ਕਿੱਥੇ ਲਾਏ ਨੇ ਸੱਜਣਾ ਡੇਰੇ (ਲੇਖ )

ਮਲਕੀਤ ਸਿੰਘ   

Email: malkeet83.singh@gmail.com
Cell: +91 94177 30049
Address: ਪਿੰਡ : ਕੋਟਲੀ ਅਬਲੂ
ਸ੍ਰੀ ਮੁਕਤਸਰ ਸਾਹਿਬ India
ਮਲਕੀਤ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚਾਲੀ ਮੁਕਤਿਆ ਦੀ ਧਰਤੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਵੱਸਦੇ ਇਕ ਛੋਟੇ ਜਿਹੇ ਕਸਬੇ ਗਿੱਦੜਬਾਹਾ ਦੀ ਮਿੱਟੀ ਵਿੱਚ ਕਲਾ ਅਤੇ ਸੰਗੀਤ ਸਮਾਇਆ ਹੋਣ ਕਰਕੇ ਇਥੇ ਅਨੇਕਾਂ ਨਾਮਵਰ ਕਲਾਕਾਰਾਂ ਨੇ ਜਨਮ ਲਿਆ । ਇਨ੍ਹਾਂ ਵਿਚੋ ਹੀ ਪੰਜਾਬੀ ਗਾਇਕੀ ਦਾ ਨਾਮਵਰ ਹਸਤਾਖਰ ਸੀ ਹਾਕਮ ਸੂਫੀ । ਹਾਕਮ ਸੂਫੀ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀ ਕਿਉਕਿ ਉਹ ਆਪਣੀ ਵੱਖਰੀ ਜੀਵਨ ਸੈਲੀ ਅਤੇ ਗਾਇਣ ਸ਼ੈਲੀ ਕਰਕੇ ਆਪਣੀ ਵਲੱਖਣ ਪਹਿਚਾਣ ਰੱਖਦਾ ਸੀ । ਹਾਕਮ ਸੂਫੀ ਇੱਕ ਸੱਚੇ ਸੂਫੀ ਵਾਂਗ ਇਸ਼ਕ ਮਜਾਜੀ ਦੇ ਰਾਹ ਜਾਂਦਾ ਜਾਂਦਾ ਇਸ਼ਕ ਹਕੀਕੀ ਦੇ ਰਾਹੇ ਪੈ ਗਿਆ ।
ਹਾਕਮ ਨੇ ਜੋ ਜੀਵਿਆ ਓਹੀ ਗਾਇਆ ।

     ਅੱਜ ਤੋ ਲੱਗਪੱਗ 65 ਕੁ ਸਾਲ ਪਹਿਲਾ ਗਿੱਦੜਬਾਹਾ ਦੇ ਨਾਲ ਲੱਗਦੇ ਪਿੰਡ ਦੌਲਾ ਵਿਖੇ ਪਿਤਾ ਸਰਦਾਰ ਕਰਤਾਰ ਸਿੰਘ ਅਤੇ ਮਾਤਾ ਸ੍ਰੀਮਤੀ ਗੁਰਦਿਆਲ ਕੌਰ ਦੀ ਕੁੱਖੋ ਇਕ ਸਧਾਰਨ ਜਿਹੇ ਪਰਿਵਾਰ ਵਿੱਚ 03 ਮਾਰਚ 1952 ਨੂੰ ਜਨਮ ਲਿਆ । ਹਾਕਮ ਨੇ ਆਪਣੀ ਮੁੱਢਲੀ ਸਿੱਖਿਆ ਗਿੱਦੜਬਾਹਾ ਤੋ ਪ੍ਰਾਪਤ ਕੀਤੀ । ਉਹ ਸਿਰਫ ਬੀ .