ਇੰਦਰ ਦੇਵ ...ਸੱਚਮੁੱਚ ਇੰਦਰ ਦੇਵਤੇ ਦਾ ਰੂਪ ... ਕਣਕ ਵੰਨਾ ਰੰਗ, ਕੱਦ ਸਰੂ ਦੇ ਬੂਟੇ ਵਾਂਙ ਲੰਮ ਸਲੱਮਾਂ , ਕਮਾਇਆ ਜਿਸਮ , ਰਿਸ਼ਟ ਪੁਸ਼ਟ ... ਪਿਆਰੀਆਂ ਨਸ਼ੀਲੀਆਂ ਅੱਖਾਂ .. ਚਾਲ ਤੇਜ਼ ਚੀਤੇ ਵਰਗੀ .ਪੜਾਈ ਵਿੱਚ ਜ਼ਹੀਨ ... ਐਮ .ਬੀ.ਬੀ. ਐਸ ਕਰਦਿਆਂ ਆਈ ਏ ਐਸ ਵੀ ਕਰ ਲਈ ..ਸੀ, ਸਾਹਿਤ ਅਤੇ ਸਪੋਰਟਸ ਦਾ ਸ਼ੌਕੀਨ ਸੀ ....ਨਿੱਕੀਆਂ ਨਿੱਕੀਆਂ ਕਵਿਤਾਵਾਂ ਲਿਖ਼ ਲਿਖ਼ ਡਾਇਰੀਆਂ ਭਰਦਾ ਰਹਿੰਦਾ ...
ਹਾਕੀ, ਬੈਡਮਿੰਟਨ ਅਤੇ ਗੌਲਫ਼ ਦਾ ਸ਼ੌਕੀਨ ..ਕਪੜੇ ਪਹਿਨਣ 'ਚ ਕਿਸੀ ਸੀਆ ਰਾਮ ਜਾਂ ਬਾਂਬੇ ਡਾਇੰਗ ਦੇ ਮਾਡਲ ਤੋਂ ਘੱਟ ਨਹੀਂ ਸੀ। ਹਮੇਸ਼ਾਂ ਵੱਖਰੇ ਵੱਖ਼ਰੇ ਰੰਗਾਂ ਦੇ ਮਹਿੰਗੇ ਸੂਟ ਪਾਉਂਦਾ ਸੀ । ਗੁੱਟ ਤੇ ਹਮੇਸ਼ਾਂ ਸੋਨੇ ਦੀ ਘੜੀ ਬੰਨਦਾ ਸੀ । ਜਿਧਰੋਂ ਵੀ ਲੰਘਦਾ ਸੀ ਕਲੀਆਂ ਦੀ ਖ਼ੁਸ਼ਬੂ ਬਿਖ਼ੇਰਦਾ ਸੀ... ਪਤਾ ਨਹੀਂ ਸੈਂਟ ਦੀ ਸੀ ਜਾਂ ਉਸਦੇ ਜਿਸਮ ਚੋਂ ਫ਼ੁੱਟਦੀ ਸੀ ।ਉਸ ਵਲ ਜੋ ਵੀ ਦੇਖ਼ਦਾ ਉਹ ਵਾਰ ਵਾਰ ਦੇਖ਼ਦਾ ਸੀ । ਉਸਦੀ ਤੱਕਣੀ ਅਤੇ ਪੋਲੀ ਜਿਹੀ ਮੁਸਕਰਾਹਟ ਹਸੀਨ ਕੁੜੀਆਂ ਨੂੰ ਮਦਹੋਸ਼ ਕਰ ਦਿੰਦੀ ਸੀ ਵੱਡੇ ਵੱਡੇ ਘਰਾਂ ਦੀਆਂ ਕੁੜੀਆਂ ਉਸ ਦੀਆਂ ਦੀਵਾਨੀਆਂ ਸਨ ।
ਦੇਵ ਦੇ ਪਿਤਾ ਰਾਮ ਦੇਵ ਐਮ.ਪੀ ਦੇ ਡਰਾਈਵਰ ਸਨ ...ਕਿਹੜੇ ਪਿੰਡ ਤੋਂ ਸਨ ...ਕਿਹੜੀ ਜ਼ਾਤ ਦੇ ਸਨ ... ਪਿਉ ਪੁੱਤਰ ਨੇ ਕਦੀ ਵੀ ਭੇਤ ਨਹੀਂ ਖੋਲਿਆ ਸੀ । ਬਸ ਇੰਨਾ ਹੀ ਕਹਿੰਦਾ ਸੀ ਕਿ ਇੰਦਰ ਦੇਵ ਦੀ ਮਾਂ ਇਸਨੂੰ ਜਨਮ ਦਿੰਦੇ ਸਾਰ ਹੀ ਮਰ ਗਈ ਸੀ ।ਦੇਵ ਨੂੰ ਦੇਖ ਕੇ ਸਾਰੇ ਸੋਚਦੇ ਸਨ ਕਿ ਦੇਵ ਦੀ ਸ਼ਕਲ ਮਾਂ ਤੇ ਹੋਵੇਗੀ ਕਿਉਂਕਿ ਉਹ ਆਪਣੇ ਪਿਉ ਨਾਲ ਉੱਕਾ ਵੀ ਨਹੀਂ ਮਿਲਦਾ ਸੀ । ਰਾਮ ਦੇਵ ਦਾ ਕਾਲਾ ਭੌਰ ਰੰਗ ਕੱਦ ਨਾਟਾ ਸੀ । ਕਈਂ ਵਾਰੀ ਲੋਕੀਂ ਸ਼ਕ ਕਰਦੇ ਸਨ ਕਿ ਇਸਨੇ ਕਿਸੇ ਅਮੀਰ ਦਾ ਬੱਚਾ ਉਧਾਲ ਤਾਂ ਨਹੀਂ ਲਿਆ ।
ਕਿਉਂਕਿ ਦੇ ਇੰਦਰ ਦੇਵ ਕਿਸੀ ਰਾਜ ਕੁਮਾਰ ਤੋਂ ਘੱਟ ਨਹੀਂ ਜਾਪਦਾ ਸੀ ।ਪਰ ਰਾਮ ਦੇਵ ਦਾ ਆਪਣੇ ਪੁੱਤਰ ਤੀ ਪਿਆਰ ਅਤੇ ਰਾਜਕੁਮਾਰ ਵਾਂਙੂੰ ਪਾਲਣਾ ਦੇਖ ਇਹ ਸ਼ਕ ਦੂਰ ਹੋ ਜਾਂਦਾ ਸੀ ।
ਦੇਵ ਸਾਰੇ ਗੁਣਾਂ ਦਾ ਮਾਲਿਕ ਸੀ ਪਰ ਰੰਗੀਨ ਮਿਜ਼ਾਜ਼ ਹੋਣਾਂ ਉਸ ਦਾ ਐਬ ਸੀ ।
ਮੈਡੀਕਲ ਕਾਲਜ ਵਿੱਚ ਪੜਾਈ ਕਰਦਿਆਂ ਉਸਦੇ ਬਾਰੇ ਇਹ ਮਸ਼ਹੂਰ ਸੀ ਕਿ ਮਹਾਰਾਜੇ ਭੂਪੇ ਵਾਂਙੂੰ 365 ਇਸ ਦੀਆਂ ਸਹੇਲੀਆਂ ਹਨ ਪਤਾ ਨਹੀਂ ਪਟਰਾਣੀ ਕਿਸ ਨੂੰ ਬਣਾਏਗਾ । ਪਰ ਹਰ ਲੜਕੀ ਦੇਵ ਦੇ ਇੱਕ ਦਿਨ ਦੇ ਸਾਥ ਨੂੰ ਆਪਣਾ ਜਹੇ ਨਸੀਬ ਸਮਝਦੀ ਸੀ। ਵਾਕਈ ਮੈਡੀਕਲ ਕਾਲਜ ਦੇ ਨਾਲ ਲੱਗਦੇ ਰੈਂਸਟੋਰੈਂਟ ਵਿੱਚ ਢਲਦੀ ਸ਼ਾਮ ਨੂੰ ਪੌੜੀਆਂ ਦੇ ਨੀਚੇ ਓਟ ਵਾਲੀ ਟੇਬਲ ਹਮੇਸ਼ਾ ਲਈ ਬੁਕ ਸੀ । ਹਰ ਰੋਜ਼ ਨਵੀਂ ਪਰੀ ਉਸਦੀਆਂ ਬਾਹਵਾਂ 'ਚ ਹੁੰਦੀ । ਉਸ ਟੇਬਲ ਦੇ ਸਾਹਮਣੇ ਹੋਟਲ ਦੀ ਕਿਚਨ ਸੀ ਜਿਸਦੇ ਦਰਵਾਜ਼ੇ 'ਚ ਹੋਟਲ ਦੇ ਵੇਟਰਾਂ ਨੇ ਨਿੱਕਾ ਜਿਹਾ ਗੋਲ ਛੇਕ ਕੀਤਾ ਹੋਇਆ ਸੀ ਜਿਸ ਰਾਹੀਂ ਕਿਚਨ ਸਟਾਫ਼ ਹਰ ਸ਼ਾਮ ਦੇਵ ਦੀ ਹਰ ਨਵੀਂ ਲੜਕੀ ਨਾਲ ਰਾਸ ਲੀਲਾ ਵੇਖ ਵੇਖ ਚਟਖ਼ਾਰੇ ਲੈਂਦੇ । ਪਰ ਉਸਦਾ ਰੰਗ ਰਸੀਆ ਦਾ ਔਗੁਣ ਗੁਣਾਂ ਵਿੱਚ ਸ਼ਾਮਿਲ ਹੋ ਜਾਂਦਾ ਸੀ ।
