ਧਰਮਪੁਰੇ ਦੀ ਗ਼ਸ਼ਤੀ (ਕਹਾਣੀ)

ਮਨਮੋਹਣ ਕੌਰ   

Email: manbeant@gmail.com
Cell: +91 98149 68849
Address: ਮਕਾਨ ਨੰ: 586_ਈ, ਅਜ਼ਾਦ ਨਗਰ ਅੋਪੋਜ਼ਿਟ ਬਿਗ ਬਜ਼ਾਰ ਸਰਹਿੰਦ ਰੋਡ
ਪਟਿਆਲਾ India
ਮਨਮੋਹਣ ਕੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਸ਼ਮੀਰਾ ਸ਼ਾਹ ਸੀ ਉਸਦਾ ਨਾਮ .. ਨਾਮ ਤੋਂ ਉਹ ਮੁਸਲਿਮ ਲਗ਼ਦੀ ਸੀ, ਪਰ ਵਿਵਹਾਰ ਤੋਂ ਉਹ ਹਿੰਦੂ ਸੀ, ਕਿਉਂਕਿ ਉਹ ਇਕ ਹਿੰਦੂ ਪਰਿਵਾਰ ਵਿਚ ਵਿਆਹੀ ਗ਼ਈ ਸੀ ਪਰ ਜਨਮ ਤੋਂ ਉਹ ਇਕ ਸਹਿਜਧਾਰੀ ਸਿਖ ਪਰਿਵਾਰ ਨਾਲ ਸਬੰਧਤ ਸੀ। ਕੁਆਰੇ ਹੁੰਦਿਆਂ ਉਸਦਾ ਨਾਮ ਕਸ਼ਮੀਰ ਕੌਰ ਸੀ ਪਰ ਹੁਣ ਉਹ ਸਿਰਫ਼ ਕਸ਼ਮੀਰਾ ਸ਼ਾਹ ਸੀ।
ਕਸ਼ਮੀਰਾ ਦੇ ਚਿਹਰੇ ਦਾ ਰੰਗ਼ ਗ਼ੰਦਮੀ, ਮੋਟੇ ਮੋਟੇ ਨੈਣ ਨਕਸ਼, ਮੋਢਿਆਂ ਤਕ ਬਰਾਬਰ ਕਟੇ ਹੋਏ ਵਾਲ, ਛਾਤੀਆਂ ਲੋੜ ਨਾਲੋਂ ਜ਼ਿਆਦਾ ਭਾਰੀਆਂ, ਪਿਛੋਂ ਹਿਪਸ ਚੌੜੇ ਅਤੇ ਭਾਰੇ ਸਨ। ਉਹ ਹਮੇਸ਼ਾ ਵਖ ਵਖ ਹਲਕੇ ਰੰਗ਼ਾਂ ’ਚ ਕਸ਼ਮੀਰੀ ਕੁੜਤਾ ਅਤੇ ਪਜਾਮੀ ਪਹਿਨਦੀ ਸੀ। ਉਸਨੇ ਦੋਵੇਂ ਹਥਾਂ ਦੀਆਂ ਸਾਰੀਆਂ ਉਂਗ਼ਲਾਂ ’ਚ ਰਤਨ ਮੋਤੀ ਜੜੀਆਂ ਪਤਲੀਆਂ ਮੁੰਦਰੀਆਂ ਪਾਈਆਂ ਹੋਈਆਂ ਸਨ। ਆਵਾਜ਼ ਉਸਦੀ ਪਤਲੀ ਸੁਰੀਲੀ ਸੀ। ਉਹ ਜ਼ਿਆਦਾ ਉਰਦੂ ਵਿਚ ਰੋਮਾਂਟਿਕ ਉਦਾਸ ਗ਼ਜ਼ਲਾ ਲਿਖਦੀ ਅਤੇ ਗ਼ਾਉਂਦੀ ਸੀ। ਉਸਨੇ ਖੁਦ ਆਪਣੀਆਂ ਗ਼ਜ਼ਲਾਂ ਦੀ ਐਲਬਮ ਬਣਾਉਣ ਲਈ ਸੋਚਿਆ ਸੀ।
ਕਸ਼ਮੀਰਾ ਨੂੰ ਦੇਖ ਇਕਦਮ ਇਹ ਪ੍ਰਭਾਵ ਲਿਆ ਜਾ ਸਕਦਾ ਹੈ ਕਿ ਉਹ ਇਕ ਸਭਿਅਕ ਅਮੀਰ ਘਰਾਣੇ ਨਾਲ ਸਬੰਧਤ ਹੈ ਭਾਵੇਂ ਉਹ ਪੜ੍ਹੀ ਲਿਖੀ ਘਟ ਹੀ ਸੀ ਪਰ ਵਕਤ ਦੀਆਂ ਠੋਕਰਾਂ ਨੇ ਉਸ ਵਿਚ ਕਿਸੇ ਬੈਰਿਸਰ ਵਾਂਗ਼ੂੰ ਬੋਲਣ ਦੀ ਤਾਕਤ ਪੈਦਾ ਦਰ ਦਿਤੀ ਸੀ। ਉਹ ਵਡੇ ਵਡੇ ਸ਼ਹਿਰਾਂ ’ਚ ਹੋ ਰਹੇ ਧਾਰਮਿਕ, ਸਮਾਜਿਕ, ਰਾਜਨੀਤਿਕ ਇਕਠਾ ’ਚ ਹਿਸਾ ਲੈਂਦੀ ਸੀ। ਰਾਜਨੀਤਕ, ਧਾਰਮਿਕ ਨੇਤਾਵਾਂ ਨਾਲ ਨਿਤ ਦਿਹਾੜੇ ਪਹਿਲੇ ਪੰਨੇ ਤੇ ਉਸ ਦੀਆਂ ਫੋਟੋਆਂ ਜ਼ਰੂਰ ਲਗ਼ੀਆਂ ਹੁੰਦੀਆਂ ਸੀ।
ਮੈਨੂੰ ਉਹ ਪਹਿਲੀ ਵਾਰ ਮੁਸ਼ਾਇਰੇ ’ਚ ਮਿਲੀ ਸੀ। ਪਹਿਲੀ ਮਿਲਣੀ ’ਚ ਉਸਨੇ ਐਨੀ ਅਪਣਤ ਅਤੇ ਮਿਠਾਸ ਘੋਲ ਦਿਤੀ ਸੀ ਕਿ ਸ਼ਾਇਦ ਆਪਣੇ ਖੂਨ ਦੇ ਰਿਸ਼ਤੇ ਵਾਲੇ ਵੀ ਇੰਨਾ ਪਿਆਰ ਨਾ ਦੇ ਸਕਣ। ਪਹਿਲੇ ਦਿਨ ਹੀ ਉਹ ਇੰਨੀ ਘੁਲ ਮਿਲ ਗ਼ਈ ਜਿਵੇਂ ਚਿਰਾਂ ਤੋਂ ਜਾਣਦੀ ਹੋਵੇ। ਸਾਡਾ ਘਰ ਨਜ਼ਦੀਕ ਸੀ, ਵਾਪਸੀ ਉਹ ਮੇਰੇ ਕਦਮ ਨਾਲ ਕਦਮ ਮਿਲਾਉਂਦੀ ਆਈ ਸੀ।
