ਕੀਤਾ ਤੇਰੀ ਜਫ਼ਾ ਦਾ ਸ਼ਿਕਵਾ ਅਸੀਂ ਕਦੋਂ।
ਆਪਣੀ ਵਫ਼ਾ ਲਈ ਮੰਗਿਆ ਤੋਹਫ਼ਾ ਅਸੀਂ ਕਦੋਂ ।
ਕੀਤਾ ਤੁਸੀਂ ਅਸਾਡੀਆਂ ਕਮੀਆਂ ਦਾ ਜ਼ਿਕਰ ਸੀ,
ਮੰਨਿਆਂ ਸੀ ਆਪਣੇ ਆਪ ਨੂੰ ਖ਼ੁਦਾ ਅਸੀਂ ਕਦੋਂ।
ਤੇਰੇ ਚਮਨ ਦੇ ਮਹਿਕਦੇ ਫ਼ੁੱਲਾਂ ਦੀ ਤੈਨੂੰ ਸਹੁੰ,
ਕੀਤਾ ਸੀ ਤੇਰੇ ਜਿਸਮ 'ਤੇ ਦਾਅਵਾ ਅਸੀਂ ਕਦੋਂ।
ਸਾਡੀ ਉਮਰ 'ਤੇ ਹੈ ਤੇਰੀ ਮੁਸਕਾਨ ਦਾ ਅਹਿਸਾਨ,
ਕਰਾਂਗੇ ਇਹ ਕਰਜ਼ ਦੱਸ ਅਦਾਅ ਅਸੀਂ ਕਦੋਂ।
ਤੇਰੇ ਸਾਂਹਵੇਂ ਸਾਂ ਅਸੀਂ ਖ਼ੁੱਲ੍ਹੀ ਕਿਤਾਬ ਵਾਂਗ,
ਤੈਥੋਂ ਛੁਪਾਇਆ ਮਹਿਰਮਾਂ ਕੁਈ ਸਫ਼ਾ ਅਸੀਂ ਕਦੋਂ।
ਕਹਿੰਦੇ ਨੇ ਸਦਾ ਹੀ ਹਾਰਦੇ ਆਸ਼ਕ ਨੇ ਬਾਜ਼ੀਆਂ,
ਭਾਲਿਆ ਇਸ ਖੇਡ ਚੋਂ ਨਫ਼ਾ ਅਸੀਂ ਕਦੋਂ।
ਦੀਵਾਨਗ਼ੀ ਦਾ ਨਾਮ ਹੈ "ਸਾਥੀ ਲੁਧਿਆਣਵੀ",
ਭੁੱਲਾਂਗੇ ਤੇਰਾ ਬਖ਼ਸ਼ਿਆ ਰੁਤਬਾ ਅਸੀਂ ਕਦੋਂ।