ਸਭ ਰੰਗ

  •    ਅਧਿਆਪਕ ਜੋ ਮੇਰੇ ਦਿਲ ਵਿੱਚ ਵੱਸਦੇ ਨੇ / ਚਰਨਜੀਤ ਕੈਂਥ (ਲੇਖ )
  •    ਚੋਣਾਂ ਦੀ ਮਸ਼ਹੂਰੀ ਬਨਾਮ ਪੰਜਾਬੀ ਮਾਂ ਬੋਲੀ / ਇਕਵਾਕ ਸਿੰਘ ਪੱਟੀ (ਲੇਖ )
  •    ਭੈਣ ਘਰ ਭਾਈ ਤੇ ਸਹੁਰੇ ਘਰ ਜਵਾਈ / ਰਮੇਸ਼ ਸੇਠੀ ਬਾਦਲ (ਲੇਖ )
  •    ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
  •    ਮੇਰੀ ਸਰਦਲ ਦੇ ਦੀਵੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਖੁਸ਼ੀ ਤੋਂ ਵੱਡਾ ਕੋਈ ਗਹਿਣਾ ਨਹੀ / ਵਿਵੇਕ (ਲੇਖ )
  •    ਰੰਗਿ ਹਸਹਿ ਰੰਗਿ ਰੋਵਹਿ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਸ਼ਰਨਜੀਤ ਬੈਂਸ ਦੀ ਪੁਸਤਕ - ਸੰਗੀਤਕ ਇਸ਼ਕ ਦਾ ਖ਼ਜਾਨਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਾਜਪ੍ਰੀਤ / ਰਿਸ਼ੀ ਗੁਲਟੀ (ਲੇਖ )
  •    ਹੁਕਮਨਾਮਿਆਂ ਰਾਹੀਂ ਸਤਿਗੁਰ ਰਾਮ ਸਿੰਘ ਜੀ ਦਾ ਬਿੰਬ / ਲਾਭ ਸਿੰਘ ਖੀਵਾ (ਡਾ.) (ਲੇਖ )
  •    ਵੋਟ ਮੰਗਤਿਆਂ ਤੋਂ ਬਚਣ ਦਾ ਕਾਰਗਰ ਘਰੇਲੂ ਨੁਸਖਾ / ਮਿੰਟੂ ਬਰਾੜ (ਵਿਅੰਗ )
  • ਹੀਰ (ਭਾਗ11) (ਕਿੱਸਾ ਕਾਵਿ)

    ਵਾਰਿਸ ਸ਼ਾਹ   

    Address:
    ਸ਼ੇਖੂਪੁਰਾ Pakistan
    ਵਾਰਿਸ ਸ਼ਾਹ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    311. ਹੀਰ ਦਾ ਕੁੜੀਆਂ ਨੂੰ ਉੁੱੱਤਰ
    ਗੱਲੀਂ ਲਾਇਕੇ ਕਿਵੇਂ ਲਿਆਉ ਉਸਨੂੰ ਰਲ ਪੁਛੀਏ ਕਿਹੜੇ ਥਾਂਉਂਦਾ ਈ
    ਖੇਹ ਲਾਇਕੇ ਦੇਸ ਵਿੱਚ ਫਿਰੇ ਭੌਂਦਾ ਅਤੇ ਨਾਉਂ ਦਾ ਕੌਣ ਕਹਾਂਉਂਦਾ ਈ
    ਦੇਖਾਂ ਕਿਹੜੇ ਦੇਸ ਦਾ ਚੌਧਰੀ ਹੈ ਅਤੇ ਜ਼ਾਤ ਦਾ ਕੌਣ ਸਦਾਉਂਦਾ ਈ
    ਦੋਖਾਂ ਰੋਹੀਓਂ ਮਾਝਿਉਂ ਤੱਪੀਉਂ ਹੈ ਰਾਵੀ ਵਿਆਹ ਦੀ ਇੱਕੇ ਚਨ੍ਹਾਉਂਦਾ ਈ
    ਫਿਰੇ ਤ੍ਰਿੰਜਨਾ ਵਿਚ ਖੁਆਰ ਹੁੰਦਾ ਵਿੱਚ ਵਿਹੜਿਆਂ ਫੇਰੀਆਂ ਪਾਉਂਦਾ ਈ
    ਵਾਰਸ ਸ਼ਾਹ ਮਿਰਤੂ ਇਹ ਕਾਸਦਾ ਕੋਈ ਏਸ ਦਾ ਅੰਤ ਨਾ ਪਾਂਵਦਾ ਈ

    312. ਕੁੜੀਆਂ ਜੋਗੀ ਕੋਲ
    ਲੈਣ ਜੋਗੀ ਨੂੰ ਧੁੰਬਲਾ ਹੋ ਚਲੋ ਗੱਲ ਬਣਾਇ ਸਵਾਰੀਏ ਨੀ
    ਸੱਭੇ ਬੋਲੀਆਂ ਜਾ ਨਮਸਕਾਰ ਜੋਗੀ ਕਿਉਂ ਨੀ ਸਾਈਂ ਸਵਾਰੀਏ ਪਿਆਰੀਏ ਨੀ
    ਵੱਡੀ ਮਿਹਰ ਹੋਈ ਏਸ ਦੇਸ ਉਤੇ ਵਿਹੜੇ ਹੀਰ ਦੇ ਨੂੰ ਚਲ ਤਾਰੀਏ ਨੀ
    ਨਗਰ ਮੰਗ ਅਤੀਤ ਨੇ ਅਜੇ ਖਾਣਾ ਬਾਤਾਂ ਸ਼ੌਕ ਦੀਆਂ ਚਾ ਵਸਾਰੀਏ ਨੀ
    ਮੇਲੇ ਕੁੰਭ ਦੇ ਹਮੀਂ ਅਤੀਤ ਚੱਲੇ ਨਗਰ ਜਾਇਕੇ ਭੀਖ ਚਤਾਰੀਏ ਨੀ
    ਵਾਰਸ ਸ਼ਾਹ ਤੁਮਹੀਂ ਘਰੋਂ ਖਾਇ ਆਈਆਂ ਚਾਵੜਾਂ ਲਉ ਗੁਟਕਾਰੀਏ ਨੀ

    313. ਉੱਤਰ ਕੁੜੀਆਂ
    ਰਸਮ ਜਗ ਦੀ ਕਰੋ ਅਤੀਤ ਸਾਈ ਸਾਡੀਆਂ ਸੂਰਤਾਂ ਵਲ ਧਿਆਨ ਕੀਚੈ
    ਅਜੂ ਖੇੜੇ ਦੇ ਵਿਹੜੇ ਨੂੰ ਕਰੋ ਫੇਰਾ ਜ਼ਰਾ ਹੀਰ ਦੀ ਤਰਫ ਧਿਆਨ ਕੀਚੈ
    ਵਿਹੜਾ ਮਹਿਰ ਦਾ ਚਲੋ ਵਿਖਾ ਲਿਆਈਏ ਸਹਿਤੀ ਮੋਹਣੀ ਤੇ ਨਜ਼ਰ ਆਨ ਕੀਚੈ
    ਚਲੋ ਵੇਖੀਏ ਘਰਾਂ ਸਰਦਾਰ ਦੀਆਂ ਨੂੰ ਅਜੀ ਸਾਹਬੋ ਨਾ ਗੁਮਾਨ ਕੀਚੈ

