ਕਾਗਜ਼ ਦੇ ਰਾਵਣ ਫੂਕ ਕੇ
ਕੀ ਸਾਬਤ ਕਰਨਾ ਚਾਹੁੰਦੇ ਹੋ
ਆਪਣੇ ਕੁਕਰਮਾਂ ਨੂੰ
ਧੂੰਏ ਚ ਉਡਾਉਣਾ ਚਾਉਂਦੇ ਹੋ
ਸਦੀਆਂ ਤੋਂ ਇਹੀ
ਕਰਦੇ ਆ ਰਹੇ ਹੋ
ਪਤਾ ਨਹੀਂ ਕਿਸ ਨੂੰ
ਮੂਰਖ਼ ਬਣਾ ਰਹੇ ਹੋ
ਰਾਵਣ ਨੇ ਗ਼ਲਤ
ਕੀ ਕੀਤਾ
ਆਪਣੀ ਭੈਣ ਦੀ
ਬੇਇਜ਼ਤੀ ਦਾ
ਬਦਲਾ ਹੀ ਲਿਤਾ
ਤੁਸੀਂ ਵੀ ਹਰ ਸਾਲ
ਭੈਣਾਂ ਤੋਂ ਰੱਖੜੀ
ਬਨਾਉਂਦੇ ਹੋ
ਅਤੇ ਉਸ ਦੀ
ਰੱਖਿਆ ਦਾ
ਕੌਲ ਨਿਭਾਉਂਦੇ ਹੋ
ਇਹ ਗੱਲ ਵੱਖਰੀ ਹੈ ਕਿ
ਸਾਲ ਵਿਚ ਇਕ ਵਾਰ ਹੀ
ਭੈਣ ਚੇਤੇ ਆਂਉਂਦੀ ਹੈ
ਤੇ ਉਹ ਵੀ ਚਾਈ ਚਾਈ
ਰੱਖੜੀ ਬੰਨ੍ਹਣ ਆਂਉਂਦੀ ਹੈ
ਆਪਣੀ ਵਿੱਤ ਅਨੁਸਾਰ
ਰਿਸ਼ਤਾ ਨਿਭਾਂਉਂਦੇ ਹੋ
ਮਹਿਜ਼ ਇਕ ਰੱਖੜੀ ਦੀ
ਕੀਮਤ ਹੀ ਚੁਕਾਉਂਦੇ ਹੋ
ਇਹ ਰਿਸ਼ਤਾ ਵੀ ਬੱਸ
ਇਕ ਰਸਮ ਬਣ ਕੇ
ਰਹਿ ਗਿਆ
ਕਿਸੇ ਗੋਲੂ ਗਵਾਹ ਦੀ ਖਾਧੀ
ਝੂਠੀ ਕਸਮ ਬਣ ਕੇ
ਰਹਿ ਗਿਆ
ਰਾਵਣ ਨੇ ਤਾਂ
ਫਿਰ ਵੀ ਆਪਣਾ
ਧਰਮ ਨਿਭਾ ਦਿੱਤਾ
ਆਪਣੀ ਭੈਣ ਤੋਂ
ਸਭ ਕੁਝ ਲੁਟਾ ਦਿੱਤਾ
ਆਓ ਆਪਾਂ ਰਿਸ਼ਤਿਆਂ ਦੇ
ਸੱਚ ਨੂੰ ਜਾਣੀਏ
ਰਾਵਣ ਦੇ ਅੰਦਰਲੇ
ਦਰਦ ਨੂੰ ਪਛਾਣੀਏ