ਏ .ਭਾਗ ਪਹਿਲਾ ਤੱਕ ਹੀ ਕਰ ਸਕਿਆ ਇਸ ਉਪਰੰਤ ਉਸਨੇ ਨਾਭਾ ਤੋ ਆਰਟ ਐਡਂ ਕਰਾਫਟ ਦਾ ਡਿਪਲੋਮਾ ਕੀਤਾ ਅਤੇ ਮਿਤੀ 22-01-1976 ਤੋ ਂ2010 ਤੱਕ ਸਰਕਾਰੀ ਹਾਈ ਸਕੂਲ ਜੰਗੀਰਾਣਾ (ਬਠਿੰਡਾ) ਵਿਖੇ ਬਤੌਰ ਡਰਾਇੰਗ ਮਾਸਟਰ ਸੇਵਾ ਨਿਭਾਈ ।

ਬਚਪਨ ਤੋ ਬਾਅਦ ਜਦੋ ਜਵਾਨੀ ਨੇ ਉਸਦੀਆਂ ਬਰੂਹਾ ਤੇ ਦਸਤਕ ਦਿੱਤੀ ਤਾਂ ਹਾਕਮ ਵੀ ਇਸ ਦੇ ਰੰਗ ਤੋ ਅਭਿੱਜ ਨਾ ਰਹਿ ਸਕਿਆ ਅਤੇ ਉਹ ਇਸਕ ਕਰ ਬੈਠਾ । ਸਮਾਜ ਨੇ ਉਸਦੇ ਇਸ ਰਿਸਤੇ ਨੂੰ ਤਸਦੀਕ ਨਹੀ ਕੀਤਾ ਜਿਸ ਕਰਕੇ ਉਸਦਾ ਦੁਨਿਆਵੀ ਇਸਕ ਪੂਰ ਨਾ ਚੜਿਆ ਤਾਂ ਉਹ ਮਾਨਸਿਕ ਤੌਰ ਤੇ ਟੁੱਟ ਗਿਆ । ਫਿਰ ਉਸਨੇ ਮਾਨਸਿਕ ਸ਼ਾਂਤੀ ਲਈ ਮਹਾਨ ਫਿਲਾਸਫਰ ਅਚਾਰੀਆ ਰਜਨੀਸ਼ (ਓਸ਼ੋ) ਤੋ ਂ17-07-1978 ਵਿੱਚ ਸ਼ਾਗਿਰਦੀ ਲਈ । ਤਿੰਨ ਸਾਲ ਉਹਨਾ ਕੋਲ ਪੂਨੇ ਰਿਹਾ ਤੇ ਉਨਾ ਦੀ ਫਿਲਾਸਫੀ ਨੂੰ ਸਮਝਿਆ ਉਸਦੇ ਨਕਸੇ ਕਦਮ ਤੇ ਚਲਦਿਆ ਗਹ੍ਰਿਸਥੀ ਤਿਆਗ ਫਕੀਰੀ ਦਾ ਰਾਹ ਫੜਿਆ । ਇਸ ਲਈ ਫਕੀਰੀ ਉਸਦੀ ਸਮੁੱਚੀ ਜੀਵਨ ਸੈ.ਲੀ ਵਿਚੋ ਪ੍ਰਤੱਖ ਝੱਲਕਦੀ ਸੀ । ਪਰ ਘਰ ਗ੍ਰਹਿਸਥੀ ਤੋ ਦੂਰ ਹੁੰਦੇ ਹੋਵੇ ਵੀ ਪਿਤਾ ਜੀ ਦੇ ਦੇਹਾਂਤ ਮਗਰੋ ਘਰ ਦੀ ਕਬੀਲਦਾਰੀ ਦੀ ਜਿੰਮੇਵਾਰੀ ਵੀ ਨਿਭਾਈ । 