ਆਓ! ਘਰ ਚਾਹ ਦਾ ਕਪ ਪੀਂਦਿਆਂ ਗ਼ਲਬਾਤ ਕਰਦੇ ਹਾਂ ਗ਼ਰਮਜੋਸ਼ੀ ਨਾਲ ਮੈਂ ਸਦਾ ਦਿਤਾ। ਚਾਹ ਪੀਂਦੇ ਹੋਏ ਉਸਨੇ ਆਪਣੇ ਜੀਵਨ ਬਾਰੇ ਕੁਝ ਕੁਝ ਦਸਿਆ ਤੇ ਫਿਰ ਮਾੜੇ ਸਮੇਂ ਨੂੰ ਯਾਦ ਕਰਕੇ ਡਸਕੋਰੇ ਭਰ ਕੇ ਰੋਣ ਲਗ਼ ਪਈ ਸੀ। ਉਹ ਬੋਲ ਰਹੀ ਸੀ:-
‘‘ਕੀਰਤ! ਬਸ ਮੈਂ ਇਕ ਜੀਉਂਦੀ ਲਾਸ਼ ਹਾਂ.. ਮੇਰਾ ਜੀਵਨ ਕੰਡਿਆਂ ਦੀ ਨੋਕ ਤੇ ਰਿਹਾ ਹੈ। ਮਰਦ ਦੀ ਬੇਵਫ਼ਾਈ ਦਾ ਪਿਆਲਾ ਮੈਂ ਸਾਰੀ ਉਮਰ ਪੀਤਾ ਹੈ, ਬਸ ਦੁਖਾਂ ਦੀ ਹੀ ਸੇਜ ਹੰਢਾਈ ਹੈ। ਉਸਨੇ ਦਸਿਆ ਕਿ ਮਾਂ ਦੀਆਂ ਦਹਿਲੀਜ਼ਾਂ ਤੋਂ ਇਕ ਵਾਰ ਐਸਾ ਪੈਰ ਥਿੜਕਿਆ.. ਫੇਰ ਵਾਪਿਸ ਨਹੀਂ ਆਇਆ.. ਕਚੀ ਉਮਰ ’ਚ ਦਾਗ਼ ਲਗ਼ ਗ਼ਿਆ। ਪਿਆਰ ਦਾ ਲਾਰਾ ਦੇ ਮੁੜ ਉਹ ਨੌਜੁਆਨ ਨਾ ਬਹੁੜਿਆ.. ਛੋਟੀ ਉਮਰੇ ਪਿਆਰ ਦੀ ਸਜ਼ਾ ਨੰਨ੍ਹੀ ਬਚੀ ਦੇ ਰੂਪ ਵਿਚ ਮਿਲੀ ਸੀ.. ਜਿਸਨੂੰ ਪਿਆਰ ਦੀ ਨਿਸ਼ਾਨੀ ਸਮਝ ਜ਼ਿੰਦਗ਼ੀ ਦੇ ਥਪੇੜੇ ਸਹਿੰਦੀ ਉਹ ਅਗ਼ੇ ਤੁਰੀ ਆਈ ਸੀ। ਉਸਦੇ ਦੂਜੇ ਪਤੀ ਸੁਨੀਲ ਨੇ ਇਸ ਬਚੀ ਨੂੰ ਆਪਣਾ ਨਾਮ ਦਿਤਾ ਸੀ।’’
ਇਸ ਤੋਂ ਬਾਅਦ ਸਾਡੀਆਂ ਕਈ ਮੁਲਾਕਤਾਂ ਹੋਈਆਂ, ਫੇਰ ਕਈ ਸਮਾਗ਼ਮਾਂ ’ਚ ਮਿਲੇ, ਇਕ ਗ਼ੂਹੜੀ ਸਹੇਲੀ ਵਾਂਗ਼ੂੰ.. ਮੈਂ ਕਸ਼ਮੀਰਾ ਬਾਰੇ ਇਕ ਗ਼ਲ ਨੋਟ ਕੀਤੀ, ਜਿਥੇ ਕਿਥੇ ਕਸ਼ਮੀਰਾਂ ਨੂੰ ਮਰਦਾ ’ਚ ਬੈਠਣ ਦਾ ਮੌਕਾ ਮਿਲਦਾ ਉਥੇ ਉਹ ਦੁਖਾਂ ਦਾ ਪਿਟਾਰਾ ਖੋਲ੍ਹ ਕੇ ਬੈਠ ਜਾਂਦੀ ਅਤੇ ਬੁਸ ਬੁਸ ਕਰਕੇ ਰੋਣ ਲਗ਼ ਜਾਂਦੀ। ਪਰ ਮੈਨੂੰ ਉਸਦੀ ਇਹ ਗ਼ਲ ਨਾ ਭਾਉਂਦੀ.. ਪਰਾਏੇ ਮਰਦਾਂ ਅਗ਼ੇ ਘਰ ਦਾ ਪਰਦਾ ਫ਼ਾਸ਼ ਕਰਨਾ ਸ਼ਾਇਦ ਔਰਤ ਦੀ ਸਭ ਤੋਂ ਵਡੀ ਨਾਦਾਨੀ ਅਤੇ ਬੇਵਕੂਫ਼ੀ ਹੈ।
ਮੇਰੀ ਸੋਚ ਮੁਤਾਬਿਕ ਮਰਦ ਹਮੇਸ਼ਾ ਔਰਤ ਦਾ ਕਮਜ਼ੋਰ ਦਰਵਾਜ਼ਾ ਭਾਲਦੇ ਹਨ, ਜਿਥੇ ਔਰਤ ਹੰਝੂਆਂ ਦਾ ਹਥਿਆਰ ਵਰਤ ਕੇ ਮਰਦ ਨੂੰ ਕਾਬੂ ਕਰਨ ਦੀ ਸੋਚਦੀ ਹੈ, ਉਥੇ ਉਹ ਆਪਣੇ ਵਿਛਾਏ ਜਾਲ ਵਿਚ ਹੀ ਖੁਦ ਫ਼ਸ ਜਾਂਦੀ ਹੈ। ਮਰਦ ਉਸ ਦੀ ਕਮਜ਼ੋਰੀ ਦੇਖ ਛੋਟੇ ਛੋਟੇ ਤੋਹਫਿਆਂ ਨਾਲ ਤੇ ਫਿਰ ਉਸਨੂੰ ਪੂਰੇ ਦਾ ਪੂਰਾ ਖਰੀਦਣ ਦੀ ਕੋਸ਼ਿਸ਼ ਕਰਦਾ ਹੈ। 
ਮੈਂ ਕਸ਼ਮੀਰਾ ਨੂੰ ਕਿਹਾ ਸੀ ਜੇ ਸੁਨੀਲ ਨੇ ਤੈਨੂੰ ਭਰਪੂਰ ਪਿਆਰ ਦਿਤਾ ਹੈ ਤੇ ਬਚੀ ਨੂੰ ਵੀ ਅਪਣਾ ਲਿਆ ਹੈ, ਹੁਣ ਤੁਸੀਂ ਇਕ ਹੋਰ ਬਚੇ ਦੀ ਮਾਂ ਵੀ ਹੋ.. ਬਚੇ ਵੀ ਹੁਣ ਜਵਾਨ ਹਨ.. ਇੰਨੇ ਸਮੇਂ ਪਹਿਲਾਂ ਦੀ ਜ਼ਿੰਦਗ਼ੀ ਨੂੰ ਕਿਉਂ ਯਾਦ ਕੀਤਾ ਜਾਵੇ ਜਦੋਂ ਕਿ ਹੁਣ ਤੁਸੀਂ ਰੁਤਬੇ ਵਾਲਾ ਸੁਖੀ  ਭਰਪੂਰ ਜੀਵਨ ਜੀਅ ਰਹੇ ਹੋ.. ਹੁਣ ਰੋਣਾ ਵਿਰਲਾਪ ਕਿਸ ਲਈ?
