ਹੀਰ (ਭਾਗ 20)
(ਕਿੱਸਾ ਕਾਵਿ)
602. ਸ਼ਰ੍ਹਾ ਦੇ ਮਹਿਕਮੇ ਵਿੱਚ ਪੇਸ਼ੀ
ਜਦੋਂ ਸ਼ਰ੍ਹਾ ਦੇ ਆਣ ਕੇ ਰਜੂਅ ਹੋਏ ਕਾਜ਼ੀ ਆਖਿਆ ਕਰੋ ਬਿਆਨ ਮੀਆਂ
ਦਿਉ ਖੋਲ ਸੁਣਾਇ ਕੇ ਬਾਤ ਸਾਰੀ ਕਰਾਂ ਉਮਰ ਖਤਾਬ ਦਾ ਨਿਆਂ ਮੀਆਂ
ਖੇੜੇ ਆਖਿਆ ਹੀਰ ਸੀ ਸਾਕ ਚੰਗਾ ਘਰ ਚੂਚਕ ਸਿਆਲ ਦੇ ਜਾਦ ਮੀਆਂ
ਅਜੂ ਖੇੜੇ ਦੇ ਪੁੱਤ ਨੂੰ ਖੈਰ ਕੀਤਾ ਹੋਰ ਲਾ ਥੱਕੇ ਲੋਕ ਤਾਣ ਮੀਆਂ
ਜੰਜ ਜੋੜ ਕੇ ਅਸਾਂ ਵਿਆਹ ਲਿਆਂਦੀ ਟਕੇ ਖਰਚ ਕੀਤੇ ਖੈਰ ਦਾਨ ਮੀਆਂ
ਲਖ ਆਦਮਾਂ ਦੀ ਢੁੱਕੀ ਲਖਮੀ ਸ਼ੀ ਹਿੰਦੂ ਜਾਣਦੇ ਤੇ ਮੁਸਲਮਾਨ ਮੀਆਂ
ਦੌਰ ਰਸਮ ਕੀਤੀ, ਮੁੱਲਾਂ ਸਦ ਆਂਦਾ ਜਿਸ ਨੂੰ ਹਿਫਜ਼ ਸੀ ਫਿਕਾ ਕੁਰਆਨ ਮੀਆਂ
ਮੁੱਲਾ ਸ਼ਾਹਦਾਂ ਨਾਲ ਵਕੀਲ ਕੀਤੇ ਜਿਵੇਂ ਲਿਖਿਆ ਵਿੱਚ ਫਰਕਾਨ ਮੀਆਂ
ਅਸਾਂ ਲਾਇਕੇ ਦਮ ਵਿਆਹ ਆਂਦੀ ਦੇਸ ਮੁਲਕ ਰਹਿਆ ਸਭੋ ਜਾਣ ਮੀਆਂ
ਰਾਵਨ ਵਾਂਗ ਲੈ ਚਲਿਆ ਸੀਤਾ ਤਾਈਂ ਇਹ ਛੋਹਰਾ ਤੇਜ਼ ਜ਼ਬਾਨ ਮੀਆਂ
ਵਾਰਸ ਸ਼ਾਹ ਨੂੰਹ ਰਹੇ ਜੇ ਕਿਵੇਂ ਸਾਥੇ ਰੱਬਾ ਜੁੰਮਲ ਦਾਰ ਹੈ ਈਮਾਨ ਮੀਆਂ
603. ਰਾਜੇ ਨੇ ਪੁੱਛਿਆ
ਰਾਜਾ ਆਖਦਾ ਪੁੱਛੋ ਖਾਂ ਇਹ ਛਾਪਾ ਕਿਥੋਂ ਦਾਮਨੇ ਨਾਲ ਚਮੋੜਿਆ ਜੇ
ਰਾਹ ਜਾਂਦੜੇ ਕਿਸੇ ਨਾ ਪੌਣ ਚੰਬੜ ਇਹ ਭੂਤਨਾ ਕਿੱਥੋਂ ਸਹੇੜਿਆ ਜੇ
ਸਾਰੇ ਮੁਲਕ ਜੋ ਝਗੜ ਦਾ ਨਾਲ ਫਿਰਿਆ ਕਿਸੇ ਹਟਕਿਆ ਨਾਹੀਂ ਮੋੜਿਆ ਜੇ
ਵਾਰਸ ਸ਼ਾਹ ਕਸੁੰਭੇ ਦੇ ਫੋਗ ਵਾਂਗੂੰ ਉਹਦਾ ਅਕਰਾ ਰਸਾ ਨਚੋੜਿਆ ਜੇ
604. ਉੁੱੱਤੱਤਰ ਖਿੜਿਆਂ ਦਾ
ਕਿਤੋਂ ਆਇਆ ਇਹ ਕਾਲ ਵਿੱਚ ਭੁਖ ਮਰਦਾ ਇਹ ਚਾਕ ਸੀ ਮਹਿਰ ਦੀਆਂ ਖੋਲੀਆਂ
ਲੋਕ ਕਰਨ ਵਿਚਾਰ ਜਵਾਨ ਬੇਟੀ ਉਹਨੂੰ ਫਿਕਰ ਸ਼ਰੀਕਾਂ ਦੀਆਂ ਬੋਲੀਆਂ ਦਾ
ਛੈਲ ਨਢੜੀ ਦੇਖ ਕੇ ਮਗਰ ਲੱਗਾ ਹਿਲਿਆ ਹੋਇਆ ਸਿਆਲਾਂ ਦੀਆਂ ਗੋਲੀਆਂ ਦਾ
ਮਹੀਂ ਚਾਇਕੇ ਮਚਿਆ ਦਾਅਵਿਆਂ ਤੇ ਹੋਇਆ ਵਾਰਸੀ ਸਾਡੀਆਂ ਡੋਲੀਆਂ ਦਾ
ਮੌਜੂ ਚੌਧਰੀ ਦਾ ਪੁਤ ਆਖਦੇ ਸਨ ਪਿਛਲਗ ਹਜ਼ਾਰੇ ਦੀਆਂ ਡੋਲੀਆਂ ਦਾ
ਹੱਕ ਕਰੀਂ ਜੋ ਉਮਰ ਖਤਾਬ ਕੀਤਾ ਹੱਥ ਵੱਢਣਾ ਝੂਠਿਆਂ ਰੋਲੀਆਂ ਦਾ
ਨੌਸ਼ੀਰਵਾਂ ਗਧੇ ਦਾ ਅਦਲ ਕੀਤਾ ਅਤੇ ਕੰਜਰੀ ਅਦਲ ਤੰਬੂਲੀਆਂ ਦਾ
ਨਾਦ ਖਪਰੀ ਠਗੀ ਦੇ ਬਾਬ ਸਾਰੇ ਚੇਤਾ ਕਰੀਂ ਧਿਆਨ ਜੇ ਝੂਲੀਆਂ ਦਾ
ਮੰਤਰ ਮਾਰ ਕੇ ਖੰਭ ਦਾ ਕਰੇ ਕੁੱਕੜ ਬੇਰ ਨਿਮ ਦੀਆਂ ਕਰੇ ਨਮੋਲੀਆਂ ਦਾ
ਕੰਘੀ ਲੋਹੇ ਦੀ ਤਾਂ ਕੇ ਪਟੇ ਵਾਹੇ ਸਰਦਾਰ ਹੈ ਵੱਡੇ ਕਸਬੋਲੀਆਂ ਦਾ
ਅੰਬ ਬੀਜ ਤੰਦੂਰ ਵਿੱਚ ਕਰੇ ਹਰਿਆ ਬਣੇ ਮਕਿਉ ਬਾਲਕਾ ਔਲੀਆ ਦਾ
ਵਾਰਸ ਸਾਹ ਸਭ ਐਬ ਦਾ ਰਬ ਮਹਿਰਮ ਐਵੇਂ ਸਾਂਗ ਹੈ ਪਗੜੀ ਪੋਲੀਆਂ ਦਾ
605. ਉੱਤਰ ਕਾਜ਼ੀ
ਕਾਜ਼ੀ ਆਖਿਆ ਬੋਲ ਫਕੀਰ ਮੀਆਂ ਛੱਡ ਝੂਠ ਦੇ ਦਬ ਦੜੇੜਿਆਂ ਨੂੰ
ਅਸਲ ਗੱਲ ਸੋ ਆਖ ਦਰਗਾਹ ਅੰਦਰ ਲਾ ਤਯਕਰ ਝਗੜਿਆਂ ਝੇੜਿਆਂ ਨੂੰ
ਸਾਰੇ ਦੇਸ ਵਿੱਚ ਠਿਠ ਹੋ ਸਣੇ ਨਢੀ ਦੋਵੇਂ ਫੜੇ ਹੋ ਆਪਣੇ ਫੇੜਿਆਂ ਨੂੰ
ਪਿੱਛੇ ਮੇਲ ਕੇ ਚੋਇਆ ਰਿੜਕਿਆਈ ਉਹ ਰਵਾ ਸੀ ਵਕਤ ਸਹੇੜਿਆਂ ਨੂੰ
ਭਲੇ ਜੱਟਾਂ ਦੀ ਸ਼ਰਮ ਤੂੰ ਲਾਹ ਸੁੱਟੀ ਖਵਾਰ ਕੀਤਾ ਈ ਸਿਆਲਾਂ ਤੇ ਖੇੜਿਆਂ ਨੂੰ
