ਕੈਲਸਾ ਵੱਲੋਂ ਪਾਈਆਂ ਗਈਆਂ ਨਵੀਆਂ ਪੈੜਾਂ
(ਖ਼ਬਰਸਾਰ)
ਕੈਲਗਰੀ): ਜੁਲਾਈ 15, ਸ਼ਨਿੱਚਰਵਾਰ ਕੈਲਸਾ (CALSA) ਵੱਲੋਂ ਕੈਲਗਰੀ ਵਿੱਚ ਇੱਕ ਆਪਣੀ ਕਿਸਮ ਦਾ ਸੰਗੀਤਕ ਅਤੇ ਅਦਬੀ ਪ੍ਰੋਗਰਾਮ ਕਰਵਾ ਕੇ ਨਵੀਂ ਪਿਰਤ ਪਾਈ ਗਈ। ਇਹ ਪ੍ਰੋਗਰਾਮ “ਮਹਫ਼ਿਲੇ-ਸੰਗੀਤੋ-ਅਦਬ” ਮੋਨਟਰੀ ਪਾਰਕ ਕਮਿਉਨਿਟੀ ਸੈਂਟਰ ਨੌਰਥ ਈਸਟ ਵਿੱਚ ਨੇਪਰੇ ਚੜ੍ਹਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਨਵੀਨਰ ਨਵਪ੍ਰੀਤ ਰੰਧਾਵਾ ਨੇ ਪ੍ਰੋਗਰਾਮ ਦੀ ਰੂਪਰੇਖਾ ਪੇਸ਼ ਕੀਤੀ ਅਤੇ ਪ੍ਰੈਜ਼ੀਡੈਂਟ ਜਸਬੀਰ ਚਾਹਲ ਨੇ ਆਏ ਹੋਏ ਸਰੋਤਿਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਸੰਗੀਤ ਦੇ ਦੌਰ ਵਿੱਚ ਸੱਭ ਤੋਂ ਪਹਿਲਾਂ 'ਰੈਡ ਐਫ ਐਮ ਆਈਡਲ 2016’ ਦੇ ਵਿਜੇਤਾ ਵਰਿੰਦਰ ਸੇਠੀ ਅਤੇ ਰਨਰਅਪ ਮਨਜੀਤ ਸੇਠੀ ਨੇ ਖ਼ੂਬਸੂਰਤ ਗ਼ਜ਼ਲਾਂ ਪੇਸ਼ ਕਰ ਕੇ ਮਹੌਲ ਨੂੰ ਰੰਗੀਨ ਬਣਾ ਦਿੱਤਾ। ਇਸ ਜੋੜੇ ਨੇ ਆਪਣੀ ਕਲਾ ਨਾਲ ਸਰੋਤੇ ਝੂਮਣ ਲਾ ਦਿੱਤੇ। “ਅਕੈਡਮੀ ਔਫ ਇਨਡੀਯਨ ਕਲਾਸੀਕਲ ਮਿਊਜ਼ਿਕ” ਨਾਲ ਜੁੜੇ ਦੋ ਕਲਾਕਾਰਾਂ ਵੱਲੋਂ ਖ਼ੂਬਸੂਰਤ ਸੰਗੀਤਕ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਰੀਟਾ ਕਰਮਾਕਰ ਨੇ ਠੁਮਰੀ ਅਤੇ ਇਕ ਗ਼ਜ਼ਲ ਪੇਸ਼ ਕੀਤੀ ਜੋ ਜੱਸਬੀਰ ਚਾਹਲ “ਤਨਹਾ” ਦੀ ਲਿਖੀ ਹੋਈ ਸੀ। ਸ਼ਰੁਤੀ ਕੁਲਕਰਨੀ ਨੇ ਦਾਦਰਾ ਪੇਸ਼ ਕਰ ਕੇ ਸਰੋਤਿਆਂ ਨੂੰ ਕੀਲ ਹੀ ਲਿਆ ਅਤੇ ਇਹਨਾਂ ਦੋਹਾਂ ਕਲਾਕਾਰਾਂ ਲਈ ਤਬਲੇ ਤੇ ਬਾ-ਕਮਾਲ ਸੰਗਤ ਕੀਤੀ ਸ. ਹਰਜੀਤ ਸਿੰਘ ਜੀ ਨੇ। ਆਏ ਹੋਏ ਸਾਰੇ ਸਰੋਤਿਆਂ ਅਤੇ ਮਹਿਮਾਨਾਂ ਨੇ ਉੱਚ ਪਾਏ ਦੇ ਸੈਮੀ-ਕਲਾਸੀਕਲ ਸੰਗੀਤ ਦਾ ਖ਼ੂਬ ਆਨੰਦ ਮਾਣਿਆਂ। ਕੈਲਸਾ ਦੀ ਟੀਮ ਮੈਂਬਰ ਗਗਨ ਬੁੱਟਰ ਨੇ ਇਸ ਪ੍ਰੋਗਰਾਮ ਵਿੱਚ ਸੰਗੀਤ ਅਤੇ ਅਦਬ ਦੇ ਅਨੋਖੇ ਸੁਮੇਲ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਇਹ ਪ੍ਰੋਗਰਾਮ ਜੋ ਕਿ “ਸਰਬ ਅਕਾਲ ਮਯੁਜ਼ਿਕ ਸੋਸਾਇਟੀ ਔਫ ਕੈਲਗਰੀ” ਦੇ ਸਹਿਯੋਗ ਨਾਲ ਕੀਤਾ ਗਿਆ, ਇਸ ਦੇ ਅਗਲੇ ਅੱਧ ਵਿੱਚ ਪੰਜਾਬੀ ਅਤੇ ਉਰਦੂ ਸ਼ਾਇਰੀ ਦਾ ਦੌਰ ਚੱਲਿਆ। ਸਰੀ (BC) ਤੋਂ ਆਏ ਮੇਹਮਾਨ ਸ਼ਾਇਰ ਕਵਿੰਦਰ ਚਾਂਦ, ਕ੍ਰਿਸ਼ਨ ਭਨੋਟ, ਇੰਦਰਜੀਤ ਧਾਮੀ, ਦਵਿੰਦਰ ਗੌਤਮ, ਰਾਜਵੰਤ ਰਾਜ ਅਤੇ ਕੈਲਗਰੀ ਤੋਂ ਕਰਾਰ ਬੁਖਾਰੀ ਅਤੇ ਜਾਵੇਦ ਨਿਜ਼ਾਮੀ ਹੁਰਾਂ ਨੇ ਆਪਣੇ ਕਲਾਮ ਪੇਸ਼ ਕਰ ਕੇ ਪ੍ਰੋਗਰਾਮ ਨੂੰ ਚਾਰ ਚੰਦ ਲਾ ਦਿੱਤੇ। ਹਰ ਸ਼ਾਇਰ ਦੇ ਵਿਲੱਖਣ ਰੰਗ ਨੇ ਸਰੋਤਿਆਂ ਨੂੰ ਦਿਲ ਖੋਲਕੇ ਦਾਦ ਦੇਣ ਨੂੰ ਮਜਬੂਰ ਕਰ ਦਿੱਤਾ। ਫਜ਼ਾ ਵਿੱਚ ਕਵਿਤਾਵਾਂ ਅਤੇ ਗ਼ਜ਼ਲਾਂ ਨੇ ਕਿੱਕਲੀਆਂ ਪਾਈਆ, ਸ਼ਬਦ ਹੱਸੇ, ਰੂਹਾਂ ਸ਼ਰਸਾਰ ਹੋਈਆਂ ਅਤੇ ਲੋਕ ਝੂਮੇ। ਇਸ ਤਰ੍ਹਾਂ ਸ਼ਾਇਰੀ ਨੇ ਇੱਕ ਵੱਖਰੀ ਤਰ੍ਹਾਂ ਦਾ ਮਹੌਲ ਸਿਰਜ ਦਿੱਤਾ। ਕੈਲਗਰੀ ਦੇ ਇਤਹਾਸ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਬਾਹਰ ਤੋਂ ਪੰਜ ਕਵੀ ਕਿਸੇ ਪ੍ਰੋਗਰਾਮ ਲਈ ਆਏ ਹੋਣ ਅਤੇ ਉਹ ਵੀ ਉੱਚ ਪੱਧਰ ਦੇ।
ਸਰੀ ਤੋਂ ਆਏ ਸ਼ਾਇਰਾਂ ਨੇ “ਪੰਜਾਬ ਭਵਨ” ਸਰੀ ਵੱਲੋਂ ਕੈਲਸਾ ਨੂੰ ਮਾਣ ਪੱਤਰ ਪੇਸ਼ ਕੀਤਾ ਜੋ ਪ੍ਰੈਜ਼ੀਡੈਂਟ ਜਸਬੀਰ ਚਾਹਲ ਨੇ ਬੜੀ ਨਿਮਰਤਾ ਨਾਲ ਸਵੀਕਾਰ ਕਰਦੇ ਹੋਏ “ਪੰਜਾਬ ਭਵਨ” ਸਰੀ ਦਾ ਦਿਲੀ ਧੰਨਵਾਦ ਕੀਤਾ। ਸਿਰਫ਼ ਦੋ ਮਹੀਨੇ ਪਹਿਲਾਂ ਹੋਂਦ ਵਿੱਚ ਆਈ ਸੰਸਥਾ ਕੈਲਸਾ ਲਈ ਇਸ ਤੋਂ ਵਡਾ ਮਾਣ ਹੋਰ ਕੀ ਹੋ ਸਕਦਾ ਸੀ? ਕੈਲਸਾ ਨੂੰ ਸਰੀ ਤੋਂ ਆਏ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਜੀ ਦੀ ਅਰੂਜ਼ ਤੇ ਲਿਖੀ ਹੋਈ ਕਿਤਾਬ “ਗ਼ਜ਼ਲ ਦੀ ਬਣਤਰ ਅਤੇ ਅਰੂਜ਼” ਰਲੀਜ਼ ਕਰਨ ਦਾ ਮਾਣ ਵੀ ਹਾਸਿਲ ਹੋਇਆ ਜਿਸਦੀ ਘੁੰਡ-ਚੁਕਾਈ ਤਾੜੀਆਂ ਦੀ ਗੂੰਜ ਵਿੱਚ ਕੀਤੀ ਗਈ।