ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਦਾ ਜਨਮ ਦਿਨ ਮਨਾਇਆ
(ਖ਼ਬਰਸਾਰ)
‘ਪੰਜਾਬੀ ਸਾਹਿਤ ਰਤਨ` ਅਤੇ ਡੀ.ਲਿਟ ਦੀ ਉਪਾਧੀ ਨਾਲ ਸਨਮਾਨਿਤ ਪੰਜਾਬ ਦੇ ਉਘੇ ਸਾਹਿਤਕਾਰ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਦਾ 90ਵਾਂ ਜਨਮ ਦਿਨ ਮੁਹੱਲਾ ਸੂਈ ਗਰਾਂ ਵਿਖੇ ਸਥਿਤ ਉਹਨਾਂ ਦੇ ਘਰ ਮਨਾਇਆ ਗਿਆ ਜਿਸ ਵਿਚ ਉਘੇ ਸਾਹਿਤਕਾਰ,ਵਿਦਵਾਨਾਂ,ਚਿੰਤਕਾਂ ਅਤੇ ਕਲਾਕਾਰਾਂ ਆਦਿ ਨੇ ਭਾਗ ਲਿਆ।ਇਸ ਤੋਂ ਪਹਿਲਾਂ ਇਸ ਸ਼ੁਭ ਅਵਸਰ ਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਸ੍ਰੀ ਭੈਣੀ ਸਾਹਿਬ ਤੋਂ ਆਏ ਸੰਤ ਹਰਬੰਸ ਸਿੰਘ ਦੇ ਰਾਗੀ ਜੱਥੇ ਨੇ ਰਸ ਭਿੰਨੇ ਕੀਰਤਨ ਦਾ ਗਾਇਨ ਕੀਤਾ। ਉਪਰੰਤ ਪ੍ਰੋਫੈਸਰ ਕਸੇਲ ਨਾਲ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਮੰਚ ਉਪਰ ਡਾ. ਗੁਰਬਚਨ ਸਿੰਘ ਰਾਹੀ,ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ,ਪ੍ਰੋਫੈਸਰ ਪ੍ਰਿਤਪਾਲ ਸਿੰਘ, ਪ੍ਰਿੰਸੀਪਲ ਕਰਤਾਰ ਸਿੰਘ ਕਾਲੜਾ ਅਤੇ ਨਾਟਕਕਾਰ ਸਤਿੰਦਰ ਸਿੰਘ ਨੰਦਾ ਸੁਸ਼ੋਭਿਤ ਸਨ।
ਸਨਮਾਨ ਕਰਦੇ ਹੋਏ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ`, ਡਾ. ਗੁਰਬਚਨ ਸਿੰਘ ਰਾਹੀ, ਪ੍ਰੋਫੈਸਰ ਪ੍ਰਿਤਪਾਲ ਸਿੰਘ, ਪ੍ਰਿਤਪਾਲ ਸਿੰਘ ਕਾਲੜਾ, ਨਾਟਕਕਾਰ ਸਤਿੰਦਰ ਸਿੰਘ ਨੰਦਾ,ਦਵਿੰਦਰ ਪਟਿਆਲਵੀ ਆਦਿ।