ਭਲਾ ਮਚਿਉਂ ਆਣ ਕੇ ਦਾਅਵਿਆਂ ਤੇ ਸਲਾਮ ਹੈ ਵਲ ਛਲਾਂ ਤੇਰਿਆਂ ਨੂੰ
ਆਭੂ ਭੁਣਦਿਆਂ ਝਾੜ ਕੇ ਚੱਬ ਚੁੱਕੋਂ ਹੁਣ ਵੌਹਟੜੀ ਦੇਹ ਇਹ ਖੇੜਿਆਂ ਨੂੰ
ਆਓ ਦੇਖ ਲੌ ਸੁਣਨ ਗਿਣਨ ਵਾਲਿਉ ਏਹ ਮਲਾਹ ਜੇ ਡੋਬਦੇ ਬੋੜਿਆਂ ਨੂੰ
ਦੁਨੀਦਾਰ ਨੂੰ ਔਰਤਾਂ ਜ਼ੁਹਦ ਫਕਰਾਂ ਮੀਆਂ ਛਡ ਸ਼ੁਹਦਿਆਂ ਝੇੜਿਆਂ ਨੂੰ
ਕਾਜ਼ੀ ਬਹੁਤ ਜੇ ਆਂਵਦਾ ਤਰਸ ਤੈਨੂੰ ਬੇਟੀ ਅਪਣੀ ਬਖਸ਼ ਦੇ ਖੇੜਿਆਂ ਨੂੰ
ਨਿਤ ਮਾਲ ਪਰਾਏ ਹਨ ਚੋਰ ਖਾਂਦੇ ਇਹ ਦੱਸ ਮਸਲੇ ਰਾਹੀਂ ਬੇੜ੍ਹਿਆਂ ਨੂੰ
ਛਡ ਜਾ ਹਿਆ ਦੇ ਨਾਲ ਜੱਟੀ ਨਹੀਂ ਜਾਣਸੈਂ ਦੁਰਿਆਂ ਮੇਰਿਆਂ ਨੂੰ
ਗ਼ਨੀ ਕੁਲ ਜਹਾਨ ਦੇ ਪਕੜੀਅਣ ਗੇ ਵਾਰਸ ਸ਼ਾਹ ਫਕੀਰ ਦੇ ਫੇੜਿਆਂ ਨੂੰ
606. ਕਾਜ਼ੀ ਦਾ ਖਿੜਿਆਂ ਤੇ ਗੁੱੱਸਾ
ਕਾਜ਼ੀ ਖੋਹ ਦਿੱਤੀ ਹੀਰ ਖੇੜਿਆਂ ਨੂੰ ਮਾਰੋ ਇਹ ਫਕੀਰ ਦਗ਼ੋਲੀਆ ਜੇ
ਵਿੱਚੋ ਚੋਰ ਤੇ ਯਾਰ ਹੈ ਜੇ ਲੁੱਚ ਲੁੱਡਾ ਦੇਖੋ ਬਾਹਰੋਂ ਵਲੀ ਤੇ ਔਲੀਆ ਜੇ
ਦਗ਼ਾਦਾਰ ਤੇ ਝਾਗੜੂ ਕਲਾਕਾਰੀ ਬਣ ਫਿਰੇ ਅਸ਼ਇਖ ਮੌਲੀਆ ਜੇ
ਜਦੋਂ ਦਗ਼ੇ ਤੇ ਆਵੇ ਤਾਂ ਸਫਾਂ ਗਾਲੇ ਅਖੀਂ ਮੀਟ ਬਹੇ ਜਾਪੇ ਰੋਲੀਆ ਜੇ
607. ਖ਼ੇੜੇ ਹੀਰ ਨੂੰ ਲੈ ਕੇ ਤੁਰੁਰ ਪਏ
ਹੀਰ ਖੋਹ ਖੇੜੇ ਚਲੇ ਵਾਹੋ ਦਾਹੀ ਰਾਂਝਾ ਰਹਿਆ ਮੂੰਹ ਗੁੰਝ ਹੈਰਾਨ ਯਾਰੋ
ਉਡ ਜਾਏ ਕਿ ਨਿਘਰੇ ਗਰਮ ਹੋਵੇ ਵੇਹਲ ਦੇਸ ਨਾ ਜ਼ਮੀਂ ਅਸਮਾਨ ਯਾਰੋ
ਖੇਪ ਮਾਰ ਲਏ ਖੇਤੜੇ ਸੜੇ ਬੋਹਲ ਹੱਕ ਅਮਲੀਆਂ ਦੇ ਰੁੜ੍ਹ ਜਾਣ ਯਾਰੋ
ਡੋਰਾਂ ਦੇਖ ਕੇ ਮੀਰ ਸ਼ਿਕਾਰ ਰੋਵਨ ਹੱਥੋਂ ਜਿਨ੍ਹਾਂ ਦਿਉਂ ਬਾਜ਼ ਉਡ ਜਾਣ ਯਾਰੋ
ਉਹਨਾਂ ਹੋਸ਼ ਤੇ ਅਕਲ ਨਾ ਥਾਉਂ ਰਹਿੰਦਾ ਸਿਰੀਂ ਜਿਨ੍ਹਾਂ ਦੇ ਪਵਣ ਦਵਾਣ ਯਾਰੋ
ਹੀਰ ਲਾਹ ਕੇ ਘੁੰਢ ਹਰਾਨ ਹੋਈ ਸਤੀ ਖਚਾਵੇ ਵਿੱਚ ਮੈਦਾਨ ਯਾਰੋ
ਤਿੱਖਾ ਦੀਦੜਾ ਵਾਂਗ ਮਹਾਸਤੀ ਦੇ ਮੱਲ ਖੜੀ ਸੀ ਇਸ਼ਕ ਮੈਦਾਨ ਯਾਰੋ
ਵਿੱਚ ਓਢਣੀ ਸਹਿਮ ਦੇ ਨਾਲ ਛਪੀ ਜਿਵੇਂ ਵਿੱਚ ਕਿਰਬਾਨ ਕਮਾਨ ਯਾਰੋ
ਖੂੰਡੇ ਅਤੇ ਚੌਗਾਨ ਲੈ ਦੇਸ ਨੱਠਾ ਦੇਖਾਂ ਕਿਹੜੇ ਫੁੰਡ ਲੈ ਜਾਣ ਯਾਰੋ
ਚੁਪ ਸ਼ੱਲ ਹੋ ਬੋਲਣੋ ਰਹੀ ਜੱਟੀ ਬਿਨਾ ਰੂਹ ਦੇ ਜਿਵੇਂ ਇਨਸਾਨ ਯਾਰੋ
ਵਾਰਸ ਸ਼ਾਹ ਦੋਵੇਂ ਪਰੇਸ਼ਾਨ ਹੋਏ ਜਿਵੇਂ ਪੜ੍ਹਿਆ ਲਾਹੌਲ ਸ਼ੈਤਾਨ ਯਾਰੋ
608. ਹੀਰ ਨੂੰ ਉੁੱੱਤੱਤਰ ਰਾਂਝੇ ਦਾ
ਰਾਂਝਾ ਆਖਦਾ ਜਾ ਕੀ ਦੇਖਦੀ ਹੈਂ ਬੁਰਾ ਮੌਤ ਕੀਂ ਏਹ ਵਜੋਗ ਹੈ ਨੀ
ਪਏ ਧਾੜਵੀ ਲੁਟ ਲੈ ਚੱਲੇ ਮੈਨੂੰ ਏਹ ਦੁਖ ਕੀ ਜਾਣਦਾ ਲੋਗ ਹੈ ਨੀ
ਮਿਲੀ ਸੈਦੇ ਨੂੰ ਹੀਰ ਤੇ ਸਵਾਹ ਤੈਨੂੰ ਤੇਰਾ ਨਾਮ ਤੇ ਅਸਾਂ ਨੂੰ ਟੋਗ ਹੈ ਨੀ
ਬੁੱਕਲ ਲੇਫ ਦੀ ਜੱਫੀਆਂ ਵੌਹਟੀਆਂ ਦੀਆਂ ਇਹ ਰੁਤ ਸਿਆਲ ਦਾ ਭੋਗ ਹੈ ਨੀ
ਸੌਕਦ ਰੰਨ ਗਵਾਂਢ ਕੁਪੱਤਿਆਂ ਦਾ ਭਲੇ ਮਰਦ ਦੇ ਬਾਬਾ ਦਾ ਰੋਗ ਹੈ ਨੀ
ਖੁਸ਼ੀ ਨਿਤ ਹੋਵਨ ਮਰਦ ਫੁਲ ਵਾਂਗੂੰ ਘਰੀਂ ਜਿਨ੍ਹਾਂ ਦੇ ਨਿਤ ਦਾ ਸੋਗ ਹੈ ਨੀ
ਤਿਨ੍ਹਾਂ ਵਿੱਚ ਜਹਾਨ ਕੀ ਮਜ਼ਾ ਪਾਇਆ ਗਲੇ ਜਿਨ੍ਹਾਂ ਦੇ ਰੇਸ਼ਟਾ ਜੋਗ ਹੈ ਨੀ
ਜਿਹੜਾ ਬਿਨਾ ਖੁਰਾਕ ਦੇ ਕਰੇ ਕੁਸ਼ਤੀ ਓਸ ਮਰਦ ਨੂੰ ਜਾਣੀਏ ਫੇਗ ਹੈ ਨੀ
