ਤਫ਼ਤੀਸ਼ -17 (ਨਾਵਲ )

ਮਿੱਤਰ ਸੈਨ ਮੀਤ   

Email: mittersainmeet@hotmail.com
Cell: +91 98556 31777
Address: 610, ਆਈ ਬਲਾਕ, ਭਾਈ ਰਣਧੀਰ ਸਿੰਘ ਨਗਰ
ਲੁਧਿਆਣਾ India
ਮਿੱਤਰ ਸੈਨ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


30

ਐਸ.ਐਚ.ਓ. ਨੇ ਬੁੱਢੇ ਬਲਵੰਤ ਸਿਪਾਹੀ ਦੀ ਸਿਆਣਪ ਨੂੰ ਮਾਨਤਾ ਦੇ ਦਿੱਤੀ । ਸੱਚਮੁੱਚ ਉਸ ਤੋਂ ਵੱਧ ਕਾਬਲ ਸਿਪਾਹੀ ਕੋਈ ਸਾਰੇ ਜ਼ਿਲ੍ਹੇ ਵਿਚ ਨਹੀਂ ਸੀ । ਇਹ ਗੱਲ ਪੱਕੀ ਸੀ ਕਿ ਨਾ ਉਸ ਤੋਂ ਵੱਧ ਕੋਈ ਮੁਖ਼ਬਰੀ ਹਾਸਲ ਕਰ ਸਕਦਾ ਸੀ ਅਤੇ ਨਾ ਹੀ ਉਸ ਤੋਂ ਵੱਧ ਕੋਈ ਪੈਸੇ ਬਟੋਰ ਸਕਦਾ ਸੀ ।
ਲਾਲ ਸਿੰਘ ਨੇ ਜੇ ਭੋਗ ਤੋਂ ਪਹਿਲਾਂ ਕਾਤਲ ਲੱਭਣੇ ਹਨ ਤਾਂ ਉਸ ਨੂੰ ਬਲਵੰਤ ਦੀ ਸਹਾਇਤਾ ਲੈਣੀ ਹੀ ਪੈਣੀ ਸੀ । ਇਸ ਲਈ ਉਸ ਨੇ ਬਲਵੰਤ ਨੂੰ ਪੁਚਕਾਰ ਲਿਆ ਸੀ ਅਤੇ ਆਪਣੇ ਸਭ ਤੋਂ ਨੇੜਲੇ ਬੰਦਿਆਂ ਦਾ ਖ਼ਿਤਾਬ ਬਖ਼ਸ਼ ਦਿੱਤਾ ਸੀ ।
ਬਲਵੰਤ ਦੀ ਮਰਜ਼ੀ ਅਨੁਸਾਰ ਪੁੱਛਗਿੱਛ ਲਈ ਉਸ ਨੂੰ ਸਰਦਾਰਾਂ ਅਤੇ ਸੇਠਾਂ ਦੇ ਦਸਬਾਰਾਂ ਮੁੰਡਿਆਂ ਦੀ ਉਹ ਟੋਲੀ ਮਿਲੀ ਸੀ, ਜਿਨ੍ਹਾਂ ਦਾ ਕਿਸੇ ਧੜੇ ਨਾਲ ਕੋਈ ਵਾਸਤਾ ਨਹੀਂ ਸੀ । ਉਹਨਾਂ ਦਾ ਇਕੋਇਕ ਕੰਮ ਕੰਟੀਨ ਵਿਚ ਬੈਠ ਕੇ ਕਾਫ਼ੀ ਪੀਣਾ ਅਤੇ ਕੁੜੀਆਂ ਛੇੜਨਾ ਸੀ ।
ਅਜਿਹੇ ਮੁੰਡਿਆਂ ਨੂੰ ਦੋ ਕਾਰਨਾਂ ਕਰਕੇ ਫੜਿਆ ਗਿਆ ਸੀ । ਪਹਿਲਾ : ਉਹਨਾਂ ਦੇ ਮਾਪਿਆਂ ਤੋਂ ਪੈਸੇ ਇਕੱਠੇ ਕਰਨਾ । ਦੂਜਾ : ਪੁਲਿਸ ਨੂੰ ਨਿਰਪੱਖ ਸਾਬਤ ਕਰਨ ਲਈ ਉਹਨਾਂ ਨੂੰ ਕੁਝ ਹੀ ਘੰਟਿਆਂ ਬਾਅਦ ਛੱਡ ਦਿੱਤਾ ਜਾਣਾ ਸੀ । ਉਹ ਵੀ ਪਰੈਸ ਰਿਪੋਰਟਰਾਂ ਦੀ ਹਾਜ਼ਰੀ ਵਿਚ ।ਮੁੰਡਿਆਂ ਦੇ ਸੋਹਲ ਸਰੀਰਾਂ ਅਤੇ ਮਾਪਿਆਂ ਦੇ ਰੁਤਬਿਆਂ ਨੂੰ ਧਿਆਨ ਵਿਚ ਰੱਖਦਿਆਂ ਬਲਵੰਤ ਨੇ ਤਫ਼ਤੀਸ਼ ਦੇ ਹਲਕੇਫੁਲਕੇ ਤਰੀਕੇ ਹੀ ਵਰਤਣੇ ਸ਼ੁਰੂ ਕੀਤੇ ਸਨ ।
ਭਲੇਮਾਣਸ ਬਲਵੰਤ ਨੇ ਪਹਿਲਾਂ ਉਹਨਾਂ ਨੂੰ ਇਕ ਲਾਈਨ ਵਿਚ ਬਿਠਾ ਕੇ 'ਸੱਚ ਬੋਲਣ' ਦਾ ਮੌਕਾ ਦਿੱਤਾ । ਜੇ ਉਹ ਸਹੀਸਹੀ ਗੱਲ ਦੱਸ ਦੇਣ ਤਾਂ ਬਲਵੰਤ ਕੁਝ ਨਹੀਂ ਆਖੇਗਾ । ਸਰਕਾਰ ਵੱਲੋਂ ਮਿਲਣ ਵਾਲਾ ਸਾਰਾ ਇਨਾਮ ਵੀ ਮੁਖ਼ਬਰ ਨੂੰ ਮਿਲੇਗਾ ਅਤੇ ਥਾਣੇਦਾਰੀ ਵੀ ।
ਜਦੋਂ ਸਾਰਿਆਂ ਨੇ ਹੀ ਸਿਰ ਫੇਰ ਦਿੱਤੇ ਤਾਂ ਬਲਵੰਤ ਨੂੰ ਗ਼ੁੱਸਾ ਚੜ੍ਹਨ ਲੱਗਾ ।
''ਨਹੀਂ ਪਤਾ ਤਾਂ ਕੋਈ ਨਹੀਂ । ਦੇਖਦੇ ਜਾਓ ਕਿਵੇਂ ਯਾਦ ਆਉਣਗੇ ਬਾਪਾਂ ਦੇ ਨਾਂ ਫਟਾਫਟ ਹਰਾਮਜ਼ਾਦਿਓ ਜੇ ਥੋਡੀ ਰੇਲ ਗੱਡੀ ਨਾ ਬਣਾ ਦਿੱਤੀ ਤਾਂ ਮੇਰਾ ਨਾਂ ਵੀ ਬਲਵੰਤ ਨਹੀਂ ।''
ਆਖਦੇ ਬਲਵੰਤ ਨੇ ਪਹਿਲਾਂ ਬਾਣੀਆਂ ਦੇ ਯਸ਼ ਨੂੰ ਬੋਦੀਆਂ ਤੋਂ ਫੜ ਕੇ ਬਾਹਰ ਧੂਹਿਆ ।
''ਉਹ ਦੋ ਦਿਨ ਥੋਡੇ ਕਾਰਖ਼ਾਨੇ ਵਿਚ ਰਹੇ.....ਤੂੰ ਰੋਟੀ ਟੁੱਕ ਪਹੁੰਚਾਂਦਾ ਰਿਹਾ.....ਹੁਣ ਆਖਦੈ ਕੁਝ ਨੀ ਪਤਾ.....ਦੱਸ ਕਿਥੇ ਛੱਡ ਕੇ ਆਇਐ ਆਪਣੇ ਬਾਪਾਂ ਨੂੰ ?'' ਬਿਨਾਂ ਜਵਾਬ ਉਡੀਕੇ ਬਲਵੰਤ ਨੇ ਅੱਠਦਸ ਥੱਪੜ ਉਸ ਦੀਆਂ ਗੱਲ੍ਹਾਂ 'ਤੇ ਜੜ ਦਿੱਤੇ ।
ਯਸ਼ ਦੀਆਂ ਲੱਤਾਂ ਕੰਬਣ ਲੱਗੀਆਂ । ਚੀਕਾਂ ਮਾਰਦਾ ਜਦੋਂ ਉਹ ਬਲਵੰਤ ਦੇ ਪੈਰੀਂ ਪੈਣ ਲੱਗਦਾ ਤਾਂ ਬਲਵੰਤ ਮੁੜ ਬੋਦੀਆਂ ਤੋਂ ਫੜ ਕੇ ਉਸ ਨੂੰ ਉਪਰ ਨੂੰ ਧੂਹ ਲੈਂਦਾ । ਧੌਲਧੱਫਾ ਕਰਦਾ ਮੁੜ ਉਹੋ ਪਰਸ਼ਨ ਦੁਹਰਾਦਾ ।
''ਦੇਵੀ ਦੀ ਸਹੁੰ ਮੈਨੂੰ ਕੁਝ ਨਹੀਂ ਪਤਾ.....।'' ਭੁੱਬਾਂ ਮਾਰਮਾਰ ਸਪੱਸ਼ਟੀਕਰਨ ਦਿੰਦੇ ਯਸ਼ ਦਾ ਗਲਾ ਬੈਠ ਗਿਆ । ਗੱਲ੍ਹਾਂ ਲਾਲ ਹੋ ਗਈਆਂ, ਕੰਨ ਸੁੱਜ ਗਏ । ਪਿਸ਼ਾਬ ਨਿਕਲਣ ਕਾਰਨ ਪੈਂਟ ਗਿੱਲੀ ਹੋ ਗਈ । ਟੱਟੀ ਦੀ ਹਾਜ਼ਤ ਹੋਣ ਲੱਗੀ ।
ਹੋਰ ਪਏ ਦੋ ਥੱਪੜਾਂ ਨੇ ਉਸ ਦਾ ਸਿਰ ਚਕਰਾ ਦਿੱਤਾ । ਸਿਰ ਨੂੰ ਚੜ੍ਹਦੀਆਂ ਘੁੰਮਣਘੇਰੀਆਂ ਯਸ਼ ਨੂੰ ਧਰਤੀ 'ਤੇ ਡਿੱਗਣ ਲਈ ਮਜਬੂਰ ਕਰਨ ਲੱਗੀਆਂ ।
ਯਸ਼ ਦੀ ਪੈਂਟ ਲੁਹਾ ਕੇ ਮੀਤੇ ਨੂੰ ਫੜਾਈ ਗਈ । ਉਹ ਪੈਂਟ ਦੀਆਂ ਮੂਰੀਆਂ ਨੂੰ ਆਪਸ ਵਿਚ ਬੰਨ੍ਹ ਕੇ ਪਹਿਲਾਂ ਇਸ ਦਾ ਹਾਰ ਬਣਾਏ ਅਤੇ ਫੇਰ ਉਸ ਵਿਚ ਰੇਤ ਭਰ ਲਏ । ਉਹ ਹਾਰ ਯਸ਼ ਦੇ ਗਲ ਵਿਚ ਪਾ ਕੇ ਡੰਡ ਕਢਾਏਗਾ । ਜਿੰਨੀ ਦੇਰ 'ਚ ਹਾਰ ਤਿਆਰ ਹੁੰਦਾ , ਓਨੀ ਦੇਰ 'ਚ ਪਾਲਾ ਉਸ ਨੂੰ ਟੱਟੀਆਂ 'ਚ ਲਿਜਾ ਕੇ ਹਾਜਤ ਮਿਟਾ ਲਿਆਏ ।
ਯਸ਼ ਤੋਂ ਵਿਹਲਾ ਹੋ ਕੇ ਬਲਵੰਤ ਜੀਤੀ ਅਤੇ ਨੀਨੂ ਵੱਲ ਹੋਇਆ ।
ਉਹਨਾਂ ਦਾ ਰੰਗ ਤਾਂ ਪਹਿਲਾਂ ਹੀ ਪੀਲਾ ਭੂਕ ਹੋਇਆ ਹੋਇਆ ਸੀ । ਬਲਵੰਤ ਦੇ ਨੇੜੇ ਪੁੱਜਦਿਆਂ ਹੀ ਉਹਨਾਂ ਨੂੰ ਪਸੀਨੇ ਛੁੱਟ ਪਏ ।
ਉਹਨਾਂ ਦੀਆਂ ਪੈਂਟਾਂ ਲੁਹਾ ਕੇ ਖੁੱਲ੍ਹੇਖੁੱਲ੍ਹੇ ਪਜਾਮੇ ਪਾਏ ਗਏ । ਪਜਾਮਿਆਂ ਵਿਚ ਚੂਹੇ ਛੱਡੇ ਗਏ । ਚੂਹਿਆਂ ਦੀਆਂ ਨਹੁੰਦਰਾਂ ਅਤੇ ਦੰਦੀਆਂ ਉਹਨਾਂ ਨੂੰ ਹਾਲੋਂਬੇਹਾਲ ਕਰਨ ਲੱਗੀਆਂ । ਇਕਦੋ ਵਾਰ ਉਹਨਾਂ ਚੂਹੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਲਵੰਤ ਦੇ ਡੰਡਿਆਂ ਨੇ ਗਲਾਂ ਸੁਜਾ ਦਿੱਤੀਆਂ ।
ਯਸ਼ ਵਾਂਗ ਉਹ ਵੀ ਚੀਕਚਿਹਾੜਾ ਪਾਉਣ ਲੱਗੇ ।
ਸੇਠਾਂ ਦੇ ਮੁੰਡਿਆਂ ਦੀਆਂ ਪਈਆਂ ਪਦੀੜਾਂ ਦੇਖਦੇਖ ਪਾਲਾ ਅਤੇ ਮੀਤਾ ਮੁਸਕੜੀਏ ਹੱਸ ਰਹੇ ਸਨ । ਨੌਕਰਾਂ ਨੂੰ ਗਾਲ੍ਹਾਂ ਕੱਢ ਕੇ ਬੁਲਾਉਣ ਵਾਲੇ ਅਤੇ ਸ਼ੁਗਲਸ਼ੁਗਲ ਵਿਚ ਹੀ ਠੁੱਡੇ ਮਾਰ ਦੇਣ ਵਾਲੇ ਨਵਾਬਾਂ ਨੂੰ ਹੁਣ ਪਤਾ ਲੱਗਾ ਹੋਣਾ  ਕਿ ਠੁੱਡਾ ਕਿਵੇਂ ਧੁਰ ਅੰਦਰ ਤਕ ਮਾਰ ਕਰਦਾ  ? ਉਹ ਮੁੰਡਿਆਂ ਦਾ ਤਮਾਸ਼ਾ ਬੜੇ ਸੁਆਦ ਨਾਲ ਦੇਖ ਰਹੇ ਸਨ ।
ਜੀਤੀ ਅਤੇ ਨੀਨੂ ਨੂੰ ਕੁਝ ਦੇਰ ਸੁਸਤਾਉਣ ਦਾ ਵਕਤ ਦੇ ਕੇ ਬਲਵੰਤ ਥਰਥਰ ਕੰਬਦੀ ਬਾਕੀ ਢਾਣੀ ਵੱਲ ਹੋਇਆ ।
ਮੁੰਡਿਆਂ ਨੂੰ ਆਪਣੀਆਪਣੀ ਥਾਂ ਮੂਧੇ ਪੈਣ ਦੀ ਹਦਾਇਤ ਹੋਈ । ਪਹਿਲਾਂ ਪੋਲੇਪੋਲੇ ਚਿੱਤੜਾਂ 'ਤੇ ਚਾਰਚਾਰ ਛਿੱਤਰਾਂ ਦਾ ਪਰਸ਼ਾਦ ਵਰਤਾਇਆ ਗਿਆ । ਫੇਰ ਉਹਨਾਂ ਨੂੰ ਪੁੱਠਿਓਂਸਿੱਦੇ ਅਤੇ ਸਿੱਧਿਓਂਪੁੱਠੇ ਹੋ ਕੇ ਲੋਟਨੀਆਂ ਖਾਣ ਦਾ ਹੁਕਮ ਹੋਇਆ । ਇਸ ਤਰ੍ਹਾਂ ਲਿਟਦੇਲਿਟਦੇ ਉਹਨਾਂ ਵਿਹੜੇ ਦੇ ਇਕ ਖੂੰਜੇ ਤੋਂ ਦੂਜੇ ਖੂੰਜੇ ਤਕ ਜਾਣਾ ਸੀ । ਫੇਰ ਉਧਰੋਂ ਪਹਿਲੇ ਖੂੰਜੇ ਵੱਲ ਆਉਣਾ ਸੀ ।
ਮਹਿੰਗੇਮਹਿੰਗੇ ਕੱਪੜੇ ਅਤੇ ਬਣਾਸੰਵਾਰ ਕੇ ਰੱਖੇ ਪਟੇ ਮਿੰਟਾਂ ਵਿਚ ਮਿੱਟੀ 'ਚ ਮਿੱਟੀ ਵਰਗੇ ਹੋ ਗਏ । ਗੋਡਿਆਂ ਅਤੇ ਕੂਹਣੀਆਂ 'ਚੋਂ ਖ਼ੂਨ ਸਿੰਮਣ ਲੱਗਾ । ਮਿੱਟੀ ਨਾਲ ਮੂੰਹ ਭਰ ਜਾਣ ਕਾਰਨ ਕਈਆਂ ਨੂੰ ਉਥੂ ਛਿੜ ਪਏ ।
ਰਫ਼ਤਾਰ ਮੱਠੀ ਕਰਨ ਵਾਲਿਆਂ ਲਈ ਬਲਵੰਤ ਦਾ ਡੰਡਾ ਹਾਜ਼ਰ ਸੀ । ਜਿ ਹੀ ਡੰਡਾ ਗਿੱਟਿਆਂ 'ਤੇ ਵੱਜਦਾ, ਝੱਟ ਉਹਨਾਂ ਦੀ ਰਫ਼ਤਾਰ ਤੇਜ਼ ਹੋ ਜਾਂਦੀ ।
ਉਹਨਾਂ ਵਿਚੋਂ ਕੋਈਕੋਈ ਬੇਹੋਸ਼ ਹੋਣ ਲੱਗਾ ।
ਜ ਤਾਂ ਉਹਨਾਂ ਦੀ ਸੁਰਤ ਟਿਕਾਣੇ ਲਿਆ ਕੇ ਬਲਵੰਤ ਦੀ ਤਫ਼ਤੀਸ਼ ਮੁਕੰਮਲ ਹੋ ਚੁੱਕੀ ਸੀ । ਫੇਰ ਵੀ ਮੁੰਡਿਆਂ ਨੂੰ ਮਾਨਸਕ ਤਣਾਓ ਵਿਚ ਰੱਖਣ ਲਈ ਉਹਨਾਂ ਨੂੰ ਕੱਪੜੇ ਝਾੜ ਕੇ ਦੁਬਾਰਾ ਤਿਆਰ ਰਹਿਣ ਦਾ ਹੁਕਮ ਹੋਇਆ ।
ਬਲਵੰਤ ਦਾ ਅਗਲਾ ਕੰਮ ਮੁੰਡਿਆਂ ਦੇ ਸਿਫ਼ਾਰਸ਼ੀਆਂ ਨੂੰ ਮਿਲਣਾ ਸੀ । ਸੰਤਰੀ ਦੱਸ ਰਿਹਾ ਸੀ ਕਿ ਪਹਿਲਵਾਨ ਦੇ ਢਾਬੇ ਤੋਂ ਲੈ ਕੇ ਪਾਂਧੇ ਅਰਜ਼ੀ ਨਵੀਸ ਤਕ ਸਭ ਦੁਕਾਨਾਂ ਸਿਫ਼ਾਰਸ਼ੀਆਂ ਨਾਲ ਭਰੀਆਂ ਪਈਆਂ ਸਨ । ਉਹ ਜਾਏ ਅਤੇ ਉਹਨਾਂ ਨਾਲ ਸੰਪਰਕ ਕਾਇਮ ਕਰੇ ।
ਥਾਣਿ ਬਾਹਰ ਜਾਂਦਾ ਬਲਵੰਤ ਮੁੰਡਿਆਂ ਨੂੰ ਇਕ ਵਾਰ ਫੇਰ ਤਾੜਨ ਲੱਗਾ ।
''ਤੁਸੀਂ ਦਮ ਮਾਰ ਲਓ । ਕਾਤਲਾਂ ਬਾਰੇ ਸੋਚ ਲਓ । ਕੁਝ ਦੱਸਣਾ ਹੋਵੇ ਤਾਂ ਦੱਸ ਦੇਣਾ ।
ਨਹੀਂ ਅਗਲੇ ਦੌਰ ਦੀ ਤਫ਼ਤੀਸ਼ ਲਈ ਤਿਆਰ ਰਹਿਣਾ ।''
ਅਗਲਾ ਦੌਰ ਕੀ ਹੋਵੇਗਾ, ਇਸ ਦੀ ਝਲਕ ਉਹਨਾਂ ਨੂੰ ਨਾਜ਼ਰ ਕੋਲੋਂ ਮਿਲ ਸਕਦੀ ਸੀ, ਜਿਹੜਾ ਖਾੜਕੂਆਂ ਨਾਲ ਨਜਿੱਠ ਰਿਹਾ ਸੀ ।
ਖਾੜਕੂਆਂ ਵਿਚੋਂ ਨਾਜ਼ਰ ਨੂੰ ਕੇਵਲ ਉਹੀ ਗਰੁੱਪ ਦਿੱਤਾ ਗਿਆ ਸੀ, ਜਿਹੜੇ ਜਥੇਬੰਦੀ ਦੇ ਅਹੁਦੇਦਾਰ ਸਨ ਜਾਂ ਫੇਰ ਆਪਣੇ ਆਪ ਨੂੰ ਕਾਰਵਾਈਆਂ ਲਈ ਸਹੀ ਠਹਿਰਾ ਰਹੇ ਸਨ ।
ਉਹ ਸਾਰੇ ਮੁੰਡੇ ਜਿਹੜੇ ਪੁਲਿਸ ਦੇ ਪਹਿਲੇ ਦਬਕੇ ਨਾਲ ਹੀ ਆਪਣਾ ਸੰਤੁਲਨ ਗਵਾ ਬੈਠੇ ਸਨ ਅਤੇ ਜਥੇਬੰਦੀ ਵਿਚ ਸ਼ਾਮਲ ਹੋਣ ਦੇ ਆਪਣੇ ਉਦੇਸ਼ ਨੂੰ ਫਟਾਫਟ ਦੱਸ ਚੁੱਕੇ ਸਨ, ਉਹਨਾਂ ਨੂੰ ਇਕ ਪਾਸੇ ਕਰ ਲਿਆ ਗਿਆ ਸੀ ।
ਪਾਸ ਕੀਤੇ ਗਏ ਮੁੰਡਿਆਂ ਵਿਚੋਂ ਇਕ ਨੇ ਦੱਸਿਆ ਕਿ ਉਸ ਦਾ ਕੱਪੜੇ ਵਾਲੇ ਭਾਪੇ ਦੀ ਕੁੜੀ ਨਾਲ ਇਸਕ ਸੀ । ਬਲਬੀਰੋ ਪਰੀਆਂ ਵਰਗੀ ਕੁੜੀ ਸੀ । ਹੱਥ ਲਾਇਆਂ ਮੈਲੀ ਹੁੰਦੀ ਸੀ । ਬਲਬੀਰੋ ਨੂੰ ਹੀਰੋ ਮਾਰਕਾ ਮੁੰਡੇ ਪਸੰਦ ਸਨ । ਮੁੰਡਾ ਕੋਈ ਹੋਰ ਮਾਰਕਾ ਮਾਰਨ ਦੇ ਤਾਂ ਕਾਬਲ ਨਹੀਂ ਸੀ, ਉਹ ਜਥੇਬੰਦੀ ਵਿਚ ਸ਼ਾਮਲ ਹੋ ਗਿਆ । ਬਲਬੀਰੋ ਨੂੰ ਦਿਖਾਉਣ ਲਈ ਉਹ ਜਥੇਬੰਦੀ  ਦੇ ਉਹਨਾਂ ਸਾਰੇ ਕੰਮਾਂ ਵਿਚ ਵਧਚੜ੍ਹ ਕੇ ਹਿੱਸਾ ਲੈਂਦਾ ਸੀ, ਜਿਥੇ ਬਲਬੀਰੋ ਹਾਜ਼ਰ ਹੁੰਦੀ ਸੀ ।
ਜਥੇਬੰਦੀ ਦੇ ਗੁਪਤ ਪਰੋਗਰਾਮਾਂ ਵਿਚ ਉਸ ਨੇ ਕਦੇ ਹਿੱਸਾ ਨਹੀਂ ਲਿਆ । ਜਦੋਂ ਦੀ ਬਲਬੀਰੋ ਬੀ.ਏ. ਕਰ ਕੇ ਯੂਨੀਵਰਸਿਟੀ ਚਲੀ ਗਈ ਸੀ, ਉਸ ਨੇ ਵੀ ਜਥੇਬੰਦੀ ਛੱਡ ਦਿੱਤੀ ਸੀ । ਦੂਜੇ ਦੇ ਹਿਸਾਬ ਦੇ ਲੈਕਚਰ ਘੱਟ ਸਨ । ਹਿਸਾਬ ਵਾਲਾ ਪਰੋਫ਼ੈਸਰ ਕਿਸੇ ਤਰ੍ਹਾਂ ਵੀ ਹਾਜ਼ਰੀਆਂ ਪੂਰੀਆਂ ਕਰਨ ਨੂੰ ਤਿਆਰ ਨਹੀਂ ਸੀ । ਕਿਧਰੇ ਇਮਤਿਹਾਨ ਵਿਚ ਹੀ ਬੈਠਣ ਤੋਂ ਨਾ ਰਹਿ ਜਾਏ, ਇਸ ਲਈ ਉਹ ਜਥੇਬੰਦੀ ਵਿਚ ਸ਼ਾਮਲ ਹੋ ਗਿਆ । ਡਰਦੇ ਪਰੋਫ਼ੈਸਰ ਨੇ ਲੈਕਚਰ ਪੂਰੇ ਕਰ ਦਿੱਤੇ ।
ਹੁਣ ਉਹ ਜਥੇਬੰਦੀ ਨੂੰ ਭੁਲਾ ਕੇ ਪੜ੍ਹਾਈ ਵਿਚ ਮਸਰੂਫ਼ ਸੀ । ਉਹ ਸਾਇੰਸ ਦਾ ਵਿਦਿਆਰਥੀ ਸੀ । ਪਹਿਲਾਂ ਹੀ ਬਥੇਰਾ ਨੁਕਸਾਨ ਹੋ ਗਿਆ ਸੀ ।
ਨਾਜ਼ਰ ਹਵਾਲੇ ਹੋਏ ਮੁੰਡੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਸਨ । ਉਹ ਅਡੋਲ ਅਤੇ ਸ਼ਾਂਤਚਿੱਤ ਖੜੇ ਸਨ ।
ਨਾਜ਼ਰ ਦੀ ਡਿਊਟੀ ਉਹਨਾਂ ਦੇ ਮੂੰਹ ਖੁਲ੍ਹਾਉਣ ਦੀ ਸੀ ।
''ਮੈਂ ਚਾਹੁੰਦਾ ਸਾਂ ਕਿ ਤੁਸੀਂ ਬਿਨਾਂ ਨਾਜ਼ਰ ਦੇ ਹੱਥ ਦੇਖੇ ਹੀ ਸਭ ਕੁਝ ਬਕ ਦੇਵੋ । ਮੈਂ ਹਿਸਾਬ ਦਾ ਪਰੋਫ਼ੈਸਰ ਤਾਂ ਹਾਂ ਨਹੀਂ ਬਈ ਸੋਥੋਂ ਡਰ ਜਾਊਂਗਾ । ਮੈਂ ਤਾਂ ਥੋਡੇ ਅੰਦਰਲੇ ਭੂਤ ਬੁਲਾ ਕੇ ਹੀ ਛੱਡੂੰ ।''
ਸੋਚਣ ਦਾ ਕੁਝ ਵਕਤ ਦੇ ਕੇ ਨਾਜ਼ੁਰ ਕੁਆਰਟਰ ਚਲਾ ਗਿਆ । ਖ਼ਤਰਨਾਕ ਜਥੇਬੰਦੀ ਦੇ ਕਾਰਕੁਨਾਂ ਦੀ ਤਫ਼ਤੀਸ਼ ਲਈ ਹੌਸਲੇ ਦੀ ਜ਼ਰੂਰਤ ਸੀ । ਹੌਸਲੇ ਲਈ ਵਿਸਕੀ ਦਾ ਸਹਾਰਾ ਲੈਣਾ ਪੈਣਾ ਸੀ । ਉਸ ਨੇ ਦੋ ਵੱਡੇ ਸਾਰੇ ਪੈੱਗ ਅੰਦਰ ਸੁੱਟੇ ਅਤੇ ਨਮਕੀਨ ਪਕੌੜੀਆਂ ਚਬਾਦਾ ਉਹਨੀਂ ਪੈਰੀਂ ਵਾਪਸ ਮੁੜ ਆਇਆ ।
''ਲੈ ਬਈ ਪਰਧਾਨ, ਪਹਿਲਾਂ ਫੇਰ ਤੂੰ ਹੀ ਤਿਆਰ ਹੋ ।'' ਡੰਡੇ ਦੇ ਇਸ਼ਾਰੇ ਨਾਲ ਉਸ ਨੇ ਇਕ ਸੋਹਣੇਸੁਨੱਖੇ ਅਤੇ ਸਰੂ ਦੇ ਕੱਦ ਵਰਗੇ ਉੱਚੇਲੰਬੇ ਮੁੰਡੇ ਨੂੰ ਅੱਗੇ ਬੁਲਾਇਆ ।
ਮੁੰਡਾ ਬਿਨਾਂ ਝਿਜਕ ਨਾਜ਼ਰ ਵੱਲ ਵਧਿਆ ।
''ਕੱਪੜੇ ਲਾਹ ਤੇ ਕੰਬਲ ਵੱਲ ਹੋ.....।''
''ਤੂੰ ਮੀਤਿਆ, ਉਹ ਕਿੱਲੋਮੀਟਰ ਲਿਆ.....'' ਰੁਕਰੁਕ ਕੇ ਨਾਜ਼ਰ ਨੇ ਦੋਹਾਂ ਨੂੰ ਹੁਕਮ ਸੁਣਾਏ ।
ਮੁੰਡਾ ਕੱਪੜੇ ਲਾਹੁਣ ਨੂੰ ਤਿਆਰ ਨਹੀਂ ਸੀ । ਮੀਤਾ ਕਿੱਲੋਮੀਟਰ ਨਾਂ ਦਾ ਇਕ ਫੱਟਾ ਚੁੱਕ ਲਿਆਇਆ ਸੀ । ਪਾਲੇ ਨੇ ਕੰਬਲ ਵਿਛਾ ਦਿੱਤਾ ਸੀ । ਦੋਤਿੰਨ ਸਿਪਾਹੀ ਕੰਬਲ ਦੁਆਲੇ ਆ ਖੜੋਤੇ ਸਨ ।
