ਅੱਖਾਂ ਦੇ ਵਿਚ ਸੂਰਜ ਮਗ੍ਹਦਾ
ਨੈਣਾਂ ਦੇ ਵਿਚ ਚੰਨ ਲਕੋਇਆ।
ਆਸਮਾਨ ਨੂੰ ਤਾਰੇ ਪੁਛਦੇ
ਇਹ ਕੀ ਹੋਇਆ ? ਇਹ ਕੀ ਹੋਇਆ?
ਅੰਬਰੋਂ ਨੂਰੀ ਨੀਰ ਸੀ ਵਰ੍ਹਿਆ
ਧਰਤੀ ਸਿੱਲ੍ਹੀ ਅੰਬਰ ਚੋਇਆ।
ਸੂਰਜ ਲੁਕਿਆ ਡਰਦਾ ਬੱਦਲੀਂ
ਕਿਸੇ ਨਾ ਦੁਖਦਾ ਜ਼ਖਮ ਹੈ ਧੋਇਆ।
ਥੱਕ ਗਏ ਹਾਲੀ ,ਪਾਲੀ , ਮਾਲੀ
ਕਿਰਤ ਕੋਠੜੀ ਸੰਨ੍ਹ ਪਰੋਇਆ।
ਪੌਣਾ ਵਿਚ ਪਰਿੰਦੇ ਭਾਲਣ
ਬਿਰਛ ਆਹਲਣੇ ਬੋਟ ਲਕੋਇਆ।
ਮੇਰੀ ਅੱਖ ਵਿਚ ਤਾਰੇ ਰੜਕਣ
ਰਾਹ ਛੜਿਆਂ ਦਾ ਖਾਲੀ ਹੋਇਆ।
ਚਾਨਣੀਆਂ ਵਿਚ ਨਾ੍ਹ ਕੇ ਸੱਜਣਾ
ਅੰਬਰ ਦੀ ਕਾਲਖ ਨੂੰ ਧੋਇਆ।
ਪੀੜ ਹਿਜਰ ਦੀ ਚੁਗ ਲਈ ਸਾਰੀ
ਹਰ ਥਾਂ ਚਾਨਣ ਚਾਨਣ ਹੋਇਆ।