ਅਸਮਾਨ ਢਹਿ ਪਵੇ ਤਾਂ ਨਹੀਂ ਮਰਦੇ ਬਾਕੀ ਜਿਨ੍ਹਾਂ ਦੀ ਜ਼ਿਮੀਂ ਤੇ ਚੋਗ ਹੈ ਨੀ
ਜਦੋਂ ਕਦੋ ਮਹਿਬੂਬ ਨਾ ਛੱਡਣਾ ਏਂ ਕਾਲਾ ਨਾਗ ਖੁਦਾ ਦਾ ਜੋਗ ਹੈ ਨੀ
ਕਾਂਉ ਕੂੰਜ ਨੂੰ ਮਿਲੇ ਤੇ ਸ਼ੇਰ ਫਵੀ ਵਾਰਸ ਸ਼ਾਹ ਇਹ ਧੁਰੋਂ ਸੰਜੋਗ ਹੈ ਨੀ
609. ਉਹੀ
ਬਰ ਵਕਤ ਜੇ ਫਜ਼ਲ ਦਾ ਮੀਂਹ ਵੱਸੇ ਬੁਰਾ ਕੌਣ ਮਨਾਂਵਦਾ ਵੁਠਿਆਂ ਨੂੰ
ਲਬ ਯਾਰ ਦੇ ਆਬਿ ਹਿਆਤ ਬਾਝੋਂ ਕੌਣ ਜ਼ਿੰਦਗੀ ਬਖਸ਼ਦਾ ਕੁਠਿਆਂ ਨੂੰ
ਦੋਵੇਂ ਆਹ ਫਰਾਕ ਦੀ ਮਾਰ ਲੁਟਏ ਕਰਾਮਾਤ ਮਨਾਵਸੀ ਰੁੱਠਿਆਂ ਨੂੰ
ਵਾਰਸ ਮਾਰ ਕੇ ਆਹ ਤੇ ਸ਼ਹਿਰ ਸਾੜੂੰ ਬਾਦਸ਼ਾ ਜਾਣੇ ਅਸਾਂ ਮੁਠਿਆਂ ਨੂੰ
610. ਹੀਰ ਦੀ ਆਹ
ਹੀਰ ਨਾਲ ਫਰਾਕ ਦੇ ਆਹ ਮਾਰੀ ਰੱਬਾ ਦੇਖ ਅਸਾਡੀਆਂ ਭਖਣ ਭਾਹੀਂ
ਅੱਗੇ ਅੱਗ ਪਿੱਛੇ ਸੱਪ ਸ਼ੀਂਹ ਪਾਸੀਂ, ਸਾਡੀ ਵਾਹ ਨਾ ਚਲਦੀ ਚੋਹੀਂ ਰਾਹੀਂ
ਇੱਕੇ ਮੇਲ ਰੰਝੇਟੜਾ ਉਮਰ ਜਾਲਾਂ ਇੱਕੇ ਦੋਹਾਂ ਦੀ ਉਮਰ ਦੀ ਅਲਖ ਲਾਹੀਂ
ਏਡਾ ਕਹਿਰ ਕੀਤਾ ਦੇਸ ਵਾਲਿਆਂ ਨੇ ਏਸ ਸ਼ਹਿਰ ਨੂੰ ਕਾਦਰਾਂ ਅੱਗ ਲਾਈਂ
611. ਰਾਂਝੇ ਦੀ ਰੱਬੱਬ ਤੋਂੋਂ ਮੰਗੰਗ
ਰੱਬਾ ਕਹਿਰ ਪਾਈ ਉਹ ਸ਼ਹਿਰ ਉਤੇ ਜਿਹੜਾ ਘਤ ਫਰਔਨ ਡੁਬਾਇਆ ਈ
ਜਿਹੜਾ ਨਾਜ਼ਲ ਹੋਇਆ ਜ਼ਿਕਰੀਏ ਤੇ ਉਹਨੂੰ ਘੱਤ ਸ਼ਰੀਹ ਚਰਵਾਇਆ ਈ
ਜਿਹੜਾ ਪਾਇ ਕੇ ਕਹਿਰ ਦੇ ਨਾਲ ਗੁੱਸੇ ਵਿੱਚ ਅੱਗ ਖਲੀਲ ਪਵਾਇਆ ਈ
ਜਿਹੜਾ ਪਾਇਕੇ ਕਹਿਰ ਤੇ ਸੁਟ ਤਖਤੋਂ ਸੁਲੇਮਾਨ ਨੂੰ ਭਠ ਝੁਕਾਇਆ ਈ
ਜਿਹੜੇ ਕਹਿਰ ਦਾ ਯੂਨਸ ਤੇ ਪਿਆ ਬੱਦਲ ਉਹਨੂੰ ਡੰਭਰੇ ਥੋਂ ਨਿਗਲਵਾਇਆ ਈ
ਜਿਹੜੇ ਕਹਿਰ ਤੇ ਗ਼ਜ਼ਬ ਦੀ ਪਕੜ ਕਾਤੀ ਇਸਮਾਈਲ ਨੂੰ ਜਿਬਾਹ ਕਰਾਇਆ ਈ
ਜਿਹੜਾ ਘਤਿਉ ਗ਼ਜ਼ਬ ਤੇ ਵੱਡਾ ਗੱਸਾ ਯੂਸਫ ਖੂਹ ਦੇ ਬੰਦ ਪਵਾਇਆ ਈ
ਜਿਹੜੇ ਕਹਿਰ ਦੇ ਨਾਲ ਸ਼ਾਹ ਮਰਦਾਂ ਇਕਸ ਨਫਰ ਤੋਂ ਕਤਲ ਕਰਾਇਆ ਈ
ਜਿਹੜੇ ਕਹਿਰ ਦੇ ਨਾਲ ਯਜ਼ੀਦੀਆਂ ਤੋਂ ਇਮਾਮ ਹੁਸੈਨ ਚਾ ਕੁਹਾਇਆ ਈ
ਕੱਕੀ ਭੂਰੀ ਤੇਜ਼ ਜ਼ਬਾਨ ਕੋਲੋਂ ਹਸਨ ਜ਼ਹਿਰ ਦੇ ਨਾਲ ਮਰਵਾਇਆ ਈ
ਓਹਾ ਕਹਿਰ ਘੱਤੀਂ ਏਸ ਦੇਸ ਉਤੇ ਜਿਹੜਾ ਇਤਨਿਆਂ ਦੇ ਸਿਰ ਆਇਆ ਈ
612. ਰਾਂਝੇ ਦਾ ਸਰਾਪ
ਰਾਂਝੇ ਹੱਥ ਉਠਾ ਦੁਆ ਮੰਗੀ ਤੇਰਾ ਨਾਮ ਕਹਾਰ ਜੱਬਾਰ ਸਾਈਂ
ਤੂੰ ਤਾਂ ਅਪਣੇ ਨਾਉਂ ਨਿਆਉਂ ਪਿੱਛੇ ਏਸ ਦੇਸ ਤੇ ਗ਼ੈਬ ਦਾ ਗ਼ਜ਼ਬ ਪਾਈ
ਸਾਰਾ ਸ਼ਹਿਰ ਉਜਾੜਕੇ ਸਾੜ ਸਾਈਆਂ ਕਿਵੇਂ ਮੁਝ ਗ਼ਰੀਬ ਭੀ ਦਾਦ ਪਾਈਂ
ਸਾਡੀ ਸ਼ਰਮ ਰਹਿਸੀ ਕਰਾਮਾਤ ਜਾਗੇ ਬੰਨੇ ਬੇੜੀਆਂ ਸਾਡੀਆਂ ਚਾ ਲਾਈਂ
613. ਉਹੁਹੀ (ਹਿੰਦੰਦੂ ਮਿਥਿਹਾਸ)
ਜਿਵੇਂ ਇੰਦ ਤੇ ਕਹਿਰ ਦੀ ਨਜ਼ਰ ਕਰਕੇ ਮਹਿਖਾਸਰੋਂ ਪਰੀ ਲੁਟਵਾਇਆ ਈ
ਸੁਰਗਾ ਪੁਰੀ ਅਮਰ ਪੁਰੀ ਇੰਦ ਪੁਰੀਆਂ ਦੇਵ ਪੁਰੀ ਮੁਖ ਆਸਣ ਲਾਇਆ ਈ
ਰਿੱਕਤ ਬੀਜ ਮਹਿਘਸਰੋਂ ਲਾ ਸੱਭੇ ਪਰਚੰਡ ਕਰ ਪਲਕ ਵਿੱਚ ਆਇਆ ਈ
ਓਹਾ ਕ੍ਰੋਪ ਕਰ ਜਿਹੜਾ ਪਿਆ ਜੋਗੀ ਬਿਸ਼ਵਾ ਮਿੱਤਰੋਂ ਖੇਲ ਕਰਵਾਇਆ ਈ
ਓਹਾ ਕ੍ਰੋਧ ਕਰ ਜਿਹੜਾ ਪਾਇ ਰਾਵਨ ਰਾਮ ਚੰਦ ਥੋਂ ਲੰਕ ਲੁਟਵਾਇਆ ਈ
ਓਹਾ ਕ੍ਰੋਪ ਕਰ ਜਿਹੜਾ ਪਾਂਡੋਆਂ ਥੋਂ ਚਖਾ ਬੂਹ ਦੇ ਵਿੱਚ ਕਰਵਾਇਆ ਈ