ਨਾਟਕਕਾਰ ਨੰਦਾ ਨੇ ਸੰਚਾਲਨ ਦਾ ਕਾਰਜ ਸੰਭਾਲਦਿਆਂ ਵੱਖ ਵੱਖ ਵਿਦਵਾਨਾਂ ਨੂੰ ਕਸੇਲ ਸਾਹਿਬ ਦੇ ਜੀਵਨ ਅਤੇ ਬਹੁਪੱਖੀ ਕਾਰਜਾਂ ਬਾਰੇ ਚਰਚਾ ਕਰਨ ਦਾ ਸੱਦਾ ਦਿੱਤਾ। ਪ੍ਰੋ. ਕਸੇਲ ਨੇ ਕਿਹਾ ਕਿ ਉਹਨਾਂ ਨੂੰ ਹਮੇਸ਼ਾ ਸਮੂਹ ਭਾਈਚਾਰਿਆਂ ਵੱਲੋਂ ਬਹੁਤ ਆਦਰ ਸਤਿਕਾਰ ਪ੍ਰਾਪਤ ਹੋਇਆ ਹੈ ਅਤੇ ਉਹਨਾਂ ਨੂੰ ਆਪਣੀ ਮਾਤ ਭਾਸ਼ਾ ਵਿਚ ਹੋਰ ਵੀ ਉਤਸ਼ਾਹ ਨਾਲ ਕੰਮ ਕਰਨ ਦਾ ਬਲ ਮਿਲਿਆ ਹੈ। ਡਾ. ਦਰਸ਼ਨ ਸਿੰਘ ‘ਆਸ਼ਟ` ਨੇ ਪ੍ਰੋ. ਕਸੇਲ ਨੂੰ ਸ਼ੁੱਭ ਕਾਮਨਾਵਾਂ ਭੇਂਟ ਕਰਦਿਆਂ ਕਿਹਾ ਕਿ ਪ੍ਰੋਫੈਸਰ ਕਸੇਲ ਦੇ ਜ਼ਿਕਰ ਤੋਂ ਬਿਨਾਂ ਪੰਜਾਬੀ ਸਾਹਿਤ ਦਾ ਇਤਿਹਾਸ ਹਮੇਸ਼ਾ ਅਧੂਰਾ ਰਹੇਗਾ ਜਿਨ੍ਹਾਂ ਨੇ ਆਪਣੀ ਅੰਤਰ ਦ੍ਰਿਸ਼ਟੀ ਨਾਲ ਮਿਸਾਲੀ ਸਾਹਿਤਕ ਅਤੇ ਅਧਿਆਪਨ ਕਾਰਜ ਸੰਪੰਨ ਕੀਤੇ ਹਨ। ਡਾ. ਗੁਰਬਚਨ ਸਿੰਘ ਰਾਹੀ ਨੇ ਪ੍ਰੋ. ਕਸੇਲ ਨਾਲ ਆਪਣੀਆਂ 60 ਸਾਲ ਪੁਰਾਣੀਆਂ ਵਿਦਿਅਕ ਅਤੇ ਸਾਹਿਤਕ ਯਾਦਾਂ ਸਾਂਝੀਆਂ ਕੀਤੀਆਂ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਰਾਜਵੰਤ ਕੌਰ ਪੰਜਾਬੀ ਨੇ ਪੱਛਮੀ ਵਿਦਵਾਨਾਂ ਦੀਆਂ ਲਿਖਤਾਂ ਦੇ ਹਵਾਲਿਆਂ ਨਾਲ ਕਿਹਾ ਕਿ ਪ੍ਰੋ. ਕਸੇਲ ਦਾ ਸਾਹਿਤ ਦਾ ਮਹੱਤਵ ਵਿਸ਼ਵ ਦੇ ਵੱਡੇ ਸਾਹਿਤਕਾਰਾਂ ਦੀਆਂ ਲਿਖਤਾਂ ਨਾਲੋਂ ਘੱਟ ਨਹੀਂ ਹੈ। ਹਰਿਆਣਾ ਤੋਂ ਪੁੱਜੇ ਉਘੇ ਸਾਹਿਤਕਾਰ ਅਤੇ ਇਤਿਹਾਸਕਾਰ ਸ. ਸੁਵਰਨ ਸਿੰਘ ਵਿਰਕ ਨੇ ਕਿਹਾ ਕਿ ਪ੍ਰੋ. ਕਸੇਲ ਦਾ ਪਰਿਵਾਰਕ ਪਿਛੋਕੜ ਗਦਰੀ ਬਾਬਿਆਂ ਅਤੇ ਦੇਸ਼ ਭਗਤਾਂ ਦੇ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਜੋ ਸਮੂਹ ਪੰਜਾਬੀ ਭਾਈਚਾਰੇ ਲਈ ਫਖ਼ਰ ਵਾਲੀ ਗੱਲ ਹੈ। ਪ੍ਰੋ. ਕੁਲਵੰਤ ਸਿੰਘ ਗਰੇਵਾਲ ਨੇ ਪ੍ਰੋ. ਕਸੇਲ ਦੀ ਘਾਲਣਾ ਉਪਰ ਚਾਨਣਾ ਪਾਇਆ। ਸ੍ਰੀ ਤੇਜਿੰਦਰਪਾਲ ਸਿੰਘ ਸੰਧੂ ਦੀ ਧਾਰਣਾ ਸੀ ਕਿ ਪ੍ਰੋ. ਕਸੇਲ ਇਕ ਸੰਸਥਾ ਸਮਾਨ ਹਨ।ਭੈਣੀ ਸਾਹਿਬ ਤੋਂ ਪੁੱਜੇ ਸੰਤ ਹਰਪਾਲ ਸਿੰਘ ਸੇਵਕ ਨੇ ਪ੍ਰੋ. ਕਸੇਲ ਪ੍ਰਤੀ ਭਵਿੱਖ ਵਿਚ ਹਰ ਮਦਦ ਕਰਨ ਦਾ ਭਰੋਸਾ ਦਿਵਾਇਆ। ਸਾਬਕਾ ਪ੍ਰਿੰਸੀਪਲ ਕਿਰਪਾਲ ਸਿੰਘ ਨੇ ਕਿਹਾ ਕਿ ਪ੍ਰੋ. ਕਸੇਲ ਦੀ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਨੂੰ ਉਲੰਘਣਾ ਮੁਮਕਿਨ ਨਹੀਂ ਹੈ।ਪ੍ਰਿੰਸੀਪਲ ਕਰਤਾਰ ਸਿੰਘ ਕਾਲੜਾ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਬਚਪਨ ਦੀ ਤੰਗੀ ਤੁਰਸ਼ੀ ਵਿਚੋਂ ਬਾਹਰ ਕੱਢਣ ਲਈ ਪ੍ਰੋ. ਕਸੇਲ ਦੇ ਰਚੀਆਂ ਪੁਸਤਕਾਂ ਦਾ ਅਧਿਐਨ ਰੁਜ਼ਗਾਰ ਪ੍ਰਾਪਤੀ ਲਈ ਵੱਡਾ ਸਹਾਰਾ ਬਣਿਆ ਜਦੋਂ ਕਿ ਡਾ. ਕੁਲਦੀਪ ਸਿੰਘ ਧੀਰ ਨੇ ਕਿਹਾ ਕਿ ਪ੍ਰੋ. ਕਸੇਲ ਇਕ ਅਜਿਹੀ ਸ਼ਖ਼ਸੀਅਤ ਹੈ ਜੋ ਦੂਜਿਆਂ ਲਈ ਪ੍ਰੇਰਣਾ ਦਾ ਸਬੱਬ ਬਣਦੀ ਹੈ।ਪ੍ਰੋਫੈਸਰ ਪ੍ਰਕਾਸ਼ ਸਿੰਘ ਨੇ ਪ੍ਰੋ. ਕਸੇਲ ਨੂੰ ਇਕ ਯੁੱਗ ਪੁਰਸ਼ ਨਾਲ ਤੁਲਨਾ ਦਿੱਤੇ।ਪ੍ਰੋ. ਗੁਰਮੁਖ ਸਿੰਘ ਸਹਿਗਲ ਨੇ ਉਹਨਾਂ ਨੂੰ ਇਕ ਮਿਕਨਾਤੀਸੀ ਸ਼ਖ਼ਸੀਅਤ ਆਖਿਆ। ਲੰਮਾ ਅਰਸਾ ਪ੍ਰੋ. ਕਸੇਲ ਦੇ ਨਿਕਟਵਰਤੀ ਰਹੇ ਸਤਿੰਦਰ ਸਿੰਘ ਨੰਦਾ ਆਪਣੀ ਤਹਿਰੀਰ ਵਿਚ ਭਾਵੁਕ ਵੀ ਹੋ ਗਏ।