ਧਾਰਮਿਕ ਸਥਾਨਾਂ ਤੇ ਪੁਸ਼ਾਕ ਦਾ ਸ਼ਿਸ਼ਟਾਚਾਰ
(ਲੇਖ )
ਡਰੈਸ ਕੋਡ ਦਾ ਮਾਮਲਾ ਚਰਚਾ ਵਿੱਚ ਹੈ , ਕਹਿਣ ਦਾ ਭਾਵ ਸਕੂਲਾਂ ਦੇ ਅਧਿਆਪਕਾਂ ਅਤੇ ਅਧਿਆਪਕਾਵਾਂ ਨੂੰ ਉਤੇਜਕ ਪਹਿਰਾਵੇ ਪਾਉਣ ਤੋ ਗੁਰੇਜ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ , ਹਾਲਾਕਿ ਸਮਾਜਿਕ ਦਬਾਅ ਅਤੇ ਡਰੈਸ ਕੋਡ ਨਾਲ ਸਬੰਧਿਤ ਹੁਕਮਨਾਮੇ ਦੀ ਅਮਰਿਆਦਿਤ ਸ਼ਬਦਾਵਲੀ ਦੇ ਚਲਦਿਆਂ ਸਰਕਾਰ ਵੱਲੋ ਫਿਲਹਾਲ ਡਰੈਸ ਕੋਡ ਨਾਲ ਸਬੰਧਿਤ ਹੁਕਮ ਵਾਪਿਸ ਲੈ ਲਿਆ ਗਿਆ ਹੈ , ਪਰ ਫਿਰ ਵੀ ਇਸ ਹੁਕਮ ਨੇ ਆਮ ਲੋਕਾਂ ਦਾ ਧਿਆਨ ਲੋਕਾਂ ਵਿਸ਼ੇਸ਼ ਕਰਕੇ ਕੁਝ ਔਰਤਾਂ ਵੱਲੋ ਪਾਏ ਜਾਣ ਵਾਲੇ ਪਹਿਰਾਵਿਆਂ ਵੱਲ ਕੇਂਦਰਿਤ ਕਰ ਦਿੱਤਾ ਹੈ ।
ਹੂਣ ਜਦੋ ਔਰਤ ਪਹਿਰਾਵਿਆਂ ਦੀ ਗੱਲ ਚੱਲ ਹੀ ਪਈ ਹੈ ਤਾਂ ਮੇਰੇ ਚੇਤਿਆਂ ਵਿੱਚ ਤਕਰੀਬਨ ਅੱਠ ਕੁ ਸਾਲ ਪੁਰਾਣੀ ਇਕ ਯਾਦ ਉਮੜ ਆਈ , ਜਦੋ ਇਕ ਔਰਤ ਵੱਲੋ ਪਾਏ ਬੇਹੱਦ ਤੰਗ ਜਿਹੇ ਪਹਿਰਾਵੇ ਦੇ ਚਲਦਿਆਂ ਮੈਨੂੰ ਇਕ ਧਾਰਮਿਕ ਸਥਾਨ ਦੇ ਮੈਨੇਜ਼ਰ ਸਾਹਿਬ ਨੂੰ ਧਾਰਮਿਕ ਅਕੀਦਤ ਵਾਲੇ ਸਥਾਨਾਂ ਤੇ ਪੁਸ਼ਾਕ ਦੇ ਸ਼ਿਸ਼ਟਾਚਾਰ ਦੀ ਅਹਿਮੀਅਤ ਸਬੰਧੀ ਖਤ ਲਿਖਣਾ ਪੈ ਗਿਆ ।