ਦ੍ਰੋਨਾਂ ਚਾਰਜੋਂ ਲਾਇਕੇ ਭੀਮ ਭੇਖਮ ਜਿਹੜਾ ਕੈਰਵਾਂ ਦੇ ਗਲ ਪਾਇਆ ਈ
ਕਹਿਰ ਪਾ ਜੋ ਘਤ ਹਕਨਾਕਸ਼ੇ ਤੇ ਨਾਲ ਨਖਾਂ ਦੇ ਢਿਡ ਪੜਵਾਇਆ ਈ
ਘਤ ਕ੍ਰੋਪ ਜੋ ਪਾਇਕੇ ਕੰਸ ਰਾਜੇ ਬੋਦੀ ਕਾਨ੍ਹ ਥੋਂ ਚਾ ਪਟਾਇਆ ਈ
ਘਤ ਕ੍ਰੋਪ ਜੋ ਪਾਇ ਕਲਖੇਤਰੇ ਨੂੰ ਕਈ ਖੂਹਣੀ ਸੈਨ ਗਲਵਾਇਆ ਈ
ਘਤ ਕ੍ਰੋਪ ਜੋ ਦਰੋਪਦੀ ਨਾਲ ਹੋਏ ਪਤ ਨਾਲ ਪਰ ਅੰਤ ਬਚਾਇਆ ਈ
ਘਤ ਕ੍ਰੋਪ ਜੋ ਰਾਮ ਦੀ ਬੈਠ ਗਤ ਮੋਂ ਸਰੂਪ ਨਖਾ ਬਿਨ ਨਕ ਕਟਵਾਇਆ ਈ
ਜੁਧ ਵਿੱਚ ਜੋ ਰਾਮ ਨਲ ਨੀਲ ਲਛਮਣ ਕੁੰਭ ਕਰਨ ਦੇ ਬਾਬਾ ਬਣਾਇਆ ਈ
ਘਤ ਕ੍ਰੋਪ ਜੋ ਰਾਮ ਨੇ ਕ੍ਰੋਧ ਕਰਕੇ ਬਲੀ ਸਿੰਘ ਦੀ ਖੇਡ ਮੁਕਾਇਆ ਈ
ਘਤ ਕ੍ਰੋਪ ਜੋ ਬਾਲੀ ਤੇ ਰਾਮ ਕੀਤਾ ਅਤੇ ਤਾਰਕਾ ਪਕੜ ਚਰਵਾਇਆ ਈ
ਘਤ ਕ੍ਰੋਪ ਸਬਾਹੂ ਮਰੀਖ ਮਾਰਿਉ ਮਹਾ ਦੇਵ ਦਾ ਕੁੰਢ ਭਨਾਇਆ ਈ
ਉਹ ਕ੍ਰੋਪ ਕਰ ਜਿਹੜਾ ਏਤਨਿਆਂ ਤੇ ਜੁਗਾ ਜੁਗ ਹੀ ਧੁੰਮ ਕਰਾਇਆ ਈ
ਉਸ ਦਾ ਆਖਿਆ ਰੱਬ ਮਨਜ਼ੂਰ ਕੀਤਾ ਤੁਰਤ ਸ਼ਹਿਰ ਨੂੰ ਅੱਗ ਲਗਾਇਆ ਈ
ਜਦੋਂ ਅੱਗ ਨੇ ਸ਼ਹਿਰ ਨੂੰ ਚੌੜ ਕੀਤਾ ਧੁੰਮ ਰਾਜੇ ਦੇ ਪਾਸ ਫਿਰ ਆਇਆ ਈ
ਵਾਰਸ ਸ਼ਾਹ ਮੀਆਂ ਵਾਂਗ ਸ਼ਹਿਰ ਲੰਕਾ ਚਾਰੋਂ ਤਰਫ ਬੀ ਅੱਗ ਮਚਾਇਆ ਈ
614. ਸਾਰੇ ਸ਼ਹਿਰ ਨੂੰ ਅੱਗੱਗ ਲੱਗੱਗਣੀ
ਲੱਗੀ ਅੱਗ ਚੌਤਰਫ ਜਾਂ ਸ਼ਹਿਰ ਸਾਰੇ ਕੀਤਾ ਸਾਫ ਸਭ ਝੁਘੀਆਂ ਝਾਹੀਆਂ ਨੂੰ
ਸਾਰੇ ਦੇਸ ਵਿੱਚ ਧੁੰਮ ਤੇ ਸ਼ੋਰ ਹੋਇਆ ਖਬਰਾਂ ਪਹੁੰਚੀਆਂ ਪਾਂਧੀਆਂ ਰਾਹੀਆਂ ਨੂੰ
ਲੋਕਾਂ ਆਖਿਆ ਫਕਰ ਬਦ ਦੁਆ ਦਿੱਤੀ ਰਾਜੇ ਭੇਜਿਆ ਤੁਰਤ ਸਪਾਹੀਆਂ ਨੂੰ
ਪਕੜ ਖੇੜਿਆਂ ਨੂੰ ਕਰੋ ਆਣ ਹਾਜ਼ਰ ਨਹੀਂ ਜਾਣਦੇ ਜ਼ਬਤ ਬਾਦਸ਼ਾਹੀਆਂ ਨੂੰ
ਜਾ ਘੇਰ ਆਂਦੇ ਚਲੋ ਹੋਓ ਹਾਜ਼ਰ ਖੇੜੇ ਫੜੇ ਨੇ ਦੇਖ ਲੈ ਕਾਹੀਆਂ ਨੂੰ
ਵਾਰਸ ਸੋਮ ਸਲਾਤ ਦੀ ਛੁਰੀ ਕੱਪੇ ਇਹਨਾਂ ਦੀਨ ਈਮਾਨ ਦੀਆਂ ਫਾਹੀਆਂ ਨੂੰ
615. ਹੀਰ ਨੇ ਰਾਂਝੇ ਨੂੰ ਰਿਕਿਆ
ਹੀਰ ਖੋਹ ਕੇ ਰਾਂਝੇ ਦੇ ਹੱਥ ਦਿੱਤੀ ਕਰੀਂ ਜੋਗੀਆ ਖ਼ੈਰ ਦੁਆ ਮੀਆਂ
ਰਾਂਝਾ ਹੱਥ ਉਠਾ ਕੇ ਦੁਆ ਦਿੱਤੀ ਤੇਸ਼ੋ ਜ਼ੁਲ ਜਲਾਲ ਖੁਦਾ ਮੀਆਂ
ਤੇਰੇ ਹੁਕਮ ਤੇ ਮੁਲਕ ਤੇ ਖੈਰ ਹੋਵੇ ਤੇਰੀ ਦੂਰ ਹੋ ਕੁੱਲ ਬਲਾ ਮੀਆਂ
ਅੰਨ ਧੰਨ ਤੇ ਲਛਮੀ ਹੁਕਮ ਦੌਲਤ ਨਿਤ ਹੋਵਨੀ ਦੂਣ ਸਵਾ ਮੀਆਂ
ਘੋੜੇ ਊਠ ਹਾਥੀ ਦਮ ਤੋਪ ਖਾਨੇ ਹਿੰਦ ਸਿੰਧ ਤੇ ਹੁਕਮ ਚਲਾ ਮੀਆਂ
ਵਾਰਸ ਸ਼ਾਹ ਰਬ ਨਾਲ ਹਿਆ ਰੱਖੇ ਮੀਟੀ ਮੁਠ ਹੀ ਦੇ ਲੰਘਾ ਮੀਆਂ
616. ਉੱਤਰ ਰਾਂਝਾ
ਲੈ ਕੇ ਚਲਿਆ ਆਪਣੇ ਦੇਸ ਤਾਈਂ ਚਲ ਨੱਢੀਏ ਰੱਬ ਵਧਾਈ ਨੀ
ਚੌਧਰਾਣੀਏ ਤਖਤ ਹਜ਼ਾਰੇ ਦੀਏ ਪੰਜਾਂ ਪੀਰਾਂ ਨੇ ਆਣ ਬਹਾਈਂ ਨੀ
ਕਢ ਖੇੜਿਆਂ ਤੋਂ ਰੱਬ ਦਿੱਤੀਏ ਤੂੰ ਅਤੇ ਮੁਲਕ ਪਹਾੜ ਪਹੁੰਚਾਈਂ ਨੀ
ਹੀਰ ਆਖਿਆ ਐਵੇ ਜੇ ਜਾ ਵੜਸਾਂ ਰੰਨਾ ਆਖਸਨ ਉਧਲੇ ਆਈਂ ਨੀ
ਪੀਏ ਸਹੁਰੇ ਡੋਬ ਕੇ ਗਾਲਿਉ ਨੀ ਖੋਹ ਕੌਣ ਨਵਾਲੀਆਂ ਆਈਂ ਨੀ
ਲਾਵਾਂ ਫੇਰਿਆਂ ਅਕਦ ਨਕਾਹ ਬਾਝੋਂ ਐਵੇਂ ਬੋਦਲ ਹੋਇਕੇ ਆਈਂ ਨੀ
ਘਤ ਜਾਦੂੜਾ ਦੇਵ ਨੇ ਪਰੀ ਠੱਗੀ ਹੂਰ ਆਦਮੇ ਦੇ ਹੱਥ ਆਈ ਨੀ
ਵਾਰਸ ਸ਼ਾਹ ਪ੍ਰੇਮ ਦੀ ਜੜੀ ਘੱਤੀ ਮਸਤਾਨੜੇ ਚਾਕ ਰਹਾਈ ਨੀ
