ਭੈਣ ਘਰ ਭਾਈ ਤੇ ਸਹੁਰੇ ਘਰ ਜਵਾਈ
(ਲੇਖ )
ਪੁਰਾਣੀਆਂ ਕਹਾਵਤਾਂ ਦਾ ਸਾਡੀ ਰੋਜਾਨਾ ਦੀ ਜਿੰਦਗੀ ਅਤੇ ਸਮਾਜਿਕ ਕਿਰਦਾਰ ਨਿਭਾਉਣ ਵਿੱਚ ਕਾਫੀ ਮਹੱਤਵ ਹੈ।ਇਹ ਕ ਸਮਾਜਿਕ ਸੰਦੇਸ਼ ਹੁੰਦੀਆਂ ਹਨ। ਇਹਨਾ ਕਹਾਵਤਾਂ ਵਿੱਚ ਜੀਵਨ ਦੀ ਅਨਮੋਲ ਸਚਾਈ ਲੁਕੀ ਹੁੰਦੀ ਹੈ।ਇਹਨਾਂ ਨਾਲ ਹੀ ਸਾਨੂੰ ਸਹੀ ਜੀਵਨ ਜਿਉਂਣ ਦਾ ਸੰਦੇਸ ਮਿਲਦਾ ਹੈ। ਸਾਡੇ ਜੀਵਨ ਦਾ ਵਰਤਾਰਾ ਇਹਨਾਂ ਕਹਾਵਤਾ ਨਾਲ ਜੁੜਿਆ ਹੋਣ ਕਰਕੇ ਸਾਨੂੰ ਸਹੀ ਗਲਤ ਦੀ ਪਹਿਚਾਣ ਹੋ ਜਾਂਦੀ ਹੈ ਅਤੇ ਇਹਨਾ ਕਹਾਵਤਾਂ ਨੂੰ ਬੋਲ ਕੇ ਅਸੀ ਸਚਾਈ ਨੂੰ ਅਸਿੱਧੇ ਰੂਪ ਵਿੱਚ ਬਿਆਨ ਕਰ ਸਕਦੇ ਹਾਂ। ਪਰ ਸਮੇ ਦੇ ਬਦਲਣ ਤੇ ਹਾਲਾਤਾਂ ਦੀ ਤਬਦੀਲੀ ਕਾਰਨ ਇਹਨਾ ਵਿੱਚੋ ਕਈ ਕਹਾਵਤਾਂ ਅਪਣਾ ਮਤਲਬ ਅਸਰ ਗੰਵਾ ਚੁਕੀਆਂ ਹਨ।ਅਕਸਰ ਸੁਣਦੇ ਸੀ ਕਿ ਭੈਣ ਘਰ ਭਾਈ ਕੁੱਤਾ ਅਤੇ ਸਹੁਰੇ ਘਰ ਜਵਾਈ ਕੁੱਤਾ ।
ਜ਼ਦੋ ਕੋਈ ਭਰਾ ਆਪਣੀ ਵਿਆਹੀ ਹੋਈ ਭੈਣ ਦੇ ਘਰੇ ਬਹੁਤਾ ਸਮਾਂ ਰਹਿੰਦਾ ਜਾ ਕਿਸੇ ਕਾਰਣ ਪੱਕਾ ਹੀ ਰੋਜਗਾਰ ਭੈਣ ਘਰੇ ਬਣਾ ਲੈਂਦਾ ਹੈ। ਵੱਧ ਸਮਾਂ ਰਹਿਣ ਕਰਕੇ ਉਸ ਦੀ ਆਪਣੀ ਵੁਕਤ ਖਤਮ ਹੋ ਜਾਂਦੀ ਹੈ। ਕਈ ਵਾਰੀ ਉਸ ਦੇ ਕੰਮਾਂ ਦੀ ਨਿਮੋਸ਼ੀ ਭੈਣ ਨੂੰ ਵੀ ਸਹਿਣੀ ਪੈਂਦੀ ਹੈ। ਭੈਣ ਦੇ ਘਰ ਦਾ ਕੋਈ ਵੀ ਭੇਦ ਭਰਾ ਕੋਲੋ ਲੁਕਿਆ ਨਹੀ ਰਹਿੰਦਾ। ਜ਼ਦੋ ਭਰਾ ਦੀ ਵੀ ਕਦਰ ਘੱਟ ਜਾਂਦੀ ਹੈ ਤਾਂ ਇਸ ਕਹਾਵਤ ਦਾ ਅਰਥ ਸਹੀ ਹੁੰਦਾ ਭਾਸਦਾ ਹੈ। ਇਸ ਤਰਾਂ ਸਹੁਰੇ ਘਰ ਜਵਾਈ ਕੁੱਤਾ ਕਿਹਾ ਜਾਂਦਾ ਹੈ। ਜਵਾਈ ਦਾ ਰਿਸ਼ਤਾ ਬਹੁਤ ਇੱਜਤ ਵਾਲਾ ਹੁੰਦਾ ਹੈ। ਕਈ ਲੋਕ ਜਵਾਈ ਨੂੰ ਜਿਉੰਦਾ ਦੱਸਵਾਂ ਗ੍ਰਹਿ ਕਹਿੰਦੇ ਹਨ। ਜਵਾਈ ਦਾ ਮਾਣ ਤਾਣ ਸਹੁਰੇ ਘਰ ਹੀ ਨਹੀ ਸਗੌ ਪੂਰੇ ਸਹੁਰੇ ਪਿੰਡ ਦੁਆਰਾ ਕੀਤਾ ਜਾਂਦਾ ਹੈ।ਪਰ ਜਦੌ ਉਹੀ ਜਵਾਈ ਸਹੁਰੇ ਘਰ ਆਕੇ ਬਹੁਤਾ ਸਮਾਂ ਰਹਿਣ ਲੱਗ ਜਾਵੇ ਜਾ ਪੱਕਾ ਹੀ ਡੇਰਾ ਜਮਾ ਲਵੇ ਤਾਂ ਉਸ ਦਾ ਉਹ ਇੱਜਤ ਮਾਣ ਨਹੀ ਰਹਿੰਦਾ। ਤੇ ਫਿਰ ਸਹੁਰੇ ਘਰ ਜਵਾਈ ਕੁੱਤਾ ਵਾਲੀ ਕਹਾਵਤ ਸਹੀ ਹੋ ਨਿਬੜਦੀ ਹੈ।
ਪਰ ਸਮੇ ਤੇ ਹਾਲਾਤਾਂ ਦੇ ਬਦਲਣ ਨਾਲ ਇਹ ਕਹਾਵਤ ਆਪਣਾ ਅਸਰ ਗੰਵਾਂ ਚੁੱਕੀ ਹੈ। ਘਰ ਦੀ ਸੁੱਖ ਸਾਂਤੀ ਲਈ ਭੈਣ ਘਰੇ ਭਾਈ ਦਾ ਰਹਿਣਾ ਤੇ ਇੱਜਤ ਦੇਣੀ ਲਾਜਮੀ ਬਣ ਚੁੱਕੀ ਹੈ। ਕਈ ਵਾਰੀ ਔਰਤ ਜਿਸ ਦਾ ਭਰਾ ਬੇਰੁਜਗਾਰ ਹੁੰਦਾ ਹੈ ਜਾ ਕਿਸੇ ਹੋਰ ਕਾਰਣ ਕਰਕੇ ਆਪਣੇ ਭਰਾ ਨੂੰ ਆਪਣੇ ਸਹੁਰੇ ਘਰ ਲੈ ਆਉਂਦੀ ਹੈ। ਅਤੇ ਉਸ ਨੂੰ ਆਪਣੇ ਕਾਰੋਬਾਰ ਵਿੱਚ ਰਲਾ ਲੈਂਦੀ ਹੈ ਜਾ ਨਵਾਂ ਕਾਰੋਬਾਰ ਸੁਰੂ ਕਰਵਾ ਦਿੰਦੀ ਹੈ।ਤੇ ਕਈ ਵਾਰ ਆਪਣੇ ਸ਼ਰੀਕੇ ਕਾਰਣ ਵੀ ਕਿਸੇ ਭਰਾ ਨੂੰ ਭੈਣ ਕੋਲ ਸ਼ਰਨ ਲੈਣੀ ਪੈਂਦੀ ਹੈ। ਯਾਨਿ ਭਰਾ ਨੂੰ ਭੈਣ ਕੋਲੇ ਹੀ ਰਹਿਣਾ ਪੈਂਦਾ ਹੈ । ਅਤੇ ਕਈ ਵਾਰੀ ਭਰਾ ਨੂੰ ਆਪਣੇ ਕੋਲ ਰੱਖਣਾ ਭੈਣ ਦੀ ਮਜਬੂਰੀ ਹੁੰਦੀ ਹੈ। ਮੈਨੂੰ ਯਾਦ ਹੈ ਸਾਡੇ ਪਿੰਡ ਇਕ ਅੋਰਤ ਦਾ ਪਤੀ ਵਿਆਹ ਤੌ ਕੁਝ ਕੁ ਸਾਲਾਂ ਬਾਦ ਹੀ ਮਰ ਗਿਆ । ਉਸ ਅੋਰਤ ਦੇ ਛੋਟੇ ਛੋਟੇ ਤਿੰਨ ਜੁਆਕ ਸਨ।