾਰ ਰੁਪਿਆ ਹੀ ਦਿੰਦੀ , ਪਰ ਕਿਕਿ ਬੰਟੀ ਉਹਨਾਂ ਦਾ ਆਪਣਾ ਬੱਚਾ ਸੀ, ਇਸ ਲਈ ਉਹ ਆਪਣੇ ਵਿਸ਼ੇਸ਼ ਅਖ਼ਤਿਆਰਾਂ ਦੀ ਵਰਤੋਂ ਕਰ ਰਹੇ ਸਨ । ਮੁੱਖ ਮੰਤਰੀ ਦਾ ਐਲਾਨ ਮਹਿਜ਼ ਐਲਾਨ ਹੀ ਨਹੀਂ ਸੀ, ਉਹਨਾਂ ਨੇ ਚੈਕ ਭਰਵਾ ਕੇ ਲਿਆਂਦਾ ਸੀ । ਡੀ.ਸੀ. ਨੇ ਚੈਕ ਝੱਟ ਮੁੱਖ ਮੰਤਰੀ ਜੀ ਨੂੰ ਫੜਾ ਦਿੱਤਾ ।
ਮੁੱਖ ਮੰਤਰੀ ਜੀ ਕਾਂਤਾ ਨੂੰ ਚੈਕ ਇਸ ਢੰਗ ਨਾਲ ਦੇਣਾ ਚਾਹੁੰਦੇ ਸਨ ਜਿਵੇਂ ਕਿਸੇ ਜੇਤੂ ਨੂੰ ਟਰਾਫ਼ੀ ਦਿੱਤੀ ਜਾਂਦੀ । ਜਿੰਨਾ ਚਿਰ ਕੈਮਰੇ ਵਾਲਿਆਂ ਨੇ ਪੋਜ਼ੀਸ਼ਨਾਂ ਨਾ ਸੰਭਾਲ ਲਈਆਂ, ਉਹ ਰੁਕੇ ਰਹੇ ।
ਕਾਂਤਾ ਬੰਟੀ ਦੀ ਜਾਨ ਦੀ ਕੀਮਤ ਲੈਣ ਲਈ ਤਿਆਰ ਨਹੀਂ ਸੀ । ਉਸ ਨੇ ਚੈਕ ਲਈ ਹੱਥ ਫੈਲਾਉਣੋਂ ਨਾਂਹ ਕਰ ਦਿੱਤੀ । ਉਹ ਡੁੰਨ ਬਣੀ ਬੈਠੀ ਰਹੀ ।
ਲਾਲਾ ਜੀ ਨੇ ਮੌਕਾ ਸੰਭਾਲਿਆ । ਉਹਨਾਂ ਅੱਗੇ ਹੋ ਕੇ ਚੈਕ ਫੜਿਆ । ਧੜਾਧੜ ਫ਼ੋਟੋਆਂ ਹੋਈਆਂ ।
ਦੂਸਰਾ ਐਲਾਨ ਵੀ ਘੱਟ ਅਹਿਮ ਨਹੀਂ ਸੀ । ਕਾਂਤਾ ਨੂੰ ਸਿੱਖਿਆ ਵਿਭਾਗ ਵਿਚ ਕਲਰਕ ਦੀ ਨੌਕਰੀ ਦਿੱਤੀ ਗਈ ਸੀ । ਉਹ ਪੜ੍ਹੀ ਹੀ ਦਸ ਜਮਾਤਾਂ ਸੀ । ਬੀ.ਏ. ਹੁੰਦੀ ਤਾਂ ਮੁੱਖ ਮੰਤਰੀ ਉਸ ਨੂੰ ਪੀ.ਸੀ.ਐਸ. ਕਿਹੜਾ ਨਾ ਬਣਾ ਦਿੰਦੇ । ਉਹਨਾਂ ਇਹ ਵੀ ਯਕੀਨ ਦਿਵਾਇਆ ਕਿ ਕਾਂਤਾ ਜਿਥੇ ਆਖੇਗੀ, ਉਸ ਦੀ ਪੋਸਟਿੰਗ ਉਥੇ ਹੀ ਹੋਏਗੀ ।
ਐਲਾਨ ਹੁੰਦਿਆਂ ਹੀ ਡੀ.ਈ.ਓ. ਅੱਗੇ ਵਧਿਆ । ਨਿਯੁਕਤੀ ਪੱਤਰ ਵਾਲਾ ਲਿਫ਼ਾਫ਼ਾ ਉਸ ਨੇ ਮੁੱਖ ਮੰਤਰੀ ਨੂੰ ਫੜਾਇਆ ।
ਲਿਫ਼ਾਫ਼ਾ ਕਾਂਤਾ ਵੱਲ ਵਧਾਦੇ ਮੁੱਖ ਮੰਤਰੀ ਜੀ ਝਿਜਕ ਰਹੇ ਸਨ । ਕਿਧਰੇ ਪਹਿਲਾਂ ਵਾਲੀ ਗੱਲ ਹੀ ਨਾ ਹੋਵੇ । ਇਸ ਵਾਰ ਕਾਂਤਾ ਨੇ ਹੱਥ ਅੱਗੇ ਵਧਾਏ । ਉਹ ਨੌਕਰੀ ਕਰੇਗੀ । ਇਹ ਤਾਂ ਦੁਖੀ ਪਰਿਵਾਰ ਨੂੰ ਰਾਹਤ ਦੇਣ ਸੰਬੰਧੀ ਐਲਾਨ ਸਨ । ਉਹ ਬੰਟੀ ਦੀ ਸ਼ਹਾਦਤ ਨੂੰ ਵੀ ਅਮਰ ਕਰਨਾ ਚਾਹੁੰਦੇ ਸਨ । ਪਹਿਲਾ ਕੰਮ ਇਹ ਕੀਤਾ ਗਿਆ ਕਿ ਸ਼ਹਿਰ ਦੇ ਸਦਰ ਬਜ਼ਾਰ ਦਾ ਨਾਂ ਬਦਲ ਕੇ ਬੰਟੀ ਬਜ਼ਾਰ ਰੱਖਿਆ ਗਿਆ । ਕਿਸੇ ਵੱਡੀ ਯਾਦਗਾਰ ਲਈ ਡਿਪਟੀ ਕਮਿਸ਼ਨਰ ਪਹਿਲਾਂ ਹੀ ਐਲਾਨ ਕਰ ਚੁੱਕਾ ਸੀ । ਮੁੱਖ ਮੰਤਰੀ ਨੇ ਉਸ ਯਾਦਗਾਰ ਲਈ ਇਕ ਲੱਖ ਰੁਪਏ ਦੀ ਗਰਾਂਟ ਦਾ ਐਲਾਨ ਕੀਤਾ ।
ਇਹਨਾਂ ਐਲਾਨਾਂ ਤੋਂ ਬਾਅਦ ਮੁੱਖ ਮੰਤਰੀ ਜੀ ਨੇ ਲੋਕਾਂ ਨੂੰ ਸਮਾਂ ਦਿੱਤਾ । ਉਹ ਆਪਣੇ ਦੁੱਖੜੇ ਦੱਸਣ । ਮੁੱਖ ਮੰਤਰੀ ਸਾਰੇ ਦੁੱਖੜੇ ਦੂਰ ਕਰੇਗਾ ।
ਲੋਕ ਖ਼ਾਮੋਸ਼ ਬੈਠੇ ਰਹੇ, ਜਿਵੇਂ ਕਿਸੇ ਨੂੰ ਕੋਈ ਦੁੱਖ ਹੀ ਨਾ ਹੋਵੇ ।
ਕੁਝ ਪਲ ਮੰਤਰੀ ਜੀ ਭੀੜ ਵੱਲ ਤੱਕਦੇ ਰਹੇ । ਜਦੋਂ ਖ਼ਾਮੋਸ਼ੀ ਨਾ ਹੀ ਟੁੱਟੀ ਤਾਂ ਉਹ ਉੱਠਣ ਦੀ ਤਿਆਰੀ ਕਰਨ ਲੱਗੇ ।
ਦਰਸ਼ਨ ਤੋਂ ਰਿਹਾ ਨਾ ਗਿਆ । ਮੁੱਖ ਮੰਤਰੀ ਨੂੰ ਉੱਠਦਾ ਦੇਖ ਕੇ ਉਸ ਨੇ ਪੁਲਿਸ ਦੇ ਅੱਤਿਆਚਾਰਾਂ ਦੀ ਕਹਾਣੀ ਛੇੜ ਦਿੱਤੀ ।
ਦਰਸ਼ਨ ਦੇ ਗੱਲ ਸ਼ੁਰੂ ਕਰਨ ਦੀ ਹੀ ਦੇਰ ਸੀ ਕਿ ਸ਼ਿਕਾਇਤਾਂ ਦੇ ਢੇਰ ਲੱਗ ਗਏ ।
ਮੁੱਖ ਮੰਤਰੀ ਜੀ ਤਾਂ ਪਹਿਲਾਂ ਹੀ ਇਸ ਦੀ ਤਿਆਰੀ ਕਰ ਕੇ ਆਏ ਸਨ । ਆਪਣੇ ਆਪ ਤਾਂ ਪੁਲਿਸ ਦੇ ਤਬਾਦਲਿਆਂ ਦਾ ਐਲਾਨ ਨਹੀਂ ਸੀ ਕਰਨਾ । ਲੋਕਾਂ ਤੋਂ ਅਖਵਾ ਕੇ ਹੀ ਕਰਨਾ ਸੀ ।
''ਸਾਰੀ ਪੁਲਿਸ ਦਾ ਤਬਾਦਲਾ ਕਰੋ । ਇਮਾਨਦਾਰ ਅਤੇ ਸਖ਼ਤ ਅਫ਼ਸਰ ਭੇਜੋ.....ਜਿਹੜੇ ਕਿਸੇ ਦਾ ਵੀ ਲਿਹਾਜ਼ ਨਾ ਕਰਨ ।'' ਹੱਲ ਪੁੱਛੇ ਜਾਣ 'ਤੇ ਦਰਸ਼ਨ ਨੇ ਸੁਝਾਅ ਦਿੱਤਾ ।
''ਠੀਕ , ਤੁਸੀਂ ਹੌਲਦਾਰਾਂ ਅਤੇ ਥਾਣੇਦਾਰਾਂ ਦੇ ਤਬਾਦਲਿਆਂ ਦੀ ਗੱਲ ਕਰਦੇ ਹੋ, ਮੈਂ ਜ਼ਿਲ੍ਹੇ ਦੇ ਕਪਤਾਨ ਤਕ ਸਾਰੀ ਪੁਲਿਸ ਦੇ ਤਬਾਦਲੇ ਦਾ ਐਲਾਨ ਕਰਦਾ ਹਾਂ । ਨਾਲ ਇਹ ਵੀ ਵਾਅਦਾ ਕਰਦਾ ਹਾਂ ਕਿ ਅਜਿਹੇ ਪੁਲਿਸ ਅਫ਼ਸਰ ਇਥੇ ਭੇਜਾਂਗਾ, ਜਿਹੜੇ ਬੰਟੀ ਦੇ ਭੋਗ ਤੋਂ ਪਹਿਲਾਂਪਹਿਲਾਂ ਕਾਤਲ ਤੁਹਾਡੇ ਸਾਹਮਣੇ ਲਿਆ ਖੜ੍ਹਾਉਣ ।''
ਲੋਕ ਇਹ ਭੁੱਲਭੁਲਾ ਗਏ ਸਨ ਕਿ ਇਹ ਸੋਗ ਸਮਾਗਮ ਸੀ । ਖ਼ੁਸ਼ੀ 'ਚ ਪਾਗ਼ਲ ਹੋਏ ਲੋਕਾਂ ਨੇ ਤਾੜੀਆਂ ਦੀ ਝੜੀ ਲਾ ਦਿੱਤੀ ।
ਹੁਣ ਭੀੜ ਦਾ ਮੂਡ ਠੀਕ ਸੀ । ਮੁੱਖ ਮੰਤਰੀ ਜੀ ਵਾਪਸ ਜਾਣ ਲਈ ਉੱਠ ਖਲੋਤੇ ।
ਲਾਲਾ ਜੀ ਨੇ ਅੱਗੇ ਹੋ ਕੇ ਉਹਨਾਂ ਦਾ ਰਸਤਾ ਰੋਕਿਆ । ਚਾਹ ਤਿਆਰ ਸੀ ।
ਇਹ ਕਿਸ ਤਰ੍ਹਾਂ ਹੋ ਸਕਦਾ ਸੀ ? ਮੁੱਖ ਮੰਤਰੀ ਦੇ ਚਾਹ ਕਿਵੇਂ ਲੰਘ ਸਕਦੀ ?
ਮੁੱਖ ਮੰਤਰੀ ਨੂੰ ਤੋਰ ਕੇ ਬਾਕੀ ਬਚੇ ਲੋਕ ਕੋਠੇ 'ਤੇ ਜਾ ਚੜ੍ਹੇ । ਮੁੱਖ ਮੰਤਰੀ ਨੇ ਚਾਹ ਨਹੀਂ ਪੀਤੀ ਤਾਂ ਨਾ ਸਹੀ । ਉਹ ਤਾਂ ਚੁਸਕੀਆਂ ਲੈਲੈ ਚਾਹ ਪੀਣਗੇ । ਮੁੱਖ ਮੰਤਰੀ ਤੋਂ ਵੱਡੇਵੱਡੇ ਐਲਾਨ ਕਰਾ ਕੇ ਉਹਨਾਂ ਮੋਰਚਾ ਮਾਰ ਲਿਆ ਸੀ ।
23
ਯੁਵਾ ਸੰਘ ਵਾਲਿਆਂ ਦਾ ਧਰਤੀ 'ਤੇ ਪੱਥ ਨਹੀਂ ਸੀ ਪੈਂਦਾ । ਉਹਨਾਂ ਦੇ ਸੰਘਰਸ਼ ਅੱਗੇ ਮੁੱਖ ਮੰਤਰੀ ਨੂੰ ਝੁਕਣਾ ਪਿਆ ਸੀ । ਸਭ ਤੋਂ ਵੱਧ ਤਸੱਲੀ ਵਾਲੀ ਗੱਲ ਇਹ ਸੀ ਕਿ ਉਸ ਦੇ ਐਲਾਨਾਂ 'ਤੇ ਬੜੀ ਫੁਰਤੀ ਨਾਲ ਅਮਲ ਹੋ ਰਿਹਾ ਸੀ ।
ਪੁਰਾਣੇ ਅਫ਼ਸਰਾਂ ਦਾ ਤੁਰੰਤ ਬੋਰੀਆ ਬਿਸਤਰਾ ਗੋਲ ਕਰਾਇਆ ਗਿਆ । ਨਵੇਂ ਅਫ਼ਸਰ ਕਿਧਰੋਂ ਬਰਸਾਤੀ ਖੁੰਬਾਂ ਵਾਂਗ ਆ ਨਿਕਲੇ ਅਤੇ ਸ਼ਾਮ ਤਕ ਕੁਰਸੀਆਂ 'ਤੇ ਆ ਬਿਰਾਜੇ ।
ਸੀ.ਆਰ.ਪੀ ਅਤੇ ਬੀ.ਐਸ.ਐਫ਼. ਵੀ ਟਿੱਡੀਦਲ ਵਾਂਗ ਆ ਉੱਤਰੀ । ਸ਼ਹਿਰ ਦੀਆਂ ਸਾਰੀਆਂ ਧਰਮਸ਼ਾਲਾਵਾਂ ਅਤੇ ਮੰਦਰ ਉਹਨਾਂ ਨਾਲ ਭਰ ਗਏ । ਕੁਝ ਸਰਕਾਰੀ ਸਕੂਲ ਵੀ ਖ਼ਾਲੀ ਕਰਾਉਣੇ ਪਏ । ਆਦਿਆਂ ਹੀ ਉਹਨਾਂ ਗਲੀਗਲੀ ਦੀ ਗਸ਼ਤ ਸ਼ੁਰੂ ਕਰ ਦਿੱਤੀ । ਲੋਕਾਂ ਵਿਚ ਫੈਲਿਆ ਆਤੰਕ ਖੰਭ ਲਾ ਗਿਆ ।
ਨਵੀਆਂ ਨਿਯੁਕਤੀਆਂ ਸਰਕਾਰ ਦੀ ਨਵੀਂ ਪਾਲਿਸੀ ਅਧੀਨ ਹੋਈਆਂ ਸਨ । ਲੋਕਾਂ ਨੂੰ ਇਸ ਸ਼ਿਕਾਇਤ ਦਾ ਮੌਕਾ ਹੀ ਨਹੀਂ ਸੀ ਦਿੱਤਾ ਗਿਆ ਕਿ ਫਲਾਣਾ ਅਫ਼ਸਰ ਇਕ ਤਬਕੇ ਨਾਲ ਸੰਬੰਧ ਰੱਖਦਾ , ਇਸ ਲਈ ਉਸ ਤਬਕੇ ਦੀ ਮਦਦ ਕਰਦਾ । ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਹਿੰਦੂ ਸੀ । ਪੁਲਿਸ ਦਾ ਮੁਖੀ ਸਿੱਖ ਲਾਇਆ ਗਿਆ । ਐਸ.ਡੀ.ਐਮ. ਸਿੱਖ ਸੀ, ਇਸ ਲਈ ਡਿਪਟੀ ਹਿੰਦੂ ਭੇਜਿਆ ਗਿਆ । ਥਾਣੇ ਦਾ ਵਾਸਤਾ ਪਿੰਡਾਂ ਨਾਲ , ਇਸ ਲਈ ਐਸ.ਐਚ.ਓ. ਸਿੱਖ ਸੀ ।
ਸਿਟੀ ਅਧੀਨ ਸ਼ਹਿਰ ਆਦਾ ਸੀ ਇਸ ਲਈ ਸਿਟੀ ਇੰਚਾਰਜ ਹਿੰਦੂ ਸੀ । ਸੀ.ਆਈ.ਡੀ. ਦੀ ਦੇਖ ਭਾਲ ਲਈ ਕੋਈ ਮੁਸਲਮਾਨ ਹੀ ਕੱਢ ਮਾਰਿਆ । ਇਥੇ ਹੀ ਬੱਸ ਨਹੀਂ ਸੀ, ਹੇਠਲੇ ਪੱਧਰ ਦੀਆਂ ਨਿਯੁਕਤੀਆਂ ਵੀ ਇਸੇ ਨੀਤੀ ਦੇ ਆਧਾਰ ਤੇ ਹੀ ਹੋਈਆਂ ਸਨ ।
ਪੁਲਿਸ ਅਫ਼ਸਰ ਵੀ ਚੁਣਚੁਣ ਭੇਜੇ ਗਏ ਸਨ । ਅੜੀਅਲ ਅਤੇ ਖ਼ੂੰਖ਼ਾਰ । ਨਾ ਪਰਵਾਹ ਕਰਨ ਤਾਂ ਮੁੱਖ ਮੰਤਰੀ ਦੀ ਵੀ ਨਾ ਕਰਨ । ਮੁਜਰਮਾਂ ਦੀ ਸਿਫ਼ਾਰਸ਼ ਕਰਨ ਵਾਲਿਆਂ ਦੀ ਭਰੀ ਪੰਚਾਇਤ ਵਿਚ ਬੇਇਜ਼ਤੀ ਕਰਨ ਵਾਲੇ । ਕਸੂਰਵਾਰਾਂ ਨੂੰ ਚੌਂਕ ਵਿਚ ਪੁੱਠੇ ਲਟਕਾਉਣ ਵਾਲੇ ।
ਬੰਟੀ ਦੇ ਕਾਤਲਾਂ ਨੂੰ ਲੱਭਣ ਲਈ ਅਜਿਹੇ ਪੁਲਿਸ ਅਫ਼ਸਰਾਂ ਦੀ ਹੀ ਜ਼ਰੂਰਤ ਸੀ ।
ਹੋਰ ਤਾਂ ਸਭ ਠੀਕ ਸੀ, ਪਰ ਸੰਘ ਵਾਲਿਆਂ ਨੂੰ ਇਕ ਗੱਲ ਸਮਝ ਨਹੀਂ ਸੀ ਆ ਰਹੀ ।
ਮੁੱਖ ਮੰਤਰੀ ਸਾਹਮਣੇ ਤਾਂ ਕਿਸੇ ਦੀ ਪੁਲਿਸ ਖ਼ਿਲਾਫ਼ ਚੂੰ ਤਕ ਕਰਨ ਦੀ ਹਿੰਮਤ ਨਾ ਪਈ । ਹੁਣ ਉਹ ਸ਼ਹਿਰ ਵਿਚ ਜਿਥੇ ਵੀ ਜਾ ਖੜੋਂਦੇ ਹਨ, ਹਰ ਕੋਈ ਫੜ੍ਹਾਂ ਮਾਰਦਾ ਸੁਣਾਈ ਦਿੰਦਾ । ਫਲਾਣੇ ਅਫ਼ਸਰ ਦੀ ਬਦਲੀ ਪਿੱਛੇ ਫਲਾਣੇ ਬੰਦੇ ਦਾ ਹੱਥ ।
ਸਭ ਤੋਂ ਵੱਧ ਫੜ੍ਹਾਂ ਠੇਕੇਦਾਰ ਮਾਰ ਰਹੇ ਸਨ । ਉਹ ਚੌਂਕ 'ਚ ਖੜੋ ਕੇ ਸ਼ਰੇਆਮ ਆਖਦੇ ਸਨ ਕਿ ਡਿਪਟੀ ਦਾ ਪੱਤਾ ਉਹਨਾਂ ਨੇ ਕਟਾਇਆ । ਸਾਰੇ ਸ਼ਹਿਰ ਨੂੰ ਪਤਾ ਸੀ ਕਿ ਬੰਟੀ ਦੇ ਕੇਸ ਦੀ ਤਫ਼ਤੀਸ਼ ਕਰਦਿਆਂ ਉਸ ਨੇ ਠੇਕੇਦਾਰਾਂ ਨਾਲ ਪੰਗਾ ਲੈ ਲਿਆ ਸੀ । ਉਦੋਂ ਜੇ ਸਪੀਕਰ ਉਸ ਦੀ ਮਦਦ ਨਾ ਕਰਦਾ ਤਾਂ ਮੁੱਖ ਮੰਤਰੀ ਨੇ ਪਹਿਲਾਂ ਹੀ ਤਬਾਦਲਾ ਕਰ ਦੇਣਾ ਸੀ । ਸਰਦਾਰ ਨੇ ਠੇਕੇਦਾਰਾਂ ਨੂੰ ਯਕੀਨ ਦਿਵਾਇਆ ਹੋਇਆ ਸੀ ਕਿ ਮੌਕਾ ਲੱਗਦੇ ਹੀ ਉਹ ਡਿਪਟੀ ਨੂੰ ਝੋਟੀਆਂ ਚੁੰਘਾ ਦੇਵੇਗਾ । ਮੁੱਖ ਮੰਤਰੀ ਨੇ ਠੇਕੇਦਾਰਾਂ ਨਾਲ ਕੀਤਾ ਵਾਅਦਾ ਨਿਭਾਇਆ ਸੀ । ਉਹ ਡਾਹਡੇ ਖ਼ੁਸ਼ ਵੀ ਸਨ । ਨਵਾਂ ਅਫ਼ਸਰ ਉਹਨਾਂ ਦੇ ਠੇਕਿਆਂ ਵੱਲ ਝਾਕਣ ਤੋਂ ਪਹਿਲਾਂ ਪੰਜਾਹ ਵਾਰ ਸੋਚੇਗਾ ।
ਖੁੱਡੀ ਵਾਲਾ ਨੰਬਰਦਾਰ ਵੀ ਕਮਲੀ ਤੀਵੀਂ ਵਾਂਗ ਘਰਘਰ ਗੇੜਾ ਦਿੰਦਾ ਫਿਰਦਾ ਸੀ ।
ਉਹ ਆਖਦਾ ਸੀ ਠੇਕੇਦਾਰ ਤਾਂ ਐਵੇਂ ਫੜ੍ਹਾਂ ਮਾਰਦੇ ਹਨ । ਅਸਲ 'ਚ ਡਿਪਟੀ ਦਾ ਤਬਾਦਲਾ ਤਾਂ ਡੀ.ਆਈ.ਜੀ. ਦੀ ਰਿਪੋਰਟ ਦੇ ਆਧਾਰ 'ਤੇ ਹੋਇਆ ਅਤੇ ਇਹ ਕਿਸ ਨੂੰ ਨਹੀਂ ਪਤਾ ਬਈ ਨਿਰਭੈ ਸਿੰਘ ਨੰਬਰਦਾਰ ਦਾ ਲੰਗੋਟੀਆ ਯਾਰ । ਨੰਬਰਦਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਨਿਰਭੈ ਸਿੰਘ ਨੇ ਡਿਪਟੀ ਖ਼ਿਲਾਫ਼ ਅਜਿਹੀ ਰਿਪੋਰਟ ਤਿਆਰ ਕੀਤੀ ਕਿ ਮੁੱਖ ਮੰਤਰੀ ਨੂੰ ਮਜਬੂਰ ਹੋ ਕੇ ਤਬਾਦਲਾ ਕਰਨਾ ਪਿਆ । ਸੰਘ ਦਾ ਇਸ ਵਿਚ ਕੋਈ ਰੋਲ ਨਹੀਂ ।
ਸੱਟੇ ਵਾਲਾ ਵੇਦੂ ਤਾਂ ਦਰਸ਼ਨ ਨਾਲ ਖਹਿਬੜ ਹੀ ਪਿਆ । ਅਖੇ ਸੰਘ ਨੂੰ ਕੌਣ ਪੁੱਛਦਾ ? ਜੇ ਮੁੱਖ ਮੰਤਰੀ ਸੰਘ ਦੀ ਇੰਨੀ ਹੀ ਮੰਨਦਾ ਹੁੰਦਾ ਤਾਂ ਉਦੋਂ ਤਹਿਸੀਲਦਾਰ ਦਾ ਤਬਾਦਲਾ ਨਾ ਕਰ ਦਿੰਦਾ, ਜਦੋਂ ਸੰਘ ਨੇ ਪੰਦਰਾਂ ਦਿਨ ਇਸੇ ਮੰਗ ਨੂੰ ਲੈ ਕੇ ਧਰਨੇ ਲਾਏ ਸਨ । ਉਸ ਸਮੇਂ ਸੰਘ ਨੇ ਇਸ ਤੋਂ ਕਈ ਗੁਣਾ ਵੱਧ ਜ਼ੋਰ ਲਾਇਆ ਸੀ ।
ਅਕਾਲੀ ਸਰਕਾਰ ਨੇ ਗੱਦੀ ਸੰਭਾਲਦਿਆਂ ਹੀ ਕਿਰਸਾਨਾਂ ਨੂੰ ਲੁੱਟ ਤੋਂ ਬਚਾਉਣ ਲਈ ਤਹਿਸੀਲਾਂ ਵਿਚ ਕੱਟੇ ਜਾਂਦੇ ਰੈੱਡ ਕਰਾਸ ਦੇ ਟਿਕਟ ਬੰਦ ਕਰਵਾ ਦਿੱਤੇ ।
ਪਰ ਤਹਿਸੀਲ ਵਾਲਿਆਂ ਨੂੰ ਇਸ ਕਾਨੂੰਨੀ ਰਿਸ਼ਵਤ ਦਾ ਅਜਿਹਾ ਭੁੱਸ ਪਿਆ ਸੀ ਕਿ ਉਹ ਇਸ ਪਾਬੰਦੀ ਤੋਂ ਤਿਲਮਿਲਾ ਉੱਠੇ । ਉਹਨਾਂ ਹੋਰ ਰਾਹ ਲੱਭਿਆ । ਰੈਡ ਕਰਾਸ ਦੀਆਂ ਟਿਕਟਾਂ ਨਾ ਸਹੀ, 'ਗੁਰਦਾਸ ਮਾਨ ਨਾਈਟ' ਦੀਆਂ ਸਹੀ । ਇਹ ਸਕੀਮ ਤਹਿਸੀਲਦਾਰ ਦੇ ਹਮਪਿਆਲਾ ਦੋਸਤਾਂ ਦੀ ਕਾਢ ਸੀ । ਇਸ ਬਹਾਨੇ ਨਾਲੇ ਤਹਿਸੀਲ ਵਾਲੇ ਚਾਰ ਪੈਸੇ ਬਣਾ ਲੈਣਗੇ, ਨਾਲੇ ਯਾਰ ਦੋਸਤ ਰੰਗਰਲੀਆਂ । 'ਨਾਈਟ' ਲਈ ਵਧੀਆਵਧੀਆ ਡਾਂਸਰਾਂ ਬੁਲਾਈਆਂ ਜਾਣੀਆਂ ਸਨ ।
ਸੰਘ ਨੇ ਇਸ ਲੁੱਟ ਦੇ ਖ਼ਿਲਾਫ਼ ਜਹਾਦ ਛੇੜਿਆ । ਲੋਕਾਂ ਦੀ ਦੂਹਰੀ ਲੁੱਟ ਹੋ ਰਹੀ ਸੀ । ਪਹਿਲੀ ਤਾਂ ਇਹ ਕਿ ਲੋਕਾਂ ਦੀ ਖ਼ੂਨ ਪਸੀਨੇ ਦੀ ਕਮਾਈ ਨੂੰ ਕੰਜਰੀਆਂ ਦੇ ਨਾਚਾਂ 'ਤੇ ਖ਼ਰਚਿਆ ਜਾਣਾ ਸੀ । ਦੂਜਾ ਇਹ ਕਿ ਅੱਵਲ ਤਾਂ ਲੋਕਾਂ ਨੂੰ ਟਿਕਟ ਦਿੱਤੇ ਹੀ ਨਹੀਂ ਸੀ ਜਾਂਦੇ, ਜੇ ਦਿੱਤੇ ਵੀ ਜਾਂਦੇ ਸਨ ਤਾਂ ਬਾਹਰ ਬੈਠੇ ਅਰਜ਼ੀ ਨਵੀਸ ਅੱਧ ਵਿਚ ਖ਼ਰੀਦ ਕੇ ਬਾਬੂਆਂ ਨੂੰ ਵਾਪਸ ਦੇ ਆਦੇ ਸਨ । ਇਸ ਤਰ੍ਹਾਂ ਇਕਇਕ ਟਿਕਟ ਕਈਕਈ ਵਾਰ ਵਿਕ ਰਿਹਾ ਸੀ ।
ਸੰਘ ਨੇ ਧਰਨੇ ਲਾਏ, ਹੜਤਾਲਾਂ ਕੀਤੀਆਂ । ਪੱਤਰਕਾਰਾਂ ਤੋਂ ਅਖ਼ਬਾਰਾਂ ਵਿਚ ਵੱਡੀਆਂ ਵੱਡੀਆਂ ਸੁਰਖ਼ੀਆਂ ਲਗਵਾਈਆਂ । ਕeਂੀ ਡੈਪੂਟੇਸ਼ਨ ਮੁੱਖ ਮੰਤਰੀ ਨੂੰ ਮਿਲੇ, ਪਰ ਪਰਨਾਲਾ ਉਥੇ ਦਾ ਉਥੇ ਰਿਹਾ । ਕਿਸੇ ਦੇ ਕੰਨ 'ਤੇ ਜੂੰ ਨਾ ਸਰਕੀ । ਹੰਭ ਕੇ ਸੰਘ ਨੂੰ ਰਾਜ਼ੀਨਾਮਾ ਕਰਨਾ ਪਿਆ ।
ਤਹਿਸੀਲਦਾਰ ਨੇ ਪਰੋਗਰਾਮ ਕੈਂਸਲ ਕਰ ਦਿੱਤਾ ਤੇ ਇਕੱਠੇ ਹੋਏ ਪੈਸੇ ਰੈਡ ਕਰਾਸ ਫੰਡ ਵਿਚ ਜਮ੍ਹਾਂ ਕਰਵਾ ਦਿੱਤੇ । ਮਹੀਨਾ ਕੁ ਚੁੱਪ ਰਹਿ ਕੇ ਉਹੋ ਚਾਲੇ ਫੇਰ ਫੜ ਲਏ ।
ਇਸ ਲਈ ਵੇਦੂ ਗ਼ਲਤ ਨਹੀਂ ਸੀ । ਸਿਟੀ ਪੁਲਿਸ ਦੇ ਤਬਾਦਲਿਆਂ ਵਿਚ ਸੰਘ ਦੀ ਨਹੀਂ, ਸਗੋਂ ਸੱਟੇ ਵਾਲਿਆਂ ਦੀ ਸੁਣੀ ਗਈ ਲੱਗਦੀ ਸੀ ।
ਸਿਟੀ ਪੁਲਿਸ ਨੇ ਸੱਟੇ ਵਾਲਿਆਂ ਦੇ ਨੱਕ ਵਿਚ ਦਮ ਕਰ ਰੱਖਿਆ ਸੀ । ਮਹੀਨਾ ਤਾਂ ਲੈਂਦੇ ਹੀ ਸਨ, ਦਿਹਾੜੀ ਅਲੱਗ ਭਾਲਦੇ ਸਨ । ਮਨਬੀਰ ਸਿੰਘ ਤਾਂ ਠੀਕ ਸੀ, ਹੇਠਲਿਆਂ ਨੇ ਅੱਤ ਚੁੱਕੀ ਹੋਈ ਸੀ । ਦਿਨ ਢਲਦਿਆਂ ਹੀ ਸਾਰੇ ਹੌਲਦਾਰ ਵਾਰੀਵਾਰੀ ਉਸ ਦੇ ਚੁਬਾਰੇ ਆ ਖੜ੍ਹਦੇ ।
ਦਾਰੂਸਿੱਕੇ ਦਾ ਖ਼ਰਚ ਤਾਂ ਉਹ ਬਰਦਾਸ਼ਤ ਕਰ ਲੈਂਦੇ, ਪਰ ਜਿਹੜੀ ਜੀਪ ਗਲੀ ਵਿਚ ਖੜ੍ਹਦੀ ਸੀ, ਇਹ ਖ਼ਤਰਨਾਕ ਸੀ । ਚਾਰ ਸਟੇਨਗੰਨਾਂ ਵਾਲੇ ਸਿਪਾਹੀ ਗਲੀ 'ਚ ਗੇੜੇ ਦੇਣ ਲੱਗਦੇ । ਪੁਲਿਸ ਮੁਹੱਲੇ 'ਚ ਫਿਰਦੀ ਹੋਵੇ ਤਾ ਗਾਹਕ ਨੇ ਆ ਕੇ ਪੁਲਿਸ ਤੋਂ ਟੰਗਾਂ ਤੁੜਾਉਣੀਆਂ ਹਨ ? ਇਹੋ ਵਕਤ ਚਾਰ ਪੈਸੇ ਕਮਾਉਣ ਦਾ ਹੁੰਦਾ । ਸੱਟਾ ਲਾਉਣ ਕਿਸੇ ਆੜ੍ਹਤੀਏ ਜਾਂ ਕਾਰਖ਼ਾਨੇਦਾਰ ਨੇ ਤਾਂ ਆਉਣਾ ਨਹੀਂ । ਮਜ਼ਦੂਰਾਂ, ਦਿਹਾੜੀਦਾਰਾਂ ਨੇ ਹੀ ਆਉਣਾ ਹੁੰਦਾ । ਪੁਲਿਸ ਨੂੰ ਦੇਖ ਕੇ ਅਗਲੇ ਟਲ ਜਾਂਦੇ ਸਨ । ਇਹ ਕਿਹੜਾ ਨਸ਼ਾ ਬਈ ਜੇ ਨਾ ਖਾਧਾ ਤਾਂ ਜਾਨ ਨਿਕਲ ਜਾਊ ।
ਅੱਜ ਨਹੀਂ ਤਾਂ ਕੱਲ੍ਹ ਸਹੀ । ਜਿਸ ਦਿਨ ਵੀ ਜੀਪ ਗਲੀ 'ਚ ਆ ਲੱਗਦੀ, ਆਮਦਨ ਅੱਧੀ ਰਹਿ ਜਾਂਦੀ । ਜੇ ਜੀਪ ਦੂਰ ਖੜ੍ਹਾਉਣੀ ਤਾਂ ਸਿਪਾਹੀਆਂ ਨੂੰ ਨਾਲੇ ਫ਼ੀਸ ਦਿਓ ਨਾਲੇ ਬੋਤਲ । ਸੱਟੇ ਵਾਲਿਆਂ ਦੀ ਤੋਬਾ ਹੋਈ ਪਈ ਸੀ ।
