ਡਾਕਟਰ ਸਰਕਾਰੀ ਸੀ, ਇਸ ਲਈ ਉਸ ਨੂੰ ਨਾਂਹ ਨਹੀਂ ਸੀ ਕੀਤੀ ਜਾ ਸਕਦੀ । ਇਕ ਵਾਰ ਉਹ ਡਾਕਟਰ ਨੂੰ ਨਾਂਹ ਕਰ ਵੀ ਚੁੱਕੇ ਸਨ । ਬਾਬੇ ਨੇ ਜਿਹੜਾ ਪੁਲਿਸ ਨੂੰ ਝਟਕਾ ਦਿੱਤਾ ਸੀ, ਉਸ ਨਾਲ ਪੁਲਿਸ ਦੀਆਂ ਜੜ੍ਹਾਂ ਪੋਲੀਆਂ ਹੋ ਗਈਆਂ ਸਨ । ਇਸ ਭੈੜੇ ਸਮੇਂ ਵਿਚ ਡਾਕਟਰ ਦੀ ਕਿਸੇ ਵੀ ਸਮੇਂ ਲੋੜ ਪੈ ਸਕਦੀ ਸੀ ।
ਕਈ ਲਾਵਾਰਿਸ ਮੁਸਤਵਿਆਂ ਨੂੰ ਉਹਨਾਂ ਬੀਮਾਰ ਆਖ ਕੇ ਹਸਪਤਾਲ ਦਾਖ਼ਲ ਕਰਵਾਉਣਾ ਸੀ । ਕਈਆਂ ਵਿਰੁੱਧ ਮਨਮਰਜ਼ੀ ਦਾ ਡਾਕਟਰੀ ਮੁਆਇਨਾ ਲੈਣਾ ਸੀ । ਕਿਸੇ ਬੀਮਾਰ ਨੂੰ ਤੰਦਰੁਸਤ ਬਣਾਉਣਾ ਸੀ ਅਤੇ ਕਿਸੇ ਤੰਦਰੁਸਤ ਨੂੰ ਬੀਮਾਰ । ਕੀ ਪਤੈ ਪੁੱਠਾ ਲਟਕਦਾਲਟਕਦਾ ਕਦੋਂ ਕੋਈ ਦਮ ਤੋੜ ਜਾਏ । ਉਸ ਸਮੇਂ ਡਾਕਟਰ ਨੇ ਹੀ ਕੰਮ ਆਉਣਾ ਸੀ । ਡਾਕਟਰ ਨੇ ਹੀ ਲਿਖ ਕੇ ਦੇਣਾ ਸੀ ਕਿ ਮਰਨ ਵਾਲਾ ਦਿਲ ਦਾ ਮਰੀਜ਼ ਸੀ । ਉਹ ਸੱਟਾਂ ਕਾਰਨ ਨਹੀਂ, ਦਿਲ ਫ਼ੇਲ੍ਹ ਹੋਣ ਕਾਰਨ ਮਰਿਆ ਸੀ ।
ਇਕ ਵਾਰ ਲਾਲਚ 'ਚ ਆ ਕੇ ਪੈਸੇ ਰੱਖ ਲਏ ਤਾਂ ਡਾਕਟਰ ਨੂੰ ਹਰ ਕੰਮ ਬਦਲੇ ਫ਼ੀਸ ਦੇਣੀ ਪਿਆ ਕਰੇਗੀ । ਕੌੜਾ ਘੁੱਟ ਭਰ ਕੇ ਲਾਲ ਸਿੰਘ ਨੂੰ ਨਾਲੇ ਪਿਰਤਪਾਲ ਨੂੰ ਛੱਡਣਾ ਪਿਆ, ਨਾਲੇ ਪੈਸੇ ਮੋੜਨੇ ਪਏ ।
ਬਲਵੰਤ ਬੜਾ ਖ਼ੁਸ਼ ਹੋਇਆ । ਲੈ ਲਿਆ ਬਲਵੰਤ ਨੂੰ ਦੂਰ ਰੱਖਣ ਦਾ ਸੁਆਦ ? ਪਿਰਤਪਾਲ ਦਾ ਬਾਪ ਬਲਵੰਤ ਦਾ ਵਾਕਿਫ਼ ਸੀ । ਉਸ ਕੋਲ ਆਇਆ ਵੀ ਸੀ । ਬਲਵੰਤ ਨੇ ਮੋੜ ਦਿੱਤਾ ਸੀ । ਥਾਣੇਦਾਰ ਦੀ ਖੁੱਸਦੀ ਫ਼ੀਸ ਦੇਖਦੇਖ ਬਲਵੰਤ ਖ਼ੁਸ਼ ਹੋ ਰਿਹਾ ਸੀ ।
ਸਰਕਾਰੀ ਵਕੀਲ ਵੀ ਵਗਦੀ ਗੰਗਾ ਵਿਚ ਗੋਤਾ ਲਾ ਗਏ । ਉਹਨਾਂ ਨਾਲ ਵੀ ਨਿੱਤ ਵਾਹ ਪੈਣਾ ਸੀ । ਉਹ ਭਾਵੇਂ ਪੁਲਿਸ ਦਾ ਕੁਝ ਨਹੀਂ ਵਿਗਾੜ ਸਕਦੇ, ਪਰ ਜਦੋਂ ਮਾਹੌਲ ਖ਼ਰਾਬ ਹੋਵੇ ਤਾਂ ਬਲਦੀ 'ਚ ਫੂਸ ਜ਼ਰੂਰ ਪਾ ਸਕਦੇ ਹਨ । ਮਿਸਲਾਂ ਤਿਆਰ ਕਰਦਿਆਂ ਵੀਹ ਨੁਕਸ ਰਹਿ ਜਾਂਦੇ ਹਨ । ਨਾ ਮੰਨੋ ਤਾਂ ਕਚਹਿਰੀ ਗਿਆਂ ਨੂੰ ਸੂਈ ਬਘਿਆੜੀ ਵਾਂਗ ਪੈਂਦੇ ਹਨ । ਬੰਦੇ ਤਾਂ ਪੁਲਿਸ ਨੇ ਛੱਡਣੇ ਹੀ ਸਨ । ਦੋ ਉਹਨਾਂ ਦੇ ਆਖੇ ਛੱਡ ਦਿੱਤੇ । ਫੇਰ ਕਿਹੜਾ ਪਹਾੜ ਗਿਰ ਗਿਆ ।
ਇੰਨੇ 'ਚ ਖ਼ੁਸ਼ ਹੋਏ ਕਚਹਿਰੀ ਗਿਆਂ ਦੀ ਇੱਜ਼ਤ ਤਾਂ ਕਰਨਗੇ ਹੀ, ਨਾਲੇ ਆਪੇ ਜੱਜ ਤੋਂ ਕੰਮ ਵੀ ਕਰਾ ਦੇਣਗੇ ।
ਹੋਰ ਤਾਂ ਠੀਕ ਸੀ ਪਰ ਜਿਹੜਾ ਭਾਨੀ ਦਾਅ ਮਾਰ ਗਈ ਸੀ, ਇਸ 'ਤੇ ਬਲਵੰਤ ਰਾਨ ਸੀ । ਉਸ ਬਦਮਾਸ਼ ਨੂੰ ਕੌਣ ਨਹੀਂ ਜਾਣਦਾ ? ਥਾਣੇ ਦਾ ਕਿਹੜਾ ਸਿਪਾਹੀ , ਜਿਸ ਦੀ ਲੱਤ ਹੇਠ ਦੀ ਉਹ ਨਹੀਂ ਲੰਘੀ ? ਪੰਜਾਹਾਂ ਦੇ ਏੜਗੇੜ 'ਚ ਸੀ । ਵਿਧਵਾ ਹੋ ਕੇ ਵੀ ਬਿੰਦੀਸੁਰਖ਼ੀ ਲਾ ਕੇ ਰੱਖਦੀ ਸੀ । ਨਾਲੇ ਆਖਦੀ ਸੀ ਫੌਜੀ ਪੁੱਤਰ ਨੇ ਉਸ ਨੂੰ ਘਰੋਂ ਨਿਕਲਣਾ ਬੰਦ ਕਰ ਦਿੱਤਾ ।
ਹੁਣ ਉਹ ਨਵੀਆਂ ਕੁੜੀਆਂ ਫਸਾਉਣ ਦਾ ਕੰਮ ਛੱਡ ਗਈ ਸੀ । ਸਿਆਣੇ ਅਫ਼ਸਰ ਉਸ ਦਾ ਉੱਲੂ ਬਣਾਦੇ ਰਹੇ । ਹਾੜੀਸਾਉਣੀ ਉਸ ਦਾ ਕੋਈ ਕੰਮ ਮੁਫ਼ਤ 'ਚ ਕਰ ਦੇਣਾ । ਬਾਕੀ ਸਾਰਾ ਸਾਲ ਉਸ ਤੋਂ ਮੁਖ਼ਬਰੀ ਲੈਂਦੇ ਰਹਿਣਾ । ਉਹ ਚੰਗੇਚੰਗੇ ਬਦਮਾਸ਼ਾਂ ਦੇ ਭੇਤ ਦੇ ਸਕਦੀ ਸੀ । ਕਈ ਵਾਰ ਅਫ਼ਸਰਾਂ ਨੂੰ ਖ਼ੁਸ਼ ਕਰਨ ਵਿਚ ਵੀ ਸਹਾਈ ਹੁੰਦੀ ।
ਮੁੰਡੇਖੁੰਡੇ ਸਿਪਾਹੀ ਉਸ 'ਤੇ ਲਾਲਾਂ ਸੁੱਟੀ ਰੱਖਦੇ ਹਨ । ਥਾਣੇ ਪਿੱਛੋਂ ਵੜਦੀ ਤੇ ਭੋਰਿਆਂ ਵਾਂਗ ਦੁਆਲੇ ਪਹਿਲਾਂ ਹੋ ਜਾਂਦੇ ਹਨ । ਬਲਵੰਤ ਨੂੰ ਪਤਾ ਨਹੀਂ ਸੀ ਲੱਗਾ, ਉਸ ਨੇ ਕਿਸ ਰਾਹੀਂ ਇੰਸਪੈਕਟਰ ਨਾਲ ਯਾਰੀ ਪਾਈ ਸੀ । ਉਦੋਂ ਹੀ ਪਤਾ ਲੱਗਾ ਸੀ ਕਿ ਜਦੋਂ ਹਿੱਕ ਤਾਣ ਕੇ ਬਰਾਬਰ ਆ ਬੈਠੀ ਸੀ ।
ਜੈਲੇ ਨੂੰ ਛੁਡਾਉਣ ਲਈ ਉਸ ਨੇ ਮਿੰਟ ਲਾਇਆ । ਜੈਲੇ ਦੀ ਭੈਣ ਦਾ ਸੌਦਾ ਹੋਇਆ ਜਾਂ ਮਾਂ ਦਾ, ਇਹ ਵੀ ਪਤਾ ਨਾ ਲੱਗਾ । ਜੈਲੇ ਦੀ ਮਾਂ ਪੈਸੇ ਦੇਣ ਜੋਗੀ ਤਾਂ ਨਹੀਂ ਸੀ । ਬਿਨਾਂ ਕੁਝ ਦਿੱਤੇਲਏ ਛੁੱਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਜਦੋਂ ਭਾਨੀ ਆਵੇ ਤਾਂ ਕਿਸੇ ਦੀ ਧੀਭੈਣ ਦਾ ਸੌਦਾ ਹੀ ਹੁੰਦਾ । ਉਹੋ ਹੋਇਆ ਹੋਏਗਾ ।
ਮੁਫ਼ਤ 'ਚ ਬੰਦੇ ਛੱਡਛੱਡ ਥਾਣੇਦਾਰ ਵੀ ਅੱਕ ਗਿਆ ਲੱਗਦਾ ਸੀ । ਜਿਸ ਰਫ਼ਤਾਰ ਨਾਲ ਸੰਘਰਸ਼ ਚੱਲ ਰਿਹਾ ਸੀ, ਉਸ ਹਿਸਾਬ ਨਾਲ ਤਾਂ ਇੰਸਪੈਕਟਰ ਨੂੰ ਘਰ ਵੀ ਬੈਠਣਾ ਪੈ ਸਕਦਾ ਸੀ । ਚਾਰ ਪੈਸੇ ਪੱਲੇ ਹੋਣ ਤਾਂ ਸਭ ਠੀਕ ਹੋ ਜਾਂਦਾ ।
ਪੈਸੇ ਕਮਾਉਣ ਦਾ ਉਸ ਨੇ ਉਹੋ ਘਸਿਆਪਿਟਿਆ ਰਾਹ ਲੱਭਿਆ । ਥਾਣੇ ਦੀ ਜੀਪ ਦੇ ਨਵੇਂ ਟਾਇਰ ਲਾਹ ਕੇ ਅੰਦਰ ਰੱਖ ਲਏ । ਪੁਰਾਣੇ ਟਾਇਰ ਚੜ੍ਹਾ ਕੇ ਵਿਹੜੇ 'ਚ ਖੜੀ ਕਰ ਦਿੱਤੀ । ਜੀਪ ਦੇ ਨਵੇਂ ਟਾਇਰਾਂ ਲਈ 'ਟਾਇਰ ਫੰਡ' ਇਕੱਠਾ ਹੋਣਾ ਸ਼ੁਰੂ ਹੋਇਆ ।
ਜਿਸ ਨਾਲ ਲੈਣਦੇਣ ਦੀ ਗੱਲ ਸਿਰੇ ਚੜ੍ਹ ਗਈ, ਉਸ ਨੂੰ 'ਟਾਇਰ ਫੰਡ' ਮੁਆਫ਼ । ਕਿਸੇ ਨੂੰ ਮੁਫ਼ਤ 'ਚ ਛੱਡਣਾ ਪਿਆ ਤਾਂ ਟਾਇਰ ਬਦਲਾਉਣ ਦੇ ਬਹਾਨੇ ਪੈਸੇ ਮੰਗ ਲਏ । ਅਜਿਹੇ 'ਸਾਂਝੇ' ਕੰਮ ਲਈ ਤਾਂ ਵੱਡੇ ਤੋਂ ਵੱਡਾ ਅਫ਼ਸਰ ਵੀ ਨਾਂਹ ਨਹੀਂ ਕਰਦਾ, ਸਗੋਂ ਉਸ ਨੂੰ ਪੈਸੇ ਖ਼ਰਚਾਉਣ ਦਾ ਬਹਾਨਾ ਮਿਲ ਜਾਂਦਾ ।
ਪਿਛਲੇ ਐਸ.ਐਚ.ਓ. ਨੇ ਥਮਲਾ ਫੰਡ ਸ਼ੁਰੂ ਕੀਤਾ ਸੀ । ਮੀਂਹਾਂ ਵਿਚ ਥਾਣੇ ਦਾ ਥਮਲਾ ਕਾਹਦਾ ਗਿਰ ਗਿਆ, ਪੁਲਿਸ ਨੂੰ ਮੌਜਾਂ ਲੱਗ ਗਈਆਂ । ਪੁਰਾਣਾ ਥਾਣੇਦਾਰ ਸੀ । ਪਹਿਲਾਂ ਰੱਜਵੀਂ ਫ਼ੀਸ ਲੈਂਦਾ । ਜਾਂਦੇ ਮੁਸਤਵੇ ਨੂੰ ਵਗਾਰ ਵੀ ਪਾ ਦਿੰਦਾ । ਅਮਨਅਮਾਨ ਦੇ ਦਿਨ ਸਨ ਤਾਂ ਵੀ ਸ਼ਾਮ ਤਕ ਚਾਰਪੰਜ ਸੌ ਬਣ ਜਾਂਦਾ ਸੀ । ਜਦੋਂ ਥੋਕ ਦੇ ਭਾਅ ਬੰਦੇ ਫੜੇ ਹੋਣ ਤਾਂ ਪੈਸੇ ਵੀ ਥੋਕ ਦੇ ਭਾਅ ਇਕੱਠੇ ਹੋਣੇ ਚਾਹੀਦੇ ਸਨ । ਬਲਵੰਤ ਦਾ ਅੰਦਾਜ਼ਾ ਸੀ ਕਿ ਇਸ ਬਹਾਨੇ ਹੁਣ ਤਕ ਲਾਲ ਸਿੰਘ ਦਸਬਾਰਾਂ ਹਜ਼ਾਰ ਤਾਂ ਇਕੱਠਾ ਕਰ ਹੀ ਚੁੱਕਾ ਹੋਣਾ । ਬਹਾਨੇ ਨਾਲ ਜੀਵਨ ਆੜ੍ਹਤੀਏ ਨੂੰ ਥਾਣੇ ਬੁਲਾ ਕੇ ਉਹਨੂੰ ਵੀ ਵਗਾਰ ਪਾ ਚੁੱਕਾ ਸੀ ।
ਲਾਲ ਸਿੰਘ ਦੀ ਚੁਸਤੀ 'ਤੇ ਬਲਵੰਤ ਰਾਨ ਸੀ । ਹਾੜੀ ਦੇ ਦਿਨਾਂ 'ਚ ਥਾਣੇ ਵਾਲੇ ਲੰਗਰ ਦੇ ਨਾਂ 'ਤੇ ਕਣਕ ਇਕੱਠੀ ਕਰਦੇ ਤਾਂ ਦੇਖੇ ਸਨ । ਮੈਸ ਦੇ ਬਹਾਨੇ ਹਰ ਪਿੰਡ ਵਿਚੋਂ ਘੱਟੋਘੱਟ ਪੰਜ ਬੋਰੀਆਂ ਇਕੱਠੀਆਂ ਕਰਨ ਦਾ ਟੀਚਾ ਹੁੰਦਾ ਸੀ । ਕਈਕਈ ਟਰੱਕ ਕਣਕ ਇਕੱਠੀ ਹੋ ਜਾਂਦੀ ।
ਇੰਨੀਆਂ ਕੁ ਬੋਰੀਆਂ ਤਾਂ ਪੰਚਸਰਪੰਚ ਹੀ ਦੇ ਜਾਂਦੇ । ਬਾਕੀ ਦੇ ਚੌਧਰੀ ਜਗੀਰਦਾਰਾਂ ਤੋਂ ਅਲੱਗ । ਨਾ ਥਮਲਾ ਡਿੱਗਾ ਸੀ ਨਾ ਹਾੜੀ ਦੇ ਦਿਨ ਸਨ, ਫੇਰ ਵੀ ਪੈਸੇ ਇਕੱਠੇ ਹੋ ਰਹੇ ਸਨ ।
ਇਸ ਫੰਡ ਦਾ ਖਾਤਾ ਵੇਦੂ ਸੱਟੇ ਵਾਲੇ ਤੋਂ ਖੁੱਲ੍ਹਿਆ । ਥਾਣੇਦਾਰ ਨੂੰ ਤਾਂ ਪਤਾ ਨਹੀਂ ਕੀ ਦਿੱਤਾ, ਪਰ ਆਪਣੇ ਤਿੰਨਾਂ ਬੰਦਿਆਂ ਵੱਲੋਂ ਦੋਦੋ ਸੌ ਫੰਡ ਜ਼ਰੂਰ ਜਮ੍ਹਾਂ ਕਰਾਇਆ ।
ਵੇਦੂ ਦੀ ਇਕ ਵਾਰ ਅਜਿਹੀ ਬੁੱਕਲ ਸਾਂਝੀ ਹੋਈ ਕਿ ਉਹ ਮਿੰਟਮਿੰਟ ਬਾਅਦ ਥਾਣੇ ਆਉਣ ਲੱਗਾ ।
ਬਲਵੰਤ ਨੂੰ ਉਸ 'ਤੇ ਡਾਹਡਾ ਗ਼ੁੱਸਾ ਸੀ । ਉਹੋ ਵੇਦੂ, ਜਿਸ ਨੂੰ ਕਦੇ ਜ਼ਮਾਨਤ ਦੇਣ ਲਈ ਜ਼ਾਮਨ ਲਹੀਂ ਸੀ ਲੱਭਦੇ ਹੁੰਦੇ, ਹੁਣ ਚੌਧਰੀ ਬਣਿਆ ਫਿਰਦਾ ਸੀ । ਟਾਇਰ ਫੰਡ ਵਿਚੋਂ ਸਿਪਾਹੀਆਂ ਨੂੰ ਕੁਝ ਮਿਲਣਾ ਸੀ ਜਾਂ ਨਹੀਂ, ਇਸ ਦਾ ਹਾਲੇ ਕੋਈ ਪਤਾ ਨਹੀਂ ਸੀ । ਪਹਿਲਾ ਥਾਣੇਦਾਰ ਤਾਂ ਦਰਜਾਬਦਰਜਾ ਹਿੱਸੇ ਪਾਦਾ ਸੀ । ਲਾਲ ਸਿੰਘ ਦੇ ਰਵੱਈਏ ਤੋਂ ਤਾਂ ਲੱਗਦਾ ਸੀ, ਉਹ ਇਕੱਲਾ ਹੀ ਪੈਸੇ ਖਾਵੇਗਾ ।
ਇਹ ਦਿਨ ਸਦਾ ਤਾਂ ਰਹਿਣੇ ਨਹੀਂ ਸਨ । ਮੁੜ ਜਦੋਂ ਬਲਵੰਤ ਦੀ ਵਾਰੀ ਆਈ, ਉਸ ਨੇ ਵੇਦੂ ਨੂੰ ਜ਼ਰੂਰ ਸਬਕ ਸਿਖਾਉਣਾ ਸੀ ।
ਸਾਥੀ, ਨਿੰਦਰ ਅਤੇ ਮੁਰਲੀ ਲਈ ਠੇਕੇਦਾਰ ਆ ਧਮਕੇ । ਪਹਿਲਾਂ ਇਹ ਸ਼ਰਾਬ ਜ਼ਰੂਰ ਕਸ਼ੀਦ ਕਰਦੇ ਸਨ । ਜਦੋਂ ਦੇ ਗੁੜ ਦੇ ਭਾਅ ਅਸਮਾਨੀ ਚੜ੍ਹੇ ਹਨ, ਨਾਜਾਇਜ਼ ਸ਼ਰਾਬ ਦੇ ਧੰਦੇ ਵਿਚੋਂ ਕੱਖ ਨਹੀਂ ਬਚਦਾ । ਇਹ ਹੁਣ ਠੇਕੇਦਾਰਾਂ ਦੀ ਸ਼ਰਾਬ ਵੇਚਦੇ ਹਨ । ਐਕਸਾਈਜ਼ ਮਹਿਕਮੇ ਨਾਲ ਮਿਲ ਕੇ ਠੇਕੇਦਾਰ ਕਈ ਪਿੰਡਾਂ ਵਿਚ ਠੇਕੇ ਨਹੀਂ ਖੁੱਲ੍ਹਣ ਦਿੰਦੇ । ਉਥੇ ਆਪਣੇ ਬੰਦੇ ਬਹਾ ਕੇ ਸ਼ਰਾਬ ਵੇਚਦੇ ਰਹਿੰਦੇ ਹਨ । ਜ਼ਰੂਰੀ ਤਾਂ ਨਹੀਂ ਸਰਕਾਰ ਦੇ ਖ਼ਜ਼ਾਨੇ ਭਰੇ ਜਾਣ । ਉਹਨਾਂ ਵਿਚੋਂ ਕੁਝ ਐਕਸਾਈਜ਼ ਵਾਲਿਆਂ ਨੂੰ ਦੇਵੋ, ਕੁਝ ਪੁਲਿਸ ਨੂੰ ਅਤੇ ਬਾਕੀ ਆਪ ਖਾਵੋ । ਆਪਣੇ ਕਰਿੰਦਿਆਂ ਲਈ ਉਹ ਕੋਈ ਵੀ ਜੁਰਮਾਨਾ ਭਰਨ ਲਈ ਤਿਆਰ ਸਨ ।
ਠੇਕੇਦਾਰ ਕੋਈ ਛੋਟੀ ਅਸਾਮੀ ਸੀ ? ਜਿੰਨੀ ਮਰਜ਼ੀ ਵਗਾਰ ਪਾ ਦਿੰਦੇ, ਫਸੇ ਹੋਏ ਹਨ ।
ਵਜ਼ੀਰ ਦਾ ਨਾਂ ਵੀ ਨਹੀਂ ਲੈ ਸਕਦੇ । ਬਲਵੰਤ ਸਿਪਾਹੀ ਠੇਕੇਦਾਰ ਨਾਲ ਖਾਰ ਖਾਂਦਾ ਸੀ । ਵੱਡੇ ਅਫ਼ਸਰਾਂ ਦੀਆਂ ਵਗਾਰਾਂ ਤਾਂ ਕਰਦੇ ਸਨ, ਪਰ ਸਿਪਾਹੀਆਂ ਨੂੰ ਟਿੱਚ ਸਮਝਦੇ ਸਨ । ਮਹੀਨੇ ਬਾਅਦ ਮਿਲਣ ਵਾਲੀ ਇਕ ਬੋਤਲ ਵੀ ਤੜੀ ਝੱਲ ਕੇ ਲੈਣੀ ਪੈਂਦੀ ਸੀ । ਅੱਗੋਂਪਿੱਛੋਂ ਲੋੜ ਪੈ ਜਾਏ ਤਾਂ ਦੋ ਰੁਪਏ ਦੀ ਵੀ ਰਿਆਇਤ ਨਹੀਂ ਕਰਦੇ ।
ਬਲਵੰਤ ਨੂੰ ਉਦੋਂ ਮੌਜਾਂ ਲੱਗੀਆਂ ਸਨ ਜਦੋਂ 'ਡਰਾਈਡੇ' ਚੱਲਦੇ ਸਨ । ਹਫ਼ਤੇ 'ਚ ਦੋ ਦਿਨ ਠੇਕੇ ਬੰਦ ਕਰਨੇ ਪੈਂਦੇ । ਠੇਕੇਦਾਰਾਂ ਨੇ ਨਖ਼ਰਾ ਕੀਤਾ ਨਹੀਂ ਕਿ ਉਹਨਾਂ ਦੇ ਠੇਕੇ ਅੱਗੇ ਡੇਰੇ ਲਾਏ ਨਹੀਂ । ਉਹਨਾਂ ਦੇ ਖੜੇ ਮਜਾਲ ਕੋਈ ਪਊਆ ਵੀ ਖ਼ਰੀਦ ਜਾਏ । ਗਾਹਕ ਦੇਖ ਕੇ ਸਿਪਾਹੀ ਪਹਿਲਾਂ ਹੀ ਖੰਘੂਰਾ ਮਾਰ ਦਿੰਦੇ ।
ਹੁਣ ਉਲਟਾ ਜ਼ਮਾਨਾ । ਪੁਲਿਸ ਠੇਕਿਆਂ 'ਤੇ ਖੜੋ ਕੇ ਖ਼ੁਦ ਸ਼ਰਾਬ ਵਿਕਾਦੀ ।
ਸਰਕਾਰੀ ਹੁਕਮ ਹਨ । ਠੇਕੇਦਾਰਾਂ ਦੀ ਦਹਿਸ਼ਤਗਰਦਾਂ ਤੋਂ ਹਿਫ਼ਾਜ਼ਤ ਕੀਤੀ ਜਾਵੇ । ਠੇਕੇਦਾਰਾਂ ਨੂੰ ਕੀ ਲੋੜ , ਸਿਪਾਹੀਆਂ ਦਾ ਮਾਣਤਾਣ ਕਰਨ ਦੀ ? ਲਾਲ ਸਿੰਘ ਨੇ ਚੰਗਾ ਕੀਤਾ । ਪੂਰੇ ਟਾਇਰ ਦੀ ਹੀ ਵਗਾਰ ਪਾ ਦਿੱਤੀ । ਠੇਕੇਦਾਰਾਂ ਨੇ ਬਥੇਰੇ ਹਾੜ੍ਹੇ ਕੱਢੇ । ਕਰਿੰਦੇ ਗ਼ਰੀਬ ਹਨ । ਥਾਣੇਦਾਰ ਅੜਿਆ ਰਿਹਾ । ਹਾਰ ਕੇ ਦੇ ਗਏ ।
ਦਰਸ਼ਨ ਭੁੱਕੀ ਵਾਲਾ, ਬੰਤੂ ਅਤੇ ਜੱਸੇ ਲਈ ਆਇਆ । ਦਰਸ਼ਨ ਨੇ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਲਈ । ਉਹ ਹੋਰ ਚਾਹੇ ਕੁਝ ਵੀ ਸਨ, ਪਰ ਅਤਿਵਾਦੀ ਨਹੀਂ ਸਨ । ਉਹਨਾਂ ਦਾ ਬਹੁਤ ਕੁਟਾਪਾ ਹੋ ਚੁੱਕਾ ਸੀ । ਥਾਣੇ ਪਏ ਰਹੇ ਤਾਂ ਕੋਈ ਅੰਗ ਨਕਾਰਾ ਹੋ ਜਾਣਾ ਸੀ । ਇਲਾਜ ਕਰਵਾਉਣ ਲਈ ਉਹਨਾਂ ਨੂੰ ਹਸਪਤਾਲ ਲੈ ਜਾਣਾ ਜ਼ਰੂਰੀ ਸੀ । ਇਕ ਟਾਇਰ ਦਾ ਖ਼ਰਚਾ ਦਰਸ਼ਨ ਨੇ ਖ਼ੁਸ਼ੀਖ਼ੁਸ਼ੀ ਦੇ ਦਿੱਤਾ ।
ਮਜ਼ਾਰ 'ਤੇ ਸਹੁੰ ਖੁਆ ਕੇ ਥਾਣੇਦਾਰ ਨੇ ਉਹਨਾਂ ਦਾ ਰੱਸਾ ਵੀ ਖੋਲ੍ਹ ਦਿੱਤਾ ।
ਸਾਧੂ ਨੂੰ ਸਬਜ਼ੀ ਵਾਲਾ ਭਾਪਾ ਛੁਡਾ ਕੇ ਲੈ ਗਿਆ ।
ਭਾਪੇ ਨੇ ਦੋ ਦਿਨਾਂ ਵਿਚ ਹੀ ਇੰਸਪੈਕਟਰ ਦਾ ਮਨ ਮੋਹ ਲਿਆ ਸੀ । ਥਾਣੇਦਾਰ ਨੂੰ ਨਵੇਂ ਤੋਂ ਨਵੇਂ ਅਜਿਹੇ ਫ਼ਰੂਟ ਖੁਆਏ ਕਿ ਉਹ ਟਾਇਰ ਫ਼ੰਡ ਮੰਗਣਾ ਵੀ ਭੁੱਲ ਗਿਆ ।
ਭਾਪੇ ਵਿਚ ਕਰਾਮਾਤ ਹੀ ਅਜਿਹੀ ਸੀ । ਸ਼ਹਿਰ ਦੀ ਸਬਜ਼ੀ ਮੰਡੀ ਦਾ ਉਹ ਮਾਲਕ ਸੀ ।
ਸਾਰੀਆਂ ਤਿੰਨ ਦੁਕਾਨਾਂ ਸਨ । ਮਨਮਰਜ਼ੀ ਦੀ ਉਹ ਆੜ੍ਹਤ ਤਾਂ ਲੈਂਦੇ ਹੀ ਸਨ, ਹਰ ਢੇਰੀ ਵਿਚੋਂ ਕਾਟ ਵੀ ਕੱਟਦੇ ਸਨ । ਇਕਇਕ ਦਾਣਾ ਵੀ ਜੇ ਫ਼ਰੂਟ ਵਾਲੀ ਪੇਟੀ ਵਿਚੋਂ ਕੱਢਿਆ ਜਾਵੇ ਤਾਂ ਵੀ ਟੋਕਰਾ ਭਰ ਜਾਂਦਾ ਸੀ । ਦੂਜੇ ਆੜ੍ਹਤੀਏ ਤਾਂ ਵਾਧੂ ਸਬਜ਼ੀ ਨੂੰ ਟੋਕਰਿਆਂ 'ਚ ਪਾ ਕੇ ਵੇਚ ਦਿੰਦੇ, ਪਰ ਭਾਪਾ ਇੰਝ ਨਹੀਂ ਸੀ ਕਰਦਾ । ਭਾਪਾ ਸਬਜ਼ੀ ਦੇ ਝੋਲੇ ਭਰਦਾ, ਅਫ਼ਸਰ ਦੇ ਰੁਤਬੇ ਮੁਤਾਬਕ ਫ਼ਰੂਟ ਅਤੇ ਸਬਜ਼ੀ ਨਾਲ ਭਰਿਆ ਝੋਲਾ ਕੋਠੀ ਪਹੁੰਚਦਾ । ਡਿਪਟੀ ਤੋਂ ਲੈ ਕੇ ਹੌਲਦਾਰ ਤਕ । ਜੱਜ ਤੋਂ ਲੈ ਕੇ ਨਾਜ਼ਰ ਤਕ । ਈ.ਟੀ.ਓ. ਤੋਂ ਲੈ ਕੇ ਕਲਰਕ ਤਕ । ਸਭ ਦੇ ਘਰੀਂ ਉਸ ਦੀ ਸਬਜ਼ੀ ਜਾਂਦੀ । ਛੋਟੇ ਮੁਲਾਜ਼ਮ ਨੂੰ ਲੋੜ ਹੁੰਦੀ ਤਾਂ ਮੰਡੀ ਜਾ ਕੇ ਲੈ ਆਦਾ ।
ਜਿਸ ਬੰਦੇ ਦਾ ਹਰ ਰੋਜ਼ ਮੁਫ਼ਤ ਹੀ ਖਾਈਏ ਜੇ ਉਸ ਨੂੰ ਕਦੇ ਕੰਮ ਪੈ ਜਾਏ ਤਾਂ ਵਗਾਰ ਕਿਹੜੇ ਮੂੰਹ ਪਾਈਏ ? ਲਾਲ ਸਿੰਘ ਨੇ ਇਸੇ ਝੇਪ ਵਿਚ ਖੁੱਲ੍ਹਦਿਲੀ ਦਿਖਾਈ । ਸਾਧੂ ਜੇ ਉਸ ਦੀ ਸਬਜ਼ੀਮੰਡੀ ਵਿਚ ਕੰਮ ਕਰਦਾ ਅਤੇ ਬੰਟੀ ਦੇ ਕਾਤਲਾਂ ਨਾਲ ਉਸ ਦਾ ਕੋਈ ਸੰਬੰਧ ਨਹੀਂ ਤਾਂ ਉਹ ਸਾਧੂ ਨੂੰ ਲਿਜਾ ਸਕਦਾ ।
ਇਕਇਕ ਕਰਕੇ ਲਗਭਗ ਸਾਰੇ ਹੀ ਮੁਸਤਵੇ ਜਾ ਚੁੱਕੇ ਸਨ । ਥਾਣੇ ਵਿਚ ਇਕੋਇਕ ਬੰਦਾ ਕੰਮ ਦਾ ਬਚਿਆ ਸੀ । ਉਹ ਵੀ ਬਲਵੰਤ ਦੀ ਨਾਲਾਇਕੀ ਕਰਕੇ । ਉਹ ਬਲਵੰਤ ਦੇ ਮਾਮੇ ਦੇ ਸਾਂਢੂ ਦਾ ਪੁੱਤ ਸੀ । ਬੱਸ ਨਿਕਲ ਜਾਣ ਕਰਕੇ ਸਟੇਸ਼ਨ 'ਤੇ ਸੌਂ ਗਿਆ ਸੀ । ਗਸ਼ਤੀ ਪਾਰਟੀ ਉਸ ਨੂੰ ਫੜ ਲਿਆਈ ਸੀ ।
ਮਿੱਠੂ ਦੇ ਮਾਪਿਆਂ ਨੂੰ ਕੱਲ੍ਹ ਹੀ ਪਤਾ ਲੱਗਾ ਸੀ । ਪੈਸਿਆਂ ਦਾ ਝੋਲਾ ਭਰ ਕੇ ਉਹ ਰਾਤ ਹੀ ਬਲਵੰਤ ਕੋਲ ਆ ਗਏ ਸਨ ।
ਸਾਰੀ ਰਾਤ ਮਾਮਾ ਬਲਵੰਤ ਦੇ ਹਾੜ੍ਹੇ ਕੱਢਦਾ ਰਿਹਾ । ਗਊ ਵਰਗਾ ਮੁੰਡਾ । ਜਿੰਨੇ ਮਰਜ਼ੀ ਪੈਸੇ ਲੱਗ ਜਾਣ, ਉਹ ਛੁੱਟਣਾ ਚਾਹੀਦਾ ।
ਅੰਦਰੋਂ ਬਲਵੰਤ ਡਰਦਾ ਸੀ । ਉਸ ਦੀ ਨਵੇਂ ਥਾਣੇਦਾਰ ਨਾਲ ਬੁੱਕਲ ਨਹੀਂ ਸੀ ਖੁੱਲ੍ਹੀ ।
ਸਿੱਧੀ ਗੱਲ ਕਰਨ ਦੀ ਉਹ ਹਿੰਮਤ ਨਹੀਂ ਸੀ ਕਰ ਰਿਹਾ ।
ਉਹ ਮਾਮੇ ਨੂੰ ਮੋੜਨਾ ਵੀ ਨਹੀਂ ਚਾਹੁੰਦਾ । ਟਾਲੀ ਰੱਖਣ ਲਈ ਇਕਦੋ ਬਹਾਨੇ ਘੜੇ ।
ਥਾਣੇਦਾਰ ਅੜੀਅਲ , ਕਿਸੇ ਦੀ ਨਹੀਂ ਮੰਨਦਾ । ਜੇ ਮੰਨ ਵੀ ਗਿਆ ਤਾਂ ਥੱਬਾ ਨੋਟਾਂ ਦਾ ਲਏਗਾ ।
ਪੰਜ ਹਜ਼ਾਰ ਤਾਂ ਉਹਨਾਂ ਬਲਵੰਤ ਨੂੰ ਫੜਾ ਹੀ ਦਿੱਤੇ । ਪੰਜ ਹਜ਼ਾਰ ਹੋਰ ਖ਼ਰਚਣ ਲਈ ਹਰੀ ਝੰਡੀ ਦੇ ਦਿੱਤੀ ।
ਰਿਸ਼ਵਤ ਦੇ ਧੰਦੇ ਵਿਚ ਉਧਾਰ ਨਹੀਂ ਚੱਲਦਾ । ਇਹ ਸੋਚ ਕੇ ਬਲਵੰਤ ਨੇ ਮਿੱਠੀਆਂ ਮਿੱਠੀਆਂ ਗੱਲਾਂ ਰਾਹੀਂ ਮਾਮੇ ਨੂੰ ਸਮਝਾਇਆ । ਦਸ ਹਜ਼ਾਰ ਵਾਲੀ ਗੁੱਟੀ ਦੇ ਕੇ ਥਾਣੇਦਾਰ ਤੋਂ ਨਾਂਹ ਨਹੀਂ ਹੋਣੀ । ਪੰਜ ਹਜ਼ਾਰ ਥੋੜ੍ਹਾ ਸੀ ।
ਆੜ੍ਹਤੀਆਂ ਕੋਲ ਜਾਂਦੇ ਮਾਮੇ ਨੂੰ ਉਸ ਨੇ ਛੋਟਾ ਜਿਹਾ ਸਵਾਲ ਹੋਰ ਪਾ ਦਿੱਤਾ । ਮੁਨਸ਼ੀ ਮੁਸੱਦੀ ਵੀ ਮਾਣ ਨਹੀਂ ਹੁੰਦੇ । ਥੋੜ੍ਹਾ ਬਹੁਤ ਹੱਥ ਉਹਨਾਂ ਨੂੰ ਵੀ ਝਾੜਨਾ ਪਏਗਾ । ਹਜ਼ਾਰ ਦੋ ਹਜ਼ਾਰ ਹੋਰ ਫੜੀ ਆਵੇ ।
ਥਾਣੇਦਾਰ ਨਾਲ ਮਿੱਠੂ ਬਾਰੇ ਗੱਲ ਕਰਨ ਦਾ ਇਹ ਵਧੀਆ ਮੌਕਾ ਸੀ । ਲਾਲ ਸਿੰਘ ਘਬਰਾਇਆ ਹੋਇਆ ਸੀ । ਲੱਗਦੇ ਵਾਹ ਕਿਸੇ ਮੁਲਾਜ਼ਮ ਨੂੰ ਤੰਗ ਨਹੀਂ ਸੀ ਕਰਦਾ । ਨਾ ਪਹਿਲਾਂ ਵਾਂਗ ਪੁੱਠਾ ਬੋਲਦਾ ਸੀ ।
ਥਾਣਾ ਲਗਭਗ ਵਿਹਲਾ ਹੋ ਚੁੱਕਾ ਸੀ । ਪਾਲੇ ਅਤੇ ਮੀਤੇ ਵਰਗਿਆਂ ਨੂੰ ਕਿਸ ਨੇ ਛੁਡਾਉਣ ਆਉਣਾ ਸੀ ? ਪਾਲੇ ਲਈ ਜੀਵਨ ਆ ਸਕਦਾ ਸੀ । ਜੀਵਨ ਦਾ ਆਪਣਾ ਮੁੰਡਾ ਮਸਾਂ ਛੁੱਟਿਆ ਸੀ । ਅਗਾਂਹ ਟਾਇਰ ਫੰਡ ਵੀ ਸ਼ੁਰੂ ਹੋ ਚੁੱਕਾ ਸੀ । ਕਈ ਵਾਰ ਇਹ ਟਾਇਰ ਸਿਫ਼ਾਰਸ਼ੀਆਂ ਦੇ ਗਲ ਵੀ ਪੈ ਸਕਦਾ ਸੀ । ਸਿਆਣੇ ਸੇਠਾਂ ਨੇ ਦੜ ਵੱਟ ਲਈ ਹੋਣੀ ।
ਬਲਵੰਤ ਨੇ ਹਾਲੇ ਤਕ ਮਿੱਠੂ ਦਾ ਕੋਈ ਸਿਫ਼ਾਰਸ਼ੀ ਵੀ ਥਾਣੇ ਨਹੀਂ ਸੀ ਆਉਣ ਦਿੱਤਾ ।
ਥਾਣੇਦਾਰ ਨੂੰ ਲੱਗਦਾ ਹੋਣਾ , ਜਿਵੇਂ ਉਹ ਵੀ ਲਾਵਾਰਿਸ ਹੀ ਸੀ ।
''ਸਰਦਾਰ ਜੀ ਮਿੱਠੂ ਮੇਰੀ ਰਿਸ਼ਤੇਦਾਰੀ 'ਚੋਂ .....ਆਹ ਪੰਜ ਸੌ ਟਾਇਰ ਲਈ ਅਤੇ ਪੰਜ ਸੌ.....।'' ਵਿਹਲੇ ਬੈਠੇ ਥਾਣੇਦਾਰ ਅੱਗੇ ਪੰਜ ਸੌ ਧਰ ਕੇ ਬਲਵੰਤ ਨੇ ਗੱਲ ਛੇੜੀ ।
''ਜੇ ਤੇਰਾ ਬੰਦਾ ਸੀ ਤਾਂ ਪਹਿਲਾਂ ਹੀ ਦੱਸ ਦਿੰਦਾ.....ਆਹ ਕੀ ਕਰੀ ਜਾਨੈਂ ? ਰਹਿਣ ਦੇ.....।''
ਬਲਵੰਤ ਜਦੋਂ ਪੰਜ ਸੌ ਉਸ ਦੀ ਜੇਬ 'ਚ ਪਾਉਣ ਲੱਗਾ ਤਾਂ ਲਾਲ ਸਿੰਘ ਨੇ ਉਪਰਲੇ ਮਨੋਂ ਪੋਚਾ ਮਾਰਿਆ । ਮਿੱਠੂ ਨੂੰ ਛੱਡਣਾ ਹੀ ਸੀ, ਛੱਡ ਦਿੱਤਾ ।
ਮਿੱਠੂ ਨੂੰ ਬਲਵੰਤ ਨਾਲ ਜਾਂਦਾ ਦੇਖ ਕੇ ਮੁਨਸ਼ੀ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ।
''ਓਏ ਬਈ ਮੈਸ ਦਾ ਖ਼ਰਚਾ ਤਾਂ ਦਿਵਾ ਦੇ.....।'' ਮਿੱਠੂ ਨੂੰ ਗੇਟ ਕੋਲ ਘੇਰ ਕੇ ਮੁਨਸ਼ੀ ਨੇ ਬਲਵੰਤ ਨੂੰ ਤਾੜਿਆ ।
''ਇਹ ਮੇਰਾ ਰਿਸ਼ਤੇਦਾਰ । ਪੰਜ ਸੌ ਟਾਇਰ ਫੰਡ ਦੇ 'ਤਾ । ਹੋਰ ਕਿੰਨੇ ਬਣਦੇ ਨੇ ?'
''ਤਿੰਨ ਦਿਨ ਹੋ ਗਏ ਥਾਣੇ ਬੈਠੇ ਨੂੰ । ਤਿੰਨ ਸੌ ਬਣਦੈ ।'' ਮੁਨਸ਼ੀ ਨੇ ਅੱਖ ਮਾਰ ਕੇ ਬਲਵੰਤ ਨੂੰ ਸਮਝਾਇਆ । ਉਹ ਬਲਵੰਤ ਨਾਲ ਅੱਧੋਅੱਧ ਕਰਨ ਨੂੰ ਤਿਆਰ ਸੀ ।
''ਸੌ ਰੁਪਏ ਦਿਹਾੜੀ ਨੂੰ ਅਗਾਂਹ ਇਹ ਗਰੀਨ ਹੋਟਲ ? ਨਾਲੇ ਜਿਵੇਂ ਅਗਲੇ ਨੂੰ ਮੁਰਗ਼ਾ ਪਰੋਸਦੇ ਸੀ ? ਭੁੱਖ ਤਾਂ ਅਗਲੇ ਦੀ ਝ ਹੀ ਮਰ ਜਾਂਦੀ , ਡੰਡਾ ਪਰੇਡ ਹੁੰਦੀ ਦੇਖ ਕੇ । ਤੈਨੂੰ ਆਖਤਾ ਇਹ ਮੇਰਾ ਰਿਸ਼ਤੇਦਾਰ । ਜਿੰਨੀਆਂ ਹਾਜ਼ਰੀਆਂ ਬਣਨ ਮੇਰੇ ਖਾਤੇ ਲਿਖ ਦੇਈਂ ।'' ਂਕੜ ਦਿਖਾਦਾ ਬਲਵੰਤ ਮਿੱਠੂ ਨੂੰ ਥਾਣੇ 'ਚੋਂ ਬਾਹਰ ਲੈ ਗਿਆ ।
ਮੁਨਸ਼ੀ ਨਾਲ ਬਲਵੰਤ ਨੂੰ ਕੋਈ ਹਮਦਰਦੀ ਨਹੀਂ ਸੀ । ਬਥੇਰੀ ਲੁੱਟ ਪਾ ਰੱਖੀ ਸੀ । ਪੰਜ ਸੌ ਰੁਪਏ ਮੈਸ ਦੇ ਬਣਦੇ ਨਹੀਂ ਹੁੰਦੇ, ਪੰਜ ਸੌ ਮੰਗ ਕੇ ਖੜੋ ਜਾਂਦਾ ਸੀ । ਲੋਕਾਂ ਦੀਆਂ ਜਾਮਾ ਤਲਾਸ਼ੀਆਂ ਹੀ ਨਹੀਂ ਮਾਣ । ਕਿਸੇ ਬਟੂਏ 'ਚ ਪੰਜਾਹ ਹੋਣ ਜਾਂ ਪੰਜ ਹਜ਼ਾਰ । ਇਹ ਸਭ ਹੜੱਪ ਕਰ ਜਾਂਦੈ । ਆਖ ਹੀ ਦੇਣੈ । ਇੰਨੇ ਹੀ ਨਿਕਲੇ ਸਨ । ਕਈ ਤਾਂ ਡਰਦੇ ਘੜੀਆਂ ਛਾਪਾਂ ਵੀ ਲੈਣ ਨਹੀਂ ਆਦੇ ।
ਪਹਿਲਾਂ ਉਹ ਬਲਵੰਤ ਨੂੰ ਭੁੱਲਿਆ ਬੈਠਾ ਸੀ ? ਕਦੇ ਇਕ ਧੇਲਾ ਨਹੀਂ ਦਿਵਾਇਆ ।
ਕੋਈ ਅਸਾਮੀ ਬਲਵੰਤ ਦੇ ਅੜਿੱਕੇ ਆ ਗਈ ਤਾਂ ਮੂੰਹ 'ਚ ਪਾਣੀ ਆ ਗਿਆ ।
ਮਿੱਠੂ ਨੂੰ ਮਾਮੇ ਹਵਾਲੇ ਕਰ ਕੇ ਬਲਵੰਤ ਦੀ ਹਿੱਕ ਚੌੜੀ ਹੋ ਗਈ । ਰਿਸ਼ਤੇਦਾਰਾਂ ਵਿਚ ਉਸ ਦੀ ਧਾਂਕ ਤਾਂ ਜੰਮੀ ਹੀ ਸੀ ਨਾਲੇ ਗਿਆਰਾਂ ਹਜ਼ਾਰ ਦੇ ਕੜਕੜ ਕਰਦੇ ਨੋਟ ਵੀ ਬੋਝੇ ਪੈ ਗਏ ਸਨ ।
ਨਵੇਂ ਸਟਾਫ਼ 'ਤੇ ਹੁਣ ਉਸ ਨੂੰ ਕੋਈ ਗਿਲਾ ਨਹੀਂ ਸੀ ।
28
ਕਿਸੇ ਹੱਥੋਂ ਹੋਈ ਬੇਇੱਜ਼ਤੀ ਤਾਂ ਮਾੜੇ ਤੋਂ ਮਾੜੇ ਬੰਦੇ ਨੂੰ ਵੀ ਚੁੱਭਦੀ ਰਹਿੰਦੀ । ਪੁਲਿਸ ਦੀ ਡਿਕਸ਼ਨਰੀ ਵਿਚ ਤਾਂ ਇਸ ਨਾਂ ਦੇ ਸ਼ਬਦ ਦਾ ਨਾਂ ਨਿਸ਼ਾਨ ਹੀ ਨਹੀਂ । ਹਰ ਸਮੇਂ 'ਜੀ ਹਜ਼ੂਰ, ਜੀ ਹਜ਼ੂਰ' ਅਖਵਾਉਣ ਵਾਲੇ ਨੂੰ ਕੋਈ ਖਰੀਆਂਖਰੀਆਂ ਵੀ ਸੁਣਾ ਜਾਵੇ ਅਤੇ ਬੰਦਾ ਵੀ ਛੁਡਾ ਲਏ, ਇਹ ਉਸ ਲਈ ਮਰਨ ਵਾਲੀ ਗੱਲ ਸੀ ।
ਗੱਲ ਸਹੇ ਦੀ ਨਹੀਂ, ਪਹੇ ਦੀ ਵੀ ਸੀ । ਅੱਜ ਬਾਬਾ ਛੁਡਾ ਕੇ ਲੈ ਗਿਆ, ਕੱਲ੍ਹ ਨੂੰ ਕਿਸੇ ਜਥੇਦਾਰ ਨੇ ਆ ਜਾਣਾ ਸੀ ਅਤੇ ਪਰਸੋਂ ਨੂੰ ਕਿਸੇ ਜਨਸੰਘੀ ਨੇ । ਇਸ ਤਰ੍ਹਾਂ ਵਾਪਰਦਾ ਰਿਹਾ ਤਾਂ ਪੁਲਿਸ ਦੀ ਦਹਿਸ਼ਤ ਤਾਂ ਦਿਨਾਂ ਵਿਚ ਹੀ ਖ਼ਤਮ ਹੋ ਜਾਣੀ ਸੀ ।
ਬਗ਼ਾਵਤ ਦੇ ਰੌਂ ਵਿਚ ਹੋਏ ਲਾਲ ਸਿੰਘ ਨੇ ਸਾਰੇ ਸ਼ੱਕੀ ਬੰਦਿਆਂ ਦੇ ਰੱਸੇ ਖੋਲ੍ਹ ਦਿੱਤੇ ।
ਉਹ ਪਾਲੇ ਅਤੇ ਮੀਤੇ ਨੂੰ ਵੀ ਨਹੀਂ ਸੀ ਰੱਖਣਾ ਚਾਹੁੰਦਾ । ਪੁਰਾਣਾ ਮੁਨਸ਼ੀ ਗਲ ਪੈ ਗਿਆ । ਉਸ ਨੇ ਨਵੇਂ ਮੁਨਸ਼ੀ ਨੂੰ ਚਾਰਜ ਦੇਣਾ ਸੀ । ਬਹੁਤ ਸਾਰਾ ਮਾਲ ਤਿਆਰ ਕਰਨ ਵਾਲਾ ਰਹਿੰਦਾ ਸੀ ।
ਪਾਲਾ ਅਤੇ ਮੀਤਾ ਥਾਣੇ ਦੇ ਕੰਮਾਂਕਾਰਾਂ ਦੇ ਭੇਤੀ ਸੀ । ਪਹਿਲਾਂ ਵੀ ਜਦੋਂ ਫੜੇ ਜਾਂਦੇ, ਮੁਨਸ਼ੀ ਨਾਲ ਕੰਮ ਕਰਾਦੇ ਰਹਿੰਦੇ । ਨਾ ਹੀ ਉਹਨਾਂ ਦਾ ਕੋਈ ਪਿੱਛਾ ਕਰਨ ਵਾਲਾ ਸੀ । ਭਾਵੇਂ ਮਹੀਨਾ ਥਾਣੇ ਬੈਠੇ ਰਹਿਣ, ਕਿਸੇ ਨੇ ਨਹੀਂ ਸੀ ਪੁੱਛਣਾ । ਮੁਨਸ਼ੀ ਦੀਆਂ ਮਿੰਨਤਾਂ ਅੱਗੇ ਲਾਲ ਸਿੰਘ ਨੂੰ ਝੁਕਣਾ ਪਿਆ ।
ਪਿਛਲੇ ਦੋ ਦਿਨਾਂ 'ਚ ਮੇਜ਼ 'ਤੇ ਲੱਤਾਂ ਰੱਖ ਕੇ ਅਖ਼ਬਾਰ ਪੜ੍ਹਨ ਤੋਂ ਸਿਵਾ ਲਾਲ ਸਿੰਘ ਨੇ ਕੋਈ ਕੰਮ ਨਹੀਂ ਸੀ ਕੀਤਾ ।
ਜੇ ਸਰਕਾਰ ਨੂੰ ਕਾਤਲ ਫੜਨ ਦੀ ਕੋਈ ਕਾਹਲ ਨਹੀਂ ਤਾਂ ਲਾਲ ਸਿੰਘ ਨੂੰ ਆਪਣੀ ਨੌਕਰੀ ਖ਼ਤਰੇ 'ਚ ਪਾਉਣ ਦੀ ਕੀ ਚੱਟੀ ਪਈ ? ਸਿਆਸਤਦਾਨਾਂ ਦਾ ਕੀ ? ਜਦੋਂ ਆਪਣਾ ਸਿੰਘਾਸਣ ਡੋਲਣ ਲੱਗਦਾ ਤਾਂ ਕਿਸੇ ਨਾ ਕਿਸੇ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਜਾਂਦਾ । ਇਕ ਪਾਸੇ ਉਸ 'ਤੇ ਜ਼ੋਰ ਪੈ ਰਿਹਾ ਕਿ ਕਾਤਲਾਂ ਨੂੰ ਹਰ ਹਾਲਤ ਵਿਚ ਭੋਗ ਤੋਂ ਪਹਿਲਾਂਪਹਿਲਾਂ ਫੜਿਆ ਜਾਵੇ । ਦੂਜੇ ਪਾਸੇ ਉਸ ਦੀ ਤਫ਼ਤੀਸ਼ ਵਿਚ ਰੋੜਾ ਹੀ ਨਹੀਂ, ਚੱਟਾਨ ਬਣੇ ਖੜੇ ਬਾਬੇ ਦਾ ਕੋਈ ਹੀਲਾ ਨਹੀਂ ਕੀਤਾ ਜਾ ਰਿਹਾ ।
ਜਿਹੋ ਜਿਹਾ ਰੁਖ਼ ਉੱਚ ਅਧਿਕਾਰੀਆਂ ਨੇ ਅਪਣਾ ਰੱਖਿਆ ਸੀ, ਉਹੋ ਜਿਹਾ ਲਾਲ ਸਿੰਘ ਨੇ ਅਪਣਾ ਲਿਆ । ਬੰਟੀ ਵਾਲੀ ਤਫ਼ਤੀਸ਼ ਬੰਦ ਕਰ ਕੇ ਉਸ ਨੇ ਆਮ ਜੁਰਮਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ । ਪੁਲਿਸ ਦਾ ਸਾਰਾ ਧਿਆਨ ਕਾਤਲਾਂ ਵੱਲ ਹੋਣ ਕਾਰਨ ਬਾਕੀ ਜੁਰਮਾਂ ਦੀ ਰਫ਼ਤਾਰ ਤੇਜ਼ ਹੋ ਗਈ ਸੀ । ਭੁੱਕੀ ਦੇ ਸ਼ਰੇਆਮ ਵਿਕਣ ਦੀਆਂ ਮੁਖ਼ਬਰੀਆਂ ਆ ਰਹੀਆਂ ਸਨ ।
ਠੇਕੇਦਾਰ ਚੀਕ ਰਹੇ ਸਨ । ਘਰਘਰ ਨਾਜਾਇਜ਼ ਸ਼ਰਾਬ ਕਸ਼ੀਦ ਹੋ ਰਹੀ । ਸੱਟੇ ਵਾਲੇ ਨੇ ਆਪਣੇ ਕਰਿੰਦਿਆਂ ਦੀ ਗਿਣਤੀ ਦੁਗਣੀ ਕਰ ਦਿੱਤੀ । ਇਕਦੋ ਲੜਾਈਆਂ ਹੋ ਚੁੱਕੀਆਂ ਸਨ ।
ਲਾਲ ਸਿੰਘ ਚੁੱਪ ਹੋਇਆ ਤਾਂ ਸਾਰੇ ਪਾਸੇ ਸ਼ਾਂਤੀ ਵਰਤ ਗਈ । ਨਾ ਫੜਫੜਾਈ, ਨਾ ਪੁੱਛਗਿੱਛ, ਨਾ ਕੋਈ ਜਲਸਾ ਜਲੂਸ । ਸ਼ਹਿਰ ਜਿਵੇਂ ਸੁਖੀ ਵੱਸਣ ਲੱਗਾ ਸੀ ।
ਨਵੇਂ ਕਪਤਾਨ ਨੂੰ ਜਿਵੇਂ ਹੋਰ ਕੋਈ ਕੰਮ ਹੀ ਨਹੀਂ ਸੀ । ਵਾਰਵਾਰ ਰਿਪੋਰਟ ਮੰਗ ਰਿਹ ਸੀ । ਉਸ ਨੂੰ ਫ਼ਿਕਰ ਸੀ ਕਿ ਭੋਗ ਵਿਚ ਕੁਝ ਦਿਨ ਬਾਕੀ ਸਨ । ਮੁੱਖ ਮੰਤਰੀ ਭੋਗ ਵਿਚ ਸ਼ਾਮਲ ਹੋਣਾ ਚਾਹੁੰਦਾ ਸੀ । ਉਹ ਭੋਗ ਵਿਚ ਤਾਂ ਹੀ ਸ਼ਾਮਲ ਹੋ ਸਕਦਾ ਸੀ ਜੇ ਕਾਤਲਾਂ ਨੂੰ ਭੋਗ ਤੋਂ ਪਹਿਲਾਂ ਫੜਿਆ ਜਾਵੇ ।
ਪੁਲਿਸ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਨੇ ਕਾਤਲਾਂ ਦੇ ਸਿਰ 'ਤੇ ਪੰਜਾਹਪੰਜਾਹ ਹਜ਼ਾਰ ਦੇ ਇਨਾਮ ਵੀ ਰੱਖ ਦਿੱਤੇ । ਪੁਲਿਸ ਮੁਲਾਜ਼ਮਾਂ ਨੂੰ ਇਕਇਕ ਤਰੱਕੀ ਦੇਣ ਦਾ ਅੇਲਾਨ ਵੀ ਕੀਤਾ । ਇਹ ਮੁੱਖ ਮੰਤਰੀ ਦੇ ਵਾਅਦੇ ਸਨ, ਕਿਸੇ ਅਫ਼ਸਰ ਦੇ ਨਹੀਂ । ਮੁੱਖ ਮੰਤਰੀ ਨੇ ਰੈਂਕ ਵਧਾਉਣ ਲੱਗਿਆਂ ਕਿਸੇ ਤੋਂ ਪੁੱਛਣ ਨਹੀਂ ਜਾਣਾ । ਆਪ ਹੀ ਘੁੱਗੀ ਮਾਰਨੀ ਸੀ ।
ਲਾਲ ਸਿੰਘ ਚੁੱਪ ਕੀਤਾ ਸਭ ਕੁਝ ਦੇਖ ਰਿਹਾ ਸੀ । ਪੁਲਿਸ ਕੋਲ ਕਿਹੜਾ ਅਲਾਦੀਨ ਦਾ ਚਿਰਾਗ਼ ਸੀ ਬਈ ਫੂਕ ਮਾਰ ਕੇ ਜਿੰਨ ਨੂੰ ਹਾਜ਼ਰ ਕਰੋ ਅਤੇ ਮੁਜਰਮਾਂ ਨੂੰ ਫੜ ਲਿਆਉਣ ਦਾ ਹੁਕਮ ਸੁਣਾ ਦਿਓ । ਕਿਸੇ ਨਤੀਜੇ 'ਤੇ ਪੁੱਜਣ ਲਈ ਸ਼ੱਕੀ ਬੰਦਿਆਂ ਦੀ ਪੁੱਛਗਿੱਛ ਜ਼ਰੂਰੀ ਸੀ ।
ਕਿਸੇ ਦੇ ਮੂੰਹ 'ਤੇ ਤਾਂ ਲਿਖਿਆ ਨਹੀਂ ਹੁੰਦਾ ਕਿ ਉਹ ਕਸੂਰਵਾਰ ਜਾਂ ਬੇਕਸੂਰ । ਤਫ਼ਤੀਸ਼ ਕਰਨ ਲੱਗਿਆਂ ਥੋੜ੍ਹਾਬਹੁਤਾ ਧੱਕਾ ਵੀ ਹੋ ਜਾਂਦਾ । ਜਿੰਨਾ ਚਿਰ ਬਾਬੇ ਵਾਲਾ ਕੰਡਾ ਕੱਢ ਕੇ ਲਾਲ ਸਿੰਘ ਨੂੰ ਤਫ਼ਤੀਸ਼ ਕਰਨ ਦੀਆਂ ਖੁੱਲ੍ਹਾਂ ਨਹੀਂ ਦਿੱਤੀਆਂ ਜਾਂਦੀਆਂ, ਲਾਲ ਸਿੰਘ ਕਿਸੇ ਵੀ ਸ਼ੱਕੀ ਬੰਦੇ ਨੂੰ ਥਾਣੇ ਨਹੀਂ ਬੁਲਾਏਗਾ । ਇਹ ਉਸ ਦਾ ਆਖ਼ਰੀ ਤੇ ਪੱਕਾ ਫ਼ੈਸਲਾ ਸੀ ।
ਕਪਤਾਨ ਨੂੰ ਲਾਲ ਸਿੰਘ ਸਾਰੀ ਰਿਪੋਰਟ ਦੇ ਆਇਆ ਸੀ । ਬਾਬਾ ਕੋਈ ਮਾੜੀਮੋਟੀ ਹਸਤੀ ਨਹੀਂ । ਉਹ ਤਾਂ ਅੰਤਰਰਾਸ਼ਟਰੀ ਪੱਧਰ ਦਾ ਬੰਦਾ । ਲਾਲ ਸਿੰਘ ਨੇ ਆਪਣੀ ਪੱਧਰ 'ਤੇ ਉਸ ਨੂੰ ਹੱਥ ਪਾ ਲਿਆ ਤਾਂ ਸਾਰੇ ਦੇਸ਼ ਵਿਚ ਵਾਵਰੋਲਾ ਖੜਾ ਹੋ ਜਾਣਾ ਸੀ । ਬਾਬੇ ਦੀ ਗਿਰਫ਼ਤਾਰੀ ਲਈ ਘੱਟੋਘੱਟ ਮੁੱਖ ਮੰਤਰੀ ਦਾ ਇਸ਼ਾਰਾ ਹੋਣਾ ਜ਼ਰੂਰੀ ਸੀ ।
ਲਾਲੇ ਵਾਂਗ ਬਾਬੇ ਦੇ ਹਮਾਇਤੀਆਂ ਦੀ ਗਿਣਤੀ ਸ਼ਹਿਰ ਤਕ ਹੀ ਸੀਮਤ ਨਹੀਂ ਸੀ । ਉਸ ਨੇ ਤਾਂ ਆਪਣੀਆਂ ਟੰਗਾਂ ਸਾਰੇ ਸੂਬੇ ਵਿਚ ਪਸਾਰ ਰੱਖੀਆਂ ਸਨ । ਲਾਲੇ ਵਾਂਗ ਉਸ ਦੇ ਸਮਰਥਕਾਂ ਵਿਚ ਧਨਾਢ, ਕਾਰਖ਼ਾਨੇਦਾਰ, ਵਿਉਪਾਰੀ ਜਾਂ ਖੱਸੀ ਹੋਏ ਧਾਰਮਿਕ ਨੇਤਾ ਨਹੀਂ ਹਨ । ਉਸ ਦੇ ਸਮਰਥਕ ਤਾਂ ਸਿਰਾਂ 'ਤੇ ਕਫ਼ਨ ਬੰਨ੍ਹੀ ਫਿਰਦੇ ਕਾਲਜਾਂਯੂਨੀਵਰਸਿਟੀਆਂ ਦੇ ਵਿਦਿਆਰਥੀ, ਫ਼ੌਲਾਦੀ ਡੌਲਿਆਂ ਵਾਲੇ ਕਿਰਤੀ, ਭੋਲੇਭਾਲੇ ਕਿਸਾਨ ਅਤੇ ਸਾਰੀ ਉਮਰ ਲੋਕਾਂ ਦੇ ਪੈਰਾਂ 'ਚ ਰੁਲਣ ਵਾਲੇ ਦਲਿਤ ਸਨ ।
ਜੇ ਬਾਬੇ ਨੇ ਆਪਣੀ ਸਾਰੀ ਜ਼ਿੰਦਗੀ ਉਹਨਾਂ ਦੇ ਲੇਖੇ ਲਾਈ ਸੀ ਤਾਂ ਉਹ ਵੀ ਬਾਬੇ ਲਈ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਸਨ ।
ਲਾਲ ਸਿੰਘ ਨੇ ਤਾਂ ਬਾਬੇ ਦੀ ਸਾਰੀ ਹਿਸਟਰੀ ਇਸ ਲਈ ਦੱਸੀ ਸੀ ਤਾਂ ਜੋ ਕਪਤਾਨ ਲਾਲ ਸਿੰਘ ਦੀ ਮਜਬੂਰੀ ਨੂੰ ਸਮਝੇ, ਪਰ ਲਾਲ ਸਿੰਘ ਨੂੰ ਲੱਗਾ ਜਿਵੇਂ ਕਪਤਾਨ ਨੂੰ ਆਪਣਾ ਫ਼ਿਕਰ ਪੈ ਗਿਆ ਹੋਵੇ । ਉਹ ਗਿਰਫ਼ਤਾਰੀ ਦੇ ਆਰਡਰ ਦਿੰਦਾਦਿੰਦਾ ਗੱਲ ਟਾਲ ਗਿਆ ਸੀ ।
ਲਾਲ ਸਿੰਘ ਨੂੰ ਹੁਕਮ ਹੋਇਆ ਸੀ ਕਿ ਉਹ ਪਹਿਲਾਂ ਬਾਬੇ ਦੇ ਖ਼ਿਲਾਫ਼ ਕੋਈ ਕੇਸ ਦਰਜ ਕਰੇ । ਫਿਰ ਅਦਾਲਤ ਵਿਚੋਂ ਗਿਰਫ਼ਤਾਰੀ ਵਾਰੰਟ ਹਾਸਲ ਕਰੇ । ਇੰਨੇ ਵਿਚ ਉਹ ਮੁੱਖ ਮੰਤਰੀ ਤੋਂ ਹੁਕਮ ਪਰਾਪਤ ਕਰ ਲਏਗਾ ।
ਮੁਕੱਦਮਾ ਦਰਜ ਕਰਨਾ ਕਿਹੜਾ ਔਖੀ ਗੱਲ ਸੀ ? ਥਾਣੇ ਪੁੱਜਦਿਆਂ ਹੀ ਲਾਲ ਸਿੰਘ ਨੇ ਝੱਟ ਵੱਡੀ ਸਾਰੀ ਐਫ਼.ਆਈ.ਆਰ. ਕੱਟ ਦਿੱਤੀ । ਦੋਸ਼ ਵੀ ਸੱਚੇ । ਪੁਲਿਸ ਮੁਲਾਜ਼ਮਾਂ ਨੂੰ ਸਰਕਾਰੀ ਡਿਊਟੀ ਕਰਨ ਤੋਂ ਰੋਕਿਆ । ਪੁਲਿਸ ਹਿਰਾਸਤ ਵਿਚੋਂ ਬੰਦਾ ਛੁਡਾਇਆ । ਸਰਕਾਰੀ ਮੁਲਾਜ਼ਮਾਂ ਦੀ ਤੌਹੀਨ । ਬਿਨਾਂ ਆਗਿਆ ਤੋਂ ਥਾਣੇ 'ਚ ਪਰਵੇਸ਼ । ਵੀਹ ਦਫ਼ਾਵਾਂ ਲਾਈਆਂ ਲਾਲ ਸਿੰਘ ਨੇ ।
ਪਰਚੇ 'ਤੇ ਸਾਹਿਬ ਦੀ ਤਸੱਲੀ ਨਾ ਹੋਈ । ਕਹਾਣੀ ਮਨਘੜਤ ਜਿਹੀ ਲੱਗਦੀ ਸੀ । ਇਸ ਤੋਂ ਪੁਲਿਸ ਦੀ ਕਮਜ਼ੋਰੀ ਵੀ ਸਾਬਤ ਹੁੰਦੀ ਸੀ । ਉਹ ਪੁਲਿਸ ਟੱਟੂ ਦੀ ਹੋਈ ਜਿਹੜੀ ਇਕ ਬੁੱਡੇ ਬੰਦੇ ਤੋਂ ਵੀ ਆਪਣੀ ਹਿਫ਼ਾਜ਼ਤ ਨਾ ਕਰ ਸਕੀ । ਇਸ ਪਰਚੇ ਨੇ ਤਾਂ ਸਗੋਂ ਬਾਬੇ ਨੂੰ ਹੀਰੋ ਬਣਾ ਦੇਣਾ ਸੀ । ਉਹ ਇਸ ਉਮਰ ਵਿਚ ਵੀ ਥਾਣਿ ਬੰਦਾ ਛੁਡਾਉਣ ਦੀ ਹਿੰਮਤ ਰੱਖਦਾ ਸੀ ।
ਕੋਈ ਹੋਰ ਪਰਚਾ ਦਰਜ ਕੀਤਾ ਜਾਵੇ । ਕਿਸੇ ਸੱਚੀ ਘਟਨਾ 'ਤੇ ਆਧਾਰਿਤ ਕੀਤਾ ਜਾ ਸਕੇ ਤਾਂ ਬਹੁਤ ਬਿਹਤਰ । ਘਟਨਾ ਵੀ ਇਸ ਤਰ੍ਹਾਂ ਦੀ ਰਚੀ ਜਾਵੇ, ਜਿਸ ਨਾਲ ਲੋਕਾਂ 'ਚ ਬਾਬੇ ਦਾ ਵਕਾਰ ਵੀ ਘਟੇ ਅਤੇ ਉਸ ਨਾਲੋਂ ਲੋਕ ਟੁੱਟ ਵੀ ਸਕਣ ।
ਕਿਸੇ ਬੰਦੇ ਨੂੰ ਬਦਨਾਮ ਕਰਨ ਦੇ ਦੋ ਹੀ ਤਰੀਕੇ ਹੁੰਦੇ ਹ । ਜ਼ਨਾਨੀਬਾਜ਼ੀ ਜਾਂ ਫੰਡਾਂ ਵਿਚ ਹੇਰਾਫੇਰੀ । ਬਾਬੇ ਦੀ ਉਮਰ ਜ਼ਨਾਨੀਬਾਜ਼ੀ ਵਾਲੀ ਤਾਂ ਰਹੀ ਨਹੀਂ । ਸੰਮਤੀ ਨੇ ਕੋਈ ਫੰਡ ਵੀ ਇਕੱਠਾ ਨਹੀਂ ਕੀਤਾ ਕਿ ਉਸ 'ਤੇ ਹੇਰਾਫੇਰੀ ਦੀ ਗੱਲ ਉਡਾਈ ਜਾ ਸਕੇ । ਨਾਲੇ ਜਿਸ ਬੰਦੇ ਨੇ ਸਾਰੀ ਉਮਰ 'ਚ ਧੇਲਾ ਪੱਲੇ ਨਾ ਰੱਖਿਆ ਹੋਵੇ, ਸਗੋਂ ਆਪਣੀ ਸਾਰੀ ਜਾਇਦਾਦ ਅਤੇ ਕਮਾਈ ਲੋਕਾਂ ਦੇ ਲੇਖੇ ਲਾ ਦਿੱਤੀ ਹੋਵੇ, ਉਸ ਖ਼ਿਲਾਫ਼ ਹੇਰਾਫੇਰੀ ਦਾ ਇਲਜ਼ਾਮ ਕਿਸ ਨੇ ਮੰਨਣਾ ਸੀ ।
ਉਲਟਾ ਦੋਸ਼ ਲਾਉਣ ਵਾਲੇ ਦੀ ਖਿੱਲੀ ਉੱਡਣੀ ਸੀ ।
ਲਾਲ ਸਿੰਘ ਨੂੰ ਇਕੋ ਹੱਲ ਸੁੱਝ ਰਿਹਾ ਸੀ । ਕਿਵੇਂ ਨਾ ਕਿਵੇਂ ਬਾਬੇ ਦੇ ਖ਼ਿਲਾਫ਼ ਜਲੂਸ ਕੱਢਿਆ ਜਾਵੇ । ਜਲੂਸ 'ਚ ਗੜਬੜ ਕਰਾਈ ਜਾਵੇ । ਗੜਬੜ ਦੇ ਸਾਰੇ ਦੋਸ਼ ਬਾਬੇ ਸਿਰ ਮੜ੍ਹੇ ਜਾਣ । ਫੇਰ ਬਾਬੇ ਨੂੰ ਗਿਰਫ਼ਤਾਰ ਕਰਨਾ ਆਸਾਨ ਸੀ, ਪਰ ਜਲੂਸ ਕੱਢੇ ਕੌਣ ? ਇਹ ਸਮਝ ਨਹੀਂ ਸੀ ਆ ਰਿਹਾ ।
