ਦ੍ਰਿੜ ਇਰਾਦੇ ਤੇ ਵਿਸਵਾਸ਼ ਵਿੱਚ ਹੀ ਛੁਪੀ ਹੈ ਰਹਿਮਤ
(ਲੇਖ )
ਜੇਕਰ ਇਨਸਾਨ ਦ੍ਰਿੜ ਇਰਾਦੇ ਤੇ ਵਿਸਵਾਸ਼ ਨਾਲ ਸਤਿਗੁਰੂ ਨੂੰ ਯਾਦ ਕਰਦਾ ਹੈ ਤਾਂ ਵਾਹਿਗੁਰੂ ਉਸਦੀਆਂ ਸਭ ਮਨੋਕਾਮਨਾਵਾਂ ਪੂਰੀਆਂ ਕਰਦਾ ਹੈ, ਆਮ ਕਹਾਵਤ ਵੀ ਹੈ ਕਿ ਧੰਨੇ ਭਗਤ ਨੇ ਪੱਥਰ ਵਿੱਚੋਂ ਹੀ ਸਾਖਸ਼ਾਤ ਸਤਿਗੁਰੂ ਦੇ ਦਰਸ਼ਨ ਦੀਦਾਰ ਕੀਤੇ। ਮੀਰਾ ਬਾਈ ਨੇ ਵਿਸਵਾਸ਼ ਕਰਕੇ ਹੀ ਜ਼ਹਿਰ ਦਾ ਪਿਆਲਾ ਪੀਤਾ। ਭਗਤ ਪ੍ਰਹਲਾਦ ਨੂੰ ਵੀ ਉਸਦੇ ਦ੍ਰਿੜ ਇਰਾਦੇ ਤੇ ਪੱਕੇ ਵਿਸਵਾਸ਼ ਨੇ ਹੀ ਤੱਤੇ ਥੰਮ੍ਹਾਂ ਦੇ ਨਾਲ ਜੱਫੀ ਪਾਉਣ ਲਈ ਹੌਂਸਲਾ ਦਿੱਤਾ। ਇਸੇ ਤਰ੍ਹਾਂ ਹੀ ਹੋਰ ਵੀ ਸੈਂਕੜੇ ਉਦਹਾਰਨਾਂ ਹਨ ਜਿੰਨ੍ਹਾਂ ਦਾ ਹਵਾਲਾ ਦਿੱਤਾ ਜਾ ਸਕਦਾ ਹੈ। ਜਿਨ੍ਹਾਂ ਮਹਾਪੁਰਸ਼ਾਂ ਨੇ ਸੱਚੇ ਮਨ ਦ੍ਰਿੜ ਰਾਦੇ ਤੇ ਭਾਵਨਾ ਨਾਲ ਸਤਿਗੁਰ ਨੂੰ ਯਾਦ ਕੀਤਾ, ਉਨ੍ਹਾਂ ਨੇ ਅੱਲਾ, ਵਾਹਿਗੁਰੂ ਸੱਚੇ ਕਾਮਲੇ ਮੁਰਸ਼ਦ ਦੇ ਦੀਦਾਰ ਪਾਏ ਤੇ ਹਰ ਮਨੋਕਾਮਨਾਂ ਸੱਚੇ ਦਿਲੋਂ ਉਹਦੇ ਦਰ ਤੋਂ ਮਨਜ਼ੂਰ ਕਰਾਈ।
ਗੱਲ ਤਾਂ ਦ੍ਰਿੜ ਵਿਸਵਾਸ਼ ਤੇ ਭਾਵਨਾ ਦੀ ਹੈ। ਦੁਨੀਆਂ ਦੇ ਮੰਨੇ ਪ੍ਰਮੰਨੇ ਡਾਕਟਰ ਨੇ ਕਿਸੇ ਜਰੂਰੀ ਮੀਟਿੰਗ ਵਿੱਚ ਜਾਣਾ ਸੀ, ਤੇ ਜਲਦੀ ਜਲਦੀ ਅਰਪੋਰਟ ਵਿੱਚ ਦਾਖਲ ਹੋਇਆ। ਜਹਾਜ ਦੇ ਚੱਲਣ ਵਿੱਚ ਕੁਝ ਹੀ ਮਿੰਟ ਬਾਕੀ ਸਨ, ਜਲਦੀ ਨਾਲ ਸੀਟ ਰੋਕੀ ਤੇ ਨਾਲ ਦੀ ਨਾਲ ਹੀ ਜਹਾਜ ਨੇ ਉਡਾਨ ਭਰ ਲਈ। ਸਫ਼ਰ ਕਾਫ਼ੀ ਲੰਬਾ ਸੀ ਤੇ ਜਿਸ ਮੀਟਿੰਗ ਤੇ ਡਾਕਟਰ ਸਾਹਿਬ ਨੇ ਜਾਣਾ ਸੀ ਉਹ ਮੀਟਿੰਗ ਵੀ ਸਿਰਫ਼ ਉਸੇ ਲਈ ਹੀ ਆਯੋਜਿਤ ਕੀਤੀ ਹੋਈ ਸੀ। ਹਾਲੇ ਥੋੜੀ ਦੇਰ ਹੀ ਹੋਈ ਸੀ ਜਹਾਜ ਦੀ ਉਡਾਨ ਸ਼ੁਰੂ ਹੋਈ ਨੂੰ ਕਿ ਅਚਨਚੇਤ ਮੌਸਮ ਖ਼ਰਾਬ ਹੋ ਗਿਆ, ਮੀਂਹ ਹਨੇਰੀ ਦੇ ਤੂਫਾਨ ਕਾਰਨ ਉਸਦਾ ਸੰਪਰਕ ਟੁੱਟ ਗਿਆ। ਕੈਪਟਨ ਨੇ ਸਭ ਯਾਤਰੀਆਂ ਨੂੰ ਸੂਚਿਤ ਕੀਤਾ ਕਿ ਕਰੀਬੀ ਏਅਰਪੋਰਟ ਤੇ ਜਹਾਜ ਨੂੰ ਮੌਸਮ ਦੀ ਖਰਾਬੀ ਕਾਰਨ ਉਤਾਰਨਾ ਪਵੇਗਾ ਪਰ ਡਾਕਟਰ ਦਾ ਤਾਂ ਇਕ ਇਕ ਮਿੰਟ ਬਹੁਤ ਕੀਮਤੀ ਸੀ ਕਿਉਂਕਿ ਉਸਦਾ ਮੀਟਿੰਗ ਵਿੱਚ ਪਹੁੰਚਣਾ ਅਤਿਅੰਤ ਜਰੂਰੀ ਸੀ। ਜਹਾਜ਼ ਉਤਰਿਆ ਤੇ ਡਾਕਟਰ ਨੇ ਕੈਪਟਨ (ਪਾਇਲਾਟ) ਨੂੰ ਬੇਨਤੀ ਕੀਤੀ ਕਿ ਮੇਰਾ ਉਸ ਮੀਟਿੰਗ ਵਿੱਚ ਪਹੁੰਚਣਾ ਬਹੁਤ ਜਰੂਰੀ ਹੈ। ਕਿਸੇ ਕੋਲ ਖੜ੍ਹੇ ਹੋਰ ਮੁਸਾਫਿਰ ਨੇ ਡਾਕਟਰ ਤ੍ਰੇਹਨ ਨੂੰ ਪਛਾਣ ਲਿਆ ਤੇ ਦੱਸਿਆ ਕਿ ਆਪ ਇਥੋਂ ਟੈਕਸੀ ਲੈ ਕੇ ਸਿਰਫ਼ 3 ਘੰਟਿਆਂ ਵਿੱਚ ਸੜ੍ਹਕੀ ਸਫ਼ਰ ਰਾਹੀਂ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹੋਂ। ਸੋ, ਡਾਕਟਰ ਨੇ ਸਮਾਂ ਗਵਾਏ ਬਿਨਾ ਟੈਕਸੀ ਕੀਤੀ ਤੇ ਆਪਣੀ ਮੰਜ਼ਿਲ ਵੱਲ ਨੂੰ ਰਵਾਨਾ ਹੋ ਗਿਆ। ਹਾਲੇ ਕੁਝ ਕੁ ਦੂਰੀ ਤੇ ਗਏ ਸਨ ਕਿ ਬਿਜ਼ਲੀ ਕੜਕੀ, ਅੰਤਾਂ ਦੇ ਤੂਫਾਨ ਤੇ ਸੜ੍ਹਕਾਂ ਤੇ ਡਿੱਗੇ ਅਨੇਕਾਂ ਦਰੱਖਤਾਂ ਨੇ ਉਨ੍ਹਾਂ ਦੇ ਸਫ਼ਰ ਵਿੱਚ ਰੁਕਾਵਟ ਖੜ੍ਹੀ ਕਰ ਦਿੱਤੀ। ਐਸੇ ਤੂਫਾਨ ਦੇ ਵਿੱਚ ਬਿਜਲੀ ਗੁੱਲ ਹੋਣੀ ਵੀ ਸੁਭਾਵਿਕ ਹੀ ਸੀ ਜਿਸ ਕਰਕੇ ਚਾਰ ਚੁਫ਼ੇਰੇ ਘੁੱਪ ਹਨੇਰਾ ਪਸਰ ਗਿਆ। ਟੈਕਸੀ ਡਰਾਈਵਰ ਨੇ ਗੱਡੀ ਚਲਾਉਣ ਤੋਂ ਅਸਮਰੱਥਾ ਪ੍ਰਗਟ ਕੀਤੀ ਕਿ ਸਾਹਿਬ ਇਕ ਕਦਮ ਵੀ ਚੱਲਣਾ ਮੁਸ਼ਕਿਲ ਹੋ ਰਿਹਾ ਹੈ, ਕਿਉਂ ਨਾ ਕਿਸੇ ਓਟ ਆਸਰੇ ਦਾ ਸਹਾਰਾ ਲੈ ਕੇ ਖੜ੍ਹ ਜਾਈਏ, ਮੌਸਮ ਠੀਕ ਹੋਏ ਤੋਂ ਬਾਅਦ ਹੀ ਅੱਗੇ ਜਾਇਆ ਜਾ ਸਕਦਾ ਹੈ। ਇਸੇ ਦੌਰਾਨ ਕੜਕਦੀ ਬਿਜ਼ਲੀ ਵਿੱਚ ਉਨ੍ਹਾਂ ਨੂੰ ਥੋੜੀ ਦੂਰ ਤੇ ਇਕ ਛੋਟਾ ਜਿਹਾ ਮਕਾਨ ਦਿਖਾਈ ਦਿੱਤਾ ਤੇ ਡਰਾਈਵਰ ਨੂੰ ਉਧਰ ਜਾਣ ਲਈ ਸ਼ਾਰਾ ਕੀਤਾ।
ਉਸ ਮਕਾਨ ਅੱਗੇ ਪਹੁੰਚ ਕੇ ਡਾਕਟਰ ਸਾਹਿਬ ਨੇ ਆਵਾਜ਼ ਮਾਰੀ ਕਿ ''ਬੂਹਾ ਖੋਲੋ' ਤਾਂ ਅੰਦਰੋਂ ਕਿਸੇ ਔਰਤ ਦੀ ਆਵਾਜ਼ ਆਈ ਕਿ ਬੂਹਾ ਖੁੱਲ੍ਹਾ ਹੀ ਹੈ, ਪਰ ਜਿਆਦਾ ਤੇਜ਼ ਹਵਾ ਹੋਣ ਕਰਕੇ ਅੰਦਰਲੇ ਪਾਸੇ ਥੋੜੀ ਓਟ ਲਗਾਕੇ ਬੰਦ ਕੀਤਾ ਹੋਇਆ ਹੈ, ਧੱਕਾ ਮਾਰੋ ਗੇਟ ਖੁੱਲ ਜਾਵੇਗਾ ਤੇ ਅੰਦਰ ਆ ਜਾਓ ਜੀ। ਡਾਕਟਰ ਸਾਹਿਬ ਅੰਦਰ ਗਏ, ਅੱਗੇ ਇਕ ਅਧਖੜ੍ਹ ਉਮਰ ਦੀ ਔਰਤ ਸੁਖਮਨੀ ਸਾਹਿਬ ਦਾ ਪਾਠ ਕਰ ਰਹੀ ਸੀ। ਡਾਕਟਰ ਸਾਹਿਬ ਨੇ ਕਿਹਾ ਕਿ ਮਾਂ ਜੀ ਜੇਕਰ ਇਜਾਜ਼ਤ ਹੈ ਤਾਂ ਮੈਂ ਤੁਹਾਡਾ ਫੋਨ (ਲੈਂਡਲਾਈਨ) ਵਰਤ ਸਕਦਾ ਹਾਂ? ਬੁੱਢੀ ਔਰਤ ਮੁਸਕਰਾਈ ਤੇ ਕਿਹਾ ਕਿ ਬੇਟਾ ਇਥੇ ਨਾ ਕੋਈ ਫੋਨ ਹੈ ਤੇ ਨਾ ਹੀ ਬਿਜਲੀ। ਜਿਸ ਥਾਂ ਤੇ ਤੁਸੀ ਬੈਠੇ ਹੋਂ, ਸਾਹਮਣੇ ਪਾਣੀ ਹੈ, ਪਾਣੀ ਪੀ ਲਓ ਥਕਾਵਟ ਦੂਰ ਹੋ ਜਾਵੇਗੀ ਤੇ ਖਾਣ ਲਈ ਵੀ ਕੁਝ ਮਿਲ ਜਾਵੇਗਾ। ਖਾ ਲਵੋ ਤਾਂ ਕਿ ਅੱਗੇ ਸਫ਼ਰ ਲਈ ਥੋੜੀ ਹਿੰਮਤ ਤੇ ਤਾਕਤ ਮਿਲ ਜਾਵੇ। ਡਾ: ਨੇ ਸ਼ੁਕਰੀਆ ਕਿਹਾ ਤੇ ਪਾਣੀ ਪੀਣ ਲੱਗਾ। ਬੁੱਢੀ ਔਰਤ ਆਪਣੇ ਪਾਠ ਵਿੱਚ ਅਤੇ ਸਤਿਗੁਰੂ ਦੇ ਵੈਰਾਗ ਵਿੱਚ ਖੋਈ ਹੋਈ ਸੀ ਤੇ ਨਾਲ ਹੀ ਝੋਲੀ ਬਣਾ ਇਕ ਬੱਚਾ ਜੋ ਕਿ ਕਾਫ਼ੀ ਕਮਜ਼ੋਰ ਤੇ ਵੇਖਣ ਵਿੱਚ ਬਹੁਤ ਬੀਮਾਰ ਵੀ ਲੱਗ ਰਿਹਾ ਸੀ, ਉਸਨੂੰ ਹਿਲਾ ਕੇ ਝੂਲਾ ਝੁਲਾ ਰਹੀ ਸੀ। ਡਾ. ਨੇ ਧੰਨਵਾਦ ਕਰਦਿਆਂ ਬੁੱਢੀ ਔਰਤ ਨੂੰ ਕਿਹਾ ਕਿ ਮਾਂ ਜੀ ਆਪ ਜੀ ਦੇ ਸ਼ਾਂਤ ਤੇ ਪ੍ਰਸੰਨ ਸੁਭਾਅ ਨੇ ਮੇਰੇ ਤੇ ਜਾਦੂ ਕਰ ਦਿੱਤਾ ਹੈ। ਆਪ ਮੇਰੇ ਲਈ ਵੀ ਅਰਦਾਸ ਕਰੋ, ਮੈਨੂੰ ਪੂਰੀ ਉਮੀਦ ਹੈ ਕਿ ਆਪ ਜੀ ਦੀ ਕੀਤੀ ਹੋਈ ਅਰਦਾਸ ਮਨਜੂਰ ਹੋਵੇਗੀ। ਬੁੱਢੀ ਮਾਤਾ ਬੋਲੀ 'ਐਸੀ ਬਾਤ ਨਹੀਂ ਹੈ, ਤੁਸੀ ਮੇਰੇ ਅਤਿਥੀ ਹੋਂ, ਆਏ ਗਏ ਦੀ ਸੇਵਾ ਵਾਹਿਗੁਰੂ ਦਾ ਆਦੇਸ਼ ਹੈ, ਮੈਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹਾਂ, ਪ੍ਰਮਾਤਮਾ ਤੁਹਾਡੀ ਵੀ ਸੁਣੇਗਾ। ਮੈਂ ਵਾਹਿਗੁਰੂ ਦੀ ਸ਼ੁਕਰਗੁਜ਼ਾਰ ਹਾਂ ਕਿ ਉਸਨੇ ਮੇਰੀ ਹਰ ਮਨੋਕਾਮਨਾ ਪੂਰੀ ਕੀਤੀ ਹੈ ਤੇ ਹੁਣ ਇਕ ਅਰਦਾਸ ਕਰ ਰਹੀ ਹਾਂ ਸ਼ਾਇਦ ਉਹ ਵੀ ਪੂਰੀ ਕਰੇਗਾ।' 