ਇਸ ਦੌਰਾਨ ਪ੍ਰੋ. ਕਸੇਲ ਦੀ ਸਪੁੱਤਰੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਡੀਨ ਡਾ. ਨਵਜੋਤ ਕੌਰ ਕਸੇਲ, ਪ੍ਰੋ. ਕਵਲਜੀਤ ਕੌਰ, ਸਪੁੱਤਰ ਸਾਬਕਾ ਪ੍ਰਿੰਸੀਪਲ ਰਿਪੁਦਮਨ ਸਿੰਘ ਢਿੱਲੋਂ,ਹਿਰਦੇਜੀਤ ਸਿਘ, ਤ੍ਰਿਲੋਕ ਸਿੰਘ ਢਿੱਲੋਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਪ੍ਰਗਟਾਈਆਂ।ਲਾਲ ਚੰਦ ਯਮਲਾ ਜੱਟ ਦੇ ਪੋਤਰੇ ਵਿਜੈ ਯਮਲਾ ਅਤੇ ਬਲਬੀਰ ਸਿੰਘ ਦਿਲਦਾਰ ਨੇ ਗੀਤ ਵੀ ਪ੍ਰਸਤੁੱਤ ਕੀਤੇ। ਇਸ ਦੌਰਾਨ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਪ੍ਰੋ. ਕਸੇਲ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮਾਗਮ ਵਿਚ ਡਾ. ਭੀਮਇੰਦਰ ਸਿੰਘ, ਪ੍ਰੋਫੈਸਰ ਮਹਿੰਦਰ ਸਿੰਘ, ਡਾ. ਜਗਮੇਲ ਸਿੰਘ ਭਾਠੂਆਂ, ਐਡਵੋਕੇਟ ਸੁਰਿੰਦਰ ਸਿੰਘ ਕੋਹਲੀ, ਸਾਬਕਾ ਲਾਇਬ੍ਰੇਰੀਅਨ ਸੁਖਦੇਵ ਸਿੰਘ ਸੇਖੋਂ, ਓਂਕਾਰ ਸਿੰਘ, ਬੂਆ ਸਿੰਘ ਸੇਖੋਂ, ਅਮਰੀਕ ਕੌਰ, ਸਰਦਾਰਾ ਸਿੰਘ ਸੇਖੋਂ, ਸੁਬੇਗ ਸਿੰਘ, ਨਾਟਕਕਾਰ ਆਰ.ਪੀ.ਗੁਲਾਟੀ, ਦਵਿੰਦਰ ਪਟਿਆਲਵੀ, ਰਘਬੀਰ ਸਿੰਘ ਮਹਿਮੀ,ਸਜਨੀ, ਕਰਨ ਪਰਵਾਜ਼,ਕਹਾਣੀਕਾਰ ਬਾਬੂ ਸਿੰਘ ਰੈਹਲ,ਮਾਸਟਰ ਰਾਜ ਸਿੰਘ ਬਧੌਛੀ,ਮਿਲਾਪ ਚੰਦ ਆਦਿ ਤੋਂ ਇਲਾਵਾ ਰਿਸ਼ਤੇਦਾਰ ਅਤੇ ਮੁਹੱਲਾ ਵਾਸੀ ਸ਼ਾਮਿਲ ਸਨ।ਅੰਤ ਵਿਚ ਪ੍ਰਿੰਸੀਪਲ ਕਰਤਾਰ ਸਿੰਘ ਕਾਲੜਾ ਰਚਿਤ ਕਾਵਿ ਸੰਗ੍ਰਹਿ ‘ਚਾਨਣ ਦੀ ਕਾਵਿ ਸਰਸਵਤੀ` ਦਾ ਲੋਕ ਅਰਪਣ ਵੀ ਕੀਤਾ ਗਿਆ।ਅੰਤ ਵਿਚ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ।
ਦਵਿੰਦਰ ਪਟਿਆਲਵੀ