ਸੁਸਤ ਹੋਈ ਪੁਲਿਸ 'ਤੇ ਸੰਘ ਬਹੁਤ ਦੁਖੀ ਸੀ । ਸਵੇਰੇ ਸ਼ਾਮ ਜਦੋਂ ਵੀ ਉਹ ਤਫ਼ਤੀਸ਼ ਦੀ ਪਰੋਗਰੈਸ ਪੁੱਛਣ ਆਦੇ, ਲਾਲ ਸਿੰਘ ਘੜਿਆਘੜਾਇਆ ਇਕੋ ਜਵਾਬ ਦਿੰਦਾ :
''ਅਸੀਂ ਆਪਣੇ ਸਟਾਰ ਨਹੀਂ ਲੁਹਾਉਣੇ । ਤੁਹਾਡਾ ਬਾਬਾ ਤਫ਼ਤੀਸ਼ ਅੱਗੇ ਨਹੀਂ ਤੁਰਨ ਦਿੰਦਾ । ਜਿਸ ਸ਼ੱਕੀ ਬੰਦੇ ਨੂੰ ਵੀ ਫੜਦੇ ਹਾਂ, ਉਸੇ ਨੂੰ ਛੁਡਾ ਕੇ ਲੈ ਜਾਂਦਾ । ਸਰਦਾਰ ਵੀ ਚੁੱਪ ਬੈਠਾ । ਲੱਗਦੈ ਬਾਬੇ ਤੋਂ ਡਰਦੇ ਦੀ ਮੋਕ ਨਿਕਲਦੀ ।''
ਫੇਰ ਸੰਘ ਕੋਲ ਇਸ ਦਾ ਕੀ ਹੱਲ ਸੀ ? ਜੇ ਬਾਬਾ ਕਿਸੇ ਨੂੰ ਛੁਡਾ ਕੇ ਲੈ ਗਿਆ ਤਾਂ ਉਹ ਜ਼ਰੂਰ ਨਿਰਦੋਸ਼ ਹੋਏਗਾ । ਬਾਬਾ ਦਹਿਤਸ਼ਗਰਦਾਂ ਦੀ ਹਮਾਇਤ ਕਰਨ ਵਾਲਾ ਥੋੜ੍ਹਾ ।
ਲਾਲ ਸਿੰਘ ਨੇ ਸੰਘ ਨੂੰ ਅੰਦਰ ਵੜ ਕੇ ਸਮਝਾਇਆ ।
ਬਾਬੇ ਦਾ ਰਿਕਾਰਡ ਠੀਕ ਨਹੀਂ । ਕਿਸੇ ਸਮੇਂ ਉਹ ਮਾਰਧਾੜ ਕਰਨ ਵਾਲੇ ਗਰਮਖ਼ਿਆਲਾਂ ਵਾਲੇ ਮੁੰਡਿਆਂ ਦਾ ਮੋਹਰੀ ਹੁੰਦਾ ਸੀ । ਉਹੋ ਮੁੰਡੇ ਹਾਲੇ ਵੀ ਬਾਬੇ ਦੀਆਂ ਜਥੇਬੰਦੀਆਂ ਵਿਚ ਮੋਹਰੀ ਹਨ । ਇਹ ਕਾਰਾ ਬਾਬੇ ਦੀ ਕਿਸੇ ਸਮਰਥਕ ਜਥੇਬੰਦੀ ਦਾ ਵੀ ਹੋ ਸਕਦਾ । ਤਰਕਸ਼ੀਲ ਸਾਧਾਂ ਸੰਤਾਂ ਦੇ ਪਿੱਛੇ ਪਏ ਹੋਏ ਹਨ । ਟੂਣੇਟਾਮਣਾਂ ਜਾਂ ਪੁੱਛਾਂ ਦੇਣ ਵਾਲਿਆਂ ਨੂੰ ਵੰਗਾਰਦੇ ਹਨ । ਇਹ ਸਾਰਾ ਟੋਲਾ ਹੀ ਨਾਸਤਕਾਂ ਦਾ । ਕੀ ਪਤੈ ਲਾਲਾ ਜੀ ਦੇ ਧਰਮ ਪਰਚਾਰ 'ਤੇ ਚਿੜਦੇ ਹੋਣ ?
ਬਾਬੇ ਦਾ ਮੱਕੂ ਠੱਪਿਆ ਹੀ ਜਾਣਾ ਚਾਹੀਦਾ ।
ਸੰਘ ਨੂੰ ਲਾਲ ਸਿੰਘ ਦੀ ਗੱਲ ਜਚ ਗਈ । ਨਹੀਂ ਤਾਂ ਬਾਬੇ ਨੂੰ ਇੱਡਾ ਵੱਡਾ ਜਹਾਦ ਖੜਾ ਕਰਨ ਦੀ ਕੀ ਲੋੜ ਸੀ ?
''ਜੇ ਗੱਲ ਸੰਘ ਦੀ ਸਮਝ ਆ ਗਈ ਤਾਂ ਪੁਲਿਸ ਦੀ ਮਦਦ ਕਰੋ ।'' ਜਲੂਸ ਕੱਢਣ ਲਈ ਲਾਲ ਸਿੰਘ ਨੂੰ ਸੰਘ ਹੀ ਸਹੀ ਧਿਰ ਲੱਗੀ ।
ਸੰਘ ਪੁਲਿਸ ਦੀ ਮਦਦ ਤੋਂ ਕਦੋਂ ਇਨਕਾਰੀ । ਉਹਨਾਂ ਨੂੰ ਕਾਤਲ ਚਾਹੀਦੇ ਸਨ । ਸੰਘ ਹਰ ਕੁਰਬਾਨੀ ਲਈ ਤਿਆਰ ਸੀ ।
ਕੁਰਬਾਨੀ ਤਾਂ ਪਿਲਸ ਹੀ ਦੇਵੇਗੀ । ਸੰਘ ਕੇਵਲ ਮਦਦ ਦੇਵੇ ।
ਬਾਬੇ ਦਾ ਮਨੋਬਲ ਗੇਰਨ ਲਈ ਜ਼ਰੂਰੀ ਸੀ ਕਿ ਉਸ ਦੇ ਖ਼ਿਲਾਫ਼ ਇਕ ਭਰਵਾਂ ਜਲੂਸ ਕੱਢਿਆ ਜਾਵੇ । ਲੋਕਾਂ ਨੂੰ ਬਾਬੇ ਦੀਆਂ ਕਾਰਵਾਈਆਂ ਬਾਰੇ ਦੱਸਿਆ ਜਾਵੇ । ਲੋਕਾਂ ਦਾ ਗ਼ੁੱਸਾ ਹੀ ਬਾਬੇ ਨੂੰ ਪੁਲਿਸ ਨਾਲ ਪੰਗਾ ਲੈਣੋਂ ਰੋਕ ਸਕਦਾ ।
ਬਾਬੇ ਦੇ ਖ਼ਿਲਾਫ਼ ਜਲੂਸ ਕੱਢਣਾ ਸੰਘ ਦੇ ਵੱਸ ਦਾ ਰੋਗ ਨਹੀਂ ਸੀ । ਬਾਬੇ ਦੇ ਉਪਾਸ਼ਕਾਂ ਦੀ ਗਿਣਤੀ ਸੰਘ ਨਾਲੋਂ ਕਈ ਸੌ ਗੁਣਾ ਜ਼ਿਆਦਾ ਸੀ । ਅੱਧਿਆਂ ਨਾਲੋਂ ਵੱਧ ਸੰਘ ਦੇ ਵਰਕਰ ਬਾਬੇ ਦੇ ਸਮਰਥਕ ਸਨ । ਨਾਲੇ ਬਾਬੇ ਦੇ ਕੁਝ ਸਾਥੀ ਅੰਡਰਗਰਾਊਂਡ ਹਨ, ਕਿਸੇ ਵੀ ਸਮੇਂ ਸੰਘ ਦੇ ਵਰਕਰਾਂ ਨੂੰ ਗੋਲੀ ਮਾਰ ਸਕਦੇ ਹਨ ।
ਲਾਲ ਸਿੰਘ ਨੇ ਬਹੁਤੇ ਵਰਕਰਾਂ ਤੋਂ ਕੀ ਕਰਾਉਣੈ ? ਜਿੰਨੇ ਆ ਸਕਣ, ਉਨੇ ਹੀ ਠੀਕ ਹਨ । ਜਲੂਸ ਵਿਚ ਬੰਦੇ ਇਕੱਠੇ ਕਰਨਾ ਲਾਲ ਸਿੰਘ ਦੀ ਜ਼ਿੰਮੇਵਾਰੀ ਸੀ । ਪੁਲਿਸ ਨੂੰ ਕੇਵਲ ਨਾਹਰੇ ਮਾਰਨ ਵਾਲੇ ਬੰਦਿਆਂ ਦੀ ਜ਼ਰੂਰਤ ਸੀ ।
ਉਹ ਅੰਡਰਗਰਾਊਂਡ ਸਾਥੀਆਂ ਤੋਂ ਵੀ ਨਾ ਡਰਨ । ਪੁਲਿਸ ਜਲੂਸ ਦੇ ਨਾਲ ਹੋਏਗੀ ।
ਪੁਲਿਸ ਦੀ ਅਗਵਾਈ ਲਾਲ ਸਿੰਘ ਖ਼ੁਦ ਕਰੇਗਾ । ਮਜਾਲ ਕੋਈ ਸੰਘ ਵੱਲ ਝਾਕ ਵੀ ਜਾਵੇ ।
ਪਰ ਇਹ ਕੰਮ ਫੌਰੀ ਹੋਣਾ ਚਾਹੀਦਾ ਸੀ । ਇਸ ਤੋਂ ਪਹਿਲਾਂ ਕਿ ਬਾਬੇ ਦੇ ਸਮਰਥਕਾਂ ਨੂੰ ਇਸ ਦੀ ਸੂਹ ਲੱਗੇ, । ਜਲੂਸ ਨਿਕਲ ਜਾਣਾ ਚਾਹੀਦਾ ਸੀ ।
ਜੇ ਸੰਘ ਦੇ ਨੇਤਾਵਾਂ ਨੇ ਇਕੱਲੇ ਨਾਹਰੇ ਹੀ ਮਾਰਨੇ ਹਨ ਤਾਂ ਜਲੂਸ ਕਿਸੇ ਵਕਤ ਵੀ ਕੱਢਿਆ ਜਾ ਸਕਦਾ ਸੀ ।
ਉਹਨਾਂ ਸ਼ਾਮ ਨੂੰ ਚਾਰ ਵਜੇ ਹੀ ਜਲੂਸ ਕੱਢਣ ਦਾ ਪਰੋਗਰਾਮ ਬਣਾ ਲਿਆ ।
ਜਲੂਸ ਭਗਤ ਸਿੰਘ ਦੇ ਬੁੱਤ ਤੋਂ ਸ਼ੁਰੂ ਹੋਣਾ ਸੀ ਅਤੇ ਬਜ਼ਾਰਾਂ ਵਿਚ ਦੀ ਹੁੰਦਾ ਹੋਇਅ ਬਾਬੇ ਦੇ ਘਰ ਪੁੱਜਣਾ ਸੀ ।
ਸੰਘ ਨੇ ਬੜਾ ਨਰਮ ਪਰੋਗਰਾਮ ਰੱਖਿਆ ਸੀ । ਸੀਮਿਤ ਜਿਹੇ ਨਾਹਰੇ ਮਾਰਨੇ ਸਨ ।
ਘਰ ਪੁੱਜ ਕੇ ਬਾਬੇ ਨੂੰ ਬੇਨਤੀ ਕੀਤੀ ਜਾਣੀ ਸੀ । ਉਹ ਪੁਲਿਸ ਦੇ ਕੰਮਾਂ ਵਿਚ ਦਖ਼ਲ ਨਾ ਦੇਵੇ । ਪੁਲਿਸ ਨੂੰ ਕਾਤਲ ਫੜਨ ਦੇਵੇ । ਸੰਘ ਨੂੰ ਯਕੀਨ ਸੀ, ਬਾਬੇ ਨੇ ਇਸ ਜਾਇਜ਼ ਮੰਗ ਨੂੰ ਹਰ ਹਾਲਤ ਵਿਚ ਮੰਨ ਲੈਣਾ ਸੀ ।
ਜਦੋਂ ਜਲੂਸ ਬੁੱਤ ਤੋਂ ਰਵਾਨਾ ਹੋਇਆ ਤਾਂ ਗਿਣਤੀ ਪੰਝੀਤੀਹ ਤੋਂ ਵੱਧ ਸੀ । ਪੁਲਿਸ ਦੀ ਗਿਣਤੀ ਵਰਕਰਾਂ ਨਾਲੋਂ ਕਈ ਗੁਣਾ ਜ਼ਿਆਦਾ ਸੀ ।
ਦਰਸ਼ਨ ਨੂੰ ਫ਼ਿਕਰ ਲੱਗਾ ਹੋਇਆ ਸੀ । ਬਾਬੇ ਦੇ ਘਰ ਤਕ ਪਹੁੰਚਦੇਪਹੁੰਚਦੇ ਤਾਂ ਉਹ ਦੋਚਾਰ ਹੀ ਰਹਿ ਜਾਣੇ ਸਨ ।
ਜਲੂਸ ਜਿਜਿ ਅੱਗੇ ਵਧਦਾ ਗਿਆ, ਸਮਰਥਕਾਂ ਦੀ ਗਿਣਤੀ ਵੀ ਵਧਦੀ ਗਈ ।
ਗਲੀ ਦੇ ਹਰ ਮੋੜ ਤੋਂ ਦਸਵੀਹ ਬੰਦੇ ਜਲੂਸ ਵਿਚ ਰਲ ਜਾਂਦੇ । ਵਧ ਰਹੀ ਭੀੜ ਨੂੰ ਦੇਖ ਕੇ ਦਰਸ਼ਨ ਦਾ ਜੋਸ਼ ਵੀ ਵਧਦਾ ਗਿਆ । ਉਸ ਦੇ ਨਾਅਰਿਆਂ ਦੀ ਆਵਾਜ਼ ਉੱਚੀ ਹੁੰਦੀ ਗਈ ।
ਨਾਅਰਿਆਂ ਦੇ ਹੁੰਗਾਰੇ ਤੋਂ ਦਰਸ਼ਨ ਨੂੰ ਲੱਗਦਾ ਸੀ, ਜਿਵੇਂ ਸਾਰਾ ਸ਼ਹਿਰ ਬਾਬੇ ਦੇ ਖ਼ਿਲਾਫ਼ ਸੀ, ਕਾਤਲਾਂ ਨੂੰ ਫੜਨ ਲਈ ਇਕਮੁੱਠ ਸੀ ।
ਹੌਲੀਹੌਲੀ ਜਲੂਸ ਦੇ ਤੇਵਰ ਬਦਲਣ ਲੱਗੇ । ਦਰਸ਼ਨ ਦੇ ਨਾਅਰਿਆਂ ਵੱਲ ਕੋਈ ਧਿਆਨ ਨਹੀਂ ਸੀ ਦੇ ਰਿਹਾ । ਭੀੜ ਵਿਚੋਂ ਹੀ ਕੋਈ ਨਾਅਰੇ ਲਾਉਣ ਲੱਗਾ ਸੀ । ਨਾਅਰੇ ਵੀ ਉਹ ਨਹੀਂ ਸਨ, ਜਿਹੜੇ ਸੰਘ ਨੇ ਚੁਣੇ ਸਨ । ਇਹ ਨਵੀਂ ਹੀ ਤਰ੍ਹਾਂ ਦੇ ਸਨ :
''ਬੰਟੀ ਦਾ ਕਾਤਲ.....ਕੁੱਤਾ ਬਾਬਾ.....''