ਪਰ ਉਸ ਅੋਰਤ ਦੇ ਜੇਠਾਂ ਦੇਵਰਾਂ ਨੇ ਉਸ ਦੇ ਹਿੱਸੇ ਆਲੀ ਜਮੀਨ ਤੇ ਅੱਖ ਰੱਖ ਲਈ। ਫਿਰ ਉਹ ਅੋਰਤ ਆਪਣੇ ਭਰਾ ਨੂੰ ਜਮੀਨ ਦੀ ਸੰਭਾਲ ਲਈ ਆਪਣੇ ਕੋਲ ਲੈ ਆਈ। ਉਸ ਆਦਮੀ ਨੇ ਕਈ ਸਾਲ ਆਪਣੀ ਭੈਣ ਕੋਲੇ ਰਹਿਕੇ ਆਪਣੀ ਭੈਣ ਦੀ ਕਬੀਲਦਾਰੀ ਤੋਰੀ।ਸਭ ਤੋ ਵੱਡੀ ਗੱਲ ਉਸ ਆਦਮੀ ਨੇ ਆਪਣਾ ਵਿਆਹ ਵੀ ਨਹੀ ਕਰਵਾਇਆ। ਆਪਣੀ ਸਾਰੀ ਜਿੰਦਗੀ ਭੈਣ ਅਤੇ ਭਾਣਜੇ ਭਾਣਜੀਆਂ ਦੇ ਪਾਲਣ ਪੋਸ਼ਣ ਤੇ ਲਾ ਦਿੱਤੀ। ਅਜਿਹੇ ਨਿਸਵਾਰਥ ਭਰਾ ਨੂੰ ਜ਼ੋ ਭੈਣ ਘਰੇ ਰਹਿੰਦਾ ਹੋਵੇ ਕੁੱਤਾ ਨਹੀ ਆਖਿਆ ਜਾ ਸਕਦਾ।
ਅੱਜਕੱਲ ਛੋਟੇ ਪਰਿਵਾਰ ਅਤੇ ਮੁੰਡਾ ਕੁੜੀ ਦੇ ਭੇਦ ਖਤਮ ਹੋਣ ਅਤੇ ਕੰਨਿਆ ਭਰੂਣ ਹੱਤਿਆ ਦੇ ਰੁਕਣ ਤੌ ਬਾਦ ਬਹੁਤੇ ਪਰਿਵਾਰਾਂ ਦੇ ਇeੱਕ ਜਾ ਦੋ ਕੁੜੀਆਂ ਹੀ ਹੁੰਦੀਆਂ ਹਨ ਤੇ ਮੁੰਡਾ ਨਹੀ ਹੁੰਦਾ । ਅਜਿਹੇ ਲੜਕੀਆਂ ਵਾਲੇ ਬਜੁਰਗ ਜ਼ੋੜੇ ਦੀ ਸੇਵਾ ਦਾ ਜਿੰਮਾ ਧੀ ਜਵਾਈ ਦੇ ਸਿਰ ਹੁੰਦਾ ਹੈ। ਤੇ ਜੇ ਕੋਈ ਜਵਾਈ ਆਪਣੇ ਸਹੁਰੇ ਘਰ ਰਹਿ ਕੇ ਆਪਣੇ ਸੱਸ ਸਹੁਰੇ ਦੀ ਸੇਵਾ ਕਰਦਾ ਹੈ । ਇਕ ਧੀ ਆਪਣੇ ਪਤੀ ਨਾਲ ਰਹਿਕੇ ਆਪਣੇ ਮਾਂ ਪਿਉ ਦੀ ਸੰਭਾਲ ਕਰਦੀ ਹੈ ਤਾਂ ਇਸ ਨੂੰ ਵੀ ਗਲਤ ਨਹੀ ਕਿਹਾ ਜਾ ਸਕਦਾ। ਪਹਿਲਾ ਪੁੱਤਰਹੀਣ ਮਾਂ ਪਿਉ ਨੂੰ ਆਪਣੀ ਸੇਵਾ ਸੰਭਾਲ ਲਈ ਆਪਣੇ ਸ਼ਰੀਕੇ ਤੇ ਨਿਰਭਰ ਰਹਿਣਾ ਪੈਂਦਾ ਸੀ। ਜ਼ੋ ਜਮੀਨ ਜਾਇਦਾਦ ਦੇ ਲਾਲਚ ਵਿੱਚ ਨਿਸੰਤਾਨ ਬਜੁਰਗਾਂ ਦਾ ਜੀਣਾ ਦੁਭੱਰ ਕਰ ਦਿੰਦੇ ਸਨ।