ਦੇਵ ਨੇ ਪੜਾਈ 'ਚ ਇੰਨਾ ਜ਼ਹੀਨ ਸੀ ਕਿ ਉਸਨੇ ਐਮ.ਬੀ.ਬੀ.ਐਸ ਨਾਲ ਆਈ.ਏ.ਐਸ ਵੀ ਕਰ ਲਈ । ਐਮ. ਪੀ ਸਾਹਿਬ ਦੀ ਮਿਹਰਬਾਨੀ ਨਾਲ ਉਸਨੂੰ ਆਪਣਾ ਮਨਪਸੰਦ ਸਿਹਤ ਵਿਭਾਗ ਦਾ ਮਹਿਕਮਾਂ ਮਿਲ ਗਿਆ। ਪਰ ਇਸ ਲਈ ਉਸਨੂੰ ਆਪਣੀ ਜ਼ਿੰਦਗੀ ਦਾ ਸੌਦਾ ਕਰਨਾ ਪਿਆ ।
ਐਮ ਪੀ ਹੁਕਮਚੰਦ ਗੌਬਿੰਦਗੜ ਦਾ ਵੱਡਾ ਲੋਹੇ ਦਾ ਵਪਾਰੀ ਸੀ। ਲੋਹਾ ਢਾਲਣ ਦੀਆਂ ਉਹ ਕਈਂ ਭੱਠੀਆਂ ਦਾ ਮਾਲਿਕ ਸੀ l ਲੱਖਾਂ ਕਰੋੜਾਂ ਦਾ ਮਾਲਿਕ . ਉਹਨੇ ਹੀ ਘਪਲੇ... ਧੰਨ ਕਦੀ ਵੀ ਮਿਹਨਤ ਦੀ ਕਮਾਈ ਨਾਲ ਇੱਕਠਾ ਨਹੀਂ ਹੁੰਦਾ। ਕਾਲੀ ਕਮਾਈ ਹਾਵੀ ਹੁੰਦੀ ਹੈ।ਅਤੇ ਕਿੰਨੇ ਹੀ ਕਾਲੀ ਕਮਾਈ ਦੇ ਉਸਦੇ ਰਾਜ਼ਦਾਰ ਭੱਠੀਆਂ ਵਿੱਚ ਹੀ ਲਾਪਤਾ ਹੋ ਗਏ ।
ਹੁਕਮਚੰਦ ਦੀ ਬੇਟੀ ਛਾਇਆ ਉਸਦੀ ਜਾਨ ਅਤੇ ਕਮਜ਼ੋਰੀ ਸੀ ।ਛਾਇਆ ਦਾ ਚਿਹਰਾ ਬਾਰਬੀ ਡੌਲ ਵਰਗਾ ਸੀ ।ਨੀਲੀਆਂ ਝੀਲ ਵਰਗੀਆਂ ਅੱਖਾਂ , ਦੁੱਧ ਕੇਸਰ ਵਿੱਚ ਗੁੰਨਿਆ ਸਰੀਰ , ਪੋਲਾ ਪੋਲਾ .. ਹੱਸਦੀ ਤਾਂ ਦੋਵੇਂ ਗਲਾਂ ਵਿੱਚ ਡੂੰਘੇ ਟੋਏ ਪੈਂਦੇ ਸਨ । ਗਲੇ ਵਿੱਚ ਸਰਸਵਤੀ ਦਾ ਵਾਸ ..ਵੀਣਾ ਤੇ ਉਸਦੀਆਂ ਪਤਲੀਆਂ ਲੰਮੀਆਂ ਉਂਗਲਾਂ ਥਿਰਕਦੀਆਂ ਅਤੇ ਗਲੇ 'ਚ ਵੈਰਾਗਮਈ ਸੁਰ ਉਗਮਦੇ ਤਾਂ ਗੀਤ ਸੁਣ ਅੱਖਾਂ ਚੋਂ ਨੀਰ ਵਹਿ ਉੱਠਦਾ । ਪਰ ਜਦੋਂ ਨਜ਼ਰ ਨੀਚੇ ਵਲ ਤਿਲਕਦੀ ਤਾਂ ਦੇਖ ਕਿ ਝਟਕਾ ਜਿਹਾ ਲੱਗਦਾ .. ਇਵੇਂ ਲੱਗਦਾ ਕਿ ਚਿਹਰਾ ਹੋਰ ਕਿਸੇ ਦਾ ਅਤੇ ਧੜ ਹੋਰ ਕਿਸੇ ਦਾ ਹੈ ... ਬਿਲਕੁਲ ਚੌਰਸ ਥੈਲਾ ਦੀ ਥੈਲਾ ... ਥੁਲਥੁਲ ਕਰਦੀਆਂ ਛਾਤੀਆਂ ਅਤੇ ਜਿਸਮ ...ਬਸ ਧਰਤੀ ਮਾਂ ਤੇ ਜਿਵੇਂ ਵਾਧੂ ਭਾਰ ਹੋਵੇ ।ਮੋਟਾਪੇ ਦੇ ਕਾਰਣ ਉਹ ਬੇਸ਼ੁਮਾਰ ਖ਼ਾਣ ਦੀ ਸ਼ੋਕੀਨ ਸੀ ।ਚਿਕਨ,ਫ਼ਿਸ਼ ਕੇਕ ਪੇਸਟਰੀ ਅਤੇ ਚੌਕਲੇਟ ਉਸਨੇ ਤਿੰਨੋਂ ਸਮੇਂ ਦੇ ਖਾਣੇ ਸਨ ਪਰ ਵਰਜਿਸ਼ ਨਾਂ ਮਾਤਰ ਹੀ ਸੀ । ਬਸ ਉਸ ਤੇ ਦੁੰਬੇ ਵਾਂਙੂੰ ਚਰਬੀ ਚੜਨੀ ਸ਼ੁਰੂ ਹੋ ਗਈ ਸੀ ।
ਉਸਨੇ ਪਿਤਾ ਨੂੰ ਦੱਸਿਆ ਕਿ ਉਹ ਦੇਵ ਨਾਲ ਅੰਤਾਂ ਦਾ ਪਿਆਰ ਕਰਦੀ ਹੈ । ਉਸਨੂੰ ਪਸੰਦ ਕਰਦੀ ਅਤੇ ਉਸਨਾਲ ਸ਼ਾਦੀ ਕਰਨਾ ਚਾਹੁੰਦੀ ਹੈ । ਇਹ ਜਾਣ ਕੇ ਪਿਤਾ ਨੂੰ ਖ਼ੁਸ਼ੀ ਹੋਈ ਕਿ ਦੇਵ ਭਾਵੇਂ ਡਰਾਈਵਰ ਦਾ ਬੇਟਾ ਹੈ ਪਰ ਇਸਤੋਂ ਅੱਛਾ ਲੜਕਾ ਮਿਲਨਾ ਮੁਸ਼ਕਿਲ ਹੈ । ਉਸਨੇ ਦੇਵ ਨੂੰ ਲਾਲਚ ਦੇ ਆਪਣੇ ਪੰਜੇ 'ਚ ਦਬੋਚ ਲਿਆ ।
ਹੁਕਮ ਚੰਦ ਨੇ ਦੇਵ ਅੱਗੇ ਇਹ ਹੀ ਸ਼ਰਤ ਰੱਖੀ ਕਿ ਆਪਣੇ ਮਨ ਪਸੰਦ ਦਾ ਮਹਿਕਮਾ ਅਤੇ ਸੀਟ ਚਾਹੁੰਦਾ ਹੈ ਤਾਂ ਉਸ ਲਈ ਉਸਦੀ ਇਕਲੌਤੀ ਬੇਟੀ ਨਾਲ ਸ਼ਾਦੀ ਕਰਨੀ ਪਵੇਗੀ ।ਦੇਵ ਲਈ ਇਹ ਸ਼ਰਤ ਸੱਪ ਦੇ ਮੂੰਹ 'ਚ ਕੋਹੜ ਕਿਰਲੀ ਵਾਲੀ ਗੱਲ ਸੀ। .. . ਪਰ ਉਹ ਆਪਣੇ ਕੈਰੀਅਰ ਲਈ ਸੇਠ ਅੱਗੇ ਝੁੱਕ ਗਿਆ ਅਤੇ ਸੇਠ ਨੇ ਆਪਣੀ ਬੇਟੀ ਦੀ ਸ਼ਾਦੀ ਧੂਮਧਾਮ ਨਾਲ ਰਚਾਈ ।