''ਬਾਬੇ ਨੂੰ.....ਫਾਹੇ ਲਾਓ.....''
''ਕਾਤਲਾਂ ਦੇ ਰਾਖੇ ਬਾਬੇ ਨੂੰ.....ਗਿਰਫ਼ਤਾਰ ਕਰੋ.....ਗਿਰਫ਼ਤਾਰ ਕਰੋ.....''
''ਫੂਕ ਦਿਆਂਗੇ....ਫੂਕ ਦਿਆਂਗੇ । ਕਾਤਲ ਬਾਬੇ ਨੂੰ ਫੂਕ ਦਿਆਂਗੇ.....''
ਬਜ਼ਾਰ ਦੇ ਆਖ਼ਰੀ ਮੋੜ 'ਤੇ ਅਜੀਬਅਜੀਬ ਕਿਸਮ ਦੇ ਬੰਦੇ ਜਲੂਸ ਵਿਚ ਸ਼ਾਮਲ ਹੋ ਗਏ ।
ਕਿਸੇ ਕੋਲ ਡਾਂਗ ਸੀ, ਕਿਸੇ ਕੋਲ ਗੰਡਾਸਾ ਅਤੇ ਕਿਸੇ ਕੋਲ ਨੰਗੀ ਤਲਵਾਰ । ਕਈਆਂ ਦੇ ਹੱਥਾਂ ਵਿਚ ਇੱਟਾਂ ਰੋੜੇ ਸਨ । ਇਕ ਦੇ ਕੋਲ ਤੇਲ ਵਾਲੀਆਂ ਪੀਪੀਆਂ ਵੀ ਦਿਖਾਈ ਦਿੰਦੀਆਂ ਸਨ ।
''ਚੱਕ ਦਿਓ.....ਫੂਕ ਦਿਓ.....ਮਾਰ ਦਿਓ.....ਬਾਬੇ ਗ਼ਦਾਰ ਨੂੰ.....ਕਾਤਲ ਨੂੰ.....'' ਅਜੀਬ ਅਜੀਬ ਜਿਹੇ ਆਵਾਜ਼ੇ ਕੱਸੇ ਜਾ ਰਹੇ ਸਨ ।
ਘਬਰਾਏ ਦਰਸ਼ਨ ਦੇ ਪੈਰ ਤਾਂ ਪਿਛਾਂਹ ਵੱਲ ਜਾ ਰਹੇ ਸਨ ਪਰ ਲਾਲ ਸਿੰਘ ਕਾਹਲ ਕਰ ਰਿਹਾ ਸੀ ।
ਦਰਸ਼ਨ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਹੀ ਕਿ ਜਲੂਸ ਵਿਚ ਸ਼ਾਮਲ ਲੋਕ ਕੌਣ ਸਨ ?
ਨਾ ਉਹ ਸੰਘ ਦੇ ਵਰਕਰ ਸਨ, ਨਾ ਹੀ ਸ਼ਹਿਰ ਦੇ ਨਿਵਾਸੀ । ਫੇਰ ਵੀ ਚਿਹਰੇ ਦੇਖੇਭਾਲੇ ਜਿਹੇ ਜ਼ਰੂਰ ਸਨ ।
ਦਰਸ਼ਨ ਦੀ ਖ਼ਾਮੋਸ਼ੀ ਨੂੰ ਦੇਖ ਕੇ ਇਕ ਨਵਾਂ ਨੇਤਾ ਰਿਕਸ਼ੇ 'ਤੇ ਚੜ੍ਹ ਗਿਆ । ਉਸ ਨੇ ਮਾਈਕ ਦਰਸ਼ਨ ਹੱਥੋਂ ਫੜ ਲਿਆ । ਨਵਾਂ ਨੇਤਾ ਉੱਚੀਉੱਚੀ ਨਾਅਰੇ ਲਾਉਣ ਲੱਗਾ । ਯੁਵਾ ਸੰਘ ਦੇ ਹੱਕ ਵਿਚ, ਲਾਲਾ ਜੀ ਦੇ ਹੱਕ ਵਿਚ ਅਤੇ ਪੁਲਿਸ ਦੇ ਹੱਕ ਵਿਚ ।
ਰਿਕਸ਼ੇ 'ਚੋਂ ਉਤਰ ਕੇ ਦਰਸ਼ਨ ਨੇ ਸੁਖ ਦਾ ਸਾਹ ਲਿਆ । ਕਿਸੇ ਹੋਰ ਨੇ ਰਾਮ ਸਰੂਪ ਨੂੰ ਵੀ ਰਿਕਸ਼ੇ 'ਚੋਂ ਲਾਹ ਦਿੱਤਾ ਸੀ । ਉਹ ਵੀ ਦਰਸ਼ਨ ਨਾਲ ਆ ਰਲਿਆ ।
ਉਹ ਬਿਟਰਬਿਟਰ ਤਕ ਰਹੇ ਸਨ । ਜਲੂਸ ਉਹਨਾਂ ਹੱਥੋਂ ਨਿਕਲ ਚੁੱਕਾ ਸੀ । ਅੱਗੋਂ ਕੀ ਹੋਣ ਵਾਲਾ , ਕਿਸੇ ਨੂੰ ਕੁਝ ਨਹੀਂ ਸੀ ਪਤਾ ।
ਲਾਲ ਸਿੰਘ ਨੇ ਨਵੇਂ ਨੇਤਾਵਾਂ ਦੇ ਕੰਨ ਵਿਚ ਫੂਕ ਮਾਰੀ । ਉਹ ਜਲੂਸ ਤੇਜ਼ੀ ਨਾਲ ਬਾਬਾ ਜੀ ਦੇ ਘਰ ਵੱਲ ਲਿਜਾਣ ਲੱਗੇ ।
ਲਾਲ ਸਿੰਘ ਨੂੰ ਮੁਖ਼ਬਰੀ ਮਿਲੀ ਸੀ ਕਿ ਬਾਬੇ ਦੇ ਖ਼ਿਲਾਫ਼ ਨਿਕਲ ਰਹੇ ਜਲੂਸ ਦੀ ਖ਼ਬਰ ਸ਼ਹਿਰ ਦੀ ਗਲੀਗਲੀ ਵਿਚ ਤਾਂ ਫੈਲ ਹੀ ਗਈ ਸੀ ਤੇ ਇਹ ਪਿੰਡਾਂ ਵਿਚ ਵੀ ਪਹੁੰਚ ਗਈ ਸੀ ।
ਕਈ ਜਥੇਬੰਦੀਆਂ ਬਾਬੇ ਦੇ ਹੱਕ ਵਿਚ ਜਲੂਸ ਕੱਢਣ ਦੀਆਂ ਤਿਆਰੀਆਂ ਕਰ ਰਹੀਆਂ ਸਨ ।
ਸਾਂਸੀਆਂ ਦੀਆਂ ਕੁੱਲੀਆਂ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸ਼ਾਮੂ ਦੀ ਅਗਵਾਈ ਵਿਚ ਔਰਤਾਂਮਰਦਾਂ ਦਾ ਇਕ ਟੋਲਾ ਚੱਲ ਵੀ ਚੁੱਕਾ ਸੀ । ਉਹਨਾਂ ਦੇ ਹੱਥਾਂ ਵਿਚ ਤਕਲੇ, ਦਾਤੀਆਂ ਅਤੇ ਖੁਰਪੇ ਸਨ ।
ਉਹਨਾਂ ਨੂੰ ਰਸਤੇ ਵਿਚ ਹੀ ਕਾਬੂ ਕਰਨ ਲਈ ਇਕ ਪੁਲਿਸ ਦਾ ਦਸਤਾ ਭੇਜਿਆ ਜਾ ਚੁੱਕਿਆ ਸੀ ।
ਧਾਗਾ ਮਿੱਲ ਵਿਚ ਹੜਤਾਲ ਹੋ ਗਈ ਸੀ । ਮਜ਼ਦੂਰਾਂ ਨੂੰ ਅਸ਼ੋਕ ਲੀਡ ਕਰ ਰਿਹਾ ਸੀ ।
ਉਹ ਕੁਹਰਾਮ ਮਚਾਦੇ ਆ ਰਹੇ ਸਨ ।
ਕ੍ਰਾਂਤੀਕਾਰੀ ਫਰੰਟ ਦੇ ਕੁਝ ਕਾਰਕੁਨ ਹਥਿਆਰਾਂ ਸਮੇਤ ਬਾਬੇ ਦੇ ਘਰ ਪਹੁੰਚ ਚੁੱਕੇ ਸਨ ।
ਤਰਕਸ਼ੀਲ ਅਗਵਾੜ ਵਾਲੀ ਧਰਮਸ਼ਾਲਾ ਵਿਚ ਇਕੱਠੇ ਹੋ ਰਹੇ ਸਨ । ਉਥੋਂ ਬਾਬੇ ਦਾ ਘਰ ਨੇੜੇ ਹੀ ਸੀ । ਕਿਸੇ ਵੀ ਸਮੇਂ ਉਹ ਜਲੂਸ ਨਾਲ ਟਕਰਾ ਸਕਦੇ ਸਨ ।
ਕਈ ਪਿੰਡਾਂ ਵਿਚ ਲਾਊਡਸਪੀਕਰਾਂ 'ਤੇ ਲੋਕਾਂ ਨੂੰ ਟਰਾਲੀਆਂ ਵਿਚ ਬੈਠ ਕੇ ਸ਼ਹਿਰ ਪੁੱਜਣ ਦੇ ਸੱਦੇ ਦਿੱਤੇ ਜਾ ਚੁੱਕੇ ਸਨ । ਨਾਲ ਦੇ ਪਿੰਡਾਂ 'ਚੋਂ ਲੋਕਾਂ ਦੀਆਂ ਭਰੀਆਂ ਕੁਝ ਟਰਾਲੀਆਂ ਸ਼ਹਿਰ ਵੱਲ ਕੂਚ ਕਰ ਚੁੱਕੀਆਂ ਸਨ ।
ਗੜਬੜ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਸਾਰਾ ਬਜ਼ਾਰ ਬੰਦ ਹੋ ਚੁੱਕਾ ਸੀ ।
ਲਾਲ ਸਿੰਘ ਨੂੰ ਖ਼ਤਰਾ ਸੀ । ਸੱਚਮੁੱਚ ਟਕਰਾ ਹੋ ਸਕਦਾ ਸੀ । ਇਸ ਤਰ੍ਹਾਂ ਹੋ ਗਿਆ ਤਾਂ ਲਾਲ ਸਿੰਘ ਨੂੰ ਲੈਣੇ ਦੇ ਦੇਣੇ ਪੈ ਸਕਦੇ ਸਨ ।
ਉਹ ਜਲੂਸ ਵਿਚ ਤੇਜ਼ੀ ਨਾਲ ਘੁੰਮ ਰਿਹਾ ਸੀ । ਜਲੂਸ ਵਿਚ ਸ਼ਾਮਲ ਬੰਦਿਆਂ ਨੂੰ ਉਹ ਕੁਝ ਸਮਝਾ ਰਿਹਾ ਸੀ ।
ਬਾਕੀ ਦਾ ਪੈਂਡਾ ਜਲੂਸ ਨੇ ਕੁਝ ਮਿੰਟਾਂ ਵਿਚ ਹੀ ਮੁਕਾ ਲਿਆ ।
ਬਾਬੇ ਦੇ ਘਰ ਅੱਗੇ ਪੁੱਜਦਿਆਂ ਹੀ ਇੱਟਾਂਰੋੜਿਆਂ ਦੀ ਬਾਰਿਸ਼ ਸ਼ੁਰੂ ਹੋ ਗਈ । ਡਾਂਗਾਂ ਗੰਡਾਸਿਆਂ ਨਾਲ ਦਰਵਾਜ਼ੇ ਤੋੜਨ ਦੇ ਯਤਨ ਹੋਣ ਲੱਗੇ ।
''ਵੱਡਿਆ ਇਨਕਲਾਬੀਆ ਹਿੰਮਤ ਤਾਂ ਬਾਹਰ ਆ.....''