ਆਪਣੇ ਆੜ੍ਹਤੀਆਂ ਰਾਹੀਂ ਵੇਦੂ ਨੇ ਅਫ਼ਸਰਾਂ ਕੋਲ ਦੁਖੜੇ ਰੋਏ ਹੋਏ ਸਨ । ਸੱਟਾ ਬਰਾਦਰੀ ਦੀ ਕਰਾਮਾਤ ਕਰਕੇ ਹੀ ਸਾਰਾ ਗੰਦਾ ਅਨਸਰ ਤਬਦੀਲ ਕੀਤਾ ਗਿਆ ਸੀ । ਨਹੀਂ ਤਾਂ ਮਨਬੀਰ ਸਿੰਘ ਤੋਂ ਸਿਵਾ ਬਾਕੀ ਦੀ ਸਿਟੀ ਪੁਲਿਸ ਦਾ ਬੰਟੀ ਦੇ ਕੇਸ ਨਾਲ ਕੀ ਸੰਬੰਧ ਸੀ ? ਵੇਦੂ ਦੀ ਰਾਏ ਸੀ ਕਿ ਸੰਘ ਨੂੰ ਬਿਨਾਂ ਮਤਲਬ ਹੀ ਉਤਲੀ ਹਵਾ ਵਿਚ ਨਹੀਂ ਉੱਡਦੇ ਰਹਿਣਾ ਚਾਹੀਦਾ ।
ਹਲਵਾਈ ਯੂਨੀਅਨ ਦਾ ਪਰਧਾਨ ਗਿਆਨ ਅੱਡ ਡਫਲੀ ਵਜਾਦਾ ਫਿਰਦਾ ਸੀ । ਉਹ ਕਹਿੰਦਾ ਸੀ ਯੂਨੀਅਨ ਨੇ ਪਿਛਲੇ ਚਾਰ ਮਹੀਨਿਆਂ ਤੋਂ ਪੁਲਿਸ ਖ਼ਿਲਾਫ਼ ਠੰਢਾ ਯੁੱਧ ਸ਼ੁਰੂ ਕੀਤਾ ਹੋਇਆ ਸੀ । ਉਹ ਪੁਲਿਸ ਦੀ ਮੁਨਾਸਬ ਵਗਾਰ ਤਾਂ ਕਰਦੇ ਆ ਰਹੇ ਸਨ । ਜਿਸ ਮਰਜ਼ੀ ਦੁਕਾਨ ਵਿਚ ਵੜ ਕੇ ਪੁਲਿਸ ਚਾਹ ਪੀ ਲਏ । ਕੋਈ ਪੈਸਾ ਨਹੀਂ ਮੰਗਦਾ । ਕੋਈ ਦੋਚਾਰ ਬਰਫ਼ੀ ਦੇ ਟੁਕੜੇ ਜਾਂ ਲੱਡੂ ਚੁੱਕ ਲਏ ਤਾਂ ਉਹ ਵੀ ਮੁਆਫ਼ ਸੀ, ਪਰ ਇਹ ਕੀ ਮਤਲਬ ਹੋਇਆ ਕਿ ਕਿਸੇ ਅਫ਼ਸਰ ਦੇ ਦੌਰੇ ਸਮੇਂ ਕਾਜੂਆਂ ਵਾਲੇ ਮਰਤਬਾਨ ਹੀ ਚੁੱਕ ਲਏ ਜਾਣ । ਅਫ਼ਸਰ ਇਕ ਆਉਣਾ ਹੁੰਦਾ ਤਾਂ ਵਗਾਰ ਵੀਹ ਦੁਕਾਨਦਾਰਾਂ ਨੂੰ ਪੈਂਦੀ । ਕਿਸੇ ਤੋਂ ਬਰਫ਼ੀ, ਕਿਸੇ ਤੋਂ ਪਨੀਰ, ਕਿਸੇ ਤੋਂ ਸਮੋਸੇ ।
ਪਿਛਲੇ ਕੁਝ ਮਹੀਨਿਆਂ ਤੋਂ ਪੁਲਿਸ ਦਾ ਜ਼ਿਆਦਾ ਹੀ ਮੂੰਹ ਖੁੱਲ੍ਹ ਗਿਆ ਸੀ । ਕਿਸੇ ਨਾ ਕਿਸੇ ਪੁਲਸੀਏ ਦੇ ਘਰ ਵਿਆਹਸ਼ਾਦੀ ਆਈ ਹੀ ਰਹਿੰਦੀ । ਕਿਸੇ ਵੱਡੇ ਅਫ਼ਸਰ ਦੇ ਵਿਆਹ ਹੋਵੇ ਤਾਂ ਬਣੀਬਣਾਈ ਮਿਠਾਈ ਵੀ ਇਥੋਂ ਜਾਂਦੀ ਅਤੇ ਮੁਫ਼ਤ ਵਿਚ ਹਲਵਾਈ ਵੀ । ਦਿਲ ਕੀਤਾ ਤਾਂ ਚਾਰ ਢੋਲ ਦੁੱਧ ਦੇ ਮੰਗਵਾ ਦਿੱਤੇ, ਨਾ ਦਿਲ ਕੀਤਾ ਤਾਂ ਉਪਰੋਂਉਪਰੋਂ ਹੀ ਸਾਰ ਦਿੱਤਾ ।
ਛੋਟੇ ਮੁਲਾਜ਼ਮ ਦੇ ਵਿਆਹ ਹੋਵੇ ਤਾਂ ਖੋਏ, ਪਨੀਰ ਭੇਜੋ । ਪੰਜ ਸੌ ਦੀ ਚੀਜ਼ ਦੇ ਪੰਜਾਹ ਰੁਪਏ ਵੀ ਪੱਲੇ ਨਹੀਂ ਸੀ ਪੈਂਦੇ ।
ਫੇਰ ਵਗਾਰ ਦਾ ਅਹਿਸਾਨ ਕੋਈ ਨਹੀਂ । ਦੁੱਧ ਤੋਂ ਮਠਿਆਈ ਬਣਾਉਣ 'ਤੇ ਪਾਬੰਦੀ ਤਾਂ ਪਿੱਛੋਂ ਲੱਗਦੀ, ਹਲਵਾਈਆਂ ਦੇ ਛਾਪੇ ਪਹਿਲਾਂ ਪੈ ਜਾਂਦੇ । ਸਾਰਾ ਦਿਨ ਗੱਦੀਆਂ 'ਤੇ ਬੈਠਣ ਕਰਕੇ ਹਲਵਾਈਆਂ ਦੀਆਂ ਗੋਗੜਾਂ ਤਾਂ ਪਹਿਲਾਂ ਹੀ ਵਧੀਆਂ ਹੁੰਦੀਆਂ ਹਨ । ਉਪਰੋਂ ਇਹ ਕਿਸੇ ਨੇਤਾ ਦੇ ਪਹੁੰਚਣ ਤੋਂ ਪਹਿਲਾਂਪਹਿਲਾਂ ਅਗਲੇ ਦੀਆਂ ਡੰਡਬੈਠਕਾਂ ਲਗਵਾਲਗਵਾ ਬਲੱਡ ਪਰੈਸ਼ਰ ਹਾਈ ਕਰ ਚੁੱਕੇ ਹੁੰਦੇ । ਬਿਨਾਂ ਪੈਸਾ ਲਏ ਕੋਈ ਛੱਡਣਾ ਨਹੀਂ । ਨੋਟ ਇ ਗਿਣਗਿਣ ਲੈਂਦੇ, ਜਿਵੇਂ ਹਲਵਾਈ ਉਹਨਾਂ ਦੇ ਕਰਜ਼ਾਈ ਹੋਣ ।
ਹਲਵਾਈ ਯੂਨੀਅਨ ਨੇ ਬਾਕਾਇਦਾ ਲਿਖਤੀ ਰੂਪ ਵਿਚ ਮੁੱਖ ਮੰਤਰੀ ਨੂੰ ਸ਼ਿਕਾਇਤ ਭੇਜੀ ਹੋਈ ਸੀ । ਪਿਛਲੀ ਵਾਰ ਜਦੋਂ ਸਰਦਾਰ ਜੀ ਸ਼ਹਿਰ 'ਚ ਆਏ ਸਨ ਤਾਂ ਉਹਨਾਂ ਦੀ ਯੁਨੀਅਨ ਦਾ ਡੈਪੂਟੇਸ਼ਨ ਉਹਨਾਂ ਨੂੰ ਮਿਲਿਆ ਵੀ ਸੀ । ਯੂਨੀਅਨ ਨੇ ਸਰਦਾਰ ਨੂੰ ਧਮਕੀ ਵੀ ਦਿੱਤੀ ਸੀ ਕਿ ਜੇ ਹਲਵਾਈਆਂ ਦੀ ਨਾ ਸੁਣੀ ਗਈ ਤਾਂ ਉਹ ਅੱਗੋਂ ਤੋਂ ਸਰਦਾਰ ਦਾ ਬਾਈਕਾਟ ਕਰਨਗੇ ।
ਇਹ ਹਲਵਾਈਆਂ ਦੀ ਯੂਨੀਅਨ ਦੇ ਸੰਘਰਸ਼ ਦਾ ਨਤੀਜਾ ਸੀ ਕਿ ਉਹਨਾਂ ਦੇ ਗਲੋਂ ਜੂਲਾ ਲਹਿ ਗਿਆ ਸੀ । ਮੁੜ ਨਾ ਹਲਵਾਈ ਕਿਸੇ ਪੁਲਸੀਏ ਨੂੰ ਮੁਫ਼ਤ 'ਚ ਚਾਹ ਪਿਆਉਣਗੇ, ਨਾ ਵਗਾਰ ਕਰਨਗੇ ।
ਦਰਸ਼ਨ ਨੂੰ ਪਤਾ ਸੀ, ਪਰਧਾਨ ਏਨਾ ਖ਼ੁਸ਼ ਕਿ ਸੀ । ਇਹ ਤਾਂ ਠੀਕ ਸੀ ਕਿ ਡਰਦਿਆਂ ਡਰਦਿਆਂ ਯੂਨੀਅਨ ਨੇ ਪੁਲਿਸ ਦੀ ਸ਼ਿਕਾਇਤ ਕੀਤੀ ਸੀ, ਪਰ ਪਰਧਾਨ ਨੇ ਇਹ ਸ਼ਿਕਾਇਤ ਯੂਨੀਅਨ ਦੇ ਭਲੇ ਲਈ ਨਹੀਂ ਸੀ ਕਰਾਈ, ਸਗੋਂ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਕਰਾਈ ਸੀ । ਸਿਟੀ ਪੁਲਿਸ ਨੇ ਉਸ ਦੇ ਸਾਲੇ ਦਾ ਸੀਮਿੰਟ ਦਾ ਭਰਿਆ ਟਰੱਕ ਫੜ ਲਿਆ ਸੀ ।
ਉਸ ਦਾ ਸਾਲਾ ਪੀ.ਡਬਲਿਯੂ.ਡੀ. ਮਹਿਕਮੇ ਵਿਚ ਓਵਰਸੀਅਰ ਸੀ ਅਤੇ ਸਰਕਾਰੀ ਸੀਮਿੰਟ ਅਤੇ ਲੋਹਾ ਥੋਕ ਦੇ ਭਾਅ ਵੇਚਣ ਵਿਚ ਮਸ਼ਹੂਰ ਸੀ । ਉਹ ਟਰੱਕ ਉਸ ਨੇ ਸਰਕਾਰੀ ਗੁਦਾਮਾਂ ਵਿਚੋਂ ਚੋਰੀ ਕੀਤਾ ਸੀ । ਪਰਧਾਨ ਚਾਹੁੰਦਾ ਸੀ ਬਿਨਾਂ ਦਿੱਤੇਲਏ ਟਰੱਕ ਛੁੱਟ ਜਾਵੇ । ਪੁਲਿਸ ਫਸੀ ਮੁਰਗੀ ਹੱਥੋਂ ਜਾਣ ਨਹੀਂ ਸੀ ਦੇਣਾ ਚਾਹੁੰਦੀ । ਕੋਈ ਹੋਰ ਹੁੰਦਾ ਤਾਂ ਪਰਧਾਨ ਪੁਲਿਸ ਦੇ ਖ਼ਿਲਾਫ਼ ਨਾਅਰੇ ਮਾਰ ਕੇ ਬਾਹਰ ਆ ਜਾਂਦਾ । ਅਗਲੇ ਉਪਰ ਭਾਵੇਂ ਵੀਹ ਮੁਕੱਦਮੇ ਬਣ ਜਾਂਦੇ । ਆਪਣੇ ਸਾਲੇ ਈ ਉਹ ਮੁਕੱਦਮੇ ਦਾ ਜੋਖ਼ਮ ਨਹੀਂ ਸੀ ਉਠਾ ਸਕਦਾ । ਮਜਬੂਰੀ ਵਿਚ ਪਰਧਾਨ ਨੂੰ ਪੈਸੇ ਦੇਣੇ ਪਏ ਸਨ । ਉਸੇ ਦਿਨ ਤੋਂ ਪਰਧਾਨ ਨੂੰ ਲਗਦਾ ਸੀ ਉਹ ਸ਼ਹਿਰ ਵਿਚ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ । ਸਾਰਾ ਦਿਨ ਪੁਲਿਸ ਖ਼ਿਲਾਫ਼ ਪਰਚਾਰ ਕਰਦਾ ਰਹਿੰਦਾ ਸੀ ।
ਇਹ ਉਸ ਲਈ ਵਧੀਆ ਮੌਕਾ ਸੀ । ਪੁਲਿਸ ਦੇ ਤਬਾਦਲਿਆਂ ਦਾ ਸਿਹਰਾ ਆਪਣੇ ਸਿਰ ਬੰਨ੍ਹ ਕੇ ਉਹ ਆਪਣੀ ਖੋਈ ਲੀਡਰੀ ਪਰਾਪਤ ਕਰਨ ਦੇ ਯਤਨ ਕਰ ਰਿਹਾ ਸੀ ।
ਥਾਂਥਾਂ ਹੁੰਦੇ ਇਸ ਤਰ੍ਹਾਂ ਦੇ ਪਰਚਾਰ ਨਾਲ ਸੰਘ ਦੇ ਨੇਤਾਵਾਂ ਨੂੰ ਫ਼ਿਕਰ ਹੋਣ ਲੱਗਾ । ਲੜਾਈ ਸੰਘ ਨੇ ਲੜੀ, ਹੜਤਾਲਾਂ ਸੰਘ ਨੇ ਕਰਾਈਆਂ, ਸਰਦਾਰ ਕੋਲ ਸੰਘ ਨੇ ਸ਼ਿਕਾਇਤ ਕੀਤੀ, ਪਰ ਸੰਘ ਦਾ ਕੋਈ ਨਾਂ ਹੀ ਨਹੀਂ ਸੀ ਲੈਂਦਾ । ਜੇ ਇਸ ਤਰ੍ਹਾਂ ਪਰਚਾਰ ਹੁੰਦਾ ਰਿਹਾ ਤਾਂ ਲੋਕਾਂ ਨੇ ਇਸ ਕੋਰੇ ਝੂਠ ਨੂੰ ਸੱਚ ਮੰਨ ਲੈਣਾ ਸੀ ਅਤੇ ਸੰਘ ਦੀ ਕੀਤੀ ਕਰਾਈ ਖੂਹ 'ਚ ਪੈ ਜਾਣੀ ਸੀ ।
ਲੋਕਾਂ ਨੂੰ ਸੰਘ ਦੀਆਂ ਪਰਾਪਤੀਆਂ ਬਾਰੇ ਦੱਸਣਾ ਬਹੁਤ ਜ਼ਰੂਰੀ ਸੀ । ਸ਼ਹਿਰ ਵਿਚ ਥਾਂਥਾਂ ਖੜੋ ਕੇ ਤਾਂ ਸੰਘ ਦਾ ਪਰਚਾਰ ਨਹੀਂ ਕੀਤਾ ਜਾ ਸਕਦਾ । ਇਸ ਦਾ ਇਕੋਇਕ ਹੱਲ ਸੀ । ਇਕ ਸਰਬਪਾਰਟੀ ਕਾਨਫ਼ਰੰਸ ਰੱਖੀ ਜਾਵੇ । ਮੁੱਖ ਮੁੱਦਾ ਸਰਦਾਰ ਵੱਲੋਂ ਦਿਖਾਈ ਗਈ ਖੁੱਲ੍ਹਦਿਲੀ ਦੇ ਧੰਨਵਾਦ ਦਾ ਹੋਵੇ । ਨਾਲ ਹੀ ਇਸ ਮੰਗ 'ਤੇ ਜ਼ੋਰ ਦਿੱਤਾ ਜਾਵੇ ਕਿ ਕੀਤੇ ਵਾਅਦੇ ਅਨੁਸਾਰ ਮੁੱਖ ਮੰਤਰੀ ਬੰਟੀ ਦੇ ਕਾਤਲਾਂ ਨੂੰ ਭੋਗ ਤਕ ਹਰ ਹਾਲਤ ਵਿਚ ਗਿਰਫ਼ਤਾਰ ਕਰਾਏ । ਸੰਘ ਦਾ ਪਰਚਾਰ ਆਪੇ ਹੀ ਹੋ ਜਾਣਾ ਸੀ । ਸੰਘ ਕੋਲ ਆਪਣੇ ਤਾਂ ਬਹੁਤੇ ਵਰਕਰ ਨਹੀਂ ਸਨ । ਨਾ ਹੀ ਚੰਗੇ ਬੁਲਾਰੇ । ਕਿਸੇ ਇਕ ਸਿਆਸੀ ਪਾਰਟੀ 'ਤੇ ਵੀ ਨਿਰਭਰ ਨਹੀਂ ਸੀ ਕਰਨਾ ਚਾਹੀਦਾ । ਭਰਵੀਂ ਕਾਨਫ਼ਰੰਸ ਲਈ ਜ਼ਰੂਰੀ ਸੀ ਕਿ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸੱਦੇ ਜਾਣ ।