ਸ਼ਾਦੀ ਦੇ ਫੰਕਸ਼ਨ ਪੂਰਾ ਹਫ਼ਤੇ ਲਈ ਚਲਦੇ ਰਹੇ । ਸ਼ਹਿਰ ਦੇ ਸਾਰੇ ਪਤਵੰਤੇ ਸੱਜਣ ਆਏ ।ਦੇਵ ਨੇ ਮਹਿਸੂਸ ਕੀਤਾ ਕਿ ਸਭ ਦੀਆਂ ਅੱਖਾਂ ਜਿਵੇਂ ਕਹਿ ਰਹੀਆਂ ਹੋਣ ਕਿ ਸੇਠ ਨੇ ਜਵਾਈ ਨੂੰ ਸੋਨੇ ਦੇ ਪਿੰਜਰੇ ਵਿੱਚ ਕੈਦ ਕਰ ਲਿਆ ਹੈ । ਦੋ ਤਿੰਨ ਗਹਿਰੇ ਦੋਸਤਾਂ ਨੇ ਕਹਿ ਹੀ ਦਿੱਤਾ "ਦੇਵ!! ਤੇਰੇ ਲਈ ਤਾਂ ਕਿੰਨੀਆਂ ਸੋਹਣੀਆਂ ਕੁੜੀਆਂ ਆਪਣੇ ਦਿਲ ਤੇਰੇ ਰਸਤੇ ਵਿੱਚ ਵਿਛਾਈਆਂ ਬੈਠੀਆਂ ਸਨ ਪਰ ਤੂੰ ਤਾਂ ਜ਼ਿੰਦਗੀ ਦੀ ਬਾਜ਼ੀ ਸਸਤੇ 'ਚ ਹੀ ਹਾਰ ਬੈਠਾ।
ਸੇਠ ਨੇ ਆਪਣੀ ਬੇਟੀ ਨੂੰ ਪੰਜ ਗੇਟਾਂ ਵਾਲੀ ਆਲੀਸ਼ਾਨ ਕੋਠੀ ਦਿਤੀ ਅਤੇ ਕੀਮਤੀ ਪੰਜ ਕਾਰਾਂ ਪੰਜ ਗੇਟਾਂ ਤੇ ਖੜੀਆਂ ਕਰ ਦਿੱਤੀਆਂ । ਹੁਕਮ ਚੰਦ ਦੀ ਇਹ ਤਮੰਨਾ ਸੀ ਕਿ ਉਸ ਦੀ ਬੇਟੀ ਜਿਸ ਗੇਟ ਚੋਂ ਬਾਹਰ ਨਿਕਲੇ ਉਸ ਦੇ ਸਵਾਗਤ ਲਈ ਕਾਰ ਅਤੇ ਡਰਾਈਵਰ ਤਿਆਰ ਮਿਲੇ । ਕੋਠੀ ਨੂੰ ਹਾਥੀ ਦੰਦ ਦੇ ਫ਼ਰਨੀਚਰ ਅਤੇ ਸੋਨੇ ਚਾਂਦੀ ਦੇ ਬਰਤਨਾਂ ਨਾਲ ਸਜਾਇਆ ਗਿਆ ਸੀ । ਸਾਰੇ ਪਾਸੇ ਈਰਾਨੀ ਕਾਲੀਨ ਵਿੱਛੇ ਹੋਏ ਸਨ । ਜਿਹਨਾਂ 'ਤੇ ਪੈਰ ਰੱਖਦਿਆਂ ਪੈਰ ਦੋ ਦੋ ਇੰਚ ਵਿੱਚ ਖ਼ੁੱਭ ਜਾਂਦਾ ਸੀ ।ਬਾਥਰੂਮ 'ਚ ਸੋਨੇ ਦੀਆਂ ਟੂਟੀਆਂ ਸਨ ।ਮੁੱਕਦੀ ਗੱਲ ਛਾਇਆ ਦੀ ਇਹ ਕੋਠੀ ਕਿਸੀ ਰਾਜੇ ਦੇ ਮਹਿਲ ਤੋਂ ਘੱਟ ਨਹੀਂ ਸੀ ।ਸੇਠ ਨੇ ਦੋਵਾਂ ਨੂੰ ਹਨੀਮੂਨ ਮਨਾਉਣ ਅਤੇ ਸੈਰ ਸਪਾਟੇ ਲਈ ਛੇ ਮਹੀਨਿਆਂ ਲਈ ਸਵਿਸਟਜ਼ਰਲੈਂਡ ਅਤੇ ਯੂਰਪੀਅਨ ਦੇਸ਼ਾਂ ਦਾ ਵੀਜ਼ਾ ਲਗਵਾ ਦਿੱਤਾ ।
ਪਹਿਲੀ ਰਾਤ ਹਾਥੀ ਦੰਦ ਦੇ ਬਿਸਤਰ ਤੇ ਛਾਇਆ ਦੇ ਨਾਲ ਦੋ ਸਰੀਰ ਇੱਕ ਹੋਏ ਤਾਂ ਉਸਨੂੰ ਜਾਪਿਆ ਜਿਵੇਂ ਉਹ ਕਿਸੀ ਹੱਥਣੀ ਨਾਲ ਸਹਿਵਾਸ ਕਰ ਰਿਹਾ ਹੋਵੇ ।ਉਹ ਪਸੀਨਾ ਪਸੀਨਾ ਹੋਇਆ ਬਿਸਤਰ ਤੋਂ ਉੱਠ ਗਿਆ ।ਉਸਨੂੰ ਲੱਗਿਆ ਕਿ ਉਸਦੀ ਜ਼ਿੰਦਗੀ ਤੇ ਬਹਾਰ ਆਉਣ ਤੋਂ ਪਹਿਲਾਂ ਹੀ ਪੱਤਝੜ ਛਾ ਗਈ ।
ਅਗਲੇ ਦਿਨ ਉਹ ਵਿਦੇਸ਼ ਲਈ ਰਵਾਨਾ ਹੋ ਗਏ ..ਵਿਦੇਸ਼ ਚ ਦਿਨ ਰਾਤ ਦੇ ਸਮੇਂ ਚੋਂ ਉਹ ਕੁੱਝ ਸਮਾਂ ਹੀ ਛਾਇਆ ਨਾਲ ਬਿਤਾਉਂਦਾ ਬਾਕੀ ਸਮਾਂ ਉਹ ਆਪਣੀ ਅਯਾਸ਼ੀ ਦੀ ਭੇਂਟ ਚੜਾ ਦਿੰਦਾ ... ਕਲੱਬ , ਪੱਬ ਅਤੇ ਹਰ ਸੈਰ ਸਪਾਟੇ ਵਾਲੀ ਜਗਾਹ ਤੇ ਉਹ ਹਰ ਰੋਜ਼ ਨਵਾਂ ਸਾਥੀ ਬਣਾ ਲੈਂਦਾ । ਆਪਣੇ ਸਹੁਰੇ ਦੀ ਹਰਾਮ ਦੀ ਕਮਾਈ ਨੂੰ ਉਸਨੇ ਫ਼ੂਕਣਾ ਸ਼ੁਰੂ ਕਰ ਦਿੱਤਾ ।
ਛਾਇਆ ਦੇ ਹੋਠਾਂ ਤੇ ਇੱਕ ਛਿਣ ਵੀ ਸ਼ਿਕਵਾ ਨਾ ਆਉਂਦਾ , ਕਿਉਂਕਿ ਉਹ ਉਸਨੂੰ ਦਿਲੋਂ ਅੰਤਾਂ ਦਾ ਪਿਆਰ ਕਰਦੀ ਸੀ । ਉਸਨੂੰ ਦੇਵ ਨਾਲ ਬਿਤਾਏ ਕੁੱਝ ਪਲ ਹੀ ਖ਼ੁਸ਼ਨਸੀਬੀ ਦਾ ਅਹਿਸਾਸ ਕਰਾਉਂਦੇ ਜਾਪਦੇ । ਉਹ ਦੇਵ ਦੀ ਹਰ ਇੱਛਾ ਤੇ ਕਠਪੁੱਤਲੀ ਵਾਂਙੂੰ ਨੱਚਦੀ ਜਾਪਦੀ ।
ਜਦੋਂ ਉਹ ਵਿਦੇਸ਼ ਤੋਂ ਵਾਪਿਸ ਪਰਤੇ ਤਾਂ ਸੇਠ ਐ.ਪੀ ਦੀ ਇਲੈਕਸ਼ਨ ਹਾਰ ਚੁੱਕੇ ਸਨ। ਚੜਦੇ ਸੂਰਜ ਨੂੰ ਹੀ ਸਲਾਮਾਂ ਹੁੰਦੀਆਂ ਹਨ ,ਹੁਣ ਉਸਦਾ ਪਹਿਲਾਂ ਵਰਗਾ ਰਸੂਖ਼ ਨਹੀਂ ਰਿਹਾ ਸੀ । ਕੁਦਰਤੀ ਦੇਵ ਨੂੰ ਨਵੇਂ ਆਰਡਰ ਛਤੀਸ ਗੜ ਦੇ ਮਿਲੇ ।ਦੂਰੀ ਕਰਕੇ ਉਸਦੀ ਜਵਾਈ ਤੇ ਕਮਾਂਡ ਘੱਟ ਗਈ ਸੀ।