    314. ਉੱਤਰ ਰਾਂਝਾ
    ਹਮੀਂ ਬੱਡੇ ਫਕੀਰ ਸਤ ਪੀੜ੍ਹੀਏ ਹਾਂ ਰਸਮ ਜਗ ਦੀ ਹਮੀਂ ਨਾ ਜਾਨਤੇ ਹਾਂ
    ਕੰਦ ਮੂਲ ਉਜਾੜ ਵਿੱਚ ਖਾਇਕੇ ਤੇ ਬਣ ਬਾਸ ਲੈ ਕੇ ਮੌਜਾਂ ਮਾਨਤੇ ਹਾਂ
    ਬਘਿਆੜ ਸ਼ੇਰ ਅਰ ਮਿਰਗ ਚੀਤੇ ਹਮੀਂ ਤਿਨ੍ਹਾਂ ਦੀਆਂ ਸੂਰਤਾਂ ਝਾਨਤੇ ਹਾਂ
    ਤੁਮਹੀਂ ਸੁੰਦਰਾਂ ਬੈਠੀਆਂ ਖੂਬਸੂਰਤ ਹਮੀਂ ਬੂਟੀਆਂ ਝਾਣੀਆਂ ਛਾਨਤੇ ਹਾਂ
    ਨਗਰ ਬੀਚ ਨਾ ਆਤਮਾ ਪਰਚਦਾ ਏ ਉਦਿਆਨ ਪਖੀ ਤੰਬੂ ਤਾਨਤੇ ਹਾਂ
    ਗੁਰੂ ਤੀਰਥ ਜੋਗ ਬੈਰਾਗ ਹੋਵੇ ਰੂਪ ਤਿਨ੍ਹਾਂ ਦੇ ਹਮੀਂ ਪਛਾਨਤੇ ਹਾਂ

    314.-1 ਕੁਝ ਹੋਰ ਕੁੜੀਆਂ
    ਪਿੱਛੋਂ ਹੋਰ ਆਈਆਂ ਮੁਟਿਆਰ ਕੁੜੀਆਂ ਦੇਖ ਰਾਂਝਨੇ ਨੂੰ ਮੂਰਛਤ ਹੋਈਆਂ
    ਅੱਖੀਂ ਟੱਡੀਆਂ ਰਹਿਉਂ ਨੇ ਮੁਖ ਮੀਟੇ ਟੰਗਾਂ ਬਾਹਾਂ ਵਗਾ ਬੇਸੱਤ ਹੋਈਆਂ
    ਅਨੀ ਆਉ ਖਾਂ ਪੁਛੀਏ ਨਢੜੇ ਨੂੰ ਦੇਹੀਆਂ ਦੇਖ ਜੋਗੀ ਉਦਮਤ ਹੋਈਆਂ
    ਧੁੱਪੇ ਆਲ ਖਲੋਤੀਆਂ ਦੇਖਦੀਆਂ ਨੇ ਮੁੜ੍ਹਕੇ ਡੁੱਬੀਆਂ ਤੇ ਰਤੋਂ ਰਤ ਹੋਈਆਂ

    315. ਕੁੜੀਆਂ ਆਪੋ ਵਿੱਚ
    ਸਈਉ ਦੇਖੋ ਤੋ ਮਸਤ ਅਲੱਸਤ ਜੋਗੀ ਜੈਂਦਾ ਰਬ ਦੇ ਨਾਲ ਧਿਆਨ ਹੈ ਨੀ
    ਇਨ੍ਹਾਂ ਭੌਰਾਂ ਨੂੰ ਆਸਰਾ ਰਬ ਦਾ ਹੈ ਘਰ ਵਾਰ ਨਾ ਤਾਣ ਨਾ ਮਾਣ ਹੈ ਨੀ
    ਸੋਇਨੇ ਵੰਨੜੀ ਦੇਹੀ ਨੂੰ ਖੇਹ ਕਰਕੇ ਰਲਨ ਖਾਕ ਵਿੱਚ ਫਕਰ ਦੀ ਬਾਣ ਹੈ ਨੀ
    ਸੋਹਨਾ ਫੁਲ ਗੁਲਾਬ ਮਾਅਸ਼ੂਕ ਨੱਢਾ ਰਾਜ ਪੁੱਤਰ ਤੇ ਸੁਘੜ ਸੁਜਾਨ ਹੈ ਨੀ
    ਜਿਨ੍ਹਾਂ ਭੰਗ ਪੀਤੀ ਸਵਾਹ ਲਾਇ ਬੈਠੇ ਓਨ੍ਹਾਂ ਮਾਹਣੂਆਂ ਦੀ ਕਹੀ ਕਾਣ ਹੈ ਨੀ
    ਜਿਵੇਂ ਅਸੀਂ ਮੁਟਿਆਰ ਹਾਂ ਰੰਗ ਭਰੀਆਂ ਤਿਵੇਂ ਇਹ ਭੀ ਅਸਾਡੜਾ ਹਾਣ ਹੈ ਨੀ
    ਆਉ ਪੁੱਛਈਏ ਕਿਹੜੇ ਦੇਸ ਦਾ ਹੈ ਅਤੇ ਏਸ ਦਾ ਕੌਣ ਮਕਾਨ ਹੈ ਨੀ

    316. ਉੱਤਰ ਕੁੜੀਆਂ
    ਸੁਣੀ ਜੋਗੀਆ ਗੱਭਰੂਆ ਛੈਲ ਬਾਂਕੇ ਨੈਨਾਂ ਖੀਵੀਆ ਮਸਤ ਦੀਵਾਨਿਆਂ ਵੇ
    ਕੰਨੀਂ ਮੁੰਦਰਾਂ ਖੱਪਰੀ ਨਾਦ ਸਿੰਙੀ ਗਲ ਸੇਲ੍ਹੀਆਂ ਤੇ ਹਥ ਗਾਨਿਆ ਵੇ
    ਵਿੱਚੋਂ ਨੈਨ ਹੱਸਣ ਹੋਠ ਭੇਦ ਦੱਸਨ ਅੱਖੀਂ ਮੀਟਦਾ ਨਾਲ ਬਹਾਨਿਆ ਵੇ
    ਕਿਸ ਮੁਨਿਉਂ ਕੰਨ ਕਿਸ ਪਾੜਿਉਂ ਨੀ ਤੇਰਾ ਵਤਨ ਹੈ ਕੌਣ ਦੀਵਾਨਿਆ ਵੇ
    ਕੌਣ ਜ਼ਾਤ ਹੈ ਕਾਸ ਤੋਂ ਜੋਗ ਲੀਤੋ ਸੱਚੋ ਸੱਚ ਹੀ ਦੱਸ ਮਸਤਾਨਿਆ ਵੇ
    ਏਸ ਉਮਰ ਕੀ ਵਾਇਦੇ ਪਏ ਤੈਨੂੰ ਕਿਉਂ ਭਵਨਾ ਏ ਦੇਸ ਬੇਗਾਨਿਆ ਵੇ
    ਕਿਸੇ ਰੰਨ ਭਾਬੀ ਬੋਲੀ ਮਾਰਿਆ ਈ ਹਿਕ ਸਾੜਿਆ ਸੂ ਨਾਲ ਤਾਨ੍ਹਿਆਂ ਵੇ
    ਵਿੱਚ ਤ੍ਰਿੰਜਨਾ ਪਵੇ ਵਿਚਾਰ ਤੇਰੀ ਹੋਵੇ ਜ਼ਿਕਰ ਤੇਰਾ ਚੱਕੀ-ਹਾਨਿਆ ਵੇ
    ਬੀਬੀ ਦੱਸ ਸ਼ਤਾਬ ਹੋ ਜਿਉ ਜਾਂਦਾ ਅਸੀਂ ਧੁਪ ਦੇ ਨਾਲ ਮਰ ਜਾਨੀਆ ਵੇ
    ਕਰਨ ਮਿੰਨਤਾਂ ਮੁੱਠੀਆਂ ਭਰਨ ਲੱਗੀਆਂ ਅਸੀਂ ਪੁਛ ਕੇ ਹੀ ਟੁਰ ਜਾਨੀਆਂ ਵੇ
    ਵਾਰਸ਼ ਸ਼ਾਹ ਗੁਮਾਨ ਨਾ ਪਵੀਂ ਮੀਆਂ ਅੱਦੀ ਹੀਰ ਦਿਆ ਮਾਲ ਖਜ਼ਾਨਿਆ ਵੇ

