ਤੁਸੀਂ ਲੱਭਦੇ ਹੋ ਮੇਰਾ ਅਤੀਤ
ਪੁਸਤਕਾਂ 'ਚੋਂ
ਸ਼ਿਲਾਲੇਖਾਂ 'ਚੋਂ
ਖੰਡਰਾਂ 'ਚੋਂ
ਤਾਂ ਕਿ ਫਿਰ ਤੋਂ ਪਰਿਭਾਸ਼ਤ ਕਰ ਸਕੋਂ
ਮੇਰੀ ਹੋਂਦ
ਮੇਰੀ ਪਛਾਣ
ਮੇਰਾ ਵਿਰਸਾ ……
ਤੋਸੀਂ ਫੋਲਦੇ ਹੋ ਪੁਸਤਕਾਂ
ਜਿਹੜੀਆਂ ਨਾ ਮੈਂ ਲਿਖੀਆਂ ਨੇ
ਨਾ ਮੈਂ ਪੜ੍ਹੀਆਂ ਨੇ
ਤੋਸੀਂ ਦੇਖਦੇ ਹੋ ਸ਼ਿਲਾਲੇਖ
ਜਿਨ੍ਹਾਂ 'ਚ ਨਾ ਮੇਰੀ ਹਾਰ ਹੈ
ਨਾ ਜਿੱਤ ਹੀ
ਮੇਰੇ ਬਾਰੇ ਖੰਡਰਾਂ ਤੋਂ ਪੁੱਛਦੇ ਹੋਂ
ਪਰ ਮੈਂ ਤਾਂ ਉਸਰਈਆ ਹਾਂ
ਖੰਡਰ ਕੀ ਜਾਨਣਗੇ ਮੇਰੇ ਬਾਰੇ
ਜਨਾਬ
ਅੱਖਾਂ ਦੇ ਚਸ਼ਮੇ ਉਤਾਰੋ
ਫੁਸਤਕਾਲੇ 'ਚੋਂ ਬਾਹਰ ਆਉ
ਰਹਿਣ ਦਿਉ ਸ਼ਿਲਾਲੇਖ
ਰਹਿਣ ਦਿਉ ਖੰਡਰਾਂ ਨੂੰ
ਆਉ ਦਿਖਾਵਾਂ
ਮੇਰੇ ਲਹੂ ਦਾ ਜਲੌਅ
ਮੇਰੇ ਮੁੜ੍ਹਕੇ ਦੀ ਮਹਿਕ
ਮੇਰੇ ਹੱਥਾਂ ਦੀ ਕਰਾਮਾਤ
ਦੇਖੋ ਮਖਮਲੀ ਸੜਕਾਂ
ਚਾਂਦੀ ਰੰਗੀਆਂ ਨਹਿਰਾਂ ਤੇ ਡੈਮ
ਗਾਉਂਦੀਆਂ ਫਸਲਾਂ
ਰੋਸ਼ਨ ਰਾਤਾਂ
ਦੁੱਧ ਧੋਤੇ ਨਗਰ
ਸੁਥਰੇ ਸਵਾਰੇ ਘਰ
ਇਹ ਹੈ ਮੇਰਾ ਸਫਰ
ਮੱਧ ਯੁੱਗ ਤੋਂ ਅੱਜ ਤੱਕ
ਪਰ ਮੈਂ
ਜਾਂ ਮੇਰੀ ਪਛਾਣ ……
ਰਾਸ਼ਨ ਕਾਰਡ ਜਾਂ ਵੋਟਰ ਸੂਚੀ 'ਚ
ਮੇਰਾ ਵੀ ਨਾਂ ਦਰਜ ਹੈ ਦੇਖ ਲੈਣਾ
ਕੁਝ ਖਾਸ ਕੁਝ ਵਿਸ਼ੇਸ਼ ……
ਸਰਕਾਰੀ ਕਾਗਜ਼ਾਂ 'ਚ ਮੈਂ
ਐਸ.ਸੀ ਜਾਂ ਐਸ.ਟੀ ਹਾਂ
ਧਰਮ ਲਈ ਪੰਜਵੀਂ ਪਾਲ਼ ਹਾਂ
ਸ਼ਮਾਜ ਲਈ ਭੈੜਾ ਹਾਂ ਗਾਲ੍ਹ ਹਾਂ
ਢੋਰ ਹਾਂ ਗਵਾਰ ਹਾਂ ਜਾਂ ਚੋਰ ਹਾਂ
ਅੱਤਵਾਦੀ ਨਕਸਲੀ ਜਾਂ ਕਈ ਕੁਝ ਹੋਰ ਹਾਂ
ਪਰ ਮੈਂ ……
ਮੇਰਾ ਕੀ ?
ਮੈਂ ਤਾਂ ਪਛਾਣ ਦੇ ਸੰਕਟ ਤੋਂ ਪਹਿਲਾਂ
ਜੀਣ ਦੇ ਸੰਕਟ 'ਚ ਘਿਰਿਆ ਹਾਂ
ਤੇ ਤੁਹਾਡੇ ਸ਼ਬਦਾਂ 'ਚ
ਅਖੌਤੀ 'ਮੁੱਖ ਧਾਰਾ' 'ਚੋਂ
ਕੇਰਿਆ ਜਾਂ ਕਿਰਿਆ ਹਾਂ……