ਅਲਵਿਦਾ ਬੇਬੇ
(ਮਿੰਨੀ ਕਹਾਣੀ)
ਰੋਜ਼ ਦੀ ਰੁਟੀਨ ਵਾਂਗ ਟੂਰ ਤੇ ਜਾਣ ਵਾਸਤੇ ਮੈ ਤਿਆਰ ਹੋ ਰਿਹਾ ਸੀ।ਜਦੋਂ ਮੈਂ ਰੋਟੀ ਖਾਣ ਬੈਠਾ ਤਾਂ ਸਾਡੇ ਗੁਆਂਢ ਵਿੱਚੋ ਇਕ ਔਰਤ ਆਈ ਤੇ ਕਹਿਣ ਲੱਗੀ "ਭਾਈ ਤੁਹਾਡੇ ਘਰ ਇਕ ਕਣਕ ਵਾਲਾ ਪੁਰਾਣਾ ਡਰੱਮ ਪਿਆ ਹੈ , ਤੁਸੀ ਵੇਚਣਾ ਹੈ ਉਸ ਨੂੰ ? ਏਨੀ ਗੱਲ ਕਹਿਣ ਦੀ ਦੇਰ ਸੀ ਕਿ ਮੈਨੂੰ ਇੰਜ ਲੱਗਾ ਜਿਵੇਂ ਕਿਸੇ ਨੇ ਮੇਰੀ ਜਾਨ ਮੰਗ ਲਈ ਹੋਵੇ । ਵੈਸੇ ਤਾਂ ਇਹ ਇਕ ਕਣਕ ਵਾਲਾ ਡਰੱਮ ਹੀ ਸੀ, ਪਰ ਮੇਰੇ ਲਈ ਇਹ ਮੇਰੀ ਮੋਈ ਮਾਂ ਦੀ ਨਿਸ਼ਾਨੀ ਸੀ। ਜੋ ਉਸਨੇ ਆਪਣੇ ਹੱਥੀਂ ਖਰੀਦਿਆ ਸੀ। ਮੈਂ ਸੋਚ ਹੀ ਰਿਹਾ ਸੀ ਕਿ ਨਾਂਹ ਕਹਿ ਦੇਵਾਂ ਪਰ ਬਾਪੂ ਜੀ ਦੀ ਅੰਦਰੋਂ ਅਵਾਜ਼ ਆਈ "ਪੁੱਤ ਵੇਚ ਦਿਨੇ ਆ ਆਪਾਂ ਕਿਹੜਾ ਵਰਤਦੇ ਹਾਂ ਇਸ ਨੂੰ , ਐਵੇਂ ਖਰਾਬ ਹੀ ਹੋ ਰਿਹਾ ਏ " । ਬਾਪੂ ਜੀ ਦੀ ਗੱਲ ਨੂੰ ਮੈਂ ਟਾਲ ਨਹੀ ਸੀ ਸਕਦਾ ਮੈਂ ਕਿਹਾ ' ਜਿਵੇ ਤੁਹਾਡੀ ਮਰਜੀ '
ਏਨੀ ਗੱਲ ਕਹਿਣ ਦੀ ਦੇਰ ਹੀ ਸੀ ਕਿ ਉਸ ਔਰਤ ਨੇ ਆਪਣੇ ਮੁੰਡਿਆਂ ਨੂੰ ਅਵਾਜ਼ ਮਾਰੀ ਤੇ ਉਹ ਡਰੱਮ ਚੁੱਕਣ ਲੱਗੇ। ਮੈਂ ਰੋਟੀ ਛੱਡ ਕੇ ਉਨ੍ਹਾ ਵੱਲ ਦੇਖਣ ਲੱਗਾ । ਉਹ ਡਰੱਮ ਚੱਕ ਕੇ ਆਪਣੇ ਘਰ ਵੱਲ ਜਾਣ ਲੱਗੇ । ਮੇਰੀਆਂ ਅੱਖਾਂ ਉਸ ਡਰੱਮ ਤੇ ਹੀ ਟਿਕੀਆਂ ਸਨ। ਜਿਵੇਂ -ਜਿਵੇਂ ਉਹ ਆਪਣੇ ਘਰ ਵੱਲ ਨੂੰ ਜਾ ਰਹੇ ਸਨ, ਮੇਰਾ ਦਿਲ ਘੱਟਦਾ ਜਾ ਰਿਹਾ ਸੀ। ਜਦੋਂ ਮੈ ਟੂਰ ਤੇ ਜਾਣ ਲਈ ਘਰੋਂ ਨਿਕਲਿਆ ਤਾਂ ਉਹਨਾਂ ਦੇ ਵੇਹੜੇ ਵਿੱਚ ਪਏ ਡਰੱਮ ਨੂੰ ਇੰਜ ਦੇਖ ਰਿਹਾ ਸੀ ਜਿਵੇਂ ਆਖ ਰਿਹਾ ਹੋਵਾਂ " ਅਲਵਿਦਾ ਬੇਬੇ "