    317. ਉੱਤਰ ਰਾਂਝਾ
    ਰਾਂਝਾ ਆਖਦਾ ਖਿਆਲ ਨਾ ਪਵੋ ਮੇਰੇ ਸੱਪ ਸ਼ੀਂਹ ਫਕੀਰ ਦਾ ਦੇਸ ਕੇਹਾ
    ਕੂੰਜਾਂ ਵਾਂਗ ਮਮੋਲੀਆਂ ਦੇਸ ਛੱਡੇ ਅਸਾਂ ਜ਼ਾਤ ਸਫਾਤ ਤੇ ਭੇਸ ਕੇਹਾ
    ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ ਸਾਨੂੰ ਸਾਕ ਕਬੀਲੜਾ ਖੇਸ਼ ਕੇਹਾ
    ਦੁਨੀਆਂ ਨਾਲ ਪੈਵੰਦ ਹੈ ਅਸਾਂ ਕੇਹਾ ਪੱਥਰ ਜੋੜਨਾ ਨਾਲ ਸਰੇਸ਼ ਕੇਹਾ
    ਸੱਭਾ ਖਾਕ ਦਰ ਖਾਕ ਫਨਾ ਹੋਣਾ ਵਾਰਸ ਸ਼ਾਹ ਫਿਰ ਤਿਨ੍ਹਾ ਨੂੰ ਕੇਸ਼ ਕੇਹਾ

    318. ਉਹੀ
    ਸਾਨੂੰ ਨਾ ਅਕਾਉ ਰੀ ਭਾਤ ਖਾਣੀ ਖੰਡਾ ਕਰੋਧ ਕਾ ਹਮੀਂ ਨਾ ਸੂਤਨੇ ਹਾਂ
    ਜੇ ਕਰ ਆਪਣੀ ਵਾਈ ਤੇ ਆ ਜਾਈਏ ਖੁੱਲੀ ਝੁੰਡ ਸਿਰ ਤੇ ਅਸੀਂ ਭੂਤਨੇ ਹਾਂ
    ਘਰ ਮਹਿਰਾਂ ਦੇ ਕਾਸਨੂੰ ਅਸਾਂ ਜਾਣਾ ਸਿਰ ਮਹਿਰੀਆਂ ਦੇ ਅਸੀਂ ਮੂਤਨੇ ਹਾਂ
    ਵਾਰਸ ਸ਼ਾਹ ਮੀਆਂ ਹੇਠ ਬਾਲ ਭਾਂਬੜ ਉਲਟੇ ਹੋਇਕੇ ਰਾਤ ਨੂੰ ਝੂਟਨੇ ਹਾਂ

    319. ਉੱਤਰ ਕੁੜੀਆਂ
    ਅਸਾਂ ਅਰਜ਼ ਕੀਤਾ ਤੈਨੂੰ ਗੁਰੂ ਕਰਕੇ ਬਾਲ ਨਾਥ ਦੀਆਂ ਤੁਸੀਂ ਨਿਸ਼ਾਨੀਆਂ ਹੋ
    ਤਨ ਛੇਦਿਆ ਹੈ ਕਿਵੇਂ ਜ਼ਾਲਮਾਂ ਨੇ ਕਸ਼ਮੀਰ ਦੀਆਂ ਤੁਸੀਂ ਖੁਰਮਾਨੀਆਂ ਹੋ
    ਸਾਡੀ ਆਜਜ਼ੀ ਤੁਸੀਂ ਨਾ ਮੰਨਦੇ ਹੋ ਗੁੱਸੇ ਨਾਲ ਪਸਾਰ ਦੇ ਆਨੀਆਂ ਹੋ
    ਅਸਾਂ ਆਖਿਆ ਮਹਿਰ ਦੇ ਚਲੋ ਵਿਹੜੇ ਤੁਸੀਂ ਨਹੀਂ ਕਰਦੇ ਮਿਹਰਬਾਨੀਆਂ ਹੋ

    320. ਉੱਤਰ ਰਾਂਝਾ
    ਸਭੇ ਸੁੰਹਦੀਆਂ ਤ੍ਰਿੰਜਨੀਂ ਸ਼ਾਹ ਪਰੀਆਂ ਜਿਵੇਂ ਤਕਰਸ਼ਾਂ ਦੀਆਂ ਤੁਸੀਂ ਕਾਨੀਆਂ ਹੋ
    ਚਲ ਕਰੋ ਅੰਗੁਸ਼ਤ ਫਰਿਸ਼ਤਿਆਂ ਨੂੰ ਤੁਸੀਂ ਅਸਲ ਸ਼ੈਤਾਨ ਦੀਆਂ ਨਾਨੀਆਂ ਹੋ
    ਤੁਸਾਂ ਸ਼ੇਖ ਸਾਅਦੀ ਨਾਲ ਮਕਰ ਕੀਤਾ ਤੁਸੀਂ ਵੱਢੇ ਸ਼ਰੂਰ ਦੀਆਂ ਬਾਨੀਆਂ ਹੋ
    ਅਸੀਂ ਕਿਸੇ ਪਰਦੇਸ ਦੇ ਫਕਰ ਆਏ ਤੁਸੀਂ ਨਾਲ ਸ਼ਰੀਕਾਂ ਦੇ ਸਾਨੀਆਂ ਹੋ
    ਜਾਉ ਵਾਸਤੇ ਰਬ ਦੇ ਖਿਆਲ ਛੱਡੋ ਸਾਡੇ ਹਾਲ ਥੀਂ ਤੁਸੀਂ ਬੇਗਾਨੀਆਂ ਹੋ
    ਵਾਰਸ ਸ਼ਾਹ ਫਕੀਰ ਦੀਵਾਨੜੇ ਨੇ ਤੁਸੀਂ ਦਾਨੀਆਂ ਅਤੇ ਪਰਧਾਨੀਆਂ ਹੋ

    321. ਉਹੀ
    ਹਮੀਂ ਭਿਛਿਆ ਵਾਸਤੇ ਤਿਆਰ ਬੈਠੇ ਤੁਮਹੀਂ ਆਨ ਕੇ ਰਿੱਕਤਾਂ ਛੇੜਦੀਆਂ ਹੋ
    ਅਸਾਂ ਲਾਹ ਪੰਜਾਲੀਆਂ ਜੋਗ ਛੱਡੀ ਫੇਰ ਮੁੜ ਖੂਹ ਨੂੰ ਗੇੜਦੀਆਂ ਹੋ
    ਅਸੀਂ ਛੱਡ ਝੇੜੇ ਜੋਗ ਲਾ ਬੈਠੇ ਤੁਸੀਂ ਫੇਰ ਆਲੂਦ ਲਬੇੜੀਆਂ ਹੋ
    ਪਿੱਛੋਂ ਕਹੋਗੀ ਭੂਤਨੇ ਆਣ ਲੱਗੇ ਅੰਨ੍ਹੇ ਖੂਹ ਵਿੱਚ ਸੰਗ ਕਿਊਂ ਰੇੜ੍ਹਦੀਆਂ ਹੋ
    ਹਮੀਂ ਭਿਖਿਆ ਮਾਂਗਨੇ ਚਲੇ ਹਾਂ ਰਹੀ ਤੁਮ੍ਹੀਂ ਆਣ ਕੇਕਾਹ ਖਹੇੜਦੀਆਂ ਹੋ

