ਮੋਬਾਇਲ ਫੋਨ . . .ਜ਼ਰਾ ਸੰਭਲ ਕੇ (ਲੇਖ )

ਇਕਵਾਕ ਸਿੰਘ ਪੱਟੀ    

Email: ispatti@gmail.com
Address: ਸੁਲਤਾਨਵਿੰਡ ਰੋਡ
ਅੰਮ੍ਰਿਤਸਰ India
ਇਕਵਾਕ ਸਿੰਘ ਪੱਟੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਿਨ੍ਹਾਂ ਸ਼ੱਕ ਅੱਜ ਦੇ ਸਮੇਂ ਵਿੱਚ ਸਾਡੀ ਜਿੰਦਗੀ ਦੀ ਮੁੱਢਲੀ ਅਤੇ ਮਹੱਤਵਪੂਰਨ ਲੋੜ ਹੈ 'ਮੋਬਾਇਲ ਫੋਨ'। ਇਸ ਤੋਂ ਬਿਨਾਂ ਤਾਂ ਕਿਸੇ ਚੀਜ਼ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕਦੇ ਕੰਪਿਊਟਰ ਦਾ ਜ਼ਮਾਨਾ ਆਇਆ ਸੀ ਅਤੇ ਫਿਰ ਲੈਪਟਾਪ ਦਾ, ਪਰ ਮੋਬਾਇਲ ਫੋਨ ਦੇ ਇਸ ਚਮਤਕਾਰ ਨੇ ਕੰਪਿਊਟਰ/ਲੈਪਟਾਪ ਵਗੈਰਾ ਦੀ ਲੋਕਪ੍ਰਿਯਤਾ ਵਿੱਚ ਕਿਤੇ ਨਾ ਕਿਤੇ ਤਾਂ ਘਾਟਾ ਜ਼ਰੂਰ ਦਰਜ ਕੀਤਾ ਹੈ। ਕਿਉਂਜੁ ਕੰਪਿਊਟਰ/ਲੈਪਟਾਪ ਤੇ ਹੋਣ ਵਾਲੇ ਜਿਆਦਾਤਰ ਕੰਮ ਮੋਬਾਇਲ ਤੇ ਕੁੱਝ ਸਕਿੰਟਾਂ ਵਿੱਚ ਹੀ ਹੋ ਜਾਂਦੇ ਹਨ। ਸਾਰੇ ਨਜ਼ਦੀਕੀਆਂ ਦੇ ਫੋਨ ਨੰ., ਸਾਰੀਆਂ ਜ਼ਰੂਰੀ ਅਤੇ ਗੈਰ ਜ਼ਰੂਰੀ ਈ-ਮੇਲਜ਼ (ਬਿਜਲਈ ਡਾਕ), ਦਫਤਰ ਜਾਂ ਆਪਣੇ ਪੇਸ਼ੇ ਨਾਲ ਸਬੰਧਿਤ ਜ਼ਰੂਰੀ ਫਾਇਲਾਂ, ਘਰ ਦੇ ਸਮਾਨ ਦੀ ਲਿਸਟ, ਪੂਰੀ ਦੁਨੀਆਂ ਦਾ ਨਕਸ਼ਾ, ਹਰ ਤਰ੍ਹਾਂ ਦੀਆਂ ਪਰਿਵਾਰਕ ਫੋਟੋਆਂ ਅਤੇ ਵੀਡੀਉਜ਼ ਦੇ ਰੂਪ ਵਿੱਚ ਯਾਦਾਰੀ ਪਲ, ਸੋਸ਼ਲ ਸਾਈਟਾਂ ਦੇ ਖਾਤੇ, ਮਨੋਰੰਜਨ ਦਾ ਹਰ ਸਾਧਨ, ਕਿਤੇ ਆਉਣ-ਜਾਣ ਲਈ ਬੱਸ/ਗੱਡੀ/ਜਹਾਜ਼ ਦੀ ਟਿਕਟ ਸੱਭ ਕੁੱਝ ਆਹ ਚਾਰ-ਪੰਜ ਇੰਚ ਦੇ ਮੋਬਾਇਲ ਫੋਨ ਵਿੱਚ ਸੁਰੱਖਿਅਤ ਪਿਆ ਹੈ, ਜਦੋਂ ਮਰਜ਼ੀ, ਜਿੱਥੇ ਮਰਜ਼ੀ ਇਸਦਾ ਲਾਭ ਲਿਆ ਜਾ ਸਕਦਾ ਹੈ। ਬਿਪਤਾ ਵੇਲੇ ਡਾਕਟਰੀ ਸਹਾਇਤਾ, ਫਾਇਰ ਬ੍ਰਿਗੇਡ ਸਹੂਲਤ, ਸੁਰੱਖਿਆ ਲਈ ਪੁਲਿਸ ਸਹਾਇਤਾ ਆਦਿ ਸੱਭ ਕੁੱਝ ਇੱਕ ਲਾਭਕਾਰੀ ਖੇਤਰ ਵਿੱਚ ਆaੁਂਦਾ ਹੈ।
ਜਿਵੇਂ ਕਹਿੰਦੇ ਨੇ ਹਰ ਚੀਜ਼ ਦੇ ਦੋ ਪਾਸੇ ਹੁੰਦੇ ਹਨ, ਹਾਂ-ਪੱਖੀ ਅਤੇ ਨਾਂਹ-ਪੱਖੀ ਜਾਂ ਸੌਖੇ ਸ਼ਬਦਾਂ ਵਿੱਚ ਕਹਿ ਲਈਏ ਤਾਂ ਫਾਇਦੇ ਅਤੇ ਨੁਕਸਾਨ। ਜਿਸ ਵੀ ਵਸਤੂ ਜਾਂ ਯੰਤਰ ਦਾ ਸਾਨੂੰ ਫਾਇਦਾ ਹੈ, ਉਸ ਵਿੱਚ ਨੁਕਸਾਨ ਵੀ ਲੁਕਿਆ ਹੁੰਦਾ ਹੈ, ਪਰ ਅਸੀਂ ਕੋਸ਼ਿਸ਼ ਕੇਵਲ ਫਾਇਦੇ ਲੈਣ ਦੀ ਕਰਨੀ ਹੈ ਅਤੇ ਨੁਕਸਾਨ ਹੋਣ ਤੋਂ ਬਚਾਉਣਾ ਸਾਡੀ ਅਹਿਮ ਜਿੰਮੇਵਾਰੀ ਵਿੱਚ ਆਉਂਦਾ ਹੈ। ਕਈ ਵਾਰ ਕੁੱਝ ਚੀਜ਼ਾਂ ਕੇਵਲ ਫਾਇਦੇ ਲਈ ਭਾਵ ਮਨੁੱਖੀ ਸੁੱਖ ਸਹੂਲਤਾਂ ਨੂੰ ਸਾਹਮਣੇ ਰੱਖ ਕੇ ਖੋਜੀਆਂ ਗਈਆਂ ਹਨ ਅਤੇ ਉਹਨਾਂ ਦੀ ਵਰਤੋਂ ਵੀ ਵਧੀਆ ਢੰਗ ਨਾਲ ਕੀਤੀ ਜਾ ਸਕਦੀ ਹੈ, ਪਰ ਜਦ ਉਹਨਾਂ ਹੀ ਫਾਇਦੇ ਵਾਲੀਆਂ ਚੀਜ਼ਾਂ ਨੂੰ ਦੂਜਿਆ ਦੇ ਲਈ ਜਾਂ ਆਪਣੇ ਲਈ ਨੁਕਸਾਨਦਾਇਕ ਬਣਾ ਲਈਏ ਜਾਂ ਇਹ ਨੁਕਸਾਨਦਾਇਕ ਬਣ ਜਾਣ ਤਾਂ ਸਾਨੂੰ ਦੁਬਾਰਾ ਉਸਦੇ ਸੰਦਰਭ ਵਿੱਚ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ?
