ਧ੍ਰਿਤਰਾਸ਼ਟਰ - 12 (ਸਵੈ ਜੀਵਨੀ )

ਐਸ ਤਰਸੇਮ (ਡਾ)   

Email: starsemnazria@gmail.com
Phone: +91 1675 258879
Cell: +91 95015 36644
Address: ਸੰਤ ਕਾਲੋਨੀ, ਸਟੇਡੀਅਮ ਰੋਡ
ਮਾਲੇਰਕੋਟਲਾ India 148023
ਐਸ ਤਰਸੇਮ (ਡਾ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਠੱਗੀ-ਦਰ-ਠੱਗੀ

ਮੁਰੱਬੇਬੰਦੀ ਹੋਣ ਪਿੱਛੋਂ ਪਿੰਡ ਸ਼ਹਿਣੇ ਵਾਲੀ ਸਾਰੀ ਜ਼ਮੀਨ ਮੇਰੇ ਬਾਬੇ ਦੀ ਔਲਾਦ ਨੇ ਆਪਣੇ ਆਪਣੇ ਨਾਉਂ ਚੜ੍ਹਵਾ ਲਈ ਸੀ। ੧੯੫੩ ਵਿਚ ਬਾਬਾ ਨਰੈਣਾ ਮੱਲ ਪੂਰਾ ਹੋਇਆ ਸੀ। ਉਸ ਤੋਂ ਪਿੱਛੋਂ ਜ਼ਮੀਨ ਦਾ ਕਾਰ-ਮੁਖਤਿਆਰ ਮੇਰਾ ਚਾਚਾ ਕੁਲਵੰਤ ਰਾਏ ਸੀ। ਜੀਅ ਕਰਦਾ ਉਹ ਹਾੜ੍ਹੀ-ਸਾਉਣੀ ਦਾਣਾ-ਫੱਕਾ ਦੇ ਦਿੰਦਾ, ਜੀਅ ਕਰਦਾ ਨਾ ਦਿੰਦਾ। ਜਿਥੋਂ ਤੱਕ ਮੈਨੂੰ ਯਾਦ ਹੈ, ਸਾਉਣੀ ਦੀ ਫਸਲ ਦਾ ਹਿੱਸਾ ਉਸ ਨੇ ਸਾਨੂੰ ਕਦੇ ਨਹੀਂ ਸੀ ਦਿੱਤਾ। ਹਾੜ੍ਹੀ ਦੀ ਕਣਕ ਸਾਨੂੰ ਪਹੁੰਚ ਜਾਂਦੀ ਸੀ।
ਮੇਰੇ ਪਿਉ ਹੁਰੀਂ ਚਾਰ ਭਰਾ ਸਨ---ਚਮਨ ਲਾਲ, ਬਾਲਾ ਰਾਮ, ਮੇਰਾ ਪਿਉ ਲੇਖ ਰਾਮ ਤੇ ਚਾਚਾ ਕੁਲਵੰਤ ਰਾਏ। ਤਾਇਆ ਬਾਲਾ ਰਾਮ ਪਲੇਗ ਦੀ ਬੀਮਾਰੀ ਵਿਚ ਮਰ ਗਿਆ ਸੀ। ਉਸ ਦੇ ਦੋ ਪੁੱਤਰ---ਹੰਸ ਰਾਜ ਤੇ ਅਮਰ ਨਾਥ ਸਨ ਤੇ ਇਕ ਧੀ ਸੀ---ਸੱਤਿਆ। ਮੇਰੇ ਤਾਏ ਚਮਨ ਲਾਲ (ਜਿਸ ਨੂੰ ਅਸੀਂ ਸਾਰੇ ਬਾਈ ਕਹਿੰਦੇ ਹੁੰਦੇ ਸੀ) ਅਤੇ ਮੇਰੇ ਪਿਉ ਨੇ ਹੰਸ ਰਾਜ ਨੂੰ ਪਹਿਲਾਂ ਡੀ.ਐਮ.ਕਾਲਜ, ਮੋਗਾ ਤੋਂ ਮੈਟ੍ਰਿਕ ਕਰਵਾਈ। ਪੜ੍ਹਨ ਵਿਚ ਉਹ ਬਹੁਤ ਹੁਸ਼ਿਆਰ ਸੀ। ਮਾਂ ਦੱਸਦੀ ਹੁੰਦੀ ਸੀ ਕਿ ਫੇਰ ਉਸ ਨੂੰ ਲਾਹੌਰ ਪੜ੍ਹਨ ਭੇਜਿਆ, ਜਿਥੋਂ ਉਸ ਨੇ ਬੀ.ਏ. ਤੋਂ ਪਿੱਛੋਂ ਐਲ.ਐਲ.ਬੀ. ਕੀਤੀ। ਲੁਧਿਆਣੇ ਵਕਾਲਤ ਸ਼ੁਰੂ ਕਰਵਾਈ (ਉਦੋਂ ਸ਼ਹਿਣਾ ਜ਼ਿਲ੍ਹਾ ਲੁਧਿਆਣੇ ਵਿਚ ਹੁੰਦਾ ਸੀ ਤੇ ਇਹ ਇਲਾਕਾ ਸਿੱਧਾ ਅੰਗਰੇਜ਼ਾਂ ਦੇ ਕਬਜ਼ੇ ਵਿਚ ਸੀ) ਪਰ ਵਕਾਲਤ ਨਾ ਚੱਲੀ। ਹੰਸ ਰਾਜ ਸੁਭਾ ਦਾ ਬੜਾ ੁਂਸ਼ਕ ਸੀ। ਵਕਾਲਤ ਵਿਚ ਲਿਆਕਤ ਦੇ ਨਾਲ ਨਾਲ ਜੀਭ ਦੀ ਮਿਠਾਸ ਵੀ ਚਾਹੀਦੀ ਹੈ ਅਤੇ ਹਾਜ਼ਰ ਜਵਾਬੀ ਵੀ। ਸੋ, ਉਹ ਬੈਂਕ ਵਿਚ ਭਰਤੀ ਹੋ ਗਿਆ। ਛੋਟਾ ਅਮਰ ਨਾਥ ਮੋਗੇ ਵਾਲੀ ਦੁਕਾਨ 'ਤੇ ਬਹਿ ਗਿਆ। ਇਹ ਦੁਕਾਨ ਮੇਰੇ ਪਿਉ ਦੇ ਚਾਰੇ ਭਾਈਆਂ ਦੀ ਸਾਂਝੀ ਸੀ। ਇਸ ਦੁਕਾਨ 'ਤੇ ਚਾਚਾ ਕੁਲਵੰਤ ਅਤੇ ਅਮਰ ਨਾਥ ਬਹਿੰਦੇ ਸਨ। ਪਿੰਡ ਦਾ ਸਾਰਾ ਕਾਰੋਬਾਰ ਮੇਰਾ ਪਿਉ ਸਾਂਭਦਾ ਸੀ। ਬਜਾਜੀ ਦੀ ਪਿੰਡ ਵਾਲੀ ਦੁਕਾਨ 'ਤੇ ਬਾਈ ਬਹਿੰਦਾ ਸੀ।
ਮੋਗੇ ਵਾਲੀ ਦੁਕਾਨ ਪਤਾ ਨਹੀਂ ਕਿਵੇਂ ਫੇਲ੍ਹ ਹੋਈ? ਮਾਂ ਦੇ ਦੱਸਣ ਅਨੁਸਾਰ ਚਾਚੇ ਕੁਲਵੰਤ ਤੇ ਬਾਲਾ ਰਾਮ ਦੇ ਦੋਵੇਂ ਮੁੰਡਿਆਂ ਨੇ ਦੁਕਾਨ ਵਿਚ ਘਾਟਾ ਵਿਖਾ ਕੇ ਸਾਡਾ ਚਾਚੇ ਕੁਲਵੰਤ ਦੇ ਨਾਉਂ ਬੈਂਕ ਦੇ ਲਾਕਰ ਵਿਚ ਰੱਖਿਆ ਸੌ ਤੋਲੇ ਸੋਨਾ ਦੱਬ ਲਿਆ ਅਤੇ ਇਹ ਕਹਿ ਕੇ ਸੋਨਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਤਾਂ ਘਾਟਾ ਪੈਣ ਕਾਰਨ ਵੇਚ ਦਿੱਤਾ ਹੈ। ਅਸਲ ਵਿਚ ਸੋਨਾ ਵੇਚਿਆ ਨਹੀਂ ਸੀ। ਇਸ ਸਾਰੀ ਠੱਗੀ ਪਿੱਛੇ ਸਾਜ਼ਿਸ਼ ਘੜਨ ਵਾਲਾ ਹੰਸ ਰਾਜ ਸੀ। ਉਸ ਦੀ ਵਕਾਲਤ ਲੁਧਿਆਣੇ ਵਿਚ ਨਹੀਂ ਸੀ ਚੱਲੀ। ਵਕਾਲਤ ਦੇ ਦਾਅ-ਪੇਚ ਉਸ ਨੇ ਘਰ ਵਿਚ ਠੱਗੀ ਲਾਉਣ ਲਈ ਵਰਤੇ ਹੋਣਗੇ। ਮੇਰੇ ਪਿਉ ਨੂੰ ਚਾਚੇ ਕੁਲਵੰਤ ਰਾਏ 'ਤੇ ਗਿਲਾ ਘੱਟ ਸੀ, ਹੰਸ ਰਾਜ ਅਤੇ ਅਮਰ ਨਾਥ 'ਤੇ ਵੱਧ। ਕੁਲਵੰਤ ਰਾਏ ਬਾਬੇ ਦੇ ਦੂਜੇ ਵਿਆਹ ਦੀ ਔਲਾਦ ਸੀ। ਦੂਜੇ ਵਿਆਹ ਦੀ ਔਲਾਦ ਵਿਚੋਂ ਕੁਲਵੰਤ ਤੋਂ ਛੋਟੀ ਭੂਆ ਗਣੇਸ਼ੀ ਸੀ। ਸਾਡੇ ਘਰਾਂ ਵਿਚ ਉਸ ਦਾ ਹੁਕਮਰਾਨਾਂ ਵਰਗਾ ਰੋਅਬ ਦਾਅਬ ਸੀ। ਮੈਨੂੰ ਜਿਥੋਂ ਤੱਕ ਅੰਦਾਜ਼ਾ ਹੈ ਕਿ ਮੇਰਾ ਪਿਉ ਜ਼ਰੂਰ ਭੋਲਾ ਪੰਛੀ ਹੋਵੇਗਾ। ਗਣੇਸ਼ੀ ਭੂਆ ਉਤੇ ਉਸ ਨੂੰ ਰੱਬ ਵਰਗਾ ਭਰੋਸਾ ਸੀ। ਇਹ ਗੱਲ ਮਾਂ ਦੱਸਦੀ ਹੁੰਦੀ ਸੀ। ਪਰ ਮੇਰੇ ਅਨੁਮਾਨ ਅਨੁਸਾਰ ਸਾਰੀ ਫਿੱਟੜੀਆਂ ਦੀ ਫੇਟ ਇਹ ਭੂਆ ਗਣੇਸ਼ੀ ਹੀ ਸੀ। ਉਹਦੇ ਆਪਣੇ ਘਰ ਵਿਚ ਵੀ ਭੂਆ ਦੀ ਚਲਦੀ ਸੀ ਅਤੇ ਆਪਣੇ ਪਿਉ ਦੀ ਔਲਾਦ ਉਤੇ ਵੀ ਉਹ ਆਪਣਾ ਹੁਕਮ ਚਲਾਉਂਦੀ ਸੀ। ਦੁਕਾਨ ਦੀ ਠੱਗੀ ਵਿਚ ਉਤੋਂ ਉਤੋਂ ਤਾਂ ਉਹ ਸਾਂਝੀ ਤੇ ਨਿਰਪੱਖ ਹੋਣ ਦਾ ਡਰਾਮਾ ਖੇਡ ਗਈ ਪਰ ਵਿਚੋਂ ਉਹ ਦੂਜੇ ਪਾਸੇ ਸੀ। ਕੁਲਵੰਤ ਉਸ ਦਾ ਸਕਾ ਭਰਾ ਸੀ। ਇਸ ਲਈ ਭੂਆ ਦੇ ਚਾਚੇ ਵੱਲ ਝੁਕਾਅ ਹੋਣ ਕਾਰਨ ਮੇਰਾ ਪਿਉ ਪੱਲਾ ਝਾੜ ਕੇ ਪਿੰਡ ਆ ਗਿਆ ਸੀ। ਭਰਾ ਦੇ ੧੯੪ਂ ਵਿਚ ਮੋਗੇ ਤੋਂ ਹੀ ਹੰਸ ਰਾਜ ਵਾਲੇ ਇੰਟਰ ਕਾਲਜ ਵਿਚੋਂ ਮੈਟ੍ਰਿਕ ਪਾਸ ਕਰਨ ਅਤੇ ਦੁਕਾਨ ਫੇਲ੍ਹ ਹੋਣ ਕਾਰਨ ਮੇਰੇ ਪਿਉ ਕੋਲ ਖਾਲੀ ਹੱਥ ਪਿੰਡ ਮੁੜਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਪਿੰਡ ਵਾਲੀ ਹਵੇਲੀ ਜਿਸ ਵਿਚ ਮੇਰੇ ਮਾਪੇ ਰਹਿੰਦੇ ਸਨ, ਉਹ ਮੇਰੇ ਪਿਉ ਨੇ ਅੱਡ ਹੋ ਕੇ ਆਪ ਪਾਈ ਸੀ, ਕਿਉਂਕਿ ਮੋਗੇ ਦਾ ਕਾਰੋਬਾਰ ਸਾਂਝਾ ਹੋਣ ਦੇ ਬਾਵਜੂਦ ਪਿੰਡ ਸ਼ਹਿਣੇ ਦੇ ਘਰਾਂ ਦੀ ਤਕਸੀਮ ਬੜਾ ਚਿਰ ਪਹਿਲਾਂ ਹੀ ਹੋ ਚੁੱਕੀ ਸੀ। ਇਸ ਲਈ ਸ਼ਹਿਣੇ ਵਾਲੀ ਹਵੇਲੀ ਵਿਚ ਮੇਰੇ ਤਾਏ ਚਾਚੇ ਦਾ ਕੋਈ ਦਖਲ ਨਹੀਂ ਸੀ। ਪਿੰਡ ਆ ਕੇ ਮੇਰੇ ਪਿਉ ਨੇ ਕਾਰੋਬਾਰ ਤਾਂ ਚਲਾ ਲਿਆ ਪਰ ਉਸ ਨਾਲ ਹੋਈ ਠੱਗੀ ਦਾ ਝੋਰਾ ਉਸ ਨੂੰ ਵੱਢ ਵੱਢ ਖਾਈ ਜਾਂਦਾ ਸੀ। ਚਾਚੇ ਕੁਲਵੰਤ ਅਤੇ ਅਮਰ ਨਾਥ ਵਿਰੁੱਧ ਮੇਰੇ ਪਿਉ ਨੇ ਅਦਾਲਤ ਵਿਚ ਦਾਅਵਾ ਕਰ ਦਿੱਤਾ। ਬਾਬਾ ਨਰੈਣਾ ਮੱਲ, ਜਿਸ ਨੂੰ ਮੈਂ ਹੱਦ ਦਰਜੇ ਦਾ ਮੂਰਖ ਸਮਝਦਾ ਹਾਂ, ਬਿਨਾਂ ਕਿਸੇ ਦਲੀਲ ਦੇ ਕੁਲਵੰਤ ਦੇ ਹੱਕ ਵਿਚ ਖੜ੍ਹਾ ਸੀ। ਸੰਭਵ ਹੈ ਕਿ ਦੂਜੇ ਵਿਆਹ ਦੀ ਔਲਾਦ ਹੋਣ ਕਾਰਨ ਬਾਬਾ ਕੁਲਵੰਤ ਤੋਂ ਝਿਪਦਾ ਹੋਵੇ। ਚਾਚੇ ਕੁਲਵੰਤ ਅਤੇ ਅਮਰ ਨਾਥ ਨੂੰ ਮੁਕੱਦਮਾ ਹਾਰਨ ਦਾ ਪੂਰਾ ਡਰ ਸੀ। ਇਸ ਲਈ ਉਹਨਾਂ ਨੇ ਸਾਡੇ ਪ੍ਰੋਹਤ ਮਦਨ ਲਾਲ ਨੂੰ ਭਰੋਸਾ ਦਿਵਾਇਆ ਕਿ ਮੁਕੱਦਮਾ ਵਾਪਸ ਲੈਣ ਪਿੱਛੋਂ ਉਹ ਸੋਨਾ ਵਾਪਸ ਕਰ ਦੇਣਗੇ। ਮੇਰਾ ਪਿਉ ਉਹਨਾਂ ਦੀਆਂ ਗੱਲਾਂ ਵਿਚ ਆ ਗਿਆ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਮੁਕੱਦਮਾ ਵਾਪਸ ਲੈਣ ਪਿੱਛੋਂ ਚਾਚਾ ਅਤੇ ਅਮਰ ਨਾਥ ਦੋਵੇਂ ਸੋਨਾ ਦੇਣ ਤੋਂ ਸਾਫ ਮੁੱਕਰ ਗਏ। ਇਸ ਗੱਲ ਦੀ ਨਮੋਸ਼ੀ ਮੇਰੇ ਪਿਉ ਨੂੰ ਤਾਂ ਹੋਣੀ ਹੀ ਸੀ, ਪ੍ਰੋਹਤ ਜੀ ਵੀ ਬੜੇ ਦੁਖੀ ਸਨ।
ਤਪਾ ਮੰਡੀ ਵਾਲਾ ਹੱਟ-ਹਾਤਾ ਮੇਰੇ ਪਿਉ ਦੇ ਨਾਉਂ ਸੀ, ਉਂਜ ਸੀ ਮੇਰੇ ਪਿਉ ਤੇ ਉਸ ਦੇ ਤਿੰਨਾਂ ਭਰਾਵਾਂ ਦਾ ਸਾਂਝਾ। ਇਹ ਹੱਟ-ਹਾਤਾ ਸਰਕਾਰੀ ਬੋਲੀ ਵਿਚ ਮੇਰੇ ਪਿਉ ਨੇ ਉਦੋਂ ਲਿਆ ਸੀ ਜਦੋਂ ਬਾਬੇ ਦੀ ਜਾਇਦਾਦ ਦਾ ਕੋਈ ਵੰਡ-ਵੰਡਾਰਾ ਨਹੀਂ ਸੀ ਹੋਇਆ ਅਤੇ ਬਾਬੇ ਦੀ ਸਾਰੀ ਔਲਾਦ ਦੀ ਰੋਟੀ ਵੀ ਇਕ ਥਾਂ ਪੱਕਦੀ ਸੀ। ਹੱਟ-ਹਾਤਾ ਮੇਰੇ ਪਿਉ ਦੇ ਨਾਉਂ ਹੋਣ ਦਾ ਪ੍ਰੋਹਤ ਜੀ ਨੂੰ ਪਤਾ ਸੀ। ਇਸ ਲਈ ਉਸ ਦੀ ਸਲਾਹ ਉਤੇ ਹੀ ਮੇਰੇ ਪਿਉ ਨੇ ਪਿੰਡ ਵਾਲੀ ਹਵੇਲੀ ਨੂੰ ਜਿੰਦਾ ਲਾਇਆ ਅਤੇ ਤਪੇ ਵਾਲੇ ਹੱਟ-ਹਾਤੇ ਉਤੇ ਕਬਜ਼ਾ ਕਰ ਲਿਆ। ਸੋਨੇ ਦੀ ਠੱਗੀ ਪਿੱਛੋਂ ਤਪੇ ਵਾਲੇ ਹੱਟ-ਹਾਤੇ ਉਤੇ ਕਬਜ਼ਾ ਕਰਨਾ ਸਮਝੋ ਮੇਰੇ ਪਿਉ ਵੱਲੋਂ ਮਾਰੀ ਠੱਗੀ ਸੀ।
ਬਾਈ ਚਮਨ ਲਾਲ ਨੂੰ ਸਾਰੀ ਸਚਾਈ ਦਾ ਪਤਾ ਸੀ। ਇਸ ਲਈ ਉਹ ਸਾਡੇ ਪੱਖ ਵਿਚ ਭੁਗਤਦਾ ਰਿਹਾ, ਬਾਬੇ ਦੀ ਮੌਤ ਤੋਂ ਪਹਿਲਾਂ ਵੀ ਤੇ ਪਿਛੋਂ ਵੀ। ਪਰ ਜਦੋਂ ਮੁਰੱਬੇਬੰਦੀ ਹੋਣ ਪਿੱਛੋਂ ਸ਼ਹਿਣੇ ਵਾਲੀ ਸਾਡੀ ਸਾਰੀ ਜ਼ਮੀਨ ਸਰਕਾਰੀ ਕਾਗਜ਼ਾਂ ਵਿਚ ਵੰਡੀ ਗਈ ਤਾਂ ਚਾਚੇ ਕੁਲਵੰਤ ਲਈ ਇਹ ਗੱਲ ਅਸਹਿ ਸੀ। ਇਕ ਤਾਂ ਇਸ ਲਈ ਕਿ ਸੋਨਾ ਤਾਂ ਖਾਧਾ-ਪੀਤਾ ਗਿਆ ਤੇ ਸੋਨੇ ਵਾਲੀ ਠੱਗੀ ਨੂੰ ਚਾਚਾ ਤੇ ਅਮਰ ਨਾਥ ਦੋਵੇਂ ਭੁੱਲ ਚੁੱਕੇ ਹੋਣਗੇ। ਦੂਜੇ ਚਾਚੇ ਕੁਲਵੰਤ ਦਾ ਜ਼ਮੀਨ ਦੀ ਆਮਦਨ ਤੋਂ ਬਿਨਾਂ ਹੋਰ ਕੋਈ ਕਾਰੋਬਾਰ ਹੀ ਨਹੀਂ ਸੀ, ਜਿਸ ਕਾਰਨ ਤੀਜੀ ਠੱਗੀ ਰਚਾਉਣ ਲਈ ਚਾਚੇ ਕੁਲਵੰਤ ਤੇ ਅਮਰ ਨਾਥ ਨੇ ਭੂਆ ਗਣੇਸ਼ੀ ਦੀ ਜਾ ਸ਼ਰਨ ਲਈ। ਪਿੰਡ ਸ਼ਹਿਣੇ ਵਿਚ ਅਸੀਂ ਪਾਲੀਕੇ ਕਹਾਉਂਦੇ ਹਾਂ। ਪਾਲੀ ਰਾਮ ਤੇ ਘਨੱਈਆ ਮੱਲ ਦੋ ਭਰਾ ਸਨ। ਘਨੱਈਆ ਮੱਲ ਦੇ ਅੱਗੋਂ ਦੋ ਪੁੱਤਰ ਸਨ---ਗੰਗਾ ਰਾਮ ਤੇ ਨਰੈਣਾ ਮੱਲ। ਅਸੀਂ ਨਰੈਣਾ ਮੱਲ ਦੀ ਔਲਾਦ ਹਾਂ ਪਰ ਖਾਨਦਾਨ ਦਾ ਨਾਉਂ ਪਾਲੀ ਰਾਮ ਦੇ ਵੱਡੇ ਹੋਣ ਕਾਰਨ ਉਸ ਦੇ ਨਾਉਂ 'ਤੇ ਹੀ ਚਲਦਾ ਸੀ। ਸੋਨੇ ਤੇ ਜਾਇਦਾਦ ਦੇ ਮਾਮਲੇ ਵਿਚ ਪਾਲੀ ਰਾਮ ਦੀ ਔਲਾਦ ਘਨੱਈਆ ਮੱਲ ਦੀ ਔਲਾਦ ਨਾਲੋਂ ਬਹੁਤਾ ਨਹੀਂ ਤਾਂ ਅੱਠ-ਦਸ ਗੁਣਾਂ ਵੱਧ ਜਾਇਦਾਦ ਦੀ ਮਾਲਕ ਸੀ, ਸੋਨਾ ਵੀ ਵੱਧ ਤੇ ਜ਼ਮੀਨ ਵੀ।
ਮੇਰੀ ਸੁਰਤ ਵਿਚ ਮੇਰੇ ਬਾਬੇ ਨਰੈਣਾ ਮੱਲ ਕੋਲ ਜਿਹੜੀ ਜ਼ਮੀਨ ਸੀ, ਉਸ ਦੇ ਚਾਰ ਟੱਕ ਸਨ। ਖੂਹ ਵਾਲੀ ਚਾਰ ਕੀਲੇ ਅਤੇ ਘੋੜਿਆਂ ਵਾਲੀ ਦੋ ਕੀਲੇ ਸੀ। ਕਲੇਰ ਵਾਲੀ ਚਾਰ ਕੀਲੇ ਤੋਂ ਕੁਝ ਵੱਧ ਸੀ ਅਤੇ ਨੀਲੋਂ ਵਾਲੀ ਬੰਜਰ ਕਦੀਮ ਚਾਰ ਕੀਲੇ ਤੋਂ ਥੋੜ੍ਹੀ ਜਿਹੀ ਘੱਟ। ਮੁਰੱਬੇਬੰਦੀ ਵਿਚ ਘੋੜਿਆਂ ਵਾਲੀ ਦਾ ਮੁੱਲ ਚੌਦਾਂ ਆਨੇ, ਖੂਹ ਵਾਲੀ ਦਾ ਦਸ ਆਨੇ, ਕਲੇਰ ਵਾਲੀ ਦਾ ਛੇ ਆਨੇ ਅਤੇ ਨੀਲੋਂ ਵਾਲੀ ਬੰਜਰ ਜ਼ਮੀਨ ਦਾ ਦੋ ਆਨੇ ਪਿਆ ਸੀ। ਇਹਨਾਂ ਜ਼ਮੀਨਾਂ ਦੇ ਨਾਵਾਂ ਦੇ ਪਿਛੋਕੜ ਦਾ ਮੈਨੂੰ ਕੁਝ ਵੀ ਪਤਾ ਨਹੀਂ। ਬੱਸ ਖੂਹ ਵਾਲੀ ਜ਼ਮੀਨ ਬਾਰੇ ਸਿਰਫ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਵਿਚ ਖੂਹ ਹੋਣ ਕਾਰਨ ਉਸ ਦਾ ਨਾਂ ਖੂਹ ਵਾਲੀ ਜ਼ਮੀਨ ਪੈ ਗਿਆ। ਇਹ ਖੂਹ ਵੀ ਬਾਈ ਚਮਨ ਲਾਲ ਤੇ ਮੇਰੇ ਪਿਉ ਨੇ ਆਪਣੇ ਜਵਾਨੀ ਪਹਿਰੇ ਲਗਵਾਇਆ ਸੀ। ਇਹ ਗੱਲ ਮਾਂ ਦੱਸਦੀ ਹੁੰਦੀ ਸੀ।
ਇਹ ਸਾਰੀ ਜ਼ਮੀਨ ਚੌਦਾਂ-ਪੰਦਰਾਂ ਕੀਲੇ ਬਣਦੀ ਸੀ। ਇਹਨਾਂ ਚਾਰਾਂ ਟੱਕਾਂ ਵਿਚੋਂ ਚੌਥਾ ਚੌਥਾ ਹਿੱਸਾ ਮੇਰੇ ਬਾਬੇ ਦੇ ਚਾਰੇ ਪੁੱਤਰਾਂ ਜਾਂ ਉਹਨਾਂ ਦੀ ਔਲਾਦ ਦੇ ਨਾਂ ਚੜ੍ਹ ਗਿਆ ਸੀ। ਅਜਿਹਾ ਹੋਣ ਨਾਲ ਚਾਚੇ ਕੁਲਵੰਤ ਦਾ ਬੇਚੈਨ ਹੋਣਾ ਕੁਦਰਤੀ ਸੀ। ਹੰਸ ਰਾਜ ਤੇ ਅਮਰ ਨਾਥ ਪਹਿਲੇ ਦਿਨੋਂ ਚਾਚੇ ਨਾਲ ਸਨ ਅਤੇ ਭੂਆ ਗਣੇਸ਼ੀ ਉਹਨਾਂ ਦੀ ਪਿੱਠ ਉਤੇ ਸੀ। ਇਸ ਲਈ ਭੂਆ ਨੇ ਮੇਰੇ ਭਰਾ ਨੂੰ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਜ਼ਮੀਨ ਦੇ ਛੋਟੇ ਛੋਟੇ ਟੁਕੜੇ ਕਿਸੇ ਕੰਮ ਨਹੀਂ ਆਉਣੇ, ਨਾਲੇ ਤਪੇ ਵਾਲਾ ਹੱਟ-ਹਾਤਾ ਵੀ ਇਸ ਬਹਾਨੇ ਥੋਡੇ ਹਿੱਸੇ ਪੈ ਜਾਊ। ਭਰਾ ਮੰਨ ਗਿਆ। ਮੈਂ ਉਦੋਂ ਨਾਬਾਲਗ ਸੀ। ਮੇਰੇ ਨਾ ਚਾਹੁੰਦੇ ਹੋਏ ਵੀ ਮੈਨੂੰ ਪਿੰਡ ਲੈ ਗਏ। ਪਤਾ ਨੀ ਕਿਉਂ ਮੈਨੂੰ ਭੂਆ ਦਾ ਇਹ ਫੈਸਲਾ ਉ=ੱਕਾ ਹੀ ਜਚਿਆ ਨਹੀਂ ਸੀ। ਲਿਖਤ ਵਿਚ ਬਾਈ ਚਮਨ ਲਾਲ ਤੇ ਸਾਨੂੰ ਦੋਹਾਂ ਭਰਾਵਾਂ ਨੂੰ ਦੋ ਕੀਲੇ ਘੋੜਿਆਂ ਵਾਲੀ ਜ਼ਮੀਨ ਅਤੇ ਚਾਚੇ ਕੁਲਵੰਤ ਅਤੇ ਤਾਏ ਬਾਲਾ ਰਾਮ ਦੀ ਔਲਾਦ ਨੂੰ ਖੂਹ ਵਾਲੀ ਚਾਰ ਕੀਲੇ ਜ਼ਮੀਨ ਦਿੱਤੀ ਗਈ। ਨੀਲੋਂ ਵਾਲੀ ਬੰਜਰ ਕਦੀਮ ਮੁਰੱਬੇਬੰਦੀ ਦੀ ਵੰਡ ਅਨੁਸਾਰ ਰੱਖ ਦਿੱਤੀ ਗਈ। ਕਲੇਰ ਵਾਲੀ ਜ਼ਮੀਨ ਵੀ ਚਾਚੇ ਕੁਲਵੰਤ ਤੇ ਬਾਲਾ ਰਾਮ ਦੀ ਔਲਾਦ ਦੇ ਹਿੱਸੇ ਪਾ ਦਿੱਤੀ, ਕਿਉਂਕਿ ਇਹ ਜ਼ਮੀਨ ਮੇਰਾ ਬਾਬਾ ਨਰੈਣਾ ਮੱਲ ਕਿਸੇ ਵੇਲੇ ਚਾਚੇ ਦੇ ਪੁੱਤਰ ਕੇਵਲ ਕ੍ਰਿਸ਼ਨ ਨੂੰ ਗਹਿਣੇ ਕਰ ਗਿਆ ਸੀ। ਅਸਲ ਵਿਚ ਲਿਆ ਦਿੱਤਾ ਕੁਝ ਨਹੀਂ ਸੀ। ਚਾਚੇ ਕੁਲਵੰਤ ਨੇ ਡਰਾ ਕੇ ਇਹ ਚਾਰ ਕੀਲੇ ਤੋਂ ਵੱਧ ਜ਼ਮੀਨ ਆਪਣੇ ਮੁੰਡੇ ਦੇ ਨਾਂ ਗਹਿਣੇ ਕਰਵਾ ਲਈ ਸੀ। ਇਹ ਗੱਲ ਸਾਨੂੰ ਬਾਬੇ ਨੇ ਉਦੋਂ ਦੱਸੀ ਸੀ ਜਦੋਂ ਉਹ ਸਾਡੇ ਕੋਲ ਤਪੇ ਆ ਕੇ ਰਹਿਣ ਲੱਗ ਪਿਆ ਸੀ। ਵੰਡ-ਵੰਡਾਰੇ ਦੀ ਇਸ ਲਿਖਤ ਕਾਰਨ ਗਹਿਣੇ ਵਾਲਾ ਕਾਗਜ਼ ਪਾੜ ਕੇ ਚਾਚਾ ਕੁਲਵੰਤ, ਹੰਸ ਅਤੇ ਨਾਥ ਸੁਰਖਰੂ ਹੋ ਗਏ ਸਨ। ਪਿੰਡ ਵਾਲਾ ਵਾੜਾ ਜੋ ਪਹਿਲਾਂ ਹੀ ਸਾਡੇ ਤੇ ਹੰਸ ਹੁਰਾਂ ਦੇ ਨਾਉਂ ਸੀ ਅਤੇ ਮੁਰੱਬੇਬੰਦੀ ਵਿਚ ਵੀ ਉਵੇਂ ਚੜ੍ਹਾ ਦਿੱਤਾ ਗਿਆ। ਤਪੇ ਵਾਲਾ ਹੱਟ-ਹਾਤਾ ਤੇ ਪਿੰਡ ਵਾਲੀ ਸਾਡੀ ਹਵੇਲੀ ਸਾਡੇ ਹਿੱਸੇ ਅਤੇ ਬਾਕੀ ਪਿੰਡ ਵਾਲੀਆਂ ਸਾਰੀਆਂ ਰਹਾਇਸ਼ੀ ਥਾਵਾਂ, ਜਿਸ ਦਾ ਵੀ ਜਿੰਨਾ ਕਬਜ਼ਾ ਸੀ, ਉਹਨਾਂ ਉਹਨਾਂ ਦੇ ਹਿੱਸੇ ਪਾ ਦਿੱਤੀਆਂ ਗਈਆਂ।
ਲਿਖਤ ਉਤੇ ਦਸਤਖਤ ਵੇਲੇ ਮੇਰਾ ਮਨ ਪੂਰੀ ਤਰ੍ਹਾਂ ਬੁਝਿਆ ਹੋਇਆ ਸੀ। ਸਰਕਾਰੀ ਤੌਰ 'ਤੇ ਵੰਡੀ-ਵੰਡਾਈ ਜ਼ਮੀਨ ਅਤੇ ਪਿੰਡ ਵਾਲੀ ਹਵੇਲੀ ਅਤੇ ਤਪੇ ਵਾਲਾ ਹੱਟ-ਹਾਤਾ ਜਿਹੜਾ ਮੇਰੇ ਪਿਉ ਦੇ ਨਾਂ ਹੀ ਸੀ, ਉਸ ਦਾ ਵੰਡ-ਵੰਡਾਰਾ ਇਹਨਾਂ ਕਾਗਜ਼ਾਂ ਵਿਚ ਪਾਉਣਾ ਅਤੇ ਪੰਦਰਾਂ ਕੀਲੇ ਜ਼ਮੀਨ ਵਿਚੋਂ ਸਿਰਫ ਦੋ ਕੀਲੇ ਤੋਂ ਵੀ ਘੱਟ ਜ਼ਮੀਨ ਪ੍ਰਵਾਨ ਕਰ ਲੈਣਾ ਭਲਾਂ ਕਿਥੋਂ ਦੀ ਸਿਆਣਪ ਸੀ। ਇਹ ਭਰਾ ਦਾ ਡਰੂ ਸੁਭਾ ਸੀ ਜਾਂ ਸਾਊ ਤੇ ਜਾਂ ਫੇਰ ਉਸ ਨੂੰ ਤਪੇ ਵਾਲੇ ਹੱਟ-ਹਾਤੇ ਉਤੇ ਬਾਬੇ ਦੀ ਔਲਾਦ ਵਿਚੋਂ ਕਿਸੇ ਦੇ ਦਾਅਵੇ ਕਰਨ ਦਾ ਡਰ ਸੀ ਕਿ ਉਹ ਉਸ ਲਿਖਤ ਉਤੇ ਦਸਤਖਤ ਕਰਕੇ ਜਿਵੇਂ ਸੰਤੁਸ਼ਟ ਹੋ ਗਿਆ ਹੋਵੇ। ਅਸਲ ਵਿਚ ਇਕ ਵਾਰ ਫੇਰ ਸਾਡੇ ਨਾਲ ਠੱਗੀ ਹੋ ਗਈ ਸੀ। ਸਾਡੇ ਨਾਲ ਨਹੀਂ, ਅਸਲ ਵਿਚ ਇਹ ਠੱਗੀ ਮੇਰੇ ਨਾਲ ਹੋਈ ਸੀ। ਇਸ ਗੱਲ ਦਾ ਅਹਿਸਾਸ ਮੈਨੂੰ ਉਦੋਂ ਹੋਇਆ ਜਦੋਂ ਪਿੰਡ ਵਾਲੀ ਹਵੇਲੀ ਵੇਚ ਕੇ ਤਪੇ ਵਾਲੀ ਗਹਿਣੇ ਪਈ ਦੁਕਾਨ ਛੁਡਵਾ ਲਈ ਗਈ ਅਤੇ ਫੇਰ ੧੯੭੧ ਵਿਚ ਮੇਰੇ ਭਰਾ ਨੇ ਮੇਰੇ ਨਾਲ ਵੰਡ-ਵੰਡਾਰਾ ਕਰਨ ਸਮੇਂ ਪਿੰਡ ਵਾਲੀ ਜਾਇਦਾਦ ਮੇਰੇ ਹਿੱਸੇ ਪਾ ਦਿੱਤੀ ਅਤੇ ਤਪੇ ਵਾਲਾ ਹੱਟ-ਹਾਤਾ ਆਪ ਰੱਖ ਲਿਆ।