    322. ਰਾਂਝਾ ਗਦਾ ਕਰਨ ਤੁਰ ਪਿਆ
    ਰਾਂਝਾ ਖਪਰੀ ਪਕੜ ਕੇ ਗਜ਼ੇ ਚੜ੍ਹਿਆ ਸਿੰਙੀ ਦਵਾਰ ਬਦਵਾਰ ਵਜਾਉਂਦਾ ਏ
    ਕੋਈ ਦੇ ਸੀਧਾ ਕੋਈ ਪਾਏ ਟੁੱਕੜ ਕੋਈ ਥਾਲੀਆਂ ਪੁਰਸ ਲਿਆਉਂਦਾ ਏ
    ਕੋਈ ਆਖਦੀ ਜੋਗੀੜਾ ਨਵਾਂ ਬਣਿਆ ਰੰਗ ਰੰਗ ਦੀ ਕਿੰਗ ਵਜਾਂਉਣਾ ਏ
    ਕੋਈ ਦੇ ਗਾਲੀ ਧਾੜੇ ਮਾਰ ਫਿਰਦਾ ਕੋਈ ਬੋਲਦੀ ਜੋ ਮਨ ਭਾਂਉਦਾ ਏ
    ਕੋਈ ਜੋੜ ਕੇ ਹੱਥ ਤੇ ਕਰੇ ਮਿੰਨਤ ਸਾਨੂੰ ਆਸਰਾ ਫਕਰ ਦੇ ਨਾਉਂ ਦਾ ਏ
    ਕੋਈ ਆਖਦੀ ਮਸਤਿਆ ਚਾਕ ਫਿਰਦਾ ਨਾਲ ਮਸਤੀਆਂ ਘੂਰਦਾ ਗਾਉਂਦਾ ਏ
    ਕੋਈ ਆਖਦੀ ਮਸਤ ਦੀਵਾਨੜਾ ਹੈ ਬੁਰਾ ਲੇਖ ਜਨੇਂਦੜੀ ਮਾਉਂ ਦਾ ਏ
    ਕੋਈ ਆਖਦੀ ਠਗ ਉਧਾਲ ਫਿਰਦਾ ਸੂੰਹਾ ਚੋਰਾਂ ਦੇ ਕਿਸੇ ਰਾਉਂਦਾ ਏ
    ਲੜੇ ਭਿੜੇ ਤੇ ਗਾਲੀਆਂ ਦੇ ਲੋਕਾਂ ਠਠੇ ਮਾਰਦਾ ਲੋੜ੍ਹ ਕਮਾਂਉਦਾ ਏ
    ਆਟਾ ਕਣਕ ਦਾ ਲਏ ਤੇ ਘਿਉ ਭੱਤਾ ਦਾਣਾ ਟੁਕੜਾ ਗੋਦ ਨਾ ਪਾਉਂਦਾ ਏ
    ਵਾਰਸ ਸ਼ਾਹ ਰੰਝੇਟੜਾ ਚੰਦ ਚੜ੍ਹਿਆ ਘਰੋ ਘਰੀ ਮੁਬਾਰਕਾਂ ਲਿਆਉਂਦਾ ਏ

    323. ਉੱਤਰ ਰਾਂਝਾ
    ਆ ਵੜੇ ਹਾਂ ਉਜੜੇ ਪਿੰਡ ਅੰਦਰ ਕਾਈ ਕੁੜੀ ਨਾ ਤ੍ਰਿੰਜਨੀਂ ਗਾਂਵਦੀ ਹੈ
    ਨਾਹੀਂ ਕਿਕਲੀ ਪਾਂਵਦੀ ਨਾ ਸੰਮੀ ਪੰਭੀ ਪਾ ਧਰਤ ਹਲਾਂਵਦੀ ਹੈ
    ਨਾਹੀਂ ਚੂਹੜੀ ਦਾ ਗੀਤ ਗਾਂਉਂਦੀਆਂ ਨੇ ਗਰਧਾ ਰਾਹ ਵਿੱਚ ਕਾਈ ਨਾ ਪਾਂਵਦੀ ਹੈ
    ਵਾਰਸ ਸ਼ਾਹ ਛੱਡ ਚੱਲੀਏ ਇਹ ਨਗਰੀ ਐਸੀ ਤਬ੍ਹਾ ਫਕੀਰ ਦੀ ਆਂਵਦੀ ਹੈ

    324. ਕੁੜੀਆ ਦਾ ਉੱਤਰ
    ਚਲ ਜੋਗੀਆ ਅਸੀਂ ਦਖਾ ਲਿਆਈਏ ਜਿੱਥੇ ਤ੍ਰਿੰਜਨੀਂ ਛੋਹਰੀਆਂ ਗਾਉਂਦੀਆਂ ਨੇ
    ਲੈ ਕੇ ਜੋਗੀ ਨੂੰ ਆਨ ਦਖਾਲਿਉ ਨੇ ਜਿੱਥੇ ਵੌਹਟੀਆਂ ਛੋਪ ਰਲ ਪਾਉਂਦੀਆਂ ਨੇ
    ਇੱਥ ਨੱਚਦੀਆਂ ਮਸਤ ਮਲੰਗ ਬਣ ਕੇ ਇੱਕ ਸਾਂਗ ਚੂੜ੍ਹੀ ਦਾ ਲਾਂਉਂਦੀਆਂ ਨੇ
    ਇੱਕ ਬਾਇੜਾਂ ਨਾਲ ਘਸਾ ਬਾਇੜ ਇੱਕ ਮਾਲ੍ਹ ਤੇ ਮਾਲ੍ਹ ਭੜਾਂਦੀਆਂ ਨੇ

    325. ਤ੍ਰਿੰਜਨ ਵਿੱਚ ਜ਼ਾਤਾਂ ਦਾ ਵੇਰਵਾ
    ਜਿੱਥੇ ਤ੍ਰਿੰਜਨਾਂ ਦੀ ਘੁਮਕਾਰ ਪੌਂਦੀ ਅੱਤਨ ਬੈਠੀਆਂ ਲਖ ਮਹਿਰੇਟੀਆਂ ਨੇ
    ਖਤਰੇਟਈਆਂ ਅਤੇ ਬਹਿਮਨੇਟੀਆਂ ਨੇ ਤੁਰਕੇਟੀਆਂ ਅਤੇ ਜਟੇਟੀਆਂ ਨੇ
    ਲੁਹਾਰੀਆਂ ਲੌਂਗ ਸਪਾਰੀਆ ਨੇ ਸੁੰਦਰ ਖੋਜੀਆਂ ਅਤੇ ਰੰਘੜੇਟੀਆਂ ਨੇ
    ਸੁੰਦਰ ਕੁਆਰੀਆਂ ਰੂਪ ਸੰਗਾਰੀਆਂ ਨੇ ਅਤੇ ਵਵਾਹੀਆਂ ਮੁਸ਼ਕ ਲਪੇਟੀਆਂ ਨੇ
    ਅਰੋੜੀਆਂ ਮੁਸ਼ਕ ਵਿੱਚ ਬੋੜੀਆਂ ਨੇ ਫੁਲਹਾਰੀਆਂ ਛੈਲ ਸੁਨਰੇਟੀਆਂ ਨੇ
    ਮਨਿਹਾਰੀਆਂ ਤੇ ਪੱਖੀਵਾਰੀਆਂ ਨੇ ਸੁੰਦਰ ਤੇਲਣਾਂ ਨਾਲ ਮੋਚੇਟੀਆਂ ਨੇ
    ਪਠਾਨੀਆਂ ਚਾਦਰਾਂ ਤਾਣੀਆਂ ਨੇ ਪਸ਼ਤੋ ਮਾਰਦੀਆਂ ਨਾਲ ਮੁਗ਼ਲੇਟੀਆਂ ਨੇ
    ਪਿੰਜਾਰੀਆਂ ਨਾਲ ਚਮਿਆਰੀਆਂ ਨੇ ਰਾਜਪੂਤਨੀਆਂ ਨਾਲ ਭਟੇਟੀਆਂ ਨੇ
    ਦਰਜ਼ਾਨੀਆਂ ਸੁਘੜ ਸਿਆਣੀਆਂ ਨੇ ਬਰਵਾਲੀਆਂ ਨਾਲ ਮਛਨੇਟੀਆਂ ਨੇ
    ਸਈਅੱਦ ਜ਼ਾਦੀਆਂ ਤੇ ਸ਼ੈਖ਼ ਜ਼ਾਦੀਆਂ ਨੇ ਤਰਖਾਣੀਆਂ ਨਾਲ ਘੁਮਰੇਟੀਆਂ ਨੇ
    ਰਾਉਲਿਆਨੀਆਂ ਬੇਟੀਆਂ ਬਾਣੀਆਂ ਦੀਆਂ ਜਿਨ੍ਹਾਂ ਵਾਲੀਆਂ ਨਾਲ ਵਨੇਟੀਆਂ ਨੇ
    ਚੰਗੜਾਨੀਆਂ ਨਾਇਨਾਂ ਮੀਰਜ਼ਾਦੀਆ ਜਿਨ੍ਹਾਂ ਲੱਸੀਆਂ ਨਾਲ ਲਪੇਟੀਆਂ ਨੇ
    ਗੰਧੀਲਨਾਂ ਛੈਲ ਛਬੀਲੀਆਂ ਨੇ ਤੇ ਕਲਾਲਨਾਂ ਭਾਬੜੀਆਂ ਬੇਟੀਆਂ ਨੇ
    ਬਾਜ਼ੀਗਰਨੀਆਂ ਨਟਨੀਆਂ ਕੁੰਗੜਾਨੀਆਂ ਵੀਰਾ ਰਾਧਨਾਂ ਰਾਮਜਨੇਟੀਆਂ ਨੇ
    ਪੂਰਬਿਆਨੀਆਂ ਛੀਂਬਣੀਆਂ ਰੰਗਰੇਜ਼ਾਂ ਬੈਰਾਗਨਾਂ ਨਾਲ ਠਠਰੇਟੀਆਂ ਨੀ
    ਸੰਡਾਸਣਾਂ ਅਤੇ ਖ਼ਰਾਸਣਾਂ ਨੀ ਢਾਲਗਰਨੀਆਂ ਨਾਲ ਵਨਸੇਟੀਆਂ ਨੀ
    ਕੰਗਰਾਨੀਆਂ ਡੂਮਨੀਆਂ ਧਾਈਂ ਕੁੱਟਾਂ ਅਤਸ਼ਬਾਜ਼ਨਾਂ ਨਾਲ ਪਹਿਲਵੇਟੀਆਂ ਨੇ
    ਖਟੀਕਨਾਂ ਤੇ ਨੇਚਾ ਬੰਦਨਾਂ ਨੇ ਚੂੜੀਗਰਨੀਆਂ ਤੇ ਕੰਮਗਰੇਟਈਆਂ ਨੇ
    ਭਰਾਇਨਾਂ ਵਾਹਨਾਂ ਸਰਸਸਿਆਨੀਆਂ ਸਾਉਂਸਿਆਨੀਆਂ ਕਿਤਨ ਕੋਝੇਟੀਆਂ ਨੇ
    ਬਹਿਰੂਪਨਾਂ ਰਾਜਨਾਂ ਜ਼ੀਲਵੱਟਾਂ ਬਰਵਾਲੀਆਂ ਭੱਟ ਬਹਿਮਨੇਟੀਆਂ ਨੇ
    ਲੁਬਾਣੀਆਂ ਢੀਡਣਾਂ ਪੀਰਨੀਆਂ ਨੇ ਸਾਊਆਣੀਆਂ ਦੁਧ ਦੁਧੇਟੀਆਂ ਨੇ
    ਝਬੇਲਣਾ ਮਿਉਨੀਆਂ ਫਫੇਕੁਟਨੀਆਂ ਜੁਲਹੇਟੀਆਂ ਨਾਲ ਕਸੇਟੀਆਂ ਨੇ
    ਕਾਗ਼ਜ਼ ਕਟ ਡੁਬਗਰਨੀਆਂ ਉਰਦਬੇਗਾਂ ਹਾਥੀਵਾਨੀਆਂ ਨਾਲ ਬਲੋਚੇਟੀਆਂ ਨੇ
    ਬਾਂਕੀਆਂ ਗੁਜਰੀਆਂ ਡੋਗਰੀਆਂ ਛੈਲ ਬਣੀਆਂ ਰਾਜਵੰਸਨਾਂ ਰਾਜੇ ਦੀਆਂ ਬੇਟੀਆਂ ਨੇ
    ਪਕੜ ਅੰਚਲਾ ਜੋਗੀ ਨੂੰ ਲਾ ਗੱਲੀਂ ਵਿਹੜੇ ਵਾੜ ਕੇ ਘੇਰ ਲੈ ਬੈਠੀਆਂ ਨੇ
    ਵਾਰਸ ਸ਼ਾਹ ਜੀਜਾ ਬੈਠਾ ਹੋ ਜੋਗੀ ਦਵਾਲੇ ਬੈਠੀਆਂ ਸਾਲੀਆਂ ਜੇਠੀਆਂ ਨੇ

    326. ਉਹੀ
    ਕਾਈ ਆ ਰੰਝੇਟੇ ਦੇ ਨੈਨ ਦੇਖੇ ਕਾਈ ਮੁਖੜਾ ਦੇਖ ਸਲਾਹੁੰਦੀ ਹੈ
    ਅੜੀਉ ਦੇਖੋ ਤੋ ਨਿਸ਼ਾ ਜੋਗੀਲੜੇ ਦੀ ਰਾਹ ਜਾਂਦੇ ਮਿਰਗਾਂ ਨੂੰ ਫਾਹੁੰਦੀ ਹੈ
    ਝੂਠੀ ਦੋਸਤੀ ਉਮਰ ਦੇ ਨਾਲ ਜੱਸਦੇ ਦਿਨ ਚਾਰ ਨਾ ਤੋੜ ਨਿਬਾਹੁੰਦੀ ਹੈ
    ਕੋਈ ਓਢਨੀ ਲਾਹ ਕੇ ਮੁਖ ਪੂੰਝੇ ਧੋ ਧਾ ਭਭੂਤ ਚਾ ਲਾਂਵਦੀ ਹੈ
    ਕਾਈ ਮੁਖ ਰੰਝੇਟੇ ਦੇ ਨਾਲ ਜੋੜੇ ਤੇਰੀ ਤਬ੍ਹਾ ਕੀ ਜੋਗੀਆ ਚਾਹੁੰਦੀ ਹੈ
    ਸਹਿਤੀ ਲਾਡ ਦੇ ਨਾਲ ਚਵਾ ਕਰਕੇ ਚਾ ਸੇਲ੍ਹੀਆਂ ਜੋਗੀ ਦੀਆਂ ਲਾਹੁੰਦੀ ਹੈ
    ਰਾਂਝੇ ਪੁੱਛਿਆ ਕੌਣ ਹੈ ਇਹ ਨਢੀ ਧੀ ਅਜੂ ਦੀ ਕਾਈ ਚਾ ਆਂਹਦੀ ਹੈ
    ਅੱਜੂ ਬੱਜੂ ਛੱਜੂ ਫੱਜੂ ਅਤੇ ਕੱਜੂ ਹੁੰਦਾ ਕੌਣ ਹੈ ਤਾਂ ਅੱਗੋਂ ਆਂਹਦੀ ਹੈ
    ਵਾਰਸ ਸ਼ਾਹ ਨਣਾਨ ਹੈ ਹੀਰ ਸੰਦੀ ਧਿਉ ਖੇੜਿਆਂ ਦੇ ਬਾਦਸ਼ਾਹਾਂ ਦੀ ਹੈ