     ਹਾਕਮ ਨੂੰ ਗਾਇਕੀ ਦੀ ਪ੍ਰੇਰਣਾ ਸਕੂਲ ਪੜ੍ਹਦਿਆ ਉਸਦੇ ਅਧਿਆਪਕ ਸ੍ਰੀ ਦਰਸ਼ਨ ਪ੍ਰਵਾਨਾ ਅਤੇ ਬੂਟਾ ਸਿੰਘ ਤੋ ਮਿਲੀ । ਬਚਪਨ ਤੋ ਫਕੀਰੀ ਸਭਾ ਕਾਰਨ ਉਸ ਨੂੰ ਪੀਰਾਂ ਫਕੀਰਾਂ ਦੀਆਂ ਦਰਗਾਹਾਂ ਤੇ ਕਵਾਲੀਆਂ ਸੁਣਨ ਦਾ ਸੌਕਂ ਸੀ । ਬਸ ਇਹੀ ਸੌਕਂ ਉਸਨੂੰ ਉਹਨਾਂ ਦੇ ਉਸਤਾਦ ਜਨਾਬ ਫਕੀਰ ਮੁਹੰਮਦ ਫਕੀਰ ਤੱਕ ਲੈ ਗਿਆ । ਜੋ ਕਿ ਪੀਰਾਂ ਫਕੀਰਾਂ ਦੀਆਂ ਦਰਗਾਹਾਂ ਤੇ ਕਵਾਲੀ ਕਰਿਆ ਕਰਦੇ ਸਨ । ਇਥੋ ਹੀ ਉਸ ਨੇ ਜਨਾਬ ਫਕੀਰ ਮੁਹੰਮਦ ਫਕੀਰ ਪਾਸੋ ਗਾਇਕੀ ਦੇ ਖੇਤਰ ਵਿੱਚ ਸ਼ਗਿਰਦੀ ਧਾਰਨ ਕੀਤੀ । ਹਾਕਮ ਦੇ ਮਾਂ ਬਾਪ ਨੇ ਉਸ ਦਾ ਨਾਮ ਹਾਕਮ ਸਿੰਘ ਰੱਖਿਆ ਸੀ ਪਰ ਹਾਕਮ, ਸੂਫੀ ਰੰਗ ਵਿੱਚ ਰੰਗਿਆ ਹੋਣ ਕਰਕੇ ਤੇ ਉਸਦੇ ਫਕੀਰੀ ਸੁਭਾ ਕਾਰਨ ਇਕ ਦਿਨ ਉਸਦੇ ਉਸਤਾਦ ਫਕੀਰ ਮੁਹੰਮਦ ਫਕੀਰ ਨੇ ਵਜਦ ਵਿੱਚ ਆ ਕੇ ਉਸ ਦਾ ਨਾਮ ਹਾਕਮ ਸਿੰਘ ਤੋ ਹਾਕਮ ਸੂਫੀ ਰੱਖ ਦਿੱਤਾ । ਮੁਰਸ਼ਦ ਤੋ ਮਿਲੇ ਤਖੱਲਸ ਅਨੁਸਾਰ ਸੂਫੀ ਨੇ ਸਾਰੀ ਜਿੰਦਗੀ ਫਕੀਰਾ ਵਾਂਗ ਸਾਦਾ ਜੀਵਨ ਬਤੀਤ ਕੀਤਾ । ਗਾਇਕੀ ਸੂਫੀ ਦਾ ਸੌਕਂ ਸੀ ਅਤੇ ਚਿੱਤਰਕਾਰੀ ਉਸਦਾ ਕਿੱਤਾ ਬਣੀ । ਜਿਸਦੇ ਸਦਕਾ ਉਹ ਆਪਣੀ ਸੇਵਾ ਕਾਲ ਦੌਰਾਨ ਬੱਚਿਆ ਨੂੰ ਕਲਾਂ ਨਾਲ ਜੋੜਦਾ ਰਿਹਾ । 

      ਸੂਫੀ ਨੂੰ ਯੁੱਗ ਗਾਇਕ ਕਿਹਾ ਜਾਵੇ ਤਾਂ ਕੋਈ ਅੱਤਕਥਨੀ ਨਹੀ ਹੋਵੇਗੀ ਕਿਉਕਿ ਉਸਨੇ ਪ੍ਰਚੱਲਤ ਦੋ ਅਰਥੀ ਅਸ਼ਲੀਲ ਦੋਗਾਣਿਆ ਦੀ ਗਾਇਕੀ ਦੀ ਪ੍ਰੰਪਰਾ ਨੂੰ ਤੋੜਿਆ ਤੇ ਸੋਲੋ ਗਾਉਣ ਦੀ ਨਵੀ ਪਿਰਤ ਪਾਈ । ਸਮਾਜ ਵਿੱਚ ਮਨੋਰੰਜਨ ਦੇ ਨਾਮ ਤੇ ਫੈਲੀ ਅਸ਼ਲੀਲ ਹਵਾ ਨੂੰ ਆਪਣੇ ਮਿਆਰੀ ਗੀਤਾਂ ਨਾਲ ਸੁੱਧ ਕੀਤਾ ।
