ਸਭ ਰੰਗ

  •    ਹੁਣ ਪਤਾ ਲੱਗਿਆ ਮੇਰਾ ਨਾਂਅ ਏ.ਟੀ.ਐਮ ਹੈ ! / ਚੰਦ ਸਿੰਘ (ਲੇਖ )
  •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਨੋਟਬੰਦੀ ਨੇ ਮੋਦੀ ਮੋਦੀ ਕਰਵਾਤੀ ਘਰਾਂ ਵਿੱਚ / ਰਮੇਸ਼ ਸੇਠੀ ਬਾਦਲ (ਲੇਖ )
  •    ਸ਼ਾਇਰ ਸ਼ਮੀ ਜਲੰਧਰੀ / ਰਿਸ਼ੀ ਗੁਲਟੀ (ਲੇਖ )
  •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਇੰਝ ਚਲਾਇਆ ਦੋ ਹਜ਼ਾਰ ਦਾ ਨੋਟ / ਹਰਦੀਪ ਬਿਰਦੀ (ਲੇਖ )
  •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗਿਆਨ-ਕਥੂਰੀ ਵੰਡਣ ਵਾਲਾ ਦਰਵੇਸ਼ : ਡਾ. ਗੁਰਦੇਵ ਸਿੰਘ ਸਿੱਧੂ / ਦਰਸ਼ਨ ਸਿੰਘ ਆਸ਼ਟ (ਡਾ.) (ਲੇਖ )
  •    ਸਾਡਾ ਕਤਾਰ ਬਦਲੀ ਦਾ ਚੱਕਰ / ਗੁਰਮੀਤ ਸਿੰਘ ਫਾਜ਼ਿਲਕਾ (ਵਿਅੰਗ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਝਾਤ 'ਓਇ ਭੀ ਚੰਦਨੁ ਹੋਇ ਰਹੇ' / ਦਵਿੰਦਰ ਕੌਰ (ਡਾ) (ਪੁਸਤਕ ਪੜਚੋਲ )
  • ਅੱਛੇ ਦਿਨ ਆਨੇ ਵਾਲੇ ਐ (ਵਿਅੰਗ )

    ਸਾਧੂ ਰਾਮ ਲੰਗਿਆਣਾ (ਡਾ.)   

    Email: dr.srlangiana@gmail.com
    Address: ਪਿੰਡ ਲੰਗੇਆਣਾ
    ਮੋਗਾ India
    ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਨੀਂ ਨਿਹਾਲੀਏ, ਅਸੀਂ ਲੁੱਟੇ ਗਏ ਨੀਂ… ਪੁੱਟੇ ਗਏ ਨੀਂ… ਮਰਗੇ ਨੀਂ… ਸੁੱਤੇ ਪਿਆਂ ਨੂੰ ਛੱਡ ਗਏ ਕੁੜੇ … ਹਾਏ…।
    ਜੇ ਸਾਨੂੰ ਭਿਣਕ ਲੱਗ ਜਾਂਦੀ, ਆਸਾ ਪਾਸਾ ਕਰ ਲੈਂਦੇ ਕੁੜੇ, ਹਾਏ…।ਚੰਗੇ ਭਲੇ ਕਾਗਜ਼ਾ ਨੇ ਨੰਗ ਕਰਤਾ ਕੁੜੇ ਹਾਏ…।
    'ਤਾਈ ਨਿਹਾਲੀ' ਦੀ ਦਰਾਣੀ 'ਦਿਆਲੀ' ਨੇ ਸਵੇਰੇ ਦਿਨ ਚੜਨ ਸਾਰ ਹੀ ਉੱਚੀ-ਉੱਚੀ ਭੁੱਬਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ…।
    ਤਾਈ ਨਿਹਾਲੀ ਵੀ ਪੈ ਰਹੇ ਚੀਕ-ਚਿਹਾੜੇ ਨੂੰ ਸੁਣ ਸਕਿੰਟਾਂ 'ਚ ਹੀ ਗਵਾਂਢਣ ਦਿਆਲੀ ਦੇ ਘਰ ਜਾ ਪੁੱਜੀ, ਬੁਰੀ ਤਰ੍ਹਾਂ ਹਫੀ ਹੋਈ ਦਿਆਲੀ ਤੋਂ ਚੰਗੀ ਤਰ੍ਹਾਂ ਗੱਲ ਨਹੀ ਸੀ ਹੋ ਰਹੀ, ਨੀ ਨਿਹਾਲੀਏ, ਪੰਜ…ਪੰਜ…ਪੰਜ।ਹਾ..ਹਾ..ਹਾ।
    ਕੁੜੇ ਪੰਜ ਵਜੇ ਸਰੀਰ ਛੱਡਿਆ ਬਾਪੂ ਜੀ ਨੇ (ਬਿਮਾਰ ਬੁੜ੍ਹੇ ਬਾਰੇ ਮਨ 'ਚ ਸੋਚ ਨਿਹਾਲੀ ਨੇ ਦਿਆਲੀ ਤੋਂ ਪੁੱਛਿਆ)…?
