ਧ੍ਰਿਤਰਾਸ਼ਟਰ - 18 (ਸਵੈ ਜੀਵਨੀ )

ਐਸ ਤਰਸੇਮ (ਡਾ)   

Email: starsemnazria@gmail.com
Phone: +91 1675 258879
Cell: +91 95015 36644
Address: ਸੰਤ ਕਾਲੋਨੀ, ਸਟੇਡੀਅਮ ਰੋਡ
ਮਾਲੇਰਕੋਟਲਾ India 148023
ਐਸ ਤਰਸੇਮ (ਡਾ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਿਰਧ ਆਸ਼ਰਮ ਦਾ ਸੁਪਨਾ

ਪੰਜਾਬ ਵੈਲਫੇਅਰ ਐਸੋਸੀਏਸ਼ਨ ਫਾਰ ਦਾ ਬਲਾਈਂਡ ਦਾ ੧੯੮੧ ਤੋਂ ਜਨਰਲ ਸਕੱਤਰ ਹੋਣ ਕਾਰਨ ਮੈਨੂੰ ਕਈ ਨੇਤਰਹੀਣ ਬਜ਼ੁਰਗਾਂ ਦੇ ਘਰ ਜਾਣਾ ਪਿਆ। ਜਿੰਨ੍ਹਾਂ ਪਾਸ ਆਮਦਨ ਦਾ ਕੋਈ ਸਾਧਨ ਹੈ, ਉਹ ਵੀ ਤੇ ਜਿੰਨ੍ਹਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ, ਉਹ ਬਜ਼ੁਰਗ ਵੀ ਬੜੀ ਲੁਕਵੀਂ ਤੇ ਦਬਵੀਂ ਅਵਾਜ਼ ਵਿਚ ਆਪਣੀ ਦਰਦ ਕਹਾਣੀ ਸੁਣਾਉਂਦੇ। ਸੋ ਮੈਂ ਨੇਤਰਹੀਣ ਬੱਚਿਆਂ ਲਈ ਕੋਈ ਸਕੂਲ ਖੋਲ੍ਹਣ ਦੀ ਥਾਂ ਪੰਜਾਬ ਵਿਚ ਮੁਨਾਖਿਆਂ ਤੇ ਅੰਗਹੀਣਾਂ ਲਈ ਇਕ ਬਿਰਧ ਆਸ਼ਰਮ ਖੋਲ੍ਹਣ ਦਾ ਕਦੇ ਸੁਪਨਾ ਲਿਆ ਸੀ।
ਜਦੋਂ ਬਹੁਕੌਮੀ ਕੰਪਨੀਆਂ ਦਾ ਮੱਕੜਜਾਲ ਨਹੀਂ ਸੀ ਵਿਛਿਆ, ਉਦੋਂ ਪੰਜਾਬ ਦੇ ਸ਼ਹਿਰਾਂ ਤੇ ਕਸਬਿਆਂ ਵਿਚ ਛੋਟੇ ਵੱਡੇ ਉਦਯੋਗ ਸਨ। ਭਾਵੇਂ ਕਾਰਨ ਕੁਝ ਵੀ ਸਮਝੋ, ਇਹ ਮੱਧ-ਸ਼੍ਰੇਣੀ ਜਾਂ ਪੂੰਜੀਪਤੀ ਲੋਕ ਨੇਤਰਹੀਣਾਂ ਲਈ ਚਲਾਈਆਂ ਜਾ ਰਹੀਆਂ ਸੰਸਥਾਵਾਂ ਵਾਸਤੇ ਕੁਝ ਦਾਨ ਦੇਣ ਲਈ ਕਦੇ ਵੀ ਜਵਾਬ ਨਹੀਂ ਸਨ ਦਿੰਦੇ। ਇਸ ਤਰ੍ਹਾਂ ਹੌਲੀ ਹੌਲੀ ਸਾਡੀ ਐਸੋਸੀਏਸ਼ਨ ਕੋਲ ਢਾਈ ਤੋਂ ਤਿੰਨ ਲੱਖ ਰੁਪਿਆ ਹੋ ਗਿਆ ਸੀ। ਵਿਦਿਆਰਥੀਆਂ ਨੂੰ ਵਜ਼ੀਫੇ, ਰੋਗੀਆਂ ਤੇ ਬਿਰਧਾਂ ਦੀ ਸਹਾਇਤਾ ਦੇ ਬਾਵਜੂਦ ਵੀ ਅਸੀਂ ਇਹ ਧਨ ਜੋੜ ਲਿਆ ਸੀ। ਰਹਾਇਸ਼ੀ ਜ਼ਮੀਨ ਦੀਆਂ ਕੀਮਤਾਂ ਵੀ ਹਨੂੰਮਾਨ ਦੀ ਪੂਛ ਵਾਂਗ ਵਧੀ ਜਾ ਰਹੀਆਂ ਸਨ। ਆਖਰ ੨ਂਂ੩-ਂ੪ ਵਿਚ *ਹੋਮ ਫਾਰ ਦੀ ਓਲਡ ਏਜ ਬਲਾਈਂਡ ਟ੍ਰਸਟ' ਦਾ ਸੰਗਠਨ ਕੀਤਾ ਜੋ ਅਸਲ ਵਿਚ ਐਸੋਸੀਏਸ਼ਨ ਦਾ ਹੀ ਇਕ ਅੰਗ ਸੀ। ਇਸ ਤਰ੍ਹਾਂ ਮਾਲੇਰਕੋਟਲਾ-ਧੂਰੀ ਸੜਕ ਉਤੇ ਧੂਰੀ ਦੇ ਨੇੜੇ ਚਾਰ ਕੁ ਲੱਖ ਰੁਪਏ ਖਰਚ ਕਰਕੇ ਦੋ ਵਿੱਘੇ ਜ਼ਮੀਨ ਲੈ ਲਈ ਸੀ। ਮਕਸਦ ਇਹ ਸੀ ਕਿ ਇਥੇ ਅਜਿਹੇ ਆਸ਼ਰਮ ਦੀ ਉਸਾਰੀ ਕੀਤੀ ਜਾਵੇ, ਜਿਸ ਵਿਚ ਬਿਰਧ ਨੇਤਰਹੀਣਾਂ ਲਈ ਸਭ ਸਹੂਲਤਾਂ ਹੋਣ। ਪਰ ਧੂਰੀ, ਸੰਗਰੂਰ ਤੇ ਮੇਰੀ ਆਪਣੀ ਜਨਮ ਭੂਮੀ ਤਪਾ ਮੰਡੀ ਵਿਚ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਉਸਾਰੇ ਆਸ਼ਰਮਾਂ ਕਾਰਨ ਸਾਨੂੰ ਇਸ ਆਸ਼ਰਮ ਦੀ ਉਸਾਰੀ ਲਈ ਆਰਥਿਕ ਸਹਾਇਤਾ ਮਿਲਣ ਦੀ ਥਾਂ ਇਹ ਸੁਝਾ ਦਿੱਤਾ ਜਾਂਦਾ ਸੀ ਕਿ ਅਸੀਂ ਬਿਰਧ ਨੇਤਰਹੀਣਾਂ ਨੂੰ ਉਹਨਾਂ ਆਸ਼ਰਮਾਂ ਵਿਚ ਹੀ ਭੇਜੀਏ। ਕਿਸੇ ਐਨ.ਆਰ.ਆਈ. ਨੇ ਵੀ ਅਜੇ ਤੱਕ ਸਾਡੀ ਬਾਂਹ ਨਹੀਂ ਫੜੀ। ਸਰਕਾਰਾਂ ਕੋਲ ਪੂਰਾ ਪ੍ਰਾਜੈਕਟ ਬਣਾ ਕੇ ਭੇਜਣ ਦੇ ਬਾਵਜੂਦ ਸਿਰਫ ਏਨੀ ਕੁ ਰਕਮ ਮਿਲਣ ਦੀ ਸੰਭਾਵਨਾ ਹੋ ਸਕਦੀ ਸੀ, ਜਿਸ ਨਾਲ ਆਸ਼ਰਮ ਦੀ ਚਾਰ ਦੀਵਾਰੀ ਤੋਂ ਬਿਨਾਂ ਕੇਵਲ ਦੋ ਤਿੰਨ ਕਮਰਿਆਂ ਦੀ ਉਸਾਰੀ ਹੀ ਹੋ ਸਕਦੀ ਸੀ ਅਤੇ ਇਹ ਧਨ ਸਰਕਾਰ ਤੋਂ ਲੈਣਾ ਔਖਾ ਹੈ, ਸੱਪ ਦੇ ਸਿਰ ਤੋਂ ਮਣੀ ਲਿਆਉਣੀ ਸੌਖੀ ਹੈ।
ਜਿਹੜੇ ਬਿਰਧ ਆਸ਼ਰਮਾਂ ਦਾ ਜ਼ਿਕਰ ਮੈਂ ਪਹਿਲਾਂ ਕਰ ਚੁੱਕਾ ਹਾਂ, ਉਹ ਸਹੀ ਅਰਥਾਂ ਵਿਚ ਬਿਰਧ ਆਸ਼ਰਮ ਨਹੀਂ ਹਨ। ਕੁਝ ਚਲਦੇ ਫਿਰਦੇ ਧਨਾਢਾਂ ਵੱਲੋਂ ਬਣਾਏ ਇਕ ਕਿਸਮ ਦੇ ਕੁਆਰਟਰ ਹਨ, ਜਿੰਨ੍ਹਾਂ ਵਿਚ ਮਨਾਖੇ ਤਾਂ ਕੀ, ਸਜਾਖੇ ਬਿਰਧ ਵੀ ਅਰਧ ਕੈਦੀਆਂ ਵਰਗੀ ਜ਼ਿੰਦਗੀ ਗੁਜ਼ਾਰਦੇ ਹਨ। ਇਹ ਆਸ਼ਰਮ ਉਸ ਤਰ੍ਹਾਂ ਦੀ ਸ਼ਰਧਾ ਨਾਲ ਹੀ ਬਣਾਏ ਗਏ ਹਨ ਜਿਵੇਂ ਮੰਦਰ, ਮਸਜਿਦ ਤੇ ਗੁਰਦੁਆਰੇ। ਇਸ ਲਈ ਇਥੇ ਬਿਰਧਾਂ ਨੂੰ ਉਸ ਤਰ੍ਹਾਂ ਹੀ ਸਾਂਭਿਆ ਤੇ ਵੇਖਿਆ ਜਾਂਦਾ ਹੈ ਜਿਵੇਂ ਮੂਰਤੀਆਂ ਅਤੇ ਧਾਰਮਿਕ ਗੰ੍ਰਥਾਂ ਨੂੰ। ਕੁਝ ਆਸ਼ਰਮ ਹੀ ਸਹੀ ਅਰਥਾਂ ਵਿਚ ਬਿਰਧ ਆਸ਼ਰਮ ਹਨ। ਜਿੰਨ੍ਹਾਂ ਬਿਰਧਾਂ ਦੀ ਕੋਈ ਪੱਕੀ ਆਮਦਨ ਹੈ, ਉਹ ਉਹਨਾਂ ਤੋਂ ਮਾਸਿਕ ਫੀਸ ਵੀ ਲੈਂਦੇ ਹਨ, ਹੋਸਟਲ ਦੀ ਫੀਸ ਵਾਂਗ। ਜਿੰਨ੍ਹਾਂ ਦੀ ਕੋਈ ਆਮਦਨ ਨਹੀਂ ਹੈ, ਉਹਨਾਂ ਦੇ ਮੁਫਤ ਠਹਿਰਨ ਦਾ ਪ੍ਰਬੰਧ ਵੀ ਹੈ। ਪਰ ਮੇਰੀ ਇੱਛਾ ਹੈ ਕਿ ਬਿਰਧ ਆਸ਼ਰਮ ਇਸ ਤਰ੍ਹਾਂ ਦਾ ਹੋਵੇ ਜਿਥੇ ਖਾਣ ਪੀਣ ਤੋਂ ਲੈ ਕੇ ਰਹਾਇਸ਼ ਦੇ ਸੁਚੱਜੇ ਪ੍ਰਬੰਧ ਦੇ ਨਾਲ ਨਾਲ ਬਿਰਧ ਨੇਤਰਹੀਣ ਯੋਗਾ, ਕਸਰਤ ਤੇ ਸੈਰ ਕਰ ਸਕਣ। ਰੇਡੀਓ ਤੇ ਟੀ.