ਦੁੱਲ੍ਹੇ ਦੀ ਢਾਬ ਵਾਲੇ ਅਣਖੀ ਨਾਲ ਮੇਰੀ ਪਹਿਲੀ ਮੁਲਾਕਾਤ
(ਲੇਖ )
ਅੱਠਵੀਂ ਜਮਾਤ ਵਿਚ ਪੜਦਿਆਂ ਖੇਤ ਜਾਣ ਲੱਗ ਪਿਆ । ਸਕੂਲ ਤੋਂ ਜਦੋਂ ਛੁੱਟੀ ਹੁੰਦੇ ਸਾਰ ਘਰ ਪਹੁੰਚਕੇ ਕਿਤਾਬਾਂ ਵਾਲਾ ਬਸਤਾ ਸੁੱਟ ਕੇ ਖੇਤ ਨੂੰ ਭੱਜ ਜਾਣਾ । ਸਾਡੇ ਘਰ ਦੇ ਸਾਰੇ ਪਸ਼ੂ ਮੇਰੇ ਦਾਦਾ ਜੀ ਸਵੇਰੇ ਖੇਤ ਲੈ ਕੇ ਜਾਂਦੇ ਤੇ ਸ਼ਾਮ ਨੂੰ ਉਹੀ ਲੈ ਕੇ ਆਉਂਦੇ । ਖੇਤ ਖੂਹ ਵਾਲੀ ਤੌੜ ਦੇ ਨੇੜੇ ਸਾਡਾ ਕਾਫੀ ਛਤਾਅ ਕੀਤਾ ਹੋਇਆ ਸੀ । ਇਸ ਲਈ ਪਸ਼ੂ ਲਈ ਖੇਤ ਬਹੁਤ ਪ੍ਰਬੰਧ ਸੀ । ਮੈਂ ਸ਼ਾਮ ਨੂੰ ਦਾਦਾ ਜੀ ਨਾਲ ਮੱਝਾਂ ਨੂੰ ਘਰ ਲੈ ਕੇ ਆਉਂਦਾ।ਛੁੱਟੀ ਵਾਲੇ ਦਿਨ ਤਾਂ ਪੂਰਾ ਦਿਨ ਖੇਤ ਲੰਘਦਾ । ਖੇਤ ਦੇ ਗੁਆਂਢੀਆਂ ਨਾਲ ਸਮਾਂ ਬਿਤਾਉਣਾ ਚੰਗਾ ਲੱਗਦਾ।ਖੇਤ ਬਣਦੀ ਗੁੜ ਵਾਲੀ ਚਾਹ ਤਾਂ ਇਨੀ ਸਵਾਦ ਲੱਗਦੀ ਕਿ ਅੱਜ ਵੀ ਨਹੀਂ ਭੁੱਲਦੀ । ਹੰਡਿਆਇਆ ਕਸਬਾ ਤੋਂ ਸਾਡੇ ਪਿੰਡ ਪਾਲੇ ਦੀ ਰੇਡੀਓ ਦੀ ਦੁਕਾਨ ਦੀ ਸੀ । ਉਹ ਵਿਆਹਾਂ ਅਤੇ ਹੋਰ ਗ਼ਮੀ ਖੁਸ਼ੀ ਵਿਚ ਕਿਰਾਏ ਤੇ ਸਪੀਕਰ ਵੀ ਲਾਉਂਦਾ ਸੀ । ਸਕੂਲ ਨੂੰ ਜਾਂਦੇ ਬਾਜ਼ਾਰ ਵਿਚ ਉਸ ਦੀ ਦੁਕਾਨ ਸੀ । ਮੈਂ ਘਰੋਂ ਫੀਸ ਦਾ ਬਹਾਨਾ ਲਾ ਕੇ ਪੈਸੇ ਲੈ ਗਿਆ ਤੇ ਪਾਲੇ ਤੋਂ ਸੈੱਲਾਂ ਤੇ ਚੱਲਣ ਵਾਲਾ ਰੇਡੀਓ ਲੈ ਗਿਆ । ਛੁੱਟੀ ਵਾਲੇ ਦਿਨ ਹੁਣ ਸਾਰਾ ਦਿਨ ਰੇਡੀਓ ਸੁਣਿਆ ਜਾਂਦਾ । ਪੜਾਈ ਦੇ ਨਾਲ ਨਾਲ ਬਾਪੂ ਨਾਲ ਖੇਤ ਦੇ ਕੰਮ ਵਿਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ । ਇਸ ਸਾਲ ਹਾੜੀ ਵਿਚ ਕਣਕ ਦੀ ਵਾਢੀ ਵਿਚ ਮੈਂਨੂੰ ਵੀ ਨਾਲ ਲਾ ਲਿਆ । ਬਹੁਤ ਔਖੀ ਲੱਗੀ ਕਣਕ ਵੱਢਣੀ ਤੇ ਉੱਤੋਂ ਗਰਮੀ ਵੀ ਅੱਤ । ਇਕ ਦਿਨ ਦੁਪਹਿਰ ਦੀ ਚਾਹ ਤੋਂ ਪਹਿਲਾਂ ਅਸੀਂ ਫਾਂਟ ਵਿਚ ਬੈਠੇ ਸੀ ਕਿ ਖੇਤ ਵਾਲੀ ਪਹੀ ਇਕ ਸਕੂਟਰੀ ਤੇ ਚਿੱਟੀ ਦਾਹੜੀ ਵਾਲਾ ਬਜ਼ੁਰਗ ਸਾਨੂੰ ਹੱਥ ਖੜਾ ਕਰਕੇ ਸਾਡੇ ਖੂਹ ਵਾਲੀ ਮੋਟਰ ਤੇ ਜਾ ਪਹੁੰਚਿਆ । ਮੈਂ ਬਾਪੂ ਨੂੰ ਪੁੱਛਿਆ ਵੀ ਇਹ ਕੌਣ ਆ ? ਉਨ੍ਹਾਂ ਕਿਹਾ ਕਿ ਇਹ ਆਪਣੇ ਪਿੰਡ ਦਾ ਪੰਡਿਤਾਂ ਦੇ ਲਾਣੇ ਚੋਂ ਆ ਮਾਸਟਰ । ਆਪਣੇ ਅੰਦਰਲੇ ਘਰ ਦਾ ਗੁਆਂਢੀ ਸੀ । ਤੂੰ ਨਿਆਣਾ ਸੀ ਉਦੋਂ । ਅਸੀਂ ਸਾਰੇ ਫਾਂਟ ਵਿਚੇ ਹੀ ਛੱਡ ਉਨ੍ਹਾਂ ਕੋਲ ਪਹੁੰਚ ਗਏ । ਮਾਸਟਰ ਮੰਜੇ ਤੇ ਬੈਠਾ ਸੀ ਤੇ ਦੋਵੇਂ ਹੱਥ ਢੂਹੀ ਦੇ ਪਿੱਛੇ ਵਾਲੀ ਵਾਹੀ ਨੂੰ ਪਾ ਰੱਖੇ ਸੀ । ਜਦੋਂ ਮੈਂ ਕੋਲ ਜਾ ਕੇ ਪੈਰੀਂ ਹੱਥ ਲਾਏ ਤਾਂ ਉਸ ਨੇ ਮੈਂਨੂੰ ਮੇਰੀ ਪੜਾਈ ਬਾਰੇ ਪੁੱਛਿਆ । ਮੇਰੇ ਦੱਸਣ ਤੋਂ ਬਾਅਦ ਉਸ ਨੇ ਕਿਹਾ ਕਿ ਮੇਰਾ ਨਾਮ ਰਾਮ ਸਰੂਪ ਅਣਖੀ ਆ।ਤੂੰ ਦੁੱਲ੍ਹੇ ਦੀ ਢਾਬ ਕਿਤਾਬ ਪੜੀ ਹੈ, ਮੈਂ ਨਾਂਹ ਵਿਚ ਸਿਰ ਹਿਲਾ ਦਿੱਤਾ।ਉਸ ਕਿਤਾਬ ਵਿਚ ਤੇਰੇ ਗੁਆਂਢੀ ਜੈਲੇ ਬਾਰੇ ਲਿਖਿਆ ਜਿਸ ਨੇ ਖੁੱਡੀ ਖੁਰਦ ਰੇਲਗੱਡੀ ਤੋਂ ਛਾਲ ਮਾਰਤੀ ਸੀ । ਅਣਖੀ ਜੀ ਕਾਫੀ ਕਿਤਾਬਾਂ ਬਾਰੇ ਤੇ ਖੇਤੀ ਬਾਰੇ ਗੱਲਾਂ ਕੀਤੀਆਂ । ਦੁਪਹਿਰ ਦੀ ਚਾਹ ਪੀਣ ਤੋਂ ਬਾਅਦ ਉਹ ਵਾਪਸ ਚਲੇ ਗਏ । ਉਹ ਦੀਆਂ ਗੱਲਾਂ ਬਾਰੇ ਮੈਂ ਕਈ ਦਿਨ ਸੋਚਦਾ ਰਿਹਾ । ਵਾਢੀ ਤੋਂ ਬਾਅਦ ਮੈਂ ਪਹਿਲੀ ਵਾਰ ਦੁੱਲੇ ਦੀ ਢਾਬ ਕਿਤਾਬ ਪੜੀ ਤੇ ਸਾਹਿਤਕ ਦੀ ਚੇਟਕ ਲੱਗ ਗਈ । ਇਹ ਅਣਖੀ ਨਾਲ ਪਹਿਲੀ ਮੁਲਾਕਾਤ ਸੀ । ਉਸ ਤੋਂ ਬਾਅਦ ਨਾਵਲਕਾਰ ਅਣਖੀ ਜੀ ਦੋ ਵਾਰ ਉਸੇ ਕਣਕ ਦੀ ਰੁੱਤ ਮੈਂਨੂੰ ਮਿਲੇ । ਬੇਸ਼ੱਕ ਅੱਜ ਸਰੀਰਕ ਤੌਰ ਤੇ ਉਹ ਸਾਡੇ ਵਿਚ ਨਹੀਂ ਹਨ, ਪਰ ਮੈਂ ਉਨ੍ਹਾਂ ਦੀਆਂ ਕਿਤਾਬਾਂ ਤੇ ਮੁਲਾਕਾਤਾਂ ਦੀਆਂ ਯਾਦਾਂ ਰਾਂਹੀ ਅੱਜ ਉਨ੍ਹਾਂ ਦੀ ਮੌਜੂਦਗੀ ਮਹਿਸੂਸ ਕਰਦਾ ਹਾਂ ।