    ਨਹੀਂ..ਨਹੀ..ਨਿਹਾਲੀਏ ਭੈਂਣੇ, ਪੰਜ..ਪੰਜ..ਪੰਜ ਸੌ ਤੇ ਹਾ..ਹਾ ਹਜ਼ਾਰ ਦੇ ਨੋਟ ਬੰਦ ਹੋ ਗਏ ਬੰਦ…।
      ਕੁੜੇ ਦਿਆਲੀਏ ਤੂੰ ਹੋਸ਼ ਕਰ ਜ਼ਰਾ.. ਐਨੀ ਹਫ਼ੀ ਕਿਉਂ ਪਈ ਐਂ, ਜੇ ਪੰਜ ਸੌ ਜਾਂ ਹਜ਼ਾਰ ਦੇ ਨੋਟ ਬੰਦ ਹੋ ਗਏ ਹਨ। ਤੇ ਫਿਰ ਐਡਾ ਕੀ ਲੋੜ੍ਹਾ ਆ ਗਿਆ, ਵੇਖੀ ਕਿਤੇ ਹਾਰਟ ਅਟੈਕ ਨਾ ਕਰਵਾ ਕੇ ਬਹਿ ਜਾਵੀਂ…।ਮੈਂ ਤਾਂ ਸੋਚਿਆ ਕਿਤੇ ਤੜਕੇ ਪੰਜ ਵਜੇ ਬਿਮਾਰ ਪਏ ਬਾਪੂ ਜੀ ਹੀ ਚੜਾਈ ਕਰ ਗਏ ਨੇ।
       ਨਹੀਂ ਨਿਹਾਲੀਏ, ਮੈਂ ਹੁਣ ਜਦੋਂ ਗੁਰੂ ਘਰੋਂ ਮੱਥਾ ਟੇਕ ਕੇ ਵਾਪਸ ਆ ਰਹੀ ਸੀ, ਤਾਂ ਰਸਤੇ 'ਚ ਗੇਬੂ ਠੇਕੇਦਾਰ ਕੇ ਘਰੇ ਬਲਾਈ ਹਊ ਕਲਾਪ ਹੋਈ ਜਾਂਦਾ ਸੀ ਤੇ ਨਾਲੇ ਵਿਚਾਰੇ ਗੇਬੂ ਨੂੰ ਤਾਂ ਸ਼ਰਮਾਂ ਡਾਕਟਰ ਬੋਤਲ ਵੀ ਲਗਾਈ ਜਾਂਦਾ ਸੈਂ…।ਮੈਂ ਜਿਉਂ ਹੀ ਉਹਨਾਂ ਤੋਂ ਕਾਰਨ ਪੁੱਛਿਆ, ਤਾਂ ਮੈਨੂੰ ਸਾਰੀ ਘਟਨਾ ਦਾ ਪਤਾ ਲੱਗਾ ਤੇ ਅਸੀਂ ਜੋ ਅਜੇ ਕੱਲ੍ਹ ਹੀ ਝੋਨੇ ਦੀ ਫਸਲ ਦੇ ਆੜਤੀਏ ਕੋਲੋਂ ਦੋ ਲੱਖ ਲਿਆਂਦੇ ਸਨ ਤੇ ਅੱਜ ਬੈਂਕ ਦੀ ਲਿਮਟ ਘੁੰਮਾਉਣੀ ਸੀ। ਮੈਨੂੰ ਵੀ ਇਹ ਸੁਣ ਕੇ ਦੌਰਾ ਪੈਣ ਵਾਲਾ ਹੋ ਗਿਆ ਤੇ ਮੈਂ ਸੋਚਿਆ, ਕਿ ਛੇ ਮਹੀਨੇ ਜੱਟ ਦੀ ਕੀਤੀ ਕਮਾਈ ਐਂਵੇ ਹੀ ਗਈ।