ਕੀਰਤ ਤੁਸੀਂ ਠੀਕ ਕਹਿ ਰਹੇ ਹੋ ਪਰ ਮੈਨੂੰ ਉਹ ਪਲ ਭੁਲਾਏ ਨਹੀਂ ਭੁਲਦੇ.. ਪਹਿਲਾ ਪਿਆਰ.. ਪਿਆਰ ਹੁੰਦਾ ਹੈ.. ਫਿਰ ਤਾਂ ਜ਼ਿੰਦਗ਼ੀ ਜੀਉਦ ਲਈ ਸਮਝੌਤਾ ਹੀ ਹੈ.. ਉਸਨੇ ਇਕ ਡੂੰਘਾ ਸਾਹ ਭਰ ਕੇ ਜਵਾਬ ਦਿਤਾ..।
ਕਸ਼ਮੀਰਾ ਮੈਨੂੰ ਆਪਣੇ ਬਹੁਤ ਹੀ ਨਜ਼ਦੀਕ ਸਮਝਣ ਲਗ਼ ਗ਼ਈ ਸੀ.. ਮੈਨੂੰ ਉਸਨੇ ਕਈ ਵਾਰੀ ਘਰ ਬੁਲਾਇਆ ਸੀ ਪਰ ਵਿਆਹੁਤਾ ਜਾਂ ਆਲਸ ਕਾਰਨ ਮੇਰੇ ਤੋਂ ਜਾਣ ਹੀ ਨਹੀਂ ਹੋਇਆ ਸੀ। ਤੇ ਫਿਰ ਉਸਨੇ ਮੈਨੂੰ ਫੋਨ ਕੀਤਾ ਕਿ ਕੀਰਤ ਤੁਸੀਂ ਮੇਰੇ ਘਰ ਆਉਣਾ ਕਲ ਮੇਰੇ ਬੇਟੇ ਵਿਕਾਸ ਦਾ ਜਨਮ ਦਿਨ ਹੈ, ਇਸ ਵਾਰ ਮੈਂ ਉਸਦਾ ਜਨਮ ਦਿਨ ਕਲਬ ’ਚ ਨਹੀਂ ਘਰ ਮਨਾਉਣਾ ਚਾਹੁੰਦੀ ਹਾਂ। ਅਸੀਂ ਇਸ ਵਾਰ ਘਰ ਸੁਖਮਨੀ ਸਾਹਿਬ ਦਾ ਪਾਠ ਅਤੇ ਕੀਰਤਨ ਕਰਾਂਗ਼ੇ। ਇਸ ਤਰ੍ਹਾਂ ਮੇਰੇ ਬਚੀ ਦੀ ਬੜੀ ਦੇਰ ਤੋਂ ਸੁਖੀ ਹੋਈ ਮੰਨਤ ਵੀ ਪੂਰੀ ਹੋ ਜਾਵੇਗ਼ੀ ਅਤੇ ਜਨਮ ਦਿਨ ਦੀ ਖੁਸ਼ੀ ਵੀ ਮਨਾਈ ਜਾਵੇਗ਼ੀ।
ਅਸੀਂ ਨਿਸਚਿਤ ਸਮੇਂ ਪਾਠ ਕੀਤਾ, ਕਸ਼ਮੀਰਾ ਦਾ ਮਕਾਨ ਡਬਲ ਸਟੋਰੀ ਸੀ। ਉਪਰ ਰਿਹਾਇਸ਼ ਅਤੇ ਨੀਚੇ ਉਸਦੇ ਬੇਟੀ, ਬੇਟੇ ਨੇ ਮਸਾਜ ਘਰ ਅਤੇ ਪਾਰਲਰ ਖੋਲ੍ਹੇ ਹੋਏ ਸਨ। ਕਸ਼ਮੀਰਾ ਨੇ ਖੁਲ੍ਹੀ ਛਤ ਤੇ ਦਰੀ ਵਿਛਾਈ ਹੋਈ ਸੀ, ਜਿਥੇ ਬੈਠ ਕੇ ਅਸੀਂ ਪਾਠ ਕੀਤਾ, ਮੈਨੂੰ ਹੈਰਾਨੀ ਹੋਈ ਇਸ ਪਾਠ ਵਿਚ ਨਾ ਉਸਦੇ ਸਸ, ਸਹੁਰਾ ਅਤੇ ਨਾ ਹੀ ਕੋਈ ਗ਼ਲੀ ਗ਼ੁਆਂਢ ਦਾ ਕੋਈ ਬੰਦਾ ਸੀ.. ਸਿਰਫ ਤਿੰਨ ਚਾਰ ਨਜ਼ਦੀਕੀ ਰਿਸ਼ਤੇਦਾਰ, ਬੇਟੀ, ਬੇਟਾ, ਬੇਟੀ ਦੀਆਂ ਸਹੇਲੀਆਂ ਜਾਂ ਪਾਰਲਰ ’ਚ ਕੰਮ ਕਰਨ ਵਾਲੇ ਵਰਕਰ ਸਨ। ਜਦੋਂ ਅਸੀਂ ਸੁਖਮਨੀ ਸਾਹਿਬ ਦੇ ਅੰਤਮ ਸਲੋਕ ਪੜ੍ਹ ਰਹੇ ਸਾਂ ਤਾਂ ਕਸ਼ਮੀਰਾ ਫੁਟ ਫੁਟ ਕੇ ਰੋਣ ਲਗ਼ ਪਈ.. ਅਸੀਂ ਸਾਰੇ ਹੈਰਾਨ ਰਹਿ ਗ਼ਏ ਸਾਂ.. ਪਤਾ ਨਹੀਂ ਇਹ ਖੁਸ਼ੀ ਦੇ ਹੰਝੂ ਸਨ ਜਾਂ ਗ਼ਮ ਦੇ.. ਕਸ਼ਮੀਰਾ ਨੇ ਸੰਗ਼ਤ ਵਿਚ ਚਾਹ ਵਗ਼ੈਰਾ ਦਾ ਪ੍ਰਬੰਧ ਕੀਤਾ ਸੀ। ਮੈਂ ਉਸ ਦਿਨ ਉਸ ਕੋਲ ਪਾਠ ਤੋਂ ਬਾਅਦ ਠਹਿਰ ਨਹੀਂ ਸਕੀ ਸਾਂ, ਬਾਕੀ ਬੀਬੀਆਂ ਨਾਲ ਵਾਪਿਸ ਆ ਗ਼ਈ ਸਾਂ। 
ਕਸ਼ਮੀਰਾ ਨੇ ਰਾਤੀਂ ਫੋਨ ਤੇ ਪਾਠ ਕਰਨ ਦਾ ਧੰਨਵਾਦ ਕੀਤਾ ਸੀ। ਮੇਰੇ ਪੁਛਣ ਦੇ ਨਾਲ ਹੀ ਉਸਨੇ ਰੋਣ ਦਾ ਸਬਬ ਦਸਿਆ ਕਿ ਗ਼ੁਰਬਾਣੀ ਸੁਣ ਮੈਨੂੰ ਆਪਣੀ ਮਾਂ ਯਾਦ ਆ ਗ਼ਈ ਸੀ ਜੋ ਅਕਸਰ ਬਚਪਨ ਵਿਚ ਮੈਨੂੰ ਗ਼ੋਦ ਵਿਚ ਲੈ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੀ ਸੀ।
ਉਸ ਤੋਂ ਬਾਅਦ ਮੈਂ ਉਪਰੋਥਲੀ ਕਿਸੀ ਨਾ ਕਿਸੀ ਕਾਰਣ ਕਰਕੇ ਉਹਨਾਂ ਦੇ ਘਰ ਗ਼ਈ ਸਾਂ। ਕਸ਼ਮੀਰਾ ਦਾ ਦੋ-ਮੰਜ਼ਿਲੀ ਘਰ ਪਾਸ਼ ਕਾਲੋਨੀ ਵਿਚ, ਸੜਕ ਦੇ ਕਿਨਾਰੇ ਆਸੇ ਪਾਸੇ ਚੌਵੀ ਘੰਟੇ ਰੌਣਕ ਰਹਿੰਦੀ ਸੀ। ਮੈਂ ਅਕਸਰ ਦੇਖਿਆ ਕਸ਼ਮੀਰਾ ਦੇ ਪਾਰਲਰ ਅਤੇ ਮਸਾਜ ਘਰ ਦੇ ਬਾਹਰ ਚਮ ਚਮਾਉਂਦੀਆਂ ਕਾਰਾਂ ਖੜ੍ਹੀਆਂ ਹੁੰਦੀਆਂ ਸਨ। ਉਪਰਲੀ ਮੰਜ਼ਿਲ ਦੀ ਖੁਲ੍ਹੀ ਛਤ ਪਾਰ ਕਰਕੇ ਸ਼ੀਸ਼ੀਆਂ ਨਾਲ ਘਿਰਿਆ ਮਹਿਮਾਨ ਘਰ ਸੀ, ਕਾਲੇ ਸਕਰੀਨੀ ਸ਼ੀਸ਼ਿਆਂ ’ਚੋ ਬਾਹਰ ਸੜਕ ਤੇ ਦੌੜਦੀ ਦੁਨੀਆਂ ਨੂੰ ਵਖ ਵਖ ਭੇਸਾਂ ’ਚ ਦੇਖਿਆ ਜਾ ਸਕਦਾ ਸੀ, ਪਰ ਬਾਹਰਲੀ ਦੁਨੀਆਂ ਇਸ ਘਰ ਦੀ ਅੰਦਰਲੀ ਦੁਨੀਆਂ ਤੋਂ ਬੇਖ਼ਬਰ ਸੀ.. ਮਹਿਮਾਨ ਘਰ ’ਚ ਕੀਮਤੀ ਭਡਕੀਲੇ ਗ਼ਦੇਦਾਰ ਸੋਫ਼ੇ ਸਨ, ਪੈਰਾਂ ’ਚ ਲਾਲ ਰੰਗ਼ ਦਾ ਈਰਾਨੀ ਕਾਲੀਨ ਵਿਛਿਆ ਹੋਇਆ ਸੀ, ਜਿਸ ਤੇ ਪੈਰ ਰਖਦਿਆਂ, ਕਈ ਇੰਚ ਤਕ ਪੈਰ ਅੰਦਰ ਤਕ ਧਸ ਜਾਂਦਾ ਸੀ। ਦੀਵਾਨ ਉਤੇ ਕਸ਼ਮੀਰਾ ਦੀ ਸਸ ਅਧ-ਲੇਟੀ ਜਿਹੀ ਹੋਈ ਬੈਠੀ ਸੀ। ਗ਼ੋਰਾ ਰੰਗ਼, ਚੌੜਾ ਚਕਲਾ ਚਿਹਰਾ, ਘੁੰਗ਼ਰਾਲੇ ਕਾਲੇ ਸਫ਼ੈਦ ਵਾਲ, ਮੈਕਸੀ ਪਿੰਨੀਆ ਤੋਂ ਉਪਰ ਤਕ ਉਠੀ ਹੋਈ ਸੀ। ਪੈਰਾਂ ਤੇ ਨੇਲ ਪਾਲਿਸ਼, ਉਸਨੇ ਪੈਰਾਂ ਵਿਚ ਹਲਕੀਆਂ ਸੋਨੇ ਦੀਆਂ ਪੰਜੇਬਾਂ ਪਾਈਆਂ ਹੋਈਆਂ ਸਨ। ਇਸ ਉਮਰ ਵਿਚ ਵੀ ਉਸਦੇ ਹਥਾਂ, ਪੈਰਾਂ ਦੇ ਨਹੁੰ ਤਰਾਸ਼ੇ ਹੋਏ ਲਗ਼ ਰਹੇ ਸਨ। ਮੂੰਹ ਵਿਚ ਸੁਪਾਰੀ ਪਾਨ ਦੀ ਗ਼ਿਲੋਰੀ ਸੀ। ਹਥ ਵਿਚ ਗ਼ੁਲਸ਼ਨ  ਨੰਦਾ ਦਾ ਨਾਵਲ ‘ਨੀਲ ਕਮਲ’ ਸੀ। ਇਸ ਉਮਰ ਵਿਚ ਪੜ੍ਹਨ ਦੀ ਸਿਕ ਜਾਣ ਖੁਸ਼ੀ ਹੋਈ। ਮਨ ’ਚ ਸੋਚਿਆ ਕਸ਼ਮੀਰਾ ਦੀ ਸਸ ਮਾਡਰਨ ਜਾਪਦੀ ਹੈ, ਇਸ ਉਮਰ ਵਿਚ ਵੀ ਉਹ ਕਸ਼ਮੀਰਾ ਦੀ ਵਡੀ ਭੈਣ ਲਗ਼ਦੀ ਸੀ। ਮੇਰੇ ਵਲੋਂ ਦਿਤੇ ਅਦਾਬ ਨੂੰ ਉਸਨੇ ਮੁਸਕਰਾ ਕੇ ਕਬੂਲ ਕੀਤਾ। ਕਸ਼ਮੀਰਾ ਨੇ ਸਾਨੂੰ ਇਕ ਦੂਜੇ ਨਾਲ ਜਾਣੂ ਕਰਵਾਇਆ ਤੇ ਮੈਨੂੰ ਸੋਫ਼ੇ ਤੇ ਬਿਠਾ, ਆਪ ਰਸੋਈ ਵਲ ਚਲੀ ਗ਼ਈ ਸੀ। ਨੌਕਰ ਪਾਣੀ ਸੁੰਦਰ ਮਹੀਨ ਕਚ ਦੇ ਗ਼ਲਾਸਾਂ ’ਚ ਲੈ ਕੇ ਆਇਆ। ਮੈਂ ਪਾਣੀ ਪੀਂਦਿਆਂ ਸ਼ੋਅ ਕੇਸਾਂ ਵਲ ਨਜ਼ਰ ਦੌੜਾਈ ਉਨ੍ਹਾਂ ਵਿਚ ਅਜੰਤਾ ਅਲੋਰਾ ਵਾਗ਼ੂੰ ਤਕਰੀਬਨ ਆਪਸ ਵਿਚ ਪ੍ਰੇਮ ਲੀਲਾ ਜਾਂ ਸੰਭੋਗ਼ ਕਰਦੀਆਂ ਵਖ ਵਖ ਧਾਤਾਂ ਵਿਚ ਨਗ਼ਨ ਮੂਰਤੀਆਂ ਸਨ। ਖਿੜਕੀਆਂ ਦੇ ਸਿਲਕੀ ਭਾਰੇ ਪਰਦੇ ਝੂਲਣ ਕਰਕੇ ਕਮਰੇ ’ਚ ਹਲਕਾ ਹਨੇਰਾ ਹੀ ਜਾਪਦਾ ਸੀ। ਹਾਲ ’ਚ ਹਲਕੇ ਮਿਊਜ਼ਕ ਦੀ ਆਵਾਜ਼ ਅਤੇ ਛਤ ’ਚ ਲਗ਼ੇ ਹੋਏ ਰੰਗ਼ੀਨ ਛੋਟੇ ਬਲਬਾਂ ਨਾਲ ਕਮਰੇ ਦਾ ਵਾਤਾਵਰਣ ਰੋਮਾਂਟਿਕ ਅਤੇ ਰੰਗ਼ੀਨ ਬਣਾ ਰਹੇ ਸਨ। ਚੁਪ ਦੀ ਦੀਵਾਰ ਨੂੰ ਤੋੜਦੇ ਕਸ਼ਮੀਰਾ ਦੀ ਸਸ ਬੋਲੀ ਤਾਂ ਮੈਨੂੰ ਉਸਦੀ ਆਵਾਜ਼ ਸਰੀਰ ਨਾਲੋਂ ਬੇ-ਮੇਚ ਜਾਪੀ। ਮਰਦਾਂ ਖਰਵੀਂ ਆਵਾਜ਼.. ਸ਼ਾਇਦ ਪਾਨ ਸੁਪਾਰੀ ਖਾਣ ਕਰਕੇ ਸੀ.. ਬੇਟਾ.. ਤੁਸੀਂ ਪਾਠ ਬਹੁਤ ਹੀ ਮਿਠਾ ਕਰਦੇ ਹੋ.. ਮੇਰੇ ਅੰਦਰ ਤਕ ਉਤਰ ਗ਼ਿਆ.. ਮੈਂ ਤਾਰੀਫ਼ ਦਾ ਧੰਨਵਾਦ ਕੀਤਾ.. ਤੇ ਨਾਲ ਹੀ ਪੁਛਿਆ ਆਂਟੀ! ਤੁਸੀਂ ਪਾਠ ਵਿਚ ਹਾਜ਼ਰ ਕਿਉਂ ਨਹੀਂ ਹੋਏ.. ਉਸ ਦਿਨ ਮੇਰਾ ਬੀ.ਪੀ. ਹਾਈ ਸੀ.. ਇਸ ਲਈ ਅੰਦਰ ਇਥੇ ਲੇਟੇ ਹੋਏ ਸੁਣ ਰਹੀ ਸੀ। ਇੰਨੇ ’ਚ ਕਸ਼ਮੀਰਾ ਚਾਹ ਦੀ ਟਰੇਅ ਲੈ ਆਈ। ਟਰੇਅ ਵਿਚ ਪਲੇਅ ਦੋ ਅਣਚੋਪੜੇ ਫੁਲਕੇ, ਮਖਣ ਦੀ ਟਿਕੀ, ਦਮ ਆਲੂਆਂ ਦੀ ਕਟੋਰੀ  ਅਤੇ ਇਕ ਪਲੇਟ ਕੀਮਤੀ ਬਿਸਕੁਟ ਅਤੇ ਚਾਹ ਲੈ ਆਈ। ਉਸਨੇ ਫੁਲਕਿਆਂ ਵਾਲੀ ਪਲੇਟ ਅਤੇ ਸਬਜ਼ੀ ਆਪਣੀ ਸਸ ਵਲ ਵਧਾਏ।
