ਮੰਚ ਦੀ ਇਕੱਤਰਤਾ 'ਚ ਚੱਲਿਆ ਰਚਨਾਵਾਂ ਦਾ ਦੌਰ
(ਖ਼ਬਰਸਾਰ)
ਲੁਧਿਆਣਾ -- ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ, ਪ੍ਰਧਾਨਗੀ ਮੰਡਲ ਵਿਚ ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ, ਸੁਰਿੰਦਰ ਕੈਲੇ, ਡਾ ਗੁਰਚਰਨ ਕੌਰ ਕੋਚਰ ਅਤੇ ਤ੍ਰੈਲੋਚਨ ਲੋਚੀ ਨੇ ਸ਼ਿਰਕਤ ਕੀਤੀ। ਮੰਚ ਵੱਲੋਂ ਆਧਾਰ ਕਾਰਡ ਵਿਚੋਂ ਖੇਤਰੀ ਭਾਸ਼ਾਵਾਂ ਨੂੰ ਕੱਢੇ ਜਾਣ 'ਤੇ ਕੇਂਦਰ ਸਰਕਾਰ ਦੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਪਹਿਲੀ ਨਵੰਬਰ ਨੂੰ ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਰਾਜ ਭਵਨ ਦੇ ਘੇਰਾਓ ਵਿਚ ਹੁੰਮ-ਹੁਮਾ ਕੇ ਪਹੁੰਚਣ ਦਾ ਫ਼ੈਸਲਾ ਕੀਤਾ ਗਿਆ।
ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਸ਼ਹੀਦਾਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਦੇ ਲਈ ਸਰਕਾਰ ਨੂੰ ਵੱਡੇ ਉਪਰਾਲਿਆਂ ਦੀ ਲੋੜ ਹੈ।

ਰਚਨਾਵਾਂ ਦੇ ਦੌਰ ਵਿਚ ਤ੍ਰੈਲੋਚਨ ਲੋਚੀ ਨੇ ਗ਼ਜ਼ਲ 'ਸ਼ੁਕਰ ਮਨਾਓ ਕਲਯੁਗ ਵਿਚ ਵੀ, ਬਲ਼ਦਾ ਕਿਤੇ ਚਿਰਾਗ ਤਾਂ ਹੈਗਾ', ਡਾ ਗੁਰਚਰਨ ਕੌਰ ਕੋਚਰ ਨੇ 'ਮੈਂ ਚਾਹੁੰਦੀ ਹਾਂ ਮੁਹੱਬਤ ਦੀ ਖਿੜੇ ਗੁਲਜ਼ਾਰ ਹਰ ਪਾਸੇ, ਜਿੱਧਰ ਦੇਖਾਂ ਨਜ਼ਰ ਆਵੇ ਦਿਲਾਂ ਦਾ ਪਿਆਰ ਹਰ ਪਾਸੇ', ਦਲਵੀਰ ਸਿੰਘ ਲੁਧਿਆਣਵੀ ਨੇ ਆਜ਼ਾਦੀ ਦਿਵਸ ਨੂੰ ਸਮਰਪਿਤ ਕਵਿਤਾ 'ਕੀ ਏਹੀ ਹੈ ਆਜ਼ਾਦੀ', ਮਨਜਿੰਦਰ ਧਨੌਆ ਨੇ ਗੀਤ 'ਐ ਤਿਰੰਗੇ, ਐ ਤਿਰੰਗੇ', ਅਮਰਜੀਤ ਸ਼ੇਰਪੁਰੀ ਨੇ 'ਐਵੇਂ ਨੀ ਤਿਰੰਗਾ ਝੁਲਦਾ', ਭਗਵਾਨ ਢਿੱਲੋਂ ਨੇ ਕਵਿਤਾ 'ਕਬੂਤਰ ਤੋਂ ਡਰਦੀ ਬਿੱਲੀ', ਇੰਜ ਸੁਰਜਨ ਸਿੰਘ ਨੇ ਕਵਿਤਾ 'ਬਾਬਾ-ਪੋਤਾ', ਦਲੀਪ ਅਵਧ ਨੇ 'ਆਫਰ ਆਈ ਬਰੋ ਬਲੀਚਿੰਗ', ਪੰਮੀ ਹਬੀਬ ਨੇ ਮਿੰਨੀ ਕਹਾਣੀ 'ਦੇਸੀ ਘਿਓ ਦੀ ਜਲੇਬੀ', ਰਬਿੰਦਰ ਸਿੰਘ ਦੀਵਾਨਾਂ ਨੇ ਗੀਤ 'ਮੈਨੂੰ ਮੇਰੇ ਵੀਰਿਓ ਵੇ', ਜਨਮੇਜਾ ਸਿੰਘ ਜੌਹਲ ਨੇ 'ਆ ਨੀ ਪੰਜਾਬੀ, ਆ ਨੀ ਪੰਜਾਬੀ, ਕਿੱਥੇ ਤੁਰੀ ਜਾਨੀ ਏ', ਸੁਰਿੰਦਰ ਕੈਲੇ, ਬਲਵਿੰਦਰ ਔਲਖ ਗਲੈਕਸੀ, ਭੁਪਿੰਦਰ ਸਿੰਘ ਧਾਲੀਵਾਲ, ਬਲਕੌਰ ਸਿੰਘ ਗਿੱਲ ਆਦਿ ਨੇ ਰਚਨਾਵਾਂ ਦੀ ਬਹਿਸ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਆਪਣੇ ਦੇਸ਼ ਵਿਚ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਖਾਸ ਕਰਕੇ ਪੰਜਾਬੀ ਵਿਦੇਸ਼ਾ ਨੂੰ ਜਾ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਡਾ ਕੋਚਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਨੇਡਾ ਫੇਰੀ ਦੌਰਾਨ ਓਂਟਾਰੀਓ (ਕੈਨੇਡਾ) ਦੀ ਮੈਂਂਬਰ ਪਾਰਲੀਮੈਂਟ ਵੱਲੋਂ 'ਐਪ੍ਰੀਸੇਸ਼ਨ ਸਰਟੀਫਿਕੇਟ' ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿਚ ਵੱਡਮੁਲਾ ਯੋਗਦਾਨ ਪਾਉਣ ਦੇ ਲਈ ਅਤੇ ਸਾਹਿਤ ਸਮਰਪਣ ਭਵਨ, ਨਵੀਂ ਦਿੱਲੀ ਵੱਲੋਂ 'ਰਾਸ਼ਟਰੀ ਸਾਹਿਤ ਗੌਰਵ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਮੰਚ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਡਾ ਕੋਚਰ ਦਾ ਸਵਾਗਤ ਕੀਤਾ ਗਿਆ।