ਬਦਲੀ ਰੱਦ ਹੋਣ ਪਿੱਛੋਂ ਸਰਦੂਲਗੜ੍ਹ ਤੋਂ ਮੁੜ ਮਹਿਤੇ ੬ ਅਗਸਤ ੧੯੭੧ ਨੂੰ ਆਉਣ ਉਪਰੰਤ ਉਹੀ ਤਾਏ ਮਥਰਾ ਦਾਸ ਦੇ ਮਕਾਨ ਵਿਚ ਕਿਰਾਏ 'ਤੇ ਰਹਿਣਾ ਅਤੇ ਓਹੀ ਕਿਰਾਏਦਾਰ ਵਾਲੀ ਹੀਣਭਾਵਨਾ, ਸਹੁਰਿਆਂ ਅੱਗੇ ਨਮੋਸ਼ੀ, ਅੱਖਾਂ ਦੀ ਰੌਸ਼ਨੀਖਤਮ ਹੁੰਦੀ ਜਾਣ ਦੀ ਚਿੰਤਾ ਅਤੇ ਉਹੀ ਨੌਕਰੀ ਤੋਂ ਕੱਢੇ ਜਾਣ ਦਾ ਦੈਂਤ ਵਰਗਾ ਡਰ---ਮੈਂ ਏਨਾ ਬੇਚੈਨ ਰਹਿਣ ਲੱਗ ਪਿਆ ਸੀ ਕਿ ਜਿਉਣ ਨੂੰ ਵੀ ਜੀਅ ਨਹੀਂ ਸੀ ਕਰਦਾ। ਇਹ ਵੀ ਕੋਈ ਜ਼ਿੰਦਗੀ ਹੈ? ਅੱਖਾਂ ਜਵਾਬ ਦਿੰਦੀਆਂ ਜਾ ਰਹੀਆਂ ਹਨ, ਭਰਾ ਦਾ ਰੱਬ ਵਰਗਾ ਆਸਰਾ ਠੋਕਰ ਵਿਚ ਬਦਲ ਗਿਆ ਹੈ। ਸਭ ਭੈਣਾਂ ਤੇ ਭਣੋਈਏ ਗੂੰਗੇ ਬੋਲੇ ਹੋ ਗਏ ਹਨ। ਸਲ੍ਹੀਣੇ ਵਾਲੀ ਭੈਣ ਤੇ ਭਣੋਈਆ ਭਰਾ ਦੀ ਪਿੱਠ 'ਤੇ ਹਨ। ਤਪਾ ਮੰਡੀ ਵਿਚ ਭਰਾ ਦੇ ਸਭ ਦੋਸਤ ਮਿੱਤਰ ਜਾਂ ਤਾਂ ਭਰਾ ਦੇ ਹੱਕ ਵਿਚ ਸਨ ਜਾਂ ਚੁੱਪ ਸਨ---ਜਦੋਂ ਇਹ ਸਭ ਕੁਝ ਦਾ ਅਨੁਭਵ ਮੈਨੂੰ ਹੁੰਦਾ, ਮੈਂ ਕੰਬ ਜਾਂਦਾ।
ਜਿਹੜੀ ਵੰਡੀ-ਵੰਡਾਈ ਜ਼ਮੀਨ ਵੇਚਣੀ ਸੌਖੀ ਸੀ, ਨਵੀਂ ਲਿਖਤ ਕਾਰਨ ਉਹ ਵੇਚਣੀ ਵੀ ਗੋਰਖ ਧੰਦਾ ਬਣ ਗਈ ਸੀ।ਘੋੜਿਆਂ ਵਾਲੀ ਜ਼ਮੀਨ ਵਿਚ ਸਰਕਾਰੀ ਕਾਗਜ਼ਾਂ ਮੁਤਾਬਕ ਜਿਵੇਂ ਮੈਂ ਪਹਿਲਾਂ ਦੱਸਿਆ ਹੈ, ਸਾਡਾ ਦੋਵਾਂ ਭਰਾਵਾਂ ਦਾ ਅੱਧਾ ਕੀਲਾ ਸੀ। ਹੁਣ ਇਹ ਜ਼ਮੀਨ ਵਿਚੋਂ ਨਵੀਂ ਲਿਖਤ ਅਨੁਸਾਰ ਇਕ ਕੀਲਾ ਸਾਡਾ ਦੋਵਾਂ ਭਰਾਵਾਂ ਦਾ ਅਤੇ ਇਕ ਕੀਲਾ ਬਾਈ ਚਮਨ ਲਾਲ ਦਾ ਸੀ। ਬਾਈ ਚਮਨ ਲਾਲ ਦੀ ਮੌਤ ਅਤੇ ਉਸ ਤੋਂ ਪਹਿਲਾਂ ਉਸ ਦੇ ਦੋਵਾਂ ਪੁੱਤਰਾਂ ਦੀ ਮੌਤ ਕਾਰਨ ਸਾਰੀ ਜ਼ਮੀਨ ਅੱਗੋਂ ਬਾਈ ਚਮਨ ਲਾਲ ਦੇ ਪੋਤੇ ਅਤੇ ਪੋਤੀਆਂ ਦੇ ਨਾਂ ਚੜ੍ਹਨੀ ਸੀ ਅਤੇ ਪੋਤੇ-ਪੋਤੀਆਂ ਦੀ ਗਿਣਤੀ ਸੀ ਸੁੱਖ ਨਾਲ--- ਦਸ। ਹੁਣ ਜੇ ਮੈਂ ਤਪਾ ਮੰਡੀ ਦੀ ਗਲੀ ਨੰਬਰ ੮ ਵਿਚ ਮੇਰੇ ਹਿੱਸੇ ਆਏ ਪਲਾਟ ਵਿਚ ਸਿਰ ਢਕਣ ਜੋਗੇ ਦੋ ਕੋਠੇ ਛੱਤਣੇ ਸਨ ਤਾਂ ਮੇਰੇ ਲਈ ਪਿੰਡ ਵਾਲੀ ਜ਼ਮੀਨ ਦਾ ਸਿਆਪਾ ਮੁਕਾਉਣਾ ਜ਼ਰੂਰੀ ਸੀ।
ਪਿੰਡ ਵਾਲੀ ਜ਼ਮੀਨ ਨੂੰ ਵੇਚਣ ਦੀ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਬਾਈ ਚਮਨ ਲਾਲ ਦੇ ਪੋਤੇ-ਪੋਤੀਆਂ ਨੂੰ ਬਰਨਾਲੇ ਕਿਵੇਂ ਲਿਆਂਦਾ ਜਾਵੇ। ਦਸਾਂ ਜਣਿਆਂ ਨੂੰ ਭਲਾਂ ਪਿੰਡ ਦੀ ਜ਼ਮੀਨ ਦੀ ਵੰਡ ਵਿਚੋਂ ਆਉਣਾ ਵੀ ਕੀ ਸੀ, ਉਂਜ ਵੀ ਚਾਰ ਪੋਤੀਆਂ ਨੇ ਤਾਂ ਸਿਰਫ ਦਸਤੀਂਤ ਹੀ ਕਰਨੇ ਸਨ, ਪੈਸੇ ਉਹਨਾਂ ਦੇ ਭਰਾਵਾਂ ਨੇ ਲੈਣੇ ਸਨ। ਇਸ ਲਈ ਉਹਨਾਂ ਨੂੰ ਕੀ ਦਿਲਚਸਪੀ ਹੋ ਸਕਦੀ ਸੀ। ਹੰਸ ਰਾਜ ਤੇ ਅਮਰ ਨਾਥ ਆਰਥਿਕ ਪੱਖੋਂ ਵੀ ਮਜ਼ਬੂਤ ਸਨ ਅਤੇ ਦੋਹਾਂ ਭਰਾਵਾਂ ਦੀ ਬਣਦੀ ਵੀ ਚੰਗੀ ਸੀ। ਇਸ ਲਈ ਉਹਨਾਂ ਨੂੰ ਜ਼ਮੀਨ ਵੇਚਣ ਵਿਚ ਕੋਈ ਦਿਲਚਸਪੀ ਨਹੀਂ ਸੀ। ਉਂਜ ਵੀ ਉਹ ਪਹਿਲੀ ਮੋਗੇ ਵਾਲੀ ਠੱਗੀ ਕਾਰਨ ਭੂਆ ਗਣੇਸ਼ੀ ਦੇ ਪ੍ਰਭਾਵ ਹੇਠ ਸਨ ਅਤੇ ਆਪਣੇ ਵਾਲੀ ਜ਼ਮੀਨ ਦਾ ਕਾਰ-ਮੁਖਤਿਆਰ ਚਾਚੇ ਕੁਲਵੰਤ ਨੂੰ ਬਣਾਇਆ ਹੋਇਆ ਸੀ। ਚਾਚੇ ਕੁਲਵੰਤ ਨੂੰ ਤਾਂ ਜ਼ਮੀਨ ਵੇਚਣ ਵਿਚ ਉ=ੱਕਾ ਹੀ ਕੋਈ ਦਿਲਚਸਪੀ ਨਹੀਂ ਸੀ। ਉਸ ਦਾ ਤਾਂ ਤੋਰੀ-ਫੁਲਕਾ ਹੀ ਪਿੰਡ ਦੀ ਜ਼ਮੀਨ ਦੇ ਸਿਰ 'ਤੇ ਚਲਦਾ ਸੀ।
ਭੂਆ ਗਣੇਸ਼ੀ ਦੀ ਨਵੀਂ ਠੱਗੀ ਨੇ ਉਸ ਦੇ ਸਕੇ ਭਰਾ ਕੁਲਵੰਤ ਦੀ ਰੋਟੀ ਟੁੱਕ ਦਾ ਤਾਂ ਪੱਕਾ ਪ੍ਰਬੰਧ ਕਰ ਦਿੱਤਾ ਸੀ, ਪਰ ਉਹ ਇਹ ਭੁੱਲ ਗਈ ਸੀ ਕਿ ਉਹ ਆਪਣੇ ਅੰਨ੍ਹੇ ਹੁੰਦੇ ਜਾ ਰਹੇ ਭਤੀਜੇ ਨਾਲ ਕਿੱਡਾ ਵੱਡਾ ਧੱਕਾ ਕਰ ਗਈ ਹੈ। ਤਾਏ ਮਥਰਾ ਦਾਸ ਦੇ ਕਿਰਾਏਦਾਰ ਹੋਣਾ ਅਤੇ ਆਪਣੇ ਘਰ ਦੀ ਉਸਾਰੀ ਲਈ ਕੋਈ ਬੰਨ੍ਹ-ਸੁੱਬ ਨਾ ਬਣਨਾ, ਇਹ ਝੋਰਾ ਮੈਨੂੰ ਤੇ ਮੇਰੀ ਪਤਨੀ ਨੂੰ ਵੱਢ ਵੱਢ ਖਾਂਦਾ। ਉਤੋਂ ਸਿਤਮ ਇਹ ਕਿ ਮੇਰੇ ਉਤੇ ਕਾਮਰੇਡੀ ਦਾ ਪੱਕਾ ਠੱਪਾ ਲੱਗ ਗਿਆ ਸੀ ਅਤੇ ਜੇ ਮੈਂ ਟੀਚਰਜ਼ ਯੂਨੀਅਨ ਜਾਂ ਮੁਲਾਜ਼ਮ ਫੈਡਰੇਸ਼ਨ ਵਿਚ ਨਾ ਵੀ ਕੰਮ ਕਰਦਾ ਤਾਂ ਵੀ ਤਪਾ ਮੰਡੀ ਦੇ ਹੈਂਕੜਬਾਜ਼ ਲਾਲਿਆਂ ਨੇ ਮੇਰੇ ਵਿਰੁੱਧ ਰਹਿਣਾ ਸੀ। ਇਸ ਲਈ ਇਕ ਤਾਂ ਆਪਣੀ ਸੋਚ ਕਾਰਨ ਅਤੇ ਦੂਜੇ ਤਪਾ ਮੰਡੀ ਦੇ ਕੁਝ ਧੱਕੜ ਬਲੈਕੀਏ ਲਾਲਿਆਂ ਅਤੇ ਲੰਡੂ ਕਾਂਗਰਸੀ ਲੀਡਰਾਂ ਕਾਰਨ ਮੇਰਾ ਟੀਚਰਜ਼ ਯੂਨੀਅਨ ਅਤੇ ਮੁਲਾਜ਼ਮ ਫੈਡਰੇਸ਼ਨ ਵਿਚ ਕੰਮ ਕਰਨਾ ਲਾਜ਼ਮੀ ਬਣ ਗਿਆ ਸੀ। ਨਕਸਲੀ ਅੰਦੋਲਨ ਕਾਰਨ ਵੀ ਮੇਰਾ ਨਕਸਲੀ ਨਾ ਹੋਣ ਦੇ ਬਾਵਜੂਦ ਸੁਭਾ ਨਕਸਲਬਾੜੀਆਂ ਵਰਗਾ ਸੀ। ਇਸ ਲਈ ਅਫਸਰ ਅਤੇ ਮੰਡੀ ਦੇ ਦੋ ਘਸੁੰਨ ਜਿਹੇ ਕਾਂਗਰਸੀ ਲੀਡਰ ਮੇਰੇ ਵਿਰੁੱਧ ਸਨ ਤੇ ਫਰਜ਼ੀ ਨਾਵਾਂ ਹੇਠ ਮੇਰੇ ਵਿਰੁੱਧ ਮੇਰੀ ਅੱਖਾਂ ਦੀ ਰੌਸ਼ਨੀ ਘੱਟ ਹੋਣ ਦੀ ਸ਼ਿਕਾਇਤ ਕਰਕੇ ਮੈਨੂੰ ਸਰਕਾਰੀ ਨੌਕਰੀ ਵਿਚੋਂ ਕਢਵਾਉਣ ਦੀ ਕੋਸ਼ਿਸ਼ ਵਿਚ ਸਨ।

ਭੂਆ ਗਣੇਸ਼ੀ ਦੇ ਚੱਕਰਵਿਊ ਵਿਚੋਂ ਨਿਕਲਣ ਦੀ ਕੋਈ ਵੀ ਵਿਉਂਤ ਨਹੀਂ ਸੀ ਬਣ ਰਹੀ। ਸ਼ਹਿਣੇ ਵਾਲੀ ਜ਼ਮੀਨ ਵੇਚਣ ਤੋਂ ਬਿਨਾਂ ਭਰਾ ਵੱਲੋਂ ਦਿੱਤੇ ੮ ਨੰਬਰ ਗਲੀ ਵਾਲੇ ਪਲਾਟ ਵਿਚ ਮਕਾਨ ਉਸਾਰਿਆ ਹੀ ਨਹੀਂ ਸੀ ਜਾ ਸਕਦਾ। ਸਰਕਾਰੀ ਕਰਜ਼ਾ ਲੈਣ ਵਿਚ ਘੱਟੋ-ਘੱਟ ਦੋ-ਤਿੰਨ ਸਾਲ ਲੱਗ ਜਾਣੇ ਸਨ।
ਇਕ ਦਿਨ ਮੇਰੇ ਮਨ ਵਿਚ ਜਿਹੜੀ ਵਿਉਂਤ ਆਈ, ਉਹ ਚੋਰਾਂ ਉ=ੱਤੇ ਮੋਰ ਪੈਣ ਵਾਲੀ ਵਿਉਂਤ ਸੀ। ਇਹ ਵਿਉਂਤ ਮੈਂ ਆਪਣੀ ਪਤਨੀ ਤੋਂ ਬਿਨਾਂ ਹੋਰ ਕਿਸੇ ਨਾਲ ਸਾਂਝੀ ਨਹੀਂ ਸੀ ਕਰ ਸਕਦਾ। ਭੂਆ ਦੇ ਚੱਕਰਵਿਊ ਨੂੰ ਤੋੜਨ ਲਈ ਭੂਆ ਦੇ ਘਰ ਪਾੜ ਲਾਉਣਾ ਜ਼ਰੂਰੀ ਸੀ। ਸੋਚ ਸੋਚ ਕੇ ਰਾਤ ਵੇਲੇ ਮੈਂ ਪਾੜ ਦੀ ਸਾਰੀ ਗੰਢ ਆਪਣੀ ਪਤਨੀ ਅੱਗੇ ਖੋਲ੍ਹ ਦਿੱਤੀ।
**ਉਹ ਫਿਰ ਅਸਲੀ ਕਾਗਜ਼ ਦੇ ਦੇਣਗੇ?'' ਸੁਦਰਸ਼ਨਾ ਦੇਵੀ ਨੂੰ ਮੇਰੀ ਗੱਲ ਵਿਚ ਬਹੁਤਾ ਵਜ਼ਨ ਨਹੀਂ ਸੀ ਲਗਦਾ।
**ਸਾਧ ਜੇ ਪੁੱਤ ਨਾ ਦਊ, ਰੰਨ ਤਾਂ ਨ੍ਹੀਂ ਰੱਖ ਲਊ।'' ਮੈਨੂੰ ਵੀ ਆਪਣੀ ਵਿਉਂਤ ਦੀ ਸਫਲਤਾ ਉਤੇ ਪੂਰਾ ਭਰੋਸਾ ਨਹੀਂ ਸੀ। ਉਂਜ ਵੀ ਮੈਂ ਅਜਿਹਾ ਕਰਨ ਵੇਲੇ ਡਰਦਾ ਸੀ, ਜਿਵੇਂ ਕੋਈ ਭਲਾਮਾਣਸ ਆਦਮੀ ਕੋਈ ਠੱਗੀ ਕਰਨ ਵੇਲੇ ਡਰਦਾ ਹੋਵੇ। ਪਰ ਮੈਂ ਆਪਣੇ ਮਨ ਨੂੰ ਅੰਦਰੋ-ਅੰਦਰੀ ਇਹ ਕਹਿ ਕੇ ਸਮਝਾ ਲਿਆ ਕਿ ਭੂਆ ਨੇ ਵੀ ਸਾਡੇ ਨਾਲ ਠੱਗੀ ਹੀ ਲਵਾਈ ਐ। ਜੇ ਮੈਂ ਠੱਗੀ ਲਾ ਲਊਂ, ਫੇਰ ਕਿਹੜਾ ਬਿਕਰਮਾਦਿੱਤ ਦਾ ਸਿੰਘਾਸਣ ਡੋਲ ਜੂ। ਸੋਚ ਸੋਚ ਕੇ ਮੈਂ ਅਗਲੇ ਦਿਨ ਮੋਗੇ ਵਾਲੀ ਬਸ ਚੜ੍ਹ ਗਿਆ।
ਸ਼ੀਲਾ ਭੈਣ ਦੇ ਵੱਡੇ ਲੜਕੇ ਵਿਜੇ ਕੁਮਾਰ ਨੂੰ ਭੂਆ ਗਣੇਸ਼ੀ ਦੇ ਘਰ ਜਾਣ ਲਈ ਕਿਹਾ ਤੇ ਉਸ ਨੂੰ ਅੱਧੀ ਕੁ ਗੱਲ ਦੱਸ ਕੇ ਨਾਲ ਜਾਣ ਲਈ ਮਨਾ ਲਿਆ। ਅੱਗੇ ਜਾਂਦੇ ਨੂੰ ਭੂਆ ਦਾ ਵੱਡਾ ਪੁੱਤਰ ਵੇਦ ਪ੍ਰਕਾਸ਼ ਘਰ ਮਿਲ ਗਿਆ। ਉਸ ਨੂੰ ਜਿਸ ਤਿਉਹ ਤੇ ਸਤਿਕਾਰ ਨਾਲ ਮੈਂ ਪੈਰੀਂ ਪੈਣਾ ਕੀਤਾ, ਸਮਝੋ ਉਹ ਫੁੱਲ ਕੇ ਕੁੱਪਾ ਹੋ ਗਿਆ। ਨੱਕ ਫੁਲਾਉਂਦਾ ਹੋਇਆ ਕਹਿਣ ਲੱਗਾ, **ਹਾਂ, ਤੇਰੀ ਨਿਗਾਹ ਦਾ ਹੁਣ ਕੀ ਹਾਲ ਹੈ?''