ਮੰਮੀ ਨੂੰ ਭੁੰਨੀਆਂ ਹੋਈਆਂ ਅਤੇ ਦਮ ਕੀਤੀਆਂ ਸਬਜ਼ੀਆਂ ਪਸੰਦ ਹਨ। ਇਹ ਚਾਹ ਵੀ ਦਮ ਕੀਤੀ ਹੋਈ ਪੀਂਦੇ ਹਨ। ਭਾਵੇ ਹੁਣ ਇਨ੍ਹਾਂ ਨੂੰ ਸ਼ੂਗ਼ਰ ਅਤੇ ਬਲਡ ਪਰੈਸ਼ਰ ਹੈ, ਪਰ ਇਹਨਾਂ ਨੇ ਆਪਣੇ ਟੇਸਟ ਬਦਲੇ ਨਹੀਂ ਹਨ।
ਕਸ਼ਮੀਰਾ ਦੀ ਸਸ ਨੇ ਮੁਸਕਰਾ ਕੇ ਫੁਲਕੇ ਉਪਰ ਮਖਣ ਦੀ ਟਿਕੀ ਰਖੀ ਅਤੇ ਨਾਲ ਹੀ ਆਲੂਆਂ ਦੇ ਪੀਸ ਰਖੇ। ਉਨ੍ਹਾਂ ਨੇ ਪਲੇਟ ਮੇਰੇ ਵਲ ਵਧਾਈ। ਬੇਟਾ! ਅਜ ਮੇਰੇ ਨਾਲ ਨਾਸ਼ਤਾ ਕਰੋ।
‘‘ਨਹੀਂ! ਪਲੀਜ਼ ਆਂਟੀ ਤੁਸੀਂ ਲਉ ਨਾਸ਼ਤਾ.. ਮੈਂ ਹੁਣੇ ਹੀ ਘਰੋਂ ਪਰਾਉਂਠੀ ਖਾ ਕੇ ਆਈ ਹਾਂ। ਮੈਂ ਸਿਰਫ਼ ਚਾਹ ਹੀ ਪੀਵਾਂਗ਼ੀ।’’
ਫੁਲਕੇ ਦੀ ਬੁਰਕੀ ਮੂੰਹ ’ਚ ਰਖਦਿਆਂ ਉਨ੍ਹਾਂ ਨੇ ਫਿਰ ਗ਼ਲ ਵਧਾਈ, ‘‘ਬੇਟਾ! ਮੈਨੂੰ ਆਪਣੀਆਂ ਕਹਾਣੀਆਂ ਦੀ ਕਿਤਾਬ ਦੇਣਾ.. ਕਦੀ ਸਮਾਂ ਕਢਣਾ ਮੈਂ ਤੈਨੂੰ ਤੇਰੀਆਂ ਕਹਾਣੀਆਂ ਲਈ ਕਈ ਪਲਾਟ ਦੇਵਾਂਗ਼ੀ। ਕਸ਼ਮੀਰਾ ਤਾਂ ਤੇਰੀ ਬਹੁਤ ਤਾਰੀਫ਼ ਕਰਦੀ ਹੈ.. ਕਸ਼ਮੀਰਾ ਮੈਨੂੰ ਬਹੁਤ ਪਿਆਰੀ ਹੈ, ਜੋ ਇਸ ਦੀ ਪਸੰਦ ਹੈ, ਉਹ ਹੀ ਮੇਰੀ ਪਸੰਦ ਹੈ..।’’
ਚਾਹ ਖਤਮ ਹੋਣ ਤੇ ਕਸ਼ਮੀਰਾ ਮੈਨੂੰ ਆਪਣੇ ਬੈਡਰੂਮ ’ਚ ਲੈ ਆਈ। ਕਮਰੇ ਵਿਚ ਡਬਲ ਬੈਡ ਤੇ ਹਲਕੇ ਜਿਹੇ ਰੰਗ਼ ਦੀ ਚਾਦਰ ਵਿਛੀ ਹੋਈ ਸੀ, ਬੈਡ ਦੇ ਅਗ਼ੇ ਛੋਟਾ ਜਿਹਾ ਕਾਲੀਨ, ਪਿਛੇ ਕਿਤਾਬਾਂ ਦੀ ਅਲਮਾਰੀ ਜਿਸ ਵਿਚ ਕਿਤਾਬਾਂ ਅਤੇ ਕੈਸਟਾਂ ਬੜੇ ਸਚੁਜੇ ਢੰਗ਼ ਨਾਲ ਚਿਣੀਆਂ ਹੋਈਆਂ ਸਨ। ਉਸ ਨੇ ਮੈਨੂੰ ਆਪਣੇ ਪ੍ਰੇਮੀ ਦੀਆਂ ਫੋਟੋਆਂ ਦਿਖਾਈਆਂ। ਵਾਕਈ ਉਹ ਫੋਟੋ ਵਿਚ ਬਹੁਤ ਸੁੰਦਰ ਸੀ, ਮਨੋਜ ਕੁਮਾਰ ਦਾ ਦੂਸਰਾ ਰੂਪ.. ਇੰਨੇ ਵਿਚ ਮਨਮੋਹਣੀ ਜਿਹੀ ਸਖਸ਼ੀਅਤ ਵਾਲੇ ਵਿਅਕਤੀ ਜੋ ਕਿ ਸਫ਼ੇਦ ਅਤੇ ਪਤਲੇ ਕੁੜਤੇ ਪਜਾਮੇ ਵਿਚ ਸਨ, ਅੰਦਰ ਆਏ ਕੁਝ ਨਵੇਂ ਨਵੇਂ ਨੋਟ ਕਸ਼ਮੀਰਾ ਦੇ ਹਥ ਫੜਾਏ.. ਪੁਤਰ! ਹੁਣ ਬੈਂਕ ਦਾ ਕੰਮ ਵੀ ਆਪ ਹੀ ਸੰਭਾਲਿਆ ਕਰੋ.. ਮੈਥੋਂ ਤਾਂ ਇਹ ਪਾਏ ਕਪੜਿਆਂ ਦਾ ਵੀ ਭਾਰ ਨਹੀਂ ਸੰਭਾਲਿਆ ਜਾਂਦਾ। ਕਸ਼ਮੀਰਾ ਨੇ ਮੇਰੇ ਬਾਰੇ ਦਸਿਆ ਤਾਂ ਉਹ ਮੇਰੇ ਸਿਰ ਤੇ ਨਿਘਾ ਜਿਹਾ ਹਥ ਫੇਰਦੇ ਹੋਏ ਅੰਦਰ ਵਲ ਚਲੇ ਗ਼ਏ। ਪਾਪਾ ਨੂੰ ਸ਼ੇਅਰੋ ਸ਼ਾਇਰੀ ਦਾ ਬਹੁਤ ਸੌਂਕ ਹੈ, ਉਹ ਅਕਸਰ ਮੇਰੇ ਸ਼ੇਅਰ ਵਗ਼ੈਰਾ ਦਰੁਸਤ ਕਰ ਦਿੰਦੇ ਹਨ। ਇੰਨੇ ’ਚ ਦੂਸਰੇ ਕਮਰੇ ’ਚੋਂ ਪਤੀ ਪਤਨੀ  ਦੀਆਂ ਆਪਸ ’ਚ ਖਰਵੀਆਂ ਆਵਾਜ਼ਾਂ ਆਈਆਂ, ‘‘ਸਿਰਫ ਇੰਨੇ ਪੈਸੇ ਕਢਵਾ ਕੇ ਲਿਆਏ ਹੋ? .. ਕੀ ਇਸ ਨਾਲ ਘਰ ਦਾ ਖਰਚ ਪੂਰਾ ਪਏਗ਼ਾ?’’ 
‘‘ਬਸ! ਬਸ! ਤੇਰਾ ਵਸ ਚਲੇ ਤਾਂ ਤੂੰ ਮੈਨੂੰ ਵੀ ਵੇਚ ਕੇ ਖਾ ਜਾਵੇਂ।’’ ਮੈਂ ਘਰ ’ਚ ਤਨਾਅ ਦੇਖ ਕੇ ਕਸ਼ਮੀਰਾ ਤੋਂ ਰੁਖਸਤ ਹੋਣ ਦੀ ਇਜ਼ਾਜਤ ਮੰਗ਼ੀ।