''ਅੰਡਰਵੀਅਰ ਅਤੇ ਬਨੈਣ ਵੀ ਲਾਹ ਦੇ.....'' ਨਾਜ਼ਰ ਦੇ ਇਸ ਹੁਕਮ ਦੀ ਪਰਧਾਨ ਨੇ ਕੋਈ ਪਰਵਾਹ ਨਾ ਕੀਤੀ ।
ਪਰਧਾਨ ਦਾ ਸ਼ਰਮਾਕਲ ਸੁਭਾਅ ਸਾਰੇ ਕਾਲਜ ਵਿਚ ਮਸ਼ਹੂਰ ਸੀ । ਪੰਜਾਂ ਭੈਣਾਂ ਦੇ ਇਕੋਇਕ ਭਰਾ ਵਿਚ ਬਹੁਤੀਆਂ ਆਦਤਾਂ ਕੁੜੀਆਂ ਵਾਲੀਆਂ ਹੀ ਸਨ । ਕਦੇ ਪਿੰਜਣੀ ਵੀ ਨੰਗੀ ਹੋ ਜਾਵੇ ਤਾਂ ਉਹ ਪਾਣੀਪਾਣੀ ਹੋ ਜਾਂਦਾ । ਆਪਣੇ ਜਮਾਤੀਆਂ ਸਾਹਮਣੇ ਅਲਫ਼ਨੰਗਾ ਹੋਣ ਨਾਲੋਂ ਉਸ ਲਈ ਮਰਨਾ ਚੰਗਾ ਸੀ ।
''ਅਸੀਂ ਫੇਰ ਦੂਜੇ ਲੋਟ ਵੀ ਲਾਹ ਦਿਆਂਗੇ.....।'' ਆਪਣੇ ਹੱਥ 'ਚ ਫੜੇ ਡੰਡੇ ਨੂੰ ਪਰਧਾਨ ਦੇ ਅੰਡਰਵੀਅਰ ਵਿਚ ਅੜਾਦੇ ਨਾਜ਼ਰ ਨੇ ਸਖ਼ਤੀ ਵਰਤਣੀ ਸ਼ੁਰੂ ਕੀਤੀ । ਵਿਸਕੀ ਆਪਣਾ ਰੰਗ ਦਿਖਾਉਣ ਲੱਗੀ ਸੀ । ਉਸ ਦੇ ਹੌਸਲੇ ਬੁਲੰਦ ਸਨ ।
''ਜਿਹੜੀਜਿਹੜੀ ਕਾਰਵਾਈ ਸਾਡੀ ਜਥੇਬੰਦੀ ਨੇ ਕੀਤੀ , ਉਹ ਸਾਰੀ ਮੈਂ ਦੱਸ ਚੁੱਕਾ ਹਾਂ । ਸਾਡਾ ਬੰਟੀ ਦੇ ਕਤਲ ਨਾਲ ਕੋਈ ਸੰਬੰਧ ਨਹੀਂ । ਨਾ ਹੀ ਕੋਈ ਸੱਚਾ ਸਿੱਖ ਮਾਸੂਮਾਂ ਦਾ ਕਤਲ ਕਰ ਸਕਦੈ.....। ਇਹ ਕਿਸੇ ਮੁਜਰਮ ਦਾ ਕੰਮ .....।'' ਆਪਣੇ ਪਹਿਲੇ ਬਿਆਨ ਨੂੰ ਪਰਧਾਨ ਨੇ ਫੇਰ ਦੁਹਰਾਇਆ ।
ਉਹ ਪਹਿਲਾਂ ਹੀ ਦੱਸ ਚੁੱਕਾ ਸੀ ਕਿ ਉਹਨਾਂ ਦੀ ਜਥੇਬੰਦੀ ਨੇ ਸਿਗਰਟਾਂ ਦੀਆਂ ਦੁਕਾਨਾਂ ਬੰਦ ਕਰਵਾਉਣ, ਮੀਟ ਵਾਲਿਆਾਂਂ ਨੂੰ ਕਿੱਤਾ ਬਦਲਣ ਅਤੇ ਸ਼ਰਾਬ ਦੇ ਠੇਕੇਦਾਰਾਂ ਨੂੰ ਸ਼ਰਾਬ ਵੇਚਣੋਂ ਹਟਣ ਦੀਆਂ ਧਮਕੀਆਂ ਜ਼ਰੂਰ ਦਿੱਤੀਆਂ ਹਨ । ਉਹ ਬਰਾਤ ਦੀ ਗਿਣਤੀ ਦਸਾਂ ਬੰਦਿਆਂ ਤੋਂ ਵਧਾਉਣ ਦੇ ਹੱਕ ਵਿਚ ਹੀ ਨਹੀਂ ਸਨ ।
ਜਿਹੜੇ ਦੁਕਾਨਦਾਰਾਂ ਨੇ ਉਹਨਾਂ ਦੀ ਧਮਕੀ ਦੀ ਪਰਵਾਹ ਨਹੀਂ ਕੀਤੀ, ਉਹਨਾਂ ਨੂੰ ਜਥੇਬੰਦੀ ਨੇ ਜ਼ਰੂਰ ਸੋਧਿਆ ਸੀ । ਠੇਕੇ ਲੁੱਟੇ ਸਨ, ਖੋਖੇ ਸਾੜੇ ਸਨ ਅਤੇ ਸਿਗਰਟਾਂ ਵਾਲਿਆਂ ਨੂੰ ਸ਼ਹਿਰੋਂ ਭਜਾਇਆ ਸੀ । ਇਕਦੋ ਬਰਾਤਾਂ ਨੂੰ ਬਰੰਗ ਭਿਜਵਾਇਆ ਸੀ । ਖਾੜਕੂਆਂ ਦੀ ਹੋਰ ਕਿਸੇ ਯੋਜਨਾਂ 'ਤੇ ਉਹਨਾਂ ਨੇ ਧਿਆਨ ਨਹੀਂ ਸੀ ਦਿੱਤਾ । ਨਾ ਕਿਸੇ ਤੋਂ ਫਰੌਤੀ ਮੰਗੀ ਸੀ, ਨਾ ਕਿਸੇ ਨੂੰ ਇਸ ਲਈ ਤੰਗ ਕੀਤਾ ਸੀ ਕਿ ਉਹ ਕਿਸੇ ਇਕ ਖ਼ਾਸ ਤਬਕੇ ਨਾਲ ਸੰਬੰਧ ਰੱਖਦਾ ਸੀ ।
ਇਸੇ ਲਈ ਸ਼ਹਿਰ ਵਿਚ ਅਮਨ ਸੀ ।
ਇਸ ਬਿਆਨ 'ਤੇ ਨਾ ਐਸ.ਐਚ.ਓ. ਦੀ ਤਸੱਲੀ ਹੋਈ, ਨਾ ਨਾਜ਼ਰ ਦੀ ਹੋਈ । ਉਹਨਾਂ ਨੂੰ ਇਕੋ ਤਸੱਲੀ ਸੀ ਕਿ ਮੁੰਡੇ ਇਕਬਾਲ ਕਰਨ ਲੱਗੇ ਸਨ । ਥੋੜ੍ਹੀ ਜਿਹੀ ਸਖ਼ਤੀ ਨਾਲ ਬੰਟੀ ਦਾ ਕਤਲ ਵੀ ਨਿਕਲ ਆਉਣਾ ਸੀ ।
'ਕਿੱਲੋਮੀਟਰ' ਲਾਉਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਸਨ । ਇਹ ਦੇਖ ਕੇ ਨਾਜ਼ਰ ਨੇ ਪਾਲੇ ਨੂੰ ਪਰਧਾਨ ਦਾ ਅੰਡਰਵੀਅਰ ਲਾਹੁਣ ਦਾ ਹੁਕਮ ਦਿੱਤਾ ।
ਜਿ ਹੀ ਅੱਗੇ ਵਧ ਕੇ ਪਾਲਾ ਪਰਧਾਨ ਦੇ ਅੰਡਰਵੀਅਰ ਨੂੰ ਹੱਥ ਪਾਉਣ ਲੱਗਾ, ਇਕ ਕਰਾਰਾ ਜਿਹਾ ਥੱਪੜ ਉਸ ਦੀ ਸੱਜੀ ਗੱਲ੍ਹ 'ਤੇ ਪਿਆ ਟੀਂਟੀਂ ਕਰਦੇ ਕੰਨ ਨਾਲ ਪਾਲਾ ਪਿਛਾਂਹ ਹਟ ਗਿਆ ।
ਨਾਜ਼ਰ ਨੂੰ ਲੱਗਾ ਜਿਵੇਂ ਇਹ ਥੱਪੜ ਪਾਲੇ ਦੇ ਨਹੀਂ, ਉਸ ਦੀ ਆਪਣੀ ਗੱਲ੍ਹ 'ਤੇ ਪਿਆ ਸੀ । ਕੋਈ ਸਾਧਾਰਨ ਮੁਜਰਮ ਹੁੰਦਾ ਤਾਂ ਨਾਜ਼ਰ ਨੇ ਹੁਣ ਤਾਈਂ ਉਸ ਨੂੰ ਬੋਕ ਵਾਂਗ ਢਾਹਿਆ ਹੁੰਦਾ । ਖਾੜਕੂ ਜਥੇਬੰਦੀ ਦੇ ਪਰਧਾਨ ਨਾਲ ਵਾਹ ਪੈਣ ਕਰਕੇ ਉਸ ਨੂੰ ਗ਼ੁੱਸਾ ਪੀਣਾ ਪਿਆ ।
''ਨਹੀਂ ਲਾਹੁੰਦਾ ਨਾ ਸਹੀ ।'' ਮਨ ਨਾਲ ਸਮਝੌਤਾ ਕਰ ਕੇ ਨਾਜ਼ਰ ਨੇ ਪਰਧਾਨ ਨੂੰ ਕੰਬਲ 'ਤੇ ਬੈਠ ਕੇ ਟੰਗਾਂ ਸਿਧੀਆਂ ਕਰਨ ਦਾ ਹੁਕਮ ਦਿੱਤਾ ।
ਪਰਧਾਨ ਹਰ ਤਰ੍ਹਾਂ ਦੇ ਤਸੀਹੇ ਸਹਿਣ ਲਈ ਤਿਆਰ ਸੀ ।
ਆਮ ਤੌਰ 'ਤੇ ਕਿੱਲੋਮੀਟਰ ਲਾਉਣ ਲੱਗਿਆਂ ਕੇਸ ਖੁਲ੍ਹਾ ਲਏ ਜਾਂਦੇ ਹਨ । ਜੂੜਾ ਖੋਲ ਕੇ ਕੇਸਾਂ ਨੂੰ ਇਕ ਸਿਪਾਹੀ ਆਪਣੇ ਹੱਥਾਂ ਵਿਚ ਫੜ ਲੈਂਦਾ  ਤਾਂ ਜੋ ਤਕਲੀਫ਼ ਹੋਣ 'ਤੇ ਛਟਪਟਾਦੇ ਬੰਦੇ ਨੂੰ ਕਾਬੂ ਰੱਖਿਆ ਜਾ ਸਕੇ । ਅੰਡਰਵੀਅਰ ਦੇ ਤਜਰਬੇ ਤੋਂ ਘਬਰਾਏ ਨਾਜ਼ਰ ਦੀ ਹਿੰਮਤ ਨਹੀਂ ਸੀ ਪਈ ਕਿ ਉਹ ਪਰਧਾਨ ਦੇ ਕੇਸਾਂ ਨੂੰ ਹੱਥ ਲਾ ਜਾਏ । ਉਹ ਪਰਧਾਨ ਦੀ ਪੱਗ ਲੁਹਾਉਣ ਤੋਂ ਵੀ ਝਿਜਕਿਆ ।
ਪਰਧਾਨ ਦੇ ਹੱਥਾਂ ਨੂੰ ਢੂਹੀ 'ਤੇ ਲਿਜਾ ਕੇ ਬੰਨ੍ਹ ਦਿੱਤਾ ਗਿਆ । ਗੁੱਟਾਂ 'ਤੇ ਬੰਨ੍ਹੇ ਪਰਨੇ ਨੂੰ ਇਕ ਸਿਪਾਹੀ ਨੇ ਚੰਗੀ ਤਰ੍ਹਾਂ ਫੜ ਲਿਆ ।
ਕਿੱਲੋਮੀਟਰ ਪਰਧਾਨ ਦੇ ਪੱਟਾਂ 'ਤੇ ਰੱਖਿਆ ਗਿਆ ।
ਫੱਟੇ ਦੇ ਦੋਹਾਂ ਸਿਰਿਆਂ 'ਤੇ ਪਹਿਲਾਂ ਦੋ ਮੋਟੇ ਸਿਪਾਹੀਆਂ ਨੇ ਚੜ੍ਹਨਾ ਸੀ । ਜੇ ਬਹੁਤਾ ਨਹੀਂ ਤਾਂ ਉਹਨਾਂ ਦਾ ਭਾਰ ਕੁਇੰਟਲਕੁਇੰਟਲ ਜ਼ਰੂਰ ਹੋਏਗਾ । ਜਿਵੇਂ ਉਹਨਾਂ ਨੂੰ ਇਸੇ ਕੰਮ ਲਈ ਪਾਲਿਆ ਗਿਆ ਸੀ ।
ਪਰਧਾਨ ਦੇ ਖੱਬੇਸੱਜੇ ਖੜੇ ਸਿਪਾਹੀਆਂ ਨੇ ਪਹਿਲਾਂ ਇਕਇਕ ਪੈਰ ਫੱਟੇ 'ਤੇ ਧਰਿਆ ।
ਇਕਇਕ ਦੋਦੋ ਜੰਪ ਮਾਰ ਕੇ ਉਹ ਇਕਦਮ ਫੱਟੇ 'ਤੇ ਚੜ੍ਹ ਗਏ ।
ਦਰਦ ਨਾ ਸਹਾਰਦੇ ਹੋਏ ਪਰਧਾਨ ਦੀਆਂ ਸਾਰੀਆਂ ਨਸਾਂ ਕੱਸੀਆਂ ਗਈਆਂ । ਸਾਰਾ ਸਰੀਰ ਸੂਹਾ ਹੋ ਗਿਆ । ਅੱਖਾਂ ਵਿਚ ਪਾਣੀ ਸਿੰਮ ਪਿਆ । ਦਿਲ ਦੀ ਧੜਕਣ ਸਾਫ਼ ਸੁਣਾਈ ਦੇਣ ਲੱਗੀ ।
ਪਰਧਾਨ ਦਾ ਪੂਰਾ ਜ਼ੋਰ ਲੱਗਾ ਹੋਇਆ ਸੀ ਕਿ ਮੂੰਹ ਵਿਚੋਂ ਕੋਈ ਚੀਕ ਨਾ ਨਿਕਲ ਸਕੇ ।
ਉਹ ਦੰਦਾਂ ਹੇਠ ਜੀਭ ਲਈ ਪਾਠ ਕਰਦਾ ਰਿਹਾ । ਉਹ ਕਾਫ਼ੀ ਹੱਦ ਤਕ ਕਾਮਯਾਬ ਸੀ । ਫੇਰ ਵੀ ਕਦੇਕਦੇ ਕਰਾਹੁਣ ਦੀ ਆਵਾਜ਼ ਨਿਕਲ ਹੀ ਜਾਂਦੀ ।
''ਕੁਝ ਬਕਦੈਂ.....ਜਾਂ ਹੋਰ ਨਜ਼ਾਰਾ ਦੇਖਣੈ.....'' ਪਰਧਾਨ ਨੂੰ ਕੇਸਾਂ ਦੀ ਥਾਂ ਗਲੇ ਤੋਂ ਫੜ ਕੇ ਨਾਜ਼ਰ ਨੇ ਆਪਣਾ ਪਰਸ਼ਨ ਦੁਹਰਾਇਆ ।
''ਜੋ ਸੀ ਦੱਸ ਦਿੱਤਾ.....ਹੋਰ ਕੁਝ ਨਹੀਂ ਪਤਾ.....''
''ਚਲੋ ਬਈ ਤੁਸੀਂ ਵੀ.....'' ਪਾਲੇ ਅਤੇ ਮੀਤੇ ਨੂੰ ਬਾਹੋਂ ਫੜਫੜ ਫੱਟੇ 'ਤੇ ਚੜ੍ਹਾਦੇ ਨਾਜ਼ਰ ਨੇ ਸਖ਼ਤੀ ਵਧਾਈ ।
ਫੱਟੇ ਹੇਠ ਕਿੜਕਿੜ ਹੋਣ ਲੱਗੀ । ਮੀਤੇ ਨੂੰ ਲੱਗਾ, ਪਰਧਾਨ ਦੀਆਂ ਹੱਡੀਆਂ ਟੁੱਟ ਰਹੀਆਂ ਸਨ । ਉਹ ਡਰਦਾ ਹੇਠਾਂ ਉਤਰ ਗਿਆ । ਪਿੱਛੇ ਹੀ ਸਿਪਾਹੀ ਵੀ ਉਤਰ ਗਏ । ਪਰਧਾਨ ਬੇਹੋਸ਼ ਹੋਣ ਵਾਲਾ ਹੀ ਸੀ ।
ਮੁੜ ਉਹੋ ਕਾਰਵਾਈ ਦੁਹਰਾਈ ਗਈ । ਪੱਟਾਂ 'ਤੇ ਤੇਲ ਦੀਆਂ ਮਾਲਿਸ਼ਾਂ, ਦੁੱਧ ਦਾ ਗਲਾਸ ਅਤੇ ਸਿਪਾਹੀਆਂ ਦੇ ਮੋਢਿਆਂ ਦੇ ਸਹਾਰੇ ਥਾਣੇ ਦੇ ਚੱਕਰ ।
ਦੂਜੇ ਕਾਰਕੁਨਾਂ 'ਤੇ ਹੋਏ ਤਸ਼ੱਦਦ ਵੀ ਵਿਅਰਥ ਗਏ ।
ਹੰਭ ਕੇ ਨਾਜ਼ਰ ਬੈਠ ਗਿਆ । ਉਸ ਨੂੰ ਘਬਰਾਹਟ ਹੋਣ ਲੱਗੀ । ਲੱਗਦਾ ਸੀ ਬਲੱਡ ਪਰੈਸ਼ਰ ਜ਼ਿਆਦਾ ਹੀ ਹਾਈ ਹੋ ਗਿਆ ਸੀ । ਕਹਾਣੀ ਤਾਂ ਅੱਗੇ ਤੁਰ ਹੀ ਨਹੀਂ ਸੀ ਰਹੀ । ਕੁਝ ਘੜੀਆਂ ਸੁਸਤਾਉਣ ਲਈ ਉਹ ਆਪਣੇ ਕੁਆਰਟਰ ਚਲਿਆ ਗਿਆ ।
ਪਰਗਤੀਵਾਦੀਆਂ ਦੁਆਲੇ ਲਾਲ ਸਿੰਘ ਖ਼ੁਦ ਹੋਇਆ ਹੋਇਆ ਸੀ ।
ਉਹ ਮੁੰਡਿਆਂ ਨੂੰ ਅਜਿਹਾ ਸਬਕ ਸਿਖਾਉਣਾ ਚਾਹੁੰਦਾ ਸੀ ਕਿ ਮੁੰਡੇ ਤਾਂ ਵੀ, ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਵੀ ਪੁਲਿਸ ਨਾਲ ਪੰਗਾ ਲੈਣ ਦੀ ਜੁਰਅਤ ਨਾ ਕਰਨ ।
ਇਸ ਜਥੇਬੰਦੀ ਦੇ ਅੱਠ ਮੁੰਡੇ ਪੁਲਿਸ ਦੇ ਹੱਥ ਆਏ ਸਨ । ਨਾਂ ਪਤਾ ਪੁੱਛਣ 'ਤੇ ਪਤਾ ਲੱਗਾ, ਕੋਈ ਸਾਂਸੀਆਂ ਦਾ ਮੁੰਡਾ ਸੀ, ਕੋਈ ਮਿਸਤਰੀਆਂ ਦਾ, ਕੋਈ ਪੰਡਤਾਂ ਦਾ ਅਤੇ ਕੋਈ ਸਿੱਖਾਂ ਦਾ । ਲਾਲ ਸਿੰਘ ਨੂੰ ਯਕੀਨ ਨਹੀਂ ਸੀ ਆਇਆ । ਦੇਖਣ ਨੂੰ ਸਭ ਇਕੋ ਜਿਹੇ ਲੱਗਦੇ ਸਨ । ਸਭ ਦੇ ਕੇਸ ਕੱਟੇ ਹੋਏ ਅਤੇ ਦਾੜ੍ਹੀ ਥੋੜ੍ਹੀਥੋੜ੍ਹੀ ਵਧਾਈ ਹੋਈ ਸੀ । ਕੇਸ ਦਾੜ੍ਹੀ ਦਾ ਸਟਾਈਲ ਉਹਨਾਂ ਬੰਦਿਆਂ ਨਾਲ ਹੂਬਹੂ ਮਿਲਦਾ ਸੀ, ਜਿਹੜੇ ਉਸ ਦਿਨ ਬਾਬੇ ਦੁਆਲੇ ਬੰਦੂਕਾਂ ਤਾਣੀ ਖੜੇ ਸਨ ।
ਫ਼ਰਕ ਸੀ ਤਾਂ ਕੇਵਲ ਉਮਰ ਵਿਚ । ਇਹ ਅੱਲ੍ਹੜ ਸਨ, ਪਰ ਉਹ ਪੱਕੀ ਉਮਰ ਦੇ ਸਨ ।
ਲਾਲ ਸਿੰਘ ਨੂੰ ਗੋਲੀ ਚਲਾਉਣ ਵਾਲਿਆਂ 'ਤੇ ਬਹੁਤ ਗ਼ੁੱਸਾ ਸੀ, ਪਰ ਉਹ ਸਨ ਕੌਣ, ਇਸ ਦਾ ਥਹੁ ਪਤਾ ਨਹੀਂ ਸੀ ਲੱਗ ਰਿਹਾ । ਨਾ ਬਾਬੇ ਨੇ ਜ਼ੁਬਾਨ ਖੋਲ੍ਹੀ ਸੀ, ਨਾ ਇਹਨਾਂ ਮੁੰਡਿਆਂ ਨੇ ਕੋਈ ਰਾਹ ਦਿੱਤਾ ਸੀ । ਇਕ ਵਾਰ ਉਹ ਮਿਲ ਜਾਂਦੇ ਤਾਂ ਲਾਲ ਸਿੰਘ ਮਾਰਮਾਰ ਕੇ ਉਹਨਾਂ ਨੂੰ ਨਹਿਰਾਂ 'ਚ ਕਿਹੜਾ ਨਾ ਸੁੱਟ ਆਦਾ । ਉਹਨਾਂ ਨੇ ਪੁਲਿਸ ਦੀ ਸਾਰੀ ਯੋਜਨਾ ਮਿੱਟੀ ਵਿਚ ਮਿਲਾ ਦਿੱਤੀ ਸੀ । ਮੁੜ ਬਾਬਾ ਹੀਰੋ ਬਣਦਾ ਜਾ ਰਿਹਾ ਸੀ ।
ਲਾਲ ਸਿੰਘ ਨੂੰ ਬੰਟੀ ਦੇ ਕਾਤਲਾਂ ਸੰਬੰਧੀ ਤਾਂ ਇਹਨਾਂ ਤੋਂ ਪੁੱਛਗਿੱਛ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ । ਉਹ ਬਾਬੇ ਦੇ ਸਮਰਥਕਾਂ ਦੇ ਨਾਂ ਪਤੇ ਪੁੱਛਣ ਅਤੇ ਪੁਲਿਸ ਦਾ ਵਿਰੋਧ ਕਰਨ ਦਾ ਸੁਆਦ ਹੀ ਉਹਨਾਂ ਨੂੰ ਚਖਾਉਣਾ ਚਾਹੁੰਦਾ ਸੀ ।
ਸ਼ਰਾਫ਼ਤ ਨਾਲ ਕੋਈ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਸੀ । ਜਿਸ ਨੂੰ ਵੀ ਲਾਲ ਸਿੰਘ ਨੇ ਪੁੱਛਿਆ, ਉਹ ਪਾਰਟੀ ਦਾ ਸੰਵਿਧਾਨ ਸੁਣਾਉਣ ਲੱਗਾ ।
ਉਹਨਾਂ ਦੀ ਜਥੇਬੰਦੀ ਜਾਤ ਦੇ ਆਧਾਰ 'ਤੇ ਨਹੀਂ, ਸਮਾਜ ਦੇ ਆਧਾਰ 'ਤੇ ਸਮਾਜ ਨੂੰ ਦੋ ਹਿੱਸਿਆਂ ਵਿਚ ਵੰਡਦੀ  । ਉਹ ਉਪਰਲੀ ਜਮਾਤ ਵੱਲੋਂ ਹੇਠਲੀ ਜਮਾਤ ਦੀ ਲੁੱਟ ਦੇ ਖ਼ਿਲਾਫ਼ ਸਨ । ਉਹ ਮਿਹਨਤਕਸ਼ਾਂ ਨੂੰ ਆਪਣਾ ਹੱਕ ਦਿਵਾਉਣ ਲਈ ਜੂਝ ਰਹੇ ਸਨ । ਇਸ ਲਕਸ਼ ਦੀ ਪਰਾਪਤੀ ਲਈ ਉਹ ਲੋਕਪੱਖੀ ਸਾਹਿਤ ਦਾ ਪਰਚਾਰ ਕਰਦੇ ਸਨ । ਉਹਨਾਂ ਆਪਣੇ ਦਫ਼ਤਰ ਵਿਚ ਇਕ ਛੋਟੀ ਜਿਹੀ ਲਾਇਬਰੇਰੀ ਖੋਲ੍ਹੀ ਹੋਈ  । ਉਥੇ ਬਲਰਾਜ ਸਾਹਨੀ ਯਾਦਗਾਰੀ ਪਰਕਾਸ਼ਨ ਤੋਂ ਇਲਾਵਾ ਗੋਰਕੀ ਅਤੇ ਚੈਖੋਵ ਵਰਗੇ ਮਹਾਨ ਸਾਹਿਤਕਾਰਾਂ ਦੀਆਂ ਪੁਸਤਕਾਂ ਰੱਖੀਆਂ ਹੋਈਆਂ ਹਨ । ਉਹ ਲੱਚਰ ਅਤੇ ਗੰਦੇ ਗੀਤਾਂ ਦੀ ਥਾਂ ਪਲਸ ਮੰਚ ਦੀਆਂ ਭਰੀਆਂ ਟੇਪਾਂ ਲੋਕਾਂ 'ਚ ਵੰਡਦੇ ਹਨ ।
ਉਹਨਾਂ ਤਰਕਸ਼ੀਲ ਸੋਸਾਇਟੀ ਵੀ ਬਣਾਈ ਹੋਈ  । ਲੋਕਾਂ ਨੂੰ ਟੂਣੇਟਾਮਣਾਂ ਅਤੇ ਵਹਿਮਾਂ ਭਰਮਾਂ ਤੋਂ ਸੁਚੇਤ ਕਰਨ ਲਈ ਉਹ ਸਾਧਾਂਸੰਤਾਂ ਨੂੰ ਵੰਗਾਰਦੇ ਹਨ । ਬਹੁਤ ਲੋਕਾਂ ਨੂੰ ਉਹ ਸਿੱਦੇ ਰਾਹ ਪਾ ਚੁੱਕੇ ਹਨ । ਦੋ ਮਹੀਨੇ ਪਹਿਲਾਂ ਹੀ ਉਹਨਾਂ ਉਹ ਟਾਹਲੀਆਂ ਪੁੱਟ ਕੇ ਸੁੱਟੀਆਂ ਹਨ,'ਜਿਨ੍ਹਾਂ ਬਾਰੇ ਮਸ਼ਹੂਰ ਸੀ ਕਿ ਉਥੇ ਪੰਜ ਪੀਰ ਰਹਿੰਦੇ ਸਨ । ਜਿਹੜਾ ਵੀ ਟਾਹਲੀ ਨੂੰ ਪੁੱਟੂ, ਉਸ ਨੂੰ ਉਥੇ ਹੀ ਚਿੱਤ ਕਰ ਦੇਣਗੇ । ਕਰਾਮਾਤ ਦਿਖਾ ਕੇ ਕੋਈ ਵੀ ਸੋਸਾਇਟੀ ਤੋਂ ਦਸ ਹਜ਼ਾਰ ਹਾਸਲ ਕਰ ਸਕਦਾ  ।
ਉਹ ਖਾੜਕੂ ਜਥੇਬੰਦੀਆਂ ਵਾਂਗ ਧਰਮਪਰਚਾਰ ਨਹੀਂ ਕਰਦੇ । ਉਹ ਤਾਂ ਗੁਰਸ਼ਰਨ ਭਾਅ ਦੇ ਡਰਾਮੇ ਕਰਾ ਕੇ ਲੋਕਾਂ ਨੂੰ ਲੋਕਮੁਕਤੀ ਦਾ ਰਾਹ ਦੱਸਦੇ ਹਨ ।
ਲਾਲ ਸਿੰਘ ਉਹਨਾਂ ਦੀਆਂ ਸਪੀਚਾਂ ਸੁਣਸੁਣ ਅੱਕ ਗਿਆ ਸੀ । ਉਸ ਨੂੰ ਬੰਟੀ ਦੇ ਕਾਤਲ  ਬਾਰੇ ਦੱਸਿਆ ਜਾਵੇ ਜਾਂ ਫੇਰ ਉਹਨਾਂ ਬੰਦਿਆਂ ਬਾਰੇ ਜਿਨ੍ਹਾਂ ਨੇ ਜਲੂਸ ਨੂੰ ਤਿਤਰਬਿਤਰ ਕਰਨ ਲਈ ਪੁਲਿਸ ਅਤੇ ਜਲੂਸ 'ਤੇ ਗੋਲੀ ਚਲਾਈ ਸੀ ।
ਤਰਕਸ਼ੀਲਾਂ ਦਾ ਪਰਧਾਨ ਮੇਘ ਰਾਜ ਇਸ ਦਾ ਉੱਤਰ ਉਸੇ ਭਾਸ਼ਾ ਵਿਚ ਦੇ ਰਿਹਾ ਸੀ ।
ਸੀ.ਆਈ.ਡੀ. ਦੀਆਂ ਰਿਪੋਰਟਾਂ ਦੇਖੀਆਂ ਜਾਣ । ਉਹਨਾਂ ਦੀਆਂ ਸਾਰੀਆਂ ਜਥੇਬੰਦੀਆਂ ਨੇ ਕਤਲ ਦੀ ਵਿਰੋਧਤਾ ਕੀਤੀ  । ਖਾੜਕੂ ਜਥੇਬੰਦੀ ਦੀ ਹਰ ਫ਼ਿਰਕੂ ਮੰਗ ਦੀ ਪੰਜਾਬ ਸਟੂਡੈਂਟਸ ਯੁਨੀਅਨ ਨੇ ਵਿਰੋਧਤਾ ਕੀਤਾ  । ਵਰਸਦੀਆਂ ਡਾਂਗਾਂ ਵਿਚ ਉਹਨਾਂ ਹੜਤਾਲਾਂ ਦਾ ਬਾਈਕਾਟ ਕਰ ਕੇ ਕਲਾਸਾਂ ਲਾਈਆਂ ਹਨ ।
ਪੁਲਿਸ ਕਿਸ ਆਧਾਰ 'ਤੇ ਇਹ ਆਖ ਰਹੀ  ਕਿ ਬੰਟੀ ਦੇ ਕਤਲ ਨਾਲ ਉਹਨਾਂ ਦਾ ਕੋਈ ਸੰਬੰਧ  ?