ਮੈਨੂੰ ਉਸ ਦਿਨ ਉਸ ਦੇ ਬੋਲਾਂ ਵਿਚ ਪਹਿਲੀ ਵਾਰ ਅਪਣੱਤ ਤੇ ਹਮਦਰਦੀ ਲੱਗੀ ਸੀ।
**ਵੀਰ ਜੀ, ਨਿਗਾਹ ਤਾਂ ਸਮਝੋ ਨਾਂਹ ਵਰਗੀ ਐ, ਬੱਸ ਧੁੱਪ ਛਾਂ ਦੀਂਹਦੀ ਐ।'' ਮੇਰਾ ਹਉਕਾ ਨਿਕਲ ਗਿਆ, ਮਨ ਵੀ ਭਰ ਆਇਆ। ਕੁਝ ਪਲ ਮੈਂ ਕੁਝ ਨਾ ਬੋਲਿਆ।
**ਦਿਲ ਥੋੜ੍ਹਾ ਨਾ ਕਰ ਤਰਸੇਮ, ਬਿਪਤਾ ਤਾਂ ਰਾਜੇ ਰਾਣਿਆਂ 'ਤੇ ਪੈਂਦੀ ਆਈ ਐ। ਜੀਹਨੇ ਬਿਪਤਾ ਪਾਈ ਐ, ਉਹੀ ਕੱਢੂ।'' ਭਾਬੀ (ਵੇਦ ਪ੍ਰਕਾਸ਼ ਦੀ ਪਤਨੀ) ਮੇਜ਼ 'ਤੇ ਚਾਹ ਧਰਦੀ ਹੋਈ ਬੋਲੀ। ਇਉਂ ਲਗਦਾ ਸੀ ਜਿਵੇਂ ਵੇਦ ਪ੍ਰਕਾਸ਼ ਹੋਰ ਪਸੀਜ ਗਿਆ ਹੋਵੇ। ਉਹ ਹੋਰ ਵੀ ਵੱਧ ਹਮਦਰਦੀ ਵਾਲੀਆਂ ਗੱਲਾਂ ਕਰਨ ਲੱਗ ਗਿਆ। ਮੈਂ ਉਸ ਨੂੰ ਆਪਣੇ ਆਉਣ ਦਾ ਕਾਰਨ ਦੱਸਿਆ। ਅਸਲੀ ਸ਼ਹਿਣੇ ਵਾਲੀ ਲਿਖਤ ਭੂਆ ਕੋਲ ਹੀ ਸੀ। ਮੈਂ ਉਹ ਲਿਖਤ ਲੈਣ ਲਈ ਹੀ ਗਿਆ ਸੀ। ਵੇਦ ਪ੍ਰਕਾਸ਼ ਨੇ ਪੰਜ-ਸੱਤ ਮਿੰਟ ਪਿੱਛੋਂ ਅੰਦਰੋਂ ਕਿਤੋਂ ਉਹ ਅਸਲੀ ਲਿਖਤ ਲਿਆ ਕੇ ਮੈਨੂੰ ਫੜਾ ਦਿੱਤੀ ਤੇ ਕਿਹਾ :
**ਲੈ ਤੇਰਾ ਮੇਰਾ ਧਰਮ ਐ, ਮੈਂ ਮਾਂ ਨੂੰ ਨਹੀਂ ਪੁੱਛਿਆ, ਇਹਦੀ ਨਕਲ ਕਰਾ ਕੇ ਵਿਜੇ ਕੁਮਾਰ ਦੇ ਹੱਥ ਮੋੜ ਦੇਈਂ।'' ਜਦੋਂ ਮੈਂ ਅਸਲੀ ਲਿਖਤ ਲੈ ਕੇ ਬਰਨਾਲੇ ਵਾਲੀ ਬਸ ਚੜ੍ਹਿਆ, ਮੈਨੂੰ ਲੱਗਿਆ ਜਿਵੇਂ ਮੈਂ ਕ੍ਰਿਸ਼ਨ ਤੋਂ ਵੀ ਵੱਧ ਕਾਮਯਾਬ ਹੋ ਗਿਆ ਹੋਵਾਂ। ਕ੍ਰਿਸ਼ਨ ਨੇ ਤਾਂ ਕਰਣ ਤੋਂ ਤੀਰ ਮੰਗਣ ਪਿੱਛੋਂ ਇਕ ਤੀਰ ਉਸ ਦੀ ਇੱਛਾ ਅਨੁਸਾਰ ਉਸ ਕੋਲ ਛੱਡ ਦਿੱਤਾ ਸੀ, ਜਿਸ ਨਾਲ ਉਸ ਨੇ ਅਰਜਨ ਨੂੰ ਮਾਰਨਾ ਸੀ। (ਮਹਾਂਭਾਰਤ ਅਨੁਸਾਰ ਉਸ ਤੀਰ ਨਾਲ ਅਰਜਨ ਦੀ ਥਾਂ ਯੁੱਧ ਭੂਮੀ ਵਿਚ ਤਬਾਹੀ ਮਚਾ ਰਹੇ ਕੜੋਤ ਕੱਛ ਨੂੰ ਹੀ ਕਰਣ ਨਿਸ਼ਾਨਾ ਬਣਾ ਸਕਿਆ ਤੇ ਉਹ ਖਾਲੀ ਹੋ ਗਿਆ) ਪਰ ਮੈਂ ਤਾਂ ਇਕ ਵੀ ਤੀਰ ਭੂਆ ਗਣੇਸ਼ੀ ਕੋਲ ਛੱਡ ਕੇ ਨਹੀਂ ਸੀ ਆਇਆ, ਨਾ ਅਸਲ ਤੇ ਨਾ ਨਕਲ। ਸਮਝੋ ਸ਼ਹਿਣੇ ਵਿਚ ਚਾਚੇ ਕੁਲਵੰਤ, ਹੰਸ ਰਾਜ ਤੇ ਅਮਰ ਨਾਥ ਨਾਲ ਭੂਆ ਗਣੇਸ਼ੀ ਦੀ ਹਾਜ਼ਰੀ ਵਿਚ ਹੋਏ ਸਮਝੌਤੇ ਦਾ ਮੁੱਦਾ ਹੀ ਉਹਨਾਂ ਕੋਲ ਨਹੀਂ ਸੀ ਰਹਿਣ ਦਿੱਤਾ। ਨੈਤਿਕ ਪੱਖੋਂ ਇਹ ਇਕ ਠੱਗੀ ਸੀ।
ਸੁਦਰਸ਼ਨਾ ਦੇਵੀ ਦੇ ਹੱਥ ਉਤੇ ਉਹ ਲਿਖਤ ਧਰਦਿਆਂ ਹੋਇਆਂ ਮੈਂ ਹੱਸ ਕੇ ਕਿਹਾ :
**ਸਾਧ ਤੋਂ ਰੰਨ ਤਾਂ ਲੈ ਆਇਆਂ, ਦੇਖੀਂ ਸ਼ਾਇਦ ਹੁਣ ਪੁੱਤ ਵੀ ਹੋ ਜਾਵੇ।'' ਪਰ ਸੁਦਰਸ਼ਨਾ ਦੇਵੀ ਬਹੁਤ ਡਰ ਰਹੀ ਸੀ। ਉਸ ਨੂੰ ਡਰ ਸੀ ਕਿ ਕਿਤੇ ਕੁਲਵੰਤ ਚਾਚਾ ਸੱਟ ਫੇਟ ਹੀ ਨਾ ਮਾਰ ਜਾਵੇ ਜਾਂ ਹੰਸ ਰਾਜ ਜੋ ਉਦੋਂ ਯੂਨਾਈਟਡ ਕਮਰਸ਼ੀਅਲ ਬੈਂਕ ਅੰਮ੍ਰਿਤਸਰ ਦਾ ਇਕ ਉਚ ਅਫਸਰ ਸੀ, ਆਪਣੇ ਰਸੂਖ ਨਾਲ ਕਿਸੇ ਕੇਸ ਵਿਚ ਹੀ ਨਾ ਉਲਝਾ ਦੇਵੇ। ਪਰ ਲਾਂਭੇ ਕੁਲਾਂਭੇ ਤੋਂ ਬਿਨਾਂ ਹੋਰ ਕੁਝ ਵੀ ਨੁਕਸਾਨ ਨਹੀਂ ਸੀ ਹੋਇਆ।
ਅਸਲੀ ਦਸਤਾਵੇਜ਼ ਹੱਥ ਲੱਗਣ ਨਾਲ ਹੁਣ ਉਹ ਖੂਹ ਵਾਲੀ ਤੇ ਕਲੇਰ ਵਾਲੀ ਜ਼ਮੀਨ ਬਿਲਕੁਲ ਵੇਚਣ ਜੋਗੇ ਨਹੀਂ ਸੀ ਰਹੇ। ਜੋ ਇਸ ਸਮਝੌਤੇ ਅਨੁਸਾਰ ਸਾਰੀ ਦੀ ਸਾਰੀ ਉਹਨਾਂ ਦੇ ਹਿੱਸੇ ਪਾ ਦਿੱਤੀ ਗਈ ਸੀ। ਪਰ ਇਕ ਜ਼ੀਂਮ ਅੱਜ ਵੀ ਮੇਰੇ ਅੰਦਰ ਚਸਕ ਰਿਹਾ ਹੈ ਕਿ ਕਿਸ ਦੀਆਂ ਕੀਤੀਆਂ, ਕਿਸ ਨੂੰ ਭੁਗਤਣੀਆਂ ਪਈਆਂ। ਹੈ ਤਾਂ ਇਹ ਵੀ ਇਕ ਠੱਗੀ ਹੀ ਸੀ, ਜੋ ਮੈਨੂੰ ਮਜਬੂਰ ਹੋ ਕੇ ਮਾਰਨੀ ਪਈ ਸੀ।

ਬੁੱਧ ਕਿ ਬੁੱਧੂ

ਇਤਿਹਾਸ ਦੱਸਦਾ ਹੈ ਕਿ ਈਸਵੀ ਤੋਂ ੫੬੩ ਸਾਲ ਪਹਿਲਾਂ ਕਪਲ ਵਸਤੂ ਦੇ ਰਾਜਾ ਸੁਧੋਦਨ ਦੇ ਘਰ ਇਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂ ਉਸ ਨੇ ਸਿਧਾਰਥ ਰੱਖਿਆ। ਉਂਜ ਉਸ ਦਾ ਪਰਿਵਾਰਕ ਨਾਮ ਗੌਤਮ ਸੀ। ਸੁਰਤ ਸੰਭਲਣ 'ਤੇ ਉਸ ਨੇ ਸ਼ਹਿਰ ਵਿਚ ਪਹਿਲਾਂ ਇਕ ਰੋਗੀ ਤੇ ਫੇਰ ਇਕ ਬੁੱਢਾ ਵੇਖਿਆ। ਤੀਜੇ ਗੇੜੇ ਵਿਚ ਉਸ ਨੇ ਇਕ ਅਰਥੀ ਵੇਖੀ।
ਰਾਜ ਕੁਮਾਰ ਇਹ ਸਭ ਦ੍ਰਿਸ਼ ਵੇਖ ਕੇ ਉਦਾਸ ਰਹਿਣ ਲੱਗਾ ਤੇ ਆਖਰ ਇਕ ਰਾਤ ਆਪਣੀ ਸੁੱਤੀ ਪਤਨੀ ਯਸ਼ੋਧਰਾ ਤੇ ਫੁੱਲ ਭਰ ਬਾਲ ਰਾਹੁਲ ਨੂੰ ਛੱਡ ਕੇ ਜ਼ਿੰਦਗੀ ਦੇ ਸਹੀ ਅਰਥਾਂ ਨੂੰ ਸਮਝਣ ਲਈ ਮਹਿਲਾਂ 'ਚੋਂ ਨਿਕਲ ਕੇ ਜੰਗਲ ਵੱਲ ਤੁਰ ਪਿਆ, ਤਪੱਸਿਆ ਕੀਤੀ, ਭੁੱਖ ਨਾਲ ਸੁੱਕ ਕੇ ਪਿੰਜਰ ਬਣ ਗਿਆ। ਆਖਰ ਸਹਿਜ ਜੀਵਨ ਦਾ ਰਾਹ ਸਿਧਾਰਥ ਨੂੰ ਲੱਭ ਗਿਆ ਤੇ ਉਹ ਬੁੱਧ ਬਣ ਗਿਆ।
ਕੁਝ ਇਸ ਤਰ੍ਹਾਂ ਦੇ ਹੀ ਖਆਿਲ ਲੈ ਕੇ ਇਕ ਸਵੇਰ ਮੈਂ ਘਰੋਂ ਚਲਾ ਗਿਆ ਸੀ। ਉਦੋਂ ਮੈਂ ਸਰਕਾਰੀ ਮਿਡਲ ਸਕੂਲ, ਮਹਿਤੇ ਮੁੱਖ ਅਧਿਆਪਕ ਸੀ। ਸਾਲ ਸੀ ੧੯੭੨ ਤੇ ਦਿਨ ਸਨ ਗਰਮੀਆਂ ਦੇ। ਕੁਝ ਗਿਲੇ ਸ਼ਿਕਵੇ ਪਤਨੀ ਨਾਲ ਸਨ। ਪਰ ਅਸਲੀ ਤੌਰ 'ਤੇ ਮੈਂ ਔਖਾ ਸੀ ਆਪਣੀ ਆਰਥਿਕ ਮੰਦਹਾਲੀ ਕਾਰਨ। ਤਨਖਾਹ ਤੋਂ ਬਿਨਾਂ ਹੋਰ ਕੋਈ ਆਮਦਨ ਨਹੀਂ ਸੀ। ਬੇਹੱਦ ਤੰਗੀ-ਤੁਰਸ਼ੀ ਪਿੱਛੋਂ ਵੀ ਤਪਾ ਮੰਡੀ ਦੀ ੮ ਨੰਬਰ ਗਲੀ ਵਿਚ ਬਣਾਏ ਮਕਾਨ ਦਾ ਕਰਜ਼ਾ ਨਹੀਂ ਸੀ ਲਹਿ ਰਿਹਾ। ਲੋਹੇ ਤੇ ਲੱਕੜ ਵਾਲੇ ਦੇ ਪੈਸੇ ਜਿਉਂ ਦੇ ਤਿਉਂ ਖੜ੍ਹੇ ਸਨ। ਰੱਬ ਵਿਚ ਵਿਸ਼ਵਾਸ ਨਾ ਹੋਣ ਕਾਰਨ ਮੇਰੀ ਉਪਰਾਮਤਾ ਮੈਨੂੰ ਘਰ ਛੱਡ ਕੇ ਬੁੱਧ ਦੇ ਰਾਹ ਚੱਲਣ ਲਈ ਮਜਬੂਰ ਕਰ ਰਹੀ ਸੀ। ਜਦੋਂ ਨੌਂ ਕੁ ਵਜੇ ਬਸ ਚੜ੍ਹਿਆ ਤਾਂ ਇਹ ਪਤਾ ਹੀ ਨਹੀਂ ਸੀ ਕਿ ਕਿਥੇ ਜਾਣਾ ਹੈ? ਬੱਸ ਦਿਲ 'ਤੇ ਭੂਤ ਸਵਾਰ ਸੀ ਕਿ ਭਗਵੇਂ ਵਸਤਰ ਪਾ ਕੇ ਲੋਕਾਂ ਵਿਚ ਸਮਾਨਤਾ ਦਾ ਪ੍ਰਚਾਰ ਕਰਨਾ ਹੈ। ਸਾਧਾਂ ਸੰਤਾਂ ਦੀ ਲੋਕ ਮੰਨਦੇ ਵੀ ਜ਼ਿਆਦਾ ਹਨ ਅਤੇ ਮੇਰੇ ਭਗਵੇਂ ਵਸਤਰਾਂ ਨੂੰ ਵੇਖ ਕੇ ਮੇਰੀ ਸਿੱਖੀ-ਸੇਵਕੀ ਵਧ ਜਾਵੇਗੀ ਤੇ ਮੈਂ ਛੇਤੀ ਹੀ ਜਿਸ ਇਲਾਕੇ ਵਿਚ ਵੀ ਰਹਾਂਗਾ, ਉਥੋਂ ਦਾ ਆਗੂ ਬਣ ਜਾਵਾਂਗਾ ਤੇ ਲੋਕਾਂ ਦੇ ਵਿਚਾਰਾਂ ਨੂੰ ਬਦਲ ਕੇ ਰੱਖ ਦੇਵਾਂਗਾ। ਪਰ ਗੁੱਸਾ ਅਤੇ ਜੋਸ਼ ਮਨੁੱਖ ਨੂੰ ਸਹੀ ਸੋਚਣ ਨਹੀਂ ਦਿੰਦੇ। ਮੇਰੀ ਹਾਲਤ ਵੀ ਕੁਝ ਇਸ ਤਰ੍ਹਾਂ ਦੀ ਹੀ ਸੀ। ਕਰੋਧ ਮਾਰਿਆ ਮੈਂ ਘਰੋਂ ਤੁਰਿਆ ਸੀ ਤੇ ਜੋਸ਼ ਵਿਚ ਸ਼ੀਂਸ਼ਚਿਲੀ ਵਾਂਗ ਕਿਲੇ ਉਸਾਰੀ ਜਾ ਰਿਹਾ ਸੀ। ਇਸ ਜੋਸ਼ ਵਿਚ ਪਤਾ ਨਹੀਂ ਕਦੋਂ ਮੈਂ ਪਟਿਆਲੇ ਪਹੁੰਚ ਗਿਆ, ਫਿਰ ਅੰਬਾਲੇ ਤੇ ਫਿਰ ਕਾਲਕਾ। ਅਜੇ ਚਾਰ ਕੁ ਵੱਜੇ ਸਨ। ਮੇਰੇ ਲਈ ਚਾਰ ਦਾ ਸਮਾਂ ਛੇ ਦੇ ਬਰਾਬਰ ਸੀ। ਉਦੋਂ ਮੇਰੀ ਨਜ਼ਰ ਧੁੱਪ-ਛਾਂ ਤੋਂ ਕੁਝ ਚੰਗੀ ਸੀ। ਪਰ ਸ਼ਾਮ ਪੈਣ ਉਤੇ ਮੈਂ ਕਿਤੇ ਵੀ ਤੁਰਨ ਫਿਰਨ ਜੋਗਾ ਨਹੀਂ ਸੀ ਰਹਿੰਦਾ। ਕਾਲਕਾ ਵਿਚ ਮੈਨੂੰ ਕੋਈ ਵੀ ਢੁਕਵੀਂ ਧਰਮਸ਼ਾਲਾ ਨਾ ਲੱਭੀ। ਅੱਧਾ-ਪੌਣਾ ਘੰਟਾ ਰਿਕਸ਼ਾ 'ਚ ਧੱਕੇ ਖਾਂਦਾ ਮੁੜ ਬਸ ਅੱਡੇ ਆ ਗਿਆ, ਜਿਥੋਂ ਮੈਨੂੰ ਸਿੱਧੀ ਚੰਡੀਗੜ੍ਹ ਦੀ ਬਸ ਮਿਲ ਗਈ।
ਦਿਨ ਛਿਪ ਚੁੱਕਾ ਸੀ। ਬਸ 'ਚੋਂ ਉਤਰਨ ਸਾਰ ਜਿਸ ਰਿਕਸ਼ਾ ਵਾਲੇ ਨੇ ਵੀ ਬਾਂਹ ਫੜੀ, ਉਸ ਨਾਲ ਹੋ ਤੁਰਿਆ। ਪੰਜ ਰੁਪਏ ਲੈ ਕੇ ਉਹ ਮੈਨੂੰ ਇਕ ਗੈਸਟ ਹਾਊਸ ਵਿਚ ਛੱਡ ਗਿਆ। ਮੇਰੇ ਲਈ ਉਹ ਇਸ ਲਈ ਸਸਤਾ ਸੀ ਕਿ ਅਜਿਹੇ ਔਖੇ ਵੇਲੇ ਉਹ ਮੈਨੂੰ ਪੰਜ ਰੁਪਏ ਵਿਚ ਹੀ ਟਿਕਾਣੇ 'ਤੇ ਪਹੁੰਚਾ ਗਿਆ ਸੀ। ਸ਼ਾਇਦ ਉਸ ਨੂੰ ਫਾਇਦਾ ਇਹ ਹੋਇਆ ਹੋਵੇਗਾ ਕਿ ਉਸ ਨੇ ਗੈਸਟ ਹਾਊਸ ਦੇ ਮਾਲਕ ਤੋਂ ਪੰਜ-ਦਸ ਰੁਪਏ ਜ਼ਰੂਰ ਲੈ ਲਏ ਹੋਣਗੇ। ਗੈਸਟ ਹਾਊਸ ਦੇ ਕਮਰੇ ਵਿਚ ਬੈਠ ਕੇ ਮੈਨੂੰ ਸੁੱਖ ਦਾ ਸਾਹ ਆਇਆ। ਪਰ ਨਾਲ ਹੀ ਚਿੰਤਾ ਤੇ ਘਬਰਾਹਟ ਦੀ ਕੋਈ ਲਹਿਰ ਜਿਹੀ ਅੰਦਰ ਦੌੜ ਜਾਂਦੀ, ਕਿਉਂਕਿ ਹੁਣ ਤੱਕ ਮੇਰੇ ਘਰ ਨਾ ਪਹੁੰਚਣ ਕਾਰਨ ਸਭ ਨੂੰ ਇਹ ਤਾਂ ਪਤਾ ਲੱਗ ਹੀ ਗਿਆ ਹੋਵੇਗਾ ਕਿ ਮੈਂ ਜਾਂ ਤਾਂ ਘਰੋਂ ਚਲਾ ਗਿਆ ਹਾਂ ਤੇ ਜਾਂ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਿਆ ਹਾਂ। ਸੁਦਰਸ਼ਨਾ ਦੇਵੀ ਨੂੰ ਤਾਂ ਇਹੋ ਸ਼ੱਕ ਹੋ ਗਿਆ ਹੋਵੇਗਾ ਕਿ ਗੁੱਸੇ ਕਾਰਨ ਕਿਤੇ ਚਲਾ ਗਿਆ ਹੈ ਪਰ ਹੋਰ ਰਿਸ਼ਤੇਦਾਰ ਤੇ ਯਾਰ-ਬੇਲੀ ਮੇਰੇ ਹਾਦਸੇ ਵਿਚ ਗੰਭੀਰ ਫੱਟੜ ਜਾਂ ਮੇਰੀ ਮੌਤ ਤੱਕ ਦੇ ਕਿਆਫੇ ਲਾਉਂਦੇ ਹੋਣਗੇ। ਇਸ ਸਭ ਕੁਝ ਦੇ ਬਾਵਜੂਦ ਮੈਂ ਘਰ ਵਾਪਸ ਜਾਣ ਬਾਰੇ ਉਸ ਰਾਤ ਉ=ੱਕਾ ਹੀ ਨਹੀਂ ਸੀ ਸੋਚਿਆ। ਸਵੇਰ ਦਾ ਪਾਣੀ ਤੱਕ ਨਹੀਂ ਸੀ ਪੀਤਾ। ਇਸ ਲਈ ਪਹਿਲਾਂ ਚਾਹ ਤੇ ਉਸ ਤੋਂ ਛੇਤੀ ਬਾਅਦ ਰੋਟੀ ਦਾ ਆਰਡਰ ਦੇ ਦਿੱਤਾ। ਮੈਂ ਸੋਚ ਰਿਹਾ ਸੀ ਕਿ ਆਦਮੀ ਕਿੰਨਾ ਅਜੀਬ ਹੈ। ਮੈਂ ਬੜੇ ਸੁਆਦ ਨਾਲ ਚਾਹ ਪੀਤੀ ਤੇ ਫਿਰ ਰੋਟੀ ਵੀ ਬਹੁਤ ਚੰਗੀ ਲੱਗੀ। ਮੈਂ ਸ਼ਾਇਦ ਇਹ ਸੋਚਿਆ ਹੀ ਨਾ ਹੋਵੇ ਕਿ ਅੱਜ ਦੀ ਸ਼ਾਮ ਮੇਰੇ ਘਰ ਰੋਟੀ ਨਹੀਂ ਪੱਕੀ ਹੋਵੇਗੀ। ਕ੍ਰਾਂਤੀ ਜ਼ਰੂਰ ਰੋ ਰਿਹਾ ਹੋਵੇਗਾ। ਬੌਬੀ ਅਜੇ ਗੋਦੀ ਹੀ ਸੀ। ਉਹਨਾਂ ਬਾਰੇ ਸੋਚ ਕੇ ਵੀ ਦਿਮਾਗ ਉਤੇ ਕੋਈ ਬੋਝ ਨਾ ਪਿਆ। ਦਿਲ ਜਿਵੇਂ ਪੱਥਰ ਬਣ ਗਿਆ ਹੋਵੇ। ਉਦੋਂ ਤਾਂ ਇਹ ਗੱਲ ਮੇਰੇ ਦਿਮਾਗ ਵਿਚ ਨਹੀਂ ਸੀ ਆਈ ਪਰ ਅੱਜ ਸੋਚਦਾ ਹਾਂ ਕਿ ਆਖਰ ਮਨੁੱਖ ਆਪਣੀ ਤੇ ਸਿਰਫ ਆਪਣੀ ਹੋਂਦ ਲਈ ਭੱਜ-ਨੱਠ ਕਰਦਾ ਹੈ। ਨਾ ਮਾਪੇ ਤੇ ਨਾ ਬੱਚੇ ਗੁੱਸੇ ਤੇਖਤਰੇ ਵਿਚ ਉਸ ਨੂੰ ਆਪਣੇ ਲਗਦੇ ਹਨ ਤੇ ਨਾ ਪਤਨੀ ਤੇ ਪ੍ਰੇਮਿਕਾ। ਦੂਜਾ ਮੈਂ ਉਦੋਂ ਵੀ ਸੋਚਦਾ ਸੀ ਤੇ ਹੁਣ ਵੀ ਸੋਚਦਾ ਹਾਂ ਕਿ ਮਨੁੱਖ ਆਪਣੇ ਆਪ ਨੂੰ ਸਹੀ ਸਮਝਦਾ ਹੈ, ਦੂਜਾ ਉਸ ਨੂੰ ਗਲਤ ਜਾਪਦਾ ਹੈ। ਉਦੋਂ ਮੈਂ ਆਪਣੇ ਆਪ ਨੂੰ ਬਿਲਕੁਲ ਠੀਕ ਸਮਝਦਾ ਸੀ। ਉਦੋਂ ਮੈਨੂੰ ਲਗਦਾ ਸੀ ਕਿ ਸੁਦਰਸ਼ਨਾ ਦੇਵੀ ਮੇਰੀ ਕੁਝ ਨਹੀਂ ਲਗਦੀ। ਉਹ ਘਰੇਲੂ ਮਾੜੀ ਆਰਥਿਕ ਹਾਲਤ ਦੇ ਬਾਵਜੂਦ ਮੈਥੋਂ ਪੈਸੇ ਦੀ ਆਸ ਰਖਦੀ ਹੈ। ਭਰਾ, ਵੰਡ-ਵੰਡਾਰਾ ਕਰਾਉਣ ਵਾਲੀ ਸਲ੍ਹੀਣੇ ਵਾਲੀ ਭੈਣ ਤੇ ਜੀਜਾ ਜੀ ਬਾਰੇ ਸੋਚ ਕੇ ਮੇਰਾ ਮਨ ਨਫਰਤ ਨਾਲ ਭਰ ਰਿਹਾ ਸੀ, ਜਿੰਨ੍ਹਾਂ ਨੇ ਨਾ ਮੇਰੇ ਅੰਨ੍ਹੇਪਣ ਬਾਰੇ ਸੋਚਿਆ ਤੇ ਨਾ ਬੀਵੀ ਬੱਚਿਆਂ ਬਾਰੇ। ਦੁੱਧ 'ਚੋਂ ਮੱਖੀ ਵਾਂਗ ਕੱਢ ਕੇ ਅਹੁ ਮਾਰਿਆ। ਘਰੋਂ ਕੱਢਣ ਤੇ ਵੰਡ-ਵੰਡਾਰੇ ਦੀ ਇਸ ਕੁਟਿਲ-ਨੀਤੀ ਬਾਰੇ ਸੋਚ ਕੇ ਮੈਨੂੰ ਆਪਣਾ ਕੋਈ ਵੀ ਰਿਸ਼ਤੇਦਾਰ ਆਪਣਾ ਨਹੀਂ ਸੀ ਜਾਪਦਾ।
ਸ਼ਾਇਦ ਮੈਂ ਨਹਾਤਾ ਨਹੀਂ ਸੀ। ਸਿਰਫ ਮੂੰਹ-ਹੱਥ ਹੀ ਧੋਤਾ ਸੀ ਪਰ ਨਾਸ਼ਤਾ ਜ਼ਰੂਰ ਕੀਤਾ ਸੀ। ਜਦੋਂ ਪੈਸੇ ਪੁੱਛੇ, ਗੈਸਟ ਹਾਊਸ ਦੇ ਮਾਲਕ ਨੇ ਸਿਰਫ ਸੱਤਰ ਰੁਪਏ ਮੰਗੇ। ਰਾਤ ਦੀ ਰਹਾਇਸ਼, ਚਾਹ ਪਾਣੀ, ਖਾਣਾ ਤੇ ਸਵੇਰ ਦੇ ਨਾਸ਼ਤੇ ਤੇ ਰਿਕਸ਼ਾ ਵਾਲੇ ਦੇ ਕਮਿਸ਼ਨ ਆਦਿ ਬਾਰੇ ਮੈਂ ਮਨ ਹੀ ਮਨ ਹਿਸਾਬ ਲਾਇਆ। ਮੈਨੂੰ ਇਹ ਰਕਮ ਬਿਲਕੁਲ ਹੀ ਕੋਈ ਲੁੱਟ ਨਹੀਂ ਸੀ ਲੱਗੀ। ਪਰ ਇਸ ਗੱਲ ਤੋਂ ਜ਼ਰੂਰ ਚਿੰਤਾਤੁਰ ਸੀ ਕਿ ਬਾਕੀ ਮੇਰੇ ਕੋਲ ਸਿਰਫ ੧੨੫ ਰੁਪਏ ਰਹਿ ਗਏ ਸਨ। ਗੈਸਟ ਹਾਊਸ ਦੇ ਮਾਲਕ ਨੇ ਇਕ ਮਿਹਰਬਾਨੀ ਇਹ ਕੀਤੀ ਕਿ ਰਿਕਸ਼ਾ 'ਤੇ ਬਸ ਅੱਡੇ ਜਾਣ ਵਾਲੀ ਸਵਾਰੀ ਨਾਲ ਮੈਨੂੰ ਬਹਾ ਦਿੱਤਾ ਤੇ ਉਸ ਨੇ ਇਹ ਵੀ ਕਹਿ ਦਿੱਤਾ ਕਿ ਬਾਊ ਤੋਂ ਪੈਸੇ ਨਾ ਲਿਓ। ਸ਼ਾਇਦ ਉਸ ਨੂੰ ਮੇਰੀ ਘੱਟ ਨਜ਼ਰ ਬਾਰੇ ਪਤਾ ਲੱਗ ਗਿਆ ਸੀ। ਉਪਕਾਰ ਆਖਰ ਉਪਕਾਰ ਹੁੰਦਾ ਹੈ, ਛੋਟਾ ਹੋਵੇ ਜਾਂ ਵੱਡਾ। ਸਿਆਣਾ ਮਨੁੱਖ ਕਦੇ ਉਪਕਾਰ ਭੁਲਦਾ ਨਹੀਂ ਹੈ। ਗੈਸਟ ਹਾਊਸ ਤੋਂ ਤੁਰਨ ਵੇਲੇ ਮੈਂ ਸੋਚ ਰਿਹਾ ਸੀ ਕਿ ਹੁਣ ਮੈਂ ਜੁਆਰ (ਹੁਣ ਜ਼ਿਲ੍ਹਾ ਊਨਾ, ਹਿਮਾਚਲ ਪ੍ਰਦੇਸ਼ ਵਿਚ) ਜਾਂ ਨਾਦੌਣ (ਹੁਣ ਜ਼ਿਲ੍ਹਾ ਹਮੀਰਪੁਰ ਵਿਚ) ਜਾਵਾਂਗਾ। ਜੁਆਰ ਦੇ *ਜਨਤਾ ਹਾਈ ਸਕੂਲ' ਵਿਚ ਮੈਂ ੧੯੬੧-੬੨ ਵਿਚ ਅੱਠ ਕੁ ਮਹੀਨੇ ਰਿਹਾ ਸੀ ਅਤੇ ੧੯੬੬ ਵਿਚ ਨਾਦੌਣ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਵਿਚ ਸਿਰਫ ਸਾਢੇ ਪੰਜ ਮਹੀਨੇ। ਪਰ ਇਹ ਇਲਾਕਾ ਮੇਰੇ ਲਈ ਘਰਦਿਆਂ ਤੋਂ ਲੁਕ ਛਿਪ ਕੇ ਰਹਿਣ ਲਈ ਢੁਕਵੀਂ ਠਾਹਰ ਜਾਪਿਆ। ਉਂਜ ਵੀ ਮੈਂ ਇਸ ਇਲਾਕੇ ਦਾ ਵਾਕਫ ਹੋਣ ਕਾਰਨ ਏਧਰ ਹੀ ਆਪਣਾ ਗੁਪਤ ਠਿਕਾਣਾ ਬਣਾਉਣਾ ਚਾਹੁੰਦਾ ਸੀ।
ਚੰਡੀਗੜ੍ਹ ਦੇ ਬਸ ਅੱਡੇ ਪਹੁੰਚਦੇ ਹੀ ਮੈਨੂੰ ਸਬੱਬ ਨਾਲ ਊਨੇ ਦੀ ਬਸ ਮਿਲ ਗਈ। ਬਸ ਵਿਚ ਬਹਿ ਕੇ ਮੈਂ ਜਿਵੇਂ ਸਾਰਾ ਗੁੱਸਾ-ਗਿਲਾ ਭੁੱਲ ਗਿਆ ਹੋਵਾਂ ਤੇ ਮੇਰੇ 'ਤੇ ਇਹੋ ਧੁਨ ਸਵਾਰ ਸੀ ਕਿ ਭਗਵੇਂ ਵਸਤਰ ਪਾ ਕੇ ਮੈਂ ਲੋਕਾਂ ਵਿਚ ਮਨੁੱਖਤਾ ਦੀ ਸਮਾਨਤਾ ਦਾ ਪ੍ਰਚਾਰ ਕਰਾਂਗਾ। ਮਹਾਤਮਾ ਬੁੱਧ ਦੇ ਅਸ਼ਠ ਮਾਰਗ ਦੇ ਕਈ ਨੁਕਤੇ ਮੇਰੇ ਦਿਮਾਗ ਵਿਚ ਆ ਰਹੇ ਸਨ। ਪਰ ਬੁੱਧ ਧਰਮ ਨੂੰ ਮੈਂ ਵਰਤਮਾਨ ਹਾਲਾਤ ਅਨੁਸਾਰ ਢਾਲ ਕੇ ਹੀ ਪ੍ਰਚਾਰ ਕਰਨਾ ਸੀ। ਬੁੱਧ ਤੋਂ ਲੈ ਕੇ ੨ਂਵੀਂ ਸਦੀ ਦੇ ਤਿੰਨ ਚੌਥਾਈ ਸਫਰ ਤੱਕ ਪਹੁੰਚਦਿਆਂ ਦੁਨੀਆਂ ਬੜੀ ਬਦਲ ਗਈ ਹੈ। ਉਂਜ ਵੀ ਮਾਰਕਸਵਾਦ ਭਗਵੇਂ ਵਸਤਰ ਪਾਉਣ ਦੇ ਬਾਵਜੂਦ ਮੇਰੇ ਦਿਲ ਦਿਮਾਗ ਵਿਚੋਂ ਬਾਹਰ ਜਾਣ ਲਈ ਤਿਆਰ ਨਹੀਂ ਸੀ। ਇਹ ਆਰਥਿਕ ਅਸਮਾਨਤਾ ਹੀ ਸੀ, ਜਿਸ ਕਾਰਨ ਮੈਨੂੰ ਘਰ ਛੱਡਣਾ ਪਿਆ ਸੀ। ਉਂਜ ਵੀ ਇਸ ਤਰ੍ਹਾਂ ਦੇ ਭਗਵੇਂ ਵਸਤਰਾਂ ਵਿਚ ਆਰਥਿਕ, ਸਮਾਜਕ ਸਮਾਨਤਾ ਦੇ ਪ੍ਰਚਾਰ ਕਰਨ ਵਾਲੇ ਇਕ ਸਾਧੂ ਆਨੰਦ ਸੁਆਮੀ ਦਾ ਮਾਡਲ ਮੇਰੇ ਸਾਹਮਣੇ ਸੀ। ਸਾਲ ੧੯੭ਂ-੭੧ ਵਿਚ ਘੱਟੋ-ਘੱਟ ਪੰਜ ਚਾਰ ਵਾਰ ਤਾਂ ਉਹ ਸੰਤ ਮੇਰੇ ਘਰ ਆਇਆ ਹੀ ਹੋਵੇਗਾ।
ਦੋ ਘੰਟੇ ਤੋਂ ਵੀ ਵੱਧ ਸਮੇਂ ਵਿਚ ਬਸ ਊਨੇ ਪਹੁੰਚ ਗਈ। ਮੈਂ ਪਹਿਲਾਂ ਕਦੇ ਜੁਆਰ, ਕਾਂਗੜੇ ਜਾਂ ਨਾਦੌਣ ਜਾਣ ਲਈ ਇਸ ਰੂਟ ਰਾਹੀਂ ਨਹੀਂ ਸੀ ਗੁਜ਼ਰਿਆ। ਉਂਜ ਵੀ ਮੈਂ ਬਸ ਵਿਚ ਚੁੱਪ-ਚਾਪ ਬੈਠਾ ਸੀ। ਧੁੱਪ ਚੜ੍ਹਨ ਕਾਰਨ ਬਸ ਦੇ ਨੇੜੇ ਫਿਰਦੇ ਰੇਹੜੀਆਂ ਤੇ ਬੰਦਿਆਂ ਦੇ ਦਿਸਣ ਅਤੇ ਅੰਦਰ ਟੋਪੀਆਂ ਵਾਲੇ ਪਹਾੜੀਆਂ ਤੇ ਪਹਾੜਨਾਂ ਦੀ ਬੋਲੀ ਕਾਰਨ ਮੈਨੂੰ ਇਸ ਵੇਲੇ ਕੱਲ੍ਹ ਘਰ ਵਾਪਰੀ ਘਟਨਾ ਦੀ ਕੁੜੱਤਣ ਕੁਝ ਘਟਦੀ ਮਹਿਸੂਸ ਹੋਈ। ਊਨੇ ਕੁਝ ਚਿਰ ਖੜ੍ਹਨ ਪਿੱਛੋਂ ਮੈਨੂੰ ਅੰਬ ਦੀ ਬਸ ਮਿਲ ਗਈ, ਜਿਸ ਨੇ ਅੱਗੋਂ ਜਿਸ ਪਾਸੇ ਜਾਣਾ ਸੀ, ਉਸ ਇਲਾਕੇ ਦੀ ਮੈਨੂੰ ਬਹੁਤੀ ਵਾਕਫੀਅਤ ਨਹੀਂ ਸੀ। ਇਸ ਲਈ ਮੈਂ ਅੰਬ ਹੀ ਉਤਰ ਗਿਆ। ਇਹ ਇਕ ਸਬੱਬ ਹੀ ਸਮਝੋ ਕਿ ਏਥੇ ਖਡੂਰ ਸਾਹਿਬ ਤੋਂ ਆਈ ਇਕ ਬੁੱਢੀ ਮਿਲ ਗਈ, ਜਿਸ ਨੇ ਡੇਰਾ ਬਾਬਾ ਵਡਭਾਗ ਸਿੰਘ ਜਾਣ ਤੋਂ ਪਹਿਲਾਂ ਮੈਡੀ (ਏਥੇ ਹੀ ਡੇਰਾ ਬਾਬਾ ਵਡਭਾਗ ਸਿੰਘ ਦਾ ਗੁਰਦੁਆਰਾ ਹੈ) ਪਿੰਡ ਦੇ ਨਾਲ ਇਕ ਤਰਖਾਣਾਂ ਦੇ ਘਰ ਜਾਣਾ ਸੀ। ਇਹ ਤਰਖਾਣ ਮੈਡੀ ਹਰ ਸਾਲ ਮੇਲੇ ਵਿਚ ਆਪਣਾ ਲੱਕੜ ਦਾ ਸਮਾਨ ਵੇਚਣ ਆਉਂਦੇ ਸਨ। ਉਹਨਾਂ ਦੀ ਇਸ ਵਾਕਫੀਅਤ ਕਾਰਨ ਹੀ ਬੁੱਢੀ ਦਾ ਉਹਨਾਂ ਨਾਲ ਸਬੰਧ ਪਰਿਵਾਰ ਵਾਲਾ ਬਣ ਗਿਆ ਸੀ। ਬੁੱਢੀ ਦਾ ਨਾਂ ਸੀ---ਨਾਮ੍ਹੋ (ਸ਼ਾਇਦ ਪੂਰਾ ਨਾਂ ਹਰਨਾਮ ਕੌਰ ਹੋਵੇ) ਕਿਉਂਕਿ ਇਸ ਤਰਖਾਣ ਪਰਿਵਾਰ ਦਾ ਇਕ ਮੁੰਡਾ ਜੁਆਰ ਵਿਚ ੧੯੬੧-੬੨ ਵਿਚ ਮੇਰੇ ਕੋਲੋਂ ਪੜ੍ਹਿਆ ਸੀ ਇਸ ਲਈ ਨਾਮ੍ਹੋ ਦੇ ਕਹਿਣ ਉਤੇ ਮੈਂ ਉਸ ਨਾਲ ਜਾਣਾ ਪ੍ਰਵਾਨ ਕਰ ਲਿਆ। ਉਂਜ ਵੀ ਮੇਰੇ ਸਾਹਮਣੇ ਠਿਕਾਣੇ ਦਾ ਕੋਈ ਸਪਸ਼ਟ ਨਕਸ਼ਾ ਨਹੀਂ ਸੀ ਅਤੇ ਉਪਰਾਮਤਾ ਕਾਰਨ ਮੈਨੂੰ ਕੋਈ ਵੀ ਕਿਤੇ ਵੀ ਲਿਜਾ  ਸਕਦਾ ਸੀ। ਮੈਂ ਨਾਮ੍ਹੋ ਨਾਲ ਤੁਰ ਪਿਆ। ਉਸ ਨੂੰ ਅੰਬ ਤੋਂ ਕੁਝ ਅੱਗੇ ਜਾ ਕੇ ਉਸ ਪਿੰਡ ਦਾ ਰਸਤਾ ਪੈਦਲ ਪਤਾ ਸੀ। ਸਾਡਾ ਦੋਵਾਂ ਦਾ ਰਿਸ਼ਤਾ ਜਿਵੇਂ ਪਲਾਂ ਛਿਣਾਂ ਵਿਚ ਹੀ ਮਾਂ ਪੁੱਤਰ ਵਾਲਾ ਬਣ ਗਿਆ ਹੋਵੇ। ਉਹ ਮੈਨੂੰ ਪੁੱਤਰ ਕਹਿ ਕੇ ਬੁਲਾਉਂਦੀ ਸੀ ਤੇ ਮੈਂ ਉਸ ਨੂੰ ਮਾਂ ਕਹਿ ਕੇ। ਭਾਵੇਂ ਦਿਨ ਸਮੇਂ ਮੈਨੂੰ ਤੁਰਨ ਦੀ ਕੋਈ ਬਹੁਤੀ ਮੁਸ਼ਕਿਲ ਨਹੀਂ ਸੀ ਪਰ ਜਿਉਂ ਜਿਉਂ ਹਨੇਰਾ ਹੋਣਾ ਸੀ, ਤਿਉਂ ਤਿਉਂ ਮੇਰੇ ਲਈ ਤੁਰਨਾ ਔਖਾ ਹੋ ਜਾਣਾ ਸੀ। ਇਸ ਲਈ ਮਾਂ ਨੂੰ ਮੈਂ ਸਾਰੀ ਗੱਲ ਪਹਿਲਾਂ ਹੀ ਸੱਚ ਸੱਚ ਦੱਸ ਦਿੱਤੀ। ਪਰ ਸੱਚ ਸੱਚ ਉਹੀ ਦੱਸੀ, ਜੋ ਮੇਰੀ ਨਜ਼ਰ ਦੀ ਕਮੀ ਬੇਸ਼ੀ ਨਾਲ ਸਬੰਧ ਰਖਦੀ ਸੀ। ਉਸ ਨੇ ਮੈਨੂੰ ਭਰੋਸਾ ਦਿਵਾਇਆ ਕਿ ਦਿਨ ਛਿਪਣ ਉਤੇ ਉਹ ਮੇਰੀ ਬਾਂਹ ਫੜ ਕੇ ਲੈ ਕੇ ਜਾਵੇਗੀ। ਮੈਂ ਫਿਕਰ ਨਾ ਕਰਾਂ। ਸਮਝੋ ਸਾਨੂੰ ਦੋਵਾਂ ਨੂੰ ਇਕ ਦੂਸਰੇ ਦਾ ਆਸਰਾ ਮਿਲ ਗਿਆ ਸੀ। ਉਹ ਇਕ ਆਪਣੇ ਬੁਢੇਪੇ ਕਾਰਨ ਤੇ ਦੂਜਾ ਤੀਵੀਂ-ਮਾਨੀ ਹੋਣ ਕਾਰਨ ਕਿਸੇ ਸਾਊ ਬੱਚੇ ਦਾ ਆਸਰਾ ਚਾਹੁੰਦੀ ਸੀ ਤੇ ਮੈਂ ਰਾਤ ਕੱਟਣ ਲਈ ਉਸ ਨਾਲ ਹੋ ਤੁਰਿਆ ਸੀ। ਰਾਤ ਤਾਂ ਮੈਂ ਅੰਬ ਵੀ ਕੱਟ ਸਕਦਾ ਸੀ। ਉਥੇ ਮੇਰੇ ਠਹਿਰਨ ਦਾ ਪ੍ਰਬੰਧ ਵੀ ਬੜਾ ਸੌਖਾ ਹੋ ਸਕਦਾ ਸੀ। ਪਰ ਪਤਾ ਨਹੀਂ ਇਹ ਕਿਹੜੀ ਭਟਕਣ ਸੀ, ਜੋ ਮੈਨੂੰ ਕਿਸੇ ਪੀਂਤਾ ਫੈਸਲੇ 'ਤੇ ਪਹੁੰਚਣ ਨਹੀਂ ਸੀ ਦੇ ਰਹੀ। ਜਦੋਂ ਅਸੀਂ ਸੜਕ ਉਤੇ ਜਾ ਰਹੇ ਸੀ ਤਾਂ ਮੈਂ ਅੱਗੇ ਸੀ ਤੇ ਮਾਂ ਪਿੱਛੇ। ਨਹਿਰੀ ਤੋਂ ਕੁਝ ਉਰ੍ਹਾਂ ਕੋਈ ਪਹਾੜੀ ਰਾਹ ਸੀ, ਜੋ ਉਸ ਪਿੰਡ ਨੂੰ ਜਾਂਦਾ ਸੀ, ਜਿਥੇ ਅਸੀਂ ਪਹੁੰਚਣਾ ਸੀ।
ਦਿਨ ਛਿਪਣ ਕਾਰਨ ਮਾਂ ਦੀ ਮੈਂ ਬਾਂਹ ਫੜ ਲਈ ਤੇ ਇਸ ਤਰ੍ਹਾਂ ਮੈਂ ਆਪਣੇ ਡਰ ਨੂੰ ਲੁਕਾ ਛਿਪਾ ਕੇ ਮਾਂ ਨੂੰ ਹੌਸਲਾ ਦਿੰਦਾ ਹੋਇਆ ਤੁਰੀ ਜਾ ਰਿਹਾ ਸੀ। ਅੰਦਰ ਹੀ ਅੰਦਰ ਆਪਣੇ ਆਪ ਨੂੰ ਕੋਸ ਰਿਹਾ ਸੀ ਕਿ ਜੇ ਇਸ ਤਰ੍ਹਾਂ ਘਰੋਂ ਜਾਣਾ ਹੀ ਸੀ ਤਾਂ ਕਿਸੇ ਚੱਜ ਦੇ ਥਾਂ ਪਹੁੰਚਦਾ। ਕਿਸੇ ਧਾਰਮਿਕ ਠਿਕਾਣੇ 'ਤੇ ਚਲਾ ਜਾਂਦਾ, ਜਿਥੇ ਨਾ ਰੋਟੀ ਦੀ ਔਖ ਆਉਂਦੀ ਤੇ ਨਾ ਸਵੇਰ ਸ਼ਾਮ ਬਾਹਰ ਅੰਦਰ ਜਾਣ ਦੀ।
ਜਦੋਂ ਅਸੀਂ ਅੱਗੇ ਤੁਰ ਪਏ ਤਾਂ ਮਾਂ ਨੇ ਆਪਣੀ ਔਲਾਦ ਦੀ ਬਿਗਾਨਗੀ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ। ਮੈਂ ਸੋਚ ਰਿਹਾ ਸੀ ਕਿ ਇਹ ਮਾਈ ਦੇ ਨੈਣ ਪਰਾਣ ਕਾਇਮ ਹਨ, ਚਾਰ ਪੈਸੇ ਵੀ ਪੱਲੇ ਹਨ, ਤਦੇ 'ਕੱਲੀ ਤੁਰ ਪਈ ਹੈ। ਇਸ ਤਰ੍ਹਾਂ ਮੇਰੀ ਬੇਬਸੀ ਤੇ ਮੇਰੀ ਮਾਂ ਦੀ ਮਜਬੂਰੀ ਜਦ ਇਸ ਮਾਈ ਦੇ ਹਾਲਾਤ ਨਾਲ ਮੇਰੇ ਅੰਦਰ ਹੀ ਅੰਦਰ ਗੁੱਥਮ-ਗੁੱਥਾ ਹੋ ਰਹੀ ਸੀ, ਤਾਂ ਮੇਰੇ ਤੁਰਨ ਦੀ ਰਫਤਾਰ ਪਹਿਲਾਂ ਨਾਲੋਂ ਜ਼ਰੂਰ ਕੁਝ ਘਟ ਗਈ ਸੀ। ਜਦੋਂ ਕੁਝ ਰੌਸ਼ਨੀਆਂ ਦਿਸਣ ਲੱਗ ਪਈਆਂ ਤਾਂ ਮੈਂ ਅੰਦਾਜ਼ਾ ਲਾਇਆ ਕਿ ਜਿਥੇ ਮਾਂ ਨੇ ਜਾਣਾ ਹੈ, ਉਹ ਠਿਕਾਣਾ ਨੇੜੇ ਹੀ ਹੈ ਤੇ ਉਹ ਨੇੜੇ ਸੀ ਵੀ। ਜਦੋਂ ਅਸੀਂ ਮਿਸਤਰੀਆਂ ਦੀ ਛੰਨ ਵਿਚ ਦੀਂਲ ਹੋਏ, ਸਾਰਿਆਂ ਨੂੰ ਜਿਵੇਂ ਚਾਅ ਚੜ੍ਹ ਗਿਆ ਹੋਵੇ। ਦੋਵਾਂ ਕਮਰਿਆਂ ਵਿਚ ਰੌਸ਼ਨੀ ਸੀ, ਇਕ ਕਮਰੇ ਵਿਚ ਗਲੋਬ ਲੈਂਪ ਲੱਗਿਆ ਹੋਇਆ ਸੀ ਅਤੇ ਦੂਜੇ ਕਮਰੇ ਵਿਚ ਸਰ੍ਹੋਂ ਦੇ ਤੇਲ ਵਾਲਾ ਦੀਵਾ। ਬਜਾਇ ਕਿ ਉਹ ਮੇਰੇ ਬਾਰੇ ਕੁਝ ਪੁੱਛ ਪੜਤਾਲ ਕਰਨ, ਮੈਂ ਆਪਣੀ ਸਫਾਈ ਆਪ ਹੀ ਦੇਣੀ ਸ਼ੁਰੂ ਕਰ ਦਿੱਤੀ। ਸੱਚਮੁੱਚ ਉਹਨਾਂ ਦਾ ਉਹ ਮੁੰਡਾ ਮੈਥੋਂ ਪੜ੍ਹਿਆ ਹੋਇਆ ਸੀ, ਜਿਸ ਬਾਰੇ ਮੈਂ ਰਾਹ ਵਿਚ ਅੰਦਾਜ਼ਾ ਲਾਇਆ ਸੀ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਜਾਣਾ ਤਾਂ ਜੁਆਰ ਸੀ ਪਰ ਮਾਤਾ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਮੈਂ ਏੇਧਰ ਆਇਆ ਹਾਂ। ਅਸਲ ਵਿਚ ਇਹ ਸਾਰੀ ਮੇਰੀ ਆਪ ਘੜੀ ਕਹਾਣੀ ਸੀ, ਜੋ ਉਹਨਾਂ ਨੂੰ ਜਚ ਗਈ।
ਚਾਹ ਪੀਣ ਦਾ ਉਥੇ ਉਦੋਂ ਬਹੁਤਾ ਰਿਵਾਜ ਨਹੀਂ ਸੀ। ਉਹਨਾਂ ਦੇ ਲਵੇਰਾ ਸੀ। ਉਹ ਗਰਮ ਦੁੱਧ ਲੈ ਆਏ। ਮੈਂ ਸਿਰਫ ਅੱਧਾ ਕੁ ਗਲਾਸ ਦੁੱਧ ਪੀਤਾ। ਰੋਟੀ ਬਿਲਕੁਲ ਨਹੀਂ ਸੀ ਖਾਧੀ। ਮੈਨੂੰ ਡਰ ਸੀ ਕਿ ਕਿਤੇ ਰਾਤ ਨੂੰ ਰੋਟੀ ਖਾਣ ਕਾਰਨ ਬਾਹਰ ਨਾ ਜਾਣਾ ਪਵੇ। ਉਹਨਾਂ ਦੇ ਵਾਰ ਵਾਰ ਜ਼ੋਰ ਦੇਣ 'ਤੇ ਮੈਂ ਸਿਰਫ ਇਹ ਹੀ ਕਿਹਾ ਕਿ ਮੈਨੂੰ ਭੁੱਖ ਨਹੀਂ ਹੈ। ਜਦਕਿ ਮੈਂ ਜੇ ਚਾਹੁੰਦਾ ਤਾਂ ਰੋਟੀ ਖਾ ਸਕਦਾ ਸੀ। ਇਹ ਵੱਖਰੀ ਗੱਲ ਹੈ ਕਿ ਅੰਦਰੋ-ਅੰਦਰੀ ਮੈਂ ਘਰ ਦੇ ਮਾੜੇ ਹਾਲਾਤ ਅਤੇ ਮੇਰੀ ਘੱਟ ਨਿਗ੍ਹਾ ਕਾਰਨ ਬਹੁਤ ਦੁਖੀ ਸੀ, ਬਹੁਤ ਹੀ ਉਦਾਸ। ਉਹਨਾਂ ਚੂਨੇ ਉਤੇ ਗਰਮ ਪਾਣੀ ਨਾਲ ਮੇਰੇ ਪੈਰ ਧੁਆ ਦਿੱਤੇ ਸਨ। ਹੱਥ ਮੂੰਹ ਵੀ ਧੋ ਲਿਆ ਸੀ ਤੇ ਇਹ ਕਹਿ ਕੇ ਮੈਂ ਪੈ ਗਿਆ ਸੀ ਕਿ ਮੈਨੂੰ ਸਵੇਰੇ ਕੋਈ ਜੁਆਰ ਛੱਡ ਆਵੇ, ਕਿਉਂਕਿ ਉਥੋਂ ਪਹਾੜੀ ਰਸਤੇ ਦਾ ਮੈਨੂੰ ਪਤਾ ਨਹੀਂ ਸੀ ਅਤੇ ਉਂਜ ਵੀ ਜੁਆਰ ਸਕੂਲ ਦੀ ਨੌਕਰੀ ਦੇ ਸਮੇਂ ਨਾਲੋਂ ਮੇਰੀ ਨਿਗ੍ਹਾ ਬਹੁਤ ਘਟ ਗਈ ਸੀ। ਨੀਂਦ ਪੂਰੀ ਨਹੀਂ ਸੀ ਆਈ। ਬਹੁਤਾ ਸਮਾਂ ਭਵਿੱਖ ਲਈ ਕੋਈ ਠਿਕਾਣਾ ਲੱਭਣ ਤੇ ਆਪਣੀ ਕਿਸਮ ਦਾ ਜੀਵਨ ਬਿਤਾਉਣ ਦੇ ਉਧੇੜ ਬੁਣ ਵਿਚ ਹੀ ਲੰਘ ਗਿਆ। ਸਵੇਰ ਦਾ ਚਾਨਣ ਕਮਰੇ ਵਿਚ ਆਉਣ ਨਾਲ ਮੈਂ ਉਠ ਕੇ ਬਹਿ ਗਿਆ। ਉਹ ਮੁੰਡਾ ਜਿਸ ਦਾ ਜ਼ਿਕਰ ਮੈਂ ਪਹਿਲਾਂ ਕਰ ਆਇਆ ਹਾਂ, ਉਹ ਹੀ ਮੇਰੀ ਖਾਤਰਦਾਰੀ ਲਈ ਮੇਰੇ ਕੋਲ ਆਇਆ। ਹੁਣ ਉਹ ਪੂਰਾ ਆਦਮੀ ਬਣ ਚੁੱਕਿਆ ਸੀ। ਅਸੀਂ ਦੋਵੇਂ ਬਾਹਰ ਗਏ। ਜੰਗਲ ਪਾਣੀ ਪਿੱਛੋਂ ਜਿਵੇਂ ਮਨ ਨੂੰ ਸ਼ਾਂਤੀ ਆ ਗਈ ਹੋਵੇ। ਉਥੇ ਹੀ ਵਗਦੇ ਪਾਣੀ 'ਚ ਮੈਂ ਮੂੰਹ ਧੋ ਲਿਆ ਸੀ ਅਤੇ ਆਉਂਦਿਆਂ ਹੀ ਮੈਂ ਕਿਹਾ ਕਿ ਉਹ ਮੈਨੂੰ ਜੁਆਰ ਤੱਕ ਛੱਡ ਕੇ ਆਵੇ। ਉਸ ਨੇ ਰਸਮੀ ਤੌਰ 'ਤੇ ਇਕ ਦੋ ਵਾਰ ਰਹਿਣ ਲਈ ਕਿਹਾ ਅਤੇ ਅਸੀਂ ਆਉਂਦੇ ਹੋਏ ਕਿੰਨਾ ਚਿਰ ਸਕੂਲ ਦੀਆਂ ਗੱਲਾਂ ਕਰਦੇ ਰਹੇ।
ਮਾਂ ਤੇ ਉਸ ਪਰਿਵਾਰ ਦੇ ਵਡੇਰੇ ਨੂੰ ਦੁਆ ਸਲਾਮ ਪਿੱਛੋਂ ਅਸੀਂ ਜੁਆਰ ਲਈ ਚੱਲ ਪਏ। ਉਹਨਾਂ ਮੈਨੂੰ ਰਾਹ ਲਈ ਇਕ ਸੋਟੀ ਵੀ ਦਿੱਤੀ। ਸ਼ਾਇਦ ਵੱਡੇ ਮਿਸਤਰੀ ਨੂੰ ਮੇਰੀ ਮੁਸ਼ਕਿਲ ਦਾ ਅੰਦਾਜ਼ਾ ਹੋ ਗਿਆ ਸੀ। ਅੰਬ ਤੋਂ ਆਉਣ ਸਮੇਂ ਵੀ ਜਦ ਚੜ੍ਹਾਈ ਉਤਰਾਈ ਆਉਂਦੀ ਤਾਂ ਪੈਰ ਤਿਲ੍ਹਕਣ ਦਾ ਡਰ ਰਹਿੰਦਾ। ਮੇਰੀ ਗੁਰਗਾਬੀ ਦੀ ਅੱਡੀ ਕਾਰਨ ਮੈਂ ਰੁੜ੍ਹਨ ਤੋਂ ਕਈ ਵਾਰ ਬਚ ਗਿਆ ਸੀ। ਜਦੋਂ ਮੈਂ ਜੁਆਰ ਸਕੂਲ ਵਿਚ ਮਾਸਟਰ ਹੁੰਦਾ ਸੀ, ਉਦੋਂ ਵੀ ਮੈਂ ਘਰ ਤੋਂ ਸਕੂਲ ਆਉਣ ਤੱਕ ਅਤੇ ਕਿਸੇ ਹੋਰ ਚੜ੍ਹਾਈ ਉਤਰਾਈ ਲਈ ਸੋਟੀ ਰੱਖਿਆ ਕਰਦਾ ਸੀ। ਹੁਣ ਤਾਂ ਇਸ ਕਿਸਮ ਦੀ ਸੋਟੀ ਦੀ ਮੈਨੂੰ ਹੋਰ ਵੀ ਵੱਧ ਲੋੜ ਸੀ। ਪਿਛਲੇ ਤਜਰਬੇ ਕਾਰਨ ਮੈਨੂੰ ਜੁਆਰ ਪਹੁੰਚਣ ਤੱਕ ਕੋਈ ਖਾਸ ਮੁਸ਼ਕਿਲ ਨਹੀਂ ਸੀ ਆਈ। ਪਰ ਇਸ ਰਸਤੇ ਵਿਚ ਜਿਹੜੀਆਂ ਵੀ ਖੱਡਾਂ ਆਈਆਂ ਜਾਂ ਚੜ੍ਹਾਈ ਉਤਰਾਈ ਆਈ, ਉਹ ਕੱਲ੍ਹ ਸ਼ਾਮ ਨਾਲੋਂ ਔਖੀ ਹੋਣ ਦੇ ਬਾਵਜੂਦ ਵੀ ਸੌਖੀ ਲੱਗੀ ਸੀ। ਕਾਰਨ ਇਹ ਸੀ ਕਿ ਦਿਨ ਦੇ ਚਾਨਣ ਕਾਰਨ ਮੈਨੂੰ ਤੁਰਨ ਅਤੇ ਕਿਸੇ ਦੇ ਚਿਹਰੇ ਮੋਹਰੇ ਦੇਖਣ ਵਿਚ ਕੋਈ ਬਹੁਤੀ ਔਖ ਨਹੀਂ ਸੀ ਆ ਰਹੀ।
ਉਚੇ ਚੌਂਤਰੇ ਵਾਲਾ ਦੁਕਾਨਦਾਰ, ਜੋ ਕੱਪੜਾ ਵੀ ਵੇਚਦਾ ਸੀ ਤੇ ਕਰਿਆਨੇ ਦਾ ਸਮਾਨ ਵੀ, ਉਸ ਵਿਚ ਕੋਈ ਤਬਦੀਲੀ ਨਹੀਂ ਸੀ ਆਈ। ਉਥੋਂ ਹੀ ਮੈਂ ੬ ਮੀਟਰ ਭਗਵੇਂ ਵਸਤਰ ਲਏ ਅਤੇ ਇਕ ਲੂੰਗੀ ਵੀ। ਕੱਪੜੇ ਦੀ ਦੁਕਾਨ ਤੋਂਖਰੀਦੋ-ਫਰੋਖਤ ਤੋਂ ਪਹਿਲਾਂ ਮੈਂ ਉਸ ਮੁੰਡੇ ਦਾ ਧੰਨਵਾਦ ਕਰਕੇ ਉਸ ਨੂੰ ਤੋਰ ਦਿੱਤਾ ਸੀ। ਮੈਂ ਨਹੀਂ ਸੀ ਚਾਹੁੰਦਾ ਕਿ ਕਿਸੇ ਨੂੰ ਵੀ ਮੇਰੀ ਭਵਿੱਖ ਦੀ ਵਿਉਂਤ ਦਾ ਕੁਝ ਪਤਾ ਲੱਗੇ। ਨਾਲ ਦੀ ਨਾਈ ਦੀ ਦੁਕਾਨ ਤੋਂ ਮੈਂ ਸਿਰ ਦੇ ਵਾਲ ਕਟਵਾਏ। ਮਸ਼ੀਨ ਜਾਂ ਉਸਤਰਾ ਨਹੀਂ ਸੀ ਫਿਰਵਾਇਆ। ਕੈਂਚੀ ਨਾਲ ਵਾਲ ਏਨੇ ਛੋਟੇ ਕਰਵਾ ਲਏ ਸਨ ਕਿ ਵੇਖਣ ਵਿਚ ਮੈਂ ਕੋਈ ਸੰਤ ਮਹਾਤਮਾ ਲੱਗਾਂ। ਸ਼ੇਵ ਵੀ ਕਰਵਾਈ ਅਤੇ ਮੁੱਛਾਂ ਵੀ ਬਿਲਕੁਲ ਸਾਫ ਕਰਵਾ ਦਿੱਤੀਆਂ। ਸਿਰ ਘੋਨ ਮੋਨ ਕਰਵਾਉਣ ਦਾ ਮੇਰਾ ਇਹ ਪਹਿਲਾ ਮੌਕਾ ਸੀ ਅਤੇ ਮੁੱਛਾਂ ਨੂੰ ਸਾਫ ਕਰਵਾਉਣ ਦਾ ਦੂਜਾ। ਹਾਂ, ਸੱਚ ਕੱਪੜੇ ਵਾਲੀ ਦੁਕਾਨ ਤੋਂ ਇਕ ਬੁਨੈਣ ਵੀ ਲੈ ਲਈ ਸੀ।
