ਸਭ ਰੰਗ

  •    ਨੈਤਿਕਤਾ ਬਨਾਮ ਅਨੈਤਿਕਤਾ / ਚੰਦ ਸਿੰਘ (ਲੇਖ )
  •    ਪਿਆਰ ਤੇ ਸਿਆਸਤ 'ਚ ਸਭ ਜਾਇਜ਼ / ਮਿੰਟੂ ਬਰਾੜ (ਲੇਖ )
  •    ਅੱਗੇ ਵੱਧਣਾ ਹੀ ਜ਼ਿੰਦਗੀ ਹੈ / ਮਨਜੀਤ ਤਿਆਗੀ (ਲੇਖ )
  •    ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ / ਉਜਾਗਰ ਸਿੰਘ (ਲੇਖ )
  •    ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ / ਸੰਜੀਵ ਝਾਂਜੀ (ਲੇਖ )
  •    ਤਾਈ ਦੇ 2500 ਰੁਪੈ / ਰਾਜਵਿੰਦਰ ਸਿੰਘ ਰਾਜਾ (ਵਿਅੰਗ )
  •    ਵੋਟ / ਗੁਰਬਾਜ ਭੰਗਚੜ੍ਹੀ (ਲੇਖ )
  •    ਬਹੁਤ ਸਾਰੇ ਚੁਰਸਤੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਜਲਵਾਯੂ ਪਰਿਵਰਤਨ / ਫੈਸਲ ਖਾਨ (ਲੇਖ )
  •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦਾਦਾ-ਦਾਦੀ ਅਤੇ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਗੀਤਕਾਰ ਬਲਜਿੰਦਰ ਸੰਗੀਲਾਂ / ਸੰਦੀਪ ਰਾਣਾ (ਲੇਖ )
  •    ਬਲਜੀਤ (ਨਾਵਲ) / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  • ਅੱਗੇ ਵੱਧਣਾ ਹੀ ਜ਼ਿੰਦਗੀ ਹੈ (ਲੇਖ )

    ਮਨਜੀਤ ਤਿਆਗੀ   

    Email: englishcollege@rocketmail.com
    Cell: +91 98140 96108
    Address:
    ਮਲੇਰਕੋਟਲਾ India