ਵੀ. ਤੋਂ ਇਲਾਵਾ ਅੀਂਬਾਰਾਂ ਦੀਆਂ ੀਂਬਰਾਂ ਪੜ੍ਹ ਕੇ ਸੁਣਾਉਣ ਦਾ ਪ੍ਰਬੰਧ ਵੀ ਹੋਵੇ। ਰੋਜ਼ ਸਵੇਰ ਦੀ ਸਭਾ ਹੋਵੇ ਤੇ ਇਕ ਸਭਾ ਰਾਤ ਦੀ ਹੋਵੇ। ਹਰ ਕਿਸਮ ਦੀ ਡਾਕਟਰੀ ਸਹੂਲਤ ਪ੍ਰਾਪਤ ਹੋਵੇ। ਇਸ ਕਿਸਮ ਦੇ ਆਸ਼ਰਮ ਚਲਾਉਣ ਲਈ ਬਿਰਧ ਮਨਾਖਿਆਂ ਦੇ ਨਾਲ ਨਾਲ ਕੁਝ ਬਿਰਧ ਸਜਾਖੇ ਤੇ ਅਜਿਹੇ ਅੰਗਹੀਣ ਹੋਣ ਜੋ ਆਸ਼ਰਮ ਦੀ ਦੇਖਸ਼ਭਾਲ ਵੀ ਕਰਨ ਤੇ ਬਿਰਧ ਨੇਤਰਹੀਣਾਂ ਦੀ ਸਹਾਇਤਾ ਵੀ। ਇਸ ਤਰ੍ਹਾਂ ਘੱਟ ਕਰਮਚਾਰੀਆਂ ਦੇ ਨਾਲ ਆਸ਼ਰਮ ਦਾ ਕੰਮ ਚੱਲ ਸਕਦਾ ਹੈ। ਸੈਰ ਕਰਨ ਜਾਂ ਦੌੜਨ ਲਈ ਟਰੈਕ ਹੋਣ। ਇਕ ਸੁੰਦਰ ਪਾਰਕ ਹੋਵੇ, ਜਿਸ ਵਿਚ ੁਂਸ਼ਬੂਦਾਰ ਫੁੱਲਾਂ ਦੇ ਬੂਟੇ ਜ਼ਰੂਰ ਹੋਣ। ਸ਼ੌਰੀਲੇ ਸੰਗੀਤ ਦੀ ਥਾਂ ੧੯੬ਂ-੭ਂ ਤੋਂ ਪਹਿਲਾਂ ਦੇ ਅਜਿਹੇ ਸਮਾਜਿਕ, ਧਾਰਮਿਕ ਤੇ ਸਭਿਆਚਾਰਕ ਗੀਤ ਸੁਣਨ ਦਾ ਪ੍ਰਬੰਧ ਹੋਵੇ, ਜੋ ਨੇਤਰਹੀਣਾਂ ਦਾ ਮਨੋਰੰਜਨ ਵੀ ਕਰਨ ਤੇ ਮਾਨਸਿਕ ਤ੍ਰਿਪਤੀ ਵੀ। ਸਵੇਰ ਤੇ ਰਾਤ ਦੀਆਂ ਸਭਾਵਾਂ ਵਿਚ ਸਭ ਹਾਜ਼ਰ ਆਪਣੀਆਂ ਆਪਣੀਆਂ ਸਮੱਸਿਆਵਾਂ ਦੱਸਣ---ਮਨਾਖੇ, ਸਜਾਖੇ, ਅੰਗਹੀਣ ਤੇ ਮੁਲਾਜ਼ਮ। ਵਿਚਾਰਾਂ ਦੇ ਪ੍ਰਗਟਾਵੇ ਲਈ ਸਮਾਂ ਨਿਯਤ ਹੋਵੇ। ਚੰਗੇ ਬੁਲਾਰਿਆਂ ਨੂੰ ਬੋਲਣ ਦੇ ਵੱਧ ਮੌਕੇ ਮਿਲਣ। ਗੀਤ, ਸੰਗੀਤ ਵੀ ਹੋਵੇ। ਇਹਨਾਂ ਸਭ ਪ੍ਰੋਗਰਾਮਾਂ ਵਿਚ ਹਾਸ ਵਿਅੰਗ ਦੇ ਪ੍ਰੋਗਰਾਮਾਂ ਦਾ ਉਚੇਚਾ ਖਆਿਲ ਰੱਖਿਆ ਜਾਵੇ। ਪਰ ਇਹ ਤਾਂ ਮੇਰਾ ਸੁਪਨਾ ਹੀ ਹੈ। ਅਜੇ ਦਿੱਲੀ ਬਹੁਤ ਦੂਰ ਹੈ। ਧੂਰੀ ਦੀ ਥਾਂ ਹੁਣ ਮਾਲੇਰਕੋਟਲੇ ਜਾਂ ਇਸ ਦੇ ਕਿਸੇ ਨੇੜਲੇ ਪਿੰਡ ਵਿਚ ਅਜਿਹਾ ਬਿਰਧ ਆਸ਼ਰਮ ਬਣਾਉਣ ਦੀ ਸੋਚ ਰਿਹਾ ਹਾਂ।
ਪਹਿਲਾਂ ਮੈਂ ਜਦ ਕੁਝ ਮਿੱਤਰਾਂ ਦੇ ਘਰ ਜਾਂਦਾ ਤੇ ਉਥੇ ਉਹਨਾਂ ਦੇ ਪੁੱਤਰਾਂ-ਧੀਆਂ ਤੋਂ ਉਹਨਾਂ ਨੂੰ ਅਪਮਾਨਤ ਹੁੰਦੇ ਵੇਖਦਾ, ਇਹ ਸੁਪਨਾ ਮੈਂ ਉਦੋਂ ਲਿਆ ਸੀ। ਹੁਣ ਮੈਂ ੁਂਦ ਅਜਿਹੇ ਆਸ਼ਰਮ ਵਿਚ ਇਕ ਪ੍ਰਬੰਧਕ ਦੇ ਤੌਰ 'ਤੇ ਹੀ ਨਹੀਂ, ਇਕ ਬਿਰਧ ਦੇ ਤੌਰ 'ਤੇ ਰਹਿਣ ਦੀ ਇੱਛਾ ਰਖਦਾ ਹਾਂ, ਜਿਥੇ ਮੈਂ ਆਪਣੀ ਮਰਜ਼ੀ ਦਾ ਜੀਵਨ ਗੁਜ਼ਾਰ ਸਕਾਂ।
ਇਹ ਮੇਰੀ ਕਪੋਲ ਕਲਪਨਾ ਨਹੀਂ, ਮੈਂ ਆਪਣੇ ਸੁਪਨਿਆਂ ਨੂੰ ਵਾਸਤਵਿਕਤਾ ਤੇ ਯਥਾਰਥ ਵਿਚ ਬਦਲਦੇ ਵੇਖਿਆ ਹੈ। ਮੈਨੂੰ ਪਤਾ ਹੈ ਕਿ ਇਕ ਨੇਤਰਹੀਣ ਕਰਮਚਾਰੀ ਦੇ ਤੌਰ 'ਤੇ ਮੈਂ ਸਕੂਲਾਂ ਵਿਚ ਅਨਪੜ੍ਹ ਤੇ ਉਜੱਡ ਲੋਕਾਂ ਨਾਲ ਕਿਵੇਂ ਜੂਝਿਆ, ਉਦੋਂ ਨੇਤਰਹੀਣਾਂ ਦੀ ਪ੍ਰਾਈਵੇਟ ਸੰਸਥਾਵਾਂ ਤੇ ਉਦਯੋਗਾਂ ਵਿਚ ਤਾਂ ਕੀ, ਸੰਗੀਤ ਅਧਿਆਪਕ ਤੋਂ ਬਿਨਾਂ ਹੋਰ ਕਿਸੇ ਅਸਾਮੀ ਉਤੇ ਭਰਤੀ ਹੋਣ ਦਾ ਕੋਈ ਪ੍ਰਬੰਧ ਨਹੀਂ ਸੀ। ਜਦ ਮੈਂ ੧੯੮੧ ਤੋਂ ੧੯੮੩ ਤੱਕ ਕਾਲਜ ਲੈਕਚਰਾਰ ਬਣਨ ਲਈ ਸੰਘਰਸ਼ ਕੀਤਾ, ਉਸ ਸਮੇਂ ਦਰਜਾ-ਦੋ ਲਈ ਨੇਤਰਹੀਣ ਕਰਮਚਾਰੀਆਂ ਦੀ ਭਰਤੀ ਦਾ ਕੋਈ ਪ੍ਰਬੰਧ ਨਹੀਂ ਸੀ। ਕਾਲਜ ਪ੍ਰਾਧਿਆਪਕ ਉਦੋਂ ਦਰਜਾ-ਦੋ ਕਰਮਚਾਰੀ ਹੋਣ ਕਾਰਨ ਇਸ ਅਸਾਮੀ ਦੇ ਯੋਗ ਨਹੀਂ ਸਨ ਸਮਝੇ ਜਾਂਦੇ। ਪਰ ਮੇਰੇ ਸੰਘਰਸ਼ ਕਾਰਨ ਮੈਨੂੰ ਇਹ ਅਸਾਮੀ ਜਿਸ ਤਰ੍ਹਾਂ ਮਿਲੀ, ਉਸ ਦਾ ਜ਼ਿਕਰ ਮੈਂ ਪਿਛਲੇ ਕਾਂਡਾਂ ਵਿਚ ਕਰ ਆਇਆ ਹਾਂ। ਉਸ ਤੋਂ ਪਿੱਛੋਂ ਐਸੋਸੀਏਸ਼ਨ ਤੇ ਹੋਰ ਨੇਤਰਹੀਣ ਜਥੇਬੰਦੀਆਂ ਤੇ ਸੰਸਥਾਵਾਂ ਨੇ ਤਾਲਮੇਲ ਕਮੇਟੀ ਬਣਾ ਕੇ ਜਿਹੜਾ ਸੰਘਰਸ਼ ਆਰੰਭਿਆ, ਉਹਨਾਂ ਗ੍ਰਿਫਤਾਰੀਆਂ ਦਾ ਹੀ ਸਿੱਟਾ ਹੈ ਕਿ ਪੰਜਾਬ ਸਰਕਾਰ ਦੇ ਹਰ ਵਿਭਾਗ ਵਿਚ ਨੇਤਰਹੀਣਾਂ ਲਈ ਕੁਝ ਸੇਵਾਵਾਂ ਨੂੰ ਛੱਡ ਕੇ ਹਰ ਕਿਸਮ ਦੀ ਅਸਾਮੀ ਲਈ ੧੍ਹ ਅਸਾਮੀਆਂ ਰਾਖਵੀਆਂ ਹਨ। ਭਾਰਤ ਪੱਧਰ ਉਤੇ ਜਿਹੜਾ ਸੰਘਰਸ਼ ਨੇਤਰਹੀਣਾਂ ਦੀਆਂ ਕੌਮੀ ਜਥੇਬੰਦੀਆਂ ਵੱਲੋਂ ਚਲਾਇਆ ਗਿਆ, ਉਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਹੁਣ ਜੱਜਾਂ ਤੇ ਆਈ.ਏ.ਐਸ. ਅਫਸਰਾਂ ਦੀਆਂ ਅਸਾਮੀਆਂ ਉਤੇ ਵੀ ੧੍ਹ ਨੇਤਰਹੀਣ ਨਿਯੁਕਤ ਹੋ ਸਕਦੇ ਹਨ। ਅਦਾਲਤਾਂ ਵਿਚ ਨੇਤਰਹੀਣ ਵਕੀਲ ਦੇ ਤੌਰ 'ਤੇ ਵੀ ਪੇਸ਼ ਹੁੰਦੇ ਹਨ।
ਹੁਣ ਜਦਕਿ ਬਹੁਤੇ ਨੇਤਰਹੀਣਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਨੇਤਰਹੀਣਤਾ ਦੀ ਔਕੜ ਨੂੰ ਛੱਡ ਕੇ ਬਾਕੀ ਚਾਰ ਗਿਆਨ ਇੰਦਰੀਆਂ ਨਾਲ ਸਮਾਜ ਦੇ ਹਰ ਕਿਸਮ ਦੇ ਕੰਮ ਵਿਚ ਪੂਰੀ ਸਰਗਰਮੀ ਵਿਖਾ ਸਕਦੇ ਹਨ ਤਾਂ ਫਿਰ ਕਿਉਂ ਕਿਸੇ ਨੇਤਰਹੀਣ ਬਿਰਧਾਂ ਲਈ ਬਣਾਏ ਜਾਣ ਵਾਲੇ ਆਸ਼ਰਮ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ। ਮੈਂ ਆਸਵੰਦ ਹਾਂ। ਜੇ ਸਿਹਤ ਨੇ ਸਾਥ ਦਿੱਤਾ ਤਾਂ ਬਿਰਧਾਂ ਲਈ ਇਕ ਆਦਰਸ਼ ਬਿਰਧ ਆਸ਼ਰਮ ਬਣਾਉਣ ਦਾ ਸੁਪਨਾ ਪੂਰਾ ਕਰਾਂਗਾ, ਉਹ ਆਸ਼ਰਮ ਜਿਸ ਨੂੰ ਵੇਖਣ ਲਈ ਦੇਸ਼ ਵਿਦੇਸ਼ੋਂ ਲੋਕ ਆਉਣਗੇ ਅਤੇ ਇਸ ਤਰ੍ਹਾਂ ਦੇ ਆਸ਼ਰਮ ਬਣਾਉਣ ਦੀ ਲਹਿਰ ਸਾਰੇ ਭਾਰਤ ਵਿਚ ਚੱਲੇਗੀ।


ਮਹਾਂ ਤੀਰਥ

ਇਹ ਤੱਥ ਸ਼ਾਇਦ ਘਰ ਘਰ ਪਹੁੰਚ ਹੀ ਗਿਆ ਹੈ ਕਿ ਅਜ਼ਾਦੀ ਸੰਗਰਾਮ ਦੇ ਹੀਰੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ੨੮ ਸਤੰਬਰ ੧੯ਂ੭ ਨੂੰ ਚੱਕ ੧ਂ੫, ਬੰਗਾ, ਤਹਿਸੀਲ ਜੜ੍ਹਾਂਵਾਲੀ, ਜ਼ਿਲ੍ਹਾ ਲਾਇਲਪੁਰ (ਹੁਣ ਫੈਸਲਾਬਾਦ) ਪਾਕਿਸਤਾਨ ਇਕ ਦੇਸ਼ ਭਗਤ ਪਰਿਵਾਰ ਵਿਚ ਮਾਤਾ ਵਿਦਿਆਵਤੀ ਦੀ ਕੁੱਖੋਂ ਹੋਇਆ। ਉਹਨਾਂ ਦੇ ਪਿਤਾ ਸ.ਕਿਸ਼ਨ ਸਿੰਘ, ਚਾਚੇ ਸ.ਅਜੀਤ ਸਿੰਘ ਤੇ ਸ.ਸਵਰਨ ਸਿੰਘ ਸਭ ਅੰਗਰੇਜ਼ ਸਾਮਰਾਜ ਦੇ ਜੂਲੇ ਨੂੰ ਗਲੋਂ ਲਾਹੁਣ ਲਈ ਖੁੱਲ੍ਹੇਆਮ ਸੁਤੰਤਰਤਾ ਸੰਗਰਾਮ ਵਿਚ ਕੁੱਦੇ ਹੋਏ ਸਨ। ਭਾਰਤ ਦੇ ਸਭ ਤੋਂ ਵੱਧ ਚਰਚਿਤ ਇਸ ਕੁਰਬਾਨੀ ਦੇ ਪੁੰਜ ਦੀ ਜਨਮ ਸ਼ਤਾਬਦੀ ਭਾਰਤ ਵਿਚ ਹੀ ਨਹੀਂ, ਮਨੁੱਖੀ ਅਜ਼ਾਦੀ ਤੇ ਸਮਾਜਵਾਦ ਦੇ ਹਾਮੀਆਂ ਤੇ ਕਈ ਥਾਵਾਂ 'ਤੇ ਰਾਜ ਸਰਕਾਰਾਂ ਤੇ ਸੰਘੀ ਸਰਕਾਰਾਂ ਵੱਲੋਂ ਉਚੇਚੇ ਤੌਰ 'ਤੇ ਮਨਾਈ ਜਾ ਰਹੀ ਸੀ। ਇਸ ਗੱਲੋਂ ਮੈਂ ਉਹਨਾਂ ਕੁਝ ਕੁ ੁਂਸ਼ ਨਸੀਬ ਬੰਦਿਆਂ ਵਿਚੋਂ ਹਾਂ ਜਿਨ੍ਹਾਂ ਨੂੰ ਇਸ ਜਨਮ ਸ਼ਤਾਬਦੀ ਮਨਾਉਣ ਲਈ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ, ਲਾਹੌਰ ਦੇ ਡਾਇਰੈਕਟਰ, ਡਾ.ਜ਼ਫਰ ਚੀਮਾ ਵੱਲੋਂ ਸੱਦਾ ਪੱਤਰ ਪ੍ਰਾਪਤ ਹੋਇਆ। ਇਸ ਸਬੰਧ ਵਿਚ ਸਮਾਗਮ ੧ ਤੋਂ ੩ ਸਤੰਬਰ ੨ਂਂ੭ ਨੂੰ ਲਾਹੌਰ ਵਿਚ ਕੀਤੇ ਜਾਣੇ ਸਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸੰਗੀਤ ਦੀ ਪ੍ਰਾਧਿਆਪਕਾ ਡਾ.ਜਸਬੀਰ ਕੌਰ ਤੇ ਸੰਗਰੂਰ ਦੇ ਪੱਤਰਕਾਰ ਸ੍ਰੀ ਸ.ਸ.ਫੁੱਲ ਨੇ ਸਾਡੇ ਵੀਜ਼ੇ ਲਵਾਉਣ ਲਈ ਉਚੇਚੇ ਯਤਨ ਕੀਤੇ। ਮੇਰੀ ਸਹਾਇਤਾ ਲਈ ਡਾ.ਗੁਲਜ਼ਾਰ ਪੰਧੇਰ (ਲੁਧਿਆਣਾ) ਅਤੇ ਡਾ.ਸਲੀਮ ਮੁਹੰਮਦ (ਮਾਲੇਰਕੋਟਲਾ) ਸਨ ਅਤੇ ਇਹਨਾਂ ਤੋਂ ਇਲਾਵਾ ਲਗਭਗ ਦੋ ਦਰਜਨ ਹੋਰ ਲੇਖਕਾਂ ਤੇ ਰੰਗਕਰਮੀਆਂ ਨਾਲ ਅਸੀਂ ਵਾਘਾ ਬਾਰਡਰ ਰਾਹੀਂ ੩ਂ ਅਗਸਤ ਨੂੰ ਦੁਪਹਿਰ ਤੋਂ ਬਾਅਦ ਪੈਦਲ ਬਾਰਡਰ ਕਰਾਸ ਕਰਕੇ ਪਾਕਿਸਤਾਨ ਦੀ ਸਰ ਜ਼ਮੀਨ 'ਤੇ ਪਹੁੰਚ ਗਏ ਤੇ ਉਥੋਂ ਇਕ ਬਸ ਰਾਹੀਂ ਕੁਝ ਯਾਤਰੂ ਸ਼ਹੀਦ ਸਿੰਘ ਤੇ ਸਿੰਘਣੀਆਂ ਦੇ ਗੁਰਦਵਾਰੇ ਉਤਾਰ ਦਿੱਤੇ ਗਏ ਤੇ ਕੁਝ ਗੁਰਦਵਾਰਾ ਡੇਰਾ ਸਾਹਿਬ। ਸਾਡਾ ਪਹਿਲਾ ਤੇ ਦੂਜਾ ਦਿਨ ਜੇਬੀ ਫੋਨ ਰਾਹੀਂ ਪਾਕਿਸਤਾਨ ਦੇ ਪੰਜਾਬੀ ਲੇਖਕਾਂ ਨਾਲ ਸੰਪਰਕ ਵਿਚ ਗੁਜ਼ਰਿਆ।
੧ ਸਤੰਬਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਅਤੇ ਅਜ਼ਾਦੀ ਸੰਗਰਾਮ ਉਤੇ ਦਿਆਲ ਸਿੰਘ ਕਾਲਜ ਲਾਇਬਰੇਰੀ, ਲਾਹੌਰ ਦੇ ਆਡੀਟੋਰੀਅਮ ਵਿਚ ਹੋਏ ਸੈਮੀਨਾਰ ਵਿਚ ਗੁਜ਼ਰਿਆ ਪਰ ਸਾਡੇ ਮਨ ਤੇ ਅੱਖਾਂ ਨੂੰ ਸ਼ਹੀਦ-ਏ-ਆਜ਼ਮ ਦੀ ਜਨਮ ਭੂਮੀ ਦੀ ਪਾਵਨ ਮਿੱਟੀ ਮੱਥੇ ਲਾਉਣ, ਭਾਗਾਂ ਵਾਲੇ ਸ.ਕਿਸ਼ਨ ਸਿੰਘ ਦੇ ਮਹਾਂ ਯੋਧਾ ਪੁੱਤਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਵਾਲੇ ਘਰ ਅਤੇ ਉਸ ਦੇ ਪ੍ਰਾਇਮਰੀ ਸਕੂਲ ਦੇ ਦਰਸ਼ਨਾਂ ਦੀ ਭੁੱਖ ਸੀ। ਸਾਡੇ ਚੰਗੇ ਭਾਗਾਂ ਨੂੰ ਸੈਮੀਨਾਰ ਵਾਲੇ ਦਿਨ ਜਿਸ ਘਰ ਵਿਚ ਭਗਤ ਸਿੰਘ ਦਾ ਜਨਮ ਹੋਇਆ ਸੀ, ਉਸ ਘਰ ਵਿਚ ਹੁਣ ਰਹਿ ਰਹੇ ਇਕਬਾਲ ਵਿਰਕ ਵੀ ਉਥੇ ਆ ਗਏ ਤੇ ਸੈਮੀਨਾਰ ਦੇ ਮੁੱਖ ਮਹਿਮਾਨ ਲਹਿੰਦੇ ਪੰਜਾਬ ਦੇ ਉਸ ਸਮੇਂ ਦੇ ਗਵਰਨਰ ਲੈਫਟੀਨੈਂਟ ਜਨਰਲ (ਰਿਟਾ.) ਖਾਲਿਦ ਮਕਬੂਲ ਤੋਂ ਮੰਗ ਕੀਤੀ ਕਿ ਭਗਤ ਸਿੰਘ ਦੇ ਪ੍ਰਾਇਮਰੀ ਸਕੂਲ ਦੀ ਇਮਾਰਤ ਦੀ ਹਾਲਤ ਖਸਤਾ ਹੈ ਤੇ ਇਕ ਕਮਰੇ ਦੀ ਛੱਤ ਡਿਗ ਚੁੱਕੀ ਹੈ, ਉਸ ਸਕੂਲ ਦੀ ਮੁੜ ਉਸਾਰੀ ਕਰਵਾ ਕੇ ਉਸ ਨੂੰ ਯਾਦਗਾਰ ਦਾ ਦਰਜਾ ਦਿੱਤਾ ਜਾਵੇ। ਵਿਰਕ ਸਾਹਿਬ ਦੀ ਇਸ ਮੰਗ ਦੇ ਨਾਲ ਨਾਲ ਭਗਤ ਸਿੰਘ ਦੀਆਂ ਪਾਕਿਸਤਾਨ ਵਿਚ ਯਾਦਗਾਰੀ ਵਸਤਾਂ ਤੇ ਥਾਵਾਂ ਦੀ ਸਾਂਭ ਸੰਭਾਲ ਦੀ ਗੱਲ ਤੁਰਨ ਨਾਲ ਜਦ ਮੈਨੂੰ ਸਟੇਜ 'ਤੇ ਬੁਲਾਇਆ ਗਿਆ ਤਾਂ ਮੈਂ ਗਵਰਨਰ ਸਾਹਿਬ ਨੂੰ ਅਰਜ਼ ਕੀਤੀ ਕਿ ਇਹ ਸਭ ਵਾਜਬ ਮੰਗਾਂ ਹਨ ਤੇ ਭਗਤ ਸਿੰਘ ਦੋਹਾਂ ਮੁਲਕਾਂ ਦਾ ਸਾਂਝਾ ਮਹਾਂ ਨਾਇਕ ਹੈ। ਸ਼ਾਇਦ ਇਕਬਾਲ ਵਿਰਕ ਤੇ ਡਾ.ਜ਼ਫਰ ਚੀਮਾ 'ਤੇ ਮੇਰੀ ਅਰਜ਼ ਦਾ ਕੋਈ ਅਸਰ ਹੋਇਆ ਹੋਵੇ ਜਾਂ ਅੰਦਰਖਾਤੇ ਕੋਈ ਡਾ.ਚੀਮਾ ਨੇ ਵਿਉਂਤ ਬਣਾਈ ਹੋਵੇ ਕਿ ੨ ਸਤੰਬਰ ਨੂੰ ਦੁਪਹਿਰ ਪਿੱਛੋਂ ਸਾਨੂੰ ਇਕ ਲੰਬੀ ਏ.