ਹੁਣ ਮੈਂ ਇਕ ਇਕ ਪੈਸਾ ਬੋਚ ਬੋਚ ਕੇ ਵਰਤਣ ਬਾਰੇ ਸੋਚ ਰਿਹਾ ਸੀ, ਕਿਉਂਕਿ ਮੇਰੇ ਕੋਲ ਸਿਰਫ ੮ਂ ਰੁਪਏ ਹੀ ਰਹਿ ਗਏ ਸਨ। ਪਰ ਛੇਤੀ ਹੀ ਹੀਰ ਦਮੋਦਰ ਦੀ ਇਕ ਤੁਕ ਮੇਰੇ ਯਾਦ ਆ ਗਈ--**ਪੱਲੇ ਰਿਜ਼ਕ ਨਾ ਬੰਨ੍ਹਦੇ ਪੰਛੀ ਤੇ ਦਰਵੇਸ਼।'' ਬੱਸ ਇਸ ਸੋਚ ਨਾਲ ਹੀ ਜਿਵੇਂ ਮੈਂ ਸਾਰੀ ਚਿੰਤਾ ਤੋਂ ਮੁਕਤ ਹੋ ਗਿਆ ਹੋਵਾਂ। ਬਸ ਮੇਰੇ ਜਾਣੇ-ਪਛਾਣੇ ਰਸਤਿਆਂ ਤੇ ਅੱਡਿਆਂ ਤੋਂ ਲੰਘਦੀ ਹੋਈ ਆਖਰ ਨਦੌਣ ਪਹੁੰਚ ਗਈ ਅਤੇ ਉਥੋਂ ਉਤਰ ਕੇ ਮੈਂ ਬਾਜ਼ਾਰ ਦੇ ਰਸਤੇ ਹੁੰਦਾ ਹੋਇਆ ਮੈਂ ਸਿੱਧਾ ਬਿਆਸ ਦਰਿਆ ਦੇ ਲੱਕੜ ਦੇ ਪੁਲ ਵੱਲ ਹੋ ਗਿਆ। ਇਕ ਤਾਂ ਗਰਮੀ ਦਾ ਮੌਸਮ ਸੀ, ਦੂਜਾ ਮੈਂ ਸਵੇਰੇ ਵੀ ਨਹਾਤਾ ਨਹੀਂ ਸੀ, ਤੀਜੇ ਮੈਂ ਭਗਵੇਂ ਵਸਤਰ ਪਹਿਨ ਕੇ ਆਪਣਾ ਜੀਵਨ ਮਾਰਗ ਬਦਲਣਾ ਸੀ, ਜਿਸ ਕਾਰਨ ਲੱਕੜ ਦਾ ਪੁਲ ਪਾਰ ਕਰਨ ਪਿੱਛੋਂ ਮੈਂ ਖੱਬੇ ਹੱਥ ਬਿਆਸ ਦਰਿਆ ਦੇ ਕਿਨਾਰੇ ਕਿਨਾਰੇ ਤੁਰਿਆ ਗਿਆ। ਏਥੇ ਹੀ ਕਿਸੇ ਵੇਲੇ ਨਦੌਣ ਨੌਕਰੀ ਸਮੇਂ ਮੈਂ ਸਵੇਰੇ ਸਵੇਰੇ ਨਹਾਉਣ ਲਈ ਆਇਆ ਕਰਦਾ ਸੀ। ਕਿਨਾਰੇ ਅਤੇ ਇਸ ਦੇ ਨੇੜੇ ਪਾਣੀ ਦੀ ਡੂੰਘਾਈ ਬਾਰੇ ਮੈਨੂੰ ਵਾਹਵਾ ਅੰਦਾਜ਼ਾ ਸੀ। ਗੁਰਗਾਬੀ ਲਾਹੀ, ਪੈਂਟ ਸ਼ਰਟ ਤੇ ਬਨੈਣ ਕਿਨਾਰੇ ਉਤੇ ਬੂਟਾਂ 'ਤੇ ਰੱਖ ਦਿੱਤੀ। ਲੂੰਗੀ ਦੇ ਹੇਠ ਭਗਵੇਂ ਵਸਤਰ ਦਾ ਵੱਡਾ ਟੁਕੜਾ ਰੱਖ ਦਿੱਤਾ ਤੇ ਛੋਟਾ ਆਪਣੇ ਤੇੜ ਪਾ ਲਿਆ। ਕੱਛਾ ਲਾਹ ਕੇ ਵੀ ਲੂੰਗੀ ਦੇ ਹੇਠ ਕਰ ਦਿੱਤਾ। ਅੱਖਾਂ 'ਤੇ ਛਿੱਟੇ ਮਾਰੇ, ਫੇਰ ਸਿਰ 'ਤੇ ਪਾਣੀ ਦੇ ਦੋ ਬੁੱਕ ਪਾਏ, ਕੁਰਲੀ ਕੀਤੀ ਅਤੇ ਪਾਣੀ ਵਿਚ ਠਿੱਲ੍ਹ ਪਿਆ। ਪਾਣੀ ਵਿਚ ਠਿੱਲ੍ਹਣ ਸਮੇਂ ਮੇਰੇ ਅੰਦਰ ਦੋ ਖਆਿਲ ਆਪਸ ਵਿਚ ਟਕਰਾ ਰਹੇ ਸਨ ---ਬੁੱਧ ਬਣ ਕੇ ਚਾਨਣ ਵੰਡਣ ਦਾ ਜਾਂ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦਾ। ਸਬੱਬ ਹੀ ਕੁਝ ਅਜਿਹਾ ਬਣਿਆ ਕਿ ਜੀਵਨ ਲੀਲ੍ਹਾ ਦੀ ਸਮਾਪਤੀ ਤੋਂ ਪਹਿਲਾਂ ਹੀ ਦੋ ਹੋਰ ਨੌਜਵਾਨ ਉਥੇ ਨਹਾਉਣ ਆ ਗਏ, ਜਿਸ ਕਾਰਨ ਉਹਨਾਂ ਮੈਨੂੰ ਅਜਿਹਾ ਗੱਲੀਂ ਲਾਇਆ ਕਿ ਮੈਂ ਨਹਾ ਕੇ ਕੱਛਾ ਪਾ ਲਿਆ; ਗਿੱਲੇ ਭਗਵੇਂ ਵਸਤਰ ਨੂੰ ਚੰਗੀ ਤਰ੍ਹਾਂ ਨਚੋੜਿਆ ਤੇ ਉਸ ਨੂੰ ਝਾੜ ਕੇ ਉਸ ਨਾਲ ਪਿੰਡਾ ਚੰਗੀ ਤਰ੍ਹਾਂ ਪੂੰਝਿਆ। ਦੂਜੇ ਭਗਵੇਂ ਵਸਤਰ ਦਾ ਟੁਕੜਾ ਮੈਂ ਬਿਲਕੁਲ ਗਰਦਨ ਤੋਂ ਹੇਠਾਂ ਤੱਕ ਇਸ ਤਰ੍ਹਾਂ ਲਪੇਟ ਲਿਆ, ਜਿਸ ਤਰ੍ਹਾਂ ਆਨੰਦ ਸੁਆਮੀ ਪਹਿਨਿਆ ਕਰਦਾ ਸੀ। ਗਿੱਲਾ ਕੱਪੜਾ ਭਗਵੇਂ ਵਸਤਰ ਦੇ ਉਪਰ ਦੀ ਰੱਖ ਲਿਆ ਅਤੇ ਪੈਂਟ ਸ਼ਰਟ ਤੇ ਪੁਰਾਣੀ ਬਨੈਣ ਨੂੰ ਤਹਿ ਮਾਰ ਕੇ ਲੂੰਗੀ ਵਿਚ ਲਪੇਟ ਲਿਆ।
ਜਵਾਲਾਮੁਖੀ ਵਾਲੀ ਸੜਕ ਮੈਨੂੰ ਪਤਾ ਸੀ। ਸੱਜੇ ਹੱਥ ਵਿਚ ਸੋਟੀ ਅਤੇ ਖੱਬੀ ਕੱਛ ਵਿਚ ਲੂੰਗੀ ਲੈ ਕੇ ਮੈਂ ਉਸ ਸੜਕ ਨੂੰ ਹੋ ਤੁਰਿਆ। ਜਦੋਂ ਮੈਂ ਨਦੌਣ ਸਕੂਲ ਵਿਚ ਕੰਮ ਕਰਦਾ ਸੀ, ਉਦੋਂ ਸ਼ੌਕ ਸ਼ੌਕ ਵਿਚ ਹੀ ਦੋ ਵਾਰ ਮੈਂ ਪੈਦਲ ਤੁਰ ਕੇ ਜਵਾਲਾਮੁਖੀ ਗਿਆ ਸੀ। ਰਾਹ ਵਿਚ ਡੰਗਰ ਚਾਰਦੇ ਮੁੰਡੇ ਅਤੇ ਗਾਗਰਾਂ ਵਿਚ ਪਾਣੀ ਢੋਂਦੀਆਂ ਔਰਤਾਂ ਮਿਲੀਆਂ। ਮਨ ਕਦੇ ਬੇਚੈਨ ਹੋ ਜਾਂਦਾ ਤੇ ਕਦੇ ਫਿਰ ਟਿਕਾਅ ਵਿਚ ਆ ਜਾਂਦਾ। ਕਿਸੇ ਦੁਆਰੇ ਜਾ ਕੇ ਅਲਖ ਜਗਾਉਣ ਦਾ ਵੱਲ ਅਜੇ ਮੈਨੂੰ ਨਹੀਂ ਸੀ ਪਤਾ। ਪਰ ਜਦੋਂ ਇਸ ਰਾਹ 'ਤੇ ਤੁਰ ਹੀ ਪਿਆ ਸੀ ਤਾਂ ਇਹ ਵੱਲ ਸਿੱਖਣਾ ਵੀ ਜ਼ਰੂਰੀ ਸੀ। ਸਮਾਂ ਪਾ ਕੇ ਆਪਣੇ ਆਪ ਸੇਵਕ ਰਾਸ਼ਨ ਪਾਣੀ ਡੇਰੇ ਵਿਚ ਪਹੁੰਚਾ ਦੇਣਗੇ, ਪਰ ਹਾਲ ਦੀ ਘੜੀ ਤਾਂ ਮੰਗ ਪਿੰਨ ਕੇ ਹੀ ਖਾਣਾ ਪਵੇਗਾ। ਵਾਰਿਸ ਦੇ ਕਿੱਸੇ ਵਿਚ ਬਾਲ ਨਾਥ ਦੀ ਜੋਗ ਲੈਣ ਸਮੇਂ ਦਿੱਤੀ ਸਿੱਖਿਆ ਦੀ ਇਕ ਇਕ ਸਤਰ ਦਿਮਾਗ ਵਿਚ ਬਿਜਲੀ ਵਾਂਗ ਗੇੜਾ ਖਾ ਗਈ। ਕਾਮ, ਕਰੋਧ, ਮੋਹ, ਲੋਭ, ਹੰਕਾਰ ਤੋਂ ਮੁਕਤ ਹੋਣ ਸਬੰਧੀ ਸਭ ਧਰਮਾਂ ਦੀ ਸਾਂਝੀ ਸਿੱਖਿਆ ਮਨ ਵਿਚ ਵਸਾ ਰਿਹਾ ਸੀ। ਬੁੱਧ ਦਾ ਅਸ਼ਠ ਮਾਰਗ ਤੇ ਬੁੱਧ ਤੇ ਜੈਨ ਦੋਵਾਂ ਧਰਮਾਂ ਦੇ ਅਹਿੰਸਾ ਸਬੰਧੀ ਸਿਧਾਂਤ ਮੇਰੀ ਜੀਵਨ-ਧਾਰਾ ਦੇ ਅੰਗ ਬਣਨੇ ਸਨ। ਪਰ ਇਹਨਾਂ ਤੋਂ ਵੀ ਕੁਝ ਨਵਾਂ ਜੇ ਮੈਂ ਨਾ ਕੀਤਾ ਤਾਂ ਮੇਰੇ ਨਵੇਂ ਮਾਰਗ ਦਾ ਅਰਥ ਕੀ ਹੋਵੇਗਾ? ਸਮਾਜਿਕ-ਆਰਥਿਕ ਸਮਾਨਤਾ ਮੇਰੇ ਪ੍ਰਚਾਰ ਦੇ ਮੁੱਖ ਸੂਤਰ ਹੋਣਗੇ। ਪਰ ਮੈਂ ਕਿਸੇ ਅਦਿੱਖ ਸ਼ਕਤੀ ਤੇ ਦੇਵੀ ਦੇਵਤਿਆਂ ਦੀ ਅਰਾਧਨਾ ਬਾਰੇ ਆਪਣੇ ਸ਼ਿਸ਼ਾਂ ਨੂੰ ਬਿਲਕੁਲ ਉਪਦੇਸ਼ ਨਹੀਂ ਦੇਵਾਂਗਾ।
ਇਕ ਤਾਂ ਕੁਝ ਭੁੱਖ ਲੱਗ ਆਈ ਸੀ ਤੇ ਦੂਜੇ ਕਿਸੇ ਦੁਆਰੇ ਜਾ ਕੇ ਮੰਗਣ ਦਾ ਅਜੇ ਪਹਿਲਾ ਸਬਕ ਸਿੱਖਣਾ ਸੀ। ਇਸ ਲਈ ਸੜਕ ਦੇ ਦੋਵੇਂ ਪਾਸੇ ਵੱਲ ਨਜ਼ਰ ਮਾਰਦਾ ਕਿ ਕੋਈ ਛੰਨ ਜਾਂ ਟੱਪਰੂ ਨਜ਼ਰ ਪੈ ਜਾਏ। ਪਹਾੜਾਂ ਵਿਚ ਸਲੇਟਾਂ ਜਾਂ ਖਪਰੈਲ ਨਾਲ ਬਣੇ ਘਰਾਂ ਨੂੰ ਛੰਨ ਜਾਂ ਟੱਪਰੂ ਕਹਿੰਦੇ ਹਨ ਤੇ ਇਹਨਾਂ ਸਬੰਧੀ ਮੈਨੂੰ ਪਹਾੜਾਂ ਦੇ ਤਿੰਨ ਅਲੱਗ ਅਲੱਗ ਸਕੂਲਾਂ ਵਿਚ ਨੌਕਰੀ ਕਰਨ ਸਮੇਂ ਪਤਾ ਸੀ। ਸ਼ਾਇਦ ਜਵਾਲਾਮੁਖੀ ਦੀ ਵਾਟ ਤਾਂ ਅਜੇ ਤਿੰਨ ਕਿਲੋਮੀਟਰ ਰਹਿੰਦੀ ਸੀ। ਸੜਕ ਦੇ ਸੱਜੇ ਪਾਸੇ ਇਕ ਚੰਗੀ ਵਾਹਵਾ ਛੰਨ ਨਜ਼ਰ ਆਈ। ਮੈਂ ਕੁਝ ਝਿਜਕ ਜਿਹੀ ਨਾਲ ਓਧਰ ਹੋ ਤੁਰਿਆ। ਦਰ 'ਤੇ ਖੜ੍ਹਾ ਵੇਖ ਕੇ ਇਕ ਪੱਚੀ-ਤੀਹ ਸਾਲ ਦੀ ਮੁਟਿਆਰ ਆਈ, **ਜਲ, ਦੇਵੀਫ'' ਮੇਰੇ ਇਹ ਦੋ ਲਫਜ਼ਾਂ ਨੂੰ ਪਵਿੱਤਰ ਹੁਕਮ ਸਮਝ ਕੇ ਉਹ ਅੰਦਰ ਗਈ। ਮੈਂ ਪੈਰਾਂ-ਭਾਰ ਉਥੇ ਬੈਠ ਗਿਆ। ਕੁਝ ਸਮੇਂ ਪਿੱਛੋਂ ਹੀ ਉਹ ਦੁੱਧ ਦੀ ਪਤਲੀ ਜਿਹੀ ਲੱਸੀ ਬਣਾ ਲਿਆਈ। ਗੜਬੀ ਦੇ ਨਾਲ ਨਾਲ ਉਸ ਕੋਲ ਇਕ ਗਲਾਸ ਵੀ ਸੀ। ਜਦ ਮੈਨੂੰ ਉਸ ਨੇ ਗਲਾਸ ਭਰ ਕੇ ਫੜਾਇਆ, ਸੱਚਮੁੱਚ ਹੀ ਉਹ ਮੈਨੂੰ ਦੇਵੀ ਦਾ ਰੂਪ ਹੀ ਲੱਗੀ। ਫੇਰ ਦੂਜਾ ਗਲਾਸ ਤੇ ਬੱਸ, ਤੇ ਖੜ੍ਹ ਕੇ ਅਸ਼ੀਰਵਾਦ ਦੇਣ ਵਾਲੇ ਲਹਿਜੇ ਵਿਚ ਕਿਹਾ, **ਸੁਖੀ ਰਹੋ ਦੇਵੀ।'' ਅੰਦਰੋਂ ਜੋ ਦੋ ਆਵਾਜ਼ਾਂ ਮੈਨੂੰ ਸੁਣੀਆਂ, ਉਹ ਸਨ--**ਕੁਣ ਥਾ?'' **ਮਾਅ੍ਹਤਮਾ ਤਾ ਕੋਈ।'' ਦੇਵੀ ਦੇ ਬੋਲਾਂ ਨੇ ਮੇਰੇ ਜੀਵਨ ਅੰਦਰ ਜਿਵੇਂ ਮਹਾਤਮਾ ਦੇ ਅੱਧੇ ਗੁਣ ਭਰ ਦਿੱਤੇ ਹੋਣ। ਦਿਨ ਛਿਪਣ ਤੋਂ ਕੁਝ ਪਹਿਲਾਂ ਹੀ ਮੈਂ ਜਵਾਲਾਮੁਖੀ ਪਹੁੰਚ ਗਿਆ। ਧਰਮਸ਼ਾਲਾ ਦਾ ਮੈਨੂੰ ਪਤਾ ਸੀ। ਮੈਂ ਮਾਤਾ ਦੇ ਮੰਦਰ ਦੀ ਥਾਂ ਪਹਿਲਾਂ ਧਰਮਸ਼ਾਲਾ ਵਿਚ ਪਹੁੰਚਿਆ। ਮੈਨੇਜਰ ਨੇ ਮਹਾਤਮਾ ਸਮਝ ਕੇ ਮੇਰੇ ਲਈ ਆਪਣੇ ਆਪ ਹੀ ਇਕ ਕਮਰਾ ਖੋਲ੍ਹ ਦਿੱਤਾ। ਜਦ ਉਹ ਮੇਰਾ ਨਾਂ ਪਤਾ ਪੁੱਛਣ ਲੱਗਿਆ, ਮੈਂ ਆਪਣਾ ਨਾਂ ਪ੍ਰੇਮਾ ਨੰਦ ਦੱਸਿਆ ਤੇ ਠਿਕਾਣੇ ਸਬੰਧੀ ਇਹੋ ਕਿਹਾ ਕਿ ਦਰਵੇਸ਼ਾਂ ਦਾ ਕੋਈ ਠਿਕਾਣਾ ਨਹੀਂ ਹੁੰਦਾ। ਮੈਨੇਜਰ ਜਿਵੇਂ ਮੈਥੋਂ ਬਹੁਤ ਪ੍ਰਭਾਵਤ ਹੋ ਗਿਆ ਹੋਵੇ। ਥਕੇਵੇਂ ਕਾਰਨ ਮੰਦਰ ਜਾਣ ਦੀ ਮੇਰੇ ਵਿਚ ਪਹੁੰਚ ਹੀ ਨਹੀਂ ਸੀ। ਵਿਛੀ ਦਰੀ ਉਤੇ ਲਿਟਣ ਪਿੱਛੋਂ ਜਿਵੇਂ ਮੈਂ ਨਿਢਾਲ ਜਿਹਾ ਹੋ ਗਿਆ ਹੋਵਾਂ; ਬਹੁਤ ਉਦਾਸ ਤੇ ਬਹੁਤ ਹੀ ਉਪਰਾਮ।
ਮਹਾਤਮਾ ਅਜੇ ਮੈਂ ਬਣਿਆ ਨਹੀਂ ਸੀ। ਉਂਜ ਮਹਾਤਮਾ ਦਾ ਅਭਿਨੈ ਕਰਨਾ ਕੁਝ ਸਿੱਖ ਗਿਆ ਸੀ। ਦਿਲ ਅੰਦਰ ਅਜੇ ਵੀ ਇਕ ਧੁੜਕੂ ਸੀ ਕਿ ਮੈਨੂੰ ਲੱਭਣ ਵਿਚ ਮੇਰੇ ਪਰਿਵਾਰ ਜਾਂ ਰਿਸ਼ਤੇਦਾਰਾਂ ਨੂੰ ਬਹੁਤਾ ਸਮਾਂ ਨਹੀਂ ਲੱਗਣਾ। ਇਸ ਦਾ ਸਿੱਧਾ ਕਾਰਨ ਮੇਰੀ ਅੱਖਾਂ ਦੀ ਘੱਟ ਰੌਸ਼ਨੀ ਸੀ। ਜੇ ਅਜਿਹਾ ਨਾ ਹੁੰਦਾ ਤਾਂ ਸ਼ਾਇਦ ਇਹ ਸਭ ਕੁਝ ਵੀ ਨਾ ਵਾਪਰਦਾ, ਪਰ ਹੁਣ ਜਦੋਂ ਕਿ ਸਭ ਕੁਝ ਵਾਪਰ ਚੁੱਕਿਆ ਸੀ, ਇਹ ਸੋਚਣਾ ਵਿਅਰਥ ਸੀ।
