ਤਰਲੋਚਨ ਸਿੰਘ ਦੀ ਮੈਂਬਰ ਪਾਰਲੀਮੈਂਟ ਵਜੋਂ ਭੂਮਿਕਾ
(ਪੁਸਤਕ ਪੜਚੋਲ )

ਤਰਲੋਚਨ ਸਿੰਘ ਦੀ ਮੈਂਬਰ ਰਾਜ ਸਭਾ ਵਜੋਂ ਕਾਰਗੁਜ਼ਾਰੀ ਬਾਰੇ ਡਾ.ਕੇਹਰ ਸਿੰਘ ਵੱਲੋਂ ਅੰਗਰੇਜ਼ੀ ਵਿਚ ਸੰਪਾਦਤ ਕੀਤੀ ਪੁਸਤਕ ਦਾ ਪੰਜਾਬੀ ਰੂਪ ਡਾ.ਦਰਸ਼ਨ ਸਿੰਘ ਆਸ਼ਟ ਨੇ ਬਹੁਤ ਹੀ ਸੰਜੀਦਗੀ ਅਤੇ ਸਿਆਣਪ ਨਾਲ ਕੀਤਾ ਹੈ, ਜਿਸ ਨੂੰ ਪੜ੍ਹਨ ਤੋਂ ਇਉਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਇਹ ਤਰਜਮਾ ਨਹੀਂ ਸਗੋਂ ਮੂਲ ਰੂਪ ਵਿਚ ਪੰਜਾਬੀ ਵਿਚ ਹੀ ਲਿਖੀ ਗਈ ਪੁਸਤਕ ਹੈ। ਇਹੋ ਅਨੁਵਾਦਕ ਦੀ ਕਾਬਲੀਅਤ ਹੁੰਦੀ ਹੈ। ਤਰਲੋਚਨ ਸਿੰਘ ਇਕ ਹੰਡਿਆ ਵਰਤਿਆ ਲੋਕ ਸੰਪਰਕ ਅਧਿਕਾਰੀ ਰਿਹਾ ਹੈ, ਜਿਸਨੇ ਆਪਣੀ ਸਰਕਾਰੀ ਨੌਕਰੀ ਦੌਰਾਨ ਭਾਰਤ ਦੀ ਵਰਤਮਾਨ ਲੋਕਤੰਤਰਿਕ ਪ੍ਰਣਾਲੀ ਬਾਰੇ ਡੂੰਘੀ ਜਾਣਕਾਰੀ ਹਾਸਲ ਕੀਤੀ ਹੈ। ਜਦੋਂ ਉਹ ਰਾਜ ਸਭਾ ਦਾ ਅਗਸਤ 2004 ਤੋਂ ਜੁਲਾਈ 2010 ਤੱਕ ਮੈਂਬਰ ਬਣਿਆਂ ਤਾਂ ਉਸਨੇ ਆਪਣੀ ਕਾਰਜਕੁਸ਼ਲਤਾ ਦਾ ਪ੍ਰਗਟਾਵਾ ਰਾਜ ਸਭਾ ਦੇ ਫੋਰਮ ਵਿਚ ਹਰ ਮੌਕੇ ਅਤੇ ਸਥਿਤੀ ਅਨੁਸਾਰ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ। ਹਰ ਚਲੰਤ ਮਸਲੇ ਨੂੰ ਉਸਨੇ ਸੰਜੀਦਗੀ, ਧੜੱਲੇਦਾਰੀ, ਨਿਰਪੱਖਤਾ ਅਤੇ ਪਾਰਟੀਬਾਜ਼ੀ ਤੋਂ ਉਪਰ ਉਠਕੇ ਉਠਾਇਆ ਕਿਉਂਕਿ ਉਹ ਅਜ਼ਾਦ ਮੈਂਬਰ ਸੀ, ਕਿਸੇ ਪਾਰਟੀ ਨਾਲ ਜੁੜਿਆ ਹੋਇਆ ਨਹੀਂ ਸੀ। ਸਗੋਂ ਉਸਦੀ ਕਮਾਲ ਇਹ ਰਹੀ ਹੈ ਕਿ ਉਸਨੇ ਸੰਜੀਦਾ ਮਸਲਿਆਂ ਬਾਰੇ ਸਾਰੀਆਂ ਸਿਆਸੀ ਪਾਰਟੀਆਂ ਦਾ ਸਹਿਯੋਗ ਲਿਆ। ਸ ਪੁਸਤਕ ਨੂੰ ਪੜ੍ਹਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਸੰਸਦ ਮੈਂਬਰ ਕਿਸ ਢੰਗ ਨਾਲ ਆਪਣੀ ਪਰਜਾ ਦੇ ਹਿੱਤਾਂ ਉਪਰ ਪਹਿਰਾ ਦੇ ਸਕਦੇ ਹਨ। ਉਸਨੇ ਅਜਿਹੇ ਮਸਲੇ ਉਠਾਏਜਿਹੜਿਆਂ ਬਾਰੇ ਕਦੀਂ ਕਿਸੇ ਮੈਂਬਰ ਨੇ ਸੰਜਦਗੀ ਹੀ ਨਹੀਂ ਵਿਖਾਈ। ਉਸਨੇ ਸਿੱਖਾਂ ਦੇ ਚਾਰ ਬਹੁਤ ਹੀ ਗੰਭੀਰ ਮਸਲਿਆਂ ਜਿਨ੍ਹਾਂ ਵਿਚ ਆਨੰਦ ਮੈਰਿਜ ਐਕਟ, ਸੰਵਿਧਾਨ ਦੀ ਧਾਰਾ 25 ਵਿਚ ਸੋਧ ਕਰਨ, 1984 ਦੇ ਕਤਲੇਆਮ, ਰਾਜਾਂ ਨੂੰ ਵੱਧ ਅਧਿਕਾਰ ਅਤੇ ਪੰਜਾਬੀ ਭਾਸ਼ਾ ਦੀ ਵਰਤੋਂ ਸੰਬੰਧੀ ਬੜੀ ਦਲੇਰੀ ਨਾਲ ਆਪਣਾ ਪੱਖ ਰੱਖਿਆ। ਉਨ੍ਹਾਂ ਵੱਲੋਂ 84 ਦੇ ਕਤਲੇਆਮ ਸੰਬੰਧੀ ਦਿੱਤਾ ਰਾਜ ਸਭਾ ਵਿਚ ਭਾਸ਼ਣ ਸੰਸਾਰ ਵਿਚ ਬੈਠੇ ਸਿੱਖਾਂ ਨੇ ਸਲਾਹਿਆ। ਉਨ੍ਹਾਂ ਆਪਣੀ ਗੱਲ ਦਲੀਲ ਨਾਲ ਕੀਤੀ ਜਿਸਦਾ ਸਰਕਾਰ ਕੋਲ ਕੋਈ ਜਵਾਬ ਨਹੀਂ ਸੀ।
ਸੰਸਦੀ ਪ੍ਰਣਾਲੀ ਬਾਰੇ ਭਾਵੇਂ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਗਈਆਂ ਹਨ ਪ੍ਰੰਤੂ ਕਿਸੇ ਵੀ ਪੁਸਤਕ ਵਿਚ ਸੰਸਦ ਦੇ ਮੈਂਬਰਾਂ ਵੱਲੋਂ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਉਣੀ ਹੈ ਅਤੇ ਇਸ ਪ੍ਰਣਾਲੀ ਦੀ ਵਰਤੋਂ ਕਿਵੇਂ ਕੀਤੀ ਜਾਣੀ ਹੈ, ਮੈਂਬਰ ਕਿਸ ਢੰਗ ਨਾਲ ਆਪਣੀ ਗੱਲ ਕਹਿ ਸਕਦਾ ਹੈ, ਬਾਰੇ ਕਿਸੇ ਪੁਸਤਕ ਵਿਚ ਨਹੀਂ ਦਰਸਾਇਆ ਗਿਆ। ਇਸ ਪੁਸਤਕ ਵਿਚ ਦੱਸਿਆ ਗਿਆ ਹੈ ਕਿ ਹਰੇਕ ਮੈਂਬਰ, ਲਿਖਤੀ ਸਵਾਲ ਪੁੱਛ ਸਕਦਾ ਹੈ, ਉਸ ਸਵਾਲ ਉਪਰ ਸ਼ਪਸ਼ਟੀਕਰਣ ਮੰਗ ਸਕਦਾ ਹੈ, ਰਾਸ਼ਟਰਪਤੀ ਦੇ ਭਾਸ਼ਣ ਅਤੇ ਬਜਟ ਸ਼ੈਸ਼ਨ ਵਿਚ ਬੋਲ ਸਕਦਾ ਹੈ, ਬਸ਼ਰਤੇ ਕਿ ਉਸ ਦੀ ਪਾਰਟੀ ਉਸਨੂੰ ਬੋਲਣ ਲਈ ਸਮਾਂ ਦੇਵੇ। ਉਨ੍ਹਾਂ ਇਹ ਵੀ ਦੱਸਿਆ ਕਿ ਅਜ਼ਾਦ ਮੈਂਬਰ ਨੂੰ ਬੋਲਣ ਦਾ ਸਮਾਂ ਬਹੁਤ ਔਖਾ ਮਿਲਦਾ ਹੈ ਪ੍ਰੰਤੂ ਸੂਝਵਾਨ ਮੈਂਬਰ ਸਮਾਂ ਲੈ ਲੈਂਦੇ ਹਨ, ਜਿਵੇਂ ਉਹ ਲੈਂਦੇ ਰਹੇ ਹਨ। ਹਰ ਮੈਂਬਰ ਨੂੰ ਸੰਵਿਧਾਨ ਵਿਚ ਤਰਮੀਮ ਕਰਨ, ਨਵਾਂ ਕਾਨੂੰਨ ਬਣਾਉਣ ਦੀ ਤਜ਼ਵੀਜ ਦੇਣ ਦਾ ਪ੍ਰਾਈਵੇਟ ਮੈਂਬਰ ਬਿਲ ਰਾਹੀਂ ਹੱਕ ਹੈ। ਹਰ ਮੈਂਬਰ ਪ੍ਰਾਈਵੇਟ ਬਿਲ ਪੇਸ਼ ਕਰ ਸਕਦਾ ਹੈ ਪ੍ਰੰਤੂ ਕਿਹੜੇ ਮੈਂਬਰ ਦਾ ਬਿਲ ਉਸ ਸ਼ੈਸਨ ਵਿਚ ਵਿਚਾਰਿਆ ਜਾਵੇਗਾ, ਉਸਦੀ ਚੋਣ ਲਾਟਰੀ ਰਾਹੀਂ ਕੀਤੀ ਜਾਂਦੀ ਹੈ। ਜਦੋਂ ਸ਼ੈਸਨ ਚਲ ਰਿਹਾ ਹੁੰਦਾ ਹੈ ਤਾਂ ਹਰ ਰੋਜ਼ ਇਕ ਜ਼ੀਰੋ ਆਵਰ ਹੁੰਦਾ ਹੈ, ਇਸ ਵਿਚ ਅਤਿ ਜ਼ਰੂਰ ਮਸਲਾ ਉਠਾਉਣ ਲਈ 3 ਮਿੰਟ ਦਾ ਸਮਾਂ ਦਿੱਤਾ ਜਾਂਦਾ ਹੈ। ਕਾਲ ਅਟੈਨਸ਼ਨ ਮੋਸ਼ਨ (ਵਿਸ਼ੇਸ਼ ਉਲੇਖ)ਇਕ ਦਿਨ ਪਹਿਲਾਂ ਸਪੀਕਰ ਨੂੰ ਦੇਣਾ ਹੁੰਦਾ ਹੈ, ਜਿਸਦਾ ਜਵਾਬ ਦੇਣ ਲਈ ਮੰਤਰੀ ਨੂੰ ਭੇਜਿਆ ਜਾਂਦਾ ਹੈ। ਇਸਨੂੰ ਪ੍ਰਵਾਨ ਕਰਨਾ ਸਪੀਕਰ ਦੀ ਮਰਜ਼ੀ ਹੁੰਦੀ ਹੈ। ਜੇ ਪ੍ਰਵਾਨ ਹੋ ਜਾਵੇ ਤਾਂ ਬਹਿਸ ਦਾ ਸਮਾਂ ਸਪੀਕਰ ਨਿਸਚਤ ਕਰਦਾ ਹੈ। ਇਹ ਪੁਸਤਕ ਜਿਥੇ ਆਮ ਲੋਕਾਂ ਦੀ ਸੰਸਦੀ ਪ੍ਰਣਾਲੀ ਬਾਰੇ ਜਾਣਕਾਰੀ ਵਿਚ ਵਾਧਾ ਕਰੇਗੀ ਉਥੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸ਼ਨਿਕ ਵਿਭਾਗਾਂ ਦੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗੀ। ਖੋਜੀ ਵਿਦਿਆਰਥੀਆਂ ਨੂੰ ਇਸ ਪ੍ਰਣਾਲੀ ਦੀ ਖ਼ੋਜ ਬਾਰੇ ਪੂਰੀ ਜਾਣਕਾਰੀ ਮਿਲੇਗੀ। ਆਮ ਤੌਰ ਤੇ ਸੰਸਦ ਮੈਂਬਰ ਆਪੋ ਆਪਣੀਆਂ ਪਾਰਟੀਆਂ ਦੇ ਹੱਥਠੋਕੇ ਬਣਕੇ ਸੰਸਦ ਵਿਚ ਵਿਚਰਦੇ ਹਨ ਪ੍ਰੰਤੂ ਇਸ ਪੁਸਤਕ ਨੂੰ ਪੜ੍ਹਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਹੁੰਦੇ ਹਨ। ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਚੁਣਿਆਂ ਹੈ, ਉਨ੍ਹਾਂ ਪ੍ਰਤੀ ਉਹ ਜਵਾਬਦੇਹ ਹੋਣੇ ਚਾਹੀਦੇ ਹਨ। ਸਵਾਲ ਪੁਛਣਾ ਅਜਿਹਾ ਅਧਿਕਾਰ ਹੈ ਜਿਸ ਰਾਹੀਂ ਤੁਸੀਂ ਮੰਤਰੀ ਤੋਂ ਜਾਣਕਾਰੀ ਲੈ ਸਕਦੇ ਹੋ ਜੇ ਤੁਸੀਂ ਮੰਤਰੀ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਤਾਂ ਸਪਲੀਮੈਂਟਰੀ ਸਵਾਲ ਤੁਰੰਤ ਕਰ ਸਕਦੇ ਹੋ ਜਿਸ ਤੋਂ ਮੰਤਰੀ ਦੀ ਕਾਬਲੀਅਤ ਦਾ ਪਤਾ ਲੱਗ ਜਾਵੇਗਾ। ਸਵਾਲ ਇਕ ਮਹੀਨਾ ਪਹਿਲਾਂ ਲਿਖਕੇ ਦੇਣਾ ਪੈਂਦਾ ਹੈ ਪ੍ਰੰਤੂ ਸਪਲੀਮੈਂਟਰੀ ਮੌਕੇ ਉਪਰ ਹੀ ਕਰ ਸਕਦੇ ਹੋ।
ਕਾਨੂੰਨ ਕਿਵੇਂ ਬਣਦੇ ਹਨ ਉਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਸੰਬੰਧਤ ਵਿਭਾਗ ਅਤੇ ਕਾਨੂੰਨ ਵਿਭਾਗ ਦੇ ਮੈਂਬਰਾਂ ਵਾਲੀ ਵਿਭਾਗੀ ਅਧਿਕਾਰੀਆਂ ਦੀ ਕਮੇਟੀ ਉਸਨੂੰ ਪਹਿਲਾਂ ਨਿਰੀਖਣ ਕਰਦੀ ਹੈ ਕਿ ਉਸ ਕਾਨੂੰਨ ਦੇ ਬਣਨ ਨਾਲ ਲਾਭ ਅਤੇ ਹਾਨੀ ਕੀ ਹੋਵੇਗੀ , ਫਿਰ ਉਸਨੂੰ ਪਾਸ ਕਰਦੀ ਹੈ ਤਾਂ ਉਹ ਬਿਲ ਸੰਸਦ ਵਿਚ ਪੇਸ਼ ਕੀਤਾ ਜਾਂਦਾ ਹੈ। ਇਨ੍ਹਾਂ ਸਾਰੇ ਕੰਮਾਂ ਵਿਚ ਸਫਲਤਾ ਪ੍ਰਾਪਤ ਕਰਨ ਲਈ ਮੈਂਬਰਾਂ ਨੂੰ ਹੋਮ ਵਰਕ ਕਰਨਾ ਪੈਂਦਾ ਹੈ, ਜੇਕਰ ਸੰਬੰਧਤ ਮੈਂਬਰ ਆਪਣੀ ਕਾਬਲੀਅਤ ਨਾਲ ਕਮੇਟੀ ਦੀ ਤਸੱਲੀ ਕਰਵਾ ਦੇਵੇਗਾ ਤਾਂ ਹੀ ਉਹ ਬਿਲ ਸੰਸਦ ਵਿਚ ਜਾਵੇਗਾ। ਸੰਵਿਧਾਨ ਦੀ ਕਿਸੇ ਵੀ ਧਾਰਾ ਵਿਚ ਤਬਦੀਲੀ ਦਾ ਵੀ ਇਹੋ ਢੰਗ ਹੈ। ਆਮ ਤੌਰ ਤੇ ਮੈਂਬਰ ਹਰ ਮਸਲਾ ਉਠਾਉਣ ਲੱਗਿਆਂ ਸਿਰਫ ਆਪਣੇ ਰਾਜ ਦੀਆਂ ਲੋੜਾਂ ਤੱਕ ਹੀ ਸੀਮਤ ਰਹਿੰਦੇ ਹਨ ਪ੍ਰੰਤੂ ਸਫਲ ਅਤੇ ਸੂਝਵਾਨ ਮੈਂਬਰ ਕੌਮੀ ਅਤੇ ਅੰਤਰਾਸ਼ਟਰੀ ਮਹੱਤਤਾ ਵਾਲੇ ਵਿਸ਼ਿਆਂ ਨੂੰ ਵੀ ਬੜੀ ਕਾਬਲੀਅਤ ਨਾਲ ਉਠਾਉਂਦੇ ਹਨ। ਤਰਲੋਚਨ ਸਿੰਘ ਨੇ ਤਾਂ ਸਿੱਖਾਂ ਦੇ ਮਸਲੇ ਤਾਂ ਬਾਖ਼ੂਬੀ ਉਠਾਏਹੀ ਹਨ ਪ੍ਰੰਤੂ ਉਹ ਰਾਸ਼ਟਰੀ ਅਤੇ ਅੰਤਰਾਸ਼ਟਰੀ ਮਸਲਿਆਂ ਬਾਰੇ ਵੀ ਸਜੱਗ ਰਹੇ ਹਨ। ਪ੍ਰਵਾਸੀ ਭਾਰਤੀਆਂ ਖਾਸ ਤੌਰ ਤੇ ਅਫ਼ਗਾਨੀ ਅਤੇ ਪਾਕਿਸਤਾਨੀ ਸਿੱਖਾਂ ਦੇ ਮਸਲੇ ਬੜੀ ਗੰਭੀਰਤਾ ਨਾਲ ਪੇਸ਼ ਕੀਤੇ ਹਨ। ਪਰਵਾਸ ਵਿਚ ਵਾਪਰ ਰਹੀ ਹਰ ਘਟਨਾ ਨੂੰ ਤਰਲੋਚਨ ਸਿੰਘ ਨੇ ਸੰਸਦ ਵਿਚ ਉਠਾਇਆ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਪੁਸਤਕ ਨੂੰ ਪ੍ਰਕਾਸ਼ਤ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ।