ਮੇਰੀ ਬਦਲੀ ਦੂਸਰੇ ਸ਼ਹਿਰ ਵਿਚ ਓਸ ਦਫਤਰ ਵਿਚ ਕੀਤੀ ਗਈ ਜਿਸ ਦਫਤਰ ਦਾ ਰੌਲਾ ਕੁਝ ਦਿਨ ਪਹਿਲਾਂ ਹੀ ਪਿਆ ਸੀ ਕਿ ਓਥੇ ਆਮ ਲੋਕਾਂ ਦਾ ਕੰਮ ਏਜੈਂਟਾਂ ਰਾਹੀਂ ਹੁੰਦਾ ਹੈ ਅਤੇ ਆਮ ਲੋਕਾਂ ਨੂੰ ਲਾਈਨ ਵਿਚ ਲਗ ਕੇ ਕੰਮ ਕਰਵਾਉਣਾ ਪੈਂਦਾ ਸੀ।ਪਰ ਕੰਮ ਜਿਆਦਾ ਹੋਣ ਕਰਕੇ ਅਤੇ ਸਟਾਫ ਘੱਟ ਹੋਣ ਕਰਕੇ ਆਮ ਲੋਕਾਂ ਨੂੰ ਵਾਪਸ ਮੁੜਨਾ ਪੈਂਦਾ ਸੀ।ਜਿਹੜਾ ਏਜੰਟ ਰਾਹੀਂ ਕੰਮ ਕਰਵਾ ਲੈਂਦਾ ਓਹਦਾ ਕੰਮ ਜਲਦੀ ਹੋ ਜਾਂਦਾ ਸੀ।
ਮੈਂ ਆਪਣੇ ਦਿਲ ਨਾਲ ਫੈਸਲਾ ਕੀਤਾ ਕਿ ਏਜੰਟਾਂ ਤੋਂ ਹਿੱਸਾ ਪੱਤੀ ਲੈ ਕੇ ਬਦਨਾਮੀ ਖੱਟਣ ਦੀ ਬਜਾਏ ਈਮਾਨਦਾਰੀ ਨਾਲ ਕੰਮ ਕੀਤਾ ਜਾਵੇ। ਜੇ ਤਨਖਾਹ ਬਹੁਤ ਜਿਆਦਾ ਨਹੀਂ ਸੀ ਤਾਂ ਏਨੀ ਵੀ ਘੱਟ ਨਹੀਂ ਸੀ ਕਿ ਜਰੂਰ ਬਦਨਾਮੀ ਖੱਟੀ ਜਾਵੇ।
ਪਹਿਲੇ ਦਿਨ ਹੀ ਇਕ ਏਜੈੰਟ ਹੱਥ ਵਿਚ ਅਰਜੀਆਂ ਦਾ ਪੁਲੰਦਾ ਫੜੀ ਦਤਰ ਵਿੱਚ ਦਾਖਲ ਹੋਇਆ। ਉਸ ਨੇ ਅਰਜੀਆਂ ਮੇਰੇ ਅੱਗੇ ਰਖ ਦਿਤੀਆਂ। ਮੈਂ ਆਪਣੀ ਆਦਤ ਮੁਤਾਬਤ ਕਾਲੇ ਪੈੱਨ ਨਾਲ ਇਕ ਨਿਸ਼ਾਨ ਉਪਰਲੀ ਅਰਜੀ ਤੇ ਲਗਾ ਦਿਤਾ ।ਐਨ ਓਸੇ ਵੇਲੇ ਮੈਂਨੂੰ ਯਾਦ ਆਇਆ ਕਿ ਏਨੀਆਂ ਇਕੱਠੀਆਂ ਅਰਜੀਆਂ ਵਾਲਾ ਏਜੰਟ ਹੀ ਹੋ ਸਕਦਾ ਹੈ। ਸੋ ਮੈਂ ਸਖ਼ਤਾਈ ਨਾਲ ਇਨਕਾਰ ਕਰਦੇ ਹੋਏ ਅੱਗੇ ਤੋਂ ਵੀ ਉਸਨੂੰ ਅਜਿਹਾ ਕਰਨ ਤੋਂ ਵਰਜ ਦਿਤਾ। ਕੁਝ ਕੁ ਪਲਾਂ ਬਾਦ ਸੁਪਰਡੈਂਟ ਸਾਹਬ ਮੇਰੇ ਕੈਬਿਨ ਵਿਚ ਹਾਜਰ ਹੋਏ। ਮੈਂ ਸਤਕਾਰ ਵਜੋਂ ਉਠ ਖੜਾ ਹੋਇਆ।
ਉਸੇ ਪਲ ਮੈਂ ਵੇਖਿਆ ਕਿ ਮੇਰਾ ਸਾਹਬ ਅਰਜੀਆਂ ਦਾ ਪੁਲੰਦਾ ਮੇਰੇ ਅੱਗੇ ਰਖ ਰਿਹਾ ਸੀ। ਉਪਰਲੀ ਅਰਜੀ ਉੱਤੇ ਮੇਰੇ ਪੈੱਨ ਦਾ ਨਿਸ਼ਾਨ ਮੇਰਾ ਮਖ਼ੌਲ ਉਡਾ ਰਿਹਾ ਸੀ।
ਛੁੱਟੀ ਵੇਲੇ ਮੈ ਦਫਤਰ ਤੋਂ ਬਾਹਰ ਨਿਕਲ ਰਿਹਾ ਸੀ ਤਾਂ ਵੇਖਦਾ ਹਾਂ ਕਿ ਸੜਕ ਕਿਨਾਰੇ ਮੇਰਾ ਸਾਹਬ ਤੇ ਸਵੇਰ ਵਾਲਾ ਏਜੈਂਟ ਹੱਥਾਂ ਤੇ ਹੱਥ ਮਾਰ ਕੇ ਉੱਚੀ ਉੱਚੀ ਹੱਸ ਰਹੇ ਸੀ।