ਦਿਨ ਛਿਪ ਗਿਆ ਸੀ ਤੇ ਧਰਮਸ਼ਾਲਾ ਦਾ ਇਕ ਸੇਵਕ ਮੈਨੂੰ ਬਾਥਰੂਮ ਬਾਰੇ ਸਭ ਕੁਝ ਦੱਸ ਗਿਆ ਸੀ। ਪਰ ਉਸ ਨੂੰ ਕੀ ਪਤਾ ਸੀ ਕਿ ਮੈਂ ਇਕੱਲਾ ਰਾਤ ਨੂੰ ਕਿਤੇ ਵੀ ਜਾਣ ਜੋਗਾ ਨਹੀਂ ਹਾਂ। ਕੁਝ ਯਾਤਰੀਆਂ ਦੇ ਆਉਣ ਨਾਲ ਧਰਮਸ਼ਾਲਾ ਵਿਚ ਚੰਗਾ ਰੌਣਕ ਮੇਲਾ ਤਾਂ ਹੋ ਗਿਆ ਸੀ ਪਰ ਮੇਰਾ ਮਨ ਅਸ਼ਾਂਤ ਤੇ ਦੁਬਿਧਾ ਦਾ ਸ਼ਿਕਾਰ ਸੀ। ਘਰੋਂ ਨਿਕਲੇ ਨੂੰ ਤਾਂ ਇਹ ਤੀਜਾ ਦਿਨ ਹੀ ਹੋਇਆ ਸੀ। ਪਰ ਏਡੀ ਛੇਤੀ ਦੁਬਿਧਾ ਦਾ ਸ਼ਿਕਾਰ ਹੋ ਜਾਵਾਂਗਾ, ਇਹ ਮੈਂ ਸੋਚਿਆ ਹੀ ਨਹੀਂ ਸੀ। ਜ਼ਿੰਦਗੀ ਵਿਚ ਕਦੇ ਵੀ ਕੋਈ ਕੀਤਾ ਫੈਸਲਾ ਮੈਂ ਪੂਰੀ ਤਰ੍ਹਾਂ ਨਹੀਂ ਸੀ ਬਦਲਿਆ। ਇਹ ਤਾਂ ਬੜਾ ਅਹਿਮ ਮਸਲਾ ਸੀ, ਮਹਾਤਮਾ ਬੁੱਧ ਬਣ ਕੇ ਦੁਨੀਆਂ ਨੂੰ ਸਮਾਜਿਕ-ਆਰਥਿਕ ਅਨਿਆਂ ਤੋਂ ਮੁਕਤ ਕਰਵਾਉਣ ਦਾ ਮਸਲਾ। ਪਰ ਏਨੀ ਛੇਤੀ ਮੇਰੀ ਫੂਕ ਨਿਕਲ ਜਾਵੇਗੀ, ਇਹ ਸੋਚ ਸੋਚ ਕੇ ਮੈਂ ਬਹੁਤ ਸ਼ਰਮਿੰਦਾ ਹੋ ਰਿਹਾ ਸੀ।
ਪਤਾ ਨਹੀਂ ਕੌਣ ਸੀ, ਸ਼ਾਇਦ ਲਾਟਾਂ ਵਾਲੀ ਮਾਤਾ 'ਤੇ ਮੱਥਾ ਟੇਕਣ ਵਾਲਾ ਕੋਈ ਭਗਤ ਹੋਵੇ, ਮੇਰੇ ਪੈਰੀਂ ਹੱਥ ਲਾ ਰਿਹਾ ਸੀ ਤੇ ਮੈਂ ਵੀ ਜੈ ਹੋ ਕਹਿ ਕੇ ਉਸ ਦੀ ਸ਼ਰਧਾ ਭਗਤੀ ਨੂੰ ਨਮਸਕਾਰ ਕਰ ਦਿੱਤਾ। ਉਹ ਰੋਟੀ ਰੱਖ ਕੇ ਚਲਾ ਗਿਆ, ਫੇਰ ਹੋਰ ਰੋਟੀ ਪੁੱਛਣ ਆਇਆ। ਮੈਂ ਨਾਂਹ ਵਿਚ ਸਿਰ ਹਿਲਾ ਦਿੱਤਾ। ਮੇਰੇ ਲਈ ਤਾਂ ਇਹ ਦੋ ਰੋਟੀਆਂ ਹੀ ਬਹੁਤ ਸਨ। ਮਨ ਭਰ ਭਰ ਆ ਰਿਹਾ ਸੀ। ਉਸ ਭਗਤ ਪਿੱਛੋਂ ਦੋ ਹੋਰ ਸੱਜਣ ਵੀ ਆਏ। ਮੇਰੇ ਥਹੁ ਟਿਕਾਣੇ ਬਾਰੇ ਵੀ ਪੁੱਛਿਆ। ਮੈਂ ਸਿਰਫ ਇਹੀ ਕਿਹਾ, **ਦਰਵੇਸ਼ਾਂ ਦਾ ਕੋਈ ਘਰ ਦਰ ਨਹੀਂ ਹੁੰਦਾ।'' ਸ਼ਾਇਦ ਮੇਰੇ ਇਸ ਜਵਾਬ ਨੇ ਹੀ ਉਹਨਾਂ ਨੂੰ ਸੰਤੁਸ਼ਟ ਕਰ ਦਿੱਤਾ ਹੋਵੇ। ਪਰ ਇਕ ਗੱਲ ਸਾਫ ਸੀ ਕਿ ਇਹਨਾਂ ਯਾਤਰੀਆਂ ਵਿਚੋਂ ਕੋਈ ਬਰਨਾਲੇ ਇਲਾਕੇ ਦਾ ਨਹੀਂ ਸੀ। ਇਹ ਉਹਨਾਂ ਦੀ ਬੋਲ-ਚਾਲ ਤੋਂ ਪਤਾ ਲੱਗਦਾ ਸੀ। ਸਵੇਰੇ ਜਦੋਂ ਉਠਿਆ, ਕੋਈ ਭਗਤ ਚਾਹ ਪੁੱਛਣ ਆ ਗਿਆ। ਮੈਂ ਨਾਂਹ ਵਿਚ ਸਿਰ ਹਿਲਾਇਆ ਤੇ ਨਾਲ ਇਹ ਵੀ ਕਿਹਾ, **ਇਸ਼ਨਾਨ ਕੇ ਬਾਅਦ।'' ਸ਼ਾਇਦ ਮੇਰੇ ਅਜਿਹਾ ਕਹਿਣ 'ਤੇ ਉਹਦੇ ਅੰਦਰ ਮੇਰੇ ਪ੍ਰਤਿ ਸਤਿਕਾਰ ਹੋਰ ਵਧ ਗਿਆ ਹੋਵੇ, ਕਿਉਂਕਿ ਜੰਗਲ ਪਾਣੀ ਤੇ ਨਹਾਉਣ ਤੋਂ ਪਿੱਛੋਂ ਉਹ ਚਾਹ ਦੇ ਨਾਲ ਪੱਤਲ ਉਤੇ ਦੋ ਪੂਰੀਆਂ ਵੀ ਰੱਖ ਲਿਆਇਆ ਸੀ। ਪੂਰੀਆਂ ਉਤੇ ਸੁੱਕੀ ਆਲੂਆਂ ਦੀ ਸਬਜ਼ੀ ਸੀ। ਭਗਤ ਗਲਾਸ ਲੈਣ ਆਇਆ, ਮੈਂ **ਜੈ ਹੋ, ਜੈ ਹੋ'' ਕਹਿ ਕੇ ਆਪਣੇ ਮਹਾਤਮਾ ਹੋਣ ਦੇ ਪ੍ਰਭਾਵ ਨੂੰ ਜਿਵੇਂ ਹੋਰ ਪੱਕਾ ਕਰ ਰਿਹਾ ਹੋਵਾਂ। ਸ਼ਾਇਦ ਹੁਣ ਇਹ ਸਭ ਕੁਝ ਮੇਰੀ ਡਰਾਮਾਬਾਜ਼ੀ ਤੋਂ ਵੱਧ ਕੁਝ ਨਹੀਂ ਸੀ, ਕਿਉਂਕਿ ਮੈਂ ਤਾਂ ਰਾਤ ਹੀ ਘਰ ਵਾਪਸ ਜਾਣ ਦਾ ਫੈਸਲਾ ਕਰ ਲਿਆ ਸੀ।
ਮਾਤਾ ਦੇ ਮੰਦਰ ਦੇ ਬਿਲਕੁਲ ਨੇੜੇ ਇਕ ਹਲਵਾਈ ਤੋਂ ੨੧ ਰੁਪਏ ਦਾ ਪ੍ਰਸ਼ਾਦ ਤਿਆਰ ਕਰਵਾਇਆ, ਜਿਸ ਨੂੰ ਹਿੰਦੂਆਂ ਦੀ ਧਾਰਮਿਕ ਭਾਸ਼ਾ ਵਿਚ ਕੜਾਹੀ ਕਰਵਾਉਣਾ ਕਹਿੰਦੇ ਹਨ। ਉਸ ਨੇ ਪੱਤਲ ਉਤੇ ਗਰਮ ਗਰਮ ਪ੍ਰਸ਼ਾਦ ਮੈਨੂੰ ਪਾ ਕੇ ਫੜਾ ਦਿੱਤਾ। ਮੈਂ ਖੱਬੇ ਹੱਥ ਵਿਚ ਪੱਤਲ ਅਤੇ ਸੱਜੇ ਹੱਥ ਵਿਚ ਸੋਟੀ ਲੈ ਕੇ ਮੰਦਰ ਦੀਆਂ ਪੌੜੀਆਂ ਚੜ੍ਹ ਗਿਆ ਤੇ ਸਿੱਧਾ ਜਵਾਲਾਮੁਖੀ ਦੇ ਮੁੱਖ ਮੰਦਰ ਵਿਚ ਦੀਂਲ ਹੋ ਗਿਆ, ਜਿਥੇ ਲਾਟਾਂ ਜਗਦੀਆਂ ਹਨ। ਹਿੰਦੂ ਇਹਨਾਂ ਲਾਟਾਂ ਨੂੰ ਮਾਤਾ ਦੀ ਕਰਾਮਾਤ ਕਹਿੰਦੇ ਹਨ ਪਰ ਸਾਇੰਸ ਵਿਚ ਵਿਸ਼ਵਾਸ ਰੱਖਣ ਵਾਲੇ ਅਤੇ ਨਾਸਤਕ ਇਹਨਾਂ ਲਾਟਾਂ ਦੇ ਜਗਣ ਨੂੰ ਮੰਦਰ ਹੇਠ ਕਿਸੇ ਗੈਸ ਦੇ ਜ਼ਖੀਰੇ ਦੀ ਦੇਣ ਦਸਦੇ ਹਨ। ਪਰੰਤੂ ਇਸ ਸਮੇਂ ਜਦ ਕਿ ਮੈਂ ਇਕ ਕੁਰਾਹੀਆ ਹੀ ਸਾਂ, ਮੈਨੂੰ ਇਹਨਾਂ ਲਾਟਾਂ ਦੇ ਜਗਣ ਸਬੰਧੀ ਕੋਈ ਵੀ ਵਿਗਿਆਨਕ ਟਿੱਪਣੀ ਕਰਨ ਦਾ ਅਧਿਕਾਰ ਨਹੀਂ। ਉਸ ਸਮੇਂ ਤਾਂ ਮੈਂ ਇਹ ਸੋਚਦਾ ਸੀ ਕਿ ਸ਼ਾਇਦ ਦੋਵਾਂ ਪੁੱਤਰਾਂ ਦੇ ਪਿਛਲੇ ਨਰਾਤਿਆਂ ਵਿਚ ਵਾਲ ਲਹਾਉਣ ਸਮੇਂ ਮੇਰਾ ਮੰਦਰ ਵਿਚ ਪ੍ਰਵੇਸ਼ ਨਾ ਕਰਨਾ ਹੀ ਉਹ ਕਾਰਨ ਬਣਿਆ ਹੈ, ਜਿਸ ਕਾਰਨ ਮੈਂ ਲਾਟਾਂ ਵਾਲੀ ਅੱਗੇ ਨਤਮਸਤਕ ਹੋਣ ਆਇਆ ਹਾਂ। ਸ਼ਾਇਦ ਮੇਰੇ ਭਗਵੇਂ ਵਸਤਰ ਵੇਖ ਕੇ ਮੈਨੂੰ ਮੰਦਰ ਵਿਚ ਵੜਨ ਸਮੇਂ ਮੰਦਰ ਦੇ ਕਿਸੇ ਵੀ ਪਾਂਡੇ ਜਾਂ ਭੋਜਕੀ ਨੇ ਕੁਝ ਨਹੀਂ ਪੁੱਛਿਆ, ਸਗੋਂ ਮੈਨੂੰ ਵੇਖ ਕੇ ਉਹ ਸਤਿਕਾਰ ਦੀ ਮੁਦਰਾ ਵਿਚ ਆ ਗਏ। ਡੂਨਾ ਫੜਿਆ, ਮਾਤਾ ਦੇ ਚਰਨਾਂ ਵਿਚ ਭੋਗ ਲਾਉਣ ਪਿੱਛੋਂ ਡੂਨੇ ਵਿਚ ਕੁਝ ਹੋਰ ਭੋਗ ਪਾ ਕੇ ਮੈਨੂੰ ਫੜਾ ਦਿੱਤਾ ਤੇ ਨਾਲ ਮੈਨੂੰ ਚਰਨ ਬੰਧਨਾ ਵੀ ਕੀਤੀ। ਮੰਦਰ 'ਚੋਂ ਬਾਹਰ ਆਉਣ ਸਾਰ ਡੂਨੇ ਨੂੰ ਇਕ ਬੱਕਰਾ ਪੈ ਗਿਆ। ਸ਼ਾਇਦ ਕੋਈ ਭਗਤ ਇਹ ਬੱਕਰਾ ਮੰਦਰ ਵਿਚ ਚੜ੍ਹਾ ਕੇ ਗਿਆ ਹੋਵੇ। ਇਸ ਘਟਨਾ ਨੇ ਵੀ ਮੈਨੂੰ ਨਾ ਨਿਰਾਸ਼ ਕੀਤਾ ਤੇ ਨਾ ਮੈਂ ਗੁੱਸੇ ਵਿਚ ਆਇਆ।
ਹੁਣ ਜਦਕਿ ਮੇਰਾ ਸਾਰਾ ਗੁੱਸਾ ਹੀ ਪੂਰੀ ਤਰ੍ਹਾਂ ਕਾਫੂਰ ਹੋ ਚੁੱਕਾ ਸੀ, ਮੈਂ ਸਿੱਧਾ ਬਸ ਸਟੈਂਡ ਨੂੰ ਹੋ ਤੁਰਿਆ। ਹੁਸ਼ਿਆਰਪੁਰ ਬਸ ਅੱਡੇ 'ਤੇ ਆ ਕੇ ਕਿਸੇ ਓਹਲੇ ਵਿਚ ਖੜ੍ਹ ਗਿਆ। ਨਵੀਂ ਬਨੈਣ ਪਾਈ ਤੇ ਪੈਂਟ ਸ਼ਰਟ ਵੀ। ਭਗਵੇਂ ਵਸਤਰ ਤੇ ਮੈਲੀ ਬਨੈਣ, ਲੂੰਗੀ ਵਿਚ ਲਪੇਟ ਕੇ ਮੈਂ ਲੁਧਿਆਣੇ ਵਾਲੀ ਬਸ ਲੈ ਲਈ। ਪਰ ਤਪੇ ਜਾਣ ਨੂੰ ਅਜੇ ਵੀ ਮੇਰਾ ਜੀਅ ਨਹੀਂ ਸੀ ਕਰਦਾ। ਆੀਂਰ ਲੁਧਿਆਣੇ ਤੋਂ ਰੇਲ ਰਾਹੀਂ ਆਪਣੀ ਭੈਣ ਤੇ ਆਪਣੇ ਸਭ ਤੋਂ ਵੱਧ ਹਮਦਰਦ ਗੁੱਜਰ ਲਾਲ ਜੀਜਾ ਜੀ ਕੋਲ ਜਾਣ ਦਾ ਫੈਸਲਾ ਕਰ ਲਿਆ। ਸਟੇਸ਼ਨ ਤੋਂ ਤਾਂਗਾ ਲਿਆ ਤੇ ਮਾਲੇਰਕੋਟਲੇ ਦੇ ਪਟੇਲ ਮੁਹੱਲੇ ਕੋਲ ਜਾ ਉਤਰਿਆ। ਚੰਦਰ ਕਾਂਤਾ ਭੈਣ ਜਿਵੇਂ ਮੇਰੀ ਉਡੀਕ ਹੀ ਕਰ ਰਹੀ ਹੋਵੇ। ਉਸ ਲਈ ਜਿਵੇਂ ਚੰਦ ਬੱਦਲਾਂ ਵਿਚੋਂ ਨਿਕਲ ਆਇਆ ਹੋਵੇ। ਸ਼ਾਇਦ ਜੀਜਾ ਜੀ ਨੇ ਪਲਾਂ-ਛਿਣਾਂ ਵਿਚ ਹੀ ਤਪੇ ਅਤੇ ਹੋਰ ਰਿਸ਼ਤੇਦਾਰਾਂ ਨੂੰ ਫੋਨ ਕਰ ਦਿੱਤੇ। ਵੀਰ ਤੇ ਮੇਰੀ ਪਤਨੀ ਦੋਵੇਂ ਬੱਚਿਆਂ ਨੂੰ ਲੈ ਕੇ ਦਿਨ ਛਿਪੇ ਭੈਣ ਦੇ ਘਰ ਪਹੁੰਚ ਗਏ। ਮੈਨੂੰ ਇਉਂ ਲਗਦਾ ਸੀ ਜਿਵੇਂ ਮੈਂ ਅਜੇ ਵੀ ਇਹਨਾਂ ਸਭ ਲਈ ਓਪਰਾ ਹੋਵਾਂ ਤੇ ਇਹ ਸਭ ਮੇਰੇ ਲਈ। ਬੌਬੀ ਨੂੰ ਗੋਦੀ ਵਿਚ ਲੈ ਕੇ ਮੈਂ ੂਂਬ ਰੋਇਆ ਸੀ। ਕੁਝ ਦਿਨ ਮੈਂ ਮਾਲੇਰਕੋਟਲੇ ਹੀ ਰਿਹਾ, ਸੁਦਰਸ਼ਨਾ ਦੇਵੀ ਵੀ ਤੇ ਬੱਚੇ ਵੀ। ਭਰਾ ਵਾਪਸ ਤਪਾ ਮੰਡੀ ਚਲਾ ਗਿਆ ਸੀ। ਸ਼ਾਇਦ ਜੀਜਾ ਜੀ ਤੇ ਵੀਰ ਨੇ ਸਭ ਨੂੰ ਸੀਂਤ ਹਦਾਇਤ ਕੀਤੀ ਹੋਈ ਸੀ ਕਿ ਮਾਲੇਰਕੋਟਲੇ ਕੋਈ ਨਾ ਜਾਵੇ। ਮੈਨੂੰ ਇਹ ਗੱਲ ਚੰਗੀ ਲੱਗ ਰਹੀ ਸੀ, ਕਿਉਂਕਿ ਮੈਂ ਕਿਸੇ ਸਾਹਮਣੇ ਕਿਸੇ ਤਰਸ, ਕਿਸੇ ਹਮਦਰਦੀ ਤੇ ਕਿਸੇ ਮਜ਼ਾਕ ਦਾ ਪਾਤਰ ਨਹੀਂ ਸੀ ਬਣਨਾ ਚਾਹੁੰਦਾ। ਮੈਨੂੰ ਬੱਚਿਆਂ ਵਾਂਗ ਵਡਿਆ ਕੇ ਰੱਖਿਆ ਜਾ ਰਿਹਾ ਸੀ। ਦੋਵੇਂ ਬੱਚੇ ਰਾਤ ਨੂੰ ਮੇਰੇ ਨਾਲ ਹੀ ਸੌਂਦੇ ਸਨ। ਸੁਦਰਸ਼ਨਾ ਦੇਵੀ ਦੀ ਸੇਵਾ ਬਿਲਕੁਲ ਉਹੋ ਜਿਹੀ ਹੀ ਸੀ, ਜਿਹੋ ਜਿਹੀ ਵਿਆਹ ਪਿੱਛੋਂ ਦੇ ਮੁਢਲੇ ਦਿਨਾਂ ਦੀ। ਉਨਾਂ ਚਿਰ ਮੈਂ ਤਪੇ ਨਹੀਂ ਸੀ ਗਿਆ, ਜਿੰਨਾ ਚਿਰ ਸਿਰ ਦੇ ਵਾਲ ਪੂਰੇ ਨਹੀਂ ਸਨ ਆਏ। ਜੀਜਾ ਜੀ ਦੇ ਰੋਜ਼ ਰਾਤ ਨੂੰ ਦਿੱਤੇ ਉਪਦੇਸ਼ ਨਾਲ ਮੇਰੇ ਅੰਦਰ ਗ੍ਰਹਿਸਥੀ ਜ਼ਿੰਦਗੀ ਤੇ ਸਮਾਜ ਸੇਵਾ ਦੀ ਇਕ ਨਵੀਂ ਜਲਧਾਰਾ ਸੰਗਮ ਬਣ ਕੇ ਵਹਿ ਤੁਰੀ ਸੀ। ਬਹੁਤ ਕੁਝ ਸਮਝਾ ਬੁਝਾ ਕੇ ਜੀਜਾ ਜੀ ਸਾਨੂੰ ਗੱਡੀ ਚੜ੍ਹਾ ਗਏ ਸਨ। ਬੁੱਧ ਜਾਂ ਨਾਨਕ ਦੀ ਉਦਾਸੀ ਵਰਗਾ ਮੇਰੇ ਕੋਲ ਕੋਈ ਅਧਾਰ ਹੀ ਨਹੀਂ ਸੀ। ਬੁੱਧ ਕਿਥੋਂ ਬਣਦਾ? ਸਮਝੋ ਬੁੱਧੂ ਮੁੜ ਕੇ ਘਰ ਆ ਗਿਆ ਸੀ।
ਇਹ ਮੇਰੇ ਸਰਕਾਰੀ ਮਿਡਲ ਸਕੂਲ, ਮਹਿਤਾ ਵਿਚ ਨੌਕਰੀ ਸਮੇਂ ਦਾ ਉਹ ਵਾਕਿਆ ਹੈ, ਜਿਸ ਨੂੰ ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਮੂਰਖਤਾ ਸਮਝਦਾ ਹਾਂ।

...ਚਲਦਾ...