ਆ ਗਏ ਅੱਜ ਉਹ ਹੱਥਾਂ ਵਿਚ ਗ਼ੁਲਦਸਤੇ ਫ਼ੜ ਕੇ।
ਉਹ ਜੋ ਗਏ ਸਨ ਨਿੱਕੀ ਜਿਹੀ ਇਕ ਗੱਲ ਤੋਂ ਲੜ ਕੇ।
ਸ਼ਾਇਦ ਬਹੁਤ ਦਬਾਇਆ ਉਸ ਨੇ ਇਸ਼ਕ ਦਾ ਸ਼ੁਅਲਾ,
ਫਿਰ ਵੀ ਅਚਨਚੇਤ ਕੋਈ ਚੰਗਿਆੜੀ ਭੜਕੇ।
ਆਪਣੇ ਅੰਤਮ ਸਾਹਾਂ 'ਤੇ ਹੈ ਪਤਝੜ ਸ਼ਾਇਦ,
ਕੱਲਾ ਕਾਰਾ ਸੁੱਕਾ ਪੱਤਾ ਰੁੱਖ਼ 'ਤੇ ਖੜਕੇ।
ਖ਼ੂੰਜੇ ਖ਼ੜ੍ਹੀ ਬਹਾਰ ਦਾ ਚਿਹਰਾ ਖ਼ਿੜ ਉੱਠਿਆ ਹੈ,
ਅੰਤਮ ਪੱਤਾ ਜਿਓਂ ਹੀ ਰੁੱਖ਼ ਤੋਂ ਡਿੱਗਿਆ ਝੜ ਕੇ।
ਆਪਣੀ ਧੁੰਨ ਵਿਚ ਜੰਗਲ਼ ਵਿਚੀਂ ਟੁਰਿਆ ਜਾਵੇ,
ਰਾਹੀ ਉੱਤੇ ਬੱਦਲ ਗੱਜੇ, ਬਿੱਜਲੀ ਕੜਕੇ।
ਗਲ਼ੀਏਂ ਗਲ਼ੀਏਂ ਰੁਲ਼ਦੇ ਪਏ ਯਤੀਮਾਂ ਵਾਂਗੂੰ,
ਸੁੱਕੇ ਪੱਤੇ ਰੁੱਖ਼ਾਂ ਤੋਂ ਜੋ ਡਿੱਗੇ ਝੜ ਕੇ।
ਰਾਤੀਂ ਜਾਗਣ ਆਸ਼ਕ, ਚੋਰ, ਲੁਟੇਰੇ, ਕੁੱਤੇ,
ਜਾਂ ਕੋਈ ਜੋਗੀ ਉੱਠ ਕੇ ਗਾਵੇ ਵੱਡੇ ਤੜਕੇ।
ਆਪਣੀ ਪੀੜ ਲੁਕਾਉਂਦੇ ਰਹੀਏ ਘਰ ਤੋਂ ਬਾਹਰ,
ਰੋਈਏ ਦਰਦਾਂ-ਵਿੰਨ੍ਹੇ ਹਰਦਮ ਅੰਦਰ ਵੜ ਕੇ।
ਅੱਖ਼ਾਂ ਵਿਚੀਂ ਰਾਤ ਗ਼ੁਜ਼ਰਦੀ ਰਫ਼ਤਾ ਰਫ਼ਤਾ,
ਨੀਂਦਰ ਸਾਨੂੰ ਪੈਂਦੀ ਕਿੱਧਰੇ ਵੱਡੇ ਤੜਕੇ।
ਬਾਬੇ ਸ਼ੇਖ਼ ਫ਼ਰੀਦ ਦੀ ਬਾਣੀ ਚੇਤੇ ਆਈ,
ਵੇਖ਼ੇ ਜਦ ਦੁਨੀਆਂ ਦੇ ਦੁੱਖ਼ ਮੈਂ ਉੱਚੇ ਚੜ੍ਹ ਕੇ।
ਅੱਧੀ ਰਾਤੀਂ ਬਾਹਰ ਖ਼ੜ੍ਹੀ ਬੇਚੈਨ ਹਵਾ ਹੈ,
"ਸਾਥੀ" ਸੋਚੇ ਉਸਦਾ ਸ਼ਾਇਦ ਬੂਹਾ ਖ਼ੜਕੇ।