ਦੇਵ ਇੱਥੇ ਸਰਕਾਰੀ ਕਿਲਾ ਨੁੰਮਾ ਬੰਗਲੇ ਵਿੱਚ ਛਾਇਆ ਨਾਲ ਠਹਿਰਿਆ .. ਹੁਣ ਉਸਦਾ ਛਾਇਆ ਪੑਤੀ ਵਿਵਹਾਰ ਬਿਲਕੁਲ ਬਦਲ ਗਿਆ। ਉਸਨੇ ਛਾਇਆ ਨੂੰ ਕਿਲੇ'ਚ ਹੀ ਕੈਦੀ ਬਣਾ ਕੇ ਜੀਊਣ ਲਈ ਮਜ਼ਬੂਰ ਕਰ ਦਿੱਤਾ।ਉਸਦੀਆਂ ਸਾਰੀਆ ਸਹੂਲਤਾਂ ਵਾਪਿਸ ਲੈ ਲਈਆਂ ਅਤੇ ਬਾਹਰਲੀ ਦੁਨੀਆਂ ਤੋਂ ਬਿਲਕੁਲ ਹੀ ਕੱਟ ਦਿੱਤਾ । ਮਾਸੂਮ ਨਾਜ਼ੁਕ ਛਾਇਆ ਪਰ ਕੱਟੇ ਪੰਛੀ ਵਾਂਙ ਫ਼ੜਫ਼ੜਾ ਉੱਠੀ । ਉਹ ਸੋਚ ਵੀ ਨਹੀਂ ਸਕਦੀ ਸੀ ਕਿ ਦੇਵ ਇੰਨਾ ਜ਼ਾਲਮ ਵੀ ਹੋ ਸਕਦਾ ਹੈ । ਘਰ ਦੇ ਸਾਰੇ ਨੌਕਰਾਂ ਨੂੰ ਕੱਢ ਦਿੱਤਾ ਗਿਆ । ਮੌਬਾਈਲ ਅਤੇ ਟੈਲੀਫ਼ੂਨ ਘਰ ਵਿੱਚੋਂ ਨਦਾਰਦ ਕਰ ਦਿੱਤੇ ਗਏ । ਕੋਠੀ ਦੇ ਮੁਖ਼ ਦੁਆਰ ਦੇ ਬਾਹਰ ਦੋ ਬਾਡੀਗਾਰਡ ਸਨ ਜੋ ਕਿ ਚੌਵੀ ਘੰਟੇ ਤਹਿਨਾਤ ਰਹਿੰਦੇ ਪਰ ਉਹਨਾਂ ਨੂੰ ਅੰਦਰ ਆਉਣ ਦੀ ਇਜ਼ਾਜ਼ਤ ਨਹੀਂ ਸੀ । ਛਾਇਆ ਇੱਕ ਜੀਉਂਦਾ ਲਾਸ਼ ਬਣ ਕੇ ਰਹਿ ਗਈl ਸਾਰੇ ਸੁੱਖ ਅਰਾਮ ਉਸ ਤੋਂ ਖੋਹ ਲਏ ਗਏ । ਪਰ ਦੇਵ ਸਭ ਕਾਸੇ ਤੋਂ ਬੇਖ਼ਬਰ ........
ਚਲਦਾ .... ..ਛਾਇਆ ਸੱਚ ਮੁੱਚ ਦੁਨੀਆ ਲਈ ਪੑਛਾਵਾਂ ਬਣ ਕੇ ਰਹਿ ਗਈ । ਦੇਵ ਨੇ ਉਸ ਕੋਲੋਂ ਵਧੀਆ ਖ਼ਾਣ ਪਾਣ ਦਾ ਹੱਕ ਖੋਹ ਲਿਆ । ਸਰਵੈਂਟ ਕਵਾਟਰ ਵਿੱਚ ਉਸਦਾ ਨਿੱਕ ਸੁੱਕ ਸ਼ਿਫ਼ਟ ਕਰ ਦਿੱਤਾ । ਬਸ ਕਮਰੇ 'ਚ ਇੱਕ ਚਟਾਈ ਤਿੰਨ ਸੂਟ ਅਤੇ ਪਾਣੀ ਪੀਣ ਲਈ ਸੁਰਾਹੀ ਰੱਖ਼ ਦਿੱਤੀ । ਕਮਰਾ ਅਤਿ ਦਾ ਗੰਦਾ ਸੀ, ਕੁੱਝ ਅਜੀਬ ਜਿਹੀ ਬਦਬੂ ਮਾਰ ਰਿਹਾ ਸੀ । ਦੇਵ ਨੇ ਨਾਲ ਹੀ ਹਦਾਇਤਾਂ ਕਰ ਦਿੱਤੀਆਂ ਕਿ ਸਾਰੇ ਘਰ ਦੀ ਸਾਂਭ ਸੰਭਾਲ ਉਸਦੇ ਜ਼ਿੰਮੇ ਹੈ । ਰਸੋਈ ਘਰ ਵੀ ਉਸਦੇ ਹਵਾਲੇ ਹੈ l ਦਸਿਆ ਕਿ ਰਸੋਈ ਦਾ ਜ਼ਰੂਰੀ ਸਮਾਨ 'ਚ ਉਪਲੱਬਧ ਹੈ ।ਉਹ ਇਹ ਕਹਿ ਕੇ ਛਾਇਆ ਨੂੰ ਕਮਰੇ 'ਚ ਇੱਕਲੀ ਛੱਡ ਕੇ ਚਲਾ ਗਿਆ । ਜਿਸਨੇ ਕਦੀ ਬੈਡ ਟੀ ਬਣਾ ਕੇ ਨਹੀਂ ਪੀਤੀ ਸੀ ਉਹ ਘਰ ਦਾ ਸਾਰਾ ਖ਼ਾਨਪਾਨ ਕਿਵੇ ਸੰਭਾਲੇਗੀ? ਉਹ ਇਹ ਸੋਚ ਕੇ. ਕਮਰੇ ਦੇ ਕੋਨੇ 'ਚ ਬੈਠ ਕੇ ਬੁਸਕ ਬੁਸਕ ਕੇ ਰੋਣ ਲੱਗ ਗਈ, ਇਥੋਂ ਤੱਕ ਕੇ ਉਸਦੀ ਹਿਚਕੀ ਬੰਨ ਗਈ ਪਰ ਉਸਨੂੰ ਧਰਵਾਸ ਦੇਣ ਵਾਲਾ ਕੋਈ ਨਹੀਂ ਸੀ । ਆਖ਼ਿਰ ਉਹ ਉੱਠੀ ਅਤੇ ਉਸਨੇ ਘੜੇ 'ਚ ਪਾਣੀ ਲੈ ਮੂੰਹ ਧੋਤਾ ਅਤੇ ਗੱਟ ਗੱਟ ਕਰਕੇ ਦੋ ਤਿੰਨ ਗਿਲਾਸ ਪਾਣੀ ਪੀਤਾ ..ਘੜੇ ਦਾ ਪਾਣੀ ਪੀ ਉਸਨੂੰ ਇੰਨਾ ਸਵਾਦੀ ਲੱਗਾ ਜਿਵੇਂ ਉਸਨੇ ਪਹਿਲੀ ਵਾਰੀ ਪਾਣੀ ਪੀਤਾ ਹੋਵੇ । ਪਾਣੀ ਪੀ ਕੇ ਉਸਦੇ ਪੇਟ ਦੀ ਭੁੱਖ਼ ਚਮਕ ਗਈ ।