617. ਪਹਾੜੀ ਔਰੌਰਤਾਂ ਦੀ ਗੱਲੱਲ ਬਾਤ
ਰੰਨਾਂ ਦੇਸ ਪਹਾੜ ਦੀ ਠੀਕਰੀ ਦੀਆਂ ਆਈਆਂ ਹੋ ਕੇ ਧੁੰਬਲਾ ਬੱਡਾ ਭਾਰਾ
ਰਾਜੇ ਮਾਹਣੂਆਂ ਜਿਉ ਕੌਣ ਸੇਵਕਣਾਂ ਕਦੇ ਪ੍ਰੇਮ ਦੀ ਝੋਕ ਥੀਂ ਜਿਉ ਮਹਾਰਾ
ਥਾਰੋ ਅਥਰੂ ਥਾਰ ਹੀ ਥਾਇ ਜਾਂਦੇ ਅਨਾ ਕੀਕਣੌ ਚੜ੍ਹਿਉ ਅਪਰਾਧ ਭਾਰਾ
ਐਡੋ ਵੀਨ ਆਧਾਨ ਗਲਾਇਕੇ ਤੇ ਮਹਾਰੇ ਦੇਸ ਕੋ ਲੁਟੀਏ ਜਾਨ ਕਾਰਾ
ਧਰਮੀ ਰਾਜੇ ਕੂੰ ਮਾਹਣੂਆਂ ਕਹਿ ਲਿਤੇ ਕੀ ਬੀ ਕਾਂਡ ਅੰਧੇਰੀ ਹੈ ਚੜ੍ਹੀ ਧਾੜਾ
ਬਹਿਰਮ ਗਲੇ ਕੂੰ ਪੀਰ ਪੰਚਾਲ ਭੀਤਰ ਬਲ੍ਹੋ ਘਾਟ ਕੂੰ ਕੁਬੜੇ ਚਲਣ ਹਾਰਾ
ਕਦੇ ਕਦੇ ਵੰਝੇਂ ਛੁੱਕੇ ਮਾਹਣੂਆਂ ਵੋ ਜੰਘੀਂ ਕਾਪ ਸੁਟੂੰ ਜਿਵੇਂ ਕੰਟ ਕਾਰਾ
ਕੀ ਬੀ ਲਾੜੀਆਂ ਕਬੀ ਗਲਾਈ ਮੰਡੀ ਵਾਰਸ ਕੌਣ ਕਵਰਾਜ ਕਰ ਖੇਡ ਧਾਰਾ
618. ਉਹੀ ਚਾਲੂ
ਥਾਰੋ ਸੁਸਰੋ ਕੌਣ ਕੀ, ਮਾਤ ਪਿਤਾ ਪਿਤਰ ਕਿਨ, ਕਿਨ ਹੋ ਬਦਾਈ ਕੋਲੜੋ ਰੀ
ਕਦੀ ਦਿਸ਼ਰੋ ਚੰਦਰ ਮੁਖ ਕਾਲ ਬੇਧੀ, ਏਰੋ ਲਾਗੜੋ ਭਟ ਕੰਨ ਖੱਲੜੋ ਰੀ
ਅਠਕੇਲੜੋ ਖੇਲ ਕਟਕਨੇ ਧਾਇਉ ਕਰ ਠਾਕ ਕਿਨ ਦੇਸ ਲੈ ਚਲੜੋ ਰੀ
ਧੂਨ ਧਾਰਕੇ ਕੀਲ ਲੈ ਧੌਂਸ ਧਾਂਕੋ ਸਰਵਸਿੱਆ ਬਸੁਰਤ ਅਲਵੜੋ ਰੀ
619. ਉੱਤਰ ਹੀਰ
ਰਾਹੇ ਰਾਹ ਜਾਂ ਸਿਆਲਾਂ ਦੀ ਜੂਹ ਆਈ ਹੀਰ ਆਖਿਆ ਦੇਖ ਲੈ ਜੂਹ ਮੀਆਂ
ਜਿੱਥੋਂ ਖੇਡਦੇ ਗਏ ਸਾਂ ਚੋਜ ਕਰਦੇ ਤਕਦੀਰ ਲਾਹੇ ਵਿੱਚ ਖੂਹ ਮੀਆਂ
ਜਦੋਂ ਜੰਜ ਆਈ ਘਰ ਖੇੜਿਆਂ ਦੀ ਤੂਫਾਨ ਆਇਆ ਸਿਰ ਨੂਹ ਮੀਆਂ
ਇਹ ਥਾਂਉ ਜਿੱਥੇ ਕੈਦੋ ਫਾਂਟਿਆ ਸੀ ਨਾਲ ਸੇਲ੍ਹੀਆਂ ਬੰਨ੍ਹ ਧਰੂਹ ਮੀਆਂ
620. ਸਿਆਲਾਂ ਨੂੰ ਖਬਰ ਹੋਣੋਣੀ
ਮਾਹੀਆਂ ਆਖਿਆ ਜਾ ਕੇ ਵਿੱਚ ਸਿਆਲੀਂ ਨਢੀ ਹੀਰ ਨੂੰ ਚਾਕ ਲੈ ਆਇਆ ਜੇ
ਦਾੜ੍ਹੀ ਖੇੜਿਆਂ ਦੀ ਸੱਭਾ ਮੁੰਨ ਸੁੱਟੀ ਪਾਣੀ ਇਕ ਫੂਹੀ ਨਾਹੀਂ ਲਾਇਆ ਜੇ
ਸਿਆਲਾਂ ਆਖਿਆ ਪਰ੍ਹਾਂ ਨਾ ਜਾਣ ਕਿਤੇ ਜਾ ਕੇ ਚਾਕੜੇ ਨੂੰ ਘਰੀਂ ਲਿਆਇਆ ਜੇ
ਆਖੋ ਰਾਂਝਣੇ ਨੂੰ ਜੰਜ ਬਣਾ ਲਿਆਵੇ ਬਨ੍ਹ ਸਿਹਰੇ ਡੋਲੜੀ ਪਾਇਆ ਜੇ
ਜੋ ਕੁਝ ਹੈ ਨਸੀਬ ਸੋ ਦਾਜ ਦਾਮਨ ਸਾਥੋਂ ਤੁਸੀਂ ਭੀ ਚਾ ਲੈਜਾਇਆ ਜੇ
ਏਧਰੋਂ ਹੀਰ ਤੇ ਰਾਂਝੇ ਨੂੰ ਲੈਣ ਚੱਲੇ ਓਧਰੋਂ ਖੇੜਿਆਂ ਦਾ ਨਾਈ ਆਇਆ ਜੇ
ਸਿਆਲਾਂ ਆਖਿਆ ਖੇੜਿਆਂ ਨਾਲ ਸਾਡੇ ਕੋਈ ਖੈਰ ਦੇ ਪੇਚ ਨਾ ਪਾਇਆ ਜੇ
ਹੀਰ ਵਿਆਹ ਦਿੱਤੀ ਮੋਈ ਗਈ ਸਾਥੋਂ ਮੂੰਹ ਧੀ ਦਾ ਨਾ ਦਖਾਇਆ ਜੇ
ਮੁੜੀ ਤੁਸਾਂ ਥੋਂ ਉਹ ਕਿਸੇ ਖੂਹ ਡੁੱਬੀ ਕੇਹਾ ਦੇਸ ਤੇ ਪੁਛਨਾ ਲਾਇਆ ਜੇ
ਸਾਡੀ ਧੀ ਦਾ ਖੋਜ ਮੁਕਾਇਆ ਜੇ ਕੋਈ ਅਸਾਂ ਨੂੰ ਸਾਕ ਦਵਾਇਆ ਜੇ
ਓਵੇਂ ਮੋੜ ਕੇ ਨਾਈ ਨੂੰ ਟੋਰ ਦਿੱਤਾ ਮੁੜ ਫੇਰ ਨਾ ਅਸਾਂ ਵੱਲ ਆਇਆ ਜੇ
ਓੜਕ ਤੁਸਾਂ ਤੇ ਇਹ ਉਮੀਦ ਆਹੀ ਡੰਡੇ ਸੁਥਰਿਆਂ ਵਾਂਗ ਵਜਾਇਆ ਜੇ
621. ਹੀਰ ਨੂੰ ਘਰ ਲਿਆਉਣੁਣਾ
ਭਾਈਆਂ ਜਾਇਕੇ ਹੀਰ ਨੂੰ ਘਰੀਂ ਆਂਦਾ ਰਾਂਝਨਾ ਨਾਲ ਹੀ ਘਰੇ ਮੰਗਾਇਉ ਨੇ
ਲਾਹ ਮੁੰਦਰਾਂ ਜਟਾਂ ਮੁਨਾ ਸੁਟੀਆਂ ਸਿਰ ਸੋਹਣੀ ਪਗ ਬਨ੍ਹਾਇਉ ਨੇ
ਘਿਨ ਘਤ ਉਤੇ ਖੰਡ ਦੁਧ ਚਾਵਲ ਅੱਗੇ ਰਖ ਪਲੰਗ ਬਹਾਇਉ ਨੇ
ਯਾਅਕੂਬ ਦੇ ਪਿਆਰੜੇ ਪੁਤ ਵਾਂਗੂ ਕਢ ਖੂਹ ਥੀਂ ਤਖਤ ਬਹਾਇਉ ਨੇ