    327. ਰਾਂਝੇ ਦਾ ਉੱਤਰ
    ਅੱਜੂ ਧੀ ਰੱਖੀ ਧਾੜੇ ਮਾਰ ਲਬੜ ਮੁਸ਼ਟੰਡੜੀ ਤ੍ਰਿੰਜਨੀਂ ਘੁੰਮਦੀ ਹੈ
    ਕਰੇ ਆਨ ਬੇਅਦਬੀਆਂ ਨਾਲ ਫਕਰਾਂ ਸਗੋਂ ਸੇਲ੍ਹੀਆਂ ਨੂੰ ਨਾਹੀਂ ਚੁਮਦੀ ਹੈ
    ਲਾਹ ਸੇਲ੍ਹੀਆਂ ਮਾਰਦੀ ਜੋਗੀਆਂ ਨੂੰ ਅਤੇ ਮਿਲਦੀਆਂ ਮਹੀਂ ਨੂੰ ਟੁੰਬਦੀ ਹੈ
    ਫਿਰੇ ਨਚਦੀ ਸ਼ੋਖ ਬੇਹਾਨ ਘੋੜੀ ਨਾ ਇਹ ਬਹੇ ਨਾ ਕਤਦੀ ਤੁੰਬਦੀ ਹੈ
    ਸਿਰਦਾਰ ਹੈ ਲੋਹਕਾਂ ਲਾਹਕਾਂ ਦੀ ਪੀਣਹ ਡੋਲ੍ਹਦੀ ਤੇ ਤੌਣ ਲੁੰਬਦੀ ਹੈ
    ਵਾਰਸ ਸ਼ਾਹ ਦਿਲ ਆਂਵਦਾ ਚੀਰ ਸੁੱਟਾਂ ਬੁਨਿਆਦ ਪਰ ਜ਼ੁਲਮ ਦੀ ਖੁੰਬਦੀ ਹੈ

    328. ਉੱਤਰ ਸਹਿਤੀ
    ਲੱਗੋਂ ਹੱਥ ਤਾਂ ਪਗੜ ਪਛਾੜ ਸੁੱਟਾਂ ਤੇਰੇ ਨਾਲ ਕਰਸਾਂ ਸੋ ਤੂੰ ਜਾਣਸੈਂ ਵੇ
    ਹੱਕੋ ਹੱਕ ਕਰਸਾਂ ਭੰਨ ਲਿੰਗ ਗੋਡੇ ਤਦੋਂ ਰਬ ਨੂੰ ਇੱਕ ਪਛਾਣਸੈਂ ਵੇ
    ਵਿਹੜੇ ਵੜਿਆਂ ਤਾਂ ਖੋਹ ਚਟਕੋਰੀਆਂ ਨੂੰ ਤਦੋਂ ਸ਼ੁਕਰ ਬਜਾ ਲਿਆਣਸੈਂ ਵੇ
    ਗਧੋ ਵਾਂਗ ਜਾਂ ਜੂੜ ਕੇ ਘੜਾਂ ਤੈਨੂੰ ਤਦੋਂ ਛਟ ਤਦਬੀਰ ਦੀ ਆਣਸੈ ਵੇ
    ਸਹਿਤੀ ਉਠ ਕੇ ਘਰਾਂ ਨੂੰ ਖਿਸਕ ਚੱਲੀ ਮੰਗਣ ਆਵਸੈਂ ਤਾਂ ਮੈਨੂੰ ਜਾਣਸੈਂ ਵੇ
    ਵਾਰਸ ਸ਼ਾਹ ਵਾਂਗੂੰ ਤੇਰੀ ਕਰਾਂ ਖਿਦਮਤ ਮੌਤ ਸੇਜਿਆ ਦੀ ਤਦੋਂ ਮਾਣਸੈਂ ਵੇ

    329. ਉੱਤਰ ਰਾਂਝਾ
    ਸੱਪ ਸ਼ੀਹਨੀ ਵਾਂਕ ਕੁਲਹਿਣੀਏਂ ਨੀ ਮਾਸ ਖਾਣੀਏਂ ਤੇ ਰੱਤ ਪੀਣੀਏਂ ਨੀ
    ਕਾਹੇ ਫਕਰ ਦੇ ਨਾਲ ਰੇਹਾੜ ਪਈਏਂ ਭਲਾ ਬਖਸ਼ ਸਾਨੂੰ ਮਾਪੇ ਜੀਣੀਏ ਨੀ
    ਦੁਖੀ ਜੀ ਦੁਖਾ ਨਾ ਭਾਗ ਭਰੀਏ ਸੋਇਨ ਚਿੜੀ ਤੇ ਕੂੰਜ ਲਖੀਣੀਏ ਨੀ
    ਸਾਥੋਂ ਨਿਸ਼ਾ ਨਾ ਹੋਸੀਆ ਮੂਲ ਤੇਰੀ ਸਕੇ ਖਸਮ ਥੋਂ ਨਾ ਪਤੀਣੀਏ ਨੀ
    ਚਰਖਾ ਚਾਇਕੇ ਨੱਠੀਏ ਮਰਦ ਮਾਰੇ ਕਿਸੇ ਯਾਰ ਨੇ ਪਕੜ ਪਲੀਹਣੀਏ ਨੀ
    ਵਾਰਸ ਸ਼ਾਹ ਫਕੀਰ ਦੇ ਵੈਰ ਪਈ ਏ ਜਰਮ ਤੱਤੀਏ ਕਰਮ ਦੀਏ ਹੀਣੀਏ ਨੀ

    330. ਰਾਂਝਾ ਇੱਕ ਜਟ ਦੇ ਵਿਹੜੇ ਵਿੱਚ
    ਵਿਹੜੇ ਜੱਟਾਂ ਦੇ ਮੰਗਦਾ ਜਾ ਵੜਿਆ ਅੱਗੇ ਜੱਟ ਬੈਠਾ ਗਾਉਂ ਮੇਲਦਾ ਹੈ
    ਸਿੰਙੀ ਫੂਕ ਕੇ ਨਾਦ ਘੂਕਾਇਆ ਸੂ ਜੋਗੀ ਗੱਜਗਜੇ ਵਿੱਚ ਜਾ ਠੇਲਦਾ ਹੈ
    ਵਿਹੜੇ ਵਿੱਚ ਅਧੂਤ ਜਾ ਗਜਿਆਈ ਮਸਤ ਸਾਨ੍ਹ ਵਾਂਗੂੰ ਜਾਇ ਖੇਲਦਾ ਹੈ
    ਹੂ ਹੂ ਕਰਕੇ ਸੰਘ ਟੱਡਿਆ ਸੂ ਫੀਲਵਾਨ ਜਿਉਂ ਹਸਤ ਨੂੰ ਪੇਲਦਾ ਹੈ

    331. ਜਟ ਨੇ ਕਿਹਾ
    ਨਿਆਣਾ ਤੋੜ ਕੇ ਢਾਂਡੜੀ ਉਠ ਨੱਠੀ ਬੰਨ ਦੋਹਣੀ ਦੁੱਧ ਸਭ ਡੋਹਲਿਆ ਈ
    ਘਰ ਖ਼ੈਰ ਏਸ ਕਟਕ ਦੇ ਮੋਹਰੀ ਨੂੰ ਜਟ ਉਠਕੇ ਰੋਹ ਹੋ ਬੋਲਿਆ ਈ
    ਝਿਰਕ ਭੁਖੜੇ ਦੇਸ ਦਾ ਇਹ ਜੋਗੀ ਏਥੇ ਦੁੰਦ ਕੀ ਆਨ ਕੇ ਘੋਲਿਆ ਈ
    ਸੂਰਤ ਜੋਗੀਆਂ ਦੀ ਅੱਖੀਂ ਗੁੰਡਿਆਂ ਦੀਆਂ ਦਾਬ ਕਟਾਕ ਦੇ ਤੇ ਜਿਉ ਡੋਲਿਆ ਈ
    ਜੋਗੀ ਅੱਖੀਆਂ ਕਢ ਕੇ ਘਤ ਤਿਊੜੀ ਲੈ ਕੇ ਖਪਰਾ ਹੱਥ ਵਿੱਚ ਤੋਲਿਆ ਈ
    ਵਾਰਸ ਸ਼ਾਹ ਹੁਣ ਜੰਗ ਤਹਿਕੀਕ ਹੋਇਆ ਜੰਬੂ ਸ਼ਾਕਣੀ ਦੇ ਅੱਗੇ ਬੋਲਿਆ ਈ