       ਕੁੜੇ ਨਹੀਂ ਦਿਆਲੀਏ, ਇਹ ਤਾਂ ਮੋਦੀ ਸਰਕਾਰ ਨੇ ਕਾਲੇ ਧਨ ਨੂੰ ਗੁਠੇ ਲਗਾਉਣ ਲਈ ਕਦਮ ਚੁੱਕਿਐ.. ਥੋਨੂੰ ਕੋਈ ਖਤਰਾ ਨਹੀ ਐ, ਤੁਹਾਡੇ ਕੋਲ ਫਸਲ ਵੇਚੀ ਦਾ ਆੜਤੀਏ ਕੋਲੋਂ 'ਜੇ ਫਾਰਮਾਂ' ਪੈਸਿਆਂ ਦਾ ਪੱਕਾ ਸਬੂਤ ਐ… ਥੋਡੀ ਰਕਮ ਬੈਂਕ ਵਿੱਚ ਜਮਾਂ ਹੋ ਜਾਣੀ ਐ…। ਮਾਇਆ ਤਾਂ ਲੱਛਮੀ ਹੁੰਦੀ ਐ, ਤੂੰ ਸਵੇਰੇ-ਸਵੇਰੇ ਇਹਦੇ ਬਾਰੇ ਹੀ ਕੀਰਨੇ ਪਾਉਣੇ ਸ਼ੁਰੂ ਕਰ ਦਿੱਤੇ, ਲੋਕ ਤਾਂ ਇਹਨੂੰ ਚੁੰਮ-ਚੁੰਮ ਰੱਖਦੇ ਨੇ…।ਮੇਰੇ ਕੋਲ ਵੀ ੬੦-੭੦ ਨੋਟ ੫੦੦, ੧੦੦੦ ਵਾਲੇ ਹੋਣਗੇ ਜਿਹੜੇ ਮੈਂ ਛਿੰਦੇ ਦੇ ਬਾਪੂ ਤੋਂ ਇੱਕ ਸਰ੍ਹਾਣੇ 'ਚ ਪਾ ਚੋਰੀ ਲੁਕਾ ਕੇ ਸਾਂਭੇ ਹੋਏ ਹਨ।ਇਹ ਸਾਰੇ ਪੁਰਾਣੇ ਨੋਟ ਜਮ੍ਹਾਂ ਹੋ ਕੇ ਨਵੀਂ ਕਰੰਸੀ ਮਿਲੂਗੀ।
      ਨੀਂ ਨਿਹਾਲੀਏ ਸ਼ੁਕਰ ਐ… ਸ਼ੁਕਰ ਐ, ਮੇਰਾ ਤਾਂ ਕਾਲਜਾ ਈ ਫਟਣ ਵਾਲਾ ਹੋ ਗਿਆ ਸੀ, ਸ਼ੁਕਰ ਐ, ਤੂੰ ਫਟਾਫਟ ਮੇਰੇ ਕੋਲ ਪਹੁੰਚ ਗਈ, ਨਹੀ ਮੈਨੂੰ ਤਾਂ ਜਰੂਰ ਅਟੈਕ ਹੋ ਜਾਣਾ ਸੀ, ਮੈਂ ਲੱਛਮੀ ਦੇ ਕੀਰਨੇ ਪਾ ਕੇ ਵੱਡੀ ਗਲਤੀ ਕਰ ਬੈਠੀ, ਤੂੰ ਬੈਠ, ਤੇ ਮੈਂ ਤੇਰੇ ਵਾਸਤੇ ਚਾਹ ਲੈ ਕੇ ਆਉਣੀ ਆਂ, 'ਸਾਡੇ ਬਾਗਾਂ ਦੀ ਕੋਇਲ ਕਹਾਂ ਚੱਲੀ ਐ…, 