ਤਕਰੀਬਨ ਕਸ਼ਮੀਰਾ ਸਾਡੇ ਘਰ ਆ ਜਾਂਦੀ ਜਾਂ ਕਦੀ ਕਦਾਈ ਮੈਂ ਉਸ ਵਲ ਚਲੀ ਜਾਂਦੀ ਸਾਂ। ਮੈਂ ਕਸ਼ਮੀਰਾ ਦੀ ਰਸੋਈ ਨੂੰ ਦੇਖ ਕੇ ਪ੍ਰਭਾਵਿਤ ਹੋਈ ਸਾਂ। ਅਲਮਾਰੀਆਂ ’ਚ ਭਾਂਤ ਭਾਂਤ ਦੀ ਕੀਮਤੀ ਕਰਾਕਰੀ ਸੀ। ਸੁੰਦਰ ਸੋਨੇ ਵਾਂਗ਼ੂੰ ਚਮਕਦੇ ਪਿਤਲ ਦੇ ਭਾਂਡੇ ਹੇਠਲੀ ਸੈਲਫ਼ ਤੇ ਸਜੇ ਹੁੰਦੇ ਸਨ। ਅਕਸਰ ਦਾਲ, ਸਬਜ਼ੀ ਪਿਤਲ ਦੇ ਭਾਂਡਿਆਂ ’ਚ ਤਿਆਰ ਹੁੰਦੀ ਸੀ। ਕਸ਼ਮੀਰਾ ਦੀ ਸਸ ਹਮੇਸ਼ਾ ਮੈਨੂੰ ਦੀਵਾਨ ਜਾਂ ਸੋਫ਼ੇ ਤੇ ਸਜੀ ਬੈਠੀ ਹੋਈ ਮਿਲੀ ਸੀ। ਕਈ ਵਾਰੀ ਉਸਨੇ ਗ਼ੂੜ੍ਹੇ ਰੰਗ਼ ਦੀ ਸਿਲਕ ਦੇ ਸੂਟ ਅਤੇ ਮਹੀਨ ਜਾਲੀਦਾਰ ਮੁਕੈਸ਼ ਦੀ ਚੁੰਨੀ ਲੀਤੀ ਹੁੰਦੀ। ਉਂਗ਼ਲਾਂ ਵਿਚ ਹੀਰੇ ਜੜੀਆਂ ਮੁੰਦਰੀਆਂ, ਸੂਟ ਨਾਲ ਮੈਚ ਕਰਦੀਆਂ ਵਧੀਆ ਕੰਪਨੀ ਦੀਆਂ ਜੁਤੀਆਂ ਪਾਈਆਂ ਹੁੰਦੀਆਂ। ਘਰ ’ਚ ਹਮੇਸ਼ਾ ਟੀ. ਵੀ. ਜਾਂ ਮਿਊਜਕ ਚਲਦਾ ਰਹਿੰਦਾ। ਨਾਲ ਨਾਲ ਹਲਕਾ ਖਾਣਾ ਪੀਣਾ ਵੀ ਚਲਦਾ ਰਹਿੰਦਾ। ਕਸ਼ਮੀਰਾ ਦੇ ਬਚਿਆਂ ਦੀ ਸ਼ਕਲ ਕਸ਼ਮੀਰਾ ਨਾਲ ਮਿਲਦੀ ਜੁਲਦੀ ਸੀ। ਮੈਂ ਇਕ ਦੋ ਵਾਰੀ ਕਸ਼ਮੀਰਾ ਦੀ ਸਸ ਨੂੰ ਆਪਣੇ ਘਰ ਆਉਣ ਲਈ ਕਿਹਾ.. ਉਹ ਸਿਰਫ਼ ਮੁਸਕਰਾ ਕੇ ਹਾਂ ਵਿਚ ਜਵਾਬ ਦਿੰਦੇ ਹੋਏ ਚੁਪ ਕਰ ਜਾਂਦੇ।
ਕਸ਼ਮੀਰਾ ਨੇ ਦਸਿਆ ਕਿ ਉਸਦੇ ਮਦਰ-ਇਨ-ਲਾਅ ਕਦੀ ਵੀ ਨੀਚੇ ਨਹੀਂ ਉਤਰਦੇ.. ਉਨ੍ਹਾਂ ਦੀ ਦੁਨੀਆਂ ਸਿਰਫ ਬਸ ਇਸ ਕਮਰੇ ਤਕ ਹੀ ਸੀਮਤ ਹੈ। ਨਜ਼ਦੀਕੀ ਦੂਰ ਦੀਆਂ ਰਿਸ਼ਤੇਦਾਰੀਆਂ ਮੈਂ ਖੁਦ ਹੀ ਨਿਭਾਉਂਦੀ ਹਾਂ। ਮੈਨੂੰ ਕਸ਼ਮੀਰਾ ਤੇ ਮਾਣ ਮਹਿਸੂਸ ਹੋਇਆ ਕਿ ਸਮਾਜਿਕ ਦਾਇਰਾ, ਘਰ ਗ਼੍ਰਹਿਸਥੀ ਪਾਰਲਰ ਅਤੇ ਮਸਾਜ-ਘਰ ਖਿੜੇ ਮਥੇ ਸੰਭਾਲੀ ਫਿਰਦੀ ਹੈ। ਭਾਵੇਂ ਜਵਾਨ ਬਚੇ ਪਾਰਲਰ ਅਤੇ ਮਸਾਜ-ਘਰ ਸੰਭਾਲਣ ਵਿਚ ਮਦਦ ਕਰਦੇ ਸਨ ਪਰ ਫਿਰ ਵੀ ਕਸ਼ਮੀਰਾ ਸ਼ਾਮ ਨੂੰ ਕਾਫ਼ੀ ਸਮਾਂ ਇਸ ਕੰਮ ਵਿਚ ਬਿਜ਼ੀ ਰਹਿੰਦੀ ਸੀ।
ਕਸ਼ਮੀਰਾ ਦੀ ਗ਼ਜ਼ਲ ਦੀ ਪਹਿਲੀ ਐਲਬਮ ਰਿਲੀਜ਼ ਹੋਈ ਸੀ, ਜਿਸ ਤੇ ਉਸ ਦੀ ਫੋਟੋ ਵੀ ਬੜੇ ਦਿਲ-ਖਿਚਵੇਂ ਅੰਦਾਜ਼ ਵਿਚ ਸੀ। ਕਸ਼ਮੀਰਾ ਨੇ ਪੂਰੇ ਸਮਾਰੋਹ ਵਿਚ ਹਰ ਪਲ ਮੈਨੂੰ ਆਪਣੇ ਨਾਲ ਰਖਿਆ। ਅਤੇ ਪਿਆਰ ਨਾਲ ਕੈਸਟ ਦੀ ਪਹਿਲੀ ਕਾਪੀ ਮੈਨੂੰ ਦਿਤੀ ਸੀ ਜਿਸ ਨੂੰ ਮੈਂ ਸਵੇਰੇ ਆਪਣੇ ਨਾਲ ਆਫ਼ਿਸ ਲੈ ਆਈ ਸੀ ਅਤੇ ਮਾਣ ਨਾਲ ਆਪਣੀ ਟੇਬਲ ਤੇ ਸਜਾ ਦਿਤੀ ਸੀ। ਮੈਂ ਸੋਚਿਆ ਕਿ ਮੈਂ ਆਪਣੇ ਕੁਲੀਗ਼ ਵਿਚ ਕਸ਼ਮੀਰਾ ਦੀ ਤਾਰੀਫ਼ ਕਰਾਂਗ਼ੀ, ਉਨ੍ਹਾਂ ਨੂੰ ਕਹਾਂਗ਼ੀ ਕਿ ਕਿੰਨੀ ਰੁਤਬੇ ਅਤੇ ਸਨਮਾਨ ਵਾਲੀ ਔਰਤ ਹੈ। ਕੈਸੇਟ ਤੇ ਕਸ਼ਮੀਰਾਂ ਦੀ ਫੋਟੋ ਉਪਰ ਲਗ਼ੀ ਹੋਈ ਹੋਣ ਕਰਕੇ ਹਰ ਕੋਈ ਕੈਸਟ ਨੂੰ ਚੁਕ ਕੇ ਵੇਖਦਾ.. ਸਾਰਿਆਂ ਦਾ ਇਹ ਸਵਾਲ ਸੀ ਕਿ ਤੁਸੀਂ ਇਸ ਔਰਤ ਨੂੰ ਕਿਵੇਂ ਜਾਣਦੇ ਹੋ.. ਇਹ ਤਾਂ ਬੜੀ ਘੈਂਟ ਔਰਤ ਹੈ.. ਇਹ ਤਾਂ ਬਾਨੋ ਦੀ ਫ਼ਰਜੀ ਨੂੰਹ ਏ.. ਇਸ ਨੂੰ ਤਾਂ ਸ਼ਹਿਰ ਦਾ ਬਚਾ ਬਚਾ ਜਾਣਦਾ ਹੈ.. ਕਮਾਲ ਹੈ, ਤੁਹਾਨੂੰ ਇਨ੍ਹਾਂ ਬਾਰੇ ਵਾਕਫ਼ੀਅਤ ਨਹੀਂ..।
ਮੇਰਾ ਕੁਲੀਗ਼ ਨੇ ਭਰਵੀਂ ਆਵਾਜ਼ ’ਚ ਬਾਨੋ ਬਾਰੇ ਦਸਣਾ ਜਾਰੀ ਰਖਿਆ.. ਮੈਡਮ.. ਇਹ ਧਰਮਪੁਰੇ ਦੀ ਗ਼ਸ਼ਤੀ ਦੇ ਨਾਮ ਹੇਠਾਂ ਮਸ਼ਹੂਰ ਸੀ। ਧਰਮਪੁਰੇ ’ਚ ਸੜਕ ਕਿਨਾਰੇ ਛੰਜੇ ਵਾਲੇ ਘਰ ਇਨ੍ਹਾਂ ਗ਼ਸ਼ਤੀਆਂ ਦੇ ਹੀ ਸਨ। ਲੋਕਾਂ ਦਾ ਦਿਲ ਪ੍ਰਚਾਵਾ ਗ਼ਾ ਕੇ ਅਤੇ ਜਿਸਮ ਵੇਚ ਕੇ ਧੰਦਾ ਕਰਦੀਆਂ ਸਨ। ਕਹਿੰਦੇ ਹਨ ਕਿ ਬਾਨੋ ਦੀ ਨਥ ਉਸ ਸਮੇਂ ਸਠ ਹਜ਼ਾਰ ਦੇ ਕੇ ਉਤਰੀ ਸੀ। ਸਾਰਾ ਧਰਮਪੁਰਾ ਇਹਨਾਂ ਗ਼ਸ਼ਤੀਆਂ ਦਾ ਚਕਲਾ ਸੀ ਜਿਥੇ ਸ਼ਹਿਰ ਦੇ ਅਮੀਰਜ਼ਾਦੇ ਰਾਤ ਦੇ ਹਨ੍ਹੇਰੇ ਵਿਚ ਮੂੰਹ ਮੰਗ਼ੀ ਕੀਮਤ ਦੇ ਕੇ ਬਾਨੋ ਨਾਲ ਰਾਤ ਬਿਤਾਉਂਦੇ ਸਨ, ਪੁਲਿਸ ਵੀ ਇਨ੍ਹਾਂ ਦੀ ਗ਼ੁਲਾਮ ਸੀ। ਸ਼ਾਮ ਨੂੰ ਇਹ ਵੇਸ਼ਵਾਵਾਂ ਸਜ ਧਜ ਕੇ ਛਜੇ ਤੇ ਖੜੀਆਂ ਹੋ ਜਾਂਦੀਆਂ ਸਨ ਅਤੇ ਮਰਦਾਂ ਨੂੰ ਅਵਾਜ਼ਾਂ ਦਿੰਦੀਆਂ ਸਨ ਪਰ ਬਾਨੋ ਕਦੀ ਵੀ ਛਜੇ ਤੇ ਨਹੀਂ ਖੜਦੀ ਸੀ। ਉਸ ਦੀ ਕੀਮਤ ਉਠਾਉਣ ਵਾਲੇ ਗ਼ਾਹਕਾਂ ਦੀਆਂ ਲਾਇਨਾਂ ਲਗ਼ੀਆਂ ਰਹਿੰਦੀਆਂ ਸਨ। ਫਿਰ ਕਹਿੰਦੇ ਹਨ ਕਿ ਬਾਨੋ ਨੇ ਕਿਸੀ ਪੁਲਿਸ ਅਫ਼ਸਰ ਨਾਲ ਵਿਆਹ ਕਰਵਾ ਲਿਆ ਸੀ ਅਤੇ ਦੂਰ ਦੁਰਾਡੇ ਸ਼ਹਿਰ ਜਾ ਵਸੀ। ਪਰ ਪੁਲਿਸ ਅਫ਼ਸਰ ਤੋਂ ਜਦੋਂ ਇਸਦਾ ਜੀਅ ਭਰ ਗ਼ਿਆ ਤਾਂ ਉਥੇ ਵੀ ਉਸਨੇ ਆਪਣੀ ਕਾਮ ਇਛਾ ਦੀ ਪੂਰਤੀ ਕਰਨ ਲਈ ਉਚ ਅਧਿਕਾਰੀਆਂ ਨੂੰ ਘਰ ਬੁਲਾਉਣਾ ਸ਼ੁਰੂ ਕਰ ਦਿਤਾ ਸੀ। ਇਸ ਸਮੇਂ ਦੇ ਦੌਰਾਨ ਭਾਵੇਂ ਉਹ ਚਾਰ ਲੜਕੀਆਂ ਅਤੇ ਦੋ ਪੁਤਰਾਂ ਦੀ ਮਾਂ ਸੀ ਪਰ ਉਸਨੇ ਆਪਣਾ ਕੁਕਰਮ ਪੁਲਿਸ ਅਫ਼ਸਰ ਤੋਂ ਚੋਰੀ ਜਾਰੀ ਰਖਿਆ ਸੀ ਤੇ ਫਿਰ ਇਕ ਦਿਨ ਪੁਲਸੀ ਪੁਤਰ ਨੇ ਮਾਂ ਨੂੰ ਧੰਦਾ ਕਰਦਾ ਦੇਖਿਆ ਤਾਂ ਉਹ ਗ਼ੁਸੇ ’ਚ ਅੰਨ੍ਹਾ ਹੋ ਗ਼ਿਆ। ਉਸਨੇ ਮਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਹਥੋਪਾਈ ’ਚ ਬਾਨੋ ਨੇ ਆਪਣੇ ਪੁਤਰ ਅਤੇ ਪਤੀ ਦੋਵਾਂ ਦਾ ਕਤਲ ਕਰ ਦਿਤਾ ਪਰ ਕਾਨੂੰਨ ਇਸ ਨੂੰ ਪਕੜ ਸਕਿਆ ਕਿਉਂਕਿ ਖੂਨ ਬਾਨੋ ਨੇ ਬੜੀ ਸਫ਼ਾਈ ਨਾਲ ਨੌਕਰ ਦੇ ਸਿਰ ਪਾ ਦਿਤਾ ਅਤੇ ਆਪ ਬਾਕੀ ਦੇ ਬਚਿਆਂ ਨਾਲ ਵਾਪਸ ਮੁੜ ਧਰਮਪੁਰੇ ਦੇ ਚਕਲੇ ’ਚ ਆ ਗ਼ਈ ਸੀ। ਵਾਦੜੀਆਂ, ਸਜਾਦੜੀਆਂ ਨਿਭਣ ਸਿਰਾਂ ਦੇ ਨਾਲ ਦੇ ਮੁਹਾਵਰੇ ਮੁਤਾਬਿਕ ਬਾਨੋ ਦੇ ਖੂਨ ਵਿਚ ਵੇਸ਼ਵਾਗ਼ਿਰੀ ਰਚੀ ਹੋਈ ਸੀ, ਉਸਨੇ ਚਕਲੇ ’ਚ ਆ ਕੇ ਮੁੜ ਧੰਦਾ ਚਾਲੂ ਕਰਵਾ ਦਿਤਾ ਅਤੇ ਆਪਣੀਆਂ ਲੜਕੀਆਂ ਦੀ ਪਰਵਰਿਸ਼ ਵੀ ਉਸੇ ਢੰਗ਼ ਨਾਲ ਕੀਤੀ ਜਿਨ੍ਹਾਂ ਨੇ ਜੁਆਨ ਹੋਣ ਤੇ ਉਨ੍ਹਾਂ ਤੋਂ ਵੀ ਇਹ ਕੰਮ ਕਰਵਾਉਣਾ ਸ਼ੁਰੂ ਕਰ ਦਿਤਾ। ਇਹ ਇੰਨੀ ਗ਼ੰਦੀ ਔਰਤ ਹੈ ਕਿ ਬੇਬਸ, ਲਾਚਾਰ ਲੋਕਾਂ ਨੂੰ ਆਪਣੇ ਜਾਲ ’ਚ ਫ਼ਸਾਉਣ ਤੋਂ ਬਾਜ਼ ਨਹੀਂ ਆਉਂਦੀ। ਕਸ਼ਮੀਰਾ ਵੀ ਤਾਂ ਇਸ ਦੀ ਖਰੀਦੀ ਹੋਈ ਬਾਂਦੀ ਹੈ ਅਤੇ ਨਾਲ ਹੀ ਹੁਣ ਇਸਨੇ ਕੋਆਪਰੇਟਿਵ ਬੈਂਕ ਮੈਨੇਜਰ ਨੂੰ ਕਈ ਸਾਲਾਂ ਤੋਂ ਫਸਾਇਆ ਹੋਇਆ, ਉਸਦੀ ਲਖਾਂ ਕਰੋੜਾਂ ਦੀ ਜਾਇਦਾਦ ਇਸਨੇ ਆਪਣੇ ਨਾਮ ਕਰ ਲਈ ਹੈ। ਮੈਨੇਜਰ ਜਦੋਂ ਇਸ ਦੇ ਕੋਠੇ ਚੜ੍ਹਿਆ, ਇਸ ਦਾ ਹੀ ਹੋ ਕੇ ਰਹਿ ਗ਼ਿਆ। ਕਹਿਣ ਨੂੰ ਇਸ ਦਾ ਪਤੀ ਏ.. ਪਰ ਇਸ ਪੈਸੇ ਦੀ ਮਸ਼ੀਨ ਤੋਂ ਇਲਾਵਾ ਇਸ ਲਈ ਕੁਝ ਨਹੀਂ ਏ.. ਬਾਨੋ ਦਾ ਰਹਿੰਦਾ ਇਕਲੌਤਾ ਪੁਤਰ ਵੀ ਇਕ ਨੰਬਰ ਦਾ ਜੁਆਰੀ ਏ.. ਆਪਣੇ ਘਰ ਦਾ ਹੇਠਲਾ ਪੋਰਸ਼ਨ ਇਹ ਪਾਰਲਰ ਅਤੇ ਜਿਮਖਾਨੇ ਦੇ ਤੌਰ ਤੇ ਵਰਤਦੇ ਹਨ। ਜਿਥੇ ਹਰ ਕਿਸਮ ਦਾ ਗ਼ੈਰ ਕਾਨੂੰਨੀ ਧੰਦਾ ਅਤੇ ਜਿਸਮ ਫਰੋਸ਼ੀ ਹੁੰਦੀ ਏ.. ਇਸ ਧੰਦੇ ਵਿਚ ਪੂਰਾ ਟੰਬਰ ਬਾਨੋ ਤੋਂ ਲੈ ਕੇ ਕਸ਼ਮੀਰਾ ਦੇ ਬੇਟੇ ਤਕ ਸ਼ਰੀਕ ਹਨ।