    ਮਨਜੀਤ ਤਿਆਗੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਮਨੁੱਖੀ ਜੀਵਨ ਇੱਕ ਨਿਰੰਤਰ ਚੱਲਣ ਵਾਲੀ ਪ੍ਰਕ੍ਰਿਆ ਹੈ। ਇਸ ਨੂੰ ਰੋਕਿਆ ਨਹੀਂ ਜਾ ਸਕਦਾ ਤੇ ਨਾ ਹੀ ਗ਼ਲਤੀਆਂ ਨੂੰ ਰੋਕਿਆ ਜਾ ਸਕਦਾ ਹੈ। ਕਿਉਂਕਿ ਅੱਜ ਦਾ ਦਿਨ ਬੀਤੇ ਹੋਏ ਕੱਲ੍ਹ ਨਾਲੋਂ ਅਲੱਗ ਹੈ ਤੇ ਆਉਣ ਵਾਲਾ ਕੱਲ੍ਹ ਅੱਜ ਨਾਲੋਂ ਅਲੱਗ ਹੋਵੇਗਾ। ਹਰ ਦਿਨ ਸਥਿਤੀਆਂ ਵਿੱਚ ਬਦਲਾਅ ਆਉਂਦਾ ਹੈ, ਹਰ ਦਿਨ ਮਨੁੱਖ ਲਈ ਨਵਾਂ ਹੈ। ਇਸ ਲਈ ਗ਼ਲਤੀਆਂ ਹੋਣਾ ਸੰਭਾਵਕ ਹੈ। ਭਾਵੇਂ ਅਸੀਂ ਪੂਰੀ ਤਰ੍ਹਾਂ ਤਾਂ ਗ਼ਲਤੀਆਂ 'ਤੇ ਕਾਬੂ ਨਹੀਂ ਪਾ ਸਕਦੇ ਪਰ ਆਪਣੀ ਬੁੱਧੀ ਦਾ ਇਸਤੇਮਾਲ ਕਰਕੇ ਗ਼ਲਤੀਆਂ ਦੀ ਗਿਣਤੀ ਘਟਾ ਸਕਦੇ ਹਾਂ।ਮਨੁੱਖ ਗ਼ਲਤੀਆਂ ਦਾ ਪੁਤਲਾ ਹੈ।ਇਸ ਲਈ ਕਦੇ ਨਾ ਕਦੇ ਹਰ ਕੋਈ ਗ਼ਲਤੀ ਕਰਦਾ ਹੈ।ਹਰੇਕ ਵਿਅਕਤੀ ਵਿੱਚ ਕੁੱਝ ਖੂਬੀਆਂ ਹੁੰਦੀਆਂ ਹਨ ਅਤੇ ਕੁੱਝ ਕਮੀਆਂ।ਕੋਈ ਵੀ ਸੰਪੂਰਨ ਨਹੀਂ ਹੁੰਦਾ।ਜਿਆਦਾਤਰ ਲੋਕ ਦੂਜੇ ਜਾਂ ਤੀਜੇ ਯਤਨ ਵਿੱਚ ਸਫ਼ਲ ਹੁੰਦੇ ਹਨ।ਪਹਿਲਾਂ ਯਤਨ ਅਸਫ਼ਲਤਾ ਨਹੀਂ ਸਗੋਂ ਅਨੁਭਵ ਹੁੰਦਾ ਹੈ।ਜੇ ਤੁਸੀਂ ਵਾਰ-ਵਾਰ ਆਪਣੀਆ ਆਪਣੀਆਂ ਗ਼ਲਤੀਆਂ 'ਤੇ ਹੀ ਧਿਆਨ ਦੇਵੋਗੇ ਤਾਂ ਅਸਫਲਤਾ ਦੇ ਖੂਹ ਵਿੱਚ ਗਰਕਣ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ।ਅਜਿਹੇ ਵਿਅਕਤੀ ਤੋਂ ਹਰੇਕ ਇਨਸਾਨ ਦੂਰ ਹੀ ਰਹਿਣਾ ਚਾਹੁੰਦਾ ਹੈ। ਗ਼ਲਤੀ ਹੋਣ ਤੇ ਆਪਣੇ ਆਪ ਨੂੰ ਹੀ ਕਸੂਰਵਾਰ ਨਾ ਮੰਨੋ, ਕਈ ਵਾਰ ਹਾਲਾਤ ਹੀ ਮੁਨਾਸਿਬ ਨਹੀਂ ਹੁੰਦੇ। ਅਜਿਹੀ ਸਥਿਤੀ ਵਿੱਚ ਆਪਣੀ ਕਾਬਲੀਅਤ 'ਤੇ ਭਰੋਸਾ ਰੱਖਦੇ ਹੋਏ ਨਵੇਂ ਅਤੇ ਨਰੋਏ ਤਰੀਕੇ ਨਾਲ ਇੱਕ ਹੋਰ ਯਤਨ ਕਰੋ। ਦ੍ਰਿੜਤਾ ਤੇ ਸਮਰਪਣ ਦਾ ਤੀਰ ਚੁੱਕ ਕੇ ਆਪਣੇ ਉਦੇਸ਼ ਵੱਲ ਨਿਰੰਤਰ ਨਿਸ਼ਾਨਾ ਲਗਾਉਦੇ ਰਹਿਣ ਦੀ ਚੇਸ਼ਟਾ ਤੁਹਾਨੂੰ ਤੁਹਾਡੇ ਮੁਕਾਮ ਤੋਂ ਵੀ ਅੱਗੇ ਪਹੁੰਚਾ ਸਕਦੀ ਹੈ।
    ਮਨੁੱਖ ਕੋਈ ਦੇਵਤਾ ਨਹੀਂ ਹਰੇਕ ਵਿਚ ਕਮੀਆਂ ਹਨ।ਦੂਜੇ ਦੀਆਂ ਕਮੀਆਂ ਨੂੰ ਨਜ਼ਰ ਅੰਦਾਜ਼ ਕਰਕੇ ਉਸਦੇ ਚੰਗੇ ਗੁਣਾਂ ਵੱਲ ਧਿਆਨ ਦਿਓ।ਇਕ ਮਸ਼ਹੂਰ ਤੁਕ ਹੈ, " ਯਾਰ ਦੀ ਯਾਰੀ ਦੇਖੋ, ਉਹਦੇ ਐਬ ਨਾ ਦੇਖੋ।" ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਦੂਜਿਆਂ ਦੀਆਂ ਚੰਗੀਆਂ ਗੱਲਾਂ ਗ੍ਰਹਿਣ ਕਰੋ ਨਾ ਕਿ ਉਨ੍ਹਾਂ ਦੀਆਂ  ਗ਼ਲਤੀਆਂ  ਲੱਭਣ 'ਚ ਆਪਣਾ ਕੀਮਤੀ ਸਮਾਂ ਬਰਬਾਦ ਕਰੋ।ਜਦੋਂ ਤੁਸੀਂ ਲੋਕਾਂ ਦੀਆਂ ਕਮੀਆਂ ਲੱਭਣ ਵਿੱਚ ਉਲਝ ਜਾਂਦੇ ਹੋਂ ਤਾਂ ਤੁਸੀਂ ਉਨ੍ਹਾਂ ਦਾ ਦਿਲ ਨਹੀਂ ਜਿੱਤ ਸਕਦੇ।ਅਜਿਹੀ ਸਥਿਤੀ ਵਿੱਚ ਤੁਹਾਡੇ ਰਿਸ਼ਤੇਦਾਰ ਅਤੇ ਦੋਸਤ ਤੁਹਾਡੇ ਕੋਲੋਂ ਦੂਰ ਰਹਿਣਾ ਪਸੰਦ ਕਰਦੇ ਹਨ। ਇਸ ਲਈ ਦੂਜਿਆਂ ਦੀਆਂ ਚੰਗੀਆਂ ਗੱਲਾਂ ਨੂੰ ਗ੍ਰਹਿਣ ਕਰਕੇ ਆਪਣੇ ਆਪ ਨੂੰ ਸੁਧਾਰੋ, ਨਾ ਕਿ ਦੂਜਿਆਂ ਦੀਆਂ ਗਲਤੀਆਂ ਲੱਭ ਕੇ ਉਨ੍ਹਾਂ ਨਾਲ ਸੰਬੰਧ ਵਿਗਾੜੋ।
                "ਔਰੋ ਕੇ ਐਬੋਂ ਕੋ ਕਿਊਂ ਢੂਡ ਰਹੀ ਹੈ ਨਜ਼ਰ
           ਹਾਥ ਮੇਂ ਆਇਨਾ ਉਠਾ ਕਰ ਕਿਉਂ ਨਹੀਂ ਦੇਖ ਲੇਤੇ"।
    ਯੂਨੀਵਰਸਿਟੀ ਪੜ੍ਹਦਿਆਂ ਸਾਡੇ 'ਸਰਕਲ ਗਰੁੱਪ' ਦੇ ਮੈਂਬਰ ਆਪਸ ਵਿਚ ਬਹੁਤ ਸ਼ਰਾਰਤਾਂ ਕਰਦੇ ਰਹਿੰਦੇ ਸਨ।ਜਦੋਂ ਕਿਸੇ ਦੀ ਸ਼ਰਾਰਤ ਗ਼ਲਤੀ ਦਾ ਰੂਪ ਲੈ ਲੈਂਦੀ ਤਾਂ ਸਾਰੇ ਦੋਸਤਾਂ ਅੱਗੇ ਪੇਸ਼ੀ ਪੈਣ ਤੇ ਹਰੇਕ ਮੈਂਬਰ ਹਿੰਦੀ ਦੇ ਸ਼ੇਅਰ ਦਾ ਸਹਾਰਾ ਲੈਂਦਾ:-
    "ਬਾਅਦ ਮੇ ਕਰਨਾ ਮੇਰੇ ਗੁਨਾਹੋਂ ਪੇ ਤਪਸਰੇ,
    ਪਹਿਲੇ ਇਸ ਦੁਨੀਆ ਮੇ ਕੋਈ ਫ਼ਰਿਸ਼ਤਾ ਤੋ ਦਿਖਾਏ।" 
    ਜੇਕਰ ਤੁਹਾਡਾ ਕੋਈ ਸਾਥੀ ਗ਼ਲਤੀ ਕਰਦਾ ਹੈ ਉਸ ਨਾਲ ਗੁੱਸੇ ਹੋਣ ਦੀ ਬਜਾਏ ਉਸ ਨੂੰ ਗ਼ਲਤੀ ਸੁਧਾਰਨ ਵਿੱਚ ਉਸਦੀ ਮਦਦ ਕਰੋ। ਜੇਕਰ ਫਿਰ ਵੀ ਉਹ ਵਾਰ-ਵਾਰ ਗਲਤੀ ਦੁਹਰਾ ਰਿਹਾ ਹੈ ਤਾਂ ਵੀ ਉਸ ਦਾ ਸਾਥ ਨਾ ਛੱਡੋ।ਇਸ ਵਿੱਚ ਤੁਸੀਂ ਆਪਣੇ-ਆਪ ਨੂੰ ਉਸਦੀ ਜਗ੍ਹਾ ਰੱਖ ਕੇ ਸੋਚੋ, ਹੋ ਸਕਦਾ ਹੈ ਕਿ ਪ੍ਰਸਥਿਤੀਆਂ ਹੀ ਇਹੋ ਜਿਹੀਆਂ ਹੋਣ ਕਿ ਉਸ ਸਥਿਤੀ ਵਿੱਚ ਕਿਸੇ ਤੋਂ ਵੀ ਗਲਤੀ ਹੋਣਾ ਸੰਭਵ ਹੋਵੇ। ਇਸ ਲਈ ਹਲਾਤਾਂ ਨੂੰ ਸਮਝੇ ਬਿਨਾਂ ਕਿਸੇ ਦੀਆਂ ਗ਼ਲਤੀਆਂ ਦੀ ਆਲੋਚਨਾ ਕਰਨਾ ਮੂਰਖਤਾ ਹੀ ਹੈ। ਜ਼ਿਆਦਾ ਗ਼ਲਤੀਆਂ ਤੋਂ ਇੱਕ ਗੱਲ ਸਾਫ਼ ਝੱਲਕਦੀ ਹੈ ਕਿ ਉਸ ਵਿਅਕਤੀ ਨੇ ਕੰਮ ਖ਼ਤਮ ਕਰਨ ਲਈ ਜਿਆਦਾ ਯਤਨ ਕੀਤੇ ਹਨ। ਇਸ ਲਈ ਉਹ ਅਜਿਹੇ ਵਿਹਲੜ ਤੇ ਆਲਸੀ ਮਨੁੱਖ ਤੋਂ ਸੌ ਗੁਣਾ ਚੰਗਾ ਹੈ ਜੋ ਦਿਨ ਖਾ ਕੇ ਤੇ ਰਾਤ ਸੌਂ ਕੇ ਗੁਜ਼ਾਰ ਦਿੰਦਾ ਹੈ। ਹਰੇਕ ਇਨਸਾਨ ਕੋਲੋਂ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਛੋਟੀਆਂ ਵੱਡੀਆਂ ਗ਼ਲਤੀਆਂ ਹੋ ਜਾਂਦੀਆਂ ਹਨ।ਜੇਕਰ ਤੁਹਾਡੇ ਕੋਲੋ ਕੋਈ ਗ਼ਲਤੀ ਹੋ ਜਾਂਦੀ ਹੈ ਤਾਂ ਦੂਜਿਆਂ ਨੂੰ ਕਸੂਰਵਾਰ ਨਾ ਠਹਿਰਾਉ ਸਗੋਂ ਇਮਾਨਦਾਰੀ ਨਾਲ ਆਪਣੀ ਗ਼ਲਤੀ ਸਵੀਕਾਰ ਕਰੋ।ਇਸ ਸਥਿਤੀ ਵਿੱਚ ਘਬਰਾਉਣਾ ਨਹੀਂ ਚਾਹੀਦਾ ਸਗੋਂ ਆਪਣਾ ਮਨੋਬਲ ਬਣਾ ਕੇ ਦ੍ਰਿੜਤਾ ਨਾਲ ਅੱਗੇ ਵਧਦੇ ਰਹੋ।ਪੁਰਾਣੀਆਂ ਗ਼ਲਤੀਆਂ ਨੂੰ ਯਾਦ ਕਰਕੇ ਆਪਣੇ ਕੰਮ ਵਿਚ ਵਿਘਨ ਨਾ ਪਾਓ।ਇਸ ਤਰ੍ਹਾਂ ਕਰਨ ਨਾਲ ਤੁਹਾਡੇ ਕੰਮ ਦਾ ਪੱਧਰ ਨੀਵਾਂ ਹੋਣ ਤੋ ਇਲਾਵਾ ਤੁਹਾਡਾ ਆਤਮ-ਵਿਸ਼ਵਾਸ ਵੀ ਘੱਟੇਗਾ।ਗ਼ਲਤੀਆਂ  ਤੇ ਪਛਤਾਉਣ ਦੀ ਬਜਾਏ ਆਪਣੇ ਆਪ ਵਿਚ ਸੁਧਾਰ ਲਿਆਓ। ਗ਼ਲਤੀਆਂ ਹੋਣ 'ਤੇ ਜਿਹੜੇ ਇਨਸਾਨ ਨਕਾਰਤਮਕ ਸੋਚ ਦੇ ਧਾਰਨੀ ਹੋ ਜਾਂਦੇ ਹਨ। ਅਜਿਹੇ ਵਿਅਕਤੀਆਂ ਲਈ ਹਰੀਵੰਸ ਰਾਏ ਬੱਚਨ ਨੇ ਲਿਖਿਆ ਹੈ;
