ਆ ਫਿਰ ਮਨਾਂ ਨੂੰ ਫੇਰ ਹੰੰਗਾਲ ਕੇ
ਆਪਣਾ ਆਪਣਾ ਅੰਬਰ ਛੋਹੀਏ।
ਸੂਰਜ ਚੰਦ ਤੇ ਤਾਰਿਆਂ ਕੋਲੋਂ
ਲੱਪ ਕੁ ਚਾਨਣ ਲੈ ਕੇ ਬੋਈਏ ।
ਚਿਰਾਂ ਤੋਂ ਭੁੱਲੇ ਭਟਕੇ ਹਾਂ ਜੇ
ਗੰਧਲੀ ਸੋਚ ਨੂੰ ਮੁੜ ਕੇ ਧੋਈਏ।
ਇਕ ਵਾਰੀ ਤਾਂ ਪਾਰਸ ਬਣੀਏ
ਮਨ ਦੀ ਮਮਟੀ ਵਿਚ ਪਰੋਈਏ।
ਦੀਪ ਮੁਹੱਬਤ ਬਲਦੇ ਰੱਖੀਏ
ਆਪਣਾ ਹੱਕ ਕਦੇ ਨਾ ਖੋਈਏ।
ਵਿਛੜਿਆਂ ਨੂੰ ਗਲੇ ਲਗਾਈਏ
ਗੁੱਸੇ ਵਿਚ ਕਿਉਂ ਪਾਗਲ ਹੋਈਏ।
ਬਣ ਜਾਈਏ ਅੰਬਰ ਦੇ ਤਾਰੇ
ਚੰਨ ਦੇ ਦਰ ਤੇ ਜਾ ਖਲੋਈਏ।