'ਸਾਡੇ ਬਾਗਾਂ ਦੀ ਕੋਇਲ ਕਹਾਂ ਚੱਲੀ ਐ…। ਦਿਆਲੀ ਨਾਲੇ ਚਾਹ ਬਣਾ ਰਹੀ ਸੀ ਤੇ ਨਾਲੇ ਨੋਟਾਂ ਦੀ ਗੁੱਟੀ ਨੂੰ ਚੁੰਮਦੀ ਹੋਈ ਸੱਭਿਆਚਾਰਕ ਗੀਤਾਂ ਦੇ ਬੋਲਾਂ ਰਾਹੀਂ ਵਿਦਾਇਗੀ ਦੇ ਰਹੀ ਸੀ। 
      ਨੀਂ ਨਿਹਾਲੀਏ ਆ ਗਿਆ ਨੀਂ… ਆਹ ਦੇਖ… ਆ ਗਿਆ ਨੀਂ…ਦੋ ਹਜ਼ਾਰ ਦਾ ਨੋਟ…।ਕੁਝ ਦਿਨਾਂ ਬਾਅਦ ਦਿਆਲੀ ਨੇ ਦੁਪਹਿਰ ਦੇ ਸਮੇਂ ਨਿਹਾਲੀ ਕੇ ਬੂਹੇ ਅੰਦਰ ਦਸਤਕ ਦਿੰਦਿਆਂ ਹੀ ਉੱਚੀ-ਉੱਚੀ ਆਪਣੇ ਬੋਲਾਂ ਰਾਹੀਂ ਕਿਹਾ ਅਤੇ ਖੁਸ਼ੀਆਂ 'ਚ ਝੂੰਮਦਿਆ ਗੀਤ ਗਾਉਣਾ ਸ਼ੁਰੂ ਕੀਤਾ 'ਸਾਡੇ ਨਵੇਂ ਸੱਜਣ ਘਰ ਆਏ… ਖੁਸ਼ੀਆਂ ਲਿਆਏ… ਨਾ ਜਾਣ ਧਰਤੀ ਪੱਬ ਟਿਕਾਏ… 'ਤੇ ਵੱਜ ਰਹੀਆਂ ਬੰਸਰੀਆਂ…।ਮੋਦੀ ਜੀ ਨੇ ਕਈਆਂ ਦੇ ਛੱਕੇ ਛੁਡਾਏ… ਦੌਰੇ ਪੁਆਏ… ਸਾਥੋਂ ਚਾਅ ਚੱਕਿਆ ਨਾ ਜਾਏ… ਤੇ ਵੱਜ ਰਹੀਆਂ ਬੰਸਰੀਆਂ…।
       ਵਾਹ …ਵਾਹ ਦਿਆਲੀਏ, ਦੋ ਹਜ਼ਾਰ ਦਾ ਨੋਟ… ਵੇਖਣ ਨੂੰ ਤਾਂ ਸੋਹਣਾ ਲੱਗਦਾ ਏ, ਪਰ ਸਤਮਾਂਹੇ ਬੱਚੇ ਵਾਂਗੂੰ ਇਉਂ ਲੱਗਦੈ, ਜਿਵੇਂ ਜਵਾਕਾਂ ਦੇ ਖਾਣ ਵਾਲੇ ਚੂਰਨ ਚੋਂ ਬਣਾਉਟੀ ਜਿਹਾ ਨੋਟ ਨਿਕਲਿਆ ਹੋਵੇ, ਹੈ ਵੀ ਪਤਲਾ ਤੇ ਨਿੱਕਾ ਜਿਹਾ।