'ਐਸੀ ਕਿਹੜੀ ਅਰਦਾਸ ਹੈ ਮਾਤਾ ਜੀ' ਡਾਕਟਰ ਨੇ ਕਿਹਾ। ਬੁੱਢੀ ਮਾਤਾ ਨੇ ਕਿਹਾ ਕਿ 'ਆਹ ਜੋ ਬੱਚਾ ਆਪਦੇ ਸਾਹਮਣੇ ਅਧ-ਮਰਿਆ ਪਿਆ ਹੈ ਇਹ ਮੇਰਾ ਪੋਤਾ ਹੈ, ਇਸਦਾ ਬਾਪ ਅਤੇ ਮਾਂ ਦੋਨੋ ਹੀ ਇਸ ਦੁਨੀਆਂ ਤੋਂ ਚਲੇ ਗਏ ਹਨ ਤੇ ਹੁਣ ਇਸਨੂੰ ਸੰਭਾਲਣ ਦੀ ਜਿੰਮੇਵਾਰੀ ਮੇਰੀ ਹੀ ਹੈ ਪਰ ਡਾਕਟਰ ਕਹਿੰਦੇ ਹਨ ਕਿ ਇਸਨੂੰ ਐਸਾ ਭਿਆਨਕ ਰੋਗ ਲੱਗਾ ਹੈ ਕਿ ਇਸਦਾ ਇਲਾਜ਼ ਕਿਧਰੇ ਵੀ ਸੰਭਵ ਨਹੀਂ ਹੈ, ਹਾਂ! ਜੇਕਰ ਇਸਦਾ ਇਲਾਜ ਤੇ ਅਪ੍ਰੇਸ਼ਨ ਕਰਕੇ ਇਸਨੂੰ ਕੋਈ ਡਾਕਟਰ ਤੰਦਰੁਸਤ ਕਰ ਸਕਦਾ ਹੈ ਤਾਂ ਉਹ ਡਾਕਟਰ ਸਿਰਫ ਤੇ ਸਿਰਫ਼ ਤ੍ਰੇਹਨ ਹੀ ਹੈ। ਮੈਂ ਬੁੱਢੀ ਤੇ ਕੱਲੀ ਔਰਤ ਹਾਂ ਜਿਸ ਕਰਕੇ ਉਸ ਡਾਕਟਰ ਪਾਸ ਕਿਵੇਂ ਪਹੁੰਚ ਸਕਦੀ ਹਾਂ, ਜੇਕਰ ਪਹੁੰਚ ਵੀ ਗਈ ਤਾਂ ਕੀ ਭਰੋਸਾ ਕਿ ਉਹ ਮੇਰੇ ਇਸ ਪੋਤਰੇ ਨੂੰ ਵੇਖਣ 'ਚ ਰਾਜੀ ਹੋਵੇਗਾ ਕਿ ਨਹੀਂ 'ਤੇ ਮੇਰੇ ਕੋਲ ਐਨੇ ਪੈਸੇ ਵੀ ਨਹੀਂ। ਮੈਂ ਸਿਰਫ਼ ਇਹੀ ਅਰਦਾਸ ਵਾਹਿਗੁਰੂ ਅੱਗੇ ਕਰ ਰਹੀ ਹਾਂ, ਸ਼ਾਇਦ ਉਹ ਮੇਰੀ ਹ ਮੁਸ਼ਕਿਲ ਆਸਾਨ ਕਰਕੇ ਮੇਰੀ ਅਰਦਾਸ ਕਬੂਲ ਕਰ ਲਵੇ।