ਜਾ ਭਾਈਆਂ ਦੀ ਜੰਜ ਜੋੜ ਲਿਆਵੀਂ ਅੰਦਰ ਵਾੜ ਕੇ ਬਹੁਤ ਸਮਝਾਇਉ ਨੇ
ਨਾਲ ਦੇ ਲਾਗੀ ਖੁਸ਼ੀ ਹੋ ਸਭਨਾਂ ਤਰਫ ਘਰਾਂ ਦੇ ਓਸ ਪਹੁੰਚਾਇਉ ਨੇ
ਭਾਈਚਾਰੇ ਨੂੰ ਮੇਲ ਬਹਾਇਉ ਨੇ ਸਭੋ ਹਾਲ ਅਹਿਵਾਲ ਸੁਣਾਇਉ ਨੇ
ਦੇਖੋ ਦਗ਼ੇ ਦੇ ਫੰਦ ਲਾਇਉ ਨੇ ਧੀਉ ਮਾਰਨ ਦਾ ਮਤਾ ਪਕਾਇਉ ਨੇ
ਵਾਰਸ ਸ਼ਾਹ ਇਹ ਕੁਦਰਤਾਂ ਰਬ ਦੀਆਂ ਨੇ ਦੇਖ ਨਵਾਂ ਪਖੰਡ ਰਚਾਇਉ ਨੇ
622. ਰਾਂਝਾ ਤਖਤ ਹਜ਼ਾਰੇ ਆ ਗਿਆ
ਰਾਂਝੇ ਜਾਇ ਕੇ ਘਰੇ ਆਰਾਮ ਕੀਤਾ ਗੰਢ ਫੇਰਿਆ ਸੂ ਵਿਚ ਭਾਈਆਂ ਦੇ
ਸਾਰੋ ਕੋੜਮਾ ਆਇਕੇ ਗਿਰਦ ਹੋਇਆ ਬੈਠਾ ਪੈਂਚ ਹੋ ਵਿੱਚ ਭਰਜਾਈਆਂ ਦੇ
ਚਲੋ ਭਾਈਉ ਵਿਆਹ ਕੇ ਸਿਆਲ ਲਿਆਈਏ ਹੀਰ ਲਈ ਹੈ ਨਾਲ ਦੁਆਈਆਂ ਦੇ
ਜੰਜ ਜੋੜ ਕੇ ਰਾਂਝੇ ਤਿਆਰ ਕੀਤੀ ਟਮਕ ਚਾ ਬੱਧੇ ਮਗਰ ਨਾਈਆਂ ਦੇ
ਵਾਜੇ ਪਛਮੀ ਧਰਗਾਂ ਦੇ ਨਾਲ ਵੱਜਣ ਲਖ ਰੰਗ ਛੈਣੇ ਸਰਨਾਈਆਂ ਦੇ
ਵਾਰਸ ਸ਼ਾਹ ਵਸਾਹ ਕੀ ਜਿਊਣੇ ਦਾ ਬੰਦਾ ਬੱਕਰਾ ਹੱਥ ਕਸਾਈਆਂ ਦੇ
623. ਸਿਆਲਾਂ ਨੇ ਹੀਰ ਨੂੰ ਮਾਰਨ ਦੀ ਸਲਾਹ ਬਣਾਈ
ਸਿਆਲਾਂ ਬੈਠ ਕੇ ਸੱਥ ਵਿਚਾਰ ਕੀਤੀ ਭਲੇ ਆਦਮੀ ਗ਼ੈਰਤਾਂ ਪਾਲਦੇ ਜੇ
ਯਾਰੋ ਗਲ ਮਸ਼ਹੂਰ ਜਹਾਨ ਉਤੇ ਸਾਨੂੰ ਮੇਹਣੇ ਹੀਰ ਲਿਆਲ ਦੇ ਜੀ
ਪਤ ਰਹੇ ਗੀ ਨਾ ਜੇ ਟੋਰ ਦਿੱਤੀ ਨੱਢੀ ਨਾਲ ਮੁੰਡੇ ਮਹੀਂਵਾਲ ਦੇ ਜੀ
ਫਟ ਜੀਭ ਦੇ ਕਾਲਕਾ ਬੇਟੀਆਂ ਦੀ ਐਬ ਜੂਆਂ ਦੇ ਮੇਹਣੇ ਗਾਲ ਦੇ ਜੀ
ਜਿੱਥੋਂ ਆਂਵਦੇ ਤਿੱਥੋਂ ਦਾ ਬੁਰਾ ਮੰਗਣ ਦਗ਼ਾ ਕਰਨ ਧਨ ਮਾਲ ਦਾ ਜੀ
ਕਬਰ ਵਿੱਚ ਦੇਵਸ ਖ਼ਨਜ਼ੀਰ ਹੋ ਸਨ ਜਿਹੜੇ ਲਾੜ੍ਹ ਕਰਨ ਧਨ ਮਾਲ ਦੇ ਜੀ
ਔਰਤ ਆਪਣੀ ਕੋਲ ਜੇ ਗ਼ੈਰ ਦੇਖਣ ਗ਼ੈਰਤ ਕਰਨ ਨਾ ਓਸ ਦੇ ਹਾਲ ਦੇ ਜੀ
ਮੂੰਹ ਤਿੰਨਾਂ ਦਾ ਦੇਖਣਾ ਖੂਕ ਵਾਂਗੂੰ ਕਤਲ ਕਰਨ ਰਜਫੀਕ ਜੋ ਨਾਲ ਦੇ ਜੀ
ਸੱਯਦ ਸ਼ੈਖ਼ ਨੂੰ ਪੀਰ ਨਾ ਜਾਣਨਾ ਏ ਅਮਲ ਕਰੇ ਜੇ ਉਹ ਚੰਡਾਲ ਦੇ ਜੀ
ਹੋਏ ਚੂਹੜਾ ਤਰਕ ਹਰਾਮ ਮੁਸਲਮ ਮੁਸਲਮਾਨ ਸਭ ਓਸ ਦੇ ਨਾਲ ਦੇ ਜੀ
ਦੌਲਤਮੰਦ ਦੇਵਸ ਦੀ ਤਰਕ ਸੁਹਬਤ ਮਗਰ ਲੱਗੀਏ ਨੇਕ ਕੰਗਾਲ ਦੇ ਜੀ
ਕੋਈ ਕਚਕਰਾ ਲਾਅਲ ਨਾ ਹੋ ਜਾਂਦਾ ਜੇ ਪਰੋਈ ਨਾਲ ਉਹ ਲਾਅਲ ਦੇ ਜੀ
ਜ਼ਹਿਰ ਦੇ ਕੇ ਮਾਰੀਏ ਨਢੜੀ ਨੂੰ ਗੁਨਾਹਗਾਰ ਹੋ ਜ਼ੁਲਜਲਾਲ ਦੇ ਜੀ
ਮਾਰ ਸੁਟਿਆ ਹੀਰ ਨੂੰ ਮਾਪਿਆਂ ਨੇ ਇਹ ਪੇਖਨੇ ਓਸ ਦੇ ਖਿਆਲ ਦੇ ਜੀ
ਬਦ ਅਮਲੀਆਂ! ਜਿਨ੍ਹਾਂ ਥੋਂ ਕਰੇਂ ਚੋਰੀ ਮਹਿਰਮ ਤਰੇ ਵਾਲ ਵਾਲ ਦੇ ਜੀ
ਸਾਨੂੰ ਜੰਨਤੀਂ ਸਾਥ ਰਲਾਉਨਾ ਏਂ ਅਸਾਂ ਆਸਰੇ ਫਜ਼ਲ ਕਮਾਲ ਦੇ ਜੀ
ਜਿਹੜੇ ਦੋਜ਼ਖਾਂ ਨੂੰ ਬੰਨ੍ਹ ਟੋਰੇਂਗੇ ਵਾਰਸ ਸ਼ਾਹ ਫਕੀਰ ਦੇ ਨਾਲ ਦੇ ਜੀ
624. ਹੀਰ ਦੀ ਮੌਤੌਤ ਦੀ ਖਬਰ ਰਾਂਝੇ ਨੂੰ ਦੇਣੇਣੀ
ਹੀਰ ਜਾਨ ਬਹੱਕ ਤਸਲੀਮ ਹੋਈ ਸਿਆਲਾਂ ਦਫਨ ਕੇ ਖਤ ਲਿਖਾਇਆ ਈ
ਵਲੀ ਗ਼ੌਸ ਤੇ ਕੁਤਬ ਸਭ ਖਤਮ ਹੋਏ ਮੌਤ ਸੱਚ ਹੈ ਰਬ ਫਰਮਾਇਆ ਈ
‘ਕੱਲੂ ਸ਼ਈਇਨ ਹਾਲੇਕੁਨ ਇੱਲਾ ਵਜ ਹਾ ਹੂ’ ਹੁਕਮ ਵਿੱਚ ਕੁਰਆਨ ਦੇ ਆਇਆ ਈ
ਅਸਾਂ ਸਬਰ ਕੀਤਾ ਸਤੁਸਾਂ ਸਬਰ ਕਰਨਾ ਇਹ ਧਰੋਂ ਹੀ ਹੁੰਦੜਾ ਆਇਆ ਈ
ਅਸਾਂ ਹੋਰ ਉਮੀਦ ਸੀ ਹੋਰ ਹੋਈ ਖਾਲੀ ਜਾਏ ਉਮੀਦ ਫਰਮਾਇਆ ਜੀ