''ਦੇਖਦੇ ਹਾਂ ਤੂੰ ਕਾਤਲਾਂ ਨੂੰ ਘਰੇ ਬਹਾ ਕੇ ਕਿਵੇਂ ਬਚਾਉਨੈਂ ?''
''ਭੁੰਨ ਦਿਉ ਗ਼ਦਾਰ ਨੂੰ.....ਫੂਕ ਦਿਓ ਸਾਰੇ ਪਰਿਵਾਰ ਨੂੰ.....।'' ਇੱਟਾਂ ਰੋੜਿਆਂ ਦੇ ਨਾਲਨਾਲ ਨਾਅਰੇ ਵੀ ਉੱਚੇ ਹੁੰਦੇ ਗਏ ।
ਤੇਲ ਦੀਆਂ ਪੀਪੀਆਂ ਵਾਲਿਆਂ ਨੇ ਫੁਰਤੀ ਨਾਲ ਤੇਲ ਦਰਵਾਜ਼ਿਆਂ 'ਤੇ ਛਿੜਕ ਦਿੱਤਾ ।
ਕੋਈ ਤੇਲ ਨੂੰ ਤੀਲੀ ਦਿਖਾਉਣ ਹੀ ਲੱਗਾ ਸੀ ਕਿ ਕੋਠੇ ਤੋਂ ਬਾਬਾ ਗੜਕਿਆ :
''ਬੇਵਕੂਫ਼ ਸੰਘ ਵਾਲਿਓ ਤੁਸੀਂ ਕਿਥੇ ਹੋ ? .....ਤੁਹਾਨੂੰ ਦਿੱਸਦਾ ਨਹੀਂ ਇਹ ਸਾਰੇ ਬੰਦੇ ਪੁਲਿਸ ਦੇ ਕਰਮਚਾਰੀ ਹਨ ਜਾਂ ਭਾੜੇ 'ਤੇ ਖ਼ਰੀਦੇ ਟੱਟੂ.....ਤੁਹਾਡੀ ਅਕਲ ਕਿਥੇ ਗਈ ? .....ਇਹ ਪੁਲਿਸ ਦੀ ਸਾਨੂੰ ਆਪਸ ਵਿਚ ਟਕਰਾਉਣ ਦੀ ਸਾਜ਼ਿਸ਼ .....।''
ਬਾਬੇ ਦੀ ਗੜ੍ਹਕ ਨਾਲ ਸਾਰਾ ਜਲੂਸ ਸਹਿਮ ਗਿਆ । ਡਾਂਗਾਂ ਅਤੇ ਗੰਡਾਸੇ ਉਥੇ ਹੀ ਰੁਕ ਗਏ । ਕੁਝ ਕੁ ਮੂੰਹ ਲੁਕਾਉਣ ਦਾ ਯਤਨ ਕਰਨ ਲੱਗੇ ।
ਬਾਬਾ ਕੋਠੇ 'ਤੇ ਚੜ੍ਹਿਆ ਖੜਾ ਸੀ । ਪੰਜਛੇ ਹਥਿਆਰਬੰਦ ਨੌਜਵਾਨ ਉਸ ਦੇ ਆਲੇਦੁਆਲੇ ਖੜੇ ਸਨ । ਉਹਨਾਂ ਆਪਣੇ ਨਿਸ਼ਾਨੇ ਭੀੜ ਦੇ ਚੁਣਵੇਂ ਬੰਦਿਆਂ 'ਤੇ ਸਿੰਨ੍ਹੇ ਹੋਏ ਸਨ ।
''ਕਿਸੇ ਨੇ ਹੋਰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ 'ਕੱਲੇ'ਕੱਲੇ ਨੂੰ ਭੁੰਨ ਦਿਆਂਗੇ ।'' ਬੰਦੂਕਾਂ ਤਾਣੀ ਜਦੋਂ ਇਕ ਨੌਜਵਾਨ ਕੜਕਿਆ ਤਾਂ ਤੇਲ ਵਾਲੇ ਹੱਥੋਂ ਪੀਪੀ ਛੁੱਟ ਗਈ । ਅੱਧਾ ਤੇਲ ਉਸ ਦੇ ਕੱਪੜਿਆਂ 'ਤੇ ਪੈ ਗਿਆ ।
ਜਲੂਸ ਦੇ ਸਾਹਮਣੇ ਵਾਲੇ ਪਾਸਿ ਅੱਗੇ ਵਧ ਰਹੇ ਤਰਕਸ਼ੀਲਾਂ ਦੇ ਜਲੂਸ ਦੇ ਨਾਅਰੇ ਸੁਣਾਈ ਦੇਣ ਲੱਗੇ ।
ਇਸ ਤੋਂ ਪਹਿਲਾਂ ਕਿ ਤਰਕਸ਼ੀਲ ਸਾਹਮਣੇ ਆਦੇ, ਭੀੜ ਵਿਚੋਂ ਕਿਸੇ ਨੇ ਹਵਾਈ ਫ਼ਾਇਰ ਕਰ ਦਿੱਤਾ ।
ਕੋਠੇ ਤੋਂ ਵੀ ਧੜਾਧੜ ਹਵਾਈ ਫ਼ਾਇਰ ਹੋਣ ਲੱਗੇ ।
ਦੇਖਦੇਦੇਖਦੇ ਸਾਰੀ ਭੀੜ ਛਾਈਂਮਾਈਂ ਹੋ ਗਈ । ਪਿੱਛੇ ਕਿਸੇ ਦੀ ਜੁੱਤੀ ਰਹਿ ਗਈ, ਕਿਸੇ ਦੀ ਪੱਗ ਅਤੇ ਕਿਸੇ ਦਾ ਚਾਦਰਾ ।
ਪੰਜਚਾਰ ਫ਼ਾਇਰ ਕਰ ਕੇ ਦੋਵੇਂ ਧਿਰਾਂ ਸ਼ਾਂਤ ਹੋ ਗਈਆਂ ।
ਇੰਨੇ 'ਚ ਹੀ ਲਾਲ ਸਿੰਘ ਦਾ ਮਸਲਾ ਹੱਲ ਹੋ ਗਿਆ । ਉਸ ਨੇ ਇਕ ਵਾਰ ਫਿਰ ਢੇਰ ਸਾਰੀਆਂ ਦਫ਼ਾਵਾਂ ਲਾ ਕੇ ਬਾਬੇ ਅਤੇ ਉਸ ਦੇ ਸਮਰਥਕਾਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ।
ਨਾਜਾਇਜ਼ ਹਥਿਆਰ ਰੱਖਣ ਦੀ ਦਫ਼ਾ, ਦੋਹਾਂ ਫ਼ਿਰਕਿਆਂ ਵਿਚ ਨਫ਼ਰਤ ਫੈਲਾਉਣ ਦੀ ਦਫ਼ਾ, ਮੁਜਰਮਾਂ ਨੂੰ ਪਨਾਹ ਅਤੇ ਹੱਲਾਸ਼ੇਰੀ ਦੇਣ ਦੀ ਦਫ਼ਾ, ਭੀੜ 'ਤੇ ਗੋਲੀ ਚਲਾ ਕੇ ਕਾਤਲਾਨਾ ਹਮਲਾ ਕਰਨ ਦੀ ਦਫ਼ਾ । ਸਰਕਾਰੀ ਕਰਮਚਾਰੀਆਂ ਨੂੰ ਡਿਊਟੀ ਤੋਂ ਰੋਕਣ ਦੀ ਦਫ਼ਾ ਅਤੇ ਸਰਕਾਰ ਵਿਰੁੱਧ ਬਗ਼ਾਵਤ ਦੀ ਦਫ਼ਾ ।
ਇਸ ਮੁਕੱਦਮੇ 'ਤੇ ਵੀ ਸਾਹਿਬ ਖ਼ੁਸ਼ ਨਹੀਂ ਸੀ ਹੋਇਆ । ਇਹ ਤਾਂ ਕੋਈ ਮਨਘੜਤ ਕਹਾਣੀ ਨਹੀਂ ਸੀ । ਸਾਰੇ ਸ਼ਹਿਰ ਨੇ ਵਾਕਾ ਅੱਖੀਂ ਦੇਖਿਆ ਸੀ । ਫ਼ੋਟੋਗਰਾਫ਼ਰਾਂ ਨੇ ਫ਼ੋਟੋਆਂ ਲਈਆਂ ਸਨ ਅਤੇ ਪੱਤਰਕਾਰਾਂ ਨੇ ਰਿਪੋਰਟਾਂ ਲਿਖੀਆਂ ਸਨ । ਲੋਕ ਵੀ ਬਾਬੇ ਨਾਲ ਨਾਰਾਜ਼ ਸਨ । ਉਸ ਨੂੰ ਨਿਹੱਥੀ ਭੀੜ 'ਤੇ ਗੋਲੀ ਨਹੀਂ ਸੀ ਚਲਾਉਣੀ ਚਾਹੀਦੀ ।
ਸਾਹਿਬ ਨੇ ਲਾਲ ਸਿੰਘ ਨੂੰ ਕੇਵਲ ਯਕੀਨ ਹੀ ਦਿਵਾਇਆ । ਅਜਿਹੇ ਮੁਕੱਦਮੇ ਗਿਰਫ਼ਤਾਰੀ ਦਾ ਹੁਕਮ ਦਿੰਦਿਆਂ ਸਰਕਾਰ ਨੂੰ ਕੀ ਇਤਰਾਜ਼ ਹੋ ਸਕਦਾ ਸੀ ?
ਇਸ ਵਾਕੇ ਨੂੰ ਵੀ ਦੂਜਾ ਦਿਨ ਸੀ । ਬਾਬੇ ਦੇ ਸਮਰਥਕਾਂ ਦਾ ਪਰਾਪੇਗੰਡਾ ਬੜਾ ਤੇਜ਼ ਸੀ ।
ਦੋ ਦਿਨਾਂ ਵਿਚ ਹੀ ਉਹਨਾਂ ਲੋਕਾਂ ਨੂੰ ਸਮਝਾ ਦਿੱਤਾ ਕਿ ਇਸ ਜਲੂਸ ਦਾ ਪਰਬੰਧ ਪੁਲਿਸ ਨੇ ਕੀਤਾ ਸੀ । ਬੰਦੇ ਵੀ ਪੁਲਿਸ ਦੇ ਸਨ ਅਤੇ ਯੋਜਨਾ ਵੀ । ਉਹਨਾਂ ਫ਼ੋਟੋਆਂ ਵੱਡੀਆਂ ਕਰਾਕਰਾ ਕੇ ਲੋਕਾਂ ਵਿਚ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਸਨ, ਜਿਨ੍ਹਾਂ ਵਿਚੋਂ ਪੁਲਿਸ ਮੁਲਾਜ਼ਮਾਂ ਦੇ ਚਿਹਰੇ ਸਾਫ਼ ਦਿਖਾਈ ਦੇ ਰਹੇ ਸਨ ।
ਸੰਮਤੀ ਨੇ ਦਰਸ਼ਨ ਅਤੇ ਰਾਮ ਸਰੂਪ ਨੂੰ ਵੀ ਭਰਮਾ ਲਿਆ । ਉਹਨਾਂ ਭਰੀ ਮਹਿਫ਼ਲ ਵਿਚ ਗ਼ਲਤੀ ਮੰਨ ਲਈ । ਇਹ ਵੀ ਇਕਬਾਲ ਕੀਤਾ ਕਿ ਉਹਨਾਂ ਇਹ ਕਰਤੂਤ ਪੁਲਿਸ ਦੇ ਕਹਿਣ 'ਤੇ ਕੀਤੀ ਸੀ ।
ਸਰਕਾਰ ਦੀ ਖ਼ਮੋਸ਼ੀ ਤੋਂ ਲਾਲ ਸਿੰਘ ਨੂੰ ਲੱਗਦਾ ਸੀ, ਜਿਵੇਂ ਪਾਸਾ ਪੁੱਠਾ ਪੈਣ ਵਾਲਾ ਸੀ ।
ਲਾਲ ਸਿੰਘ ਨੇ ਕੰਨਾਂ ਨੂੰ ਹੱਥ ਲਾਏ । ਖੂਹ 'ਚ ਪਏ ਇਹੋ ਜਿਹੀ ਤਫ਼ਤੀਸ਼ । ਭੱਠ 'ਚ ਪe ਮੁੱਖ ਮੰਤਰੀ ਦਾ ਵਾਅਦਾ । ਜਦੋਂ ਮੁੱਖ ਮੰਤਰੀ ਨੂੰ ਹੀ ਕੋਈ ਫ਼ਿਕਰ ਨਹੀਂ ਤਾਂ ਪੁਲਿਸ ਨੂੰ ਕੀ ?
ਲੋਕਾਂ ਵਿਚ ਵਧ ਰਹੇ ਰੋਹ ਨੂੰ ਦੇਖਦਿਆਂ ਲਾਲ ਸਿੰਘ ਨੇ ਦਸ ਦਿਨਾਂ ਦੀ ਛੁੱਟੀ ਭੇਜ ਦਿੱਤੀ ।
ਭੋਗ ਪਿੱਛੋਂ ਦੇਖੀ ਜਾਏਗੀ ।
ਛੁੱਟੀ ਦੀ ਥਾਂ ਜਦੋਂ ਬਾਬੇ ਦੀ ਗਿਰਫ਼ਤਾਰੀ ਦੀ ਪਰਵਾਨਗੀ ਆਈ ਤਾਂ ਲਾਲ ਸਿੰਘ ਦੀ ਜਾਨ ਵਿਚ ਜਾਨ ਆਈ ।
ਮੁੱਖ ਮੰਤਰੀ ਵੱਲੋਂ ਲਾਲ ਸਿੰਘ ਨੂੰ ਖੁੱਲ੍ਹੀ ਛੁੱਟੀ ਸੀ । ਉਹ ਬਾਬੇ ਨੂੰ ਵੀ ਗ੍ਰਿਫ਼ਤਾਰ ਕਰ ਸਕਦਾ ਸੀ ਅਤੇ ਉਸ ਦੇ ਸਮਰਥਕਾਂ ਨੂੰ ਵੀ । ਜੇ ਜ਼ਮਾਨਤ ਹੁੰਦੀ ਦਿਸੇ ਤਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਵਰਤੋਂ ਵੀ ਕੀਤੀ ਜਾ ਸਕਦੀ ਸੀ ।
ਲਾਲ ਸਿੰਘ ਖ਼ੁਸ਼ ਸੀ । ਹੁਣ ਉਸ ਨੂੰ ਆਪਣੇ ਜੌਹਰ ਦਿਖਾਉਣ ਦਾ ਮੌਕਾ ਮਿਲਿਆ ਸੀ ।
....ਚਲਦਾ...