ਹ ਸਭ ਸੁਣ ਕੇ ਡਾਕਟਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਭਰੀ ਹੋਈ ਅਵਾਜ਼ ਵਿੱਚ ਬੋਲਿਆ, 'ਮਾਤਾ ਆਪਦੀ ਅਰਦਾਸ ਨੇ ਹੀ ਹਵਾਈ ਜਹਾਜ਼ ਨੂੰ ਨੀਚੇ ਉਤਾਰਿਆ, ਅਸਮਾਨ ਅਤੇ ਧਰਤੀ ਤੇ ਹਨੇਰੀ ਤੇ ਬਾਰਿਸ਼ ਦਾ ਐਨਾ ਤੂਫਾਨ ਆਇਆ। ਮੈਨੂੰ ਉਸ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਹੀ ਤੇਰੇ ਪਾਸ ਪਹੁੰਚਾਇਆ ਹੈ, ਮੈਂ ਹੀ ਡਾਕਟਰ ਤ੍ਰੇਹਨ ਹਾਂ ਤੇ ਹੁਣ ਤੇਰੇ ਪੋਤਰੇ ਨੂੰ ਕੁਝ ਵੀ ਨਹੀਂ ਹੋਵੇਗਾ। ਡਾਕਟਰ ਨੇ ਬੱਚੇ ਨੂੰ ਗੋਦ ਵਿੱਚ ਉਠਾਇਆ ਤੇ ਤੂਫਾਨ ਘਟਣ ਤੋਂ ਬਾਅਦ ਟੈਕਸੀ ਰਾਹੀਂ ਉਸ ਮਾਤਾ ਤੇ ਉਸਦੇ ਪੋਤਰੇ ਨੂੰ ਲੈ ਕੇ ਆਪਣੇ ਹਸਪਤਾਲ ਵਿਖੇ ਪਹੁੰਚ ਗਿਆ ਜਿੱਥੇ ਕਿ ਬੱਚੇ ਦਾ ਸਫ਼ਲ ਆਪ੍ਰੇਸ਼ਨ ਕੀਤਾ ਗਿਆ। ਬੱਚਾ ਤੰਦਰੁਸਤ ਹੋਇਆ, ਉਸ ਮਾਂ ਦੀਆਂ ਅਸੀਸਾਂ ਝੋਲੀ ਭਰਾਈਆਂ ਤੇ ਵਾਹਿਗੁਰੂ ਦਾ ਲੱਖ ਲੱਖ ਸ਼ੁਕਰਾਨਾ ਕੀਤਾ। ਡਾਕਟਰ ਸਾਹਿਬ ਨੂੰ ਆਪਣੀ ਮੀਟਿੰਗ ਅਧੂਰੀ ਛੱਡ ਕੇ ਜਿੰਦਗੀ ਦੇ ਮਿਸ਼ਨ ਦੀ ਪ੍ਰਾਪਤੀ ਕਰਕੇ ਸੰਤੁਸ਼ਟੀ ਹੋਈ। ਮਾਤਾ ਦੀ ਸੱਚੇ ਮਨੋ ਕੀਤੀ ਅਰਦਾਸ ਦੀ ਪੂਰਤੀ ਹੋਈ। ਸੱਚੇ ਦਿਲੋਂ ਤੇ ਮਨੋਂ ਕੀਤੀ ਅਰਦਾਸ ਕਦੇ ਵੀ ਬਿਰਥਾ ਨਹੀਂ ਜਾਂਦੀ, ਹਾਂ ਦੇਰ ਤਾਂ ਹੋ ਜਾਂਦੀ ਹੈ ਪਰ ਹਨ੍ਹੇਰ ਨਹੀਂ। ਉਹ ਵਾਹਿਗੁਰੂ ਸਭ ਦੀ ਸੁਣਦਾ ਹੈ, ਬੇਸ਼ਰਤੇ ਕਿ ਸੱਚੇ ਦਿਲੋਂ ਯਾਦ ਕੀਤਾ ਜਾਵੇ।