ਖੋਹ ਕੇ ਖਾਬ ਰੰਗਲੇ ਸਾਰੇ
ਕਰ ਸਮੇਂ ਦੇ ਹਵਾਲੇ
ਚੁਪ ਚਾਪ ਤੁਰ ਜਾਣਾ
ਇਹ ਗੱਲ੍ਹ ਚੰਗੀ ਨਹੀਂ ।
ਠੰਡੇ ਪਾਣੀਆਂ ਦੇ ਛਿੱਟੇ
ਦੇਕੇ ਹਾਸੇ ਮਿੱਠੇ ਮਿੱਠੇ
ਕਰਨਾ ਅੱਗ ਦੇ ਹਵਾਲੇ
ਇਹ ਗੱਲ੍ਹ ਚੰਗੀ ਨਹੀਂ ।
ਪਾਕੇ ਛਾਵਾਂ ਵਾਲੇ ਰਾਹ
ਦੇਕੇ ਨਿੱਘੇ ਨਿੱਘੇ ਸਾਹ
ਝੱਟ ਨਜ਼ਰਾਂ ਚੁਰਾਣਾ
ਇਹ ਗੱਲ੍ਹ ਚੰਗੀ ਨਹੀਂ ।
ਥੋੜਾ ਬੂਹਾ ਖੜਕਾ ਕੇ
ਮੈਨੂੰ ਖੋਲਣ ਲਈ ਕਹਿਕੇ
ਹੋਰ ਗਲੀ ਛੁੱਪ ਜਾਣਾ
ਇਹ ਗੱਲ੍ਹ ਚੰਗੀ ਨਹੀਂ ।
ਮੈਨੂ ਛੱਤ 'ਤੇ ਬੁਲਾ ਕੇ
ਚੜਦਾ ਸੂਰਜ ਦਿਖਾ ਕੇ
ਬਾਕੀ ਦਿੰਨ ਖੋਹ ਲੈਣਾ
ਇਹ ਗੱਲ੍ਹ ਚੰਗੀ ਨਹੀਂ ।
ਦਿੱਤੇ ਉਮਰਾਂ ਦੇ ਵਾਇਦੇ
ਪਰ ਹੋਰ ਸੀ ਇਰਾਦੇ
ਇੱਕ ਸਚ ਮਾਰ ਜਾਣਾ
ਇਹ ਗੱਲ੍ਹ ਚੰਗੀ ਨਹੀਂ ।
ਦਿੰਨੇ ਪਾਈਆਂ ਲਖ ਬਾਤਾਂ
ਪਰ ਗੂੰਗੀਆਂ ਨੇ ਰਾਤਾਂ
ਚੁੱਪ ਵਿੱਚ ਡੁੱਬ ਜਾਣਾ
ਇਹ ਗੱਲ੍ਹ ਚੰਗੀ ਨਹੀਂ ।