ਵੱਖਰੀ ਹੁੰਦੀ ਟੌਹਰ ਚੁੰਨੀ ਨਾਲ ਲੱਗੇ ਗੋਟੇ ਦੀ
ਕਿਸਮਤ ਵਾਲੇ ਦਾਦੀ-ਦਾਦਾ ਜੋ ਜੰਞ ਚੜ੍ਹਦੇ ਪੋਤੇ ਦੀ
ਚਾਚੇ-ਤਾਏ, ਮਾਸੜ-ਫੁੱਫੜ ਭੰਗੜੇ ਪਾਂਵਣਗੇ
ਨਾਲ ਚਾਵਾਂ ਦੇ ਮਾਮੇ ਭਾਣਜਾ ਖਾਰਿਉਂ ਲਾਂਵਣਗੇ
ਅੱਡੀ ਭੁੰਜੇ ਨਾ ਲੱਗੂ ਨਾਨੀ-ਦਾਦੀ ਜੋਟੇ ਦੀ
ਕਿਸਮਤ ਵਾਲੇ ਨਾਨੀ-ਨਾਨਾ ਜੋ ਜੰਞ ਚੜ੍ਹਦੇ ਦੋਹਤੇ ਦੀ
ਮਾਂ ਵਾਰੂਗੀ ਪਾਣੀ, ਭੈਣਾਂ ਧਰਤ ਹਿਲਾ ਦੇਣਾ
ਲਾਗੀ ਦੇਣ ਵਧਾਈਆਂ, ਕੌਲ੍ਹੇ ਤੇਲ ਚੋਆ ਦੇਣਾ
ਟੌਹਰ ਝੱਲੀ ਨe੍ਹੀ ਜਾਂਣੀ, ਵੱਡਿਓਂ ਛੋਟੇ ਜੀਜੇ ਦੀ
ਕਿਸਮਤ ਵਾਲੇ ਚਾਚੇ ਜੋ ਜੰਞ ਚੜ੍ਹਨ ਭਤੀਜੇ ਦੀ
ਭੂਆ ਗਾਨੇ ਬੰਨਣੇ, ਮਾਮੀਆਂ ਜਾਗੋ ਚੱਕ ਲੈਣੀਂ
ਨੱਚਕੇ ਪਾਉਣੀਂ ਧਮਾਲ ਧਮਕ ਅੰਬਰਾਂ ਤੱਕ ਪੈਣੀਂ
ਨੀਂਦ ਉੱਡਾਕੇ ਰੱਖ ਦੇਣੀ ਸਭ ਮੇਲਣ-ਮੇਲੀ ਦੀ
ਕਿਸਮਤ ਵਾਲੇ ਮਿੱਤਰ, ਜੋ ਜੰਞ ਚੜ੍ਹਦੇ ਬੇਲੀ ਦੀ
ਜੀਜੇ ਹੋਣਗੇ ਟੱਲੀ ਬੱਕਰੇ ਬੁਲਾਏ ਜਾਂਵਣਗੇ
ਬੈਂਡ ਵਾਜਿਆਂ ਮੂਹਰੇ ਭੰਗੜੇ ਪਾਈ ਜਾਂਵਣਗੇ
ਸਿਹਰਾ ਸ਼ਾਨ ਵਧਾਊ ਸਿਰ 'ਤੇ ਬੰਨੇ ਚੀਰੇ ਦੀ
ਕਿਸਮਤ ਵਾਲੇ ਭਾਈ, ਜੋ ਜੰਞ ਚੜ੍ਹਦੇ ਵੀਰੇ ਦੀ
'ਲੰਗੇਆਣੀਆਂ ਸਾਧੂ' ਜੋ ਸੇਵਾ ਮਾਪਿਆਂ ਦੀ ਕਰਦਾ
ਦੌਲਤ-ਸ਼ੌਹਰਤ ਖੁਸ਼ੀਆਂ ਦੇ ਨਾਲ ਝੋਲੀਆਂ ਹੈ ਭਰਦਾ
ਜੋ ਸੇਵਾ ਤੋਂ ਮੁਨਕਰ ਜੂਨ ਹੰਢਾਉਂਦੇ ਖੋਤੇ ਦੀ
ਕਿਸਮਤ ਵਾਲੇ ਦਾਦੀ-ਦਾਦਾ ਜੋ ਜੰਞ ਚੜ੍ਹਦੇ ਪੋਤੇ ਦੀ
ਕਿਸਮਤ ਵਾਲੇ ਨਾਨੀ-ਨਾਨਾ ਜੋ ਜੰਞ ਚੜ੍ਹਦੇ ਦੋਹਤੇ ਦੀ