      ਨੀਂ ਨਿਹਾਲੀਏ ਤੂੰ ਸ਼ੁਕਰ ਕਰ, ਕਿ ਇਹ ਅੱਜ ਸਾਨੂੰ ਬੈਂਕ 'ਚੋਂ ਮਿਲ ਗਿਆ, ਅਜੇ ਪੰਜ ਸੌ ਵਾਲਾ ਨੋਟ ਤਾਂ ਪਿੰਡਾਂ ਦੀਆਂ ਬੈਂਕਾਂ 'ਚ ਪਹੁੰਚਿਆ ਹੀ ਨਹੀ, ਹਫਤਾ ਹੋ ਗਿਆ, ਘਰੇ ਤਾਂ ਰਸੋਈ ਦਾ ਰਾਸ਼ਨ ਪਾਣੀ ਮੁੱਕਿਆ ਪਿਆ ਸੀ। ਤੇਰਾ ਭਾਅ ਜੀ ਕਈ ਦਿਨ ਤਾਂ ਬੈਂਕ ਤੋਂ ਬੇਰੰਗ ਹੀ ਵਾਪਸ ਆਉਂਦਾ ਰਿਹਾ, ਨਾ ਏ.ਟੀ.ਐਮ 'ਚ ਨੋਟ, ਨਾਂ ਬੈਂਕ 'ਚ ਨੋਟ ਪੂਰੇ ਆਏ, ਲੋਕਾਂ 'ਚ ਤਾਂ ਹਾਹਾਕਾਰ ਮੱਚੀ ਪਈ ਸੀ, ਹਾਹਾਕਾਰ… ਅੱਜ ਸਵੇਰੇ ਤੇਰਾ ਭਾਅ ਜੀ, ਬੈਂਕ ਖੁੱਲ੍ਹਣ ਤੋਂ ਪਹਿਲਾਂ ਹੀ ਭੁੱਖਾ-ਤਿਹਾਇਆ ਬੈਂਕ ਦੇ ਮੂਹਰੇ ਜਾ ਬੈਠਾ ਤੇ ਲੰਮੀ ਲਾਈਨ 'ਚ ਲੱਗ ਕੇ ਮਸਾਂ ਦੁਪਹਿਰ ਵੇਲੇ ਸਿਰਫ ਇੱਕ ਹੀ ਦੋ ਹਜ਼ਾਰ ਦਾ ਨੋਟ ਪੱਲੇ ਪਿਆ, ਕਿਸੇ ਲੋਕਾਂ ਦੇ ਘਰ ਵਿਆਹ, ਕਿਤੇ ਭੋਗ, ਕਿਸੇ ਦੇ ਕੁਝ ਪ੍ਰੋਗਰਾਮ ਹਨ ਬੈਂਕਾਂ ਚੋਂ ਪੈਸੇ ਪੂਰੇ ਨਾਂ ਮਿਲਦੇ ਹੋਣ ਕਾਰਨ ਲੋਕ ਵਿਰ-ਵਿਰ ਕਰਦੇ ਫਿਰਦੇ ਹਨ, ਕਈ ਤਾਂ ਨੋਟਾਂ ਦੇ ਸਦਮੇ 'ਚ ਜਹਾਨੋਂ ਵੀ ਕੂਚ ਕਰ ਗਏ ਹਨ। ਇੰਝ ਲੱਗਦੈ ਹੈ, ਜਿਵੇਂ ਅਸੀਂ ਲੁੱਟੇ-ਪੁੱਟੇ ਹੀ ਗਏ ਹਾਂ।