    332. ਜੱਟੱਟੀ ਨੇ ਰਾਂਝੇ ਨੂੰ ਬੁਰਾ ਭਲਾ ਕਿਹਾ
    ਜੱਟੀ ਬੋਲ ਕੇ ਦੁੱਧ ਦੀ ਕਸਰ ਕਢੀ ਸੱਭੇ ਅੜਤਨੇ ਪੜਤਨੇ ਪਾੜ ਸੁੱਟੇ
    ਪੁਣੇ ਦਾਦ ਪੜਦਾਦੜੇ ਜੋਗੀੜੀ ਦੇ ਸੱਭੇ ਟੰਗਨੇ ਤੇ ਸਾਕ ਟਾੜ੍ਹ ਸੁੱਟੇ
    ਮਾਰ ਬੋਲੀਆਂ ਗਾਲੀਆਂ ਦੇ ਜੱਟੀ ਸਭ ਫਕਰ ਦੇ ਪਿਤੜੇ ਸਾੜ ਸੁੱਟੇ
    ਜੋਗੀ ਰੋਹ ਦੇ ਨਾਲ ਖੜਲੱਤ ਘੱਤੀ ਧੌਲ ਮਾਰ ਕੇ ਦੰਦ ਸਭ ਝਾੜ ਸੁੱਟੇ
    ਜੱਟੀ ਜ਼ਮੀਂ ਤੇ ਪਟੜੇ ਵਾਂਗ ਢੱਠੀ ਜੈਸੇ ਵਾਹਰੂ ਫਟ ਕੇ ਧਾੜ ਸੁਟੇ
    ਵਾਰਸ ਸ਼ਾਹ ਮੀਆਂ ਜਿਵੇਂ ਮਾਰ ਤੇਸ਼ੇ ਫਰਹਾਦ ਨੇ ਚੀਰ ਪਹਾੜ ਸੁੱਟੇ

    333. ਜੱਟ ਦੀ ਫਰਿਆਦ
    ਜੱਟ ਦੇਖ ਕੇ ਜੱਟੀ ਨੂੰ ਕਾਂਗ ਕੀਤੀ ਦੇਖੋ ਪਰੀ ਨੂੰ ਰਿਛ ਪਥੱਲਿਆ ਜੇ
    ਮੇਰੀ ਸਈਆ ਦੀ ਮੋਹਰਨ ਮਾਰ ਜਿੰਦੋ ਤਿਲਕ ਮਹਿਰ ਦੀ ਜੂਹ ਨੂੰ ਚੱਲਿਆ ਜੇ
    ‘ਲੋਕਾਂ ਬਾਹੁੜੀ’ ਤੇ ਫਰਿਆਦ ਕੂਕੇ ਮੇਰਾ ਝੁੱਗੜਾ ਚੌੜ ਕਰ ਚੱਲਿਆ ਜੇ
    ਪਿੰਡ ਵਿੱਚ ਇਹ ਆਣ ਬਲਾ ਵਿੱਜੀ ਜੇਹਾ ਜਿੰਨ ਪਛਵਾੜ ਵਿੱਚ ਮੱਲਿਆ ਜੇ
    ਪਕੜ ਲਾਠੀਆਂ ਗੱਭਰੂ ਆਣ ਢੁੱਕੇ ਵਾਂਗ ਗਾਂਢਵੇਂ ਕਣਕ ਦੇ ਹੱਲਿਆ ਜੇ
    ਵਾਰਸ ਸ਼ਾਹ ਜਿਉਂ ਧੂਇਆਂ ਸਿਰਕਿਆਂ ਤੋਂ ਬੱਦਲ ਪਾਟ ਕੇ ਘਟਾਂ ਹੋ ਚੱਲਿਆ ਜੇ

    334. ਜੱਟੀ ਦੀ ਮਦਦ ਤੇ ਆਏ
    ਆਇ ਆਇ ਮੁਹਾਣਿਆਂ ਜਦੋਂ ਕੀਤੀ ਚੌਹੀਂ ਵਲੀਂ ਜਾਂ ਪਲਮ ਕੇ ਆਇ ਗਏ
    ਸੱਚੋ ਸੱਚ ਜਾਂ ਫਾਟ ਤੇ ਝਵੇਂ ਵੈਰੀ ਜੋਗੀ ਹੋਰੀਂ ਭੀ ਜੀ ਚੁਰਾਇ ਗਏ
    ਦੇਖੋ ਫਕਰ ਅੱਲਾਹ ਦੇ ਮਾਰ ਜੱਟੀ ਓਸ ਜਟ ਨੂੰ ਵਾਇਦਾ ਪਾਇ ਗਏ
    ਜਦੋਂ ਮਾਰ ਚੌਤਰਫ ਤਿਆਰ ਹੋਈ ਓਥੋਂ ਆਪਣਾ ਆਪ ਖਿਸਕਾਇ ਗਏ
    ਇੱਕ ਫਾਟ ਕੱਢੀ ਸਭੇ ਸਮਝ ਗਈਆਂ ਰੰਨਾਂ ਪਿੰਡ ਦੀਆਂ ਨੂੰ ਰਾਹ ਪਾਇ ਗਏ
    ਜਦੋਂ ਖਸਮ ਮਿਲੇ ਪਿੱਛੋਂ ਵਾਹਰੋਂ ਦੇ ਤਦੋਂ ਧਾੜਵੀ ਖੁਰੇ ਉਠਾਇ ਗਏ
    ਹੱਥ ਲਾਇਕੇ ਬਰਕਤੀ ਜਵਾਨ ਪੂਰੇ ਕਰਾਮਾਤ ਜ਼ਾਹਰਾ ਦਿਖਲਾਇ ਗਏ
    ਵਾਰਸ ਸ਼ਾਹ ਮੀਆਂ ਪਟੇ ਬਾਜ਼ ਛੁੱਟੇ ਜਾਨ ਰਖ ਕੇ ਚੋਟ ਚਲਾਇ ਗਏ

    335. ਜੋਗੀ ਦੀ ਤਿਆਰੀ
    ਜੋਗੀ ਮੰਗ ਕੇ ਪਿੰਡ ਤਿਆਰ ਹੋਇਆ ਆਟਾ ਮੇਲ ਕੇ ਖਪਰਾ ਪੂਰਿਆ ਈ
    ਕਿਸੇ ਹੱਸ ਕੇ ਰੁਗ ਚਾ ਪਾਇਆਈ ਕਿਸੇ ਜੋਗੀ ਨੂੰ ਚਾ ਵਡੂਰਿਆ ਈ
    ਕਾਈ ਦੱਬ ਕੇ ਜੋਗੀ ਨੂੰ ਡਾਂਟ ਲੈਂਦੀ ਕਿਤੇ ਓਨ੍ਹਾਂ ਨੂੰ ਜੋਗੀ ਨੇ ਘੂਰਿਆ ਈ
    ਫਲੇ ਖੇੜਿਆਂ ਦੇ ਝਾਤ ਪਾਇਆ ਸੂ ਜਿਵੇਂ ਸੋਲ੍ਹਵੀਂ ਦਾ ਚੰਦ ਪੂਰਿਆ ਈ