ਗੱਲ ਕੇਵਲ ਮੋਬਾਇਲ ਦੀ ਕਰਾਂਗੇ ਕਿਉਂਜੁ ਕੁੱਝ ਦਿਨ ਪਹਿਲਾਂ ਹੀ ਇੱਕ ਖਬਰ ਅਖਬਾਰਾਂ ਦੀ ਮੁੱਖ ਸੁਰਖੀ ਬਣੀ ਕਿ, 'ਹਨੇਰੇ ਵਿੱਚ ਮੋਬਾਇਲ ਫੋਨ ਵੇਖਣ ਨਾਲ ਅੱਖਾਂ ਨਾਲ ਸਬੰਧਿਤ ਬਿਮਾਰੀਆਂ ਵਿੱਚ ਆਏ ਦਿਨ ਵਾਧਾ ਹੋ ਰਿਹਾ ਹੈ ਅਤੇ ਜਿਆਦਤਰ ੨੫ ਸਾਲ ਤੋਂ ਘੱਟ ਉਮਰ ਦੇ ਨੌਜਵਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।' ਮੋਬਾਇਲ ਫੋਨ ਨਾਲ ਜੁੜੀ ਇਹ ਨਾ ਤਾਂ ਕੋਈ ਪਹਿਲੀ ਖ਼ਬਰ ਹੈ ਅਤੇ ਨਾ ਹੀ ਆਖਰੀ। ਕਿਉਂਕਿ ਮੋਬਾਇਲ ਫੋਨ ਦੀ ਵਰਤੋਂ ਨਾਲ ਸੜਕੀ ਦੁਰਘਟਨਾਵਾਂ ਵਿੱਚ ਵਾਧਾ ਦਰਜ ਹੋਇਆ ਹੈ। ਮੋਬਇਲ ਫੋਨ ਦੇ ਕੈਮਰੇ ਦੀ ਵਰਤੋਂ ਨਾਲ ਕਿਸੇ ਦੀ ਨਿੱਜਤਾ ਨੂੰ ਕੈਦ ਕਰਨਾ ਜਾਂ ਫਿਰ ਉਸ ਦੇ ਬਦਲੇ ਬਲੈਕਮੇਲ ਕਰਨਾ ਅਪਰਾਧ ਦੇ ਖੇਤਰ ਵਿੱਚ ਆਉਂਦਾ ਹੈ। ਮੋਬਾਇਲ ਫੋਨ ਦੀ ਗਲਤ ਵਰਤੋਂ ਨਾਲ ਹੁਣ ਤੱਕ ਬਹੁਤ ਖਤਰਨਾਕ ਨਤੀਜੇ ਸਾਹਮਣੇ ਆ ਚੁੱਕੇ ਹਨ ਅਸੀਂ ਕੇਵਲ ਆਪਣੀ ਨਿੱਜੀ ਜਿੰਦਗੀ ਦੀ ਗੱਲ ਕਰੀਏ ਤਾਂ ਸਾਡੇ ਆਪਣੇ ਜੀਵਣ ਵਿੱਚ ਇਸਨੇ ਕਈ ਗ਼ੈਰ ਜ਼ਰੂਰੀ ਬਦਲਾਵ ਦਰਜ ਕੀਤੇ ਹਨ। ਜਿਸ ਵਿੱਚੋਂ ਸੱਭ ਤੋਂ ਅਹਿਮ ਹੈ ਸਮੇਂ ਦੀ ਖਪਤ। ਆਉਂ ਕੁੱਝ ਹੋਰ ਪਹਿਲੂਆਂ ਤੇ ਵਿਚਾਰ ਕਰਦੇ ਹਾਂ:
ਮੁੱਖ ਰੂਪ ਵਿੱਚ ਇਸਦਾ ਸੱਭ ਤੋਂ ਵਧੇਰੇ ਅਸਰ ਸਾਡੀਆਂ ਅੱਖਾਂ ਤੇ ਪੈਂਦਾ ਹੈ। ਜਿਸ ਨਾਲ ਡਾਕਟਰੀ ਰਿਪੋਰਟ ਅਨੁਸਾਰ ਮੋਬਾਇਲ ਦੀ ਜਿਆਦਾ ਵਰਤੋਂ ਨਾਲ ਅੱਖਾਂ ਵਿੱਚ ਹਲਕਾ ਅੰਨ੍ਹਾਪਣ, ਕਾਲਾ ਮੋਤੀਆ, ਮੋਤੀਆ ਬਿੰਦ, ਯੂਵਾਇਟਿਸ ਅਤੇ ਪੁਤਲੀ ਦਾ ਲੈਨਜ਼ ਨਾਲ ਚਿਪਕ ਜਾਣ ਵਰਗੀਆਂ ਬਿਮਾਰੀਆਂ ਹੋ ਰਹੀਆਂ ਹਨ।
ਲਗਾਤਾਰ ਸਕਰੀਨ ਤੇ ਟਿਕਟਿਕੀ ਲਗਾ ਕੇ ਰੱਖਣ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਆ ਜਾਂਦਾ ਹੈ ਅਤੇ ਮੋਬਾਇਲ ਦੀ ਤਿੱਖੀ ਰੋਸ਼ਨੀ ਰੇਟੀਨਾ ਦੇ ਮੈਕਿਊਲਰ ਏਰੀਆ (ਅੱਖਾਂ ਦੇ ਸੱਭ ਤੋਂ ਮਹੱਤਵਪੂਰਨ ਹਿੱਸੇ) ਨੂੰ ਪ੍ਰਭਾਵਿਤ ਕਰਕੇ ਬੁਰਾ ਅਸਰ ਪਾਉਂਦੀ ਹੈ। 
ਜੇਕਰ ਰਾਤ ਵੇਲੇ ਆਪਣੇ ਹਨੇਰੇ ਕਮਰੇ ਵਿੱਚ ਲਗਾਤਾਰ ਮੋਬਾਇਲ ਦੀ ਸਕਰਨੀ ਝਾਕਣ ਦੀ ਆਦਤ ਹੈ ਤਾਂ ਅੱਖਾਂ ਤੇ ਸੱਭ ਤੋਂ ਵਧੇਰੇ ਅਤੇ ਬੁਰਾ ਅਸਰ ਪੈਂਦਾ ਹੈ ਜਿਸ ਕਰਕੇ ਅੱਖਾਂ ਦੀਆਂ ਮਾਸਪੇਸ਼ੀਆਂ ਆਕੜ ਜਾਂਦੀਆਂ ਹਨ ਅਤੇ ਅੱਖਾਂ ਦਾ ਦਰਦ ਕਰਨਾ, ਅੱਖਾਂ ਵਿੱਚੋਂ ਪਾਣੀ ਨਿਕਲਣਾ, ਜਲਨ ਹੋਣਾ, ਜੀਅ ਮਚਲਣਾ, ਅੱਖਾਂ ਅੱਗੇ ਰੰਗੀਨ ਗੋਲੇ ਦਿੱਸਣਾ ਵਰਗੇ ਲੱਛਣ ਹੁੰਦੇ ਹਨ।
ਮੈਡੀਕਲ ਵਿਗਿਆਨ ਅਨੁਸਾਰ ਰਾਤ ਨੂੰ ਲਗਾਤਾਰ ਇੱਕ ਪਾਸੇ ਹੀ ਲੇਟੇ ਰਹਿ ਕੇ ਮੋਬਾਇਲ ਦੀ ਹੱਥਾਂ ਨਾਲ ਵਰਤੋਂ ਨਾਲ ਗਰਦਨ ਦੀਆਂ ਹੱਡੀਆਂ ਆਪਣੀ ਥਾਂ ਤੋਂ ਹਟ ਜਾਂਦੀਆਂ ਹਨ ਅਤੇ ਇੱਕ ਕਿਸਮ ਦਾ ਦਬਾਅ ਨਸਾਂ ਉੱਤੇ ਪੈਂਦਾ ਹੈ, ਜਿਸ ਕਾਰਣ ਸਰਵਾਈਕਲ ਹੋਣ ਦਾ ਖਤਰਾ ਵਧੇਰੇ ਹੋ ਜਾਂਦਾ ਹੈ।