ਨਾਲੇ ਤੇਰੇ ਭਾਅ ਜੀ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਤਾਂ ਬੈਂਕਾਂ ਵਾਲਿਆਂ ਨੇ ਪੁਰਾਣੇ ੧੦,੨੦,੫੦ ਵਾਲੇ ਪਾਟੇ ਪੁਰਾਣੇ ਨੋਟਾਂ ਦੀਆਂ ਗੁੱਟੀਆਂ ਹੀ ਗਲ ਮੜ ਦਿੱਤੀਆਂ ਹਨ ਤੇ ਨਾਲੇ ਨਵਾਂ ਦਸ ਰੁਪਏ ਦਾ ਢਾਲਾ ਵੀ ਆਇਆ ਕੁਝ ਲੋਕਾਂ ਨੂੰ ਬੈਂਕ ਵਾਲਿਆਂ ਨੇ ਹਜ਼ਾਰ-ਹਜ਼ਾਰ ਦੇ ਢਾਲਿਆਂ ਦੇ ਪੈਕਟ ਮੜ ਦਿੱਤੇ, ਲੋਕ ਢਾਲਿਆਂ ਨੂੰ ਮਰੁੰਡੇ ਵਾਂਗੂੰ ਹੱਥਾਂ 'ਚ ਚੁੱਕੀ ਫਿਰਦੇ ਸਨ।ਬੈਕ 'ਚ ਇੱਕ ਮੁੰਡੇ ਨੂੰ ਢਾਲਿਆਂ ਦੇ ੬-੭ ਪੈਕਟ ਮਿਲੇ, ਉਹਨੇ ਆਪਣੀ ਲੋਰ ਦੀਆਂ ਜੇਬਾਂ 'ਚ ਉਹ ਪੈਕਟ ਥੁੰਨ ਲਏ, ਜਿਉਂ ਹੀ ਉਹ ਮੁੰਡਾ ਅਜੇ ਬੈਂਕ ਦੇ ਦਰਵਾਜੇ ਤੱਕ ਹੀ ਪਹੁੰਚਿਆਂ ਸੀ। ਕਿ ਢਾਲਿਆ ਦੇ ਭਾਰ ਨਾਲ ਵਿਚਾਰੇ ਦੀ ਰਬੜ ਦੇ ਨੇਫ਼ੇ ਵਾਲੀ ਲੋਰ ਉਹਦੇ ਗੋਡਿਆਂ ਵੱਲ ਨੂੰ ਬੁਰੀ ਤਰ੍ਹਾਂ ਲਮਕ ਗਈ, ਤੇ ਬੈਂਕ 'ਚ ਬੁਰੀ ਤਰ੍ਹਾਂ ਅਫਸੋਸੇ ਖੜੇ ਲੋਕਾਂ 'ਚ ਵੀ ਹਾਸੇ ਦਾ ਧਮੱਚੜ ਮੱਚ ਗਿਆ…।ਨੋਟਾਂ ਅਤੇ ਸਰਕਾਰੀ ਹੁਕਮਾਂ ਨੇ ਤਾਂ ਲੋਕਾਂ ਦੀ ਮੱਤ ਮਾਰ ਕੇ ਰੱਖ ਦਿੱਤੀ ਮੱਤ।
         ਕੁੜੇ ਦਿਆਲੀਏ, ਸਾਡੇ ਪੈਸਿਆਂ ਨੇ ਸਾਨੂੰ ਹੀ ਮੰਗਤੇ ਤੇ ਬਣਾ ਕੇ ਰੱਖ ਦਿੱਤੈ…ਮੰਗਤੇ, ਨਾਲੇ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਬ੍ਹ ਨੇ ਸੱਚ ਹੀ ਤਾਂ ਕਿਹਾ ਸੀ।ਕਿ 'ਅੱਛੇ ਦਿਨ ਆਨੇ ਵਾਲੇ ਐ'…।