ਸੰਘ ਨੇ ਕਾਨਫ਼ਰੰਸ ਦੀ ਤਿਆਰੀ ਤਾਂ ਜ਼ੋਰਸ਼ੋਰ ਨਾਲ ਕੀਤੀ, ਪਰ ਉਹ ਨਤੀਜੇ ਨਾ ਨਿਕਲੇ, ਜਿਨ੍ਹਾਂ ਦੀ ਉਹਨਾਂ ਨੂੰ ਆਸ ਸੀ ।
ਕਿਸੇ ਵੀ ਪਾਰਟੀ ਦਾ ਸਿਰਕੱਢ ਨੇਤਾ ਸਮਾਗਮ ਵਿਚ ਸ਼ਾਮਲ ਨਾ ਹੋਇਆ । ਦੂਸਰੇਤੀਸਰੇ ਦਰਜੇ ਦੇ ਨੇਤਾ ਹੀ ਭੇਜੇ ਗਏ, ਸੰਘ ਦਾ ਸਮਾਗਮ ਜਿਵੇਂ ਕੋਈ ਟ੍ਰੇਨਿੰਗ ਸੈਂਟਰ ਹੋਵੇ । ਦਰਸ਼ਨ ਨੂੰ ਇਸ ਦੇ ਦੋ ਕਾਰਨ ਨਜ਼ਰ ਆਏ । ਪਹਿਲਾ ਇਹ ਕਿ ਲੀਡਰ ਦਹਿਸ਼ਤਗਰਦਾਂ ਦੇ ਖ਼ਿਲਾਫ਼ ਬੋਲਣ ਤੋਂ ਡਰਦੇ ਸਨ । ਦੂਜਾ ਇਹ ਕਿ ਸਮਾਗਮ ਦਾ ਮੁੱਖ ਮੁੱਦਾ ਮੁੱਖ ਮੰਤਰੀ ਦਾ ਧੰਨਵਾਦ ਸੀ । ਵਿਰੋਧੀ ਧਿਰ ਮੁੱਖ ਮੰਤਰੀ ਦੀ ਤਾਰੀਫ਼ ਕਿਵੇਂ ਕਰ ਸਕਦੀ ? ਉਸ ਦਾ ਕੰਮ ਤਾਂ ਸਰਕਾਰ 'ਤੇ ਨੋਕਝੋਕ ਕਰਨਾ ।
ਸੰਘ ਨੂੰ ਇਸ ਗੱਲ ਦਾ ਵੀ ਅਫ਼ਸੋਸ ਸੀ ਕਿ ਕਾਨਫ਼ਰੰਸ ਨਾਲ ਸੰਘ ਦਾ ਪਰਚਾਰ ਨਹੀਂ ਸੀ ਹੋਇਆ । ਹਰ ਬੁਲਾਰੇ ਦਾ ਇਕੋ ਉਦੇਸ਼ ਹੁੰਦਾ ਸੀ ਲੋਕਾਂ ਨੂੰ ਇਹ ਦੱਸਣਾ ਕਿ ਪੁਲਿਸ ਬਹੁਤ ਜ਼ਾਲਮ । ਪੁਲਿਸ ਦੇ ਤਬਾਦਲੇ ਲਈ ਵਕਤਾ ਜਾਂ ਉਸ ਦੀ ਪਾਰਟੀ ਜ਼ਿੰਮੇਵਾਰ ਸੀ । ਨਾ ਕੋਈ ਕਾਤਲਾਂ ਦੀ ਗੱਲ ਛੇੜਦਾ ਨਾ ਬੰਟੀ ਦੀ ।
ਦਰਸ਼ਨ ਨੇ ਸਮਾਗਮ ਦਾ ਉਦਘਾਟਨ ਜ਼ੈਲਦਾਰ ਤੋਂ ਕਰਾਇਆ । ਖ਼ਿਆਲ ਸੀ ਮੁੱਖ ਮੰਤਰੀ ਦੇ ਹੱਕ ਵਿਚ ਉਹ ਸਭ ਤੋਂ ਵੱਧ ਬੋਲੇਗੇ । ਉਹ ਪਹਿਲੇ ਹੱਲੇ ਹੀ ਬੂਝਾ ਸਿੰਘ 'ਤੇ ਵਰ੍ਹਨ ਲੱਗਾ ।
ਉਸ ਕੋਲ ਅੰਕੜਿਆਂ ਦੀ ਕਿਤਾਬਚੀ ਸੀ । ਬੂਝੇ ਨੇ ਕਿਸ ਸਿੱਖ ਨੌਜਵਾਨ ਤੋਂ ਕਿੰਨੇ ਪੈਸੇ ਲਏ, ਸਭ ਉਸ ਨੂੰ ਜ਼ਬਾਨੀ ਯਾਦ ਸੀ । ਉਹ ਦੁਖੀ ਸੀ ਕਿ ਬੂਝਾ ਸਿੰਘ ਕਿਸੇ ਨੂੰ ਵੀ ਨਹੀਂ ਸੀ ਬਖ਼ਸ਼ਦਾ ।
ਇਕ ਵਾਰ ਚੁਪਕੇ ਜਿਹੇ ਉਹ ਜ਼ੈਲਦਾਰ ਦੇ ਪੋਤੇ ਦੇ ਸਾਂਢੂ ਤੋਂ ਦਸ ਹਜ਼ਾਰ ਲੈ ਗਿਆ । ਜ਼ੈਲਦਾਰ ਲੰਬੇ ਸਮੇਂ ਤੋਂ ਉਸ ਦੇ ਖ਼ਿਲਾਫ਼ ਸੰਘਰਸ਼ਸ਼ੀਲ ਸੀ । ਉਹ ਹਰ ਥਾਂ ਬੂਝੇ ਦੀਆਂ ਜ਼ਿਆਦਤੀਆਂ ਦੇ ਖ਼ਿਲਾਫ਼ ਆਵਾਜ਼ ਉਠਾਦਾ ਸੀ–ਪਾਰਟੀ ਮੀਟਿੰਗਾਂ ਵਿਚ, ਗਰੀਵੀਐਂਸ ਕਮੇਟੀ ਵਿਚ ਅਤੇ ਮੁੱਖ ਮੰਤਰੀ ਕੋਲ । ਉਹ ਮੁੱਖ ਮੰਤਰੀ ਦਾ ਧੰਨਵਾਦੀ ਸੀ ਕਿ ਮੁੱਖ ਮੰਤਰੀ ਨੇ ਦੇਰ ਤਾਂ ਜ਼ਰੂਰ ਕੀਤੀ ਸੀ, ਪਰ ਹਨੇਰ ਨਹੀਂ ਸੀ ਪਾਇਆ । ਸਿੱਖ ਉਹਨਾਂ ਦੇ ਧੰਨਵਾਦੀ ਸਨ । ਉਹਨਾਂ ਸਿੱਖਾਂ ਨੂੰ ਇਸ ਕੋਹੜ ਤੋਂ ਰਾਹਤ ਦਿਖਾਈ ਸੀ ।
ਬੂਝਾ ਸਿੰਘ ਨਾਲ ਦੁਸ਼ਮਣੀ ਦਾ ਅਸਲ ਕਾਰਨ ਉਸ ਦੀ ਲੁੱਟ ਨਹੀਂ ਸੀ । ਦਰਸ਼ਨ ਨੂੰ ਪਤਾ ਸੀ ਬੂਝਾ ਸਿੰਘ ਨੇ ਜ਼ੈਲਦਾਰਾਂ ਦੇ ਕੁੜਮਾਂ ਦਾ ਡੋਡਿਆਂ ਦਾ ਟਰੱਕ ਫੜ ਲਿਆ ਸੀ । ਉਹ ਜ਼ੈਲਦਾਰ ਦੇ ਰੋਹਬ ਅੱਗੇ ਝੁਕਿਆ ਵੀ ਨਹੀਂ ਸੀ । ਉਲਟਾ ਬੂਝਾ ਸਿੰਘ ਨੇ ਪਹਿਲਾਂ ਹੀ ਮੁੱਖ ਮੰਤਰੀ ਦੇ ਕੰਨ ਭਰ ਦਿੱਤੇ । ਭੱਜਾਭੱਜਾ ਜ਼ੈਲਦਾਰ ਜਦੋਂ ਮੁੱਖ ਮੰਤਰੀ ਕੋਲ ਗਿਆ ਤਾਂ ਅੱਗੋਂ ਝਿੜਕਾਂ ਖਾਣੀਆਂ ਪਈਆਂ । ਗਿਆਨ ਚੰਦ ਵਾਂਗ ਉਸ ਦਿਨ ਤੋਂ ਜ਼ੈਲਦਾਰ ਵੀ ਬੂਝਾ ਸਿੰਘ ਵਿਰੁੱਧ ਜ਼ਹਿਰ ਘੋਲ ਰਿਹਾ ਸੀ । ਉਸ ਨੂੰ ਵੀ ਬੂਝਾ ਸਿੰਘ ਦੇ ਤਬਾਦਲੇ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕਾਹਲ ਸੀ ਤਾਂ ਹੀ ਲੋਕਾਂ 'ਚ ਨੱਕ ਰਹਿਣਾ ਸੀ ।
ਅਖਿਲ ਭਾਰਤੀ ਮਜ਼ਦੂਰ ਸੰਘ ਦੇ ਬੁੱਧ ਰਾਮ ਦਾ ਸਾਰਾ ਜ਼ੋਰ ਸਿਪਾਹੀਆਂ ਨੂੰ ਭੰਡਣ 'ਤੇ ਲੱਗਾ ਸੀ । ਕਿਵੇਂ ਉਹ ਐਫ਼.ਸੀ.ਆਈ ਦੀ ਲੇਬਰ ਨੂੰ ਤੰਗ ਕਰਦੇ ਹਨ । ਕਿਵੇਂ ਗ਼ਰੀਬ ਇਸਤਰੀ ਮਜ਼ਦੂਰਾਂ 'ਤੇ ਬੁਰੀ ਨਜ਼ਰ ਰੱਖਦੇ ਹਨ । ਕਿਵੇਂ ਡੁੱਲ੍ਹੇ ਚੌਲ ਇਕੱਠੇ ਕਰਦੀਆਂ ਮੰਗਤੀਆਂ ਦੀ ਇੱਜ਼ਤ ਲੁੱਟਦੇ ਹਨ । ਕਿਵੇਂ ਕਿਸੇ ਕਣਕ ਦੀ ਸਪੈਸ਼ਲ ਗੱਡੀ ਲੱਗਣ ਦੀ ਖ਼ਬਰ ਸੁਣ ਕੇ ਗਿਰਝਾਂ ਵਾਂਗ ਉਹਨਾਂ ਦੇ ਸਿਰ 'ਤੇ ਮੰਡਰਾਉਣ ਲੱਗਦੇ ਹਨ । ਅਫ਼ਸਰਾਂ ਦੀ ਵਗਾਰ ਦੇ ਬਹਾਨੇ, ਕਦੇ ਥਾਣੇ ਦੀ ਮੈਸ ਦੇ ਬਹਾਨੇ ਕਿਵੇਂ ਦਸਦਸ ਬੋਰੀਆਂ ਕਣਕ ਚੁੱਕ ਕੇ ਲਿਜਾਂਦੇ ਹਨ । ਕਣਕ ਚੋਰੀ ਦੇ ਝੂਠੇ ਇਲਜ਼ਾਮ ਲਾ ਕੇ ਕਿਵੇਂ ਲੇਬਰ ਤੋਂ ਸ਼ਰਾਬਾਂ ਪੀਂਦੇ ਅਤੇ ਮੁਰਗ਼ੇ ਖਾਂਦੇ ਹਨ ।
ਜਦੋਂ ਲੇਬਰ ਕੋਈ ਜਾਇਜ਼ ਹੜਤਾਲ ਕਰੇ ਤਾਂ ਡੰਡਾ ਪਰੇਡ ਵੀ ਲੇਬਰ 'ਤੇ ਹੀ ਕਰਦੇ ਹਨ ।
ਉਸ ਸਮੇਂ ਸਿਪਾਹੀ ਲੇਬਰ ਦੀਆਂ ਦੋਸਤੀਆਂ ਭੁੱਲ ਜਾਂਦੇ ਹਨ । ਉਹਨਾਂ ਨੂੰ ਸਰਮਾਏਦਾਰਾਂ ਦੀ ਮਾਇਆ ਅਤੇ ਵਿਸਕੀ ਦੀ ਯਾਦ ਰਹਿੰਦੀ । ਉਸ ਨੂੰ ਗਿਲਾ ਸੀ, ਅੱਧੇ ਨਾਲੋਂ ਵੱਧ ਸਿਪਾਹੀ ਪੰਦਰਾਂਪੰਦਰਾਂ ਸਾਲ ਤੋਂ ਇਥੇ ਲੱਗੇ ਹੋਏ ਸਨ । ਝੂਠੀ ਮੁਖ਼ਬਰੀ ਕਰਕਰ ਉਹ ਅਫ਼ਸਰਾਂ ਨੂੰ ਭਟਕਾਦੇ ਸਨ । ਇਸ ਤਬਾਦਲੇ ਵਿਚ ਵੀ ਉਹਨਾਂ ਨੂੰ ਨਹੀਂ ਸੀ ਛੇੜਿਆ ਗਿਆ । ਪਤਾ ਨਹੀਂ ਮੁੱਖ ਮੰਤਰੀ ਨੂੰ ਉਹਨਾਂ ਨਾਲ ਮੋਹ ਕਿ ਸੀ ?
ਬੁੱਧ ਰਾਮ ਦੇ ਭਾਸ਼ਣ ਨੂੰ ਉਲਟ ਦਿਸ਼ਾ ਵੱਲ ਜਾਂਦਾ ਦੇਖ ਕੇ ਦਰਸ਼ਨ ਤਿਲਮਿਲਾ ਉਠਿਆ ।
ਕਾਨਫ਼ਰੰਸ ਮੁੱਖ ਮੰਤਰੀ ਦੇ ਸਵਾਗਤ ਲਈ ਬੁਲਾਈ ਗਈ ਸੀ ਨਾ ਕਿ ਵਿਰੋਧ ਕਰਨ ਲਈ । ਉਸ ਦਾ ਸਿਪਾਹੀਆਂ ਵਿਰੁੱਧ ਬੋਲਣ ਦਾ ਕਾਰਨ ਨਿੱਜੀ ਸੀ । ਉਹ ਆਪ ਤਾਂ ਸਾਰਾ ਦਿਨ ਲੀਡਰੀ 'ਤੇ ਰਹਿੰਦਾ ਸੀ, ਪਰ ਉਸ ਦੇ ਦੋਵੇਂ ਮੁੰਡੇ ਚੋਰੀ ਦੀ ਕਣਕ ਖ਼ਰੀਦਣ ਲਈ ਮਾਲ ਗੁਦਾਮ 'ਤੇ ਬੈਠੇ ਰਹਿੰਦੇ ਸਨ । ਸਿਪਾਹੀਆਂ ਨੇ ਉਹਨਾਂ ਨੂੰ ਕਈ ਵਾਰ ਫੜਿਆ ਸੀ । ਉਹ ਸਿਪਾਹੀ ਇਸ ਸਮੇਂ ਕਾਨਫ਼ਰੰਸ ਵਿਚ ਹਾਜ਼ਰ ਸਨ । ਬੁੱਧ ਰਾਮ ਨੂੰ ਕਈ ਸਾਲਾਂ ਬਾਅਦ ਸਟੇਜ 'ਤੇ ਚੜ੍ਹਨ ਦਾ ਮੌਕਾ ਮਿਲਿਆ ਸੀ । ਉਹ ਸਿਪਾਹੀਆਂ ਨੂੰ ਡਰਾਉਣ 'ਤੇ ਤੁਲਿਆ ਹੋਇਆ ਸੀ ।
ਬੁੱਧ ਰਾਮ ਦੀਆਂ ਊਟਪਟਾਂਗ ਗੱਲਾਂ ਦਰਸ਼ਨ ਤੋਂ ਬਰਦਾਸ਼ਤ ਨਾ ਹੋਈਆਂ । ਪਹਿਲਾਂ ਉਸ ਨੇ ਉਸ ਨੂੰ ਭਾਸ਼ਣ ਦਾ ਰੁਖ਼ ਬਦਲਣ ਲਈ ਇਸ਼ਾਰੇ ਕੀਤੇ । ਜਦੋਂ ਉਹ ਨਾ ਹੀ ਹਟਿਆ ਤਾਂ ਦਰਸ਼ਨ ਨੂੰ 'ਸਮਾਂ ਸਮਾਪਤ ਹੋ ਗਿਆ' ਆਖ ਕੇ ਉਸ ਤੋਂ ਮਾਈਕ ਖੋਹਣਾ ਪਿਆ ।
ਅਗਲਾ ਬੁਲਾਰਾ ਉਸ ਦਾ ਵੀ ਗੁਰੂ ਨਿਕਲਿਆ । ਉਹ ਕ੍ਰਾਂਤੀਕਾਰੀ ਫ਼ਰੰਟ ਦਾ ਰਾਜਿੰਦਰ ੀ । ਉਹ ਮੁੱਖ ਮੰਤਰੀ ਅਤੇ ਪੁਲਿਸ ਨੂੰ ਤਾਂ ਗੇੜਾ ਦੇ ਹੀ ਰਿਹਾ ਸੀ, ਨਾਲ ਹੀ ਸੰਘ 'ਤੇ ਵੀ ਵਿਅੰਗ ਕਰਨ ਲੱਗਾ ।
ਉਹ ਪੁੱਛ ਰਿਹਾ ਸੀ ਕਿ ਮੁੱਖ ਮੰਤਰੀ ਦਾ ਧੰਨਵਾਦ ਕਿਸ ਖ਼ੁਸ਼ੀ ਵਿਚ ਕੀਤਾ ਜਾਵੇ ?