ਅੱਜ ਵੀ ਅਨੇਕਾਂ ਅਜਿਹੇ ਗਾਇਕ ਹਨ ਜੋ ਖੁੱਦ ਨੂੰ ਸੂਫੀ ਕਹਾਉਦੇ ਅਤੇ ਗਾਉਦੇ ਵੀ ਹਨ ਪਰ ਫਿਰ ਉਹ ਦੌਲਤ ਸੌਹਰਤ ਦੀ ਦੌੜ ਵਿਚੋ ਖੁੱਦ ਨੂੰ ਬਹਾਰ ਰੱਖ ਪਾ ਰਹੇ ਹਨ । ਪਰ ਪੰਜਾਬੀ ਮਾਂ ਬੋਲੀ ਦੇ ਇਸ ਮਾਨਮੱਤੇ ਗਾਇਕ ਨੇ ਕਦੇ ਦੌਲਤ, ਸੌਹਰਤ ਦੀ ਖਾਤਰ ਗੈਰ ਮਿਆਰੀ ਗੀਤ ਨਹੀ ਗਾਏ ਸਗੋ ਸਮਾਜ ਨੂੰ ਸੇਧ ਦੇਣ ਵਾਲੇ ਨਿਰੋਲ ਸੱਭਿਆਚਾਰਕ ਗੀਤਾ ਨੂੰ ਤਰਜੀਹ ਦਿੱਤੀ । ਉਸ ਅੰਦਰਲੇ ਅਧਿਆਪਕ ਨੇ ਉਸਦੇ ਗੀਤਾਂ ਦਾ ਮਿਆਰ ਕਦੇ ਡਿੱਗਣ ਨਾ ਦਿੱਤਾ । ਉਹ ਹਮੇਸ਼ਾ ਪਦਾਰਥਵਾਦ, ਉਲਾਰਵਾਦ ਅਤੇ ਨਕਲਵਾਦ ਤੋ ਨਿਰਲੇਪ ਰਿਹਾ । ਉਸਨੇ ਪੈਸੇ ਲਈ ਨਹੀ ਗਾਇਆ ਸਗੋ ਰੂਹ ਦੀ ਸ਼ਾਂਤੀ ਲਈ ਗਾਇਆ । ਕਿਉਕਿ ਉਸਦਾ ਵਿਚਾਰ ਸੀ ਕਿ ਨਿਰਾ ਪੈਸਾ ਕਮਾਉਣਾ ਹੀ ਗਾਇਕੀ ਨਹੀ ਗਾਇਕ ਉਹੀ ਹੁੰਦਾ ਹੈ ਜੋ ਮਨੋਰੰਜਨ ਕਰਨ ਦੇ ਨਾਲ ਨਾਲ ਲੋਕਾ ਦੇ ਮਨਾਂ ਦੇ ਦੀਵੇ ਵੀ ਜਗਾਵੇ । ਉਸ ਦੇ ਗੀਤਾਂ ਵਿਚੋ ਪੇਡੂਂ ਸੱਭਿਆਚਾਰ ਦੇ ਹੂ-ਬ-ਹੂ ਦਰਸ਼ਨ ਹੁੰਦੇ ਹਨ। ਪੇਡੂਂ ਧਰਾਤਲ ਤੇ ਜੰਮਿਆ ਪਲਿਆ ਹੋਣ ਕਰਕੇ ਆਮ ਪੇਡੂਂ ਜਨਜੀਵਨ ਵਿਚਲੇ ਬਿੰਬ ਕਾਵ ਬਿੰਬ ਬਣਕੇ ਉਸਦੇ ਗੀਤਾਂ ਨੂੰ ਅਲੰਕ੍ਰਿਤ ਕਰਦੇ ਹਨ । ਇਸ ਤਰ੍ਹਾਂ ਕਾਵ ਅਲੰਕਾਰ ਉਸਦੇ ਗੀਤਾਂ ਨੂੰ ਸੁਤੇ ਸਿੱਧ ਸਿੰਗਾਰਦੇ ਹਨ । ਉਸਦੀ ਰਚਨਾ ਵਿਚ ਆਏ ਅਲੰਕਾਰਾਂ ਦਾ ਨਮੂਨਾ 
ਉਪਮਾ ਅਲੰਕਾਰ
 1 .`ਅੱਕਾਂ ਦਿਆਂ ਭੱਬੂਆਂ ਵਾਂਗੂ ਤੇਰੇ ਵਾਅਦੇ ਉਡੱ-ਪੁੱਡ ਖਿੰਡ ਗਏ  । 
   ਅਸੀ ਨਾ ਜਿਉਦੇ ਨਾ ਮੋਏ ਤੁਸੀ ਪਤਾ ਨਹੀ ਕਿਹੜੇ ਪਿੰਡ ਗਏ ।
 2 .`ਤੇਰੀਆਂ ਦਾਖਾਂ ਵਰਗੀਆਂ ਗੱਲਾਂ ਸਾਡਾ ਜੀਣਾ ਦੁੱਭਰ ਕੀਤਾ ।
 3 . ਸੰਤਾਂ ਦੀ ਪੋਥੀ ਵਾਂਗੂ ਸਾਂਭੇ ਤੇਰੇ ਖਤ ਵੇ 
    ਧੂਫ ਬੱਤੀ ਕਰਾਂ ਨਾਲੇ ਮਾੜੀ ਵੱਜਾਂ ਘਰ ਵਿੱਚ 
    ਵੇਖ ਮੇਰਾ ਆ ਕੇ ਜਤ-ਸਤ ਵੇ ।
ਅਨੁਪ੍ਰਾਸ ਅਲੰਕਾਰ 
 1 . ਇਸ਼ਕ ਸੌਗਾਤ ਏ ਇਸ਼ਕ ਹਾਲਾਤ ਏ
    ਇਸ਼ਕ ਸ਼ੀਰੀ ਵੀ ਬਣਦਾ, ਇਸ਼ਕ ਫਰਿਹਾਦ ਏ ।
ਇਸ ਤਰ੍ਹਾ ਉਸਦੇ ਹੋਰ ਗੀਤਾਂ ਵਿੱਚ ਵੀ ਅਲੰਕਾਰ ਦੇਖਣ ਨੂੰ ਮਿਲਦੇ ਹਨ ।
ਸੱਜਣ ਦੇ ਵਿਛੋੜ ਦੀ ਤੜਫ ਵਿੱਚ ਬਿਰਹੋ ਦਾ ਸੇਕ ਝੱਲਦਾ ਹੋਇਆ ਉਹ ਕਦੇ ਕਦੇ ਵਿਰਲਾਪ ਕਰਦਾ ਹੈ ।
 ਡੂੰਘੀਆਂ ਅੱਖੀਆਂ ਵਾਲਿਆ ਸੱਜਣਾ ਆਇਆ ਨਾ,
 ਸੱਜਣ ਜੀ * ਮੇਰੇ ਗੀਤਾਂ ਦਾ ਮੁੱਲ ਪਾਇਆ ਨਾ ।
ਸੂਫੀ ਨੇ ਜਿਥੇ ਪੰਜਾਬੀ ਸੱਭਿਆਚਾਰ ਲਈ ਲਿਖਿਆ ਅਤੇ ਗਾਇਆ ਉਥੇ ਉਸ ਨੇ ਆਪਣੀ ਮਾਂ ਬੋਲੀ ਪੰਜਾਬੀ ਦੀ ਅਮੀਰੀ ਅਤੇ ਮਹਾਨਤਾ ਨੂੰ ਦਰਸਾਉਦੇ ਗੀਤ ਲਿਖੇ ਜਿਵੇ :
 ਇਹ ਬੋਲੀ ਮੇਰੇ ਦੁੱਧ ਦੀ ਬੋਲੀ 
 ਪੋਤੜਿਆ ਤੋ ਸਿੱਖੀ 
ਜਿਹਦੀ ਝੋਲੀ ਦੇ ਵਿੱਚ ਬਹਿ ਕੇ
ਕਾਇਨਾਤ ਸਭ ਡਿੱਠੀ
ਮੋਹ ਦਾ ਸਰਵਰ ਠਾਠਾਂ ਮਾਰੇ,
ਮਾਖਿਓ ਤੋ ਵੀ ਮਿੱਠੀ 
ਤੋਤਲੇ ਬੋਲਾਂ ਵਾਲੀ ਬੋਲੀ
ਜੋ ਬੋਲੀ ਭੁੱਲ ਜਾਂਦੇ ,
ਉਨਾਂ ਕੌਮਾਂ ਦੇ ਨਾਂ ਖਤਮ ਹੋ ਜਾਂਦੇ ।।

