ਕੁਝ ਸਧਰਾਂ ਇਸ਼ਕੇ ਦੀਆਂ ਦਿਲ ਵਿੱਚ ਜਨਮੀਆਂ ਸੀ
ਬੜਾ ਚਿੱਤ ਕਰਦਾ ਸੀ ਸੱਜਣਾ ਤੋਂ ਪ੍ਰੇਮ ਲੋਰੀਆਂ ਸੁਣਾਂ
ਰਹਾਂ ਉਸ ਨਾਲ ਬੱਚਾ ਬਣ ਕੇ ਉਸਦੀ ਦੁਨੀਆਂ ਵਿੱਚ
ਤੇ ਉਸਦੀ ਉੱਗਲ ਫੜ ਕੇ ਮੈਂ ਜਿੰਦਗੀ ਰਾਹ ਤੇ ਤੁਰਾਂ
ਉਹਨੂੰ ਪਾ ਕੇ ਜਿੱਦ ਪੂਰੀ ਤਾਂ ਕਰ ਲਈ
ਪਰ ਅੱਖੀਆਂ ਨੂੰ ਸਮੰਦਰ ਬਣਾਉਣਾ ਪਿਆ
ਉਹਦਾ ਪਿਆਰ ਤਾਂ ਜਿਉਂ ਪੰਘੂੜਾ ਸੀ...
ਜਿਸ ਝੂਟਣੇ ਲਈ ਬੜਾ ਮੈਨੂੰ ਰੋਣਾ ਪਿਆ।
ਧਰਤੀ ਉੱਤੇ ਤਾਂ ਉਹਦਾ ਸਾਨੀ ਲੱਭਣਾ ਵੀ ਔਖਾ ਸੀ
ਉਹਤੋਂ ਤਾਂ ਮਾਨੋ ਗੁਲਾਬ ਵੀ ਹੁਸਨ ਬਾਝੋਂ ਪੱਛੜਿਆ
ਪਰ ਮੇਰੇ ਕੋਲੇ ਰਹਿੰਦਾ ਉਹ ਖਾਸ ਖੁਸ਼ ਜਾਪਿਆ ਨਾ
ਜਿੱਦਾ ਕੋਈ ਮੁਸਾਫਿਰ ਹੋਵੇ ਗਲਤ ਮੰਜਿਲੇ ਅੱਪੜਿਆ
ਜ਼ੋਰ ਪਾਏ ਤੇ ਸਨੇਹ ਜੋ ਵਿਖਾਇਆ ਉਸਨੇ
ਸਾਨੂੰ ਓਸੇ ਨਾਲ ਸੰਤੁਸ਼ਟ ਹੋਣਾ ਪਿਆ
ਉਹਦਾ ਪਿਆਰ ਤਾਂ ਜਿਉਂ ਪੰਘੂੜਾ ਸੀ...
ਜਿਸ ਝੂਟਨੇ ਲਈ ਬੜਾ ਮੈਨੂੰ ਰੋਣਾ ਪਿਆ।
ਕਦੇ ਮੈਂ ਜ਼ਹਿਰ ਵਾਂਗੂ ਪੀ ਗਿਆ ਉਹਦੀ ਬੇਪਰਵਾਹੀ
ਕਦੀ ਨਿੱਕੀ ਜਿਹੀ ਗੱਲ ਉੱਤੇ ਉਹਦੀ ਝਿੜਕ ਜਰੀ ਮੈਂ
ਉਹਦੇ ਰੁੱਖੇਪਣ ਉੱਤੇ ਕਦੀ ਜੇਕਰ ਗੁੱਸਾ ਵੀ ਕੀਤਾ ਤਾਂ
ਉਹਨੂੰ ਰੁੱਸੇ ਨੂੰ ਮਨਾਉਣ ਵਿੱਚ ਬਹੁਤੀ ਦੇਰ ਨਾ ਕਰੀ ਮੈਂ
ਪਰ ਮੈਨੂੰ ਆਪੇ ਹੀ ਉਹਦੇ ਕੋਲੋਂ ਰੁੱਸ ਕੇ
ਸਦਾ ਆਪਣੇ ਆਪ ਨੂੰ ਮਨਾਉਣਾ ਪਿਆ
ਉਹਦਾ ਪਿਆਰ ਤਾਂ ਜਿਉਂ ਪੰਘੂੜਾ ਸੀ..
ਜਿਸ ਝੂਟਨੇ ਲਈ ਬੜਾ ਮੈਨੂੰ ਰੋਣਾ ਪਿਆ।
ਇੱਕ ਓਪਰੇਪਣ ਦਾ ਵਹਿੰਦਾ ਰਿਹਾ ਸਾਡੇ ਵਿਚਕਾਰ ਜੋ
ਸਮਾਂ ਬੀਤ ਗਿਆ ਪਰ ਉਹ ਦਰਿਆ ਨਾ ਪਾਰ ਹੋਇਆ
ਕਿੰਨੀ ਵਾਰੀ ਤਾਂ ਜਾਂਦੇ ਨੂੰ ਰੋਕ ਲਿਆ ਬਾਹੋਂ ਫੜਕੇ ਮੈਂ
ਪਰ ਆਖਿਰ ਇੱਕਦਿਨ ਸਾਡੇ ਵੀ ਵਸੋਂ ਬਾਹਰ ਹੋਇਆ
ਪਹਿਲਾਂ ਸੋਚਿਆ ਸਾਡਾ ਹੀ ਹੈ ਮੁੜ ਆਊ
ਲਾਡੀ ਪਰ ਅੰਤ ਨੂੰ ਦਿਲ ਸਮਝਾਉਣਾ ਪਿਆ
ਉਹਦਾ ਪਿਆਰ ਤਾਂ ਜਿਉਂ ਪੰਘੂੜਾ ਸੀ...
ਜਿਸ ਝੂਟਨੇ ਲਈ ਮੈਨੂੰ ਬੜਾ ਰੋਣਾ ਪਿਆ।
ਲਿਖਤ - ਹਰਵੀਰ ਸਰਵਾਰੇ