ਕੀ ਇਸ ਲਈ ਕਿ ਉਹ ਦਸ ਦਿਨ ਚੁੱਪ ਕਰ ਕੇ ਬੰਟੀ ਦੀ ਮੌਤ ਉਡੀਕਦਾ ਰਿਹਾ ? ਜਾਂ ਇਸ ਲਈ ਕਿ ਉਸ ਨੇ ਬੰਟੀ ਦੀ ਸ਼ਹਾਦਤ ਦਾ ਮੁੱਲ ਇਕ ਲੱਖ ਰੁਪਿਆ ਪਾਇਆ ਸੀ ਜਾਂ ਫਿਰ ਇਸ ਲਈ ਕਿ ਉਸ ਦੀ ਸਾਰੀ ਪੁਲਿਸ ਨਿਕੰਮੀ ਸੀ ।
ਇਸ ਗੱਲ ਦੀ ਕੀ ਗਾਰੰਟੀ ਕਿ ਅੱਗੋਂ ਤੋਂ ਕੋਈ ਬੰਟੀ ਅਗਵਾ ਨਹੀਂ ਹੋਏਗਾ ਜਾਂ ਆਉਣ ਵਾਲੀ ਪੁਲਿਸ ਈਮਾਨਦਾਰ ਅਤੇ ਦਿਆਨਤਦਾਰ ਹੋਏਗੀ ।
ਮੁੱਖ ਮੰਤਰੀ ਲੋਕਾਂ ਨਾਲ ਹਮਦਰਦੀ ਪ੍ਰਗਟਾਉਣ ਨਹੀਂ, ਉਹਨਾਂ ਨੂੰ ਬੁੱਧੂ ਬਣਾਉਣ ਆਇਆ ਸੀ । ਲੋਕਾਂ ਦੇ ਜਜ਼ਬਾਤ ਭਟਕ ਗਏ ਸਨ । ਮਜਬੂਰ ਹੋ ਕੇ ਉਸ ਨੂੰ ਸ਼ਹਿਰ ਆਉਣਾ ਪਿਆ ਸੀ ।
ਲੋਕ ਉਸ ਦੀਆਂ ਲੂੰਬੜਚਾਲਾਂ ਵਿਚ ਆ ਗਏ ਸਨ ।
ਕੀ ਇਕ ਲੱਖ ਰੁਪਏ ਦੀ ਸਹਾਇਤਾ ਨਾਲ ਲੋਕਾਂ ਦੇ ਮਸਲੇ ਹੱਲ ਹੋ ਗਏ ? ਓਨਾ ਚਿਰ ਸੈਂਕੜੇ ਬੰਟੀ ਅਗਵਾ ਅਤੇ ਸ਼ਹੀਦ ਹੁੰਦੇ ਰਹਿਣਗੇ, ਜਿੰਨਾਂ ਚਿਰ ਲੋਕਾਂ ਨੂੰ ਸੱਚ ਅਤੇ ਝੂਠ ਦੀ ਪਹਿਚਾਣ ਨਹੀਂ ਹੁੰਦੀ । ਸੂਬੇ ਵਿਚ ਅਮਨ ਬਹਾਲ ਕਰਨਾ ਤਾਂ ਮੂਲਵਾਦੀ ਸ਼ਕਤੀਆਂ ਦੇ ਤੱਤ ਨੂੰ ਪਛਾਣੋ । ਇਹਨਾਂ ਵੱਖਵਾਦੀ ਅਤੇ ਅਤਿਵਾਦੀ ਤਾਕਤਾਂ ਨੂੰ ਉਭਾਰਨ ਵਾਲੇ ਬਾਹਰੋਂ ਕਿਧਰੋਂ ਨਹੀਂ ਆਏ, ਸਾਡੇ ਆਪਣੇ ਹਨ । ਸਾਡੇ ਸੂਬੇ ਵਿਚ ਮੂਲਵਾਦ ਦੀ ਜੜ੍ਹ ਜੇ ਮੁੱਖ ਮੰਤਰੀ ਦੀ ਪਾਰਟੀ ਨੇ ਲਾਈ ਤਾਂ ਕੇਂਦਰੀ ਸਰਕਾਰ ਇਸ ਨੂੰ ਵਧਣਫੁੱਲਣ ਵਿਚ ਸਹਾਈ ਹੋ ਰਹੀ । ਦੋਹਾਂ ਦਾ ਮਕਸਦ ਇਕੋ । ਕਿਵੇਂ ਨਾ ਕਿਵੇਂ ਸੱਤਾ 'ਤੇ ਕਾਬਜ਼ ਰਿਹਾ ਜਾਵੇ ਜਾਂ ਫੇਰ ਸੱਤਾ ਹਥਿਆਈ ਜਾਵੇ । ਇਸ ਗੜਬੜ ਤੋਂ ਦੋਵੇਂ ਫ਼ਾਇਦਾ ਉਠਾ ਰਹੇ ਸਨ । ਲੋਕ ਇਸ ਚਾਲ ਨੂੰ ਸਮਝਣ ।
ਉਹ ਸੰਘ ਨੂੰ ਵੀ ਸਮਝਾ ਰਿਹਾ ਸੀ । ਸਮੱਸਿਆ ਇਕੱਲੇ ਬੰਟੀ ਦੀ ਨਹੀਂ । ਨਾ ਇਕ ਲੱਖ ਰੁਪਏ ਦੀ ਗਰਾਂਟ ਨਾਲ ਹੱਲ ਹੋਈ ਸੀ । ਹਜ਼ਾਰਾਂ ਬੰਟੀ ਇਸ ਸਮੱਸਿਆ ਦਾ ਸ਼ਿਕਾਰ ਸਨ । ਸੰਘ ਆਪਣੀ ਤਾਕਤ ਮੁੱਖ ਮੰਤਰੀ ਦੇ ਧੰਨਵਾਦ ਦੀ ਥਾਂ ਉਸ ਦੀ ਅਸਲੀਅਤ ਨੂੰ ਬੇਨਕਾਬ ਕਰਨ ਅਤੇ ਲੋਕਸ਼ਕਤੀਆਂ ਨੂੰ ਇਕ ਪਲੇਟਫ਼ਾਰਮ 'ਤੇ ਇਕੱਠਿਆਂ ਕਰਨ ਵਿਚ ਲਾਏ । ਇਹੋ ਬੰਟੀ ਲਈ ਸੱਚੀ ਸ਼ਰਧਾਂਜਲੀ ਸੀ ।
ਰਾਜਿੰਦਰ ਦਾ ਭਾਸ਼ਨ ਦਰਸ਼ਨ ਨੂੰ ਭੰਬਲਭੂਸਿਆਂ 'ਚ ਪਾਉਣ ਲੱਗਾ ।
ਹੁਣ ਤਕ ਤਾਂ ਸੰਘ ਸਮਝਦਾ ਸੀ ਕਿ ਮੁੱਖ ਮੰਤਰੀ ਨੂੰ ਜੇ ਕਿਸੇ ਨੇ ਝੁਕਾਇਆ ਸੀ ਤਾਂ ਉਹ ਸੰਘ ਹੀ ਸੀ । ਸੰਘ ਦੀਆਂ ਹੜਤਾਲਾਂ ਅਤੇ ਧਮਕੀਆਂ ਅੱਗੇ ਮੁੱਖ ਮੰਤਰੀ ਹਥਿਆਰ ਸੁੱਟਣ ਲਈ ਮਜਬੂਰ ਹੋਇਆ ਸੀ, ਪਰ ਲੋਕਾਂ ਦੇ ਦਾਅਵਿਆਂ ਅਤੇ ਨੇਤਾਵਾਂ ਦੇ ਭਾਸ਼ਣਾਂ ਤੋਂ ਉਸ ਨੂੰ ਮਹਿਸੂਸ ਹੋਣ ਲੱਗਾ ਸੀ ਕਿ ਮੁੱਖ ਮੰਤਰੀ ਦੇ ਐਲਾਨਾਂ ਪਿੱਛੇ ਨਾ ਸੰਘ ਦਾ ਹੱਥ ਸੀ, ਨਾ ਜਥੇਦਾਰਾਂ ਦਾ ਅਤੇ ਨਾ ਹੀ ਕਿਸੇ ਯੂਨੀਅਨ ਦਾ ।
ਇਸ ਪਿੱਛੇ ਕੋਈ ਹੋਰ ਹੀ ਕਾਰਨ ਸੀ, ਜਿਹੜੇ ਦਰਸ਼ਨ ਦੀ ਸਮਝੋਂ ਬਾਹਰ ਸੀ । ਹੋ ਸਕਦੈ ਉਹਨਾਂ ਵਿਚੋਂ ਇਕ ਰਾਜਿੰਦਰ ਦੇ ਕਹਿਣ ਮੁਤਾਬਕ, ਸੰਘ ਨੂੰ ਬੁੱਧੂ ਬਣਾਉਣਾ ਵੀ ਹੋਵੇ ।
24
ਜੇ ਪਾਲਾ ਚਾਹੁੰਦਾ ਤਾਂ ਘਰੋਂ ਭੱਜ ਕੇ ਆਪਣੀ ਜਾਨ ਬਚਾ ਸਕਦਾ ਸੀ ।
ਬਲਵੰਤ ਸਿਪਾਹੀ ਉਸ ਨੂੰ ਰਾਤ ਹੀ ਦੱਸ ਗਿਆ ਸੀ ਕਿ ਨਵੀਂ ਪੁਲਿਸ ਨੇ ਪੁਰਾਣੇ ਬਸਤੇ ਖੋਲ੍ਹ ਲਏ ਹਨ । ਪੁਲਿਸ ਨੇ ਹਰ ਉਸ ਮੁਜਰਮ ਤੋਂ ਪੁੱਛਗਿੱਛ ਕਰਨੀ , ਜਿਸ ਖ਼ਿਲਾਫ਼ ਕਦੇ ਇਕ ਵੀ ਮੁਕੱਦਮਾ ਦਰਜ ਹੋਇਆ । ਪਾਲਾ ਤਾਂ ਦਸ ਨੰਬਰੀਆ ਰਿਹਾ । ਉਸ ਦੇ ਘਰ ਪਹਿਲੀ ਹੀ ਰਾਤ ਛਾਪਾ ਪਏਗਾ ।
ਬਲਵੰਤ ਨੇ ਇਹ ਵੀ ਦੱਸਿਆ ਸੀ ਕਿ ਸਟਾਫ਼ ਬੜਾ ਖ਼ੂੰਖ਼ਾਰ । ਕਿਸੇ ਦੀ ਹੱਡੀ ਪੱਸਲੀ ਤੋੜਨਾ ਉਹਨਾਂ ਲਈ ਮਾਮੂਲੀ ਗੱਲ । ਇਹ ਬੰਦਾ ਮਾਰਨ ਲੱਗੇ ਵੀ 'ਸੀ' ਨਹੀਂ ਕਰਦੇ । ਇਕਇਕ ਨੇ ਕਈਕਈ ਬੰਦੇ ਮਾਰੇ ਹੋਏ ਹਨ । ਵੱਡਾ ਥਾਣੇਦਾਰ ਅੰਮ੍ਰਿਤਸਰ ਦੇ ਇੰਟੈਰੋਗੇਸ਼ਨ ਸੈਂਟਰ ਵਿਚੋਂ ਆਇਆ , ਬੜਾ ਜ਼ਾਲਮ । ਬੰਦੇ ਦੀ ਗਰਦਨ ਇ ਮਰੋੜ ਦਿੰਦਾ , ਜਿਵੇਂ ਬੰਦਾ ਬੰਦਾ ਨਾ ਹੋਵੇ, ਮੁਰਗ਼ਾ ਹੋਵੇ । ਵੱਡੇ ਸਾਹਿਬ ਨੇ ਉਸ ਨੂੰ ਅਖ਼ਤਿਆਰ ਵੀ ਪੂਰੇ ਦਿੱਤੇ ਹਨ । ਕਾਤਲ ਹਰ ਹਾਲਤ ਵਿਚ ਭੋਗ ਤੋਂ ਪਹਿਲਾਂਪਹਿਲਾਂ ਫੜੇ ਜਾਣ । ਇਸ ਮਕਸਦ ਦੀ ਪਰਾਪਤੀ ਲਈ ਉਹ ਭਾਵੇਂ ਵੀਹ ਬੰਦੇ ਮਾਰ ਦੇਵੇ, ਉਸ ਨੂੰ ਖੁੱਲ੍ਹੀ ਛੁੱਟੀ ।
ਪਾਲੇ ਦਾ ਇਸੇ ਵਿਚ ਫ਼ਾਇਦਾ ਕਿ ਉਹ ਦੋਚਾਰ ਦਿਨ ਇਧਰਉਧਰ ਹੋ ਕੇ ਆਪਣੀ ਜਾਣ ਬਚਾ ਲਏ ।
ਬੁੱਢੇ ਸਿਪਾਹੀ ਦੀ ਘਬਰਾਹਟ ਤੋਂ ਪਾਲੇ ਨੇ ਅੰਦਾਜ਼ਾ ਲਾ ਲਿਆ ਸੀ ਕਿ ਬਲਵੰਤ ਦੀ ਗੱਲ ਵਿਚ ਸੌ ਫ਼ੀਸਦੀ ਸੱਚ ਸੀ । ਬਲਵੰਤ ਉਹਨਾਂ ਦਾ ਪੁਰਾਣਾ ਜੁੱਟ । ਮੌਕੇਬੇਮੌਕੇ ਪਾਲੇ ਹੁਰਾਂ ਦੇ ਕੰਮ ਆਦਾ ਰਿਹਾ । ਨਵੀਂ ਯੋਜਨਾ ਦਾ ਪਤਾ ਲੱਗਦੇ ਹੀ ਉਹ ਭੱਜਾਭੱਜਾ ਆਇਆ ।
ਇਕ ਮਿੰਟ ਵੀ ਨਾ ਰੁਕਿਆ । ਹਾਲੇ ਉਸ ਨੇ ਬਹੁਤ ਮਿੱਤਰਾਂ ਦੇ ਘਰ ਜਾਣਾ ਸੀ ।
ਰੋਣਹਾਕਾ ਹੋ ਕੇ ਥਰਥਰ ਕੰਬਣ ਤੋਂ ਸਿਵਾ ਪਾਲਾ ਕੁਝ ਵੀ ਨਹੀਂ ਸੀ ਕਰ ਸਕਦਾ । ਬਲਵੰਤ ਦੀਆਂ ਗੱਲਾਂ ਸੁਣ ਕੇ ਪਾਲੇ ਦਾ ਸਾਰਾ ਸਰੀਰ ਦਰਦ ਕਰਨ ਲੱਗਾ । ਪੁਲਿਸ ਦੀ ਪੈਣ ਵਾਲੀ ਮਾਰ ਦੀ ਕਲਪਨਾ ਕਰ ਕੇ ਉਸ ਦੀਆਂ ਚੀਕਾਂ ਨਿਕਲਣ ਵਾਲੀਆਂ ਹੋ ਗਈਆਂ । ਪਹਿਲਾਂ ਉਹ ਤਕੜਾ ਸੀ । ਪੁਲਿਸ ਦੀ ਮਾਰ ਝੱਲ ਜਾਂਦਾ ਸੀ । ਹੁਣ ਤਾਂ ਉਸ ਦਾ ਹਰ ਅੰਗ ਟੁੱਟਿਆਭੱਜਿਆ ਪਿਆ । ਪੁਰੇ ਦੀ ਹਵਾ ਚੱਲਦੇ ਹੀ ਸਾਰੇ ਜੋੜਾਂ ਵਿਚ ਦਰਦ ਸ਼ੁਰੂ ਹੋ ਜਾਂਦਾ । ਪਾਲੇ ਦਾ ਸਰੀਰ ਹੁਣ ਮਾਰ ਖਾਣ ਦੇ ਕਾਬਲ ਨਹੀਂ ਰਿਹਾ ।
ਘਰੋਂ ਭੱਜ ਕੇ ਖਹਿੜਾ ਛੁੱਟ ਸਕਦਾ ਹੁੰਦਾ ਤਾਂ ਉਹ ਜ਼ਰੂਰ ਘਰੋਂ ਭੱਜ ਜਾਂਦਾ । ਕਈ ਵਾਰ ਉਸ ਨੇ ਘਰੋਂ ਭੱਜਭੱਜ ਦੇਖਿਆ ਸੀ । ਪਾਲੇ ਦੇ ਸਾਰੇ ਟੱਬਰ ਨੂੰ ਬਗਲ ਲਿਆ ਜਾਂਦਾ । ਬੁੱਢੇ ਬਾਪ ਦੀ ਦਾੜ੍ਹੀ ਪੁੱਟੀ ਜਾਂਦੀ । ਭਰਾਵਾਂ ਨੂੰ ਪੁੱਠਾ ਲਟਕਾਇਆ ਜਾਂਦਾ । ਮਾਂ ਅਤੇ ਭੈਣਾਂ ਨਾਲ ਜੋ ਸਲੂਕ ਹੁੰਦਾ, ਉਸ ਬਾਰੇ ਸੋਚ ਕੇ ਪਾਲੇ ਨੂੰ ਆਪਣੇਆਪ ਨਾਲ ਨਫ਼ਰਤ ਹੋਣ ਲੱਗਦੀ । ਉਸ ਦੀਆਂ ਭੈਣਾਂ ਨੂੰ, ਬਾਪ ਅਤੇ ਭਰਾਵਾਂ ਅੱਗੇ ਨੰਗਾ ਹੋਣਾ ਪੈਂਦਾ । ਇਕ ਤੋਂ ਦੂਜੇ ਦੇ ਗੁਪਤ ਅੰਗਾਂ ਦੇ ਵਾਲ ਪੁਟਵਾਏ ਜਾਂਦੇ । ਭੈਣਾਂ ਪੁਲਸੀਆਂ ਦੀ ਹਵਸ ਦਾ ਸ਼ਿਕਾਰ ਹੀ ਨਹੀਂ ਸੀ ਹੁੰਦੀਆਂ, ਉੱਨਾ ਚਿਰ ਗੋਹਾਕੂੜਾ ਵੀ ਕਰਦੀਆਂ ਜਿੰਨਾ ਚਿਰ ਪਾਲਾ ਹਾਜ਼ਰ ਨਾ ਹੁੰਦਾ । ਮਾਂਬਾਪ ਨੂੰ ਇਹੋ ਤਾਹਨੇ ਦਿੱਤੇ ਜਾਂਦੇ ਕਿ ਉਹਨਾਂ ਨੇ ਪਾਲੇ ਵਰਗਾ ਨਾਲਾਇਕ ਪੁੱਤ ਕਿ ਜੰਮਿਆ ? ਜਦੋਂ ਪਾਲਾ ਹਾਜ਼ਰ ਹੁੰਦਾ ਤਾਂ ਸਭ ਨੂੰ ਨੰਗੇ ਕਰ ਕੇ ਉਹੋ ਕਾਰਵਾਈ ਫੇਰ ਦੁਹਰਾਈ ਜਾਂਦੀ ।
ਮਾਂਬਾਪ ਦੀ ਬੇਇੱਜ਼ਤੀ 'ਤੇ ਪਾਲੇ ਨੂੰ ਕੋਈ ਰੰਜ ਨਹੀਂ ਸੀ ਹੁੰਦਾ । ਉਸ ਸਮੇਂ ਉਹ ਸਮਝਦਾ ਸੀ ਕਿ ਪਾਲੇ ਨੂੰ ਚੋਰ ਬਣਾਉਣ ਵਿਚ ਉਹੋ ਭਾਈਵਾਲ ਸਨ । ਉਹਨਾਂ ਨਾਲ ਜਿੰਨੀ ਹੋਵੇ, ਓਨੀ ਹੀ ਥੋੜ੍ਹੀ ਸੀ ।
ਆੜ੍ਹਤ ਦੀ ਦੁਕਾਨ 'ਤੇ ਮਾਪਿਆਂ ਨੂੰ ਚੰਗੀ ਮਜ਼ਦੂਰੀ ਮਿਲਦੀ ਸੀ । ਕੰਮ ਕਰਨ ਵਾਲੇ ਬਥੇਰੇ ਜੀਅ ਸਨ । ਕੁਲ ਮਿਲਾ ਕੇ ਪੂਰੇ ਗਿਆਰਾਂ । ਪੰਜਾਹਸੱਠ ਦੀ ਦਿਹਾੜੀ ਕਿਧਰੇ ਨਹੀਂ ਸੀ ਜਾਂਦੀ । ਸੀਜ਼ਨ ਵਿਚ ਦਾਣੇਫੱਕੇ ਦੇ ਬੋਹਲ ਲੱਗ ਜਾਂਦੇ । ਫੇਰ ਉਹਨਾਂ ਨੂੰ ਕੀ ਲੋੜ ਸੀ, ਪਿੜਾਂ 'ਚੋਂ ਕਣਕਾਂ, ਕਪਾਹਾਂ ਤੇ ਝੋਨਾ ਚੋਰੀ ਕਰਨ ਦੀ ? ਕਦੇ ਕਿਸੇ ਢੇਰ ਵਿਚੋਂ ਕਣਕ ਦਾ ਪੀਪਾ ਭਰ ਲਿਆ, ਕਦੇ ਕਿਸੇ ਢੇਰ 'ਚੋਂ ਰੁੱਗ ਕਪਾਹ ਦਾ ਖਿਸਕਾ ਲਿਆ । ਉਹਨਾਂ ਨੂੰ ਨਾ ਆੜ੍ਹਤੀਆ ਕੁਝ ਆਖਦਾ ਨਾ ਮੁਨੀਮ । ਇਸ ਗੱਲ ਦੀ ਪਾਲੇ ਨੂੰ ਪਿੱਛੋਂ ਸਮਝ ਆਈ ਸੀ ਕਿ ਆੜ੍ਹਤੀਏ ਦੀ ਇਸ ਮਿਹਰਬਾਨੀ ਦਾ ਮੁੱਲ ਮਾਂ ਕਿਸ ਰੂਪ ਵਿਚ ਉਤਾਰਦੀ ਸੀ ।
ਪਾਲਾ ਵੱਡਾ ਹੋਇਆ ਤਾਂ ਉਸ ਨੂੰ ਇਹੋ ਜਾਚ ਸਿਖਾਈ ਗਈ । ਜਿੱਡੀ ਵੱਡੀ ਚੋਰੀ ਕਰਦਾ, ਓਡੀ ਵੱਡੀ ਥਾਪੀ ਮਿਲਦੀ । ਕਦੇਕਦੇ ਝੋਲੀ ਦਾਣਿਆਂ ਦੀ ਵੀ ਮਿਲਦੀ । ਦਾਣੇ ਵੇਚ ਕੇ ਜੋ ਮਰਜ਼ੀ ਖਾਵੇ ।
ਖ਼ਰਚਣ ਲਈ ਪੈਸੇ ਹੋਣ ਤਾਂ ਖਾਣਪੀਣ ਦੀਆਂ ਚੀਜ਼ਾਂ ਦੀ ਤਾਂ ਕੋਈ ਕਮੀ ਨਹੀਂ । ਵਾਸਦੇਵ ਦੀ ਬਰਫ਼, ਰਾਮ ਦੀਆਂ ਕਚੌਰੀਆਂ, ਲੀਲੇ ਦੇ ਲੱਡੂ ਅਤੇ ਮੋਟੇ ਦੀਆਂ ਜਲੇਬੀਆਂ, ਨੱਨੇ ਦੀ ਕਰਾਰੀ ਚਾਟ ਅਤੇ ਮਿੱਠੂ ਦੇ ਭੱਲੇ ।
ਕਰਾਰੀਆਂ ਚੀਜ਼ਾਂ ਖਾਣ ਦਾ ਅਜਿਹਾ ਭੁੱਸ ਪਿਆ ਕਿ ਰੋਟੀ ਸਵਾਦ ਲੱਗਣੋਂ ਹਟ ਗਈ ।
ਪਾਲਾ ਸਾਬਤ ਕਣਕ ਦਾ ਪੀਪਾ ਵੇਚ ਕੇ ਪੈਸੇ ਜੇਬ 'ਚ ਪਾਉਣ ਲੱਗਾ । ਉਹਨਾਂ ਪੈਸਿਆਂ ਨਾਲ ਉਹ ਫ਼ਿਲਮ ਦੇਖਦਾ, ਬੀੜੀਆਂ ਪੀਂਦਾ ਅਤੇ ਦੋਸਤਾਂ ਨਾਲ ਰਲ ਕੇ ਮੱਛੀ ਖਾਂਦਾ । ਸਿਨੇਮੇ ਵਿਚ ਉਸ ਦੀ ਮੁਲਾਕਾਤ ਮੀਤੇ, ਨਿੰਦੇ ਅਤੇ ਘਾਰੂ ਨਾਲ ਹੋਈ । ਮੀਤਾ ਜੇਬਾਂ ਕੱਟਦਾ ਸੀ । ਨਿੰਦਾ ਅਤੇ ਘਾਰੂ ਚੋਰੀ ਕਰਦੇ ਸਨ । ਉਹਨਾਂ ਦੀਆਂ ਸ਼ਕਲਾਂ, ਕਦਕਾਠ ਅਤੇ ਪਹਿਰਾਵਾ ਪਾਲੇ ਨਾਲ ਮਿਲਦਾ ਜੁਲਦਾ ਸੀ । ਮਾਂਬਾਪ ਵੀ ਇਕੋ ਜਿਹੇ ਅਤੇ ਘਰਬਾਰ ਵੀ । ਉਹ ਸਾਰੇ ਹੀ ਚੋਰੀ ਫ਼ਿਲਮਾਂ ਦੇਖਦੇ ਸਨ । ਕੁਝ ਦਿਨਾਂ ਵਿਚ ਉਹ ਸਾਰੇ ਦੋਸਤ ਬਣ ਗਏ ।
ਪੈਸੇ ਕਮਾਉਣ ਦਾ ਘਾਰੂ ਨੇ ਬੜਾ ਵਧੀਆ ਤਰੀਕਾ ਦੱਸਿਆ । ਸਿਨੇਮਾ ਅੱਗੇ ਖਵੇ ਸਾਈਕਲਾਂ ਦੀਆਂ ਘੰਟੀਆਂ ਤੋਂ ਪਿੱਤਲ ਦੀਆਂ ਕੌਲੀਆਂ ਲਾਹ ਲਓ । ਇਕ ਕੌਲੀ ਬਦਲੇ ਨੱਨਾ ਚਾਟ ਵਾਲਾ ਪੂਰਾ ਪੱਤਾ ਚਾਟ ਦਾ ਦਿੰਦਾ । ਵੈਸੇ ਇਹ ਕੰਮ ਸੌਖਾ ਨਹੀਂ ਸੀ । ਠੇਕੇਦਾਰ ਅਕਸਰ ਉਨਾਂ ਦੀ ਮੁਰੰਮਤ ਕਰ ਦਿੰਦੇ । ਉਹ ਡਾਕਖ਼ਾਨੇ, ਹਸਪਤਾਲ ਅਤੇ ਬੈਂਕ ਅੱਗੇ ਖੜੇ ਸਾਈਕਲਾਂ 'ਤੇ ਹੱਥ ਫੇਰਨ ਲੱਗੇ ।
ਨਿੰਦੇ ਨੇ ਖੋਜ ਕੱਢੀ । ਉਸ ਨੂੰ ਪਤਾ ਲੱਗ ਗਿਆ ਕਿ ਨੱਨਾ ਕੌਲੀਆਂ ਕਿਥੇ ਵੇਚਦਾ ।
ਨਿੰਦਾ ਕਬਾੜੀਏ ਨੂੰ ਮਿਲ ਵੀ ਆਇਆ । ਜੇ ਸਿੱਧੀ ਕੌਲੀ ਉਸ ਕੋਲ ਵੇਚੀ ਜਾਵੇ ਤਾਂ ਦੋ ਰੁਪਏ ਮਿਲ ਸਕਦੇ ਸਨ । ਚਾਟ ਵਾਲਾ ਪੱਤਾ ਤਾਂ ਸਾਰਾ ਅੱਠ ਆਨੇ ਦਾ ਹੁੰਦਾ ਸੀ ।
ਉਹਨਾਂ ਦੀ ਕਬਾੜੀਏ ਨਾਲ ਦੋਸਤੀ ਹੋ ਗਈ ।
ਕਦੇਕਦੇ ਉਹ ਗਲੀਆਂ ਵਿਚ ਚੱਕਰ ਕੱਢਦੇ । ਚਬੂਤਰਿਆਂ 'ਤੇ ਪਏ ਗਲਾਸ, ਕੌਲੀਆਂ ਖਿਸਕਾ ਲੈਂਦੇ । ਇਹਨਾਂ ਚੀਜ਼ਾਂ ਦੇ ਚੰਗੇ ਪੈਸੇ ਮਿਲਦੇ ।
''ਘੰਟੀਆਂ ਲਾਹੁਣ ਨੂੰ ਤੁਸੀਂ ਹੁਣ ਜਵਾਕ ਨਹੀਂ ਰਹੇ । ਸਾਈਕਲ ਹੀ ਉਡਾ ਲਿਆ ਕਰੋ । ਪੰਜਾਹ ਰੁਪਏ ਫ਼ੀ ਸਾਈਕਲ ਮਿਲਿਆ ਕਰਨਗੇ ।'' ਕਬਾੜੀਏ ਨੇ ਇਕ ਦਿਨ ਉਹਨਾਂ ਨੂੰ ਵੱਡੇ ਹੋਣ ਦਾ ਅਹਿਸਾਸ ਕਰਾਇਆ । ਮੀਤਾ ਜੇਬਾਂ ਕੱਟਣ ਵਿਚ ਮਾਹਿਰ ਹੋ ਗਿਆ । ਉਹ ਕਦੇਕਦੇ ਹੀ ਮਿਲਦਾ । ਪੱਕੀ ਦੋਸਤੀ ਤਿੰਨਾਂ ਵਿਚ ਹੀ ਰਹਿ ਗਈ ।
ਸੱਚਮੁੱਚ ਸਾਈਕਲਾਂ ਵਾਲਾ ਧੰਦਾ ਵਧੀਆ ਸੀ । ਚੋਰੀ ਦਾ ਢੰਗ ਵੀ ਕਬਾੜੀਏ ਨੇ ਹੀ ਦੱਸਿਆ ਸੀ । ਜਿਸ ਸਾਈਕਲ ਨੂੰ ਚੋਰੀ ਕਰਨਾ ਹੋਵੇ, ਉਸ ਕੋਲ ਆਪਣਾ ਸਾਈਕਲ ਖੜਾ ਕਰ ਦਿਓ । ਕੁਝ ਦੇਰ ਇਧਰਉਧਰ ਘੁੰਮ ਕੇ ਚੋਰੀ ਵਾਲਾ ਸਾਈਕਲ ਖਿਸਕਾ ਕੇ ਤੁਰਦੇ ਬਣੋ । ਜੇ ਫਵੇ ਜਾਓ ਤਾਂ ਗ਼ਲਤੀ ਹੋਣ ਦੀ ਮੁਆਫ਼ੀ ਮੰਗੋ । ਪਏ ਭੁਲੇਖੇ ਦਾ ਅਹਿਸਾਸ ਕਰਾਓ । ਆਪਣਾ ਸਾਈਕਲ ਚੁੱਕ ਕੇ ਤੁਰਦੇ ਬਣੋ । ਜੇ ਸਾਈਕਲ ਥਾਂ ਸਿਰ ਪਹੁੰਚਾਉਣ ਵਿਚ ਕਾਮਯਾਬ ਹੋ ਗਏ ਤਾਂ ਥੋੜ੍ਹੀ ਦੇਰ ਬਾਅਦ ਆਪਣਾ ਸਾਈਕਲ ਵੀ ਚੁੱਕ ਲਿਆਓ ।
ਇਕ ਵਾਰ ਸਾਈਕਲ ਕਬਾੜਖ਼ਾਨੇ ਤਕ ਪਹੁੰਚਾ ਦਿਉ, ਪੈਸੇ ਖਰੇ । ਕਬਾੜਖ਼ਾਨੇ ਪੁੱਜਦਿਅ ਹੀ ਸਾਈਕਲ ਦਾ ਪੁਰਜ਼ਾਪੁਰਜ਼ਾ ਹੋ ਜਾਂਦਾ ਸੀ ।
ਕਈ ਸਾਲ ਉਹ ਮੌਜਾਂ ਕਰਦੇ ਰਹੇ । ਪਾਲਾ ਘਰੇ ਵੜਨੋਂ ਹਟ ਗਿਆ । ਸਾਰਾ ਦਿਨ ਦੋਸਤਾਂ ਨਾਲ ਫਿਰਦਾ ਰਹਿੰਦਾ । ਕੰਮਕਾਰ ਉੱਕਾ ਛੱਡ ਦਿੱਤਾ । ਦਿਲ ਕੀਤਾ ਘਰ ਚਲਾ ਗਿਆ, ਨਾ ਦਿਲ ਕੀਤਾ ਤਾਂ ਕਬਾੜਖ਼ਾਨੇ ਪਿਆ ਰਿਹਾ ।
ਫੇਰ ਉਹਨਾਂ ਨੂੰ ਲੱਗਾ, ਸਾਈਕਲਾਂ ਦੀ ਚੋਰੀ ਨਾਲ ਗੁਜ਼ਾਰਾ ਹੋਣਾ ਮੁਸ਼ਕਿਲ ਸੀ । ਪੰਜਾਹ ਰੁਪਏ ਨਾਲ ਤਿੰਨ ਜਣਿਆਂ ਦਾ ਕੀ ਬਣਦਾ ? ਪੰਜਾਹ ਦੀ ਤਾਂ ਸ਼ਰਾਬ ਆਦੀ । ਉਪਰਲਾ ਖ਼ਰਚ ਕਿਥੋਂ ਆਵੇ ?