    ਅਸਫ਼ਲਤਾ ਏਕ ਚੁਣੋਤੀ ਹੈ
    ਇਸੇ ਸਵੀਕਾਰ ਕਰੋ
    ਕਿਆ ਕਮੀ ਰਹਿ ਗਈ ਦੇਖੋ ਔਰ ਸੁਧਾਰ ਕਰੋ
    ਜਬ ਤੱਕ ਨਾ ਸਫ਼ਲ ਹੋ
    ਨੀਂਦ ਚੈਨ ਕੋ ਤਿਆਗੋ ਤੁਮ
    ਸੰਘਰਸ਼ ਕਾ ਮੈਦਾਨ ਛੋੜ ਕਰ ਨਾ ਭਾਗੋ ਤੁਮ
    ਕੁਛ ਕੀਏ ਬਿਨਾਂ ਜੈ-ਜੈ ਕਾਰ ਨਹੀਂ ਹੋਤੀ
    ਕੋਸ਼ਿਸ਼ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ
    ਲਹਿਰੋਂ ਸੇ ਡਰ ਕਰ ਨੌਕਾ ਪਾਰ ਨਹੀਂ ਹੋਤੀ।
           ਗ਼ਲਤੀਆਂ ਸਾਨੂੰ ਕੁਝ ਨਵਾਂ ਸਿੱਖਣ ਅਤੇ ਆਪਣੇ ਆਪ ਨੂੰ ਸੁਧਾਰਨ ਦਾ ਮੌਕਾ ਦਿੰਦੀਆਂ ਹਨ। ਜੇ ਵਿਗਿਆਨੀਆਂ ਨੇ ਪਹਿਲਾਂ ਯਤਨ ਕਰਨ ਮਗਰੋਂ ਅਸਫ਼ਲ ਹੋਣ ਤੇ ਆਪਣੇ ਪ੍ਰਯੋਗ ਵਿਚ ਹੀ ਅਧੂਰੇ ਛੱਡੇ ਹੁੰਦੇ ਤਾਂ ਸਾਡੇ ਕੋਲ ਇੱਕ ਵੀ ਉਹ ਚੀਜ਼ ਨਾ ਹੁੰਦੀ, ਜਿਸ ਤੋਂ ਬਿਨ੍ਹਾਂ ਅਸੀਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੇ। ਗ਼ਲਤੀਆਂ ਤੋਂ ਘਬਰਾ ਕੇ ਕੰਮ ਨੂੰ ਅਧੂਰਾ ਨਾ ਛੱਡੋ ਕਿਉਂਕਿ ਅਧੂਰੇ ਕੰੰਮ ਛੱਡਣ ਦਾ ਮਤਲਬ ਦੂਸਰੀ ਗ਼ਲਤੀ ਕਰਨਾ ਹੈ।ਜੇਕਰ ਤੁਹਾਡੇ ਕੋਲੋਂ ਕੋਈ ਗ਼ਲਤੀ ਹੋ ਗਈ ਤਾਂ ਉਸ ਨੂੰ ਸਵੀਕਾਰ ਕਰਕੇ ਗੰਭੀਰਤਾ ਨਾਲ ਉਸ 'ਤੇ ਵਿਚਾਰ ਕਰੋ।ਗ਼ਲਤੀ ਮੰਨ ਲੈਣ ਨਾਲ ਸੁਧਾਰ ਦੀ ਗੁੰਜਾਇਸ਼ ਵੱਧ ਜਾਂਦੀ ਹੈ।ਗਾਂਧੀ ਜੀ ਮੁਤਾਬਕ ਉਹ ਵਿਅਕਤੀ ਮਹਾਨ ਹੈ ਜਿਹੜਾ ਗ਼ਲਤੀ ਕਰਕੇ ਇਹ ਸਵੀਕਾਰ ਕਰਦਾ ਹੈ ਤੇ ਭਵਿੱਖ ਵਿੱਚ ਇਸ ਪ੍ਰਤੀ ਚੌਕਸ ਰਹਿੰਦਾ ਹੈ।ਜਦੋ ਕੋਈ ਵੀ ਵਿਅਕਤੀ ਦੂਜਿਆਂ ਦੀਆਂ ਗ਼ਲਤੀਆਂ ਲੱਭਣ ਵਿੱਚ ਗ਼ਲਤਾਨ ਹੋ ਜਾਵੇ ਤਾਂ ਸਮਝੋ ਉਹ ਆਪਣੀ ਤਰੱਕੀ ਵਿਚ ਰੋੜੇ ਅਟਕਾ ਰਿਹਾ ਹੈ, ਕਿਉਂਕਿ ਮਨੁੱਖ ਇਕ ਸਮਾਜਿਕ ਪ੍ਰਾਣੀ ਹੈ।ਸਮਾਜ ਤੁਹਾਡੀ ਤਰੱਕੀ ਵਿਚ ਵਡਮੁੱਲਾ ਯੋਗਦਾਨ ਪਾਉਂਦਾ ਹੈ।
