ਸੁਣ ਵੇ ਤੂੰ ਸੁਣ, ਮਿੱਟੀ ਦੀ ਅਵਾਜ਼ ਨੂੰ ।
ਅੰਦਰੋਂ ਵੀ ਸੁਣ, ਰੂਹਾਂ ਦੇ ਵੀ ਸਾਜ਼ ਨੂੰ ॥
ਮਿੱਟੀ ਸੰਗ ਸੂਰਜ, ਮਿੱਟੀ ਸੰਗ ਹੀ ਸਾਗਰ
ਮਿੱਟੀ ਸੰਗ ਵਰੋਲੇ,ਮਿੱਟੀ ਸਾਹਾਂ ਦੀ ਚਾਕਰ
ਸੁਣਕੇ ਮਿੱਟੀ ਕੰਬਦੀ ੲਿਲਾਹੀ ਨਾਦ ਨੂੰ
ਸੁਣ ਯਾਰਾ...
ਮਿੱਟੀ ਪੈਰਾਂ ਥੱਲੇ, ਰਾਜੇ-ਰੰਕਾਂ ਦੀ ਖ਼ਾਕ
ਮਿੱਟੀ ਕਬਰੀ ਗਲੇ, ਸ਼ਮਸਾਨਾਂ ਦੀ ਰਾਖ਼
ਮਿੱਟੀ ੳੁਡਦੀ ਫਿਰੇ, ਰੁਲਾ ਪੈਰੀਂ ਤਾਜ਼ ਨੂੰ
ਸੁਣ ਵੇ.
ਮਿੱਟੀ ਨਾਨਕ ਦੀ, ਮਿੱਟੀ ਕਨੱੲੀਅਾ ਦੀ
ਮਿੱਟੀ ਭਗਤਾਂ ਦੀ, ਮਿੱਟੀ ਰਮੱੲੀਅਾ ਦੀ
ਮਿੱਟੀ ਅਾਦਿ- ਸ਼ਕਤੀ, ਸਲਾਮ ਕਰ ਅਾਦਿ ਨੂੰ॥
ਸੁਣ ਵੇ...
ਮਿੱਟੀ ਦਾ ਤੂੰ ਪੁਤਲਾ, ਕਦਰ ਕਰੇਂ ਨਾ ਮਿੱਟੀ ਦੀ
ਮਿੱਟੀ ਅਾਨ-ਸ਼ਾਨ ਹੈ , ਮਿੱਟੀ ਨਹੀਂਓ ਨਿੰਦੀ ਦੀ
ਮਿੱਟੀ ਪਲੀਤ ਕਰੇਂ, ਜਾਣੇ ਨਾ ਸੁਅਾਦ ਨੂੰ
ਸੁਣ ਵੇ.....
ਮਿੱਟੀ ਹੱਦਾਂ ਤੋ ਪਰ੍ਹੇ, ਕਾਲੀ-ਪੀਲੀ ਨਾ ਗੋਰੀ
ਅੰਮਿ੍ਤ ਸੁਅਾਂਤੀ ਮਿੱਟੀ, ਸ਼ਹਿਦ ਰਸੀਲੀ ਪੋਰੀ
ਮਿੱਟੀ ਦਾਗ਼ੀ ਨਾ ਕਰ, ਛੱਡੋ ਫਸਾਦ-ਜਹਾਦ ਨੂੰ
ਸੁਣ.....
ਮਿੱਟੀ ਨਾ ਵੇ ਭੁੱਲੀਂ,ਲੈਣਾ ਮਿੱਟੀ ਨੇ ਬੁੱਕਲੀਂ
ਮਿੱਟੀ ਹੈ ਮਾਂ-ਅੰਮੜੀ, ਨਸ਼ਕਾਰ ਮਿੱਟੀ ਚੁੱਕਲੀਂ
"ਰੇਤਗੜ੍ਹੀੲੇ ਬਾਲੀ "ਮਮਤਾ, ਭੁੱਲੇ ਨਾ ਅੌਲਾਦ ਨੂੰ