ਪਿਆਰ ਮੁਹੱਬਤ ਨਾਲ ਇਹ ਮੰਨਣ ਵਾਲੇ ਨਹੀਂ ਸਨ । ਲਾਲ ਸਿੰਘ ਨੇ ਕਦੇ ਵੀ ਇਸ ਦਲੀਲ ਵਿਚ ਵਿਸ਼ਵਾਸ ਨਹੀਂ ਸੀ ਕੀਤਾ ਕਿ ਮੁਜਰਮਾਂ ਤੋਂ ਸਖ਼ਤੀ ਤੋਂ ਬਿਨਾਂ ਵੀ ਇਕਬਾਲ ਕਰਾਇਆ ਜਾ ਸਕਦਾ  । ਇਹਨਾਂ ਦਾ ਮੂੰਹ ਖੁਲ੍ਹਾਉਣ ਲਈ ਡੰਡਾ ਪਰੇਡ ਜ਼ਰੂਰੀ ਸੀ ।
ਇਸ ਸਮੇਂ ਇਹ ਗੱਲ ਮਹੱਤਵਪੂਰਨ ਨਹੀਂ ਸੀ ਕਿ ਉਹ ਸੱਚੇ ਸਨ ਜਾਂ ਝੂਠੇ । ਇਸ ਸਮੇਂ ਇਕੋ ਗੱਲ ਮਹੱਤਵਪੂਰਨ ਸੀ । ਉਹ ਸੀ ਲਾਲ ਸਿੰਘ ਦੇ ਸੀਨੇ ਅੰਦਰ ਜਲਦੀ ਉਸ ਅੱਗ ਨੂੰ ਸ਼ਾਂਤ ਕਰਨਾ, ਜਿਹੜੀ ਬਾਬੇ ਨੇ ਪੁਲਿਸ ਦੀ ਤੌਹੀਨ ਕਰ ਕੇ ਬਾਲੀ ਸੀ । ਇਹ ਤਾਂ ਹੀ ਹੋ ਸਕਦਾ ਸੀ, ਜੇ ਬਾਬੇ ਦੇ ਹੱਡਗੋਡੇ ਤੋੜੇ ਜਾਣ ।
ਲਾਲ ਸਿੰਘ ਜਥੇਬੰਦੀ ਦੇ ਕਾਰਕੁਨਾਂ 'ਤੇ ਲੱਗੇ ਦੋਸ਼ ਦੱਸਣ ਲੱਗਾ ।
ਕਾਤਲਾਂ ਨੇ ਜਿਹੜੇ ਸੰਦ ਹਸਪਤਾਲ ਦੀ ਤਾਕੀ ਦੇ ਸਰੀਏ ਕੱਟਣ ਲਈ ਵਰਤੇ ਸਨ, ਉਹ ਅਜੀਤ ਸਿੰਘ ਦੀ ਵਰਕਸ਼ਾਪ ਦੇ ਸਨ । ਪੁਲਿਸ ਨੂੰ ਇਹ ਸੰਦ ਹਸਪਤਾਲ ਦੇ ਲਾਗਲੇ ਖੇਤਾਂ ਵਿਚੋਂ ਮਿਲੇ ਸਨ । ਅਜੀਤ ਸਿੰਘ ਦੇ ਬਾਪ ਨੇ ਉਹਨਾਂ ਨੂੰ ਆਪਣਾ ਹੋਣਾ ਸ਼ਨਾਖ਼ਤ ਕਰ ਲਿਆ ਸੀ ।
ਬੁੱਢਾ ਆਪ ਤਾਂ ਗਿਆਨੀ ਧਿਆਨੀ ਬੰਦਾ  । ਰੱਬ ਤੋਂ ਡਰਨ ਵਾਲਾ । ਉਸ ਦੇ ਬਾਪ ਦਾ ਬਿਆਨ  ਕਿ ਉਸ ਦਾ ਮੁੰਡਾ ਰੱਬ ਨੂੰ ਨਹੀਂ ਮੰਨਦਾ । ਉਸ ਦੇ ਵੱਸੋਂ ਬਾਹਰ  । ਇਹ ਸੰਦ ਅਜੀਤ ਸਿੰਘ ਨੇ ਵਰਤੇ ਸਨ ਜਾਂ ਕਿਸੇ ਨੂੰ ਵਰਤਣ ਲਈ ਦਿੱਤੇ ਸਨ । ਅਜੀਤ ਸਿੰਘ ਦੱਸੇ ਉਹ ਸੰਦ ਉਥੇ ਕਿਵੇਂ ਪੁੱਜੇ ?
ਅਜੀਤ ਸਿੰਘ ਨੇ ਜੋ ਬੋਲਣਾ ਸੀ, ਉਹ ਬੋਲ ਚੁੱਕਾ ਸੀ । ਇਹਨਾਂ ਝੂਠੇ ਦੋਸ਼ਾਂ ਲਈ ਉਸ ਕੋਲ ਕੋਈ ਸਫ਼ਾਈ ਨਹੀਂ ਸੀ ।
ਲਾਲ ਸਿੰਘ ਕੋਲ ਵੀ ਹੋਰ ਕੋਈ ਰਸਤਾ ਨਹੀਂ ਸੀ । 'ਸੰਦਾਂ' ਦਾ ਭੇਤ ਖੋਲ੍ਹਣ ਲਈ ਉਸ ਨੂੰ ਅਜੀਤ ਸਿੰਘ ਦੇ ਕੁਰਸੀ ਲਾਉਣੀ ਹੀ ਪੈਣੀ ਸੀ ।
ਅਜੀਤ ਸਿੰਘ ਨੂੰ ਬਿਨਾਂ ਬਾਹਾਂ ਵਾਲੀ ਕੁਰਸੀ 'ਤੇ ਬਿਠਾਇਆ ਗਿਆ । ਅਜੀਤ ਸਿੰਘ ਦੀ ਢੂਹੀ ਨੂੰ ਕੁਰਸੀ ਦੀ ਢੋਅ ਨਾਲ ਲਾ ਕੇ ਬਾਹਾਂ ਪਿੱਛੇ ਕਰਾਈਆਂ ਗਈਆਂ । ਦੋਹਾਂ ਗੁੱਟਾਂ ਨਾਲ ਪਰਨਾ ਬੰਨ੍ਹਦੇ ਸਿਪਾਹੀ ਦੇ ਹੱਥ ਕੰਬਣ ਲੱਗੇ । ਕਈ ਵਾਰ ਪਰਨਾ ਹੇਠਾਂ ਗਿਰਿਆ, ਕਈ ਵਾਰ ਗੰਢ ਢਿੱਲੀ ਪਈ ।
ਉਸ ਨੂੰ ਪਿਛਾਂਹ ਹਟਾ ਕੇ ਦੂਜੇ ਸਿਪਾਹੀ ਨੂੰ ਅੱਗੇ ਕੀਤਾ ਗਿਆ । ਨਵੇਂ ਸਿਪਾਹੀ ਨੇ ਗੰਢਾਂ ਨੂੰ ਮਜ਼ਬੂਤ ਕੀਤਾ । ਦੋਹਾਂ ਗੁੱਟਾਂ ਵਿਚਕਾਰ ਰਹਿ ਗਏ ਫ਼ਾਸਲੇ ਵਾਲੇ ਪਰਨੇ ਵਿਚ ਇਕ ਰੂਲ ਪਾ ਕੇ ਹੌਲੀਹੌਲੀ ਰੂਲ ਘੁਮਾਉਣ ਲੱਗਾ । ਜਿਜਿ ਰੂਲ ਗੇੜੇ ਖਾਂਦਾ ਗਿਆ, ਤਿਤਿ ਪਰਨਾ ਸੁੰਘੜਦਾ ਗਿਆ ਅਤੇ ਗੁਟ ਇਕ ਦੂਜੇ ਦੇ ਨੇੜੇ ਹੋਣ ਲੱਗੇ ।
''ਮੈਂ ਇਕ ਵਾਰ ਫੇਰ ਆਖਦਾ ਹਾਂ । ਸਾਡਾ ਬੰਟੀ ਦੇ ਕਾਤਲਾਂ ਨਾਲ ਕੋਈ ਸੰਬੰਧ ਨਹੀਂ । ਅਸੀਂ ਤਾਂ ਇਸ ਸਮੁੱਚੀ ਲੜਾਈ ਦੇ ਖ਼ਿਲਾਫ਼ ਹਾਂ ।''
ਪਰ ਅਜੀਤ ਸਿੰਘ ਦੇ ਤਰਕ ਦਾ ਕਿਸੇ 'ਤੇ ਕੋਈ ਅਸਰ ਨਹੀਂ ਸੀ । ਉਸ ਨੂੰ ਕੁਰਸੀ ਲਾe  ਹੀ ਜਾਣੀ ਸੀ ।
ਸਿਪਾਹੀ ਡੰਡਾ ਘੁਮਾਈ ਜਾ ਰਿਹਾ ਸੀ । ਅਜੀਤ ਸਿੰਘ ਦੇ ਮੌਰ ਕੁਰਸੀ ਨਾਲ ਚਿਪਕ ਚੁੱਕੇ ਸਨ । ਜੋੜਾਂ 'ਤੇ ਪੈਂਦੀ ਖਿੱਚ ਕਾਰਨ ਮੌਰਾਂ ਦੇ ਕੜਾਕੇ ਪੈਣ ਲੱਗੇ । ਲੱਗਦਾ ਸੀ ਹੱਡ ਮਾਸ ਨੂੰ ਚੀਰ ਕੇ ਬਾਹਰ ਆ ਜਾਣਗੇ ।
ਅਜੀਤ ਸਿੰਘ ਨੇ ਅੱਖਾਂ ਮੀਚ ਲਈਆਂ । ਚਿਹਰੇ ਤੋਂ ਵਹਿ ਤੁਰੇ ਪਸੀਨੇ ਦੀ ਉਸ ਨੂੰ ਕੋਈ ਪਰਵਾਹ ਨਹੀਂ ਸੀ ।
ਜਦੋਂ ਅਜੀਤ ਸਿੰਘ ਕੁਝ ਨਾ ਬੋਲਿਆ ਤਾਂ ਉਸ ਦੀਆਂ ਬਾਹਾਂ ਢਿੱਲੀਆਂ ਕਰਾਈਆਂ ਗਈਆਂ । ਕੁਝ ਘੜੀ ਆਰਾਮ ਦਿਵਾ ਕੇ ਉਹੋ ਕਾਰਵਾਈ ਗਿੱਟਿਆਂ 'ਤੇ ਪਰਨਾ ਬੰਨ੍ਹ ਕੇ ਚੱਡੇ ਪਾੜਨ ਲਈ ਦੁਹਰਾਈ ਗਈ ।
ਅਜੀਤ ਅਜਿੱਤ ਰਿਹਾ । ਉਸ ਦੇ ਹੋਸ਼ੋਹਵਾਸ ਗੁੰਮ ਜ਼ਰੂਰ ਹੋਏ, ਪਰ ਉਸ ਨੇ ਹਜ਼ਾਰ ਵਾਰ ਆਖਣ 'ਤੇ ਵੀ ਲਾਲ ਸਿੰਘ ਤੋਂ ਮੁਆਫ਼ੀ ਨਹੀਂ ਸੀ ਮੰਗੀ ।
ਤਰਕਸ਼ੀਲਾਂ ਦੇ ਪਰਧਾਨ ਮੇਘ ਰਾਜ 'ਤੇ ਇਲਜ਼ਾਮ ਸੀ ਕਿ ਕੁਝ ਦੇਰ ਪਹਿਲਾਂ ਉਹਨਾਂ ਨੇ ਗੀਤਾ ਭਵਨ ਵਿਚ ਠਹਿਰੇ ਇਕ ਜੋਤਸ਼ੀ ਦੇ ਖ਼ਿਲਾਫ਼ ਸ਼ਹਿਰ ਵਿਚ ਇਸ਼ਤਿਹਾਰ ਲਾਏ ਸਨ ।
ਉਹਨਾਂ ਜੋਤਸ਼ੀ ਨੂੰ 'ਉਪਾਅ' ਕਰ ਕੇ ਸਟਾਰਾਂ ਦੀ ਗਤੀ ਬਦਲਣ ਦੀ ਵਿਧੀ ਨੂੰ ਚੁਣੌਤੀ ਦਿੱਤੀ ਸੀ । ਜੋਤਸ਼ੀ ਦੇ ਨਾਲਨਾਲ ਗੀਤਾ ਭਵਨ ਦੇ ਪਰਬੰਧਕਾਂ ਨੂੰ ਵੀ ਧਮਕੀ ਦਿੱਤੀ ਗਈ ਸੀ ਕਿ ਅਜਿਹੇ ਪਖੰਡੀਆਂ ਨੂੰ ਸ਼ਰਨ ਨਾ ਦੇਣ । ਗੀਤਾ ਭਵਨ ਦੇ ਪਰਬੰਧ ਦਾ ਸਿੱਧਾ ਸੰਬੰਧ ਲਾਲਾ ਜੀ ਨਾਲ ਸੀ । ਪੁਲਿਸ ਨੂੰ ਪੂਰਾ ਯਕੀਨ ਸੀ, ਇਹ ਕੰਮ ਤਰਕਸ਼ੀਲਾਂ ਦਾ ਹੀ ਸੀ ।
ਮੇਘ ਰਾਜ ਨੇ ਕੋਈ ਦਲੀਲ ਨਹੀਂ ਸੀ ਦਿੱਤੀ । ਉਹਨਾਂ ਨੂੰ ਲੋਕ ਸੰਘਰਸ਼ ਸੰਮਤੀ ਦਾ ਮੈਂਬਰ ਹੋਣ ਬਦਲੇ ਸਜ਼ਾ ਮਿਲਣੀ ਹੀ ਮਿਲਣੀ ਸੀ । ਇਸ ਲਈ ਉਹ ਚੁੱਪ ਕਰ ਕੇ ਅਗਨੀਪ੍ਰੀਖਿਆ ਵਿਚ ਬੈਠਣ ਲਈ ਤਿਆਰ ਸੀ ।