          ਗ਼ਲਤੀਆਂ ਦੇ ਥੰਮਾਂ 'ਤੇ ਹੀ ਸਫ਼ਲਤਾ ਦੀ ਮੰਜ਼ਿਲ ਟਿਕੀ ਹੁੰਦੀ ਹੈ।ਪਰ ਇਸਦੀ ਜ਼ਰੂਰੀ ਸ਼ਰਤ ਇਹ ਹੈ ਕਿ ਤੁਹਾਡੇ  ਹਰੇਕ ਯਤਨ ਵਿਚ ਸੁਧਾਰ ਹੋਵੇ।ਨਵੇਂ ਯਤਨ ਵਿਚ ਸੁਧਾਰ ਲਿਆਉਣ 'ਤੇ ਗ਼ਲਤੀਆਂ ਦਿਸ਼ਾ ਨਿਰਦੇਸ਼ਕ ਦੀ ਭੂਮਿਕਾ ਨਿਭਾਉਂਦੀਆਂ ਹਨ ਜੇਕਰ ਤੁਸੀਂ ਕਾਰ ਚਲਾਉਣੀ ਸਿੱਖ ਰਹੇ ਹੋ ਤਾਂ ਸਟਾਰਟ ਕਰਨ ਮਗਰੋਂ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਐਕਸੀਲੇਟਰ ਅਤੇ ਕਲੱਚ ਨੂੰ ਇਕ ਅਨੁਪਾਤ ਵਿੱਚ ਕ੍ਰਮਵਾਰ ਦੱਬੋ ਅਤੇ ਚੱਕੋ।ਥੋੜੀ ਗੜਬੜ ਹੋਣ 'ਤੇ ਹੀ ਕਾਰ ਰੁੱਕ ਜਾਂਦੀ ਹੈ। ਜਦੋਂ ਤੁਸੀਂ ਹਰੇਕ ਯਤਨ ਵਿਚ ਸੁਧਾਰ ਕਰਦੇ ਜਾਂਦੇ ਹੋ ਤਾਂ ਇਕ ਕੁਸ਼ਲ ਚਾਲਕ ਬਣ ਜਾਂਦੇ ਹੋ।ਸੁਧਾਰ ਬਿਨਾਂ ਸਫ਼ਲਤਾ ਸੰਭਵ ਨਹੀਂ।ਇਕੋ ਗ਼ਲਤੀ ਨੂੰ ਵਾਰ-ਵਾਰ ਦੁਹਰਾਉਣਾ ਮੂਰਖਤਾ ਦੀ ਨਿਸ਼ਾਨੀ ਹੈ।
    ਵੱਡੇ ਬੰਦੇ ਵੱਡੀਆਂ ਗ਼ਲਤੀਆਂ ਕਰਦੇ ਹਨ ।ਜਿਵੇਂ ਹੈਨਰੀ ਫੋਰਡ ਆਪਣੀ ਪਹਿਲੀ ਟੀ ਅਕਾਰ ਦੀ ਕਾਰ ਵਿੱਚ ਬੈਕ ਗੇਅਰ ਲਗਾਉਣਾ ਹੀ ਭੁੱਲ ਗਿਆ ਸੀ।ਇਸ ਕਰਕੇ ਲੋਕਾਂ ਨੂੰ ਕਾਰ ਪਿੱਛੇ ਮੋੜਨ ਸਮੇਂ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ।ਮਨੁੱਖ ਅਤੇ ਦੇਵਤੇ ਵਿਚ ਇਹੀ ਫ਼ਰਕ ਹੈ ਕਿ ਮਨੁੱਖ ਗ਼ਲਤੀਆਂ ਕਰਦਾ ਹੈ।ਕਈ ਵਿਅਕਤੀ ਆਪਣੇ ਆਪ ਨੂੰ ਸੰਪੂਰਨ ਹੋਣ ਦਾ ਭਰਮ ਪਾਲ ਕੇ ਆਪਣੀਆਂ ਗ਼ਲਤੀਆਂ ਨੂੰ ਛੁਪਾਉਂਦੇ ਹਨ।ਗ਼ਲਤ ਹੋਣ ਤੇ ਵੀ ਆਪਣੀ ਗੱਲ ਤੇ ਅੜੇ ਰਹਿੰਦੇ ਹਨ।ਉਨ੍ਹਾਂ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਦੂਜਿਆਂ ਦੀਆਂ ਗ਼ਲਤੀਆਂ ਨੂੰ ਕਿਵੇਂ ਉਜਾਗਰ ਕੀਤਾ ਜਾਵੇ।ਅਜਿਹੇ ਲੋਕਾਂ ਨੂੰ ਦੂਜਿਆਂ ਦੀਆਂ ਖੂਬੀਆਂ ਨਜ਼ਰ ਨਹੀ ਆਉਦੀਆਂ, ਸਿਰਫ਼ ਗ਼ਲਤੀਆਂ ਜਾਂ ਕਮੀਆਂ ਹੀ ਨਜ਼ਰ ਆਉਂਦੀਆਂ ਹਨ।ਗ਼ਲਤੀ ਤਾਂ ਹਰੇਕ ਬੰਦਾ ਲੱਭ ਸਕਦਾ ਹੈ ਪਰ ਉਸ ਗ਼ਲਤੀ ਨੂੰ ਸੁਧਾਰ ਕੇ ਦਿਖਾਉਣਾ ਹਰ ਇਕ ਦੇ ਬਸ ਦੀ ਗੱਲ ਨਹੀਂ ਹੁੰਦੀ।ਜਿਵੇਂ ਇਕ ਵਾਰ ਇਕ ਚਿੱਤਰਕਾਰ ਨੇ ਆਪਣੀ ਜ਼ਿੰਦਗੀ ਦੀ ਬੇਹਤਰੀਨ ਪੇਟਿੰਗ ਬਣਾ ਕੇ ਚੌਂਕ ਵਿੱਚ ਟੰਗ ਦਿੱਤੀ।ਪੇਟਿੰਗ ਹੇਠਾਂ ਉਸਨੇ ਇੱਕ ਨੋਟ ਲਿਖ ਦਿੱਤਾ,
    "ਇਸ ਪੇਟਿੰਗ ਵਿੱਚ ਜਿੱਥੇ ਕੋਈ ਗ਼ਲਤੀ ਨਜ਼ਰ ਆਵੇ, ਨਿਸ਼ਾਨ ਲਗਾ ਦਿਓ"।
    ਦੂਜੇ ਦਿਨ ਚਿੱਤਰਕਾਰ ਨੂੰ ਇਹ ਦੇਖ ਕੇ ਬਹੁਤ ਦੁੱਖ ਹੋਇਆ ਕਿ ਪੇਟਿੰਗ 'ਤੇ ਨਿਸ਼ਾਨ ਹੀ ਨਿਸ਼ਾਨ ਸਨ।ਹਿੰਮਤ ਕਰਕੇ ਉਸਨੇ ਉਹੋ ਜਿਹੀ ਹੀ ਇਕ ਹੋਰ ਪੇਟਿੰਗ ਬਣਾਈ ਤੇ ਉਸੇ ਚੌਂਕ ਵਿਚ ਟੰਗ ਦਿੱਤੀ ਤੇ ਨਾਲ ਹੀ ਉਸਨੇ ਲਿਖ ਦਿੱਤਾ, 
    "ਇਸ ਪੇਟਿੰਗ ਵਿਚ ਜੇਕਰ ਕਿਸੇ ਨੂੰ ਕੋਈ ਗ਼ਲਤੀ ਨਜ਼ਰ ਆਵੇ ਤਾਂ ਉਹ ਠੀਕ ਕਰ ਸਕਦਾ ਹੈ।"
    ਦੂਜੇ ਦਿਨ ਚਿੱਤਰਕਾਰ ਬੜੀ ਉਤਸੁਕਤਾ ਨਾਲ ਲੋਕਾਂ ਦੀ ਪ੍ਰਤੀਕਿਰਿਆ ਦੇਖਣ ਲਈ ਉੱਥੇ ਗਿਆ ਤਾਂ ਇਹ ਦੇਖ ਕੇ ਉਸਦੀ ਹੈਰਾਨੀ ਦੀ ਹੱਦ ਨਾ ਰਹੀ ਕਿ ਕਿਸੇ ਨੇ ਵੀ ਪੇਟਿੰਗ ਵਿਚ ਕੋਈ ਤਬਦੀਲੀ ਨਹੀਂ ਸੀ ਕੀਤੀ।
    ਬਰਨਾਲਾ ਜ਼ਿਲ੍ਹੇ ਦੇ ਪਿੰਡ ਕੁਰੜ ਦੇ ਮਸ਼ਹੂਰ ਬੁੱਤਕਾਰ ਮਾਸਟਰ ਮਹਿੰਦਰ ਸਿੰਘ ਨੂੰ ਜਦੋਂ ਮੈਂ ਸਵਾਲ ਕੀਤਾ ਕਿ
    "ਤੁਸੀਂ ਆਦਮ ਕੱਦ ਬੁੱਤ ਬਣਾਉਣਾ ਕਿੱਥੋਂ ਸਿਖਿਆ?"