ਗਰਭਵਤੀ ਔਰਤਾਂ ਅਤੇ ਬੱਚਿਆਂ ਤੇ ਮੋਬਾਇਲ ਵਿੱਚੋਂ ਨਿਕਲਣ ਵਾਲੀਆਂ ਖਤਰਨਾਕ ਕਿਰਨਾਂ ਦਾ ਅਸਰ ਜਿਆਦਾ ਪੈਂਦਾ ਹੈ।
ਬੱਚਿਆਂ ਅਤੇ ਨੌਜਵਾਨਾਂ ਦੀ ਪੜ੍ਹਾਈ ਤੇ ਵੀ ਮਾਰੂ ਅਸਰ ਕਰਦੀ ਹੈ. ੰੋਬਾਇਲ ਦੀ ਬੇਲੋੜੀ ਵਰਤੋਂ।
ਇੱਥੋਂ ਤੱਕ ਕਿ ਮੋਬਾਇਲ ਫੋਨ ਦੀ ਬੇਲੋੜੀ ਵਰਤੋਂ ਕਰਨ ਨਾਲ ਦਿਮਾਗ ਦਾ ਕੈਂਸਰ ਹੋ ਜਾਣ ਦੇ ਲੱਛਣ ਵੀ ਸਾਹਮਣੇ ਆਏ ਹਨ।
ਡਰਾਈਵਿੰਗ ਦੌਰਾਨ ਮੋਬਾਇਲ ਫੋਨ ਦੀ ਵਰਤੋਂ ਕਰਦਿਆਂ ਹੋਇਆਂ ਕਈ ਦਰਘਟਾਨਵਾਂ ਹੋ ਚੁੱਕੀਆ ਹਨ ਅਤੇ ਬੇਸ਼ਕੀਮਤੀ ਜਾਨਾਂ ਜਾ ਚੁੱਕੀਆਂ ਹਨ।
ਮਲੇਸ਼ੀਆ ਵਿੱਚ ਪਿਛਲੇ ਸਾਲ ਪੈਟਰੋਲ ਪੰਪ ਤੇ ਇੱਕ ਔਰਤ ਵੱਲੋਂ ਮੋਬਾਇਲ ਦੀ ਵਰਤੋਂ ਕਰਦਿਆਂ ਹੋਇਆਂ ਲੱਗੀ ਅੱਗ ਕਾਰਣ ਉਹ ਆਪ ਵੀ ੬੦ ਫੀਸਦੀ ਝੁਸਲ ਗਈ।
ਕੀ ਕੀਤਾ ਜਾਵੇ?
ਸੱਭ ਤੋਂ ਪਹਿਲਾਂ ਤਾਂ ਸੋਸ਼ਲ ਸਾਈਟਾਂ ਦੀ ਵਰਤੋਂ ਨੂੰ ਘੱਟ ਕੀਤਾ ਜਾਵੇ ਤਾਂ ਕਿ ਬਾਰ-ਬਾਰ ਮੋਬਾਇਲ ਆਨ ਕਰਕੇ ਨਾ ਦੇਖਣਾ ਪਵੇ।
ਸੱਜੇ ਪਾਸੇ ਦੀ ਥਾਂ ਖੱਬੇ ਪਾਸੇ ਵਾਲੇ ਕੰਨ ਰਾਹੀਂ ਮੋਬਾਇਲ ਫੋਨ ਸੁਣਿਆ ਜਾਵੇ।
ਘਰ ਵਿੱਚ ਲੈਂਡਲਾਈਨ ਫੋਨ ਜ਼ਰੂਰ ਲੱਗਾ ਹੋਵੇ ਅਤੇ ਉਸਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ।
ਰਾਤ ਵੇਲੇ ਲੰਮੇ ਪੈ ਕੇ ਅਤੇ ਹਨੇਰੇ ਕਮਰੇ ਵਿੱਚ ਮੋਬਾਇਲ  ਦੀ ਵਰਤੋਂ ਫੌਰੀ ਤੌਰ ਤੇ ਬੰਦ ਕੀਤੀ ਜਾਵੇ।
ਮੋਬਾਇਲ ਤੇ ਦੋਸਤਾਂ/ਮਿੱਤਰਾਂ ਨਾਲ ਸੁਨੇਹਿਆਂ ਦੇ ਅਦਾਨ-ਪ੍ਰਦਾਨ ਲਈ ਕੁੱਝ ਖਾਸ ਸਮਾਂ ਮਿੱਥ ਲਿਆ ਜਾਵੇ।