ਕਬਾੜੀਆ ਫੇਰ ਉਹਨਾਂ ਦੀ ਸਹਾਇਤਾ ਲਈ ਬਹੁੜਿਆ । ਉਹ ਸਕੂਟਰਾਂ 'ਤੇ ਹੱਥ ਅਜ਼ਮਾ ਕੇ ਦੇਖਣ ।ਘਾਰੂ ਸਕੂਟਰ ਚਲਾ ਲੈਂਦਾ ਸੀ । ਪਾਲੇ ਹੁਰੀਂ ਉਸ ਦੀ ਹਿਫ਼ਾਜ਼ਤ ਕਰਨ ਲੱਗੇ । ਤਰੀਕਾ ਉਹੋ ਪੁਰਾਣਾ । ਬੱਸ ਥੋੜ੍ਹਾ ਜਿਹਾ ਖ਼ਿਆਲ ਰੱਖਣਾ ਪੈਂਦਾ ਸੀ । ਕੰਮਕਾਰ ਦਾ ਘੇਰਾ ਵੱਡਾ ਕਰਨਾ ਪੈਣਾ ਸੀ । ਬਾਹਰਲੇ ਕਸਬਿਆਂ ਤਕ ਜਾਣਾ ਪੈਣਾ ਸੀ । ਕੰਮ ਸ਼ੁਰੂ ਕਰਨ ਲਈ ਕਬਾੜੀਏ ਨੇ ਉਹਨਾਂ ਨੂੰ ਇਕ ਸਕੂਟਰ ਵੀ ਦੇ ਦਿੱਤਾ ।
ਇਹ ਧੰਦਾ ਬਹੁਤਾ ਚਿਰ ਨਾ ਚੱਲਿਆ । ਸਕੂਟਰ ਦਾ ਅਕਸਰ ਬੀਮਾ ਹੋਇਆ ਹੁੰਦਾ ਸੀ । ਬੀਮੇ ਦੀ ਰਕਮ ਲੈਣ ਲਈ ਚੋਰੀ ਦੀ ਰਿਪੋਰਟ ਦਰਜ ਹੋਣੀ ਜ਼ਰੂਰੀ ਸੀ । ਸਾਈਕਲ ਦੀ ਚੋਰੀ ਥੋੜ੍ਹਾ ਸੀ ਕਿ ਮਾਲਕ ਸਬਰ ਦੀ ਘੁੱਟ ਭਰ ਕੇ ਬੈਠ ਜਾਏ । ਕੋਈ ਥਾਣੇ ਚਲਾ ਵੀ ਜਾਂਦਾ ਤਾਂ ਥਾਣੇ ਵਾਲੇ ਰਸੀਦਾਂ ਪੇਸ਼ ਕਰਨ ਦੇ ਬਹਾਨੇ ਟਾਲ ਦਿੰਦੇ । ਸਕੂਟਰਾਂ ਵਾਲੇ ਪਰਚਾ ਦਰਜ ਕਰਾ ਕੇ ਹੀ ਹਟਦੇ ।
ਸਕੂਟਰ ਚੋਰੀ ਹੋਣ ਦੇ ਦੋਚਾਰ ਮੁਕੱਦਮੇ ਦਰਜ ਹੋਏ ਤਾਂ ਪੁਲਿਸ ਨੂੰ ਫ਼ਿਕਰ ਹੋ ਗਿਆ ।
ਚੌਥਾ ਸਕੂਟਰ ਚੁੱਕਦੇ ਹੀ ਉਹ ਫੜੇ ਗਏ ।
ਥਾਣੇ ਦੀ ਇਹ ਉਸ ਦੀ ਪਹਿਲੀ ਸੈਰ ਸੀ ।
ਇਕਦੋ ਵਾਰ ਥਾਣੇ ਜਾ ਕੇ ਪੁਲਿਸ ਦਾ ਹਊਆ ਚੁੱਕਿਆ ਗਿਆ । ਪੁਲਿਸ ਵਾਲੇ ਜ਼ਾਲਮ ਘੱਟ ਤੇ ਦੋਸਤ ਜ਼ਿਆਦਾ ਸਨ । ਪਹਿਲਾਂਪਹਿਲਾਂ ਦੱਬ ਕੇ ਕੁੱਟਦੇ ਸਨ, ਪਰ ਸੱਟਾਂ ਠੀਕ ਹੋਣ ਤੋਂ ਪਹਿਲਾਂ ਹੀ ਗਹਿਰੀ ਦੋਸਤੀ ਵੀ ਗੰਢ ਲੈਂਦੇ ਸਨ । ਹਿੱਸਾਪੱਤੀ ਆਪੇ ਤਹਿ ਕਰ ਲੈਂਦੇ ।
ਥਾਣੇਜੇਲ੍ਹਾਂ ਵਿਚ ਉਹਨਾਂ ਦੀ ਦੋਸਤੀ ਦਾ ਘੇਰਾ ਵਿਸ਼ਾਲ ਹੁੰਦਾ ਗਿਆ । ਚੋਰਾਂ ਦੇ ਕਈ ਗਰੋਹ ਉਹਨਾਂ ਦੇ ਸੰਪਰਕ ਵਿਚ ਆ ਗਏ । ਸਾਈਕਲਾਂ ਦੀ ਚੋਰੀ ਵੀ ਕੋਈ ਚੋਰੀ ? ਕੋਠੀਆਂ ਨੂੰ ਪਾੜ ਲਾਓ ।
ਥਾਣੇਕਚਹਿਰੀ ਉਹਨਾਂ ਲਈ ਆਮ ਗੱਲ ਹੋ ਗਈ । ਵਕੀਲਾਂ ਨੇ ਬਰੀ ਹੋਣ ਦੇ ਸਾਰੇ ਦਾਅਪੇਚ ਸਿਖਾ ਦਿੱਤੇ । ਬਿਨਾਂ ਝਿਜਕ ਘਰਾਂ 'ਚ ਚੋਰੀਆਂ ਕਰਨ ਲੱਗੇ । ਬਹੁਤੀਆਂ ਚੋਰੀਆਂ ਵਿਚ ਉਹ ਫੜੇ ਹੀ ਨਾ ਜਾਂਦੇ ਜਾਂ ਆਖੋ ਪੁਲਿਸ ਫੜਦੀ ਹੀ ਨਾ । ਕਦੇ ਫੜੇ ਜਾਂਦੇ ਤਾਂ ਪੁਲਿਸ ਨੂੰ ਮਾਲ ਖ਼ਰੀਦਣ ਵਾਲਿਆਂ ਦੇ ਘਰ ਲਿਜਾ ਕੇ ਪੈਸੇ ਖਟਾ ਦਿੰਦੇ ।
ਕੋਈ ਧੜੱਲੇਦਾਰ ਥਾਣੇਦਾਰ ਹੁੰਦਾ ਤਾਂ ਮਹੀਨਾਵੀਹ ਦਿਨ ਜੇਲ੍ਹ 'ਚ ਰਹਿ ਕੇ ਜੁਰਮ ਦਾ ਇਕਬਾਲ ਕਰ ਲੈਂਦੇ, ਉਹ ਖ਼ੁਸ਼ ਹੋ ਜਾਂਦਾ । ਉਸ ਦਾ ਮੁਕੱਦਮਾ ਕਾਮਯਾਬ ਹੋ ਗਿਆ ।
ਮਾੜਾ ਹੁੰਦਾ ਤਾਂ ਜ਼ਮਾਨਤ ਕਰਾ ਕੇ ਬਾਹਰ ਆ ਜਾਂਦੇ । ਗਵਾਹ ਕਚਹਿਰੀ ਦੇ ਚੱਕਰ ਕੱਟਕੱਟ ਹੰਭ ਜਾਂਦੇ । ਅੱਕ ਕੇ ਪੈਰਵਾਈ ਛੱਡ ਜਾਂਦੇ । ਅੱਧੇ ਗਵਾਹ ਆਪਣੀ ਧਰਮ ਦੀ ਸਹੁੰ ਖਾ ਕੇ ਝੂਠ ਬੋਲਣ ਤੋਂ ਨਾਂਹ ਕਰ ਦਿੰਦੇ । ਸੱਚ ਬੋਲੇ ਤਾਂ ਉਹ ਬਰੀ । ਕੋਈ ਬਹੁਤਾ ਹੀ ਚੁਸਤ ਮੁਦੱਈ ਹੁੰਦਾ ਤਾਂ ਪਾਲੇ ਹੁਰੀਂ ਸਰਕਾਰੀ ਵਕੀਲ ਨੂੰ ਪੈਸੇ ਦੇ ਦਿੰਦੇ । ਉਹ ਆਪੇ ਹੇਠਉਤਾਂਹ ਕਰ ਕੇ ਬਰੀ ਕਰਵਾ ਦਿੰਦਾ ।
ਪਾਲੇ ਨੂੰ ਇਹ ਕੰਮ ਬੜਾ ਰਾਸ ਆ ਗਿਆ ਸੀ । ਮੌਜਾਂ ਹੀ ਮੌਜਾਂ ਸਨ । ਜੇਲ੍ਹਾਂ 'ਚ ਬਣੇ ਦੋਸਤ ਬੜੇ ਕੰਮ ਆਦੇ ਸਨ । ਕਦੇ ਭੀੜ ਪੈਂਦੀ ਤਾਂ ਵੱਡੇ ਸਮੱਗਲਰਾਂ ਦੀ ਓਟ ਮਿਲ ਜਾਂਦੀ ।
ਫੇਰ ਬੀ.ਏ. ਨਾਂ ਨਾਲ ਮਸ਼ਹੂਰ ਇਕ ਅਜਿਹਾ ਥਾਣੇਦਾਰ ਆਇਆ ਕਿ ਉਹਨਾਂ ਨੂੰ ਨਾਨੀ ਯਾਦ ਆ ਗਈ । ਤੇਜ਼ ਰੋਸ਼ਨੀਆਂ ਅੱਗੇ ਬਿਠਾਬਿਠਾ ਕੇ ਪਹਿਲਾਂ ਪਾਲੇ ਦੀ ਨਿਗਾਹ ਕਮਜ਼ੋਰ ਕੀਤੀ । ਜਦੋਂ ਦਿਖੇਗਾ ਹੀ ਨਹੀਂ ਚੋਰੀ ਕਿਵੇਂ ਕਰੇਗਾ ? ਪਿੱਛੋਂ ਚੂਲਾ ਲਾਹ ਦਿੱਤਾ । ਮਹੀਨਾ ਥਾਣੇ ਪਾਈ ਰੱਖਿਆ । ਇਲਾਜ ਵੀ ਨਾ ਕਰਵਾਉਣ ਦਿੱਤਾ, ਉਹ ਲੰਗੜਾ ਹੋ ਕੇ ਤੁਰਨ ਲੱਗਾ ।
ਘਾਰੂ ਦੀਆਂ ਦੋਵੇਂ ਬਾਹਾਂ ਤੋੜ ਦਿੱਤੀਆਂ । ਨਿੱਕੇ ਕੇ ਕੰਨਾਂ ਵਿਚ ਕੋਈ ਚੀਜ਼ ਪਾ ਦਿੱਤੀ, ਉਹ ਬੋਲਾ ਹੋ ਗਿਆ ।
ਉਹਨਾਂ ਵਿਚੋਂ ਕੋਈ ਵੀ ਚੋਰੀ ਦੇ ਕਾਬਲ ਨਾ ਰਹਿਣ ਦਿੱਤਾ ।
ਸਾਲ ਭਰ ਹਸਪਤਾਲਾਂ ਦੇ ਧੱਕੇ ਖਾ ਕੇ ਪਾਲੇ ਨੂੰ ਮਸਾਂ ਧੁੱਪਛਾਂ ਦਿਖਾਈ ਦੇਣ ਲੱਗੀ ਸੀ ।
ਬਸਾਖੀਆਂ ਤਾਂ ਲਹਿ ਗਈਆਂ, ਪਰ ਤੇਜ਼ ਤੁਰਨ ਲੱਗਿਆਂ ਸਾਰੀ ਟੰਗ ਦਰਦ ਕਰਨ ਲੱਗਦੀ ।
ਜੀਵਨ ਆੜ੍ਹਤੀਆ ਉਸ ਦੀ ਬਾਂਹ ਨਾ ਫੜਦਾ ਤਾਂ ਪਾਲੇ ਨੂੰ ਕਿਸੇ ਮੰਦਰਗੁਰਦੁਆਰੇ ਅੱਗੇ ਬੈਠ ਕੇ ਭੀਖ ਮੰਗਣੀ ਪੈਂਦੀ । ਬਾਪ ਨੇ ਜੀਵਨ ਦੇ ਪੈਰੀਂ ਪੱਗ ਧਰੀ, ਮਾਂ ਨੇ ਹਾੜ੍ਹੇ ਕੱਢੇ ।
ਸਾਰੀ ਉਮਰ ਜੀਵਨ ਦੀ ਕੀਤੀ ਗ਼ੁਲਾਮੀ ਦੀ ਯਾਦ ਦਿਵਾਈ । ਪਾਲੇ ਨੇ ਵੀ ਨੱਕ ਨਾਲ ਲਕੀਰਾਂ ਕੱਢੀਆਂ । ਮਾੜੇ ਕੰਮਾਂ ਦੀ ਅਸਲ ਸਜ਼ਾ ਉਹ ਹੁਣ ਭੁਗਤਣ ਲੱਗਾ ਸੀ । ਪੰਝੀਆਂ ਦੀ ਉਮਰ ਵਿਚ ਸੱਠਾਂ ਦਾ ਲੱਗਣ ਲੱਗਾ ਸੀ । ਉਹ ਹੋਰ ਪਾਪ ਨਹੀਂ ਕਰੇਗਾ ।
ਪਾਲੇ ਨੂੰ ਸੁਧਰਨ ਦਾ ਮੌਕਾ ਮਿਲਿਆ । ਜੀਵਨ ਨੇ ਅੱਖਾਂ ਵਾਲੇ ਡਾਕਟਰ ਤੋਂ ਉਸ ਦਾ ਇਲਾਜ ਵੀ ਕਰਵਾ ਦਿੱਤਾ । ਮੋਟੇਮੋਟੇ ਸ਼ੀਸ਼ਿਆਂ ਵਾਲੀਆਂ ਐਨਕਾਂ ਲਾ ਕੇ ਉਹ ਠੀਕ ਦੇਖ ਸਕਦਾ ਸੀ ।
ਮੁੜ ਉਸ ਨੂੰ ਨਾ ਘਾਰੂ ਦੇ ਦਰਸ਼ਨ ਹੋਏ ਨਾ ਨਿੰਦੇ ਦੇ । ਪਾਲਾ ਉਹਨਾਂ ਨੂੰ ਭੁੱਲਭੁਲਾ ਗਿਆ ।
ਪਾਲੇ ਦਾ ਪਿਛਲੇ ਸਾਲ ਵਿਆਹ ਵੀ ਹੋ ਗਿਆ ਸੀ । ਉਹ ਬਾਪ ਬਣਨ ਵਾਲਾ ਸੀ ।
ਬਲਵੰਤ ਸਿਪਾਹੀ ਦੇ ਆਖੇ ਲੱਗ ਕੇ ਜੇ ਉਹ ਘਰੋਂ ਭੱਜ ਵੀ ਜਾਂਦਾ ਤਾਂ ਪਿੱਛੋਂ ਕੀ ਹੋਣਾ ਸੀ, ਉਸ ਤੋਂ ਭੁੱਲਾ ਨਹੀਂ ਸੀ । ਭੈਣਾਂ ਤਾਂ ਵਿਆਹੀਆਂ ਵਰੀਆਂ ਗਈਆਂ । ਮਾਂ ਥਾਣੇ ਜਾਣ ਜੋਗੀ ਨਹੀਂ ਸੀ । ਸਾਰੀ ਉਮਰ ਧੂੜ ਫੱਕਦੀ ਰਹਿਣ ਕਾਰਨ ਉਸ ਨੂੰ ਟੀ.ਬੀ. ਹੋ ਗਈ । ਪੁਲਿਸ ਦੀ ਇਕੋ ਘੁਰਕੀ ਨਾਲ ਉਸ ਨੇ ਮਰ ਜਾਣਾ ਸੀ । ਨੰਗੀ ਕਰਨ ਲਈ ਉਸ ਦੀ ਪਤਨੀ ਹੀ ਰਹਿ ਜਾਣੀ ਸੀ । ਪਤਨੀ ਨੂੰ ਪੁਲਿਸ ਦੇ ਹੱਥ ਉਹ ਦੇਣਾ ਨਹੀਂ ਸੀ ਚਾਹੁੰਦਾ ।
ਪਾਲਾ ਮੋਢੇ 'ਤੇ ਭੂਰਾ ਰੱਖ ਕੇ ਜੀਵਨ ਆੜ੍ਹਤੀਏ ਕੋਲ ਚਲਾ ਗਿਆ । ਕਿਸੇ ਜਾਣਪਹਿਚਾਣ ਵਾਲੇ ਰਾਹੀਂ ਉਹ ਪਾਲੇ ਨੂੰ ਪੁਲਿਸ ਕੋਲ ਪੇਸ਼ ਕਰਾ ਦੇਵੇ ।
ਜੀਵਨ ਸੋਚੀਂ ਪੈ ਗਿਆ, ਕਿਸ ਅਫ਼ਸਰ ਰਾਹੀਂ ਪਾਲੇ ਨੂੰ ਪੇਸ਼ ਕਰੇ । ਹੌਲਦਾਰ ਤੋਂ ਲੈ ਕੇ ਡਿਪਟੀ ਤਕ ਸਾਰੇ ਅਫ਼ਸਰਾਂ ਦਾ ਇਕਦਮ ਤਬਾਦਲਾ ਹੋ ਗਿਆ ਸੀ । ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਸੀ ਹੋਇਆ । ਪਹਿਲਾਂ ਇਕਦੋ ਦੇ ਤਬਾਦਲੇ ਹੁੰਦੇ ਸਨ । ਪੁਰਾਣਿਆਂ ਰਾਹੀਂ ਨਵੇਂ ਅਫ਼ਸਰਾਂ ਨਾਲ ਜਾਣਪਹਿਚਾਣ ਹੋ ਜਾਂਦੀ ।