ਤੇ ਜੇ ਕੋਈ ਨੋਜਵਾਨ ਆਪਣੇ ਸਹੁਰੇ ਘਰ ਰਹਿਕੇ ਬਜੁਰਗ ਸੱਸ ਸਹੁਰੇ ਦੇ ਬੁਢਾਪੇ ਦੀ ਡੰਗੋਰੀ ਬਣਦਾ ਹੈ ਉਸ ਨੂੰ ਕੁੱਤਾ ਨਹੀ ਪੁੱਤਾਂ ਤੋ ਵੀ ਵੱਧ ਕਿਹਾ ਜਾਣਾ ਚਾਹੀਦਾ ਹੈ।
ਭੈਣ ਘਰੇ ਭਾਈ ਦਾ ਨੋਕਰੀ ਕਰਕੇ ਜਾ ਵਿਉਪਾਰ ਦਾ ਹਿੱਸੇਦਾਰ ਬਣਕੇ ਰਹਿਣਾ ਵੀ ਇੰਨਾ ਹੀ ਵਾਜਿਬ ਹੈ। ਹਰ ਭੈਣ ਆਪਣੇ ਭਰਾ ਦੀ ਖੁਸ਼ਹਾਲੀ ਦੀ ਕਾਮਣਾ ਕਰਦੀ ਹੈ ਤੇ ਜੇ ਉਹ ਆਪਣੇ ਪਤੀ ਕੋਲ ਸਿਫਾਰਸ਼ ਕਰਕੇ ਉਸਨੂੰ ਆਪਣੇ ਕੋਲ ਹੀ ਸੈਟ ਕਰਵਾ ਲੈਂਦੀ ਹੈ ਤਾਂ ਪਤੀ ਦੇਵ ਦੀ ਗ੍ਰਹਿ ਸ਼ਾਂਤੀ ਲਈ ਚੰਗਾ ਰਹੇਗਾ। ਨਹੀ ਤਾਂ ਘਰ ਵਿੱਚ ਅਖੋਤੀ ਸ਼ਨਿਚਰ ਦਾ ਵਾਸ ਰਹੇਗਾ।
ਇਸ ਲਈ ਹਰ ਵਾਰੀ ਹੀ ਭੈਣ ਘਰੇ ਭਾਈ ਤੇ ਸਹੁਰੇ ਘਰ ਜਵਾਈ ਕੁੱਤਾ ਨਹੀ ਹੁੰਦਾ। ਲਿੰਗ ਅਨੁਪਾਤ ਨੂੰ ਸਹੀ ਕਰਨ ਲਈ ਅਜਿਹੀਆਂ ਧਾਰਨਾਵਾਂ ਨੂੰ ਤੋੜਣਾ ਹੀ ਸਮਾਜ ਦੇ ਹਿੱਤ ਵਿੱਚ ਹੈ। ਅਤੇ ਆਪਣੇ ਲੜਕਿਆਂ ਦਾ ਘਰਬਾਰ ਵਸਾਉਣ ਦੇ ਨਾਲ ਨਾਲ ਲੜਕੀ ਅਤੇ ਜਵਾਈ ਨੂੰ ਸੈਟ ਕਰਨਾ ਵੀ ਮਾਂ ਪਿਉ ਦਾ ਫਰਜ਼ ਹੈ।ਚਾਹੇ ਇਸ ਲਈ ਉਹਨਾ ਨੂੰ ਧੀ ਜਵਾਈ ਨੂੰ ਆਪਣੇ ਕੋਲ ਹੀ ਕਿਉ ਨਾ ਰੱਖਣਾ ਪਵੇ।ਬਹੁਤੇ ਲੋਕ ਧੀ ਜਵਾਈ ਨੂੰ ਆਪਣੇ ਕੋਲ ਹੀ ਸੈਟ ਕਰ ਲੈਂਦੇ ਹਨ। ਇਹੀ ਧੀ ਤੇ ਪੁੱਤਰ ਨੂੰ ਬਰਾਬਰ ਦਾ ਦਰਜਾ ਦੇਣ ਵੱਲ ਅਗਾਂਹ ਵਧੂ ਕਦਮ ਹੁੰਦਾ ਹੈ।