ਉਹੀ ਨੇ ਲੋਕ...ਉਹੀ ਏ ਸੋਚ
ਉਹੀਓ ਜਵਾਨੀ ਤੇ ਟੌਰ ਨਵਾਬੀ..
ੳਹੀਓ ਖੱਲ ਦੀਆਂ ਜੁੱਤੀਆਂ
ਸੂਫ਼ ਦਾ ਘੱਗਰਾ ਤੇ ਸੁੱਥਣ ਸਾਦੀ..
ਕਲਜੁਗੀ ਪੁੱਤਾਂ ਵੰਡ ਲਈ ਮਾਂ ਲੋਕੋ
ਅੱਧੋ ਅੱਧੀ ਕਰ ਲਈ ਧਰਤ ਪੰਜਾਬੀ....
ਖੌਰੇ ਤਣਿਓ ਟੁੱਟ ਕੇ ਟਾਹਣੀਆਂ ਨੂੰ
ਕਿਸ ਕਹਿ ਦਿੱਤਾ ਕਿ ਮਿਲੇ ਆਜ਼ਾਦੀ....
ਚਾਵਾਂ ਨਾਲ ਦੁਨੀਆ ਵਸਾਈ ਦਾ
ਹਾਲ ਇਹ ਤਾਂ ਨੀ ਸੋਚਿਆ ਸੀ ਕਾਦਰ ਨੇ..
ਇੱਕ ਪੰਛੀ ਉੱਡਦਾ ਉੱਡਦਾ ਸੋਚੇ ਬਾਘਾ ਬਾਡਰ ਤੇ।।
ਲੱਖ ਕਲਮਾਂ ਘਸ ਗਈਆਂ ਲਿਖਦੀਆਂ
ਪਰ ਚੰਦਰੇ ਸਮੇਂ ਨੇ ਕੈਸੀ ਠਾਣੀ..
ਕੈਸੇ ਸਿਆਸਤੀ ਮੁਸੱਵਰਾਂ ਰੰਗ ਚੁਣੇ
ਸਣੇ ਧਰਤੀ ਵੰਡ ਤੇ ਪਾਣੀ..
ਸਤਲੁਜ ਨੂੰ ਜਿਹਲਮ ਦਾ ਹਾਲ ਸੁਣਾਵਦਾਂ
ਕਲਜੁਗ ਵਿੱਚ ਰਾਵੀ ਜਿਹਾ ਨਾ ਹਾਣੀ..
ਅੱਜ ਵੀ ਜੁੜਨੇ ਲਈ ਤਰਲੇ ਪਾਂਵਦਾ
ਇਸਨੂੰ ਗੰਗੋਂ ਵੱਧਕੇ ਮੁਕੱਦਸ ਜਾਣੀ..
ਖੌਰੇ ਵਿਛੜਿਆਂ ਨੂੰ ਚੇਤੇ ਕਰਕੇ
ਹੰਝੂ ਕਿੰਨਿਆਂ ਹੀ ਬਹਾਏ ਰਾਵੀ ਦੀ ਖਾਦਰ ਤੇ...
ਇੱਕ ਪੰਛੀ ਉੱਡਦਾ ਉੱਡਦਾ ਸੋਚੇ ਬਾਘਾ ਬਾਡਰ ਤੇ।।
ਸੁਘੜ ਇਨਸਾਨ ਦੀ ਹੀ ਖਸਲਤ ਵੰਡਣਾ
ਕੁਦਰਤ ਤਾਂ ਸਭ ਤੋਂ ਜਾਨ ਵਾਰਦੀ...
ਤਾਹੀਂਓ ਇੱਕ ਕਿੱਕਰ ਅਣਜਾਣ ਅਟਾਰੀ ਤੇ
ਅੱਜ ਵੀ ਦੋਵੇਂ ਪਾਸੀਂ ਫੁੱਲ ਝਾੜਦੀ...
ਕੋਈ ਲਾਲਟੈਣ ਬਣੀ ਲੁਧਿਆਣੇ ਦੀ
ਏ ਵਿੱਚ ਲਾਹੌਰ ਹਨੇਰੇ ਸਾੜਦੀ...
ਹਨ ਅੱਧੇ ਬੇਰ ਹਰਿਮੰਦਰ ਦੀ ਬੇਰੀ ਦੇ
ਅੱਜ ਵੀ ਸੰਪਦਾ ਪਰਲੇ ਪਾਰ ਦੀ
ਇਨਾਂ ਵੰਡ ਕੇ ਕੁਰਸੀਆਂ ਸਾਂਭ ਲਈਆਂ
ਕਿਉਂ ਸੀਮਾਵਾਂ ਸਾਂਭਦੇ ਸੈਨਿਕ ਬਹਾਦਰ ਨੇ
ਇੱਕ ਪੰਛੀ ਉੱਡਦਾ ਉੱਡਦਾ ਸੋਚੇ ਬਾਘਾ ਬਾਡਰ ਤੇ।।
ਉਲਫਤ ਦੇ ਖੰਭ ਲੱਗ ਜਾਵਣ ਜੋ
ਦਿਲਾਂ ਦੀ ਸੀਮਾ ਢਾਹ ਸਕਦੇ..
ਮੇਰੇ ਵਾਂਗਰ ਇਹ ਲੋਕ ਵੀ ਕਾਸ਼
ਇਧਰ ਉਧਰ ਜਾ ਸਕਦੇ..
ਈਦੀ ਦੀਆਂ ਖਵਾ ਸੇਵਾਵੀਆਂ
ਵਿਸਾਖੀ ਤੇ ਭੰਗੜੇ ਪਾ ਸਕਦੇ..
ਇਸ ਉੱਜੜੀ ਮੁਰਦਾਰ ਧਰਤ ਨੂੰ
ਮੁੜ ਵਿਛੜੇ ਬਲਦ ਵਾਹ ਸਕਦੇ..
"ਸਰਵਾਰੇ" ਕਿਸੇ ਨਾ ਪੁੱਛਣਾ ਦੇਸ਼ ਤੁਹਾਡਾ
ਜਦ ਮ੍ਰਿਤ ਢਕਿਆ ਚਿੱਟੀ ਚਾਦਰ ਨੇ..
ਇੱਕ ਪੰਛੀ ਉੱਡਦਾ ਉੱਡਦਾ ਸੋਚੇ ਬਾਘਾ ਬਾਡਰ ਤੇ।।