ਪਹਿਲਾ ਡਿਪਟੀ ਹੁੰਦਾ ਤਾਂ ਪਾਲੇ ਨੂੰ ਕਿਸੇ ਨੇ ਥਾਣੇ ਬੁਲਾਉਣਾ ਤੱਕ ਨਹੀਂ ਸੀ ।ਪਾਲੇ ਦਾ ਠੀਕ ਰਿਕਾਰਡ ਦੇਖ ਕੇ ਦੋ ਸਾਲ ਪਹਿਲਾਂ ਉਸ ਨੇ ਪਾਲੇ ਦੀ ਹਿਸਟਰੀਸ਼ੀਟ ਬੰਦ ਕਰਵਾ ਦਿੱਤੀ ਸੀ । ਹਿਸਟਰੀਸ਼ੀਟ ਬੰਦ ਕਰਵਾਉਣੀ ਕੋਈ ਖੇਡ ਨਹੀਂ ਹੁੰਦੀ । ਸੈਂਕੜੇ ਰਿਪੋਰਟਾਂ ਹੁੰਦੀਆਂ ਹਨ, ਪਰ ਡਿਪਟੀ ਜੀਵਨ ਦਾ ਹਮਪਿਆਲਾ ਸੀ । ਉਸ ਦੀ ਗਰੰਟੀ ਦੇ ਆਧਾਰ 'ਤੇ ਹੀ ਪਾਲੇ ਨੂੰ ਦਸ ਨੰਬਰੀਆਂ ਵਿਚੋਂ ਕੱਢ ਦਿੱਤਾ ਗਿਆ ਸੀ ।
ਹਥਿਆਰ ਸੁੱਟਣ ਵਾਲਾ ਜੀਵਨ ਵੀ ਨਹੀਂ ਸੀ । ਵਾਕਫ਼ ਤਾਂ ਉਸ ਦੇ ਜੱਜ ਵੀ ਸਨ । ਇਸ ਕੰਮ ਲਈ ਤਾਂ ਸਰਕਾਰੀ ਵਕੀਲ ਦੀ ਸਿਫ਼ਾਰਸ਼ ਹੀ ਕਾਫ਼ੀ ਸੀ ।
ਗੁਰਮੀਤ ਰਾਹੀਂ ਪਾਲਾ ਪੇਸ਼ ਹੋ ਗਿਆ ।
ਪਾਲਾ ਆਪੇ ਪੇਸ਼ ਹੋਇਆ ਸੀ, ਇਸ ਲਈ ਉਹ ਪੁਲਿਸ ਦੇ ਗ਼ੁੱਸੇ ਤੋਂ ਬਚਿਆ ਹੋਇਆ ਸੀ । ਉਸ ਨੂੰ ਮਜ਼ਾਰ ਵਾਲੇ ਚਬੂਤਰੇ ਕੋਲ ਬੈਠ ਕੇ ਆਪਣੀ ਵਾਰੀ ਦੀ ਉਡੀਕ ਕਰਨ ਦਾ ਹੁਕਮ ਹੋਇਆ ਸੀ ।
ਪਾਲੇ ਦੀ ਨਜ਼ਰ ਥਾਣੇ ਦੇ ਵੱਡੇ ਦਰਵਾਜ਼ੇ 'ਤੇ ਟਿਕੀ ਹੋਈ ਸੀ । ਹਰ ਦਸਪੰਦਰਾਂ ਮਿੰਟਾਂ ਬਾਅਦ ਗੇਟ 'ਤੇ ਪੁਲਿਸ ਦੀ ਕੋਈ ਗੱਡੀ ਰੁਕਦੀ । ਉਸ ਵਿਚੋਂ ਪਾਲੇ ਵਰਗਾ ਕੋਈ ਦਸ ਨੰਬਰੀਆ ਉਤਰਦਾ ਜਾਂ ਦਸ ਨੰਬਰੀਏ ਦੇ ਵਾਰਿਸ ।
ਥਾਣੇ ਵਿਚ ਵਧ ਰਹੀ ਭੀੜ ਨੂੰ ਦੇਖ ਕੇ ਪਾਲੇ ਨੂੰ ਕਾਂਬਾ ਛਿੜ ਰਿਹਾ ਸੀ । ਕਿਸੇ ਵੀ ਸਮੇਂ ਉਸ 'ਤੇ ਤਸ਼ੱਦਦ ਭਾਰੂ ਹੋ ਸਕਦਾ ਸੀ ।
ਹੁਣ ਭਾਵੇਂ ਦੋਤਿੰਨ ਸਾਲਾਂ ਤੋਂ ਉਹ ਟਿਕਿਆ ਹੋਇਆ ਸੀ, ਪਰ ਉਸ ਦੇ ਖ਼ਿਲਾਫ਼ ਦਰਜ ਹੋਏ ਮੁਕੱਦਮਿਆਂ ਦੀ ਲਿਸਟ ਬਹੁਤ ਲੰਬੀ ਸੀ । ਕਈਆਂ ਵਿਚ ਉਸ ਨੂੰ ਸਜ਼ਾ ਹੋਈ ਸੀ, ਕਈਆਂ ਵਿਚੋਂ ਬਰੀ ਹੋਇਆ ਸੀ । ਇਹਨਾਂ ਸਜ਼ਾਵਾਂ ਦੇ ਆਧਾਰ 'ਤੇ ਹੀ ਉਸ ਨੂੰ ਦਸ ਨੰਬਰੀਆ ਬਣਾਇਆ ਗਿਆ ਸੀ । ਉਹੋ ਸਜ਼ਾਵਾਂ ਉਸ ਨੂੰ ਕਿਸੇ ਵੀ ਸਮੇਂ ਪੁੱਠਾ ਲਟਕਣ ਲਈ ਮਜਬੂਰ ਕਰ ਸਕਦੀਆਂ ਸਨ ।
ਪਾਲੇ ਨੂੰ ਤਾਂ ਉਸ ਦਿਨ ਦੀ ਹੀ ਪੁਲਿਸ ਦੀ ਉਡੀਕ ਸੀ, ਜਿਸ ਦਿਨ ਬੰਟੀ ਦੀ ਲਾਸ਼ ਮਿਲੀ ਸੀ । ਅਜਿਹੇ ਮੌਕੇ ਪੁਲਿਸ ਨੂੰ ਉਸ ਵਰਗੇ ਮੁਜਰਮਾਂ ਦੀ ਲੋੜ ਪੈਂਦੀ, ਪਰ ਉਹ ਇਸ ਲਈ ਬਚ ਗਿਆ ਸੀ, ਕਿਕਿ ਸਾਰੀ ਪੁਲਿਸ ਜੀਵਨ ਆੜ੍ਹਤੀਏ ਦੀ ਵਾਕਫ਼ ਸੀ । ਜੀਵਨ ਆੜ੍ਹਤੀਏ ਨੂੰ ਵੀ ਪਤਾ ਸੀ ਕਿ ਉਹ ਹੁਣ ਘੰਟੇ ਲਈ ਵੀ ਦੁਕਾਨ ਤੋਂ ਗ਼ੈਰਹਾਜ਼ਰ ਨਹੀਂ ਹੁੰਦਾ । ਸਾਰੀਆਂ ਕਹਾਣੀਆਂ ਭੁਲਾ ਕੇ ਪਾਲੇ ਨੇ ਦੁਕਾਨ ਸੁੰਭਰਨ, ਦਾਣਿਆਂ ਨੂੰ ਝਾਰ ਲਾਉਣ, ਬੋਰੀਆਂ ਭਰਨ ਅਤੇ ਸਿਲਾਈ ਦਾ ਕੰਮ ਸ਼ੁਰੂ ਕਰ ਦਿੱਤਾ ਸੀ ।
ਚੋਰੀਯਾਰੀ ਤੋਂ ਪਾਲੇ ਨੂੰ ਨਫ਼ਰਤ ਹੋ ਗਈ ਸੀ । ਮਹਿੰਗਾਈ ਦੇ ਇਹਨਾਂ ਦਿਨਾਂ ਵਿਚ ਮਜ਼ਦੂਰੀ ਦੁੱਗਣੀਤਿੱਗਣੀ ਹੋ ਗeਂੀ ਸੀ । ਨਾਲੇ ਚਾਰ ਸੇਰ ਦਾਣੇ ਵੀ ਇਕੱਠੇ ਹੋ ਜਾਂਦੇ ਸਨ ।
ਦੋਤਿੰਨ ਢਿੱਡ ਭਰਨ ਲਈ ਇੰਨੀ ਕੁ ਕਮਾਈ ਬਹੁਤ ਸੀ ।
ਫੇਰ ਵੀ ਨਵੀਂ ਪੁਲਿਸ ਨੂੰ ਉਸ ਦੀ ਜ਼ਰੂਰਤ ਮਹਿਸੂਸ ਹੋਈ ਸੀ ।
ਉਹ ਪੁਲਿਸ ਦੇ ਸਵਾਲਾਂ ਦਾ ਜਵਾਬ ਦੇਣ ਲਈ ਖ਼ੁਦ ਹੀ ਹਾਜ਼ਰ ਹੋ ਗਿਆ ਸੀ ।
ਪਤਾ ਨਹੀਂ ਕਿਥੋਂ ਪੁਲਿਸ ਪਾਲੇ ਦੇ ਸਾਰੇ ਪੁਰਾਣੇ ਦੋਸਤ ਲੱਭ ਲਿਆਈ ਸੀ । ਕਈ ਅਜਿਹੇ ਬੰਦੇ ਵੀ ਫੜ ਲਏ ਗਏ ਸਨ ਜਿਹੜੇ ਪਾਲੇ ਨੂੰ ਕਦੇਕਦਾਈਂ ਜੇਲ੍ਹ ਜਾਂ ਥਾਣੇ ਵਿਚ ਹੀ ਮਿਲਦੇ ਸਨ । ਬਾਹਰ ਕਦੇ ਉਹਨਾਂ ਦੇ ਦਰਸ਼ਨ ਨਹੀਂ ਸੀ ਹੋਏ ।
ਸਭ ਤੋਂ ਪਹਿਲਾਂ ਪੁਲਿਸ ਦੇ ਹੱਥ ਆਉਣ ਵਾਲਿਆਂ ਵਿਚ ਉਸ ਦੇ ਸਾਥੀ ਬਾਰੂ ਅਤੇ ਨਿੰਦਾ ਸਨ ।
ਉਸੇ ਢਾਣੀ ਦੇ ਸੰਤੂ, ਮਿਹਰੂ, ਪਾਲੂ, ਘੀਚਰ ਅਤੇ ਬੰਤੂ । ਪੁਰਾਣਾ ਜੇਬਕਤਰਾ ਮੀਤਾ ਅਤੇ ਉਸ ਦੇ ਚੇਲੇ ਦਾਰੂ, ਰਾਮੂ ਅਤੇ ਸੁੰਦਰ । ਨਾਜਾਇਜ਼ ਸ਼ਰਾਬ ਕਸ਼ੀਦ ਕਰਨ ਵਾਲੇ ਨਿੰਦਰ, ਮੁਰਲੀ ਅਤੇ ਸਾਥੀ । ਨੰਬਰਦਾਰਾਂ ਦੀ ਅਫ਼ੀਮ ਢੋਣ ਵਾਲੇ ਬਿਹਾਰੀ ਭਈਏ । ਵੇਦੂ ਸੱਟੇ ਵਾਲੇ ਦੇ ਕਰਿੰਦੇ ਰਮੇਸ਼, ਦਰਸ਼ੀ ਅਤੇ ਜਨਕ । ਰਿਕਸ਼ੇ ਵਾਲਾ ਬੰਤੂ ਅਤੇ ਜੱਸਾ । ਜੂਆ ਖੇਡਣਾ ਜਿਨ੍ਹਾਂ ਦੀ ਆਦਤ ਸੀ । ਦੋ ਪੈਸੇ ਆ ਜਾਣ ਤਾਂ ਸਟੇਸ਼ਨ 'ਤੇ ਹੀ ਜੂਆ ਖੇਡਣ ਬੈਠ ਜਾਂਦੇ । ਕਈ ਵਾਰ ਫਵੇ ਗਏ । ਜੁਰਮਾਨੇ ਭਰ ਕੇ ਛੁੱਟ ਆਦੇ ਸਨ । ਦਾਨਕਿਆਂ ਦੇ ਘੀਚਰ ਅਤੇ ਨਿਹਾਲਾ ਜਿਹੜੇ ਜੰਗਲਾਤ ਮਹਿਕਮੇ ਦੀਆਂ ਲੱਕੜਾਂ ਚੋਰੀ ਕਰਨ ਲਈ ਮਸ਼ਹੂਰ ਹਨ । ਪੀਲੂ ਅਤੇ ਧਚਕੂ ਜਿਨ੍ਹਾਂ ਨੂੰ ਬਣਸੰਵਰ ਕੇ ਰਹਿਣ ਅਤੇ ਬਦਮਾਸ਼ ਅਖਵਾਉਣ ਦਾ ਸ਼ੌਕ । ਪੱਬੀ ਨੇ ਜਦੋਂ ਵੀ ਜ਼ਮੀਨ 'ਤੇ ਕਬਜ਼ਾ ਕਰਨ ਜਾਣਾ ਹੋਵੇ, ਉਹ ਮੁੱਛਾਂ ਨੂੰ ਵੱਟ ਦੇ ਕੇ, ਪਰੈਸ ਕੀਤੇ ਕੁੜਤੇਚਾਦਰੇ ਪਾ ਕੇ ਅਤੇ ਮੋਢੇ 'ਤੇ ਬੰਦੂਕਾਂ ਲਟਕਾ ਕੇ ਸਭ ਤੋਂ ਅੱਗੇ ਜਾਂਦੇ ਹਨ । ਕਈ ਬੰਦੇ ਮਾਰੇ । ਕਦੇ ਬਰੀ ਹੋ ਜਾਂਦੇ, ਕਦੇ ਦੋਚਾਰ ਸਾਲ ਦੀ ਕੱਟ ਆਦੇ । ਵਧੀਆ ਤੋਂ ਵਧੀਆ ਵਕੀਲ ਉਹਨਾਂ ਦੀ ਪੈਰਵਾਈ ਲਈ ਹਾਜ਼ਰ ਹੁੰਦਾ । ਦਾਰੂ ਦਾ ਘੁੱਟ ਪੀ ਕੇ ਆਪਣੇ ਹੀ ਭਾਈਚਾਰੇ ਦਾ ਸਿਰ ਪਾੜਨ ਵਾਲੇ ਢਚੂ ਅਤੇ ਸਾਧੂ । ਸਾਂਸੀ ਅਤੇ ਬਾਜ਼ੀਗਰ । ਸਭ ਪੁਰਾਣੇ ਮੁਜਰਮ, ਪਾਲੇ ਦੇ ਯਾਰ ।
ਨਵੇਂ ਚਿਹਰਿਆਂ ਦੀ ਵੀ ਘਾਟ ਨਹੀਂ ਸੀ, ਪਰ ਉਹ ਸਨ ਪਾਲੇ ਦੀ ਜਾਤਬਰਾਦਰੀ ਵਿਚੋਂ ਹੀ ।
ਜਿਹੜੇ ਘਰਾਂ ਵਿਚੋਂ ਮੁਜਰਮ ਨਹੀਂ ਸੀ ਮਿਲੇ, ਉਹਨਾਂ ਵਿਚੋਂ ਮੁਜਰਮਾਂ ਦੇ ਵਾਰਿਸ ਧੁਹੇ ਗਏ ਸਨ । ਪਿਰੰਸ ਦੀਆਂ ਭੈਣਾਂ ਅਤੇ ਨਾਨੂ ਦੀ ਮਾਂ । ਸ਼ਾਲੂ ਦਾ ਬਾਪ ਲਿਆਂਦਾ ਗਿਆ ਸੀ । ਸ਼ੰਕਰ ਦਾ ਚਾਚਾ । ਜਿਸ ਦਾ ਕੋਈ ਵੀ ਨਾ ਮਿਲਿਆ, ਉਸ ਦਾ ਸਾਮਾਨ ਚੁੱਕਿਆ ਗਿਆ । ਬਾਕੀਆਂ ਦੇ ਡੰਗਰਪਸ਼ੂ ਖੋਲ੍ਹ ਲਿਆਂਦੇ ਗਏ । ਦੁਪਹਿਰ ਤਕ ਥਾਣਾ ਮੁਜਰਮਾਂ ਨਾਲ ਭਰ ਚੁੱਕਾ ਸੀ । ਚਾਰੇ ਪਾਸੇ ਚੀਕਚਿਹਾੜਾ ਪੈ ਰਿਹਾ ਸੀ ।
ਮੁਜਰਮ ਦਾ ਥਾਣੇ ਵੜਦਿਆਂ ਹੀ ਸਵਾਗਤ ਸ਼ੁਰੂ ਹੋ ਜਾਂਦਾ । ਦੋ ਸਿਪਾਹੀ ਦਰਵਾਜ਼ੇ ਅੱਗੇ ਖੜੇ ਸਨ । ਅੰਦਰ ਵੜਦਿਆਂ ਹੀ ਹੂਰੇ ਮਾਰਨੇ ਸ਼ੁਰੂ ਕਰ ਦਿੰਦੇ । ਧੌਣ 'ਚ, ਜਾਭਾਂ 'ਤੇ, ਮੌਰਾਂ 'ਚ ।
ਅਗਲੇ ਦਾ ਹੁਲੀਆ ਵਿਗੜ ਜਾਂਦਾ । ਪੱਗ ਕਿਤੇ ਹੁੰਦੀ ਅਗਲਾ ਕਿਤੇ । ਧੱਕੇ ਮਾਰਮਾਰ ਧਰਤੀ 'ਤੇ ਡੇਗ ਲੈਂਦੇ, ਠੁੱਡੇ ਮਾਰਦੇ । ਕੇਸਾਂ ਤੋਂ ਫੜ ਕੇ ਖੜਾ ਕਰਦੇ । ਧੀਆਂਭੈਣਾਂ ਦੀਆਂ ਗਾਲ੍ਹਾਂ ਕੱਢਦੇ ਐਸ.ਐਚ.ਓ. ਦੇ ਪੇਸ਼ ਕਰਦੇ ।
ਨਾਂ ਪਤਾ ਪੁੱਛ ਕੇ ਐਸ.ਐਚ.ਓ. ਹਿਸਟਰੀਸ਼ੀਟ ਖੋਲ੍ਹਦਾ । ਉਸ ਦੇ ਪੁਰਾਣੇ ਰਿਕਾਰਡ ਨੂੰ ਦੇਖ ਕੇ ਫ਼ੈਸਲਾ ਕੀਤਾ ਜਾਂਦਾ ਕਿ ਉਸ ਨੂੰ ਕਿਸ ਤਫ਼ਤੀਸ਼ੀ ਪਾਰਟੀ ਦੇ ਹਵਾਲੇ ਕਰਨਾ ।
ਪਾਲਾ ਬੇਸਬਰੀ ਨਾਲ ਉਡੀਕ ਰਿਹਾ ਸੀ । ਕੋਈ ਪਤਾ ਨਹੀਂ ਉਸ ਨੂੰ ਕਿਸ ਪਾਰਟੀ ਦੇ ਹਵਾਲੇ ਕੀਤਾ ਜਾਵੇ ?
....ਚਲਦਾ...