ਬੜਾ ਸਕੂਨ ਹੈ ਮੈਨੂੰ
(ਕਵਿਤਾ)
ਬੜਾ ਸਕੂਨ ਹੈ ਮੈਨੂੰ
ਕਿ ਉਸ ਦੇ ਖੁਆਬ ਦਿਸਦੇ ਨਹੀਂ
ਸਮੇ ਦੇ ਵੈਦ ਨੇ ਸੀਤੇ ਜੋ
ਹੁਣ ਉਹ ਜਖਮ ਰਿਸਦੇ ਨਹੀਂ
ਕਿ ਸਾਡੇ ਦਿਲ ਦੇ ਖਾਲੀਪਨ ਵਿਚ
ਸਭ ਗਮ ਦਫਨ ਹੋ ਗਏ
ਉਸ ਦੀ ਸੂਰਤ ਦਿਸਦੀ ਸੀ ਕਦੇ
ਜਦ ਪੜਨ ਲਗਦੇ ਸੀ
ਮੇਰੇ ਲਈ ਖਤ ਉਹ ਸਾਰੇ
ਲਗਦਾ ਏ ਜਿਓਂ ਕਫਨ ਹੋ ਗਏ
ਬੜਾ ਸਕੂਨ ਹੈ ਮੈਨੂੰ
ਕਿ ਸਾਰੇ ਦਰਦ ਮੁੱਕ ਗਏ ਨੇ
ਦਿਲ ਪੱਥਰ ਜਿਓਂ ਹੋਇਆ ਏ
ਤੇ ਹੰਝੂ ਵਗ ਵਗ ਰੁਕ ਗਏ ਨੇ
ਕਿ ਜਿਓਂ ਮੁਰਦੇ ਦਾ ਚੇਹਰਾ
ਜੋ ਕਦੇ ਉਦਾਸ ਨਹੀਂ ਹੁੰਦਾ
ਅੱਜ-ਕੱਲ ਹੱਸਦਾ ਤਾਂ ਬਹੁਤ ਹਾਂ
ਪਰ ਕੁਝ ਅਹਿਸਾਸ ਨਹੀਂ ਹੁੰਦਾ
ਬੜਾ ਸਕੂਨ ਹੈ ਮੈਨੂੰ
ਕਿ ਪੀੜਾਂ ਮੀਤ ਹੋਈਆਂ ਨੇ
ਭਰ ਕੇ ਜਖਮ ਰੂਹਾਂ ਦੇ
ਜ਼ੁਬਾਂ ਦੇ ਗੀਤ ਹੋਈਆਂ ਨੇ
ਅਸੀਂ ਮੱਥੇ ਬੜੇ ਰਗੜੇ
ਸੀ ਮੰਗਿਆ ਰੱਬ ਤੋਂ ਤੈਨੂੰ
ਕੀ ਖਬਰੇ ਭੁੱਲ ਹੋ ਗਈ ਜੋ
ਇਹ ਨਬਜਾਂ ਸੀਤ ਹੋਈਆਂ ਨੇ
ਬੜਾ ਸਕੂਨ ਹੈ ਮੈਨੂੰ ......
ਕਿ ਹੁਣ ਹਰ ਖੁਸ਼ੀ ਮਿਲ ਗਈ
ਕਿਓਂ ਮੈਂ ਜਾਣ ਕੇ ਛੇੜਾਂ
ਜੋ ਯਾਦਾਂ ਬੀਤ ਹੋਈਆਂ ਨੇ
ਬੜਾ ਸਕੂਨ ਹੈ ਮੈਨੂੰ .......