.....ਉਹ ਰਸੋਈ ਵਲ ਵਧੀ ਤਾਂ ਦੇਖਿਆ ਕਿ ਦੇਵ ਨੇ ਸ਼ੈਲਫ਼ ਤੇ ਹਰੀਆਂ ਸਬਜੀਆਂ ਰੱਖੀਆਂ ਹੋਈਆਂ ਸਨ ।ਨਾਲ ਹੀ ਕੁਕਿੰਗ ਬੁੱਕ ਰੱਖੀ ਹੋਈ ਸੀ । ਉਸਨੇ ਜਲਦੀ ਨਾਲ ਕਿਤਾਬ ਖੋਲੀ , ਸਬਜ਼ੀਆਂ ਬਣਾਉਣ ਦੀ ਵਿਧੀ ਨੂੰ ਪੜਨ ਲੱਗੀ । ਭਿੰਡੀ ਬਣਾਉਣ ਦੀ ਵਿਧੀ ਉਸਨੂੰ ਸੌਖੀ ਲੱਗੀ , ਪਰ ਭਿੰਡੀ ਕੱਟਦਿਆਂ ਲੇਸ ਤੋਂ ਗਲਹਿਣੀ ਜਿਹੀ ਆਉਣ ਲੱਗੀ । ਦੋ ਪਿਆਜ਼ ਕੱਟਦਿਆਂ ਉਸਦੀਆਂ ਸੁੰਦਰ ਅੱਖਾਂ ਅਤੇ ਨੱਕ ਲਾਲ ਹੋ ਗਿਆ। ਅੱਖਾਂ 'ਚੋਂ ਕੌੜਾ ਪਾਣੀ ਪਰਲ ਪਰਲ ਵੱਗਣ ਲੱਗ ਗਿਆ । ਉਸਨੇ ਅੱਖਾਂ ਜ਼ੋਰ ਦੀਆਂ ਬੰਦ ਕਰ ਲਈਆਂ । ਉਸਨੂੰ ਪਤਾ ਹੀ ਨਾ ਲੱਗਿਆ ਕਿ ਤੇਜ਼ ਛੁਰੀ ਨਾਲ ਕਦੋਂ ਉਂਗਲ ਕੱਟ ਗਈ।ਤਤੀਰੀ ਬਣ ਖ਼ੂਨ ਵਹਿ ਤੁਰਿਆ। ਉਹ ਦਰਦ ਨਾਲ ਚੀਕ ਉੱਠੀ। ਉਸਨੇ ਉਂਗਲ ਮੂੰਹ 'ਚ ਪਾ ਲਈ ਪਰ ਖ਼ੂਨ ਬੰਦ ਹੀ ਨਹੀਂ ਹੋ ਰਿਹਾ ਸੀ । ਉਸਨੇ ਦਰਦ ਨਾਲ ਕਰਹਾਉਂਦੇ ਹੋਏ ਹੱਥ ਪਾਣੀ ਹੇਠਾਂ. ਪਕੜਿਆ । ਉਸ ਦੀ ਭੁੱਖ ਕਿੱਥੇ ਗਵਾਚ ਗਈ ...ਖ਼ੂਨ ਅਜੇ ਵੀ ਬੰਦ ਨਹੀਂ ਹੋ ਰਿਹਾ ਸੀ ਉਸਦੀਆਂ ਸੁੰਦਰ ਅੱਖਾਂ 'ਚ ਹੰਝੂ ਆ ਗਏ ।ਕਮਰੇ ਵਲ ਵਾਪਿਸ ਪਰਤਣ ਲੱਗੀ , ਅਚਾਨਕ ਉਸਦੀ ਨਜ਼ਰ ਸਮਾਨ ਵਿੱਚ ਪਈ ਬਰੈਡ ਉਪਰ ਪਈ ਬਰੈਡ ਨੂੰ ਦੇਖਦੇ ਉਸਦੀ ਭੁਖ਼ ਚਮਕ ਉੱਠੀ। ਤੇਜ਼ੀ ਨਾਲ ਗੈਸ ਉਪਰ ਤਵਾ ਰੱਖ ਕੇ ਉਸ ਉਪਰ ਬਰੈਡ ਰੱਖ ਕੇ ਗਰਮ ਕਰਨ ਲੱਗੀ ਤਾਂ ਗਰਮ ਤਵੇ ਨੂੰ ਛੂਹ ਲਿਆ। ਉਸ ਦੀਆਂ ਨਾਜ਼ੁਕ ਉਂਗਲਾਂ ਦੇ ਪੋਟੇ ਜਲ ਉੱਠੇ ....ਮੂੰਹ ਚੋਂ ਡਰਾਉਣੀ ਜਿਹੀ ਚੀਕ ਨਿਕਲੀ ।ਜਿਉਂ ਹੀ ਵਾਪਿਸ ਮੁੜੀ ਤਾਂ ਤੇਜ਼ ਗੈਸ ਦੇ ਉਪਰ ਉਸ ਦੇ ਦੁਪੱਟੇ ਦੀ ਚੂਕ ਗਿਰ ਗਈ । ਦੁਪੱਟੇ ਨੇ ਭੜਾਕ ਦੇ ਕੇ ਅੱਗ ਪਕੜ ਲਈ।ਹਿਪਸ ਤੇ ਸੇਕ ਲੱਗਣ ਤੇ ਉਸਨੇ ਪਿੱਛੇ ਮੁੜ ਕੇ ਦੇਖਿਆ ਤਾਂ ਚੀਕ ਮਾਰਦਿਆ ਦੁਪੱਟਾ ਹੇਠਾਂ ਗਿਰਾ ਦਿੱਤਾ,ਉਸਨੇ ਹੱਥ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ । ਤਾਂ ਹੱਥ ਅਤੇ ਬਾਹਵਾਂ ਨੂੰ ਵੀ ਸੇਕ ਲੱਗ ਗਿਆ । ਨਾਜ਼ੁਕ ਛਾਇਆ ਨੇ ਕਦੀ ਪਾਣੀ ਦਾ ਗਿਲਾਸ ਵੀ ਭਰ ਕੇ ਨਹੀਂ ਪੀਤਾ ਸੀ , ਹੁਣ ਪੇਟ ਦੀ ਭੁੱਖ ਨਾਲ ਜੂਝ ਰਹੀ ਸੀ ।ਹੱਥਾਂ ਪੈਰ ਦੀ ਜਲਣ ਲੈ ਕੇ ਉਹ ਭੁੱਖੀ ਭਾਣੀ ਆਪਣੇ ਕਮਰੇ 'ਚ ਪਰਤ ਆਈ ।
ਦਰਦ ਅਤੇ ਰੋਣ ਕਾਰਨ ਉਸਦਾ ਬੁਰਾ ਹਾਲ ਸੀ । ਭੁੱਖ ਕਾਰਣ ਉਸਦਾ ਸਿਰ ਦਰਦ ਕਰ ਰਿਹਾ ਸੀ,ਉਹ ਫ਼ਰਸ਼ ਤੇ ਵਿੱਛੀ ਦਰੀ ਤੇ ਗੁੱਛਾ ਮੁੱਛਾ ਹੋ ਕੇ ਲੇਟ ਗਈ ।ਪਤਾ ਨਹੀਂ ਕਿਵੇਂ ਉਸਨੂੰ ਨੀਂਦ ਆ ਗਈ ।ਅਚਾਨਕ ਆਪਣੇ ਚਿਹਰੇ ਤੇ ਮਰਦਾਨਾ ਛੂਹ ਮਹਿਸੂਸ ਕਰਕੇ ਉਸਨੇ ਅੱਧਮੀਟੀਆ ਅੱਖਾਂ ਖੋਲ ਕੇ ਦੇਖਿਆ ... ਦੇਵ ਤੁਸੀਂ !!ਉਹ ਅਬੜਵਾਹੇ ਉੱਠ ਕੇ ਬੈਠ ਗਈ । ਉਸਦੀਆਂ ਨੀਲੀਆਂ ਝੀਲ ਵਰਗੀਆਂ ਅੱਖਾਂ ਛਮ ਛਮ ਵਰਸਣ ਲੱਗ ਗਈਆਂ ।ਉਹ ਦਰਦ ਨਾਲ ਕਰਾਹ ਉੱਠੀ । ਉਸ ਦੀ ਕੱਟੀ ਉਂਗਲ ਚੋਂ ਖ਼ੂਨ ਅਜੇ ਵੀ ਸਿੰਮ ਰਿਹਾ ਸੀ ।ਬਾਂਹ ਅਤੇ ਪੋਟਿਆਂ ਤੇ ਫ਼ਫ਼ੋਲਿਆਂ ਦੇ ਰੂਪ ਵਿੱਚ
ਛਾਲੇ ਬਣ ਗਏ ਸਨ । ਦੇਵ ਦੀਆਂ ਅੱਖਾਂ 'ਚ ਤਰਸ ਭਰ ਗਿਆ ਪਰ ਦੁਸਰੇ ਪਲ ਹੀ ਉਸਦਾ ਚਿਹਰਾ ਸਖ਼ਤ ਹੋ ਗਿਆ । ਉਹ ਉਲਟੇ ਪੈਰੀ ਛਾਇਆ ਨੂੰ ਉਸੀ ਹਾਲਾਤ ਵਿੱਚ ਛੱਡ ਕਮਰੇ ਚੋਂ ਬਾਹਰ ਆ ਗਿਆ । ਪਰ ਕੁੱਝ ਦੇਰ ਬਾਅਦ ਫ਼ਸਟ ਏਡ ਬੌਕਸ ਲੈ ਕੇ ਉਸਦੇ ਕਮਰੇ ਵਿੱਚ ਵਾਪਿਸ ਪਰਤਿਆ ।.