ਫੋਨ ਸੁਨਣ ਵੇਲੇ ਈਅਰ ਫੋਨ (ਹੈੱਡ ਫੋਨ) ਦੀ ਵਰਤੋਂ ਵੀ ਸਾਨੂੰ ਮੋਬਾਇਲ ਦੀਆਂ ਖਤਰਨਾਕ ਕਿਰਨਾਂ ਤੋਂ ਕੁੱਝ ਹੱਦ ਤੱਕ ਬਚਾਅ ਸਕਦੀ ਹੈ।
ਤੀਹਰੇ-ਵੀਹ (ਟ੍ਰਿਪਲ ਟਵੰਟੀ) ਦੇ ਫਾਰਮੂਲੇ ਨੂੰ ਅਪਣਾਇਆ ਜਾਵੇ। ਜਿਸਦਾ ਭਾਵ ਹੈ ਕਿ ਲਗਾਤਾਰ ਕੰਪਿਊਟਰ ਜਾਂ ਮੋਬਾਇਲ ਦੀ ਵਰਤੋਂ ਕਰਨ ਵਾਲਾ ਹਰ ਵੀਹ ਮਿੰਟ ਬਾਅਦ, ਵੀਹ ਸੈਕਿੰਟ ਲਈ ਅੱਖਾਂ ਬੰਦ ਕਰਕੇ, ਬਾਅਦ ਵਿੱਚ ਅੱਖਾਂ ਖੋਲ ਕੇ ੨੦ ਫੁੱਟ ਦੂਰ ਦੇਖੇ ਤਾਂ ਇਸ ਨਾਲ ਅੱਖਾਂ ਨੂੰ ਰਾਹਤ ਮਿਲਦੀ ਹੈ।
ਚਾਰਜਿੰਗ ਦੌਰਾਨ ਫੋਨ ਨਾ ਸੁਣਿਆ ਜਾਵੇ।
ਜਰਮਨੀ ਦੀ ਇਕ ਸੰਸਥਾ (ਜਰਮਨ ਇੰਟਰ ਡਿਸਪਲੀਨਰੀ ਐਸੋਸੀਏਸ਼ਨ ਫਾਰ ਇਨਵਾਇਰਮੈਂਟਲ ਮੈਡੀਸਨ) ਦੇ ੨੨ ਡਾਕਟਰਾਂ ਦੇ ਸਰਵੇਖਣ ਅਨੁਸਾਰ ਮੋਬਾਇਲ ਫੋਨ ਵਰਤਣ ਵਾਲਿਆਂ ਵਿੱਚ ਸਿੱਖਣ ਵਿੱਚ ਮੁਸ਼ਕਲ, ਇਕਾਗਰਤਾ ਵਿੱਚ ਕਮੀ, ਸੁਭਾਅ ਵਿੱਚ ਬਦਲਾਅ, ਬਲੱਡ ਪ੍ਰੈਸ਼ਰ ਵਿੱਚ ਉਤਰਾਅ-ਚੜ੍ਹਾਅ, ਦਿਲ ਦੀਆਂ ਬਿਮਾਰੀਆਂ, ਦਿਲ ਦਾ ਦੌਰਾ, ਦਿਮਾਗੀ ਬਿਮਾਰੀਆਂ (ਮਿਰਗੀ, ਲਿਊਕੀਮੀਆ, ਦਿਮਾਗੀ ਰਸੌਲੀ) ਆਦਿ ਬਿਮਾਰੀਆਂ ਪੈਦਾ ਹੋ ਰਹੀਆਂ ਹਨ।
ਬਾਵਜੂਦ ਸੱਭ ਜਾਣਦੇ ਹੋਏ ਅੱਜ ਮੋਬਾਇਲ ਫੋਨ ਵਿੱਚ ਇੰਨੇ ਵਿਅਸਥ ਹੋ ਚੁੱਕੇ ਹਾਂ ਕਿ ਸਾਡਾ ਕਿਤਾਬਾਂ/ਅਖਬਾਰਾਂ ਨਾਲ ਮੋਹ ਹੀ ਕੋਈ ਨਹੀਂ ਰਿਹਾ, ਗੱਲ ਇਸ ਮੋਹ ਦੀ ਹੀ ਨਹੀਂ ਰਹੀ, ਸਗੋਂ ਸਾਡਾ ਤਾਂ ਆਪਣੇ ਭਾਈਚਾਰੇ, ਰਿਸ਼ਤੇਦਾਰੀ ਇੱਥੋਂ ਤੱਕ ਕੇ ਆਪਣੇ ਪਰਿਵਾਰ ਨਾਲ ਵੀ ਮੋਹ ਨਹੀਂ ਰਿਹਾ, ਬੱਸ ਸਾਰਾ ਦਿਨ ਮੋਬਾਇਲ ਨੂੰ ਆਪਣਾ ਜਿੰਦਗੀ ਦਾ ਇੱਕੋ ਇੱਕ ਜ਼ਰੂਰੀ ਹਿੱਸਾ ਮੰਨ ਲਿਆ ਹੈ। ਉਸਨੂੰ ਦੇਖ ਕੇ ਹੀ ਮੁਸਕਰਾ ਪੈਂਦੇ ਹਾਂ ਉਸਨੂੰ ਦੇਖ ਕੇ ਹੀ ਉਦਾਸ ਹੋ ਜਾਂਦੇ ਹਾਂ। ਮੋਬਾਇਲ ਦੇ ਜਾਨੂੰਨ ਨੇ ਸਾਨੂੰ ਇੱਕਲਿਆਂ ਕਰ ਦਿੱਤਾ ਹੈ ਮੰਨੋ ਭਾਵੇਂ ਨਾਂਹ। ਅੱੱਜ ਅਸੀਂ ਸਮਾਜ ਪ੍ਰਤੀ ਜਾਂ ਆਪਣੇ ਪਰਿਵਾਰ ਪ੍ਰਤੀ ਜਿੰਮੇਵਾਰੀਆਂ ਨਿਭਾ ਕੇ ਆਪਣਾ ਚੰਗਾ ਪੱਖ ਸਾਬਤ ਕਰਨ ਦੀ ਥਾਂ, ਕੇਵਲ ਆਪਣੀ ਵੰਨ-ਸਵੰਨੀਆਂ ਤਸਵੀਰਾਂ ਸੋਸ਼ਲ ਸਾਈਟਾਂ ਤੇ ਪਾ ਕੇ ਆਪਣੇ ਆਪ ਨੂੰ ਸੁਹਣਾ ਜਾਂ ਵਧੀਆ ਸਾਬਤ ਕਰਨ ਵਿੱਚ ਲੱਗੇ ਹੋਏ ਹਾਂ। ਖੈਰ! ਹਰ ਸ਼ੈਅ ਦੀ ਇੱਕ ਹੱਦ ਹੈ ਅਤੇ ਹੱਦ ਵਿੱਚ ਰਹਿ ਕੇ ਹੀ ਅਸੀਂ ਕਿਸੇ ਵੀ ਚੀਜ਼ ਦੀ ਸਹੀ ਵਰਤੋਂ ਕਰ ਸਕਦੇ ਹਾਂ। ਹੱਦ ਤੋਂ ਵੱਧ ਜਾਣ ਨਾਲ ਨੁਕਸਾਨ ਹੀ ਹੁੰਦਾ ਹੈ। ਦੋਸਤੋ! ਉਸ ਕਾਦਰ ਦੀ ਇਸ ਅਣਮੁੱਲ਼ੀ ਦੁਨੀਆਂ ਵਿੱਚ ਬੜੇ ਵੰਨ-ਸੁਵੰਨੇ ਰੰਗ ਭਰੇ ਪਏ ਹਨ, ਬਿਲਕੁੱਲ ਅਸਲ ਅਤੇ ਅਨੰਦਮਈ। ਆਉ! ਇਹਨਾਂ ਨੂੰ ਵੀ ਮਾਨਣ ਦਾ ਜਤਨ ਕਰੀਏ। ਮੋਬਾਇਲਾਂ ਦੇ ਨਾਲ ਨਾਲ ਆਪਣੇ ਪਰਿਵਾਰ, ਆਪਣੇ ਮਾਤਾ-ਪਿਤਾ, ਆਪਣੇ ਬਜ਼ੁਰਗਾਂ, ਆਪਣੇ ਸਮਾਜ ਨੂੰ ਵੀ ਕੁੱਝ ਸਮਾਂ ਦੇਈਏ, ਜ਼ਰੂਰ ਇੱਕ ਸੁਖਦ ਅਹਿਸਾਸ ਹੋਵੇਗਾ। ਆਮੀਨ।