ਮੇਘ ਰਾਜ 'ਤੇ ਝੁਰਲੂ ਫੇਰਿਆ ਗਿਆ । ਮਿਰਚਾਂ ਨਾਲ ਲਿੱਬੜੀ ਇਕ ਡਾਂਗ ਉਸ ਦੇ ਅਮਦਰ ਘਸੋੜੀ ਗਈ । ਅੰਦਰ ਜਾਂਦੀ ਡਾਂਗ ਦਾ ਦਰਦ ਸੈਂਕੜੇ ਚਾਕੂਆਂ ਨਾਲ ਕੱਟੇ ਜਾ ਰਹੇ ਮਾਸ ਨਾਲੋਂ ਵੀ ਭਿਆਨਕ ਸੀ ।
ਸ਼ਾਮੂ ਸਾਂਸੀ 'ਤੇ ਦੋਸ਼ ਸੀ ਕਿ ਉਸ ਦੀ ਪਰੇਰਨਾ 'ਤੇ ਬੰਟੀ ਦਾ ਕਤਲ ਸਾਂਸੀਆਂ ਦੇ ਇਕ ਟੋਲੇ ਨੇ ਕੀਤਾ ਸੀ । ਉਹਨਾਂ ਸਾਂਸੀਆਂ ਦਾ ਪਤਾ ਸ਼ਾਮੂ ਹੀ ਦੱਸ ਸਕਦਾ ਸੀ । ਨਾਲੇ aਹ ਤਕਲੇ ਅਤੇ ਖੁਰਪੇ ਬਰਾਮਦ ਕਰਾਏ, ਜਿਹੜੇ ਉਹਨਾਂ ਬਾਬੇ ਦੇ ਹੱਕ ਵਿਚ ਜਲੂਸ ਕੱਢਦਿਆਂ ਹੱਥਾਂ ਵਿਚ ਫੜੇ ਹੋਏ ਸਨ ।
ਸ਼ਾਮੂ 'ਤੇ ਗ਼ੁੱਸਾ ਕੱਢਣ ਲਈ ਉਸ ਨੂੰ ਰੱਸਾ ਲਾਇਆ ਗਿਆ ।
ਸਾਰੇ ਪਰਗਤੀਵਾਦੀਆਂ ਨੂੰ ਅੱਧਮੋਇਆਂ ਕਰ ਕੇ ਹੀ ਲਾਲ ਸਿੰਘ ਨੂੰ ਵੀ ਰੋਟੀ ਸੁਆਦ ਲੱਗੀ ।

31

ਜਦੋਂ ਵਰੰਟ ਅਫ਼ਸਰ ਥਾਣੇ ਆਇਆ, ਉਸ ਸਮੇਂ ਇਕੱਲਾ ਲਾਲ ਸਿੰਘ ਹੀ ਹਾਜ਼ਰ ਸੀ ।
ਘੁਸਮੁਸਾ ਹੋ ਚੁੱਕਾ ਸੀ । ਸਾਰਾ ਦਿਨ ਮਾਰਕੁਟਾਈ ਹੁੰਦੀ ਰਹੀ ਸੀ । ਰਾਤ ਨੂੰ ਫੇਰ ਝੁੱਟ ਲਾਈ ਜਾਣੀ ਸੀ । ਤਾਜ਼ਾ ਦਮ ਅਤੇ ਇਕਇਕ ਪੈੱਗ ਲਾ ਕੇ ਰੋਟੀ ਖਾਣ ਜੋਗੇ ਹੋਣ ਲਈ ਸਾਰੇ ਹੌਲਦਾਰ, ਸਿਪਾਹੀ ਆਪਣੇਆਪਣੇ ਕੁਆਰਟਰਾਂ ਨੂੰ ਚਲੇ ਗਏ ਸਨ । ਤਰਕਸ਼ੀਲਾਂ ਅਤੇ ਕ੍ਰਾਂਤੀਕਾਰੀ ਫ਼ਰੰਟ ਦੇ ਬੰਦਿਆਂ ਨੂੰ ਅੱਧੀ ਰਾਤ ਤੋਂ ਬਾਅਦ ਫੜਿਆ ਗਿਆ ਸੀ । ਹੋਸਟਲ 'ਤੇ ਰੇਡ ਸਵੇਰੇ ਕੀਤਾ ਗਿਆ ਸੀ ।
ਲਾਲ ਸਿੰਘ ਦੇ ਚਿੱਤਚੇਤੇ ਵੀ ਨਹੀਂ ਸੀ ਕਿ ਸੰਮਤੀ ਵਾਲੇ ਇੰਨੀ ਫੁਰਤੀ ਨਾਲ ਹਰਕਤ ਵਿਚ ਆ ਜਾਣਗੇ । ਗਿਰਫ਼ਤਾਰ ਬੰਦਿਆਂ ਦੀ ਸੂਚੀ ਤਿਆਰ ਕਰਨੀ, ਚੰਡੀਗੜ੍ਹ ਪੁੱਜ ਕੇ ਰਿੱਟ ਦਾਇਰ ਕਰਨੀ ਅਤੇ ਵਰੰਟ ਅਫ਼ਸਰ ਤਾਇਨਾਤ ਕਰਾ ਕੇ ਇਥੇ ਪੁੱਜ ਵੀ ਜਾਣਾ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਸੀ । ਇਹ ਕੰਮ ਦੋਚਾਰ ਬੰਦਿਆਂ ਦੇ ਵੱਸ ਦਾ ਨਹੀਂ ਸੀ । ਲੱਗਦਾ ਸੀ, ਸੰਮਤੀ ਦੀਆਂ ਜੜ੍ਹਾਂ ਚੰਡੀਗੜ੍ਹ ਤਕ ਫੈਲੀਆਂ ਹੋਈਆਂ ਸਨ । ਸਾਰੇ ਕੰਮ ਫ਼ੋਨ ਰਾਹੀਂ ਹੋਏ ਹੋਣਗੇ ।
ਹਾਈ ਕੋਰਟ ਦੇ ਰੇਡ ਲਾਲ ਸਿੰਘ ਲਈ ਕੋਈ ਨਵੇਂ ਨਹੀਂ ਸੀ । ਅਜਿਹੇ ਵੀਹ ਰੇਡ ਉਹ ਭੁਗਤ ਚੁੱਕਾ ਸੀ, ਪਰ ਇਹ ਕੁਝ ਆਪਣੀ ਤਰ੍ਹਾਂ ਦਾ ਰੇਡ ਸੀ । ਅੱਗੇ ਰੇਡ ਬਉਰੀਏ ਕਰਾਦੇ ਜਾਂ ਕੋਈ ਨਾਮੀ ਸਮੱਗਲਰ । ਰੇਡ ਕਰਵਾਉਣ ਵਾਲਿਆਂ ਦਾ ਇਕੋ ਮਕਸਦ ਹੁੰਦਾ, ਆਪਦਾ ਬੰਦਾ ਛੁਡਾਉਣਾ । ਬੰਦਾ ਛੁੱਟਦੇ ਹੀ ਉਹ ਪੱਤਰਾ ਵਾਚ ਜਾਂਦੇ । ਕਿਸੇ ਨੂੰ ਇਹ ਵੀ ਖ਼ਿਆਲ ਨਾ ਰਹਿੰਦਾ ਕਿ ਵਰੰਟ ਅਫ਼ਸਰ ਨੂੰ ਚੰਡੀਗੜ੍ਹ ਵਾਲੀ ਬੱਸ ਵੀ ਚੜ੍ਹਾਉਣਾ  ।
ਬੰਦਾ ਵਾਰਿਸਾਂ ਦੇ ਹਵਾਲੇ ਕਰ ਕੇ ਵਰੰਟ ਅਫ਼ਸਰ ਥਾਣੇ ਹੀ ਟਿਕ ਜਾਂਦੇ । ਚਾਰ ਪੈਸੇ ਲੈ ਕੇ ਉਵੇਂ ਰਿਪੋਰਟ ਕਰ ਦਿੰਦੇ, ਜਿਵੇਂ ਥਾਣੇਦਾਰ ਆਖਦਾ । ਇਹ ਲਿਖਣ ਨਾਲ ਕਿ ਬੰਦਾ ਥਾਣੇ ਹਾਜ਼ਰ ਨਹੀਂ ਸੀ, ਥਾਣੇਦਾਰ ਹਾਈਕੋਰਟ 'ਚ ਪੈਣ ਵਾਲੀਆਂ ਪੇਸ਼ੀਆਂ ਤੋਂ ਬਚ ਜਾਂਦੇ । ਦੋਹਾਂ ਪਾਸਿਆਂ ਤੋਂ ਫ਼ੀਸ ਲੈ ਕੇ ਵਰੰਟ ਅਫ਼ਸਰ ਵੀ ਖ਼ੁਸ਼ ਤੇ ਪਾਰਟੀਆਂ ਵੀ ।
ਕੋਈ ਪਾਰਟੀ ਬਹੁਤ ਅੜੀਅਲ ਹੁੰਦੀ ਤਾਂ ਵੀ ਅਫ਼ਸਰ ਰੋਜ਼ਨਾਮਚਾ ਪੂਰਾ ਕਰਨ ਦਾ ਵਕਤ ਦੇ ਦਿੰਦੇ । ਪੁਲਿਸ ਬੰਦੇ ਨੂੰ ਕਿਸੇ ਛੋਟੇਮੋਟੇ ਕੇਸ ਵਿਚ ਗਿਰਫ਼ਤਾਰ ਦਿਖਾ ਕੇ ਆਪਣੀ ਜਾਨ ਬਚਾ ਲੈਂਦੀ । ਆਪਣੇ ਰੋਜ਼ਨਾਮਚੇ ਨਾਲ ਕੰਮ ਚਲਾ ਲੈਂਦੇ ।
ਥਾਣੇਦਾਰ ਦੇ ਬਚਾਅ ਦਾ ਇੰਤਜ਼ਾਮ ਵਰੰਟ ਅਫ਼ਸਰ ਆਪ ਹੀ ਕਰਦੇ । ਜਾਂਦੇ ਹੋਏ ਆਪਣੇ ਪਤੇ ਵਾਲਾ ਕਾਰਡ ਫੜਾ ਜਾਂਦੇ । ਪੁੱਠੀਸਿੱਧੀ ਰਿਪੋਰਟ ਕਰ ਕੇ ਪਹਿਲੀ ਪੇਸ਼ੀ ਬਰੀ ਕਰਾ ਦਿੰਦੇ ।
ਇੰਨੀ ਨੌਕਰੀ ਵਿਚ ਕੇਵਲ ਇਕ ਅੜੀਅਲ ਅਫ਼ਸਰ ਨਾਲ ਹੀ ਵਾਹ ਪਿਆ ਸੀ । ਉਹ ਆਖਦਾ ਸੀ, ਸਜ਼ਾ ਕਰਾ ਕੇ ਛੱਡੂੰ । ਲਾਲ ਸਿੰਘ ਨੂੰ ਤਾਂ ਜਦੋਂ ਸਜ਼ਾ ਹੋਣੀ ਸੀ, ਉਦੋਂ ਹੋਣੀ ਸੀ ।
ਲਾਲ ਸਿੰਘ ਨੇ ਪਹਿਲਾਂ ਉਸੇ ਨੂੰ ਝੋਟੀਆਂ ਚੁੰਘਾਈਆਂ ।
ਪਹਿਚਾਣ ਪੱਤਰ ਅਤੇ ਵਰੰਟ ਫੜ ਕੇ ਦਰਾਜ਼ 'ਚ ਰੱਖ ਲਏ । ਵਰੰਟ ਅਫ਼ਸਰ ਕੋਲ ਕੀ
ਸਬੂਤ ਸੀ ਕਿ ਉਹ ਸੱਚਮੁੱਚ ਵਰੰਟ ਅਫ਼ਸਰ ਸੀ । ਇਹਨਾਂ ਦਿਨਾਂ ਵਿਚ ਦਹਿਸ਼ਤਗਰਦ ਵੀਹ ਤਰ੍ਹਾਂ ਦੀਆਂ ਚਾਲਾਂ ਚੱਲਦੇ ਹਨ । ਕੀ ਪਤੈ ਮੁਜਰਮਾਂ ਨੂੰ ਛੁਡਾਉਣ ਦੀ ਇਹ ਕੋਈ ਨਵੀਂ ਚਾਲ ਹੋਵੇ ।
ਜਿੰਨੀ ਦੇਰ 'ਚ ਵਰੰਟ ਅਫ਼ਸਰ ਨੇ ਲਾਲ ਸਿੰਘ ਨੂੰ ਯਕੀਨ ਦਿਵਾਇਆ, ਉਨੀ ਦੇਰ 'ਚ ਉਸ ਦੇ ਚੁਸਤ ਸਿਪਾਹੀਆਂ ਨੇ ਮੁਸਤਵਿਆਂ ਨੂੰ ਕਾਰ 'ਚ ਬਿਠਾ ਕੇ ਥਾਣਿ ਬਾਹਰ ਲਿਜਾ ਸੁੱਟਿਆ । ਮੁਦੱਈ ਅਤੇ ਵਰੰਟ ਅਫ਼ਸਰ ਚੀਕਦੇ ਹੀ ਰਹਿ ਗਏ ।
ਇਸ ਵਰੰਟ ਅਫ਼ਸਰ ਅੱਗੇ ਲਾਲ ਸਿੰਘ ਦੀ ਕੋਈ ਪੇਸ਼ ਨਹੀਂ ਸੀ ਜਾ ਰਹੀ ।