ਉਸਨੇ ਛਾਇਆ ਦੇ ਜ਼ਖ਼ਮਾਂ ਦੀ ਡਰੈਸਿੰਗ ਕੀਤੀ ।ਅਤੇ ਫ਼ਿਰ ਆਪਣੇ ਪਿੱਛੇ ਆਉਣ ਦਾ ਇਸ਼ਾਰਾ ਕੀਤਾ ਅਤੇ ਦੇਵ ਰਸੋਈ ਵਲ ਵੱਧਿਆ । ਉੱਥੇ ਪਹੁੰਚ ਕੇ ਦੇਖਿਆ , ਰਸੋਈ ਧੂੰਆਂਧਾਰ ਸੀ ਦੋਵਾਂ ਨੂੰ ਜ਼ੋਰ ਦੀ ਖਾਂਸੀ ਛਿੜ ਗਈ । ਜਲਦੀ ਨਾਲ ਪਹਿਲੇ ਐਗਜ਼ੌਸਿਟ ਚਲਾਇਆ ਅਤੇ ਆਪ ਦੋਵੇਂ ਬਾਹਰ ਖੜੇ ਹੋ ਕੇ ਧੂੰਆ ਖ਼ਤਮ ਹੋਣ ਦੀ ਇੰਤਜ਼ਾਰ ਕਰਨ ਲੱਗੇ ਅਤੇ ਧੂੰਆਂ ਖ਼ਤਮ ਹੋਣ ਤੇ ਰਸੋਈ 'ਚ ਗਏ ਤਾਂ ਦੇਖਿਆ ਗੈਸ ਫ਼ੁਲ ਤੇ ਚਲ ਰਹੀ ਸੀ ਅਤੇ ਤਵੇ ਵਿੱਚ ਛੇਕ ਬਣਿਆ ਹੋਇਆ ਸੀ । ਉਸਨੇ ਜਲਦੀ ਨਾਲ ਗ਼ੈਸ ਬੰਦ ਕੀਤੀ । ਤਵੇ ਨੂੰ ਚਿਮਟੇ ਨਾਲ ਚੁੱਕ ਕੇ ਸਿੰਕ ਵਿੱਚ ਸੁੱਟਿਆ । ਰਸੋਈ ਦੀ ਸ਼ੈਲਫ਼ ਅਤੇ ਫ਼ਰਸ਼ ਸਾਫ਼ ਕੀਤਾ। ਫ਼ਿਰ ਬਰੈਡ ਸਲਾਇਸ ਨੂੰ ਟੋਸਟਰ ਵਿੱਚ ਗਰਮ ਕੀਤਾ ।ਉਸ ਉਪਰ ਜੈਮ ਲਗਾ ਕੇ ਛਾਇਆ ਨੂੰ ਆਪਣੇ ਹੱਥਾਂ ਨਾਲ ਖਵਾਇਆ ਕਿਉਂਕਿ ਉਸਦੇ ਹੱਥਾਂ ਅਤੇ ਬਾਹਵਾਂ ਤੇ ਸੇਕ ਲੱਗਣ ਕਾਰਨ ਛਾਲੇ ਬਣ ਗਏ ਸਨ ਅਤੇ ਖ਼ੁਦ ਖ਼ਾਣਾ ਖਾਣ ਤੋਂ ਲਾਚਾਰ ਸੀ ।ਖ਼ਾਣਾ ਖ਼ਾ ਕੇ ਛਾਇਆ ਨੂੰ ਥੋੜੀ ਜਿਹੀ ਧਰਵਾਸ ਮਿਲੀ । ਉਹ ਬਿਨਾਹ ਬੋਲੇ ਸ਼ਰਮਿੰਦਗੀ ਦਾ ਅਹਿਸਾਸ ਮਹਿਸੂਸ ਕਰਦੇ ਹੋਏ ਕਮਰੇ 'ਚ ਆ ਗਈ ।ਕਮਰੇ 'ਚ ਆ ਕੇ ਉਸਨੇ ਮਲਮਲ ਨਹਾਇਆ ਅਤੇ ਕਪੜੇ ਬਦਲ ਕੇ ਸੌਂ ਗਈ ।
ਚਿੜੀਆਂ ਦੀ ਚਹਿਚਹਾਟ ਨਾਲ ਉਹ ਜਾਗੀ ਅਤੇ ਬਾਹਰ ਬਾਗ਼ 'ਚ ਆ ਕੇ ਚਾਰੋ ਪਾਸੇ ਨਜ਼ਰ ਦੌੜਾਈ ਤਾਂ ਉਸਨੂੰ ਜਾਪਿਆ ਜਿਵੇਂ ਕੁਦਰਤ ਨੂੰ ਪਹਿਲੀ ਵਾਰ ਦੇਖ ਰਹੀ ਹੈ ।ਪੇੜ, ਫੁੱਲ ਪੱਤੀਆਂ ਦੀ ਸੁੰਦਰਤਾ ਨੂੰ ਪਹਿਲੀ ਵਾਰ ਪੀ ਰਹੀ ਸੀ ਦੇਵ ਨੂੰ ਝੂਲੇ 'ਚ ਬੈਠ ਕੇ ਸੇਬ ਖਾਂਦਿਆਂ ਅਖ਼ਬਾਰ ਪੜਦਿਆ ਦੇਖਿਆ ਤਾਂ ਛਾਇਆ ਉਸਨੂੰ ਗਹਿਰੀ ਨਜ਼ਰ ਨਾਲ ਦੇਖਣ ਲੱਗ ਗਈ। ਉਹ ਸੋਚ ਰਹੀ ਸੀ ਕਿ ਜਿਉਂ ਜਿਉਂ ਦੇਵ ਉਸ ਵਲ ਨਫ਼ਰਤ ਦਾ ਵਤੀਰਾ ਸਖ਼ਤ ਕਰ ਰਿਹਾ ਹੈ ਤਿਉਂ ਤਿਉਂ ਉਸ ਨੂੰ ਉਸ ਤੇ ਜ਼ਿਆਦਾ ਪਿਆਰ ਆ ਰਿਹਾ ਸੀ ।
ਉਹ ਨਹਾ ਧੋ ਕੇ ਅਤੇ. ਤਿਆਰ ਹੋਕੇ ਰਸੋਈ ਵਲ ਗਈ ਅਤੇ ਕਲ ਦੀ ਤਰਹਾਂ ਆਪਣੇ ਲਈ ਅਤੇ ਦੇਵ ਲਈ ਬਰੈਡ ਸਲਾਈਸ ਤਿਆਰ ਕਰਕੇ ਅਤੇ ਦੁੱਧ ਗਰਮ ਕਰਕੇ ਟਰੇ ਵਿੱਚ ਰੱਖ ਲਿਆ ਅਤੇ ਟਰੇ ਲੈ ਕੇ ਦੇਵ ਕੋਲ ਆਈ ਅਤੇ ਦੇਵ ਕੋਲ ਗਾਰਡਨ 'ਚ ਲੱਗੇ ਗਾਰਡਨ ਕੁਰਸੀਆ ਅਤੇ ਮੇਜ਼ ਤੇ ਰੱਖ ਦਿੱਤਾ । ਛਾਇਆ ਨੂੰ ਦੇਖਦੇ ਹੋਏ ਛਾਇਆ ਦੇ ਉਸਦੇ ਵਲ ਦੇਖਣ ਤੇ ਦੇਵ ਉਸਦੇ ਨਜ਼ਦੀਕ ਆਇਆ ਤੇ ਕੁਰਸੀ ਤੇ ਬੈਠ ਕੇ ਬਰੈਡ ਅਤੇ ਦੁੱਧ ਦਾ ਗਿਲਾਸ ਚੁੱਕਿਆ ਅਤੇ ਛਾਇਆ ਵਲ ਬਿਨਾਹ ਦੇਖਿਆ ਪੀ ਲਿਆ ।