ਸੀ. ਬਸ ਵਿਚ ਬਹਾ ਕੇ ਚੱਕ ੧ਂ੫, ਬੰਗਾ ਵੱਲ ਕਾਫਲਾ ਤੁਰ ਪਿਆ। ਲਾਹੌਰ ਸ਼ਹਿਰ ਨਿਕਲ ਕੇ ਬਸ ਹਵਾ ਨਾਲ ਗੱਲਾਂ ਕਰ ਰਹੀ ਸੀ। ਮੈਨੂੰ ਦਿਸਣ ਨਾ ਕਾਰਨ ਡਾ.ਸਲੀਮ ਮੁਹੰਮਦ ਮੇਰੇ ਲਈ ਅੱਖਾਂ ਦਾ ਕੰਮ ਕਰ ਰਿਹਾ ਸੀ। ਲਗਭਗ ੧ਂਂ ਕਿਲੋਮੀਟਰ ਜਾਂ ਉਸ ਤੋਂ ਵੱਧ ਵਨ-ਵੇਅ ਟ੍ਰੈਫਿਕ ਵਾਲੀ ਫੋਰ ਲੇਨ ਸੜਕ ਜਿਵੇਂ ਰੇਸ਼ਮ ਦੀ ਬਣੀ ਹੋਵੇ। ਇਹ ਸੜਕ ਸਿੱਧੀ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਨੂੰ ਜਾਂਦੀ ਹੈ ਪਰ ਅਸੀਂ ਜਾਣਾ ਸੀ ਚੱਕ ੧ਂ੫, ਬੰਗੇ, ਜ਼ਿਲ੍ਹਾ ਫੈਸਲਾਬਾਦ, ਜਿਸ ਕਾਰਨ ਸਾਡੀ ਬਸ ਇਕ ਹੋਰ ਸੜਕ ਉਤੇ ਪਾ ਲਈ ਗਈ। ਇਹ ਸੜਕ ਵੀ ਟੂ-ਲੇਨ ਸੀ, ਪਰ ਪਹਿਲਾਂ ਨਾਲੋਂ ਰਫਤਾਰ ਕੁਝ ਘਟ ਗਈ ਸੀ। ਰਾਹ ਵਿਚ ਬਸ ਖੜ੍ਹਾ ਕੇ ਕਸ਼ਮੀਰੀ ਸੇਬਾਂ ਨਾਲ ਸਾਡੀ ਸੇਵਾ ਕੀਤੀ ਗਈ। ਡਾ.ਚੀਮਾ ਦੀਆਂ ਜੁਗਤਾਂ ਦੇ ਸਦਕੇ ਜਾਈਏ, ਸਾਨੂੰ ਕੁਝ ਵੀ ਅੱਗੋਂ ਬਾਰੇ ਦੱਸ ਨਹੀਂ ਸੀ ਰਹੇ। ਦੋ ਕੁ ਘੰਟੇ ਪਿੱਛੋਂ ਟੂ-ਲੇਨ ਸੜਕ ਛੱਡ ਕੇ ਬਸ ਇਕ ਛੋਟੀ ਸੜਕ ਉਤੇ ਧੀਮੀ ਰਫਤਾਰ ਨਾਲ ਚੱਲਣ ਲੱਗੀ, ਜਿਸ ਦੇ ਸਮਾਨਾਂਤਰ ਸੂਆ (ਛੋਟੀ ਨਹਿਰ) ਵਗਦਾ ਸੀ। ਇਹ ਸੜਕ ਉਹੋ ਜਿਹੀ ਹੀ ਹੈ ਜਿਹੋ ਜਿਹੀਆਂ ਭਾਰਤੀ ਪੰਜਾਬ ਦੇ ਪਿੰਡਾਂ ਨੂੰ ਜਾਣ ਵਾਲੀਆਂ ਲਿੰਕ ਰੋਡਜ਼। ਡਾ.ਜ਼ਫਰ ਚੀਮਾ ਨੇ ਬਸ ਵਿਚ ਖੜ੍ਹ ਕੇ ਕਿਹਾ ਕਿ ਲਉ ਭਗਤ ਸਿੰਘ ਦੀ ਜਨਮ ਭੂਮੀ ਚੱਕ ੧ਂ੫ ਆ ਗਿਆ ਦੋਸਤੋ। ਸਭ ਨੂੰ ਜਿਵੇਂ ਚਾਅ ਚੜ੍ਹ ਗਿਆ ਹੋਵੇ।
ਬਸ ਸੜਕ ਤੋਂ ਕੁਝ ਕੱਚੇ 'ਤੇ ਲਹੀ ਤੇ ਪਿੰਡ ਦੀ ਬਿਲਕੁਲ ਵੱਖੀ ਨਾਲ ਜਾ ਲੱਗੀ। ਬਸ ਦਾ ਹਾਰਨ ਸੁਣ ਕੇ ਹੀ ਪਿੰਡ ਦੀਆਂ ਸਾਰੀਆਂ ਸੁਆਣੀਆਂ ਤੇ ਬੱਚੇ ਕੋਠਿਆਂ 'ਤੇ ਚੜ੍ਹ ਕੇ ਸਾਨੂੰ ਜਿਵੇਂ ੁਂਸ਼ਆਮਦੀਦ ਕਹਿ ਰਹੇ ਹੋਣ। ਹਰ ਝਾਕੀ ਸਲੀਮ ਮੈਨੂੰ ਬੜੀ ਬਾਰੀਕੀ ਨਾਲ ਦੱਸ ਰਿਹਾ ਸੀ। ਸ਼ਾਇਦ ਇਹ ਜਨਾਬ ਇਕਬਾਲ ਵਿਰਕ ਤੇ ਪਿੰਡ ਦੇ ਕੁਝ ਹੋਰ ਮੁਅਤਬਰ ਦੋਸਤਾਂ ਦੀ ਮਹਿਮਾਨ ਨਵਾਜ਼ੀ ਦਾ ਸਿੱਟਾ ਸੀ ਕਿ ਸਾਨੂੰ ਸਭ ਨੂੰ ਸੜਕ ਦੇ ਇਕ ਨੇੜਲੇ ਹਾਈ ਸਕੂਲ ਵਿਚ ਲੈ ਗਏ। ਉਥੇ ਵਿਛੀਆਂ ਦਰੀਆਂ ਉਤੇ ਸਾਨੂੰ ਮਿੱਠੇ ਅਤੇ ਨਮਕੀਨ ਚੌਲਾਂ ਦੀਆਂ ਦੇਗਾਂ ਵਰਤਾਉਣ ਵਿਚ ਪਿੰਡ ਦੇ ਨੌਜਵਾਨ ਇਸ ਤਰ੍ਹਾਂ ਬਾ-ਅਦਬ ਢੰਗ ਨਾਲ ਰੁੱਝੇ ਹੋਏ ਸਨ ਜਿਵੇਂ ਸਾਡੇ ਮਾਲੇਰਕੋਟਲੇ ਦੇ ਪਿੰਡਾਂ ਵਿਚ ਮੁਸਲਮਾਨਾਂ ਦੇ ਵਿਆਹਾਂ ਸਮੇਂ ਸੇਵਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀ ਸੇਵਾ ਡਾ.ਸਲੀਮ ਤੇ ਮੇਰੇ ਲਈ ਕੋਈ ਨਵੀਂ ਨਹੀਂ ਸੀ। ਉਹਨਾਂ ਦੇਗਾਂ ਪਕਾਉਣ ਵਿਚ ਜਿਹੜੀ ਮੁਹਾਰਤ ਦਿਖਾਈ, ਉਹ ਤਾਂ ਮਾਲੇਰਕੋਟਲੇ ਦੇ ਵਿਆਹਾਂ ਸ਼ਾਦੀਆਂ ਨਾਲੋਂ ਵੀ ਇੱਕੀ ਸੀ, ਉ=ੱਨੀ ਨਹੀਂ ਸੀ। ਉਂਗਲੀ ਦੇ ਫੁੱਲਾਂ ਨਾਲੋਂ ਲੰਬੇ ਸਵਾਦੀ ਚੌਲਾਂ ਵਿਚ ਮੇਵੇ, ਨਿੱਕੇ ਨਿੱਕੇ ਰਸਗੁੱਲੇ, ਉਬਲੇ ਆਂਡਿਆਂ ਦੇ ਟੁਕੜੇ ਤੇ ਬੜਾ ਕੁਝ ਹੋਰ ਪਾ ਕੇ ਉਹਨਾਂ ਪਕਵਾਨ ਨੂੰ ਏਨਾ ਸੁਆਦਲਾ ਬਣਾ ਦਿੱਤਾ ਸੀ ਕਿ ਇਕ ਤਾਂ ਸਾਡੀ ਭੁੱਖ ਕਾਰਨ ਤੇ ਦੂਸਰੇ ਉਹਨਾਂ ਦੇ ਜ਼ਾਇਕੇ ਕਾਰਨ ਸਭ ਨੇ ਢਿੱਡ ਭਰ ਕੇ ਚੌਲ ਖਾਧੇ ਹੋਣਗੇ। ਕਮਾਲ ਦੀ ਮਹਿਮਾਨ ਨਵਾਜ਼ੀ ਸੀ ਇਹ। ਭਗਤ ਸਿੰਘ ਦੇ ਪਿੰਡ ਦੇ ੂਂਨ ਵਿਚ ਰਚੀ-ਮਿਚੀ ਮੁਹੱਬਤ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਰਮਾਇਆ ਹੈ ਹੀ, ਇਹ ਹੋਰ ਸਾਥੀਆਂ ਦੀ ਵੀ ਪ੍ਰਾਪਤੀ ਸਮਝੋ। ਪੁੱਛਣ 'ਤੇ ਪਤਾ ਲੱਗਾ ਕਿ ਇਸ ਪਿੰਡ ਵਿਚ ਜੱਟ, ਅਵਾਨ, ਘੁਮਿਆਰ, ਤੇਲੀ, ਲੁਹਾਰ ਤੇ ਕੋਈ ਕੋਈ ਘਰ ਕੁਝ ਹੋਰ ਕਾਮੇ ਤੇ ਸੇਪੀ ਜਾਤਾਂ ਦੇ ਹਨ। ਖੇਤੀ ਟਰੈਕਟਰਾਂ ਨਾਲ ਵੀ ਕੀਤੀ ਜਾਂਦੀ ਹੈ ਤੇ ਬਲਦਾਂ ਨਾਲ ਵੀ। ਬਲਦਾਂ ਨੂੰ ਉਥੇ ਢੱਗੇ ਕਹਿੰਦੇ ਹਨ, ਕਿਉਂਕਿ ਜਿਹੜੇ ਤੇਲੀ ਅਜੇ ਵੀ ਢੱਗਾ ਜੋੜ ਕੇ ਤੇਲ ਕੱਢਦੇ ਹਨ, ਉਹ ਇਕ ਢੱਗੇ ਵਾਲੇ ਕਹਾਉਂਦੇ ਹਨ। ਉਂਜ ਸਾਰੇ ਤੇਲੀਆਂ ਨੂੰ ਹੀ ਇਕ ਢੱਗੇ ਵਾਲੇ ਕਹਿੰਦੇ ਹਨ। ਗੱਲਾਂ ਬਾਤਾਂ ਤੋਂ ਪਤਾ ਲੱਗਿਆ ਕਿ ਉਥੇ ਸਿੰਧ ਤੇ ਲਹਿੰਦੇ ਪੰਜਾਬ ਦੇ ਹੋਰਾਂ ਪਿੰਡਾਂ ਵਾਂਗ ਅਜੇ ਵੀ ਜਾਗੀਰਦਾਰੀ ਭਾਰੂ ਹੈ। ਘਰਾਂ ਦੀ ਹਾਲਤ ਬਹੁਤੀ ਮਾੜੀ ਤਾਂ ਨਹੀਂ ਸੀ ਪਰ ਭਾਰਤੀ ਪੰਜਾਬ ਵਿਚਲੇ ਪਿੰਡਾਂ ਵਾਂਗ ਉਥੇ ਬਹੁਤਾ ਨਵਾਂਪਣ ਨਹੀਂ ਸੀ। ਅਜੇ ਵੀ ਮੰਜੇ ਜਾਂ ਤਾਂ ਵਾਣ ਦੇ ਜਾਂ ਸੂਤ ਦੇ ਬੁਣੇ ਹੋਏ। ਕੁਝ ਘਰਾਂ ਵਿਚ ਸੋਫੇ ਤੇ ਕੁਰਸੀਆਂ ਵੀ ਸਨ।
ਚੱਕ ੧ਂ੫, ਬੰਗਾ ਦੀ ਅਬਾਦੀ ਲੋਕਾਂ ਦੇ ਦੱਸਣ ਮੁਤਾਬਕ ੧੨ਂਂਂ ਤੋਂ ਵੱਧ ਹੈ। ੫ਂਂਂ ਤੋਂ ਵੱਧ ਵੋਟਾਂ ਹਨ। ਗਲੀਆਂ ਸਭ ਕੱਚੀਆਂ ਹਨ। ਕਹਿੰਦੇ ਨੇ ਕੁਝ ਪੱਕੀਆਂ ਗਲੀਆਂ ਬਣੀਆਂ ਸਨ ਜੋ ਹੁਣ ਟੁੱਟ ਗਈਆਂ ਹਨ। ਕੁਝ ਥਾਂ ਖੁਲ੍ਹੇ ਹਨ ਪਰ ਬਹੁਤੀਆਂ ਗਲੀਆਂ ਖੁੱਲ੍ਹੀਆਂ ਨਹੀਂ ਹਨ। ਅਸੀਂ ਜਿਨ੍ਹਾਂ ਘਰਾਂ ਮੂਹਰਦੀ ਲੰਘੇ, ਉਹਨਾਂ ਅੱਗੇ ਕਿਸੇ ਦੇ ਇਕ ਬੱਕਰੀ, ਕਿਸੇ ਦੇ ਦੋ ਬੱਕਰੀਆਂ, ਕਿਸੇ ਦੇ ਚਾਰ-ਛੇ ਭੇਡਾਂ, ਕਿਸੇ ਘਰ ਅੱਗੇ ਗਧੇ, ਕਿਤੇ ਕਿਤੇ ਢੱਗੇ ਤੇ ਇਕ ਟਰੈਕਟਰ ਵੀ ਦੇਖਿਆ। ਸ਼ਾਇਦ ਕੁਝ ਟਰੈਕਟਰ ਖੇਤਾਂ ਵਿਚ ਗਏ ਹੋਣ। ਲੋਕਾਂ ਵਿਚੋਂ ਕੁਝ ਨੇ ਦੱਸਿਆ ਕਿ ਇਥੇ ਇਸਲਾਮੀ ਰਹੁ-ਰੀਤਾਂ ਤਾਂ ਹਨ ਪਰ ਸਮਾਜ ਜਾਤ-ਪਾਤ ਦੇ ਆਧਾਰ 'ਤੇ ਵੰਡਿਆ ਹੋਇਆ ਹੈ ਜਾਂ ਫੇਰ ਅਮੀਰ ਜੱਟ ਤੇ ਅਵਾਨ ਜੋ ਖੇਤਾਂ ਦੇ ਮਾਲਕ ਹਨ। ਘੁਮਿਆਰ, ਝਿਉਰ, ਤੇਲੀ, ਜੁਲਾਹੇ ਤੇ ਹੋਰ ਛੋਟੀਆਂ ਜਾਤਾਂ ਜਾਂ ਤਾਂ ਆਪਣੇ ਨਿੱਕੇ ਨਿੱਕੇ ਕੰਮ ਕਰਦੇ ਹਨ ਤੇ ਜਾਂ ਜ਼ਿਮੀਂਦਾਰਾਂ ਦੇ ਖੇਤਾਂ ਵਿਚ। ਪਿੰਡ ਵਿਚ ਦੋ ਹਾਈ ਸਕੂਲ ਹਨ, ਇਕ ਕੁੜੀਆਂ ਦਾ ਤੇ ਇਕ ਮੁੰਡਿਆਂ ਦਾ ਪਰ ਸਕੂਲਾਂ ਦੀਆਂ ਇਮਾਰਤਾਂ ਦੀ ਹਾਲਤ ਬਹੁਤੀ ਚੰਗੀ ਨਹੀਂ। ਅਸੀਂ ਦੋਵੇਂ ਸਕੂਲ ਆਪ ਦੇਖੇ।
ਜਿਸ ਪ੍ਰਾਇਮਰੀ ਸਕੂਲ ਵਿਚ ਭਗਤ ਸਿੰਘ ਪੜ੍ਹਦਾ ਹੁੰਦਾ ਸੀ, ਸਾਨੂੰ ਉਹ ਸਕੂਲ ਦੇਖਣ ਦੀ ਦਿਲਚਸਪੀ ਸੀ। ਡਾ.ਗੁਲਜ਼ਾਰ ਪੰਧੇਰ, ਡਾ.ਸਲੀਮ ਮੁਹੰਮਦ ਤੇ ਮੈਂ ਪਿੰਡ ਦੇ ਇਕ ਬੰਦੇ ਨੂੰ ਨਾਲ ਲੈ ਕੇ ਉਸ ਸਕੂਲ ਤੱਕ ਪਹੁੰਚ ਗਏ। ਜਿਵੇਂ ਜਨਾਬ ਇਕਬਾਲ ਵਿਰਕ ਨੇ ਦੱਸਿਆ ਸੀ, ਸੱਚਮੁੱਚ ਸਕੂਲ ਦੀ ਹਾਲਤ ਖਸਤਾ ਸੀ। ਮੈਂ ਆਪਣੀ ਚਿੱਟੀ ਸੋਟੀ ਨਾਲ ਕੰਧਾਂ ਦੇ ਨਾਲ ਨਾਲ ਤੁਰਦਾ ਰਿਹਾ, ਉਂਗਲਾਂ ਨਾਲ ਕੰਧਾਂ ਨੂੰ ਟੋਂਹਦਾ ਰਿਹਾ। ਕਈ ਕੰਧਾਂ ਤੋਂ ਮਿੱਟੀ ਝੜਦੀ ਸੀ ਤੇ ਰੇਹੀ ਡਿਗਦੀ ਸੀ। ਸਕੂਲ ਬੰਦ ਹੋਣ ਕਾਰਨ ਅਸੀਂ ਕਮਰਿਆਂ ਨੂੰ ਅੰਦਰੋਂ ਨਹੀਂ ਦੇਖ ਸਕੇ। ਜਿਹੜੇ ਕਮਰੇ ਦੀ ਛੱਤ ਡਿਗਣ ਬਾਰੇ ਇਕਬਾਲ ਵਿਰਕ ਨੇ ਦੱਸਿਆ ਸੀ, ਉਸ ਨੂੰ ਦੇਖਣ ਬਾਰੇ ਮਨ ਦੀਆਂ ਮਨ ਵਿਚ ਹੀ ਰਹਿ ਗਈਆਂ। ਬਾਹਰ ਖੜ੍ਹ ਕੇ ਅਸੀਂ ਤਸਵੀਰਾਂ ਵੀ ਖਿੱਚੀਆਂ। ਉਥੇ ਹੀ ਸਾਡੇ ਪੁੱਛਣ 'ਤੇ ਕਿਸੇ ਦੱਸਿਆ ਕਿ ਭਗਤ ਸਿੰਘ ਦੀ ਉਮਰ ਦਾ ਇਕ ਬਜ਼ੁਰਗ ਅਜੇ ਜਿਉਂਦਾ ਹੈ ਤੇ ਸ਼ਾਇਦ ਉਹ ਭਗਤ ਸਿੰਘ ਦੇ ਨਾਲ ਹੀ ਪੜ੍ਹਦਾ ਹੋਵੇ। ਉਸ ਬਾਬੇ ਦਾ ਪੋਤਾ ਸਾਨੂੰ ਮਿਲ ਗਿਆ। ਉਹਨੇ ਦੱਸਿਆ ਕਿ ਬਾਬਾ ਤਾਂ ਖੇਤ ਵਿਚ ਹੈ। ਅਸੀਂ ਉਸ ਬੱਚੇ ਨੂੰ ਹੱਲਾਸ਼ੇਰੀ ਦੇ ਕੇ ਬਾਬੇ ਨੂੰ ਲਿਆਉਣ ਲਈ ਖੇਤ ਭੇਜ ਦਿੱਤਾ। ਉਸ ਬਾਬੇ ਦਾ ਨਾਂ ਅਬਦੁੱਲ ਹੱਕ ਹੈ ਤੇ ਉਦੋਂ ਉਸ ਦੀ ਉਮਰ ੯੫-੯੬ ਸਾਲ ਸੀ। ਉਮਰ ਵਿਚ ਮੈਂ ਸਭ ਤੋਂ ਵੱਡਾ ਸੀ ਤੇ ਹੱਥ ਵਿਚ ਸੋਟੀ ਵੀ ਸੀ, ਜਿਸ ਕਾਰਨ ਸਭ ਤੋਂ ਪਹਿਲਾਂ ਉਸ ਨੇ ਮੈਨੂੰ ਹੀ ਜੱਫੀ ਪਾਈ। ਉਹਦੇ ਮੁੜ੍ਹਕੇ ਦੀ ੁਂਸ਼ਬੂ ਨੇ ਮੈਨੂੰ ਨਸ਼ਿਆ ਜਿਹਾ ਦਿੱਤਾ। ਉਹਨੇ ਦੱਸਿਆ ਕਿ ਇਸ ਪ੍ਰਾਇਮਰੀ ਸਕੂਲ ਤੋਂ ਹੀ ਭਗਤ ਸਿੰਘ ਨੇ ਚੌਥੀ ਪਾਸ ਕੀਤੀ ਸੀ। ਭਗਤ ਸਿੰਘ ਦੇ ਸਕੂਲ ਛੱਡਣ ਵੇਲੇ ਉਹ ਪਹਿਲੀ ਜਮਾਤ ਵਿਚ ਦਾਖਲ ਹੋਇਆ ਸੀ ਤੇ ਭਗਤ ਸਿੰਘ ਦਾ ਛੋਟਾ ਭਰਾ ਕੁਲਤਾਰ ਸਿੰਘ ਉਸ ਦਾ ਜਮਾਤੀ ਸੀ। ਚਾਰ ਸਾਲ ਪਹਿਲਾਂ ਕੁਲਤਾਰ ਸਿੰਘ ਬੰਗਾ ਆਇਆ ਸੀ ਤੇ ਉਹਨਾਂ ਨੇ ਰੱਜ ਕੇ ਗੱਲਾਂ ਕੀਤੀਆਂ ਸੀ। ਜਦੋਂ ਮੈਂ ਪੁੱਛਿਆ, **ਬਾਬਾ ਜੀ, ਤੁਸੀਂ ਕੁਲਤਾਰ ਨੂੰ ਪਛਾਣ ਲਿਆ ਸੀ?'' **ਬਾਊ ਜੀ ਕੀ ਗੱਲਾਂ ਪਏ ਕਰਦੇ ਓ, ਪਛਾਣਨਾ ਨਹੀਂ ਸੀ, ਕੱਠੇ ਪੜ੍ਹੇ, ਕੱਠੇ ਖੇਡੇ, ਸਾਡੀ ਯਾਰੀ ਸੀ ਯਾਰੀ।'' ਬਾਬੇ ਅਬਦੁੱਲ ਹੱਕ ਨੇ ਪਹਿਲਾਂ ਬੜੇ ਹੌਸਲੇ ਨਾਲ ਗੱਲ ਕੀਤੀ ਤੇ ਪਿੱਛੋਂ ਮਨ ਭਰ ਲਿਆ। ਜਦੋਂ ਸਾਡੇ ਨਾਲ ਉਹ ਫੋਟੋ ਖਿਚਵਾ ਰਿਹਾ ਸੀ ਤਾਂ ਸਮਝੋ ਉਸ ਨੂੰ ਇਕ ਅਜੀਬ ਜਿਹੀ ਤਸੱਲੀ ਸੀ ਤੇ ਸਾਨੂੰ ਵੀ। ਭਾਰਤ ਜਾਣ ਤੇ ਪੰਜਾਬ ਵੇਖਣ ਸਬੰਧੀ ਕਈਆਂ ਨੇ ਸਾਨੂੰ ਸਵਾਲ ਪੁੱਛੇ ਜਿਹੜੇ ਚੜ੍ਹਦੇ ਪੰਜਾਬ ਤੋਂ ਉਧਰ ਗਏ ਸਨ, ਉਹਨਾਂ ਵਿਚੋਂ ਜ਼ਿਆਦਾਤਰ ਜਲੰਧਰ, ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਹੀ ਸਨ। ਗੁਰਦਾਸਪੁਰ ਵਾਲੇ ਨੂੰ ਜਦੋਂ ਅਸੀਂ ਦੱਸਿਆ ਕਿ ਦੋ ਲੇਖਕ ਗੁਰਦਾਸਪੁਰ ਤੋਂ ਆਏ ਹਨ ਤੇ ਉਹਨਾਂ ਦਾ ਪਿੰਡ ਕੁਹਾੜ ਹੈ ਤਾਂ ਉਹ ਕੁਝ ਨਿਰਾਸ਼ ਹੋ ਗਿਆ, ਕਿਉਂਕਿ ਉਸ ਦਾ ਪਿੰਡ ਜ਼ਿਲ੍ਹਾ ਗੁਰਦਾਸਪੁਰ ਵਿਚ ਕਿਸੇ ਹੋਰ ਪਾਸੇ ਸੀ। ਉਹ ਤਾਂ ਆਪਣੇ ਪਿੰਡ ਦੀ ਖੈਰ-ਸੁੱਖ ਪੁੱਛਣਾ ਚਾਹੁੰਦਾ ਸੀ, ਜਿਸ ਦੀ ਮੱਖਣ ਕੁਹਾੜ ਤੇ ਸੁਲੱਖਣ ਸਰਹੱਦੀ ਤੋਂ ਸ਼ਾਇਦ ਆਸ ਨਹੀਂ ਸੀ, ਜਿਸ ਕਾਰਨ ਉਹ ਸਾਡੇ ਕਹਿਣ ਦੇ ਬਾਵਜੂਦ ਵੀ ਉਹਨਾਂ ਨੂੰ ਮਿਲਣ ਲਈ ਤਿਆਰ ਨਾ ਹੋਇਆ।
