ਜਲ ਹੀ ਤੇ ਸਭ ਕੋਇ (ਲੇਖ )

ਇਕਵਾਕ ਸਿੰਘ ਪੱਟੀ    

Email: ispatti@gmail.com
Address: ਸੁਲਤਾਨਵਿੰਡ ਰੋਡ
ਅੰਮ੍ਰਿਤਸਰ India
ਇਕਵਾਕ ਸਿੰਘ ਪੱਟੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੋਈ ਹੀ ਐਸਾ ਮਨੁੱਖ ਹੋਵੇਗਾ ਜਿਸਨੂੰ ਪਾਣੀ ਦੀ ਅਹਿਮੀਅਤ ਦਾ ਅੰਦਾਜ਼ਾ ਨਾ ਹੋਵੇ, ਪਰ ਬਹੁੱਤੇ ਮਨੁੱਖ ਐਸੇ ਜ਼ਰੂਰ ਹਨ, ਜੋ ਇਹ ਸੱਭ ਜਾਣੇ ਹੋਏ ਵੀ ਪਾਣੀ ਦੀ ਬੇਕਦਰੀ ਰੱਜ ਕੇ ਕਰਦੇ ਹਨ ਅਤੇ ਫਿਰ ਤਕੀਆ ਕਲਾਮ ਕਿ, 'ਕੋਈ ਨਾ ਸਾਰੀ ਦੁਨੀਆ ਦੇ ਨਾਲ ਹੀ ਹਾਂ ਆਪਾਂ ਵੀ' ਕਹਿ ਕੇ ਆਪਣੀਆਂ ਗਲਤੀਆਂ ਉੱਤੇ ਪਰਦਾ ਪਾਉਣ ਦਾ ਜਤਨ ਕਰਦੇ ਹਨ। ਪਰ ਖਿਆਲ ਕਰਿਉ! ਅਸੀਂ ਪਾਣੀ ਦੀ ਬੇਕਦਰੀ ਨਹੀਂ ਕਰ ਰਹੇ ਬਲਕਿ ਭਵਿੱਖ ਦੀ ਮਨੁੱਖਾ ਜਿੰਦਗੀ ਨੂੰ ਕੁੱਖ ਵਿੱਚ ਹੀ ਬਰਬਾਦ ਕਰ ਰਹੇ ਹਾਂ।
ਨਾ ਭੁੱਲਣਯੋਗ ਬਾਤ ਇਹ ਹੈ ਕਿ ਸਮੁੱਚੀ ਹੀ ਸ੍ਰਿਸ਼ਟੀ ਦੀ ਚੱਲ ਰਹੀ ਰੌਂ ਦਾ ਸੰਚਾਲਕ ਸਿਰਫ ਤੇ ਸਿਰਫ ਪਾਣੀ/ਜਲ ਹੈ। ਇਹੀ ਕਾਰਣ ਹੈ ਵੱਖ-ਵੱਖ ਧਰਮ ਗੰ੍ਰਥਾਂ ਸਮੇਤ ਗੁਰੂ ਨਾਨਕ ਸਾਹਿਬ ਦੁਆਰਾ ਰਚਿਤ ਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਪਾਣੀ ਦੀ ਅਹਿਮੀਅਤ ਨੂੰ ਧਾਰਮਿਕ ਤੌਰ ਉੱਤੇ ਦ੍ਰਿੜ ਕਰਵਾਉਂਦਿਆਂ ਹੋਇਆਂ ਸਮਾਜਿਕ ਅਤੇ ਸ੍ਰਿਸ਼ਟੀ ਰਚਨਾ ਦੇ ਸਬੰਧ ਵਿੱਚ ਅਹਿਮ ਜਾਣਕਾਰੀ ਦਿੰਦਿਆਂ ਹੋਇਆਂ ਗੁਰਬਾਣੀ ਅੰਦਰ ਥਾਂ-ਪੁਰ-ਥਾਂ ਸਮਝਾਇਆ ਕਿ ਸ੍ਰਿਸ਼ਟੀ ਦੀ ਉੱਤਪਤੀ ਹੀ ਪਾਣੀ ਤੋਂ ਹੋਈ ਹੈ 'ਸਾਚੇ ਤੇ ਪਵਨਾ ਭਇਆ ਪਵਨੇ ਤੈ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥' ਇਸੇ ਤਰ੍ਹਾਂ ਇੱਕ ਥਾਂ ਹੋਰ ਪਾਣੀ ਦੀ ਲੋੜ/ਮਹੱਤਤਾ ਨੂੰ ਸਮਝਾਉਂਦਿਆਂ ਹੋਇਆ ਬਚਨ ਕੀਤੇ ਕਿ, 'ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥' ਭਾਵ ਪਾਣੀ ਤੋਂ ਹੀ ਜੀਵਣ ਪੈਦਾ ਹੋਇਆ ਹੈ ਅਤੇ ਪਾਣੀ ਤੋਂ ਬਿਨ੍ਹਾਂ ਜੀਵਣ ਸੰਭਵ ਨਹੀਂ ਹੋ ਸਕਦਾ।
ਅੱਜ ਦੇ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਪਾਣੀ ਨੂੰ ਬਚਾਉਣ ਸਬੰਧੀ ਅਤੇ ਪੀਣਯੋਗ ਪਾਣੀ ਦੀ ਘੱਟ ਰਹੀ ਮਾਤਰਾ ਦੇ ਸਬੰਧ ਵਿੱਚ ਵਿਸ਼ਵ ਭਰ ਵਿੱਚ ਖੋਜੀ/ਸਾਇੰਸਦਾਨ ਭਾਰੀ ਚਿੰਤਾ ਵਿੱਚ ਹਨ, ਕਿਉਂਜੁ ਜਾਂ ਤਾਂ ਪਾਣੀ ਜ਼ਹਿਰੀਲਾ ਹੋਈ ਜਾ ਰਿਹਾ ਹੈ ਜਾਂ ਧਰਤੀ ਦੇ ਬਹੁਤ ਹੇਠਾਂ ਜਾਈ ਜਾ ਰਿਹਾ ਹੈ ਅਤੇ ਬਾਵਜੂਦ ਇਸਦੇ ਮਨੁੱਖਤਾ ਪਾਣੀ ਨੂੰ ਵਰਤਣ ਵਿੱਚ ਸੰਜਮਤਾ ਤਾਂ ਬਿਲਕੁੱਲ ਨਹੀਂ ਕਰ ਰਹੀ, ਪਰ ਪਾਣੀ ਦੇ ਬੇਕਦਰੀ/ਬਰਬਾਦੀ ਕਰਨ ਵਿੱਚ ਨੰ. ਇੱਕ ਤੇ ਜਾ ਰਹੀ ਹੈ, ਜਿਸਦੀਆਂ ਕਈ ਮਿਸਾਲਾਂ ਮਿਲ ਸਕਦੀਆਂ ਹਨ। ਹਾਲ ਵਿੱਚ ਹੀ ਇੱਕ ਰਿਪੋਰਟ ਅਨੁਸਾਰ ਅਸੀਂ ੫੦ ਤੋਂ ੫੦੦ ਲੀਟਰ ਤੱਕ ਦਾ ਪਾਣੀ ਦੀ ਬੇਕਦਰੀ ਅਸੀਂ ਕੇਵਲ ਆਪਣੇ ਵਾਹਨ ਮੋਟਰਸਾਈਕਲ, ਕਾਰ ਜਾਂ ਟਰੱਕ/ਬੱਸ ਆਦਿ ਨੂੰ ਧੋਣ ਵੇਲੇ ਹੀ ਕਰ ਦਿੰਦੇ ਹਾਂ ਅਤੇ ਕੁੱਝ ਲੋਕ ਤਾਂ ਅਜਿਹੇ ਹਨ ਜਿਹੜੇ ਹਫਤੇ ਵਿੱਚ ਹੀ ਦੋ-ਦੋ ਵਾਰ ਆਪਣੀ ਕਾਰਾਂ/ਗੱਡੀਆਂ ਨੂੰ ਧੋ ਕੇ ਬੇਸ਼ਕੀਮਤੀ ਪਾਣੀ ਦੀ ਬੇਹਿਸਾਬੀ ਬਰਬਾਦੀ ਕਰਦੇ ਹਨ।
ਇਹੋ ਜਿਹੇ ਹਾਲਤਾਂ ਨੂੰ ਵੇਖਦਿਆਂ ਹੋਇਆ ਹੀ ਇਸ ਗੱਲ ਦੇ ਕਿਆਸੇ ਲਗਾਏ ਜਾ ਰਹੇ ਹਨ ਕਿ ਅਗਲੀ ਸੰਸਾਰ ਜੰਗ ਜਦੋਂ ਵੀ ਹੋਈ ਤਾਂ ਪਾਣੀ ਨਾਲ ਸਬੰਧਿਤ ਹੋਵੇਗੀ। ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਪਾਣੀ ਬਣਾਇਆ ਨਹੀਂ ਜਾ ਸਕਦਾ, ਬਚਾਇਆ ਜ਼ਰੂਰ ਜਾ ਸਕਦਾ ਹੈ, ਪਰ ਇਹ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਇੱਕ ਪ੍ਰਾਣੀ-ਮਾਤਰ ਆਪਣੀ ਜਿੰਮੇਵਾਰੀ ਨੂੰ ਸਮਝੇਗਾ। ਅਸੀਂ ਦੇਖ ਹੀ ਰਹੇ ਹਾਂ ਕਿ ਸ਼ੁੱਧ ਅਤੇ ਸਾਫ ਪਾਣੀ ਦੇ ਨਾਂ ਤੇ ਅੱਜ ਪੰਜਾਬ ਵਿੱਚ ਹੀ ਨਿੱਜੀ ਕੰਪਨੀਆਂ ਕਰੋੜਾਂ ਰੁਪਏ ਦਾ ਕਾਰੋਬਾਰ ਕਰ ਰਹੀਆਂ ਹਨ। ਜੇਕਰ ਪਾਣੀ ਦੀ ਸਹੀ ਢੰਗ ਨਾਲ ਵਰਤੋਂ, ਪਾਣੀ ਦਾ ਬਚਾਅ ਅਤੇ ਸਾਂਭ-ਸੰਭਾਲ ਲਈ ਯਤਨ ਅਰੰਭ ਕਰ ਲਏ ਜਾਣ ਤਾਂ ਦਿੱਸ ਰਹੇ ਧੁੰਦਲੇ ਭਵਿੱਖ ਨੂੰ ਹਨੇਰਾ ਭਵਿੱਖ ਹੋਣ ਤੋਂ ਬਚਾਇਆ ਜਾ ਸਕਦਾ ਹੈ।
ਯੂ.ਐੱਨ.ਓ ਵੱਲੋਂ ਕਰਵਾਏ ਇੱਕ ਸਰਵੇ ਮੁਤਾਬਿਕ ੧੨੦ ਕਰੋੜ ਤੋਂ ਵੱਧ ਲੋਕਾਂ ਨੂੰ ਪੀਣਯੋਗ ਪਾਣੀ ਨਹੀਂ ਮਿਲ ਰਿਹਾ ਅਤੇ ੫੦ ਲੱਖ ਦੇ ਕਰੀਬ ਮੌਤਾਂ ਜ਼ਹਿਰੀਲੇ ਪਾਣੀ ਕਰਕੇ ਹੋ ਰਹੀਆਂ ਹਨ। ਪਾਣੀ ਦੀ ਸਹੀ ਮਾਤਰਾ ਦਾ ਅੰਦਾਜ਼ਾ ਪਾਣੀ ਦੀ ਸ਼ੁੱਧਤਾ/ਨਿਰਮਲਤਾ ਤੋਂ ਪਤਾ ਲੱਗਦਾ ਹੈ। ਗੁਰੂ ਬਾਬੇ ਦੀ ਬਾਣੀ ਕਹਿੰਦੀ ਹੈ, ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ॥ ਭਾਵ ਪਾਣੀ ਤੋਂ ਸਾਰਾ ਸੰਸਾਰ ਬਣਿਆ ਹੈ ਤੇ ਪਾਣੀ ਹੀ ਸਾਰੇ ਜਗਤ ਨੂੰ ਨਾਸ ਕਰਦਾ ਹੈ। ਤੀਸਰੇ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਬਚਨ, 'ਨਾਨਕ ਇਹ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਕੋਇ॥' ਨੂੰ ਖਿਆਲ ਵਿੱਚ ਰੱਖਦੇ ਹੋਏ ਪਾਣੀ ਸੀ ਸੰਭਾਲ ਲਈ ਜਤਨਸ਼ੀਲ ਹੋਈਏ। ਸੋ ਆਉ! ਪਾਣੀ ਬਾਰੇ ਆਪਣੇ ਬੱਚਿਆਂ, ਵੱਡਿਆਂ, ਬਜ਼ੁਰਗਾਂ ਨੂੰ ਸੁਚੇਤ ਕਰਕੇ ਭਵਿੱਖ ਦੀ ਮਨੁੱਖੀ ਨਸਲ ਨੂੰ ਬਚਾਉਣ ਲਈ ਉੱਦਮ ਕਰੀਏ।