.........ਛਾਇਆ ਉਸਦੇ ਬਰਾਬਰ ਬੈਠਣ ਦਾ ਹੌਸਲਾ ਨਾ ਕਰ ਸਕੀ।ਉਹ ਹੇਠਾਂ ਘਾਸ ਤੇ ਹੀ ਪਾਲਥੀ ਮਾਰ ਕੇ ਬੈਠ ਗਈ ਅਤੇ ਤੇਜ਼ੀ ਨਾਲ ਬਰੈਡ ਖ਼ਾਣ ਲੱਗ ਗਈ ।ਆਪਣੇ ਹੱਥੀ ਬਣਾਇਆ ਉਸਨੂੰ ਅੱਜ ਸਭ ਕੁੱਝ ਸਵਾਦ ਲੱਗ ਰਿਹਾ ਸੀ ।ਇੰਨੇ ਨੂੰ ਦੇਵ ਚੁੱਪ ਚਾਪ ਉਸ ਕੋਲੋਂ ਉੱਠ ਗਿਆ । ਛਾਇਆ ਨੂੰ ਗੱਡੀ ਸਟਾਰਟ ਹੋਣ ਦੀ ਅਵਾਜ਼ ਆਈ । ਉਹ ਬਰਤਨ ਸਮੇਟ ਕੇ ਉਹ ਰਸੋਈ ਵਿੱਚ ਆ ਗਈ। ਦੋਵੇਂ ਹੱਥਾਂ ਤੇ ਮੋਮੀ ਲਫ਼ਾਫ਼ਾ ਚੜਾ ਕੇ ਉਸਨੇ ਹੌਲੀ ਹੌਲੀ ਬਰਤਨ ਧੋਤੇ,. ਰਸੋਈ ਸਾਫ਼ ਕਰਕੇ ਉਹ ਸ਼ੈਲਿਫ਼ ਤੇ ਹੀ ਬੈਠ ਕੇ ਕਿਤਾਬ ਪੜਦਿਆਂ ਉਹ ਇੰਨੀ ਗੁੰਮ ਹੋ ਗਈ ਕਿ ਦੇਵ ਦੇ ਆਉਣ ਦਾ ਪਤਾ ਹੀ ਨਾ ਲੱਗਾ । ਦੇਵ ਨੇ ਰਸੋਈ ਵਿੱਚ ਆਕੇ ਦਾਲ ਚਾਵਲ ਤਿਆਰ ਕੀਤੇ ਅਤੇ ਤਿਆਰ ਹੋਣ ਤੇ ਦੋਵਾਂ ਨੇ ਖਾਮੋਸ਼ ਲੰਚ ਕੀਤਾ ।ਸਿਰਫ਼ ਚਮਚਿਆਂ ਦੀ ਅਵਾਜ਼ ਉਹਨਾਂ ਦੇ ਮਨ ਦੀ ਅਵਸਥਾ ਨੂੰ ਬਿਆਨ ਕਰ ਰਹੀ ਸੀ ..ਅੱਜ ਛਾਇਆ ਨੂੰ ਖ਼ਾਣੇ 'ਚ ਅਜੀਬ ਜਿਹੀ ਮਿਠਾਸ ਅਤੇ ਰਸ ਮਿਲਿਆ । ਖ਼ਾਣਾ ਖਾਣ ਤੋਂ ਬਾਅਦ ਦੋਵੇਂ ਆਪਣੇ ਆਪਣੇ ਕਮਰੇ 'ਚ ਚਲੇ ਗਏ ।
......ਛਾਇਆ ਨੇ ਪੈਰ ਕਮਰੇ ਵਿੱਚ ਰੱਖਿਆ ਤਾਂ ਦੇਖਿਆ ਕਮਰੇ ਵਿੱਚ ਮੇਜ਼ ਕੁਰਸੀ ਅਤੇ ਉਸ ਤੇ ਸਿਲਾਈ ਮਸ਼ੀਨ ਰੱਖੀ ਹੋਈ ਸੀ । ਉਹ ਇਹ ਸਭ ਦੇਖ ਕੇ ਹੈਰਾਨ ਰਹਿ ਗਈ ।ਉਸ ਨੇ ਇਹ ਵੀ ਦੇਖਿਆ ਕਿ ਚਟਾਈ ਤੇ ਉਸਦੇ ਲਈ ਵਧੀਆ ਚਾਰ ਕੌਟਨ ਦੇ ਸੂਟ ਪਏ ਸਨ । ਉਹ ਚਟਾਈ ਤੇ ਬੈਠ ਗਈ ਉਸਨੇ ਚਾਰੋਂ ਸੂਟਾਂ ਨੂੰ ਛਾਤੀ ਨਾਲ ਘੁੱਟ ਲਿਆ , ਮਨ 'ਚ ਸੋਚ ਰਹੀ ਸੀ ਉਸਦੇ ਤਮ ਦਾ ਉਸ ਲਈ ਲਿਆਉਂਦਾ ਪਹਿਲਾ ਤੌਹਫ਼ਾ ਸੀ । ਉਹ ਅਨੰਦ ਵਿਭੌਰ ਹੋਈ ਇਵੇਂ ਸੂਟਾਂ ਨੂੰ ਗੱਲ ਲਾਈ ਬੈਠੀ ਸੀ ਜਿਵੇਂ ਦੇਵ ਦੀ ਚੌੜੀ ਛਾਤੀ ਨਾਲ ਲੱਗੀ ਹੋਵੇ। ..
.... ਇੰਨੇ 'ਚ ਦੇਵ ਅੰਦਰ ਆਇਆ ਤਾਂ ਉਹ ਬਕ ਗਈ ਉਸਦਾ ਸੁੰਦਰ ਸੁਫ਼ਨਾ ਤੜਕ ਕਰਕੇ ਟੁੱਟ ਗਿਆ ਅਤੇ ਸੂਟ ਉਸਦੇ ਹੱਥੋਂ ਰੇਤ ਨਿਆਈਂ ਕਿਰ ਗਏ ।ਦੇਵ ਉਸਦੇ ਕੋਲ ਹੀ ਚਟਾਈ ਤੇ ਬੈਠ ਗਿਆ ...... ਉਸਨੇ ਮੋਬਾਈਲ ਮਿਲਾ ਕੇ ਛਾਇਆ ਦੇ ਹੱਥ ਫ਼ੜਾਇਆ।ਛਾਇਆ ਨੇ ਕੰਨ ਨਾਲ ਲਗਾਇਆ ਤਾਂ ਉਹ ਖ਼ੁਸ਼ੀ ਨਾਲ ਚੀਕ ਉੱਠੀ ਤੇ ਬੋਲੀ ਪਾਪਾ!! ਫ਼ਿਰ ਦੇਵ ਵਲ ਦੇਖਣ ਲੱਗੀ ਜੋ ਉਸਦਾ ਇੱਕ ਸੂਟ ਜ਼ਮੀਨ ਤੇ ਖੋਲ ਕੇ ਵਿਛਾ ਰਿਹਾ ਸੀ ।ਛਾਇਆ ਨੇ ਪਾਪਾ ਨਾਲ ਰਸਮੀ ਜਿਹੀ ਗੱਲ ਕੀਤੀ ਕਿ ਦੋਵਾਂ ਦੀ ਸੁੱਖ ਸਾਂਦ ਦੱਸ ਬੋਲੀ ," ਪਾਪਾ ਮੈਂ ਦੇਵ ਨਾਲ ਖ਼ੁਸ਼ ਹਾਂ ਅਜੇ ਅਸੀਂ ਇਧਰ ਉਧਰ ਘੁੰਮਣ ਫ਼ਿਰਨ ਵਿੱਚ ਵਿਅਸਤ ਹਾਂ ਜਦੋਂ ਵਿਹਲੇ ਹੋਏ ਤਾਂ ਮਿਲਣ ਆਵਾਂਗੀ" ਅਤੇ ਇੰਨਾ ਕਹਿ ਉਸਨੇ ਫ਼ੋਨ ਬੰਦ ਕਰ ਦਿੱਤਾ.. ਇੰਨੇ 'ਚ ਦੇਵ ਨੇ ਉਸਦੀ ਕਮੀਜ਼ ਸਲਵਾਰ ਕਪੜੇ ਉਪਰ ਰੱਖ ਵਾਰੀ ਵਾਰੀ ਕੱਟ ਕੇ ਫ਼ਿਰ ਕੁਰਸੀ ਤੇ ਬੈਠ ਸਲਵਾਰ ਸੀਉਣ ਲੱਗਿਆ ।