ਕਸ਼ਮੀਰਾ ਦਾ ਪਰਦਾ ਫਾਸ਼ ਹੋਣ ਤੇ ਮੇਰਾ ਮਨ ਸਹਿਮ ਨਾਲ ਭਰ ਗ਼ਿਆ ਅਤੇ ਜਿਸਮ ਠੰਡਾ ਹੋ ਗ਼ਿਆ ਅਤੇ ਜਿਸਮ ਠੰਡਾ ਹੋ ਗ਼ਿਆ। ਬਦ ਨਾਲੋਂ ਬਦਨਾਮ ਬੁਰਾ.. ਭਲੇ ਵਕਤ ਪਤਾ ਚਲ ਗ਼ਿਆ.. ਨਹੀਂ ਤਾਂ ਕਸ਼ਮੀਰਾ ਦੀ ਦੋਸਤੀ ਨਾਲ ਮੈਂ ਵੀ ਬਦਨਾਮ ਹੋ ਜਾਂਦੀ.. ਹੁਣ ਮੈਨੂੰ ਕਸ਼ਮੀਰਾ ਦਾ ਬਾਰ ਬਾਰ ਰੋਣਾ ਯਾਦ ਆਇਆ.. ਸ਼ਾਇਦ ਉਸਦੇ ਜਨਮ ਦੇ ਸੰਸਕਾਰ ਉਸਦੀ ਰੂਹ ਨੂੰ ਦੁਤਕਾਰਦੇ ਹਨ, ਇਸ ਲਹੀ ਉਹ ਮੇਰਾ ਸੰਗ਼ ਭਾਲਦੀ ਸੀ.. ਜਾ ਮੇਰੀ ਸਾਹਿਤਕ ਖਿਆਤੀ ਨੂੰ ਪੌੜੀ ਬਣਾ ਕੇ ਵਰਤਣਾ ਚਾਹੁੰਦੀ ਸੀ.. ਸੋਚ ਸੋਚ ਮੇਰਾ ਸਿਰ ਭਾਰੀ ਹੋ ਗ਼ਿਆ, ਮੈਂ ਛੁਟੀ ਲੈ ਕੇ ਘਰ ਆ ਗ਼ਈ ਅਤੇ ਕਸ਼ਮੀਰਾ ਦੀ ਕੈਸਟ ਦੇ ਟੁਕੜੇ ਟੁਕੜੇ ਕਰਕੇ ਸੁਅ ਦਿਤੀ ਸੀ। ਜ਼ਿਹਨ ਵਿਚ ਕਈ ਪ੍ਰਸ਼ਨ ਉਠ ਰਹੇ ਸਨ, ਸਰਕਾਰ ਕਹਿੰਦੀ ਹੈ ਕਿ ਵੇਸ਼ਵਾਪੁਣਾ ਚੇਚਕ ਵਾਂਗ਼ੂੰ ਖਤਮ ਹੋ ਗ਼ਿਆ ਹੈ, ਸਰਕਾਰ ਨੇ ਰੰਡੀਆਂ ਨੂੰ ਵਸਾਉਣ ਲਈ ਵਡੇ ਵਡੇ ਸ਼ਹਿਰਾਂ ’ਚ ਸੁਧਾਰ ਘਰ ਖੋਲ੍ਹੇ ਹੋਏ ਹਨ, ਪਰ ਸ਼ਾਇਦ ਇਹ ਸਭ ਕੁਝ ਕਾਗ਼ਜ਼ਾਂ ਵਿਚ ਹੈ, ਸ਼ਾਇਦ ਸਰਕਾਰ ਦੇ ਖੋਲ੍ਹੇ ਸੁਧਾਰ ਘਰ ਹੀ ਵੇਸ਼ਵਾਘਰ ਬਣ ਗ਼ਏ ਹਨ।
ਇਸ ਤਰ੍ਹਾਂ ਕਾਫੀ ਸਮਾਂ ਬੀਤ ਗ਼ਿਆ। ਕਸ਼ਮੀਰਾ ਨੇ ਸ਼ਾਇਦ ਮੇਰੀ ਖਾਮੋਸ਼ੀ ਨੂੰ ਭਾਂਪ ਲਿਆ ਸੀ, ਉਸਨੇ ਵੀ ਖਾਮੋਸ਼ੀ ਤੋੜਨ ਦੀ ਪਹਿਲ ਨਹੀਂ ਕੀਤੀ ਸੀ। ਮੈਂ ਕਸ਼ਮੀਰਾ ਵਾਲਾ ਯਾਦ ਦਾ ਪੰਨਾ ਲਗ਼ਭਗ਼ ਵਿਸਾਰੀ ਬੈਠੀ ਸਾਂ ਕਿ ਅਚਾਨਕ ਇਕਦਮ ਇਕ ਸਵੇਰ ਦੇ ਅਖ਼ਬਾਰ ’ਚ ਕਸ਼ਮੀਰਾ ਸ਼ਾਹ ਦੀ ਪਹਿਲੇ ਪੰਨੇ ਤੇ ਫੋਟੋ ਸੀ, ਅਤੇ ਨਾਲ ਮੁਖ ਪੰਨੇ ਤੇ ਖ਼ਬਰ ਸੀ ‘‘ਧਰਮਪੁਰੇ ਦੀ ਗ਼ਸ਼ਤੀ ਦਾ ਪਰਦਾ ਫਾਸ਼.. ਇਕ ਵਡੇ ਪੈਮਾਨੇ ਤੇ ਜਿਮਖਾਨੇ ਅਤੇ ਪਾਰਲਰ ਦੇ ਰੂਪ ਵਿਚ ਜਿਸਮ ਫਰੋਸ਼ੀ ਦਾ ਧੰਦਾ ਕਰਦਾ ਮਾਡਰਨ ਚਕਲਾ..।’’
ਮੇਰੀਆਂ ਨਜ਼ਰਾਂ ਪੂਰੀ ਖ਼ਬਰ ਨੂੰ ਪੜ੍ਹਨ ਲਈ ਤੇਜ਼ੀ ਨਾਲ ਘੁੰਮ ਰਹੀਆਂ ਸਨ। ਲਿਖਿਆ ਸੀ ਕਿ ਪਾਰਲਰ ਵਿਚ ਰੰਗ਼ੇ ਹਥੀ ਨੌਜਵਾਨ ਲੜਕੀਆਂ ਅਤੇ ਲੜਕਿਆਂ ਨੂੰ ਸੈਕਸ ਕਰਦਿਆਂ ਫੜਿਆ ਗ਼ਿਆ। ਵਡੇ ਵਡੇ ਲੀਡਰਾਂ ਅਤੇ ਅਮੀਰਜ਼ਾਦਿਆਂ ਦੇ ਲਈ ਇਥੋਂ ਲੜਕੀਆਂ ਸਪਲਾਈ ਹੁੰਦੀਆਂ ਸਨ। ਇਸ ਤਰ੍ਹਾਂ ਅਮੀਰ ਘਰਾਂ ਦੀਆਂ ਔਰਤਾਂ ਦੀ ਕਾਮ ਭੁਖ ਛੋਟੀ ਉਮਰ ਦੇ ਨਾਦਾਨ ਲੜਕੇ ਕਸ਼ਮੀਰਾ ਦੇ ਘਰ ਹੇਠਾਂ ਬਣੇ ਤਹਿਖਾਨੇ ਵਿਚ ਮਿਟਾਉਂਦੇ ਸਨ। ਬਾਨੋ ਨੂੰ ਸਣੇ ਪਰਿਵਾਰ ਹਿਰਾਸਤ ਵਿਚ ਲੈ ਲਿਆ ਸੀ। ਲਿਖਿਆ ਸੀ ਕਿ ਜਦੋਂ ਬਾਨੋ ਨੂੰ ਹਥਕੜੀਆਂ ਪਾ ਨੀਚੇ ਉਤਾਰਿਆ ਗ਼ਿਆ ਤਾਂ ਉਸਨੇ ਚਲਾਕੀ ਨਾਲ ਮੂੰਹ ’ਚ ਮੁੰਦਰੀ ਦਾ ਹੀਰਾ ਪਾ ਲਿਆ ਸੀ ਅਤੇ ਉਹ ਸਦਾਮ ਦੇ ਬੁਤ ਵਾਂਗ਼ੂੰ ਪੈਸੇ ਰੋੜਦੀ ਸੀ, ਹੁਣ ਉਹ ਸ਼ਰ੍ਹੇਆਮ ਲਾਸ਼ ਦੇ ਰੂਪ ਵਿਚ ਹਰ ਨਜ਼ਰ ਦਾ ਨਿਸ਼ਾਨਾ ਬਣੀ ਹੋਈ ਸੀ। ਸ਼ਾਇਦ ਧਰਮਪੁਰੇ ਦੀ ਗ਼ਸ਼ਤੀ ਦੀ ਇਕ ਪੀੜ੍ਹੀ ਦਾ ਅੰਤ ਹੋ ਗ਼ਿਆ ਸੀ ਅਤੇ ਮੈਂ ਸੋਚ ਰਹੀ ਸਾਂ ਕਿ ਆਉਣ ਵਾਲੀ ਨਵੀਂ ਸਵੇਰ ਸ਼ਾਇਦ.. ਕਸ਼ਮੀਰਾ ਲਈ ਨਵੀਂ ਪਵਿਤਰ ਜ਼ਿੰਦਗ਼ੀ ਦਾ ਆਗ਼ਾਜ਼ ਕਰੇ।