    ਤਾਂ ਉਨ੍ਹਾਂ ਦਾ ਉੱਤਰ ਸੀ " ਗ਼ਲਤੀਆਂ ਤੋਂ "।  ਉਨ੍ਹਾਂ ਦੱਸਿਆ ਕਿ ਬੁੱਤ ਬਣਾਉਦੇ ਸਮੇਂ ਜਦੋ ਉਨ੍ਹਾਂ ਕੋਲੋਂਂ ਕੋਈ ਗ਼ਲਤੀ ਹੁੰਦੀ ਤਾਂ ਉਹ ਦਿਮਾਗ਼ ਵਿੱਚ ਵਿਚਾਰਦੇ ਰਹਿੰਦੇ ਤੇ ਦੂਜੇ ਦਿਨ ਉਸ ਗ਼ਲਤੀ ਨੂੰ ਸੁਧਾਰਨ ਵਿੱਚ ਸਫ਼ਲ ਹੋ ਜਾਂਦੇ।ਨਤੀਜੇ ਵਜੋਂ ਅੱਜ ਲੋਕ ਉਨ੍ਹਾਂ ਨੂੰ ਇੱਕ ਸਫ਼ਲ ਬੁੱਤਕਾਰ ਵਜੋਂ ਜਾਣਦੇ-ਪਹਿਚਾਣਦੇ ਹਨ।
    ਵਿਅਕਤੀ ਗ਼ਲਤੀਆਂ ਤੋਂ ਸਬਕ ਸਿੱਖ ਕੇ ਹੀ ਮਹਾਨ ਬਣਦਾ ਹੈ।ਗ਼ਲਤੀਆਂ ਨੂੰ ਯਾਦ ਰੱਖਣ ਦੀ ਬਜਾਏ ਗ਼ਲਤੀਆਂ ਤੋਂ ਸਿੱਖਿਆ ਸਬਕ ਯਾਦ ਰੱਖੋ। ਗ਼ਲਤੀਆਂ ਵਿਕਾਸ ਦੇ ਰਾਹ 'ਤੇ ਮੀਲ ਪੱਥਰ ਸਾਬਿਤ ਹੁੰਦੀਆਂ ਹਨ। ਗ਼ਲਤੀਆਂ ਦਾ ਮਤਲਬ ਤੁਸੀਂ ਕੁੱਝ ਨਵਾਂ ਸਿੱਖ ਰਹੇ ਹੋ।ਜੇਕਰ ਕੁੱਝ ਕਰਦੇ ਸਮੇਂ ਤੁਸੀਂ ਇੱਕ ਵਾਰੀ ਵਿੱਚ ਹੀ ਸਫ਼ਲ ਹੋ ਜਾਂਦੇ ਹੋ ਤਾਂ ਇਸਦਾ ਮਤਲਬ ਸਾਇਦ ਤੁਹਾਨੂੰ ਪਤਾ ਹੈ ਕਿ ਇਹ ਕੰਮ ਕਿਸ ਤਰ੍ਹਾਂ ਕੀਤਾ ਜਾਵੇ।ਦਰਅਸਲ ਗ਼ਲਤੀਆਂ ਸੰਸਾਰ ਦੀ ਉਹ ਅਦਭੁਤ ਚੀਜ਼ ਹਨ ਜੋ ਸਿੱਖਣ ਦੇ ਨਾਲ-ਨਾਲ ਵਿਕਾਸ, ਗਿਆਨ ਅਤੇ ਸੁਧਾਰ ਨੂੰ ਸੰਭਵ ਬਣਾਉਦੀਆਂ ਹਨ।ਇਸ ਲਈ ਗ਼ਲਤੀਆਂ ਤੋਂ ਨਾ ਡਰੋ ਪਰ ਉਹੀ ਗ਼ਲਤੀਆਂ ਵਾਰ-ਵਾਰ ਕਰਨ ਤੋਂ ਡਰੋ।