ਇਹ ਰਜ਼ਾ ਕਤਈ ਨਾ ਟਲੇ ਹਰਗਿਜ਼ ਲਿਖ ਆਦਮੀ ਤੁਰਤ ਭਜਾਇਆ ਈ
ਡੇਰਾ ਪੁਛ ਕੇ ਧੀਦੋ ਦਾ ਜਾ ਵੜਿਆ ਖਤ ਰੋਇਕੇ ਹੱਥ ਫੜਾਇਆ ਈ
ਇਹ ਰੋਵਨਾ ਖਬਰ ਕੀ ਲਿਆਇਆ ਏ ਮੂੰਹ ਕਾਸ ਥੋਂ ਬੁਰਾ ਬਣਾਇਆ ਈ
ਮਾਅਜ਼ੂਲ ਹੋਇਉਂ ਤਖਤ ਜ਼ਿੰਦਗੀ ਥੋਂ ਪਰਮਾਨ ਤਗ਼ੱਈਅਰ ਦਾ ਆਇਆ ਈ
ਮੇਰੇ ਮਾਲ ਨੂੰ ਖੈਰ ਹੈ ਕਾਸਦਾ ਓ ਆਖ ਕਾਸਨੂੰ ਡੁਸਕਣਾ ਲਾਇਆ ਈ
ਤੇਰੇ ਮਾਲ ਨੂੰ ਧਾੜਵੀ ਉਹ ਪਿਆ ਜਿਸ ਤੋਂ ਕਿਸੇ ਨਾ ਮਾਲ ਛੁਡਾਇਆ ਈ
ਹੀਰ ਮੋਈ ਨੂੰ ਅਠਵਾਂ ਪਹਿਰ ਹੋਇਆ ਮੈਨੂੰ ਸਿਆਲਾਂ ਨੇ ਅੱਜ ਭਜਾਇਆ ਈ
ਵਾਰਸ ਸ਼ਾਹ ਮੀਆਂ ਗੱਲ ਠੀਕ ਜਾਣੀਂ ਤੈਥੇ ਕੂਚ ਦਾ ਉੱਦਮੀਂ ਆਇਆ ਈ
625. ਉਹੀ ਚਲਦਾ
ਕਈ ਬੋਲ ਗਏ ਸ਼ਾਖ਼ ਉਮਰ ਦੀ ਤੇ ਏਥੇ ਆਲ੍ਹਣਾ ਕਿਸੇ ਨਾ ਪਾਇਆ ਈ
ਕਈ ਹੁਕਮ ਤੇ ਜ਼ੁਲਮ ਕਮਾ ਚੱਲੇ ਨਾਲ ਕਿਸੇ ਨਾ ਸਾਥ ਲਦਾਇਆ ਈ
ਵੱਡੀ ਉਮਰ ਆਵਾਜ਼ ਔਲਾਦ ਵਾਲਾ ਜਿਸ ਨੂਹ ਤੂਫਾਨ ਮੰਗਵਾਇਆ ਈ
ਇਹ ਰੂਹ ਕਲਬੂਤ ਦਾ ਜ਼ਿਕਰ ਸਾਰਾ ਨਾਲ ਅਕਲ ਦੇ ਮੇਲ ਮਿਲਾਇਆ ਈ
ਅਗੇ ਹੀਰ ਨਾ ਕਿਸੇ ਨੇ ਕਹੀ ਐਸੀ ਸ਼ਿਅਰ ਬਹੁਤ ਮਰਗ਼ੂਬ ਬਣਾਇਆ ਈ
ਵਾਰਸ ਸ਼ਾਹ ਲੋਕ ਕਮਲਿਆਂ ਨੂੰ ਕਿੱਸਾ ਜੋੜਾ ਹੁਸ਼ਿਆਰ ਸੁਣਾਇਆ ਈ
626. ਰਾਂਝੇ ਨੇ ਆਹ ਮਾਰੀ
ਰਾਂਝੇ ਵਾਂਗ ਫਰਹਾਦ ਦੇ ਆਹ ਕੱਢੀ ਜਾਨ ਗਈ ਸੂ ਹੋ ਹਵਾ ਮੀਆਂ
ਦੋਵੇਂ ਦਾਰੇ ਫਨਾ ਥੀਂ ਗਏ ਸਾਬਤ ਜਾ ਰੁੱਪੇ ਨੇ ਦਾਰ ਬਕਾ ਮੀਆਂ
ਦਵੇਂ ਰਾਹ ਮਜਾਜ਼ ਦੇ ਰਹੇ ਸਾਬਤ ਨਾਲ ਸਿਦਕ ਦੇ ਗਏ ਵਹਾ ਮੀਆਂ
ਵਾਰਸ ਸ਼ਾਹ ਇਸ ਖਾਬ ਸਰਾਏ ਅੰਦਰ ਕਈ ਵਾਜੜੇ ਗਏ ਵਦਾ ਮੀਆਂ
627. ਹਿਜਰੀ ਸੰਮੰਮਤ 1180, ਤਾਰੀਖ 1823 ਬਿਕਰਮੀ
ਸਨ ਯਾਰਾਂ ਸੈ ਅੱਸੀਆਂ ਨਬੀ ਹਿਜਰਤ ਲੰਮੇ ਦੇਸ ਦੇ ਵਿਚ ਤਿਆਰ ਹੋਈ
ਅਠਾਰਾਂ ਸੈ ਤਰੇਈਆਂ ਸਮਤਾਂ ਦਾ ਰਾਜੇ ਬਿਕਰਮਜੀਤ ਦੀ ਸਾਰ ਹੋਈ
ਜਦੋਂ ਦੇਸ ਤੇ ਜਟ ਸਰਦਾਰ ਹੋਏ ਘਰੋ ਘਰੀ ਜਾਂ ਨਵੀਂ ਸਰਕਾਰ ਹੋਈ
ਅਸ਼ਰਾਫੂ ਖਰਾਬ ਕਮੀਨ ਤਾਜ਼ੇ ਜ਼ਿਮੀਂਦਾਰ ਨੂੰ ਵੱਡੀ ਬਹਾਰ ਹੋਈ
ਚੋਰ ਚੌਧਰੀ ਯਾਰਨੀ ਪਾਕ ਦਾਮਨ ਭੂਤ ਮੰਡਲੀ ਇੱਕ ਥੋਂ ਚਾਰ ਹੋਈ
ਵਾਰਸ ਸ਼ਾਹ ਨੇ ਆਖਿਆ ਪਾਕ ਕਲਮਾ ਬੇੜੀ ਤਿਨ੍ਹਾਂ ਦੀ ਆਕਬਤ ਪਾਰ ਹੋ
628. ਸ਼ਾਇਰ ਦਾ ਕਥਨ
ਖਰਲ ਹਾਂਸ ਦਾ ਮੁਲਕ ਮਸ਼ਹੂਰ ਮਲਕਾ ਤਿੱਥੇ ਸ਼ਿਅਰ ਕੀਤਾ ਨਾਲ ਰਾਸ ਦੇ ਮੈਂ
ਪਰਖ ਸ਼ਿਅਰ ਦੀ ਆਪ ਕਰ ਲੈਣ ਸ਼ਾਇਰ ਘੋੜਾ ਫੇਰਿਆ ਵਿੱਚ ਨਖਾਸ ਦੇ ਮੈਂ
ਪੜ੍ਹਣ ਗਭਰੂ ਦਿਲੀਂ ਵਿੱਚ ਖੁਸ਼ੀਂ ਹੋ ਕੇ ਫੁਲ ਬੀਜਿਆ ਵਾਸਤੇ ਬਾਸ ਦੇ ਮੈਂ
ਵਾਰਸ ਸ਼ਾਹ ਨਾ ਅਮਲ ਦੀ ਰਾਸ ਮੈਥੇ ਕਰਾਂ ਮਾਨ ਨਮਾਨੜਾ ਕਾਸ ਦੇ ਮੈਂ
629. ਉਹੀ ਚਾਲੂ
ਅਫਸੋਸ ਮੈਨੂੰ ਆਪਣੀ ਨਾਕਸੀ ਦਾ ਗੁਨਾਹਗਾਰਾਂ ਨੂੰ ਹਸ਼ਰ ਦੇ ਸੂਰ ਦਾ ਏ
ਇਹਨਾਂ ਮੋਮਨਾਂ ਖੌਫ ਈਮਾਨ ਦਾ ਹੈ ਅਤੇ ਹਾਜੀਆਂ ਬੈਤ ਮਾਅਮੂਰ ਦਾ ਏ
ਸੂਬਾ ਦਾਰ ਨੂੰ ਤਲਬ ਸਪਾਹ ਦੀ ਦਾ ਅਤੇ ਚਾਕਰਾਂ ਕਾਟ ਕਸੂਰ ਦਾ ਏ
ਸਾਰੇ ਮੁਲਕ ਖਰਾਬ ਪੰਜਾਬ ਵਿੱਚੋਂ ਸਾਨੂੰ ਵੱਡਾ ਅਫਸੋਸ ਕਸੂਰ ਦਾ ਏ
ਸਾਨੂੰ ਸ਼ਰਮ ਹਿਆ ਦਾ ਖੌਫ਼ ਰਹਿੰਦਾ ਜਿਵੇਂ ਮੂਸਾ ਨੂੰ ਖੌਫ ਕੋਹ ਤੂਰ ਦਾ ਏ