ਲਾਲ ਸਿੰਘ ਨੇ ਵਾਰੰਟ ਅਫ਼ਸਰ ਨੂੰ ਇਕ ਪਾਸੇ ਲਿਜਾ ਕੇ ਇਕੱਲੇ ਗੱਲ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਸੀ । ਉਸ ਨਾਲ ਆਏ ਬੰਦੇ ਦਾਲ ਗਲਣ ਨਹੀਂ ਸੀ ਦਿੰਦੇ । ਉਹਨਾਂ ਨਾਲ ਜਿਹੜਾ ਇਕ ਪੱਤਰਕਾਰ ਸੀ, ਉਹ ਬਹੁਤ ਹੀ ਚੁਸਤ ਸੀ । ਝੱਟ ਵਰੰਟ ਅਫ਼ਸਰ ਨੂੰ ਕੋਲ ਬਿਠਾ ਲੈਂਦਾ ।
ਬੇਵੱਸ ਹੋਇਆ ਲਾਲ ਸਿੰਘ ਸੰਤਰੀ 'ਤੇ ਖਿਝ ਰਿਹਾ ਸੀ ।
ਰਾਤ ਦਾ ਸਮਾਂ ਸੀ । ਅਜਿਹੇ ਸਮੇਂ ਉਸ ਨੂੰ ਕੀ ਜ਼ਰੂਰਤ ਸੀ, ਓਪਰੇ ਬੰਦਿਆਂ ਨੂੰ ਅਮਦਰ ਭੇਜਣ ਦੀ ? ਅਜਿਹੇ ਸਮੇਂ ਤਾਂ ਥਾਣੇ ਨੂੰ ਜਿੰਦਰਾ ਮਾਰ ਕੇ ਅੰਦਰ ਬੈਠੇ ਰਹਿਣ ਦਾ ਸਰਕਾਰੀ ਹੁਕਮ  । ਦਹਿਸ਼ਤਗਰਦ ਕਈ ਵਾਰ ਪੁਲਿਸ ਨੂੰ ਧੋਖਾ ਦੇ ਚੁੱਕੇ ਹਨ । ਉਹ ਛੋਟੀਮੋਟੀ ਵਾਰਦਾਤ ਕਰਦੇ ਹਨ ਤਾਂ ਜੋ ਪੁਲਿਸ ਫਟਾਫਟ ਮੌਕੇ 'ਤੇ ਪੁੱਜੇ । ਆਪ ਰਸਤੇ ਵਿਚ ਮੋਰਚਾ ਲਾ ਕੇ ਬੈਠ ਜਾਂਦੇ ਹਨ ।
ਪੁਲਿਸ ਦੇ ਕਈ ਅਫ਼ਸਰ ਭੰਗ ਦੇ ਭਾੜੇ ਜਾਨ ਗਵਾ ਬੈਠੇ ਸਨ ।
ਲਾਲ ਸਿੰਘ ਨੇ ਸਾਫ਼ ਸ਼ਬਦਾਂ ਵਿਚ ਹਦਾਇਤ ਕੀਤੀ ਹੋਈ , ਕੋਈ ਵੀ ਬੰਦਾ ਅਮਦਰ ਆਉਣਾ ਚਾਹੇ ਤਾਂ ਪਹਿਲਾਂ ਸੰਤਰੀ ਉਸ ਦਾ ਪੂਰਾ ਨਾਂ ਪਤਾ ਦਰਿਆਫ਼ਤ ਕਰੇ । ਪੂਰੀ ਤਸੱਲੀ ਹੋਣ 'ਤੇ ਹੀ ਬੰਦੇ ਅੰਦਰ ਭੇਜੇ ਜਾਣ । ਜੇ ਥੋੜ੍ਹਾ ਜਿਹਾ ਵੀ ਸ਼ੱਕ ਪਏ ਤਾਂ ਉਸ ਨੂੰ ਸਵੇਰੇ ਆਉਣ ਲਈ ਆਖਿਆ ਜਾਵੇ ।
ਮੌਕੇ 'ਤੇ ਫੌਰੀ ਤੌਰ ਤੇ ਪਹੁੰਚ ਕੇ ਪੁਲਿਸ ਨੇ ਕਿਹੜਾ ਕਿਸੇ ਦਾ ਫੰਨ੍ਹ ਖੋਹ ਲੈਣਾ ਹੁੰਦਾ  ।
ਪੁਲਿਸ ਕੋਲ ਉਸ ਸਮੇਂ ਇਤਲਾਹ ਪੁੱਜਦੀ , ਜਦੋਂ ਸਾਰਾ ਵਾਕਾ ਹੋ ਚੁੱਕਾ ਹੁੰਦਾ  । ਲੜਾਈ ਹੋਈ ਹੋਵੇ ਤਾਂ ਮੁਜਰਮ ਹਥਿਆਰਾਂ ਨੂੰ ਧੋਸੰਵਾਰ ਕੇ ਰਿਸ਼ਤੇਦਾਰੀਆਂ ਨੂੰ ਤੁਰ ਚੁੱਕੇ ਹੁੰਦੇ ਹਨ ।
ਚੋਰੀ ਹੋਈ ਹੋਵੇ ਤਾਂ ਚੋਰ ਮਾਲ ਵੇਚ ਵੱਟ ਕੇ ਪੈਸੇ ਡਕਾਰ ਚੁੱਕੇ ਹੁੰਦੇ ਹਨ । ਕਤਲ ਹੋਇਆ ਹੋਵੇ ਤਾਂ ਜ਼ਖ਼ਮੀ ਰੱਬ ਨੂੰ ਪਿਆਰਾ ਹੋ ਚੁੱਕਾ ਹੁੰਦਾ  । ਪੋਸਟਮਾਰਟਮ ਹੀ ਕਰਾਉਣਾ ਹੁੰਦਾ  । ਦੋ ਘੰਟੇ ਪਹਿਲਾਂ ਹੋ ਗਿਆ ਕਿ ਪਿੱਛੋਂ ? ਕੀ ਫ਼ਰਕ ਪੈਂਦਾ  ? ਕੋਈ ਸ਼ਰਾਬ ਕੱਢਦਾ ਹੋਵੇ ਤਾਂ ਵੀ ਕੀ  ? ਸਵੇਰੇ ਜਾ ਕੇ ਜਦੋਂ ਦੋ ਧੌਣ 'ਚ ਧਰੀਆਂ, ਅਗਲਾ ਆਪੇ ਭਾਂਡਾ ਠੀਕ ਅੱਗੇ ਲਿਆ ਰੱਖਦੈ ।
ਪਰ ਸੰਤਰੀ ਨੇ ਪੰਜਾਹ ਦਾ ਨੋਟ ਜੇਬ 'ਚ ਪੈਂਦਿਆਂ ਹੀ ਸਾਰੀਆਂ ਹਦਾਇਤਾਂ ਇਕ ਪਾਸੇ ਰੱਖ ਦਿੱਤੀਆਂ । ਉਲਟਾ ਬੂਥੜ ਚੁੱਕ ਕੇ ਨਾਲ ਆ ਗਿਆ । ਅਖੇ ਇਹ ਸ਼ਰੀਫ਼ ਬੰਦੇ ਹਨ । ਇਹਨਾਂ ਦਾ ਸਕੂਟਰ ਕਿਸੇ ਨੇ ਖੋਹ ਲਿਆ । ਰਿਪੋਰਟ ਲਿਖ ਲਓ ।
ਇਹ ਨਹੀਂ ਸੀ ਪਤਾ ਕਿ ਉਹ ਲਾਲ ਸਿੰਘ ਦੇ ਖ਼ਿਲਾਫ਼ ਹੀ ਰਿਪੋਰਟ ਦਰਜ ਕਰਾਉਣ ਆਏ ਹਨ ।
ਲਾਲ ਸਿੰਘ ਦਾ ਮੱਥਾ ਤਾਂ ਉਸ ਸਮੇਂ ਹੀ ਠਣਕ ਗਿਆ ਸੀ, ਜਦੋਂ ਉਸ ਨੇ ਇਹਨਾਂ ਨੂੰ ਥਾਣੇ ਅੰਦਰ ਵੜਦੇ ਦੇਖਿਆ ਸੀ । ਉਹਨਾਂ ਵਿਚੋਂ ਬਹੁਤਿਆਂ ਦੇ ਹੁਲੀਏ ਜਾਣੇਪਹਿਚਾਣੇ ਸਨ ।
ਭਾਵੇਂ ਕੁਝ ਨੇ ਪੱਗਾਂ ਬੰਨ੍ਹ ਰੱਖੀਆਂ ਸਨ, ਪਰ ਲਾਲ ਸਿੰਘ ਦੀ ਯਾਦਦਾਸ਼ਤ ਇੰਨੀ ਕਮਜ਼ੋਰ ਨਹੀਂ ਸੀ ਕਿ ਉਹ ਉਹਨਾਂ ਨੂੰ ਪਹਿਚਾਣ ਨਾ ਸਕੇ । ਉਹ ਉਹੋ ਸਨ, ਜਿਹੜੇ ਜਲੂਸ ਵਾਲੇ ਦਿਨ ਬਾਬੇ ਦੁਆਲੇ ਬੰਦੂਕਾਂ ਤਾਣੀ ਖੜੇ ਸਨ ।
ਲਾਲ ਸਿੰਘ ਦਾ ਅੰਦਾਜ਼ਾ ਗ਼ਲਤ ਨਹੀਂ ਸੀ । ਰਿਪੋਰਟ ਦਰਜ ਕਰਾਉਣ ਦੀ ਥਾਂ ਜਦੋਂ ਵਰੰਟ ਅਫ਼ਸਰ ਨੇ ਆਪਣਾ ਪਹਿਚਾਣਪੱਤਰ ਅਤੇ ਸਰਚ ਵਰੰਟ ਦਿਖਾਏ ਤਾਂ ਲਾਲ ਸਿੰਘ ਦਾ ਸਿਰ ਚਕਰਾ ਗਿਆ । ਉਹਨਾਂ ਵਿਚੋਂ ਇਕ ਕਿਸੇ ਅੰਗਰੇਜ਼ੀ ਅਖ਼ਬਾਰ ਦਾ ਪੱਤਰਕਾਰ ਵੀ ਸੀ । ਬਾਕੀਆਂ ਨੇ ਨਾਜਾਇਜ਼ ਤੌਰ 'ਤੇ ਹਿਰਾਸਤ ਵਿਚ ਰੱਖੇ ਮੁੰਡਿਆਂ ਦੀ ਪਹਿਚਾਣ ਕਰਨੀ ਸੀ । ਬਚਣ ਦਾ ਕੋਈ ਰਸਤਾ ਨਹੀਂ ਸੀ । ਰੋਜ਼ਨਾਮਚਾ ਸੱਤ ਦਿਨਾਂ ਤੋਂ ਬੰਦ ਸੀ । ਮੁਨਸ਼ੀ ਕੱਲ੍ਹ ਦਾ ਫਰਲੋ 'ਤੇ ਸੀ । ਉਹ ਹਾਜ਼ਰ ਹੁੰਦਾ ਤਾਂ ਸ਼ਾਇਦ ਕੁਝ ਬਣ ਹੀ ਜਾਂਦਾ ।
ਪੱਤਰਕਾਰ ਕਾਹਲਾ ਪਿਆ ਹੋਇਆ ਸੀ । ਸਮਾਂ ਬਹੁਤ ਹੋ ਗਿਆ ਸੀ । ਉਸ ਨੇ ਆਪਣੀ ਰਿਪੋਰਟ ਭੇਜਣੀ ਸੀ । ਹੋਰ ਲੇਟ ਹੋ ਗਈ ਤਾਂ ਅਖ਼ਬਾਰ ਛਪ ਜਾਣਾ ਸੀ । ਬੇਹੀ ਖ਼ਬਰ ਦਾ ਉਸ ਨੂੰ ਕੋਈ ਲਾਭ ਨਹੀਂ ਸੀ ਹੋਣਾ ।
ਵਰੰਟ ਅਫ਼ਸਰ ਰੋਜ਼ਨਾਮਚੇ ਦੇ ਵਰਕੇ ਪਲਟਣ ਲੱਗਾ । ਇਹ ਦੇਖ ਕੇ ਲਾਲ ਸਿੰਘ ਨੂੰ ਨਾਜ਼ਰ 'ਤੇ ਗ਼ੁੱਸਾ ਚੜ੍ਹਿਆ । ਉਸ ਨੇ ਨਾਜ਼ਰ ਨੂੰ ਕਈ ਵਾਰ ਸਮਝਾਇਆ ਸੀ ਕਿ ਦੋਵੇਂ ਧਿਰਾਂ ਖ਼ਤਰਨਾਕ ਹਨ । ਕਿਸੇ ਪੁਰਾਣੇ ਕੇਸ ਵਿਚ ਉਹਨਾਂ ਦੀ ਗਿਰਫ਼ਤਾਰੀ ਪਾ ਲਈ ਜਾਵੇ । ਸੰਮਤੀ ਦੇ ਬੰਦਿਆਂ ਦੀ ਗਿਰਫ਼ਤਾਰੀ ਵਿਚ ਤਾਂ ਕੋਈ ਦਿੱਕਤ ਨਹੀਂ ਸੀ । ਲਾਲ ਸਿੰਘ ਨੇ ਬਾਬੇ ਵਾਲਾ ਪਰਚਾ ਬੜੇ ਢੰਗ ਨਾਲ ਕੱਟਿਆ ਸੀ । ਬਾਬੇ ਤੋਂ ਸਿਵਾ ਕਿਸੇ ਦਾ ਨਾਂ ਰਿਪੋਰਟ ਵਿਚ ਦਰਜ ਨਹੀਂ ਸੀ । ਇਕੱਲੇ ਹੁਲੀਏ ਦਿੱਤੇ ਗਏ ਸਨ । ਸੰਮਤੀ ਦੇ ਹਰ ਵਰਕਰ ਦਾ ਹੁਲੀਆ ਉਸ ਹੁਲੀਏ ਨਾਲ ਮਿਲਦਾਜੁਲਦਾ ਸੀ । ਨਾਜ਼ਰ ਬਿਨਾਂ ਮਤਲਬ ਟਲਦਾ ਰਿਹਾ । ਉਸ ਨੂੰ ਯਕੀਨ ਸੀ ਕਿ ਮੁੰਡੇ ਬਾਬੇ ਦੇ ਬਾਡੀਗਾਰਡਾਂ ਦਾ ਨਾਂ ਦਸ ਦੇਣਗੇ । ਉਹ ਅਸਲੀ ਬੰਦਿਆਂ ਦੀ ਗ੍ਰਿਫ਼ਤਾਰੀ ਪਾਉਣਾ ਚਾਹੁੰਦਾ ਸੀ । ਹੁਣ ਕਰ ਲਏ ਘਿਓ ਨੂੰ ਭਾਂਡਾ । ਆਪ ਤਾਂ ਸਭ ਟਲ ਗਏ, ਫਸੇਗਾ ਤਾਂ ਲਾਲ ਸਿੰਘ । ਉਹ ਐਸ.ਐਚ.ਓ. ਵੀ ਸੀ ਅਤੇ ਇਸ ਸਮੇਂ ਥਾਣੇ ਵਿਚ ਹਾਜ਼ਰ ਵੀ ।