ਹੋਇਆ ਇਝ ਕਿ ਤਕਰੀਬਨ ਅੱਠ ਕੁ ਸਾਲ ਪਹਿਲਾਂ , ਇਕ ਸਰਦ ਜਿਹੇ ਦਿਨ ਮੈ ਇਕ ਧਾਰਮਿਕ ਸਥਾਨ ਵਿਖੇ ਨਤਮਸਤਕ ਹੋਣ ਲਈ ਪੰਜਾਬ ਦੇ ਇਕ ਵੱਡੇ ਸ਼ਹਿਰ ਗਿਆ । ਦਰਸ਼ਨਾਂ ਲਈ ਪੰਗਤੀ ਲੰਬੀ ਹੋਣ ਕਾਰਨ ਮੈਂ ਵੀ ਬਾਕੀ ਸ਼ਰਧਾਲੂਆਂ ਵਾਂਗ ਪ੍ਰਰਿਕਰਮਾ ਵਿੱਚ ਖੜੋ ਗਿਆ । ਥੋੜੇ ਕੁ ਸਮੇਂ ਬਾਅਦ ਮੇਰਾ ਧਿਆਨ ਪ੍ਰਕਿਰਮਾ ਵਿੱਚ ਮੇਰੇ ਤੋ ਅੱਗੇ ਖੜੀ ਅਤੇ ਤਕਰੀਬਨ ਢੇਡ ਦੋ ਸਾਲ ਦਾ ਬੱਚਾ ਚੁੱਕੀ ਖੜੀ ਇਕ ਪੰਝੀ ਛੱਬੀ ਸਾਲ ਦੀ ਔਰਤ ਤੇ ਗਿਆ । ਉੱਚਾ ਜਿਹਾ ਕੁੜਤਾ ਅਤੇ ਚਮੜੀ ਰੰਗੀ ਤੰਗ ਜਿਹੀ ਸਲੈਕਸ ਪਾਈ ਉਹ ਔਰਤ ਪ੍ਰਕਿਰਮਾ ਵਿੱਚ ਖੜੀ ਆਪਣੇ ਆਪ ਨੂੰ ਬੜਾ ਅਸਿਹਜ ਜਿਹਾ ਮਹਿਸੂਸ ਕਰ ਰਹੀ ਸੀ । ਦਰਅਸਲ ਭੀੜ ਕਾਰਨ ਬੱਚਾ ਸਹਿਜ ਤਰੀਕੇ ਨਾਲ ਪ੍ਰਰਿਕਰਮਾ ਵਿੱਚ ਖੜਾ ਨਹੀਂ ਹੋ ਪਾ ਰਿਹਾ ਸੀ ਅਤੇ ਆਪਣੀ ਮਾਂ ਦੇ ਕੁੱਛੜ ਚੜਣ ਲਈ ਜਿਦ ਕਰ ਰਿਹਾ ਸੀ , ਪਰ ਮਾਂ ਵਾਰ ਵਾਰ ਬੱਚੇ ਨੂੰ ਥੱਲੇ ਉਤਾਰ ਰਹੀ ਸੀ ।
ਪਹਿਲਾਂ ਤਾਂ ਮੈਨੂੰ ਲੱਗਿਆ ਕਿ ਹਰ ਸਾਧਾਰਣ ਔਰਤ ਵਾਂਗ ਇਹ ਔਰਤ ਵੀ ਲੰਮਾ ਸਮਾਂ ਬੱਚਾ ਕੁੱਛੜ ਚੁੱਕ ਕੇ ਪ੍ਰਕਿਰਮਾ ਵਿੱਚ ਖੜ ਸਕਣ ਦੀ ਆਪਣੀ ਅਸਮਰਥਤਾ ਦੇ ਚਲਦਿਆਂ ਹੀ ਵਾਰ ਵਾਰ ਬੱਚਾ ਥੱਲੇ ਉਤਾਰ ਰਹੀ ਹੈ , ਪਰ ਥੋੜਾ ਗਹੁ ਨਾਲ ਵੇਖਣ ਤੇ ਮੈਨੂੰ ਹੋਰ ਹੀ ਮਾਜਰਾ ਨਜ਼ਰ ਆਇਆ । ਦਰਅਸਲ ਜਦੋ ਉਹ ਔਰਤ ਬੱਚਾ ਕੁਛੜ ਚਕਦੀ ਸੀ ਤਾਂ ਬੱਚੇ ਦੇ ਨਾਲ ਹੀ ਉਸ ਦੇ ਤਨ ਤੇ ਪਾਇਆ ਉੱਚਾ ਜਿਹਾ ਕੁੜਤਾ ਵੀ ਉਤਾਂਹ ਨੂੰ ਸਰਕ ਜਾਂਦਾ ਸੀ , ਜਿਸ ਕਰਕੇ ਅਸਹਿਜਤਾ ਦੇ ਚਲਦਿਆਂ ਉਸਨੂੰ ਵਾਰ ਵਾਰ ਆਪਣਾ ਕੁੜਤਾ ਥੱਲੇ ਨੂੰ ਖਿੱਚਣਾ ਪੈ ਰਿਹਾ ਸੀ । ਉੱਤੋਂ ਉਸਦੀ ਤੰਗ ਸਲੈਕਸ ਵੀ ਉਸਦੀ ਮੁਸ਼ਿਕਲ ਨੂੰ ਵਧਾ ਰਹੀ ਸੀ , ਜਿਸ ਕਾਰਨ ਉਸਦਾ ਸਾਰਾ ਧਿਆਨ ਆਪਣੇ ਕੱਪੜਿਆਂ ਤੇ ਹੀ ਕੇਂਦਰਿਤ ਹੋ ਗਿਆ ਸੀ , ਜਿਸ ਦੇ ਚਲਦਿਆਂ ਪਹਿਲਾਂ ਤੋ ਅਸੁਖਾਵੀਂ ਹਾਲਤ ਦੀ ਸ਼ਿਕਾਰ , ਉਹ ਆਪਣੀ ਇਸ ਅਸੁਖਾਵੀ ਪਰਸਥਿਤੀ ਨੂੰ ਲੁਕਾ ਨਹੀਂ ਪਾ ਰਹੀ ਸੀ । ਜਿੰਨਾ ਚਿਰ ਉਹ ਔਰਤ ਪ੍ਰਕਿਰਮਾ ਵਿੱਚ ਖੜੀ ਰਹੀ , ਉਸਦਾ ਧਿਆਨ ਆਪਣੇ ਕੁੜਤੇ ਵਿੱਚ ਰਿਹਾ ਤੇ ਮੇਰੇ ਸਣੇ ਮੱਥਾ ਟੇਕਣ ਆਏ ਕਈ ਸ਼ਰਧਾਲੂਆਂ ਦਾ ਧਿਆਨ ਉਹਦੇ ਵਿੱਚ ਰਿਹਾ ।
ਪ੍ਰਕਿਰਮਾ ਤੋ ਬਾਅਦ ਡਿਉਡੀ ਤੇ ਗੋਡਿਆਂ ਭਾਰ ਝੁਕਦਿਆਂ ਵੀ , ਕੁੜਤਾ ਉੱਚਾ ਚੜ ਜਾਣ ਕਾਰਨ ਆਪਣੀ ਪਿੱਠ ਦੇ ਅਣਕੱਜੇ ਭਾਗ ਦਾ ਪਰਦਾ ਕਰਨ ਲਈ ਵੀ ਉਸਨੂੰ ਆਪਣੇ ਖੱਬੇ ਹੱਥ ਦਾ ਸਹਾਰਾ ਲੈਣਾ ਪਿਆ , ਅਰਥਾਤ ਸੱਜੇ ਹੱਥ ਨਾਲ ਆਪਣੇ ਬੱਚੇ ਨੂੰ ਸੰਭਾਲਦਿਆਂ ਤੇ ਖੱਬੇ ਹੱਥ ਨਾਲ ਆਪਣੀ ਪਿੱਠ ਦਾ ਪਰਦਾ ਕਰ ਹੀ ਉਹ ਰਸਮੀ ਜਿਹੇ ਤੌਰ ਤੇ ਡਿਉਡੀ ਤੇ ਝੁਕ ਸਕੀ । ਇਸ ਪਰੇਸ਼ਾਨੀ ਵਿੱਚ ਉਹ ਆਪ ਵੀ ਪ੍ਰੇਸ਼ਾਨ ਹੋਈ, ਆਪਣੇ ਬੱਚੇ ਨੂੰ ਵੀ ਪ੍ਰੇਸ਼ਾਨ ਕੀਤਾ ਤੇ ਨਾਲ ਹੀ ਸਾਡੇ ਵਰਗੇ ਸ਼ਰਧਾਲੂਆਂ ਦੇ ਮੱਥਾ ਟੇਕਣ ਵਿੱਚ ਵੀ ਪ੍ਰੇਸ਼ਾਨੀ ਦਾ ਸਬੱਬ ਬਣੀ ।
ਮੈ ਜੋ ਉਸ ਔਰਤ ਦੀ ਉਸਦੇ ਪਹਿਰਾਵੇ ਕਾਰਨ ਹੋਈ ਅਸਹਿਜਤਾ ਦਾ ਚਸ਼ਮਦੀਦ ਗਵਾਹ ਸੀ , ਮੱਥਾ ਟੇਕਣ ਤੋ ਬਾਅਦ ਖੁਦ ਵੀ ਅਸਹਿਜ ਹੋ ਗਿਆ । ਮੇਰੇ ਮਨ ਵਿੱਚ ਆਇਆ ਕਿ ਜਦੋ ਇਸ ਮੋਹਤਰਮਾ ਨੂੰ ਪਤਾ ਸੀ ਕਿ ਇਸ ਤਰਾਂ ਦਾ ਬਾਣਾ ਇਸਦੇ ਖੁਲ ਕੇ ਵਿਚਰਣ ਵਿੱਚ ਰੂਕਾਵਟ ਬਣ ਸਕਦਾ ਹੈ , ਫਿਰ ਇਸ ਨੇ ਇਸ ਤਰਾਂ ਦੇ ਪਹਿਰਾਵੇ ਨੂੰ ਪਾਇਆ ਹੀ ਕਿਉਂ ? ਜਦੋ ਇਸਨੂੰ ਇਸ ਗੱਲ ਦਾ ਇਲਮ ਹੈ ਕਿ ਅਜੇ ਅਸੀਂ ਜਿਹਨੀ ਤੌਰ ਤੇ ਇਨੇ ਆਧੁਨਿਕ ਨਹੀ ਹੋਏ ਕਿ ਆਧੁਨਿਕ ਪਹਿਰਾਵਿਆਂ ਨਾਲ ਤਾਲਮੇਲ ਬਿਠਾ ਸਕੀਏ ਤਾਂ ਫਿਰ ਇਹ ਪਹਿਰਾਵੇ ਪਾਉਣਾ ਸਾਡੀ ਮਜ਼ਬੂਰੀ ਕਿਉਂ ਹੈ ?
ਮੇਰੇ ਮਨ ਵਿੱਚ ਉਠਦੇ ਇਨਾਂ ਸਵਾਲਾਂ ਨੇ ਮੇਰੇ ਮਨ ਨੂੰ ਹੋਰ ਵੀ ਉਚਾਟ ਕਰ ਦਿੱਤਾ । ਉਂਝ ਵੀ ਕੁਝ ਔਰਤਾਂ , ਲੜਕੀਆਂ ਅਤੇ ਮੁੰਿਡਆਂ ਵੱਲੋ ਪਾਏ ਜਾਣ ਵਾਲੇ ਤਨ ਵਿਖਾਊ ਕੱਪੜਿਆਂ ਨੂੰ ਮੈ ਪਹਿਲਾਂ ਹੀ ਨਾਪਸੰਦ ਕਰਦਾ ਸਾਂ , ਉਤੋ ਧਾਰਮਿਕ ਅਕੀਦਤ ਅਤੇ ਜਿਹਨੀ ਸਕੂਨ ਵਾਲੇ ਪਵਿੱਤਰ ਸਥਾਨ ਤੇ ਇਸ ਤਰਾਂ ਦੇ ਪਹਿਰਾਵੇ ਨੂੰ ਪਾਇਆ ਜਾਣਾ , ਮੇਰੇ ਅਸੂਲਾਂ ਦੇ ਬਿਲਕੁਲ ਖਿਲਾਫ ਸੀ । ਮਨ ਵਿੱਚ ਆÎਇਆ ਕਿ ਅਜਿਹੇ ਅਣਸੁਖਾਵੇ ਹਾਲਾਤ ਨਾਲ ਦੁਬਾਰਾ ਰੁਬਰੂ ਨਾ ਹੋਣਾ ਪਵੇ , ਇਸ ਲਈ ਕੋਈ ਹੰਭਲਾ ਮਾਰਨਾ ਚਾਹੀਦਾ ਹੈ , ਬਸ ਮਨ ਵਿੱਚ ਇਸ ਤਰਾਂ ਦਾ ਖਿਆਲ ਆਉਂਦਿਆਂ ਹੀ ਮੇਰਾ ਲੇਖਕ ਮਨ ਕਾਰਜਸ਼ੀਲ ਹੋ ਗਿਆ।
ਮੱਥਾ ਤਾਂ ਸ਼ਾਇਦ ਮੈਥੋ ਟੇਕਿਆ ਗਿਆ ਹੀ ਨਹੀਂ ਸੀ , ਗੁਰੂ ਸਾਹਿਬ ਦੇ ਚਰਨਾ ਵਿੱਚ ਸੀਸ ਝੁਕਾਉਣ ਤੋ ਬਾਅਦ ਆਪਣੇ ਮਨ ਦੀ ਉਧੇੜਬੁਣ ਨੂੰ ਸ਼ਾਂਤ ਕਰਨ ਲਈ ਮੈ ਧਾਰਮਿਕ ਸਥਾਨ ਦੇ ਮੈਨੇਜਰ ਸਾਹਿਬ ਵੱਲ ਰੁਖ ਕਰ ਲਿਆ । ਮੈਨੇਜਰ ਸਾਹਿਬ ਤਾਂ ਨਹੀ ਮਿਲੇ ਪਰ ਪ੍ਰਬੰਧਕ ਕਮੇਟੀ ਦੇ ਇਕ ਸੁਹਿਰਦ ਕਰਮਚਾਰੀ ਨਾਲ ਮੇਲ ਹੋ ਗਿਆ । ਪ੍ਰਕਿਰਮਾ ਵਾਲੀ ਬੀਬੀ ਦੇ ਪਹਿਰਾਵੇ ਕਾਰਨ ਉਸਨੂੰ ਮੱਥਾ ਟੇਕਣ ਵਿੱਚ ਆਈ ਦਿੱਕਤ ਦਾ ਬਿਰਤਾਂਤ ਸੁਣਾ , ਮੈ ਇਕ ਇਲਤਜਾ ਉਹਨਾਂ ਨੂੰ ਕੀਤੀ ਕਿ ਜਦੋ ਤੁਸਾਂ ਹਰ ਗੁਰੂ ਘਰ ਵਿੱਚ ਜੋੜਾ ਘਰ , ਗਠੜੀ ਘਰ ਅਤੇ ਸਿਰ ਢਕਣ ਲਈ ਪਟਕਾ ਜਾਂ ਕੇਸ਼ਕੀ ਘਰ ਦੀ ਸਹੂਲਤ ਉਪਲਬਧ ਕਰਵਾਈ ਹੈ , ਤਾਂ ਇਕ ਪੰਜਾਬੀ ਸੂਟ ਜਾਂ ਪੰਜਾਬੀ ਪਹਿਰਾਵਾ ਘਰ ਦੀ ਵਿਵਸਥਾ ਵੀ ਕਿਉਂ ਨਹੀ ਕਰਵਾ ਦਿੰਦੇ ਤਾਂ ਜੋ ਆਪੋ ਆਪਣੇ ਘਰਾਂ ਤੋ ਗੈਰ ਪੰਜਾਬੀ ਪਹਿਰਾਵੇ ਵਿੱਚ ਆਉਣ ਵਾਲੀਆਂ ਸ਼ਰਧਾਲੂ ਬੀਬੀਆਂ , ਗੁਰੂ ਘਰ ਆ ਕੇ ਪੰਜਾਬੀ ਪਹਿਰਾਵਾ ਪਹਿਨ ਕੇ ਹੀ ਗੁਰੂ ਘਰ ਮੱਥਾ ਟੇਕਣ । ਇਸ ਨਾਲ ਇਕ ਤਾਂ ਪੰਜਾਬੀ ਪਹਿਰਾਵੇ ਅਤੇ ਪੰਜਾਬੀ ਤਹਿਜੀਬ ਪ੍ਰਤੀ ਲੋਕਾਂ ਵਿੱਚ ਸਤਿਕਾਰ ਵਧੇਗਾ , ਦੂਜਾ ਇਸ ਬੀਬੀ ਵਾਂਗ ਆਪਣੇ ਪਹਿਰਾਵੇ ਕਾਰਨ ਭਵਿੱਖ ਵਿੱਚ ਕੋਈ ਔਰਤ ਅਸਹਿਜਤਾ ਵੀ ਮਹਿਸੂਸ ਨਹੀ ਕਰੇਗੀ । ਹਾਲਾਂਕਿ ਕਿਸੇ ਵੱਲੋ ਆਪਣੇ ਨਿਜੀ ਜੀਵਨ ਵਿੱਚ ਪਾਏ ਜਾਣ ਵਾਲੇ ਕਿਸੇ ਕਿਸਮ ਦੇ ਪਹਿਰਾਵੇ ਬਾਬਤ ਮੈਂ ਕੋਈ ਟਿੱਪਣੀ ਨਹੀਂ ਕਰ ਰਿਹਾ ਤੇ ਨਾ ਹੀ ਕਿਸੇ ਵੱਲੋ ਆਪਣੇ ਨਿਜੀ ਜੀਵਨ ਵਿੱਚ ਪਾਏ ਜਾਣ ਵਾਲੇ ਪਹਿਰਾਵੇ ਤੇ ਮੈਨੂੰ ਕੋਈ ਇਤਰਾਜ ਹੈ , ਬਸ ਇਕ ਵਿਚਾਰ ਸੀ ਕਿ ਧਾਰਮਿਕ ਸਥਾਨਾ ਤੇ ਉਤੇਜਿਕ ਪਹਿਰਾਵਿਆਂ ਨੂੰ ਪਾਏ ਜਾਣ ਦੀ ਪ੍ਰਵਾਨਗੀ ਨਾ ਦਿੱਤੀ ਜਾਵੇ , ਕਿਉਕਿ ਮੈਨੂੰ ਇਝ ਪ੍ਰਤੀਤ ਹੁੰਦਾ ਹੈ ਕਿ ਚੌਕੜੀ ਮਾਰਿਆਂ , ਅਣਕੱਜੇ ਰਹਿ ਗਏ ਗੋਡਿਆਂ ਤੋ ਉਤਲੇ ਲੱਤਾਂ ਦੇ ਹਿੱਸੇ ਨੂੰ ਕੱਜਣ ਲਈ ਕਿਸੇ ਨੂੰ ਵਾਰ ਵਾਰ ਆਪਣੀ ਸ਼ਰੀਰਿਕ ਸਥਿਤੀ ਬਦਲਣੀ ਪੈ ਰਹੀ ਹੋਵੇ ਜਾਂ ਤੰਗ ਜਿਹੀ ਜੀਨ ਕਾਰਨ , ਪੰਗਤ ਵਿੱਚ ਬੈਠਿਆਂ ਸ਼ਰੀਰਿਕ ਔਖ ਕਾਰਨ ਵਾਰ ਵਾਰ ਲੱਤਾਂ ਨੂੰ ਸਿੱਧਾ ਕਰਨਾ ਪੈ ਰਿਹਾ ਹੋਵੇ ਤਾਂ ਉਸ ਸਥਿਤੀ ਵਿੱਚ ਸੁਮਿਰਨ ਵਿੱਚ ਬੈਠੇ ਹੋਣ ਦੇ ਬਾਵਜੂਦ ਸਿਮਰਨ ਵਾਲੀ ਸਥਿਤੀ ਵਿੱਚ ਅੱਪੜਿਆ ਨਹੀ ਜਾ ਸਕਦਾ , ਇਸ ਲਈ ਸੁਮਿਰਰਨ ਤੇ ਬੈਠਣ ਲੱਗਿਆ ਪਹਿਰਾਵਾ ਤਾਂ ਉਤੇਜਨਾ ਰਹਿਤ ਅਤੇ ਮਰਿਯਾਦਾ ਯੁਕਤ ਹੀ ਹੋਣਾ ਚਾਹੀਦਾ ਹੈ ।
ਮਨ ਵਿੱਚ ਇਸ ਤਰ੍ਹਾਂ ਦੇ ਵਿਚਾਰ ਲਿਆ ਮੈ ਊਸ ਧਾਰਮਿਕ ਸਥਾਨ ਦੇ ਕਰਮਚਾਰੀ ਨੂੰ ਆਪਣੇ ਦਿਲ ਦੀ ਵਿਥਿਆ ਦਰਸ਼ਾਈ । ਉਸ ਸੇਵਾਦਾਰ ਸਾਹਿਬ ਨੂੰ ਸ਼ਾਇਦ ਮੇਰੀ ਬੇਨਤੀ ਜਚ ਗਈ । ਉਹਨਾ ਮੇਰੀ ਇਸ ਇਲਤਜਾ ਨੂੰ ਇਕ ਦਰਖਾਸਤ ਦੇ ਰੂਪ ਵਿੱਚ ਮੈਨੇਜਰ ਸਾਹਿਬ ਨੂੰ ਭੇਜਣ ਦੀ ਵਿਉਂਤ ਦੱਸ , ਮੈਨੂੰ ਆਪਣੀ ਸਮੱਸਿਆ ਦੇ ਹੱਲ ਦਾ ਸਹੀ ਰਸਤਾ ਸੁਝਾ ਦਿੱਤਾ । ਘਰ ਆ ਕੇ ਕੁਝ ਦਿਨਾਂ ਦੇ ਵਕਫੇ ਤੋ ਬਆਦ ਮੈ ਉਹਨਾ ਦੀ ਤਜਵੀਜ਼ ਨੂੰ ਅਮਲੀ ਜਾਮਾ ਪਹਿਨਾ ਦਿੱਤਾ । ਹੁਣ ਜਦੋ ਸਕੂਲਾਂ ਵਿੱਚ ਅਧਿਆਪਕਾਂ ਅਤੇ ਅਧਿਆਪਕਾਵਾਂ ਦ ਆਪਣੇ ਅਦਾਰਿਆਂ ਵਿੱਚ ਸੁਹਿਰਦ ਅਤੇ ਗੈਰ ਉਤੇਜਿਕ ਪਹਿਰਾਵੇ ਪਾ ਕੇ ਆਉਣ ਦੀ ਗੱਲ ਤੁਰੀ ਹੈ , ਤਾਂ ਮੇਰੇ ਮਨ ਵਿੱਚ ਇਹ ਆਸ ਵੀ ਬੱਝੀ ਹੈ ਕਿ ਸ਼ਾਇਦ ਇਸੇ ਬਹਾਨੇ ਹੀ ਸਹੀ , ਗੁਰੂ ਘਰਾਂ ਅਤੇ ਧਾਰਮਿਕ ਅਕੀਦਤ ਵਾਲੇ ਸਥਾਨਾਂ ਤੇ ਉਤੇਜਿਕ ਪਹਿਰਾਵੇ ਪਾਉਣ ਦਾ ਅਮਲ ਕਿਸੇ ਹੱਦ ਰੁਕ ਜਾਵੇਗਾ ।