   ਸੂਫੀ ਨੇ ਆਪਣੇ ਗੀਤਾਂ ਰਾਹੀ ਆਪਣੇ ਵਿਚਾਰਾਂ ਅਤੇ ਭਾਵਾਂ ਨੂੰ ਪ੍ਰਗਟ ਕਰਨ ਲਈ ਜੋ ਬੋਲੀ ਵਰਤੀ ਹੈ । ਉਹ ਠੇਠ ਪੰਜਾਬੀ ਪੇਡੂਂ ਬੋਲੀ ਹੈ । ਉਸਦੇ ਗੀਤਾਂ ਵਿੱਚਲੇ ਅਜਿਹੇ ਸ਼ਬਦ ਜਿਵੇ : ਖਿੱਪ, ਵੇੜ, ਟਿੱਚ-ਟੇਰ, ਦੀਦੇ, ਭਾਂਬੜ, ਘੱਤਦੀ, ਘੁਮੇਰੀਆਂ, ਹੰਘਾਲੀਆਂ, ਪੋਥੀ, ਘੁਣ, ਢਾਬ, ਕੋਟਲਾ ਛੁਪਾਕੀ, ਜਲੂਣੀ, ਮਿੱਕ, ਖਣਵਾਦੇ, ਭੁੱਬਲ, ਬਿੱਰਖ, ਪੋਹੇ, ਜੋਤਰਾ, ਬੂਈ, ਔੜਾਂ, ਸਿੱਕਰੀ, ਰੰਭ-ਰੰਭ, ਗੋਕਾ, ਮਸਾਨ, ਖੱਪਰੀ, ਸ਼ੀਰ, ਦੁਸੇਰ ਆਦਿ ਜੋ ਬੋਲ-ਚਾਲ ਦੀ ਬੋਲੀ ਜਾਣ ਵਾਲੀ ਪੰਜਾਬੀ ਵਿਚੋ ਮਨਫੀ ਹੋ ਗਏ ਹਨ 

    ਪੰਜਾਬੀ ਵਿੱਚ ਲਿੱਖ ਕੇ `ਛੱਲਾ`, `ਕੋਕਾ` ਗੀਤ ਪਹਿਲੀ ਵਾਰ ਗਾਉਣ ਵਾਲਾ ਸੂਫੀ ਸੀ । ਪੰਜਾਬੀ ਦੇ ਲੋਕ ਸਾਜ ਡੱਫਲੀ ਨੂੰ ਵੀ ਪਹਿਲੀ ਵਾਰ ਲੋਕਾਂ ਦੇ ਰੂ-ਬ-ਰੂ ਸੂਫੀ ਨੇ ਕੀਤਾ । ਅੱਜ ਇਸ ਸਾਜ ਨੂੰ ਕਈ ਨਾਮਵਰ ਕਲਾਕਾਰਾਂ ਨੇ ਅਪਣਾਇਆ ਹੋਇਆ ਹੈ । ਕੁਝ ਨਾਮਵਰ ਕਲਾਕਾਰਾਂ ਵੱਲੋ ਉਸ ਦੇ ਗੀਤਾਂ `ਕੋਕਾ` ਨੂੰ ਤਰੋੜ ਮਰੋੜ ਕੇ ਪੇਸ ਕੀਤਾ ਗਿਆ ਜਿਸ ਦਾ ਉਸ ਨੂੰ ਬੜਾ ਦੁੱਖ ਸੀ । 

    ਸੂਫੀ ਦਾ ਪਹਿਲਾ ਐਲ .ਪੀ ਰਿਕਾਰਡ ਐਚ .ਐਮ .ਵੀ ਕੰਪਨੀ ਤੋ 1981-82 ਵਿੱਚ `ਮੇਲਾ ਯਾਰਾਂ ਦਾ` ਰਿਕਾਰਡ ਹੋ ਕੇ ਮਾਰਕੀਟ ਵਿੱਚ ਆਇਆ । ਇਸ ਰਿਕਾਰਡ ਨੂੰ ਲੋਕਾਂ ਵੱਲੋ ਐਨਾ ਪਿਆਰ ਮਿਲਿਆ ਕਿ ਸੂਫੀ ਨਾਮਵਾਰ ਗਾਇਕਾਂ ਦੀ ਮੂਹਰਲੀ ਕਤਾਰ ਵਿੱਚ ਆ ਖੜ੍ਹਾ ਹੋਇਆ । ਇਸ ਤੋ ਬਾਅਦ ਉਸਦੀਆਂ ਕੈਸਟਾ `ਦਿਲ ਵੱਟੇ ਦਿਲ`, `ਝੱਲਿਆ ਦਿਲਾ ਵੇ `, `ਸੁਪਨਾ ਮਾਹੀ ਦਾ`, `ਰੂਹ ਨਾਲ ਤੱਕ ਚੰਨ ਵੇ`, `ਕੋਲ ਬਹਿ ਕੇ ਸੁੱਣ ਸੱਜਣਾ` ਅਤੇ ਦਿਲ ਤੜਫੇ ਆਦਿ ਆਈਆਂ । ਉਸਦੇ ਗਾਏ ਹੋਏ ਗੀਤਾਂ : ਮੇਲਾ ਯਾਰਾਂ ਦਾ, ਲੋਈ, ਛੱਲਾ, ਕਿਥੇ ਲਾਏ ਨੇ ਸੱਜਣਾ ਡੇਰੇ, `ਮੇਰੇ ਚਰਖੇ ਦੀ ਟੁੱਟ ਗਈ ਮਾਲ੍ਹ` ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ । 

    ਗਾਇਕੀ ਦੇ ਨਾਲ-ਨਾਲ ਉਸਨੂੰ ਫਿਲਮਾ ਵਿੱਚ ਅਦਾਕਾਰੀ ਕਰਨ ਅਤੇ ਗਾਉਣ ਦਾ ਮੌਕਾ ਮਿਲਿਆ ਜਿਨ੍ਹਾ ਵਿੱਚ `ਯਾਰੀ ਜੱਟ ਦੀ` , `ਨਿੱਖਟੂ`, `ਦੀਵਾ ਬਲੇ ਸਾਰੀ ਰਾਤ` ਅਤੇ `ਪੰਚਾਇਤ` । ਯਾਰੀ ਜੱਟ ਦੀ ਫਿਲਮ ਵਿੱਚ ਉਸ ਦੇ ਗਾਏ ਅਤੇ ਫਿਲਮਾਏ ਗੀਤ `ਪਾਣੀ ਵਿੱਚ ਮਾਰਾਂ ਡੀਟਾਂ `ਗੀਤ ਨੇ ਉਸ ਦੀ ਸੁਰੀਲੀ ਅਵਾਜ ਨੂੰ ਘਰ ਘਰ ਪਹੁੰਚਾ ਦਿੱਤਾ । ਪੰਜਾਬ ਤੋ ਇਲਾਵਾ ਉਸਨੇ ਵਿਦੇਸ਼ਾਂ ਯੂ .ਐਸ .ਏ, ਸਿੰਘਾਪੁਰ ਅਤੇ ਆਸਟਰੇਲੀਆ ਵਿੱਚ ਵੀ ਆਪਣੀ ਸੁਰੀਲੀ ਗਾਇਕੀ ਰਾਹੀ ਪੰਜਾਬੀ ਮਾਂ ਬੋਲੀ ਅਤੇ ਗਾਇਕੀ ਨੂੰ ਪ੍ਰਫੁਲੱਤ ਕੀਤਾ । ਬੇਸੱਕ ਪੰਜਾਬ ਅਤੇ ਪੰਜਾਬੋ ਬਹਾਰ ਦੇ ਸਰੋਤਿਆ ਨੇ ਉਸ ਨੂੰ ਮਣਾਂਮੂੰਹੀ ਪਿਆਰ ਦਿੱਤਾ ਵੱਖ ਵੱਖ ਮੇਲਿਆ ਤੇ ਉਸਨੂੰ ਸਨਮਾਨਿਤ ਵੀ ਕੀਤਾ ਜਾਂਦਾ ਰਿਹਾ ਪਰ ਉਸਨੂੰ ਉਹ ਮਾਣ-ਸਨਮਾਨ ਨਹੀ ਮਿਲਿਆ ਜਿਸਦਾ ਉਹ ਹੱਕਦਾਰ ਸੀ । 

     ਪਿਛਲੇ ਦਿਨੀ ਦਾਸ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਮਿਲਣ ਦਾ ਮੌਕਾ ਮਿਲਿਆ ਸੂਫੀ ਦੇ ਛੋਟੇ ਭਰਾ ਨੱਛਤਰ ਸਿੰਘ ਨੇ ਕਿਹਾ ਕਿ ਬੜਾ ਅਫਸੋਸ ਹੁੰਦਾ ਹੈ ਅਜਿਹਾ ਕਲਾਕਾਰ ਜੋ ਸਾਰੀ ਜਿੰਦਗੀ ਮਾਂ ਬੋਲੀ ਅਤੇ ਸੱਭਿਆਚਾਰ ਦੇ ਵਿਕਾਸ ਵਿੱਚ ਆਪਣੀ ਮਿਆਰੀ ਗਾਇਕੀ ਨਾਲ ਯੋਗਦਾਨ ਪਾਉਦਾ ਰਿਹਾ ਉਸਦੀ ਕਿਸੇ ਨੇ ਕਦੇ ਸਾਰ ਨਹੀ ਲਈ । ਸੂਫੀ ਆਪਣੇ ਅੰਤਲੇ ਦਿਨ੍ਹਾਂ ਵਿੱਚ ਗੁੰਮਨਾਮੀ ਦੀ ਜਿੰਦਗੀ ਜਿਉਦਾ ਰਿਹਾ ਉਸਦੇ ਕਰੀਬੀ ਮਿੱਤਰਾਂ ਨੇ ਕਦੇ ਆ ਕੇ ਉਸਦਾ ਹਾਲ ਨਹੀ ਪੁੱਛਿਆ ਸੀ ਅਤੇ ਨਾ ਹੀ ਮਰਨ ਤੋ ਬਾਅਦ । ਸੂਫੀ ਆਪਣੇ ਸਾਰੇ ਗਿਲੇ ਸਿੱਕਵੇ, ਦੁੱਖ ਦਰਦ ਬਿਨ੍ਹਾਂ ਕਿਸੇ ਨਾਲ ਸਾਂਝੇ ਕੀਤਿਆਂ ਇਕ ਚੁੱਪ ਜਿਹੀ ਆਪਣੇ ਨਾਲ ਹੀ ਲੈ ਕੇ ਮਿਤੀ 04 ਸਤੰਬਰ 2012 ਨੂੰ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ । ਪਰ ਉਹ ਆਪਣੇ ਗੀਤਾਂ ਰਾਹੀ ਅੱਜ ਵੀ ਸਾਡੇ ਮਨਾਂ ਵਿੱਚ ਵੱਸਦਾ ਹੈ ।
ਸੂਫੀ ਦੇ ਪਰਿਵਾਰ ਵਿਚੋ ਉਸਦੀ ਪਾਈ ਗਾਇਕੀ ਦੀ ਪਿਰਤ ਨੂੰ ਅੱਗੇ ਤੌਰਨ ਲਈ ਉਸਦਾ ਭਤੀਜਾ ਗਗਨ ਸੂਫੀ ਯਤਨਸੀਲ ਹੈ ਕਾਮਨਾ ਕਰਦੇ ਹਾਂ ਕਿ ਉਹ ਸੂਫੀ ਵਾਂਗ ਹੀ ਸਾਫ ਸੁਥਰੀ ਗਾਇਕੀ ਨਾਲ ਆਪਣੀ ਵਿਲੱਖਣ ਪਹਿਚਾਣ ਬਣਾਵੇ ।

     ਅਜੋਕੀ ਰੋਲੇ ਰੱਪੇ ਵਾਲੀ, ਬੇਅਰਥੀ ਪੰਜਾਬੀ ਗਾਇਕੀ ਦੇ ਵਿਕਾਸ ਵਿੱਚ ਯੋਗਦਾਨ ਪਾ ਰਹੇ ਕੁੱਝ ਅਖੋਤੀ ਗਾਇਕਾਂ ਨੂੰ ਦਾਸ ਦੀ ਬੇਨਤੀ ਹੈ ਕਿ ਉਹ ਕਲਾਂ ਦੀ ਮਹਾਨਤਾ ਨੂੰ ਸਮਝਦੇ ਹੋਏ ਅਜਿਹੇ ਦਰਵੇਸ ਗਾਇਕ ਤੋ ਸੇਧ ਲੈਦੇ ਹੋਏ ਮਿਆਰੀ ਗਾਇਕੀ ਨੂੰ ਪਹਿਲ ਦੇਣ । ਸਹੀ ਅਰਥਾ ਵਿੱਚ ਇਸ ਤਰ੍ਹਾਂ ਹੀ ਪੰਜਾਬੀ ਮਾਂ ਬੋਲੀ ਅਤੇ ਸਭਿੱਆਚਾਰ ਦੀ ਸੇਵਾ ਕੀਤੀ ਜਾ ਸਕਦੀ ਹੈ ।