ਕੋਈ ਹੋਰ ਪਾਰਟੀ ਹੁੰਦੀ, ਲਾਲ ਸਿੰਘ ਵਰੰਟ ਅਫ਼ਸਰ ਨੂੰ ਵਿਚ ਪਾ ਕੇ ਸਮਝੌਤਾ ਕਰ ਲੈਂਦਾ ।
ਇਹਨਾਂ ਭੜੂਆਂ ਨੇ ਕਿਥੇ ਮੰਨਣਾ ਸੀ ? ਉਹ ਤਾਂ ਪਹਿਲਾਂ ਹੀ ਲਾਲ ਸਿੰਘ ਨੂੰ ਹਵਾਲਾਤ ਦਿਖਾਉਣ ਦੀਆਂ ਧਮਕੀਆਂ ਦੇ ਰਹੇ ਸਨ । ਹਿਰਾਸਤ ਵਿਚ ਲਏ ਕਈ ਮੁੰਡਿਆਂ ਦੇ ਸੱਟਾਂ ਵੀ ਲੱਗੀਆਂ ਹੋਈਆਂ ਸਨ । ਉਹਨਾਂ ਦੇ ਮੁਆਇਨੇ ਵੀ ਕਰਾਉਣਗੇ ਅਤੇ ਹਾਈਕੋਰਟ 'ਚ ਪੈਰਵਾਈ ਵੀ ਕਰਨਗੇ । ਆਮ ਲੋਕਾਂ ਵਾਂਗ ਨਾ ਇਹਨਾਂ ਨੂੰ ਵਕੀਲਾਂ ਦੀਆਂ ਫ਼ੀਸਾਂ ਦਾ ਡਰ ਸੀ, ਨਾ ਪੁਲਿਸ ਦਾ ।
ਲਾਲ ਸਿੰਘ ਨੂੰ ਲੱਗ ਰਿਹਾ ਸੀ ਹੁਣ ਖ਼ੈਰ ਨਹੀਂ ਸੀ ।
ਬਾਬੇ ਹੱਥੋਂ ਇਹ ਲਾਲ ਸਿੰਘ ਦੀ ਤੀਜੀ ਹਾਰ ਸੀ ।
ਹਾਰ ਕੇ ਲਾਲ ਸਿੰਘ ਨੇ ਉਹਨਾਂ ਮੁੰਡਿਆਂ ਦੇ ਨਾਂ ਪੁੱਛੇ, ਜਿਨ੍ਹਾਂ ਦੀ ਵਰੰਟ ਅਫ਼ਸਰ ਨੂੰ ਜ਼ਰੂਰਤ ਸੀ ।
ਅੱਠਾਂ ਮੁੰਡਿਆਂ ਦੇ ਨਾਂ ਸੁਣ ਕੇ ਲਾਲ ਸਿੰਘ ਦਾ ਗ਼ੁੱਸਾ ਪਾਗ਼ਲਪਨ ਦੀ ਹੱਦ ਤਕ ਜਾ ਪੁੱਜਾ । ਇਸ ਦਾ ਮਤਲਬ ਸੀ ਕੋਈ ਥਾਣੇ ਵਿਚੋਂ ਹੀ ਬਾਹਰ ਇਤਲਾਹ ਦੇ ਰਿਹਾ ਸੀ । ਵਰੰਟ ਵਿਚ ਨਾ ਕਿਸੇ ਦਾ ਨਾਂ ਵੱਧ ਸੀ, ਨਾ ਘੱਟ । ਕਿਸੇ ਸਿਪਾਹੀ ਨੇ ਜੇ ਇਹਨਾਂ ਨੂੰ ਮੁੰਡਿਆਂ ਦੇ ਨਾਵਾਂ ਦੀ ਸੂਚੀ ਦਿੱਤੀ ਸੀ ਤਾਂ ਬਾਕੀ ਗੱਲਾਂ ਵੀ ਦੱਸੀਆਂ ਹੋਣਗੀਆਂ ।
''ਇਹਨਾਂ ਵਿਚੋਂ ਇਕ ਵੀ ਮੁੰਡਾ ਸਾਡੇ ਕੋਲ ਨਹੀਂ  । ਉਹ ਬੁਲਾਏ ਜ਼ਰੂਰ ਸੀ, ਪਰ ਕਦੋਂ ਦੇ ਛੱਡ ਦਿੱਤੇ । ਆਓ ਹਵਾਲਾਤ ਦਿਖਾਵਾਂ ।''
''ਖ਼ਾਲੀ ਹਵਾਲਾਤ ਅਸੀਂ ਦੇਖ ਆਏ ਹਾਂ ।'' ਪਰੈਸ ਰਿਪੋਰਟਰ ਨੇ ਆਪਣੀ ਪੜਤਾਲੀਆ ਸੂਝ ਦਾ ਸਬੂਤ ਦਿੱਤਾ ।
''ਫੇਰ ਤਾਂ ਠੀਕ  । ਕੋਈ ਹੋਰ ਸ਼ੱਕ ?'' ਕੁਝ ਪਲਾਂ ਲਈ ਲਾਲ ਸਿੰਘ ਦੀ ਬੇਚੈਨੀ ਘਟੀ ।
''ਕੀ ਤੁਸੀਂ ਉਹ ਕਮਰਾ ਖੋਲ੍ਹ ਸਕਦੇ ਹੋ ?'' ਮੁਨਸ਼ੀ ਦੇ ਦਫ਼ਤਰ ਦੇ ਨਾਲ ਵਾਲੇ ਕਮਰੇ, ਜਿਥੇ 'ਤਫ਼ਤੀਸ਼ੀ ਕਮਰਾ' ਲਿਖਿਆ ਹੋਇਆ ਸੀ, ਵੱਲ ਇਸ਼ਾਰਾ ਕਰਦੇ ਹੋਏ ਪਰੈਸ ਰਿਪੋਰਟਰ ਨੇ ਵਿਅੰਗਮਈ ਬੇਨਤੀ ਕੀਤੀ ।
''ਨਹੀਂ, ਉਹ ਥਾਣੇਦਾਰ ਦਾ ਦਫ਼ਤਰ  । ਉਹ ਜਿੰਦਾ ਲਾ ਕੇ ਬਾਹਰ ਗਿਆ ਹੋਇਆ  । ਮੈਂ ਉਸ ਦੀ ਗ਼ੈਰਹਾਜ਼ਰੀ ਵਿਚ ਕਮਰਾ ਨਹੀਂ ਖੋਲ੍ਹ ਸਕਦਾ ।'' ਨਿਮਰਤਾ ਨਾਲ ਲਾਲ ਸਿੰਘ ਨੇ  ਮਜਬੂਰੀ ਦੱਸੀ ।
''ਇਹ ਝੂਠ  । ਸਾਡੇ ਬੰਦੇ ਉਸੇ ਕਮਰੇ ਵਿਚ ਬੰਦ ਹਨ । ਤੁਸੀਂ ਆਵਾਜ਼ ਮਾਰ ਕੇ ਦੇਖ ਸਕਦੇ ਹੋ ।'' ਹੁਣ ਤਕ ਖ਼ਾਮੋਸ਼ ਰਹੇ ਚਾਰਾਂ ਵਿਚੋਂ ਇਕ ਨੇ ਚੁੱਪ ਤੋੜੀ ।
''ਮੇਘ ਰਾਜ ਪੁੱਤਰ ਰਾਮਜੀ ਦਾਸ, ਅਜੀਤ ਸਿੰਘ ਪੁੱਤਰ ਨੱਥਾ ਸਿੰਘ, ਸ਼ਾਮੂ ਪੁੱਤਰ ਬੂਆ ਜੀ, ਬਲਕਾਰ ਸਿੰਘ ਪੁੱਤਰ ਦਿਆ ਸਿੰਘ, ਕਿਤੇ ਹੋਣ ਤਾਂ ਆਵਾਜ਼ ਦੇਣ.....''
ਵਰੰਟ ਅਫ਼ਸਰ ਨੇ ਆਵਾਜ਼ ਤਾਂ ਮਾਰੀ ਪਰ ਉਸ ਵਿਚ ਜਾਨ ਨਹੀਂ ਸੀ ।
ਪਰੈਸ ਰਿਪੋਰਟਰ ਦੀ ਤਸੱਲੀ ਨਹੀਂ ਸੀ ਹੋਈ । ਉਸ ਨੇ ਸ਼ਨਾਖ਼ਤ ਲਈ ਆਏ ਬੰਦਿਆਂ ਨੂੰ ਉੱਚੀ ਆਵਾਜ਼ਾਂ ਮਾਰਨ ਲਈ ਆਖਿਆ
''ਨਛੱਤਰ, ਅਮਰਪਾਲ, ਸੁਖਦੇਵ, ਕਿਸ਼ਨ.....ਬੋਲੋ ਕਿਥੇ ਹੋ ?'' ਚਾਰਾਂ ਦੀਆਂ ਆਵਾਜ਼ਾਂ ਨਾਲ ਸਾਰਾ ਥਾਣਾ ਗੂੰਜਣ ਲੱਗਾ ।
ਵਰੰਟ ਅਫ਼ਸਰ ਨੇ ਦਰਵਾਜ਼ੇ ਨੂੰ ਕੰਨ ਲਾ ਕੇ ਸੁਣਿਆ । ਅੰਦਰੋਂ ਕੋਈ ਕਰਾਹ ਰਿਹਾ ਸੀ ।
ਮਜਬੂਰ ਹੋਏ ਲਾਲ ਸਿੰਘ ਨੂੰ ਕਮਰਾ ਖੋਲ੍ਹਣਾ ਪਿਆ । ਜਿਨ੍ਹਾਂ ਨੂੰ ਸੰਮਤੀ ਦੇ ਬੰਦਿਆਂ ਨੇ ਆਵਾਜ਼ਾਂ ਮਾਰੀਆਂ ਸਨ, ਉਹ ਚਾਰੇ ਇਸੇ ਕਮਰੇ ਵਿਚ ਬੰਦ ਸਨ ।
ਬਾਕੀ ਦੇ ਚਾਰਾਂ ਬਾਰੇ ਨਛੱਤਰ ਨੇ ਦੱਸਿਆ । ਉਹ ਲਾਲ ਸਿੰਘ ਦੇ ਕੁਆਰਟਰ ਵਿਚ ਰੱਕੇ ਗਏ ਹਨ ।
ਸੰਮਤੀ ਦੇ ਸਾਰੇ ਕਾਰਕੁਨਾਂ ਨੂੰ ਰਿਹਾਅ ਕਰਦਾ ਲਾਲ ਸਿੰਘ ਸਾਰੀ ਪੁਲਿਸ ਨੂੰ ਗਾਲ੍ਹਾਂ ਕੱਢਣ ਲੱਗਾ । ਮੁੰਡਿਆਂ ਨੂੰ ਤਫ਼ਤੀਸ਼ੀ ਕਮਰੇ ਵਿਚ ਬੰਦ ਕਰਿਆਂ ਘੰਟਾ ਵੀ ਨਹੀਂ ਸੀ ਹੋਇਆ । ਇਤਲਾਹ ਬਾਹਰ ਪੁੱਜ ਵੀ ਗਈ ਸੀ ।
ਲਾਲ ਸਿੰਘ ਪੂਰੀ ਤਰ੍ਹਾਂ ਮਾਯੂਸ ਹੋ ਚੁੱਕਾ ਸੀ । ਜਦੋਂ ਘਰ ਦਾ ਭੇਤੀ ਹੀ ਲੰਕਾ ਢਾਹੁਣ ਲੱਗੇ ਤਾਂ ਜਿੱਤ ਕਿਵੇਂ ਹਾਸਲ ਹੋ ਸਕਦੀ ਸੀ ?
ਲਾਲ ਸਿੰਘ ਨੂੰ ਯਕੀਨ ਹੋ ਗਿਆ ਕਿ ਵਰੰਟ ਅਫ਼ਸਰ ਨੂੰ ਥਾਣੇ ਦੀ ਹਰ ਛੋਟੀਵੱਡੀ ਕਾਰਵਾਈ ਦਾ ਇਲਮ ਸੀ । ਹੋਰ ਲੁਕਾਛੁਪੀ ਕਰਨ ਦਾ ਕੋਈ ਫ਼ਾਇਦਾ ਨਹੀਂ ਸੀ ।
ਚੁੱਪ ਕਰ ਕੇ ਉਸ ਨੇ ਮੁੰਡੇ ਵਾਰਿਸਾਂ ਦੇ ਹਵਾਲੇ ਕੀਤੇ ਅਤੇ ਹਾਈਕੋਰਟ ਦੇ ਸੰਮਨ ਲੈ ਲਏ ।
ਜੋ ਹੋਏਗਾ, ਸੋ ਦੇਖੀ ਜਾਏਗੀ ।

....ਚਲਦਾ...