ਭਗਤ ਸਿੰਘ ਦਾ ਜਿਸ ਘਰ ਵਿਚ ਜਨਮ ਹੋਇਆ ਸੀ ਅਤੇ ਜਿਥੇ ਉਸ ਨੂੰ ਭਾਗਾਂ ਵਾਲਾ ਕਹਿ ਕੇ ਪਹਿਲੀ ਲੋਰੀ ਮਿਲੀ ਸੀ, ਉਸ ਦਾ ਰਕਬਾ ਇਕ ਕਨਾਲ ਹੈ। ਹੁਣ ਉਸ ਵਿਚ ਚਾਰ-ਪੰਜ ਘਰ ਵਸਦੇ ਹਨ। ਇਕਬਾਲ ਵਿਰਕ ਵੀ ਉਸ ਘਰ ਵਿਚ ਹੀ ਵਸਦਾ ਹੈ ਤੇ ਉਸ ਨੂੰ ਹੀ ਮੈਂ ਪਿੰਡ ਦਾ ਸਭ ਤੋਂ ਜਾਗਦਾ ਮਨੁੱਖ ਕਹਿ ਸਕਦਾ ਹਾਂ। ਇਸ ਪਿੰਡ ਵਿਚ ਹੀ ਕਿਸ਼ਨ ਸਿੰਘ ਹੁਰਾਂ ਨੂੰ ਢਾਈ ਮੁਰੱਬੇ ਜ਼ਮੀਨ ਅਲਾਟ ਹੋਈ ਸੀ। ਉਸ ਜ਼ਮੀਨ ਵਿਚੋਂ ਹੀ ਕੁਝ 'ਤੇ ਇਕਬਾਲ ਵਿਰਕ ਖੇਤੀ ਕਰਦਾ ਹੈ।
ਭਗਤ ਸਿੰਘ ਦੇ ਘਰ ਦੀ ਭਾਵੇਂ ਪੂਰੀ ਢਾਹ ਭੰਨ ਹੋ ਚੁੱਕੀ ਹੈ। ਪਰ ਉਸ ਦੇ ਦੋ ਦਰਵਾਜ਼ੇ ਦੋ ਵੱਖ ਵੱਖ ਕਮਰਿਆਂ ਨੂੰ ਲੱਗੇ ਹੋਏ ਹਨ ਜੋ ਕਿਸ਼ਨ ਸਿੰਘ ਨੇ ਆਪ ਬਣਵਾਏ ਸਨ। ਅੰਦਰ ਜਾ ਕੇ ਉਸ ਸਮੇਂ ਦੀ ਇਕ ਬੇਰੀ ਵੀ ਹੈ ਜੋ ਨੀਵੀਂ ਜਿਹੀ ਹੈ। ਇਹ ਬੇਰੀ ਇਕ ਕੰਧ ਦੇ ਕੁਝ ਹਿੱਸੇ ਵਿਚ ਆ ਗਈ ਹੈ ਪਰ ਕਹਿੰਦੇ ਨੇ ਕਿ ਇਹ ਬੇਰੀ ਹੈ ਭਗਤ ਸਿੰਘ ਦੇ ਜ਼ਮਾਨੇ ਦੀ ਹੀ । ਉਸ ਦੇ ਨੇੜੇ ਹੀ ਇਕ ਨਿੰਮ ਹੈ ਪਰ ਉਹ ਪਿੱਛੋਂ ਲਗਾਈ ਗਈ ਦਸਦੇ ਹਨ। ਡਾ.ਗੁਲਜ਼ਾਰ ਪੰਧੇਰ ਤੇ ਕੁਝ ਹੋਰ ਦੋਸਤਾਂ ਨੇ ਇਸ ਬੇਰੀ ਦੇ ਕੁਝ ਪੱਤੇ ਯਾਦਗਾਰ ਵਜੋਂ ਤੋੜ ਕੇ ਲਿਆਂਦੇ ਹਨ। ਭਾਰਤ ਤੋਂ ਗਏ ਲੋਕ ਚਾਹੁੰਦੇ ਸਨ ਕਿ ਭਗਤ ਸਿੰਘ ਦੀਆਂ ਯਾਦਾਂ ਸਬੰਧੀ ਕੁਝ ਤਕਰੀਰਾਂ ਹੋਣ ਤੇ ਹੋਈਆਂ ਵੀ। ਭਗਤ ਸਿੰਘ ਦੇ ਜੀਵਨ, ਅਜ਼ਾਦੀ ਅੰਦੋਲਨ ਅਤੇ ਸਾਮਰਾਜੀ ਉਦੋਂ ਤੇ ਹੁਣ ਦੀਆਂ ਚਾਲਾਂ ਸਬੰਧੀ ਭਾਸ਼ਣ ਦਿੱਤੇ ਪਰ ਲਗਦਾ ਸੀ ਕਿ ਇਹ ਭਾਸ਼ਣ ਉਥੋਂ ਦੇ ਲੋਕਾਂ ਦੇ ਸਿਰ ਉਤੋਂ ਦੀ ਲੰਘ ਗਏ ਹਨ। ਉਹ ਤਾਂ ਪੰਜਾਬੀ ਯੂਨੀਵਰਸਿਟੀ ਦੇ ਮੁੰਡਿਆਂ ਦੇ ਭੰਗੜੇ ਨੂੰ ਸਿਰ ਹਿਲਾ-ਹਿਲਾ ਕੇ ਮਾਣ ਰਹੇ ਸਨ। ਕੋਠਿਆਂ 'ਤੇ ਖੜ੍ਹੀਆਂ ਔਰਤਾਂ ਵੀ ਤੇ ਕੁਝ ਉਹ ਔਰਤਾਂ, ਮਰਦ ਤੇ ਬੱਚੇ ਵੀ ਜਿਹੜੇ ਹੌਲੀ ਹੌਲੀ ਸਾਡੇ ਕੋਲ ਆ ਗਏ ਸਨ।
ਜਦੋਂ ਇਕ ਬਜ਼ੁਰਗ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਭਗਤ ਸਿੰਘ ਦਾ ਜਨਮ ਦਿਨ ਮਨਾਉਂਦੇ ਹੋ ਤਾਂ ਉਹਨੇ ਦੱਸਿਆ ਕਿ ਕਦੇ ੨੩ ਮਾਰਚ ਨੂੰ ਏਥੇ ਮੇਲਾ ਲਗਦਾ ਸੀ। ਅਸੀਂ ਉਸ ਨੂੰ ਸਮਝਾਇਆ ਕਿ ੨੩ ਮਾਰਚ ਤਾਂ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਹੈ ਤੇ ਇਸ ਦਿਨ ਲਾਹੌਰ ਵਿਚ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਚੜ੍ਹਾਇਆ ਗਿਆ ਸੀ। ਉਸ 'ਤੇ ਸਾਡੀ ਗੱਲ ਦਾ ਬਹੁਤਾ ਅਸਰ ਨਾ ਹੋਇਆ ਤੇ ਕਹਿਣ ਲੱਗਾ, ਚਲੋ ਕੋਈ ਗੱਲ ਨਹੀਂ। ਅਸੀਂ ਉਸ ਦਿਨ ਹੀ ਸੰਗਲਾਂ ਵਾਲੇ ਬਾਬੇ ਦਾ ਮੇਲਾ ਲਾਉਂਦੇ ਹਾਂ। ਉਸ ਮੇਲੇ ਵਿਚ ਹੀ ਭਗਤ ਸਿੰਘ ਦਾ ਦਿਨ ਮਨਾਇਆ ਜਾਂਦਾ ਸਮਝੋ। ਬਾਬੇ ਦੇ ਭੋਲੇਪਨ ਸਬੰਧੀ ਕੀ ਕਹੀਏ। ਏਧਰ ਵੀ ਤੇ ਓਧਰ ਵੀ ਇਹਨਾਂ ਬਾਬਿਆਂ ਨੇ ਤਾਂ ਲੋਕਾਂ ਨੂੰ ਜਗਾਉਣ ਦੀ ਥਾਂ ਨੀਂਦ ਦੀਆਂ ਗੋਲੀਆਂ ਹੀ ਦਿੱਤੀਆਂ ਹਨ।
ਪਿੰਡ ਵਿਚ ਦੋ ਔਰਤਾਂ ਨੂੰ ਭੱਠੀਆਂ 'ਤੇ ਦਾਣੇ ਭੁੰਨਦੀਆਂ ਵੀ ਦੇਖਿਆ। ਇਹ ਪੁਰਾਣੇ ਪੇਂਡੂ ਜੀਵਨ ਦਾ ਨਮੂਨਾ ਸੀ। ਅਸੀਂ ਹੁਣ ਏਧਰ ਕਦੇ ਕਿਸੇ ਪਿੰਡ ਵਿਚ ਭੱਠੀ ਨਹੀਂ ਦੇਖੀ।
ਜਿਨ੍ਹਾਂ ਨੇ ਅਜੇ ਭਗਤ ਸਿੰਘ ਦਾ ਘਰ ਨਹੀਂ ਸੀ ਵੇਖਿਆ, ਡਾ.ਜ਼ਫਰ ਚੀਮਾ ਉਹਨਾਂ ਨੂੰ ਵੀ ਨਿਰਾਸ਼ ਨਹੀਂ ਸੀ ਕਰਨਾ ਚਾਹੁੰਦਾ। ਇਸ ਕਾਰਨ ਹਨੇਰਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਘਰ ਵਿਖਾਉਣ ਲਈ ਚਲਾ ਗਿਆ। ਵਾਪਸੀ 'ਤੇ ਅਸੀਂ ਨਨਕਾਣਾ ਸਾਹਿਬ ਦੀ ਪਾਵਨ ਧੂੜ ਦੀ ਵੀ ਛੋਹ ਪ੍ਰਾਪਤ ਕਰਨੀ ਸੀ। ਸੋ ਵਾਪਸੀ 'ਤੇ ਅਸੀਂ ਨਨਕਾਣਾ ਸਾਹਿਬ ਜਿਹੜਾ ਪਹਿਲੇ ਰਸਤੇ ਨਾਲੋਂ ਕੁਝ ਹਟਵਾਂ ਸੀ, ਉਥੇ ਮੁੱਖ ਗੁਰਦਵਾਰੇ ਵਿਚ ੧੧ ਵਜੇ ਪਹੁੰਚੇ। ਡਾ.ਜਸਬੀਰ ਕੌਰ ਨੇ ਲੰਗਰ ਲਈ ਗੁਰਦਵਾਰੇ ਦੇ ਪ੍ਰਬੰਧਕਾਂ ਨੂੰ ਪਹਿਲਾਂ ਹੀ ਫੋਨ ਕਰ ਦਿੱਤਾ ਸੀ। ਅਸੀਂ ਹੱਥ ਮੂੰਹ ਧੋ ਕੇ ਮੱਥਾ ਟੇਕਿਆ। ਨਨਕਾਣਾ ਸਾਹਿਬ ਦੇ ਸਾਰੇ ਗੁਰਦਵਾਰਿਆਂ ਦੀ ਜਾਣਕਾਰੀ ਭਾਈ ਜੀ ਨੇ ਦਿੱਤੀ।

ਸਾਡੇ ਇਸ ਮਹਾਂ ਤੀਰਥ ਵਿਚ ਲਾਹੌਰ ਦੇ ਪੰਜਾਬੀਆਂ ਦੀ ਮੁਹੱਬਤ ਦੇ ਜ਼ਿਕਰ ਬਿਨਾਂ ਇਹ ਤੀਰਥ ਯਾਤਰਾ ਅਧੂਰੀ ਰਹੇਗੀ। ਅਸੀਂ ਲਾਹੌਰ ਵਿਚ ਜਿਥੇ ਵੀ ਜਾਂਦੇ, ਬਿਨਾਂ ਕਿਸੇ ਜਾਣ-ਪਛਾਣ ਤੋਂ ਦੋ ਤਿੰਨ ਮੁਸਲਮਾਨ ਪੰਜਾਬੀ ਭੱਜ ਕੇ ਸਾਡੇ ਕੋਲ ਆਉਂਦੇ। ਸਾਡੇ ਮੇਜ਼ਬਾਨ ਦੇ ਘਰ ਪਹੁੰਚਣ ਤੋਂ ਪਹਿਲਾਂ ਉਹ ਮੱਲੋਮੱਲੀ ਸਾਨੂੰ ਠੰਡਾ ਪਿਲਾਉਂਦੇ। ਭਾਰਤੀ ਪੰਜਾਬ ਦੀ ਸੁੱਖ-ਸਾਂਦ ਪੁੱਛਦੇ, ਜਿਵੇਂ ਰਿਸ਼ਤੇ ਵਜੋਂ ਉਹ ਸਭ ਸਾਡੇ ਸਕੇ ਹੀ ਲਗਦੇ ਹੋਣ। ਭਾਵੇਂ ਅਸੀਂ ਇਸਮਤ-ਉ=ੱਲਾ-ਜ਼ਾਹਿਦ ਦੇ ਘਰ ਗਏ ਜਾਂ ਮਕਸੂਦ ਸਾਕਿਬ ਦੀ ਸਰ ਗੰਗਾ ਰਾਮ ਚੌਕ ਵਾਲੀ ਦੁਕਾਨ ਉਤੇ ਜਾਂ ਫਿਰ ਅਫਜ਼ਲ ਸਾਹਿਰ ਦੇ ਐਫ.ਐਮ. ਰੇਡੀਓ ਲਾਹੌਰ ਦੇ ਰਿਕਾਰਡਿੰਗ ਰੂਮ ਵਿਚ। ਪੰਜਾਬੀਆਂ ਦੇ ਨਿਰਛਲ ਮੋਹ-ਪਿਆਰ ਨੇ ਸਾਨੂੰ ਇਹ ਭੁਲਾ ਹੀ ਦਿੱਤਾ ਕਿ ਅਸੀਂ ਕਿਸ ਪੰਜਾਬ ਵਿਚ ਫਿਰਦੇ ਹਾਂ। ਨਜਮ ਹੁਸੈਨ ਸੱਯਦ ਦੀ ਮਜਲਿਸ ਤਾਂ ਸੱਚਮੁੱਚ ਹੀ ਸਾਡੇ ਲਈ ਇਸ ਮਹਾਂ ਤੀਰਥ ਵਿਚਲਾ ਮਹਾਂ ਆਨੰਦ ਸਾਬਤ ਹੋਈ। ਫੂਡ ਸਟਰੀਟ ਦੀਆਂ ਮਹਿਫਿਲਾਂ ਦਾ ਜੋ ਆਨੰਦ ਸੀ, ਉਸ ਨੂੰ ਸ਼ਬਦਾਂ ਵਿਚ ਕਿਵੇਂ ਬਿਆਨ ਕਰਾਂਫ ਕਈ ਭੁਲੇਖੇ ਦੂਰ ਹੋ ਗਏ। ਆਜ਼ਾਦੀ, ਖੁੱਲ੍ਹ ਤੇ ਮਸਤੀ ਦੇ ਜੋ ਹੁਲਾਰੇ ਫੂਡ ਸਟਰੀਟ ਵਿਚ ਮਾਣੇ, ਉਹ ਤਾਂ ਪੰਜਾਬ ਦੇ ਕਿਸੇ ਸ਼ਹਿਰ ਵਿਚ ਵੀ ਹੁਣ ਤੱਕ ਨਹੀਂ ਸੀ ਮਾਣ ਸਕਿਆ। ਬਾਕੀ ਇਕਬਾਲ ਕੈਸਰ ਤੇ ਹੋਰ ਲੇਖਕ ਮਿੱਤਰਾਂ ਦੀਆਂ ਗਲਵੱਕੜੀਆਂ ਤੇ ਮੀਆਂ ਮੀਰ ਫਾਊਂਡੇਸ਼ਨ ਦੇ ਪ੍ਰਬੰਧਕਾਂ ਦੀਆਂ ਹੱਥ-ਘੁੱਟਣੀਆਂ ਸਭ ਇਸ ਮਹਾਂ ਤੀਰਥ ਦੀ ਯਾਤਰਾ ਦੀਆਂ ਛੋਟੀਆਂ ਵੱਡੀਆਂ ਕੜੀਆਂ ਹਨ। ਮਾਲੇਰਕੋਟਲਾ ਵਿਚ ਰਹਿਣ ਕਾਰਨ ਮੈਂ ਤਾਂ ਪਹਿਲਾਂ ਵੀ ਇਸਲਾਮ ਦੇ ਪੈਰੋਕਾਰਾਂ ਨਾਲ ਭੈਣਾਂ-ਭਰਾਵਾਂ ਵਾਂਗੂੰ ਰਹਿੰਦਾ ਰਿਹਾ ਹਾਂ। ਇਸ ਤੀਰਥ ਯਾਤਰਾ ਨੇ ਤਾਂ ਮੇਰੀ ਸੋਚ ਨੂੰ ਹੋਰ ਬਲ ਬੀਂਸ਼ਿਆ ਹੈ ਕਿ ਲੜਾਈਆਂ ਤਾਂ ਸਰਕਾਰਾਂ ਦੀਆਂ ਹਨ, ਲੋਕਾਂ ਦੀਆਂ ਨਹੀਂ। ਅਸੀਂ ਤੇਰਾਂ ਕਰੋੜ ਪੰਜਾਬੀ ਇਥੇ ਵੀ ਵਸਦੇ ਹਾਂ ਤੇ ਉਥੇ ਵੀ, ਪੰਜਾਬੀ ਪਹਿਲਾਂ ਹਾਂ ਤੇ ਹੋਰ ਸਭ ਕੁਝ ਪਿੱਛੋਂ। ਪੋਰਸ ਤੋਂ ਲੈ ਕੇ ਭਗਤ ਸਿੰਘ ਤੱਕ ਸਭ ਸਾਡੇ ਨਾਇਕ ਹਨ ਤੇ ਉਹਨਾਂ ਦੀਆਂ ਜਨਮ ਤੇ ਕਰਮ ਭੂਮੀਆਂ ਸਾਡੇ ਤੀਰਥ।


ਵਸੀਅਤ

ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਣ ਪਿੱਛੋਂ ਮੇਰੀ ਸਥਿਤੀ ਇਕ ਅਜਿਹੇ ਗ੍ਰਹਿਸਥੀ ਵਾਲੀ ਸੀ, ਜੋ ਕਿਸੇ ਵਾਣਪ੍ਰਸਤੀ ਦਾ ਜੀਵਨ ਗੁਜ਼ਾਰਨਾ ਚਾਹੁੰਦਾ ਹੋਵੇ। ਪਰ ਜਿਸ ਤਰ੍ਹਾਂ ਦਾ ਵਾਣਪ੍ਰਸਤ ਤੇ ਸੰਨਿਆਸ ਮੈਂ ਚਾਹੁੰਦਾ ਸੀ, ਉਸ ਤਰ੍ਹਾਂ ਦਾ ਰਾਹ ਖੋਲ੍ਹਣਾ ਬੜਾ ਔਖਾ ਕੰਮ ਸੀ, ਜਿਸ ਕਾਰਨ ਚਾਹੁਣ ਦੇ ਬਾਵਜੂਦ ਵੀ ਮੈਂ ਉਸ ਰਾਹ 'ਤੇ ਨਾ ਚੱਲ ਸਕਿਆ ਜੋ ਮੇਰੀ ਇੱਛਾ ਸੀ। ੮ ਅਕਤੂਬਰ ੧੯੯੮ ਨੂੰ ਪਤਨੀ ਦੀ ਮੌਤ ਹੋ ਗਈ ਸੀ। ਇਹ ਦੁਖਾਂਤ ਦੀ ਕਹਾਣੀ ਮੈਂ ਪਹਿਲਾਂ ਦੱਸ ਚੁੱਕਿਆ ਹਾਂ। ਸ਼ਾਇਦ ਇਸ ਲਈ ਹੀ ਗ੍ਰਹਿਸਥੀ ਜ਼ਿੰਦਗੀ ਵਿਚ ਮੈਨੂੰ ਉਸ ਤਰ੍ਹਾਂ ਦੀ ਦਿਲਚਸਪੀ ਨਹੀਂ ਸੀ, ਜਿਸ ਤਰ੍ਹਾਂ ਦੀ ਪਤਨੀ ਦੇ ਹੁੰਦੇ ਕਿਸੇ ਮਰਦ ਨੂੰ ਹੋ ਸਕਦੀ ਹੈ। ਮੇਰੇ ਸੁਭਾ ਵਿਚ ਇਸ ਤਰ੍ਹਾਂ ਦੀ ਤਬਦੀਲੀ ਸੁਭਾਵਕ ਪ੍ਰਕਿਰਿਆ ਦਾ ਸਿੱਟਾ ਸੀ, ਜਿਸ ਕਾਰਨ ਮੈਂ ਸੇਵਾ ਮੁਕਤੀ ਤੋਂ ਪਹਿਲਾਂ ਹੀ ਆਪਣੀ ਚੱਲ ਤੇ ਅਚੱਲ ਜਾਇਦਾਦ ਬਾਰੇ ਵਸੀਅਤ ਕਰ ਦਿੱਤੀ ਸੀ। ਇਸ ਦਾ ਕਾਰਨ ਇਹ ਵੀ ਸੀ ਕਿ ਮਾਂ-ਪਿਓ ਦੇ ਮਰਨ ਤੋਂ ਬਾਅਦ ਮੈਂ ਜਾਇਦਾਦ ਦੇ ਵੰਡਾਰੇ ਸਬੰਧੀ ਡਾਂਗਾਂ-ਸੋਟੇ ਚਲਦੇ ਵੇਖੇ ਸਨ। ਮੈਂ ਨਹੀਂ ਸੀ ਚਾਹੁੰਦਾ ਕਿ ਮੇਰੀ ਮੌਤ ਪਿੱਛੋਂ ਮੇਰੇ ਦੋਵੇਂ ਪੁੱਤਰ ਮੇਰੀ ਨਿਗੂਣੀ ਜਿਹੀ ਅਚੱਲ ਜਾਇਦਾਦ ਅਤੇ ਛੋਟੀ ਜਿਹੀ ਥੈਲੀ ਵਿਚ ਬੰਦ ਹੋਣ ਵਾਲੀ ਪੂੰਜੀ ਲਈ ਕਾਟੋ-ਕਲੇਸ਼ ਕਰਨ। ਦੋਵੇਂ ਪੁੱਤਰਾਂ ਨੂੰ ਕੋਲ ਬਹਾ ਕੇ ਉਹਨਾਂ ਦੇ ਮਾਮੇ ਰਮੇਸ਼ ਕੁਮਾਰ ਜੋਧਪੁਰੀ ਉਰਫ ਬੱਬੂ ਦੀ ਹਾਜ਼ਰੀ ਵਿਚ ਦੋਵਾਂ ਦੀ ਸਹਿਮਤੀ ਨਾਲ ਲਿਖਾ ਪੜ੍ਹੀ ਕਰ ਦਿੱਤੀ ਸੀ।
੨੩ ਸਤੰਬਰ ੨ਂਂ੬ ਨੂੰ ਪੰਜਾਬ ਵੈਲਫੇਅਰ ਐਸੋਸੀਏਸ਼ਨ ਫਾਰ ਦੀ ਬਲਾਈਂਡ ਦੀ ਲੁਧਿਆਣੇ ਚੋਣ ਸੀ। ਵਾਪਸੀ 'ਤੇ ਅਧਰੰਗ ਦੇ ਹਲਕੇ ਜਿਹੇ ਹਮਲੇ ਕਾਰਨ ਖੱਬਾ ਪਾਸਾ ਜਿਸ ਤਰ੍ਹਾਂ ਪ੍ਰਭਾਵਤ ਹੋਇਆ ਸੀ, ਉਸ ਕਾਰਨ ਐਮ.ਆਰ.ਆਈ. ਕਰਵਾਉਣ ਤੇ ਉਸ ਪਿੱਛੋਂ ਇਲਾਜ ਲਈ ਦੋਵੇਂ ਪੁੱਤਰ ਮੇਰੇ ਨਾਲ ਬਠਿੰਡੇ ਵੀ ਗਏ ਤੇ ਪਟਿਆਲੇ ਵੀ। ਮੈਂ ਵੱਡੇ ਪੁੱਤਰ ਨਾਲ ਰਹਿੰਦਾ ਹਾਂ। ਛੋਟਾ ਅਲੱਗ ਕੋਠੀ ਬਣਾ ਕੇ ਰਹਿ ਰਿਹਾ ਹੈ। ਉਸ ਦੀ ਗੁਡੀਆ ਮੈਟ੍ਰਿਕ ਕਰਕੇ ਕਿਸੇ ਉਚੇਰੀ ਪੜ੍ਹਾਈ ਲਈ ਚੰਡੀਗੜ੍ਹ ਪੜ੍ਹਦੀ ਹੈ। ਪੁੱਤਰ ਇਕ ਚੰਗੇ ਸਕੂਲ ਵਿਚ ਦਸਵੀਂ ਵਿਚ ਪੜ੍ਹਦਾ ਹੈ।