ਇਹਨਾਂ ਗ਼ਾਜ਼ੀਆਂ ਕਰਮ ਬਹਿਸ਼ਤ ਹੋਵੇ ਤੇ ਸ਼ਹੀਦਾਂ ਨੂੰ ਵਾਅਦਾ ਹੂਰ ਦਾ ਏ
ਐਵੇਂ ਬਾਹਰੋਂ ਸ਼ਾਨ ਖਰਾਬ ਵਿੱਚੋਂ ਜਿਵੇਂ ਢੋਲ ਸੁਹਾਵਨਾ ਦੂਰ ਦਾ ਏ
ਵਾਰਸ ਸ਼ਾਹ ਵਸਨੀਕ ਜੰਡਿਆਲੜੇ ਦਾ ਸ਼ਾਗਿਰਦ ਮਖਦੂਮ ਕਸੂਰ ਦਾ ਏ
ਰਬ ਆਬਰੂ ਨਾਲ ਈਮਾਨ ਬਖਸ਼ੇ ਸਾਨੂੰ ਆਸਰਾ ਫਜ਼ਲ ਗ਼ਫੂਰ ਦਾ ਏ
ਵਾਰਸ ਸ਼ਾਹ ਨਾ ਅਮਲ ਦੇ ਟਾਂਕ ਮੈਥੇ ਆਪ ਬਖਸ਼ ਲਕਾ ਹਜ਼ੂਰ ਦਾ ਏ
ਵਾਰਸ ਸ਼ਾਹ ਹੋਵੇ ਰੌਸ਼ਨ ਨਾਮ ਤੇਰਾ ਕਰਮ ਹੋਵੇ ਜੇ ਰਬ ਸ਼ੁਕਰ ਦਾ ਏ
ਵਾਰਸ ਸ਼ਾਹ ਤੇ ਜੁਮਲਿਆਂ ਮੋਮਨਾਂ ਨੂੰ ਹਿੱਸਾ ਬਖਸ਼ਣਾ ਆਪਣੇ ਨੂਰ ਦਾ ਏ
629. ਕਿਤਾਬ ਦਾ ਭੋਗੋਗ
ਖਤਮ ਰਬ ਦੇ ਕਰਮ ਨਾਲ ਹੋਈ ਫਰਮਾਇਸ਼ ਪਿਆਰੜੇ ਯਾਰ ਦੀ ਸੀ
ਐਸਾ ਸਿਅਰ ਕੀਤਾ ਪੁਰਮਗ਼ਜ਼ ਮੋਜ਼ੂੰ ਜੇਹਾ ਮੋਤੀਆਂ ਲੜੀ ਸ਼ਹਿਵਾਰ ਦੀ ਸੀ
ਤੂਲ ਖੋਲ ਕੇ ਜ਼ਿਕਰ ਮਿਆਨ ਕੀਤਾ ਰੰਗਤ ਰੰਗ ਦੀ ਖ਼ੂਬ ਬਹਾਰ ਦੀ ਸੀ
ਤਮਸੀਲ ਦੇ ਨਾਲ ਬਣਾਇ ਕਹਿਆ ਜੇਹੀ ਜ਼ੀਨਤ ਲਾਅਲ ਦੇ ਹਾਰ ਦੀ ਸੀ
ਜੋ ਕੋ ਪੜ੍ਹੇ ਸੋ ਬਹੁਤ ਖੁਰਸੰਦ ਹੋਵੇ ਵਾਹ ਵਾਹ ਸਭ ਖਲਕ ਪੁਕਾਰਦੀ ਸੀ
ਵਾਰਸ ਸ਼ਾਹ ਨੂੰ ਸਿੱਕ ਦੀਦਾਰ ਦੀ ਹੈ ਜੇਹੀ ਹੀਰ ਨੂੰ ਭਟਕਨਾ ਯਾਰ ਦੀ ਸੀ
630. ਉਹੀ
ਬਖਸ਼ ਲਿਖਣੇ ਵਾਲਿਆਂ ਜੁਮਲਿਆਂ ਨੂੰ ਪੜ੍ਹਣ ਵਾਲਿਆਂ ਕਰੀਂ ਅਤਾ ਸਾਈ
ਸੁਣਨ ਵਾਲਿਆਂ ਨੂੰ ਬਖਸ਼ ਖੁਸ਼ੀ ਦੌਲਤ ਜ਼ੌਕ ਤੇ ਸ਼ੌਕ ਦਾ ਚਾ ਸਾਈਂ
ਰੱਖੀਂ ਸ਼ਰਮ ਹਿਆ ਤੂੰ ਜੁਮਲਿਆਂ ਦਾ ਮੀਟੀ ਮੁਠ ਹੀ ਦੇਈਂ ਲੰਘਾ ਸਾਈ
ਵਾਰਸ ਸ਼ਾਹ ਤਮਾਮੀਆਂ ਮੋਮਨਾਂ ਨੂੰ ਦੇਈਂ ਦੀਨ ਈਮਾਨ ਲਿਕਾ ਸਾਈਂ
631. ਸ਼ਾਇਰ ਦਾ ਕਥਨ
ਹੀਰ ਰੂਹ ਤੇ ਚਾਕ ਕਲਬੂਤ ਜਾਣੋ ਬਾਲਨਾਥ ਏਹ ਪੀਰ ਬਣਾਇਆ ਈ
ਪੰਜ ਪੀਰ ਹਵਾਸ ਇਹ ਪੰਜ ਤੇਰੇ ਜਿਨ੍ਹਾਂ ਥਾਪਣਾ ਤੁਧ ਨੂੰ ਲਾਇਆ ਈ
ਕਾਜ਼ੀ ਹੱਕ ਝਬੇਲ ਨੇ ਅਮਲ ਤੇਰੇ ਇਆਲ ਮੁਨਕਰ ਨਕੀਰ ਠਹਿਰਾਇਆ ਈ
ਕੋਠਾ ਗੋਰ ਅਜ਼ਰਾਈਲ ਹੈ ਇਹ ਖੇੜਾ ਜਿਹੜਾ ਲੈਂਦੋ ਹੀ ਰੂਹ ਨੂੰ ਧਾਇਆ ਈ
ਕੈਦੋ ਲੰਙਾ ਸ਼ੈਤਾਨ ਮਲਊਨ ਜਾਣੋ ਜਿਸ ਨੇ ਵਿੱਚ ਦੀਵਾਨ ਫੜਾਇਆ ਈ
ਸਈਆਂ ਹੀਰ ਦੀਆਂ ਰੰਨ ਘਰ ਬਾਰ ਤੇਰਾ ਜਿੰਨ੍ਹਾਂ ਨਾਲ ਪੈਵੰਦ ਬਣਾਇਆ ਈ
ਵਾਂਗ ਹੀਰ ਦੇ ਬੰਨ੍ਹ ਲੈ ਜਾਣ ਤੈਨੂੰ ਕਿਸੇ ਨਾਲ ਨਾ ਸਾਥ ਲਦਾਇਆ ਈ
ਜਿਹੜਾ ਬੋਲਦਾ ਨਾਤਕਾ ਵੰਝਲੀ ਹੈ ਜਿਸ ਹੋਸ਼ ਦਾ ਰਾਗ ਸੁਣਾਇਆ ਈ
ਸਹਿਤੀ ਮੌਤ ਤੇ ਜਿਸਮ ਹੈ ਯਾਰ ਰਾਂਝਾ ਇਨ੍ਹਾਂ ਦੋਹਾਂ ਨੇ ਭੇੜ ਮਚਾਇਆ ਈ
ਸ਼ਹਿਵਤ ਭਾਬੀ ਤੇ ਭੁਖ ਰਬੇਲ ਬਾਂਦੀ ਜਿਨ੍ਹਾਂ ਜੰਨਤੋਂ ਮਾਰ ਕਢਾਇਆ ਈ
ਜੋਗੀ ਹੈ ਔਰਤ ਕੰਨ ਪਾੜ ਜਿਸ ਨੇ ਸਭ ਅੰਗ ਭਬੂਤ ਰਮਾਇਆ ਈ
ਦੁਨੀਆਂ ਜਾਣ ਐਵੇਂ ਜਿਵੇਂ ਝੰਗ ਪੇਕੇ ਗੋਰ ਕਾਲੜਾ ਬਾਗ ਬਣਾਇਆ ਈ
ਤ੍ਰਿੰਜਨ ਇਹ ਬਦ ਅਮਲੀਆਂ ਤੇਰੀਆਂ ਨੇ ਕਢ ਕਬਰ ਥੀਂ ਦੋਜ਼ਖੇ ਪਾਇਆ ਈ
ਉਹ ਮਸੀਤ ਹੈ ਮਾਂਉ ਦੇ ਸ਼ਿਕਮ ਬੰਦੇ ਜਿਸ ਵਿੱਚ ਸ਼ਬ ਰੋਜ਼ ਲੰਘਾਇਆ ਈ
ਅਦਲੀ ਰਾਜਾ ਏਹ ਨੇਕ ਨੇ ਅਮਲ ਤੇਰੇ ਜਿਸ ਹੀਰ ਈਮਾਨ ਦਵਾਇਆ ਈ
ਵਾਰਸ ਸ਼ਾਹ ਮੀਆਂ ਬੇੜੀ ਪਾਰ ਤੇਰੀ ਕਲਮਾ ਪਾਕ ਜ਼ਬਾਨ ਤੋ ਆਇਆ ਈ
-ਸਮਾਪਤ-