ਮੋਹ ਦੀਆਂ ਤੰਦਾਂ (ਮਿੰਨੀ ਕਹਾਣੀ)

ਰਮਿੰਦਰ ਫਰੀਦਕੋਟੀਆ   

Cell: +91 98159 53929
Address:
ਫਰੀਦਕੋਟ India
ਰਮਿੰਦਰ ਫਰੀਦਕੋਟੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੁਰਸ਼ਰਨ ਸਿਓਂ ਮਿਹਨਤੀ, ਆਪਣੇ ਕਿੱਤੇ 'ਚ ਨਿਪੁੰਨ ਤੇ ਕੰਮ ਕਾਜ ਵਿੱਚ ਮਸਤ ਰਹਿਣ ਵਾਲਾ ਇਨਸਾਨ ਤੇ ਪਤਾ ਹੀ ਨਹੀਂ ਚੱਲਿਆ ਕਦੋਂ ਜ਼ਿੰਦਗੀ ਦੇ 50 ਸਾਲ ਅੱਖ ਦੇ ਫੋਰ 'ਚ ਹੀ ਉਡਾਰੀ ਮਾਰ ਗਏ। ਇਕ ਦਿਨ ਅਚਾਨਕ ਚਾਅ ਜਿਹਾ ਚੜ੍ਹਿਆ ਕਿ ਨਾਨਕੀ ਮਿਲ ਆਵਾਂ। ਗੱਡੀ ਸਟਾਰਟ ਕੀਤੀ ਤੇ ਤੁਰ ਪਏ ਪਰਿਵਾਰ ਸਮੇਤ ਨਾਨਕਿਆਂ ਦੇ ਰਾਹ ਤੇ। ਮਨ ਬੜਾ ਹੀ ਪ੍ਰਸੰਨ ਸੀ ਤੇ ਅਚਾਨਕ ਅੰਦਰੂਨੀ ਆਤਮਾ ਜੁੜ ਗਈ ਪੁਰਾਣੀਆਂ ਯਾਦਾਂ ਨਾਲ, ਕਿਵੇਂ ਨਾਨੇ-ਨਾਨੀ ਨੇ ਚਾਅ ਕਰਨੇ ਦੋਹਤੇ ਦੇ ਆਉਣ ਤੇ ਅਤੇ ਨਿੱਕਾ ਰਾਮ ਗੁਰੀ ਲੈ ਕੇ ਬਲਾਉਣਾ ਮੈਨੂੰ। ਨਾਨੀ ਦੇ ਘਿਓ ਵਾਲੇ ਪਰੌਂਠੇ ਨਘੋਚਾਂ ਕਰ-ਕਰ ਖਾਣੇ ਵਿਚਾਰੀ ਬੁਰਕੀਆਂ ਪਾਉਂਦੀ ਮੱਲੋ-ਮੱਲੀ ਮੂੰਹ 'ਚ ਤੇ ਉਧਰ ਨਾਨਾ ਜੀ ਨਾਲ ਕਿਤੇ ਸਾਈਕਲ ਦੀਆਂ ਤਾਰਾਂ ਸਾਫ਼ ਕਰਨ ਲੱਗ ਜਾਣਾ, ਦੁਪਹਿਰੇ ਤਾਸ਼ ਕੁੱਟਣੀ ਤੇ ਸ਼ਾਮੀ ਜਾਣਾ ਨਰਮਾ ਸੀਲਣ ਤੇ ਰਾਤ ਦੇਰ ਤੱਕ ਬੂਟੇ ਸਿੱਧੇ ਕਰਦੇ ਫਿਰਨਾ। ਜਦੋਂ ਮਾਂ ਬਾਪ ਨੇ ਅਗਲੇ ਦਿਨ ਲੈਣ ਜਾਣਾ ਨਾਨੀ ਨੇ ਮੱਲੋ ਮੱਲੀ ਰੱਖ ਲੈਣਾ ਇਹ ਕਹਿਕੇ ਮਸਾਂ-ਮਸਾਂ ਆਇਆ ਸੁੱਖ ਨਾਲ ਦੋਹਤਾ ਮੇਰਾ। 
ਅਚਾਨਕ ਬਰੇਕ ਮਾਰੀ ਤੇ ਦੇਖਿਆ ਆ ਗਿਆ ਨਾਨਕਿਆਂ ਦਾ ਨਵਾਂ ਘਰ। ਮਾਮਿਆਂ ਦੀਆਂ ਵੱਖ ਵੱਖ ਕੋਠੀਆਂ ਪਾਈਆਂ ਸੁੱਖ ਨਾਲ। ਉਤਰਨ ਤੇ ਹੀ ਖਾਲੀਪਨ ਜਿਹਾ ਮਹਿਸੂਸ ਹੋਇਆ ਇਞ ਪ੍ਰਤੀਤ ਹੋਇਆ ਜਿਵੇਂ ਚਾਅ ਮਲਾਰ ਨਹੀਂ ਕੀਤੇ ਅੱਜ ਦੋਹਤੇ ਦੇ ਆਉਣ ਤੇ। ਚਾਹ ਪਾਣੀ ਪੀਣ ਉਪਰੰਤ ਮਾਮੀ ਫਟਾ-ਫਟ ਬੋਲੀ ਕਾਕਾ ਕਦੋਂ ਕੁ ਜਾਣਾ ਵਾਪਿਸ ਅੱਜ ਸ਼ਾਮੀ। ਮਾਮੇ ਵਿਚਾਰੇ ਕਬੀਲਦਾਰੀ 'ਚ ਉਲਝੇ ਇਉਂ ਪ੍ਰਤੀਤ ਹੋਇਆ ਜਿਵੇਂ ਜ਼ਿੰਦਗੀ ਦੀ ਦੌੜ ਨੇ ਹੰਭਾ ਦਿੱਤੇ ਹੋਣ। ਜਾਣਾ ਹੀ ਹੈ ਮਾਮੀ ਜੀ ਜਲਦੀ ਬੜਾ ਜ਼ਰੂਰੀ ਕੰਮ ਹੈ ਘਰ। ਬੱਸ ਏਨਾ ਕਹਿ ਕੇ ਆਸ਼ੀਰਵਾਰ ਲਿਆ ਤੇ ਤੁਰਨ ਲੱਗਿਆ ਅੱਖਾਂ ਵਿੱਚੋਂ ਵਗਦਾ ਹੰਝੂਆਂ ਦਾ ਦਰਿਆ ਇਹ ਪੁੱਛ ਰਿਹਾ ਸੀ ਕਿ ਕਿੱਥੇ ਹੈ ਉਹ ਨਾਨੇ-ਨਾਨੀ ਵਾਲੀਆਂ ਮੋਹ ਦੀਆਂ ਤੰਦਾਂ ਜਿਹਨਾਂ ਦੀ ਬੁਸ਼ਾਰ ਨਿੱਕੇ ਹੁੰਦੇ ਤੇਰੇ ਤੇ ਹੁੰਦੀ ਸੀ।