ਮੈਂ ਆਪਣੀ ਮੌਤ ਪਿੱਛੋਂ ਕਿਸੇ ਨੂੰ ਵੀ ਕੋਈ ਕਸ਼ਟ ਦੇਣਾ ਨਹੀਂ ਚਾਹੁੰਦਾ। ਨਾ ਅਰਥੀ ਮੋਢਿਆਂ ਉਤੇ ਉਠਾ ਕੇ ਸ਼ਮਸ਼ਾਨ ਭੂਮੀ ਵਿਚ ਜਾਣ ਦੀ ਲੋੜ ਹੈ, ਨਾ ਫੁੱਲ ਚੁਗਣ ਦੀ ਜ਼ਰੂਰਤ ਹੈ। ਨਾ ਹਰਿਦੁਆਰ ਜਾ ਕੇ ਗੰਗਾ ਵਿਚ ਅਸਥੀਆਂ ਜਲ-ਪ੍ਰਵਾਹ ਕਰਨ ਕਰਾਉਣ ਦੀ ਕੋਈ ਇੱਛਾ ਹੈ। ਨਾ ਗਰੁੜ ਪੁਰਾਣ, ਨਾ ਅਖੰਡ ਪਾਠ ਤੇ ਨਾ ਭੋਗ---ਕਿਸੇ ਵੀ ਕਾਰਵਾਈ ਦੀ ਕੋਈ ਲੋੜ ਨਹੀਂ। ਜਿਉਂਦੇ ਜੀ ਮੇਰੀ ਨੇਤਰਹੀਣਤਾ ਕਾਰਨ ਦੋਵਾਂ ਪਰਿਵਾਰਾਂ ਨੂੰ ਕੁਝ ਨਾ ਕੁਝ ਕਸ਼ਟ ਝੱਲਣਾ ਪਿਆ ਹੋਵੇਗਾ, ਮੈਂ ਦੋਵਾਂ ਪਰਿਵਾਰਾਂ ਨੂੰ ਹੋਰ ਕਸ਼ਟ ਦੇਣਾ ਨਹੀਂ ਚਾਹੁੰਦਾ। ਹਾਂ, ਇਕ ਗੱਲ ਚਾਹੁੰਦਾ ਹਾਂ ਕਿ ਮੇਰੇ ਸਰੀਰ ਉਤੇ ਜਿਉਂਦੇ ਜੀ ਵੀ ਮੇਰਾ ਅਧਿਕਾਰ ਹੈ ਤੇ ਮੇਰੀ ਮੌਤ ਪਿੱਛੋਂ ਵੀ। ਇਸ ਹੱਕ ਲਈ ਮੈਂ ਵਸੀਅਤ ਕਰ ਰਿਹਾ ਹਾਂ।
ਮੇਰੀ ਲਾਸ਼ ਜੇ ਮੇਰੇ ਮਨਪਸੰਦ ਹਸਪਤਾਲ ਵਿਚ ਪਹੁੰਚ ਜਾਵੇ ਤਾਂ ਬਹੁਤ ਚੰਗੀ ਗੱਲ ਹੈ। ਜੇ ਮੇਰੀ ਮੌਤ ਮਾਲੇਰਕੋਟਲੇ ਜਾਂ ਇਸ ਦੇ ਕਿਸੇ ਵੀ ਨੇੜਲੇ ਪਿੰਡ ਜਾਂ ਸ਼ਹਿਰ ਵਿਚ ਹੋਵੇ ਤਾਂ ਇਹ ਮ੍ਰਿਤਕ ਸਰੀਰ ਡੀ.ਐਮ.ਸੀ./ਸੀ.ਐਮ.ਸੀ. ਲੁਧਿਆਣੇ ਪਹੁੰਚਾ ਦਿੱਤਾ ਜਾਵੇ ਤਾਂ ਜੋ ਮੈਡੀਕਲ ਪੜ੍ਹਨ ਵਾਲੇ ਬੱਚਿਆਂ ਦੇ ਇਹ ਸਰੀਰ ਕੰਮ ਆ ਸਕੇ। ਅਸੀਂ ਸਾਰੇ ਭੈਣ ਭਰਾਵਾਂ ਨੇ ਆਪਣੇ ਬੱਚਿਆਂ ਨੂੰ ਡਾਕਟਰੀ ਲਾਈਨ ਵਿਚ ਪਾਉਣ ਲਈ ਕੋਸ਼ਿਸ਼ ਕੀਤੀ, ਜਿਸ ਕਾਰਨ ਸਭ ਤੋਂ ਪਹਿਲਾਂ ਮੇਰੀ ਵੱਡੀ ਭਤੀਜੀ ਊਸ਼ਾ ਡਾਕਟਰ ਬਣੀ, ਜਿਸ ਨੇ ਪਿੱਛੋਂ ਜਾ ਕੇ ਗਿੱਦੜਬਾਹਾ ਵਿਚ ਇਕ ਡਾਕਟਰ ਵਜੋਂ ਸ਼ੁਹਰਤ ਹਾਸਲ ਕੀਤੀ। ਅਗਲੇ ਹੀ ਸਾਲ ਵੱਡੀ ਭੈਣ ਦੇ ਬੇਟੇ ਸੁਰਿੰਦਰ ਕੁਮਾਰ ਗੁਪਤਾ ਨੇ ਐਮ.ਬੀ.ਬੀ.ਐਸ. ਕੀਤੀ ਤੇ ਪਿੱਛੋਂ ਪਟਿਆਲੇ ਵਾਲੇ ਡਾ.ਧਨਵੰਤ ਸਿੰਘ ਦੀ ਨਿਗਰਾਨੀ ਵਿਚ ਐਮ.ਐਸ. ਕਰਕੇ ਆਪਣੀ ਮਿਹਨਤ ਤੇ ਸ਼ਰਾਫਤ ਨਾਲ ਸਿਵਲ ਸਰਜਨ ਦਾ ਪਦ ਹਾਸਲ ਕੀਤਾ। ਡਾਕਟਰਾਂ ਵਿਚੋਂ ਸਿਵਲ ਸਰਜਨ ਬਣਨਾ ਕੋਈ ਛੋਟੀ ਗੱਲ ਨਹੀਂ। ਇਕ ਪੂਰੇ ਜ਼ਿਲ੍ਹੇ ਦੇ ਸਿਹਤ ਵਿਭਾਗ ਦਾ ਸਿਵਲ ਸਰਜਨ ਕਰਤਾ ਧਰਤਾ ਹੁੰਦਾ ਹੈ। ਭੈਣ ਚੰਦਰ ਕਾਂਤਾ ਦਾ ਵਿਚਕਾਰਲਾ ਪੁੱਤਰ ਡਾ.ਅਨੂਪ ਕੁਮਾਰ ਮੋਦੀ ਬੱਚਿਆਂ ਦਾ ਮਾਹਰ ਡਾਕਟਰ ਹੈ ਜੋ ਅੱਜ ਕੱਲ੍ਹ ਪਟਿਆਲੇ ਰਹਿੰਦਾ ਹੈ। ਮੇਰੇ ਵਾਂਗ ਨੇਤਰਹੀਣਤਾ ਦਾ ਸਰਾਪ ਭੋਗਦੀ ਭੈਣ ਤਾਰਾ ਦਾ ਛੋਟਾ ਪੁੱਤਰ ਅਰਸ਼ ਵੀ ਤਪਦਿਕ ਤੇ ਛਾਤੀ ਦੇ ਰੋਗਾਂ ਦਾ ਮਾਹਰ ਹੈ। ਰਾਮਪੁਰਾ ਫੂਲ ਵਿਚ ਖੋਲ੍ਹੇ ਉਸ ਦੇ ਹਸਪਤਾਲ ਵਿਚ ਵੀਹ ਵੀਹ, ਪੰਜਾਹ ਪੰਜਾਹ ਕੋਹ ਤੋਂ ਮਰੀਜ਼ ਆ ਕੇ ਦਾਖਲ ਹੁੰਦੇ ਹਨ। ਮੈਂ ਆਪਣੇ ਪੁੱਤਰ ਡਾ.ਰਾਜੇਸ਼ ਕ੍ਰਾਂਤੀ ਦੇ ਡਾਕਟਰ ਬਣਨ ਦੀ ਕਹਾਣੀ ਤਾਂ ਦੱਸ ਹੀ ਚੁੱਕਾ ਹਾਂ। ਇਸ ਤੋਂ ਇਲਾਵਾ ਛੋਟਾ ਭਤੀਜਾ ਤੇ ਉਸ ਦੀ ਪਤਨੀ ਦੋਵੇਂ ਬੀ.ਏ.ਐਮ.ਐਸ. ਹਨ। ਮੇਰੀ ਆਪਣੀ ਵੱਡੀ ਨੂੰਹ ਨਮਿਤਾ ਵੀ ਬੀ.ਏ.ਐਮ.ਐਸ. ਹੈ। ਮੇਰੀ ਵੱਡੀ ਭਤੀਜੀ ਦੇ ਡਾਕਟਰ ਹੋਣ ਕਾਰਨ ਹੀ ਮਦਨ ਲਾਲ ਜੀਜਾ ਜੀ ਦੇ ਮਾਮੇ ਦੇ ਪੁੱਤਰ ਡਾ.ਰਾਜ ਕੁਮਾਰ ਬਾਂਸਲ ਨੇ ਮੰਗ ਕੇ ਰਿਸ਼ਤਾ ਲਿਆ ਸੀ। ਛੋਟੀ ਨੂੰਹ ਸਟਾਫ ਨਰਸ ਹੈ ਤੇ ਪੁੱਤਰ ਹੈ ਤਾਂ ਡੀ.ਐਮ.ਐਲ.ਟੀ., ਪਰ ਉਸ ਦਾ ਕਾਰੋਬਾਰ ਕਿਸੇ ਚੰਗੇ ਡਾਕਟਰ ਨਾਲੋਂ ਘੱਟ ਨਹੀਂ। ਇਸ ਲਈ ਮੈਂ ਪੰਜਾਬ ਦੀਆਂ ਸਿਹਤ ਤੇ ਮੈਡੀਕਲ ਸੇਵਾਵਾਂ ਦਾ ਦੇਣਦਾਰ ਹਾਂ ਤੇ ਜੇ ਹੁਣ ਮੈਂ ਆਪਣਾ ਮ੍ਰਿਤਕ ਸਰੀਰ ਡੀ.ਐਮ.ਸੀ./ਸੀ.ਐਮ.ਸੀ., ਲੁਧਿਆਣੇ ਨੂੰ ਦੇਣ ਦੀ ਵਸੀਅਤ ਕਰ ਰਿਹਾ ਹਾਂ, ਉਸ ਵਿਚ ਕਿਸੇ ਜੋਸ਼ ਜਾਂ ਕਿਸੇ ਸੁਆਰਥ ਦਾ ਰੱਤੀ ਭਰ ਵੀ ਪ੍ਰਭਾਵ ਨਹੀਂ ਹੈ। ਮੈਂ ਇਹ ਸਭ ਕੁਝ ਲਿਖਣ ਵੇਲੇ ਆਪਣੇ ਪੁੱਤਰਾਂ ਤੇ ਵਾਰਸਾਂ ਤੋਂ ਆਸ ਰਖਦਾ ਹਾਂ ਕਿ ਉਹ ਮੇਰੀ ਇਸ ਇੱਛਾ ਨੂੰ ਜ਼ਰੂਰ ਪੂਰੀ ਕਰਨਗੇ। ਉਹਨਾਂ ਨੂੰ ਅਜਿਹਾ ਕਰਨ ਸਮੇਂ ਕਿਸੇ ਮੋਹ ਸਤਿਕਾਰ ਜਾਂ ਡਰ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਮਰਨ ਪਿੱਛੋਂ ਮੈਂ ਭੂਤ ਬਣ ਕੇ ਕਿਸੇ ਨੂੰ ਤੰਗ ਨਹੀਂ ਕਰਾਂਗਾ। ਅਸਲ ਵਿਚ ਭੂਤ ਕੋਈ ਹੁੰਦਾ ਹੀ ਨਹੀਂ, ਇਹ ਤਾਂ ਮਨੁੱਖ ਦਾ ਡਰ ਹੈ ਜਾਂ ਮਨੋਰੋਗ, ਜਿਸ ਕਾਰਨ ਭੂਤਾਂ ਪ੍ਰੇਤਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਮਨੁੱਖ ਤਾਂ ਬੱਸ ਮਨੁੱਖ ਹੈ। ਮੈਂ ਇਕ ਆਮ ਮਨੁੱਖ ਵਾਂਗ ਜੀਵਿਆ ਹਾਂ। ਮੇਰੇ ਵਿਚ ਥੋੜ੍ਹੇ ਜਿਹੇ ਗੁਣ ਵੀ ਹੋਣਗੇ ਤੇ ਬਹੁਤ ਸਾਰੀਆਂ ਕਮਜ਼ੋਰੀਆਂ ਵੀ। ਮੇਰੀਆਂ ਕਮਜ਼ੋਰੀਆਂ ਮੇਰੇ ਨਾਲ ਜਾਣ ਦਿਓ। ਜੇ ਮੇਰੀ ਕੋਈ ੂਂਬੀ ਕਿਸੇ ਨੂੰ ਚੰਗੀ ਲੱਗੇ, ਉਸ ਨੂੰ ਜੇ ਅਪਣਾ ਸਕਦੇ ਹੋ, ਜ਼ਰੂਰ ਅਪਣਾਓ। ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਆਪਣੀ ਹੁਣ ਤੱਕ ਦੀ ਕਹਾਣੀ ਦਾ ਭੋਗ ਪਾਉਂਦਾ ਹਾਂ।

...ਸਮਾਪਤ...