    336. ਰਾਂਝਾ ਖਿੜਿਆਂ ਦੇ ਘਰੀਂ ਆਇਆ
    ਕੈਦੀਆਂ ਵਲਗਨਾਂ ਵਿਹੜੇ ਤੇ ਅਰਲਖੋੜਾਂ ਕੈਂਦੀਆਂ ਬੱਖਲਾਂ ਤੇ ਖੁਰਲਾਨੀਆਂ ਨੀ
    ਕੈਂਦੀਆਂ ਕੋਰੀਆਂ ਚਾਟੀਆਂ ਨਹੀਂਆਂ ਤੇ ਕੈਂਦੀਆਂ ਕਿੱਲੀਆਂ ਨਾਲ ਮਧਾਣੀਆਂ ਨੀ
    ਏਥੇ ਇੱਕ ਛਛੋਹਰੀ ਜੇਹੀ ਬੈਠੀ ਕਿਤੇ ਨਿੱਕਲੀਆਂ ਘਰੋਂ ਸਾਊ ਆਣੀਆਂ ਨੀ
    ਛਤ ਨਾਲ ਟੰਗੇ ਹੋਏ ਨਜ਼ਰ ਆਵਣ ਖੋਪੇ ਨਾੜੀਆਂ ਅਤੇ ਪਰਾਣੀਆਂ ਨੀ
    ਕੋਈ ਪਲੰਘ ਉਤੇ ਨਾਗਰਵੇਲ ਪੱਈਆਂ ਜਿਹੀਆਂ ਰੰਗ ਮਹਿਲ ਵਿੱਚ ਰਾਣੀਆਂ ਨੀ
    ਵਾਰਸ ਕੁਆਰੀਆਂ ਕਸ਼ਟਨੇ ਕਰਨ ਪੱਈਆਂ ਮੋਏ ਮਾਪੜੇ ਤੇ ਮਿਹਨਤਾਣੀਆਂ ਨੀ
    ਸਹਿਤੀ ਆਖਿਆ ਭਾਬੀਏ ਦੇਖਨੀ ਹੈਂ ਫਿਰਦਾ ਲੁੱਚਾ ਮੁੰਡਾ ਕਰਸਾਣੀਆ ਨੀ
    ਕਿਤੇ ਸੱਜਰੇ ਕੰਨ ਪੜਾ ਲੀਤੇ ਧੁਰੋਂ ਲਾਹਨਤਾਂ ਇਹ ਪੁਰਾਣੀਆਂ ਨੀ

    337. ਰਾਂਝਾ ਹੀਰ ਦੇ ਘਰ ਆਇਆ
    ਜੋਗੀ ਹੀਰ ਦੇ ਸਾਹੁਰੇ ਜਾ ਵੜਿਆ ਭੁਖਾ ਬਾਜ਼ ਜਿਉਂ ਫਿਰੇ ਲਲੋਰ ਦਾ ਜੀ
    ਆਇਆ ਖ਼ੁਸ਼ੀ ਦੇ ਨਾਲ ਦੋ ਚੰਦ ਹੋ ਕੇ ਸੂਬਾਦਾਰ ਜਿਵੇਂ ਨਵਾਂ ਲਾਹੌਰ ਦਾ ਜੀ
    ਧੁਸ ਦੇ ਵਿਹੜੇ ਜਾ ਵੜਿਆ ਹੱਥ ਕੀਤਾ ਸੂ ਸੱਥ ਦੇ ਚੋਰ ਦਾ ਜੀ
    ਜਾ ਅਲਖ ਵਜਾਇਕੇ ਨਾਦ ਫੂਕੇ ਸਵਾਲ ਪਾਉਂਦਾ ਲੁਤਪੁਤਾ ਲੋੜ ਦਾ ਜੀ
    ਅਨੀ ਖੇੜਿਆਂ ਦੀਏ ਪਿਆਰੀਏ ਵੌਹਟੀਏ ਨੀ ਹੀਰੇ ਸੁਖ ਹੈ ਚਾ ਟਕੋਰ ਦਾ ਜੀ
    ਵਾਰਸ ਸ਼ਾਹ ਹੁਣ ਦਿਗ ਨੂੰ ਜਿਵੇਂ ਫੋਲੇ ਪ੍ਰਸ਼ਨ ਲੱਗਿਆ ਜੰਗ ਤੋਂ ਸ਼ੋਰ ਦਾ ਜੀ

    338. ਉੱਤਰ ਸਹਿਤੀ
    ਸੱਚ ਆਖ ਤੂੰ ਰਾਵਲਾ ਵੇ ਕਹੇ ਸਹਿਤੀ ਤੇਰਾ ਜਿਊ ਕਾਈ ਗੱਲ ਲੋੜ ਦਾ ਜੀ
    ਵਿਹੜੇ ਵੜਦਿਆਂ ਰਿੱਕਤਾਂ ਛੇੜੀਆਂ ਨੀ ਕੰਡਾ ਵਿੱਚ ਕਲੇਜੜੇ ਪੋੜ ਦਾ ਜੀ
    ਬਾਦਸ਼ਾਹ ਦੇ ਬਾਗ਼ ਵਿੱਚ ਨਾਲ ਚਾਵੜ ਫਿਰੇਂ ਫੁਲ ਗੁਲਾਬ ਦਾ ਤੋੜ ਦਾ ਜੀ
    ਵਾਰਸ ਸ਼ਾਹ ਨੂੰ ਸ਼ੁਤਰ ਮੁਹਾਰ ਬਾਝੋਂ ਡਾਂਗ ਨਾਲ ਕੋਈ ਮੂੰਹ ਮੋੜ ਦਾ ਜੀ

    339. ਉੱਤਰ ਰਾਂਝਾ
    ਆ ਕੁਆਰੀਏ ਐਡ ਅਪਰਾਧਨੇ ਨੀ ਧੱਕਾ ਦੇ ਨਾ ਹਿੱਕ ਦੇ ਜ਼ੋਰ ਦਾ ਨੀ
    ਬੁੰਦੇ ਕੰਦਲੀ ਨਥਲੀ ਹੱਸ ਕੜੀਆਂ ਬੈਸੇਂ ਰੂਪ ਬਣਾਇਕੇ ਮੋਰ ਦਾ ਨੀ
    ਅਨੀ ਨੱਢੀਏ ਰਿਕਤਾਂ ਛੇੜ ਨਾਹੀਂ ਇਹ ਕੰਮ ਨਾਹੀਂ ਧੁਮ ਸ਼ੋਰ ਦਾ ਨੀ
    ਵਾਰਸ ਸ਼ਾਹ ਫਕੀਰ ਗ਼ਰੀਬ ਉਤੇ ਵੈਰ ਕੱਢਿਉਈ ਕਿਸੇ ਖੋਰ ਦਾ ਨੀ

    340. ਉੱਤਰ ਸਹਿਤੀ
    ਕਲ ਜਾਇਕੇ ਨਾਲ ਚਵਾ ਚਾਵੜ ਸਾਨੂੰ ਭੰਨ ਭੰਡਾਰ ਕਢਾਇਉ ਵੇ
    ਅੱਜ ਆਣ ਵੜਿਉਂ ਜਿੰਨ ਵਾਂਗ ਵਿਹੜੇ ਵੈਰ ਕੁਲ ਦਾ ਆਣ ਜਗਾਇਉ ਵੇ
    ਗਦੋਂ ਆਣ ਵੜਿਉਂ ਵਿੱਚ ਛੋਹਰਾਂ ਦੇ ਕਿਨ੍ਹਾਂ ਸ਼ਾਮਤਾਂ ਆਣ ਫਹਾਇਉਂ ਵੇ
    ਵਾਰਸ ਸ਼ਾਹ ਰਜ਼ਾ ਦੇ ਕੰਮ ਦੇਖੋ ਅੱਜ ਰੱਬ ਨੇ ਠੀਕ ਕੁਟਾਇਉ ਵੇ