ਛਾਇਆ ਵੀ ਉਸਦੇ ਨਜ਼ਦੀਕ ਬੈਠ ਨੀਝ ਨਾਲ ਦੇਖਣ ਲੱਗ ਗਈ , ਉਸਦਾ ਐਮ ਬੀ ਬੀ ਐਸ, ਆਈ ਏ ਐਸ ਪਤੀ ਦਰਜੀ ਬਣ ਗਿਆ ਸੀ ।ਫ਼ਿਰ ਉਸਨੂੰ ਸੀਉਣ ਲਈ ਕਿਹਾ । ਛਾਇਆ ਹੌਲੀ ਹੌਲੀ ਮਸ਼ੀਨ ਚਲਾਉਣ ਲੱਗੀ, ਝੱਕਦੇ ਝੱਕਦੇ ਟੇਡੀ ਮੇਢੀ ਸੀਣ ਮਾਰਦਿਆ ਦੋ ਤਿੰਨ ਵਾਰ ਧਾਗਾ ਵੀ ਟੁੱਟਿਆ। ਹੱਥਾਂ ਤੇ ਛਾਲੇ ਹੋਣ ਕਾਰਨ ਪੂਰੀ ਤਰਹਾਂ ਹੱਥੀ ਨੂੰ ਘੁੰਮਾਂ ਨਹੀਂ ਪਾ ਰਹੀ ਸੀ ਪਰ ਇਹ ਕੰਮ ਕਰਕੇ ਉਸਨੂੰ ਖ਼ੁਸ਼ੀ ਮਿਲ ਰਹੀ ਸੀ । ਦੇਵ ਸਿਲਾਈ ਸਿਖਲਾਈ ਦੀ ਕਿਤਾਬ ਵੀ ਲਿਆਇਆ ਸੀ ਉਹ ਉਸ ਵਿੱਚੋਂ ਗਲੇ ਲਈ ਪਾਈਪੀਨ ਦਾ ਡਿਜ਼ਾਇਨ ਦੇਖ ਰਿਹਾ ਸੀ ।ਫ਼ਿਰ ਉਸਨੇ ਛਾਇਆ ਨੂੰ ਉਠਾਇਆ ਅਤੇ ਘੰਟੇ ਵਿੱਚ ਹੀ ਪਿਆਜ਼ੀ ਸੂਟ ਪਿਆਜ਼ੀ ਪਾਈਪੀਨ ਜੋ ਕਿ ਉਸਨੇ ਸੂਟ ਦੇ ਕਪੜੇ ਨਾਲ ਹੀ ਤਿਆਰ ਕਰ ਲਈ ਸੀ, ਨਾਲ ਲੱਗਭੱਗ ਸੂਟ ਬਣਾ ਹੀ ਲਿਆ । ਉਸਨੂੰ ਥੋੜੀ ਜਿਹੀ ਥਕਾਵਟ ਮਹਿਸੂਸ ਹੋਈ ਤਾਂ ਉਹ ਸਿਲਾਈ ਵਿੱਚੇ ਹੀ ਛੱਡ ਕੇ ਕਮਰੇ ਤੋਂ ਬਾਹਰ ਚਲਾ ਗਿਆ ..
ਉਹ ਦੋ ਕੱਪ ਕੌਫ਼ੀ ਬਣਾ ਟਰੇ 'ਚ ਰੱਖ ਕੇ ਕਮਰੇ 'ਚ ਲੈ ਮੁੜ ਪਰਤਿਆ ਤਾਂ ਛਾਇਆ ਨੂੰ ਦੇਖ ਉਸਦੇ ਮੱਥੇ ਤੇ ਸਿਲਵੱਟਾਂ ਪੈ ਗਈਆਂ । ਦੇਵ ਨੂੰ ਆਇਆ ਦੇਖ ਕੇ ਉਹ ਰੋਣ ਲੱਗ ਗਈ ,ਉਸਨੇ ਖ਼ੂਨ ਦੀ ਤਤੀਰੀ ਵੱਗਦੀ ਉਂਗਲ ਦਿਖਾਈ ।ਦੇਵ ਦੇ ਜਾਣ ਤੋਂ ਬਾਅਦ ਉਹ ਕਮੀਜ਼ ਦੀ ਰਹਿੰਦੀ ਸੀਣ ਨੂੰ ਪੂਰਾ ਕਰਨ ਲੱਗੀ ਤਾਂ ਬੇਧਿਆਨੇ ਉਸਦੀ ਉਂਗਲ 'ਚ ਮਸ਼ੀਨ ਦੀ ਸੂਈ ਵੜ ਗਈ ।ਦੇਵ ਨੇ ਘਬਰਾਹਟ ਨਾਲ ਉਸਦੀ ਉਂਗਲ ਮੂੰਹ'ਚ ਪਾਕੇ ਚੂਸਣ ਲੱਗ ਗਿਆ । ਇਵੇਂ ਕਰਨ ਨਾਲ ਦੇਵਾਂ ਦੇ ਸਰੀਰਾਂ ਵਿੱਚ ਝਰਨਾਟ ਜਿਹੀ ਛਿੜ ਪਈ ਤਾਂ ਉਸਨੇ ਉਂਗਲ ਮੂੰਹ ਚੋਂ ਕੱਢ ਕਮਰੇ 'ਚ ਪਹਿਲਾਂ ਤੋਂ ਹੀ ਪਏ ਫ਼ਸਟ ਏਡ ਬਾਕਸ ਤੋਂ ਡਰੈਸਿੰਗ ਦਾ ਸਮਾਨ ਨਿਕਾਲ ਕੇ ਪੱਟੀ ਕੀਤੀ । ਛਾਇਆ ਨੇ ਆਪਣੇ ਨਿਕੰਮੇਪਣ ਕਾਰਣ ਸ਼ਰਮਿੰਦਗੀ ਮਹਿਸੂਸ ਕਰਦੇ ਹੋਏ ਦੋ ਹੱਥ ਜੋੜ ਕੇ ਮਾਫ਼ੀ ਮੰਗੀ ।
ਦੇਵ ਨੇ ਹੁਣ ਮਹੀਨੇ ਦੀ ਛੁੱਟੀ ਲੈ ਲਈ । ਉਹ ਛਾਇਆ ਦੇ ਨਾਲ ਨਾਲ ਹੀ ਰਹਿਣ ਲੱਗ ਗਿਆ .. ਉਸਨੇ ਉਸਨੂੰ ਰਸੋਈ ਦੇ ਵੱਖ ਵੱਖ ਪਕਵਾਨ ਸਿਖਾਏ ।ਭਾਵੇਂ ਛਾਇਆ ਕੋਲੋਂ ਕਦੀ ਆਟੇ ਵਿੱਚ ਪਾਣੀ ਜ਼ਿਆਦਾ ਪੈ ਜਾਂਦਾ ਜਾਂ ਸਬਜ਼ੀ ਜਲ ਕੇ ਕੋਲਾ ਬਣ ਜਾਂਦੀ ਜਾਂ ਸਬਜ਼ੀ ਵਿੱਚ ਲੂਣ ਚੀਨੀ ਦੀ ਮਾਤਰਾ ਘੱਟ ਵੱਧ ਹੋ ਜਾਂਦੀ ।ਪਰ ਪੰਦਰਾ ਦਿਨਾਂ 'ਚ ਉਹ ਵਧੀਆ ਕੁੱਕ ਅਤੇ ਦਰਜ਼ੀ ਸਾਬਿਤ ਹੋਈ ।
ਉਹ ਹੁਣ ਦੇਵ ਲਈਆਂ ਵਧੀਆ ਵਧੀਆ ਖਾਣੇ ਬਣਾਉਂਦੀ ਅਤੇ ਆਪਣੇ ਬਾਕੀ ਰਹਿੰਦੇ ਸੂਟ ਵੀ ਉਸਨੇ ਵੱਖ ਵੱਖ ਡਿਜ਼ਾਇਨ ਪਾ ਸੀਅ ਲਏ ।ਹੁਣ ਉਹ ਸੁਵੱਖ਼ਤੇ ਉੱਠ ਜਾਂਦੀ । ਘਾਹ ਤੇ ਰੋਲਰ ਚਲਾ ਘਾਹ ਦੀ ਕਟਾਈ ਕਰਦੀ । ਇੱਕ ਇੱਕ ਬੂਟੇ ਛਾਂਗਦੀ ਅਤੇ ਸੁੱਕੇ ਪੱਤਿਆਂ ਫ਼ੁੱਲਾਂ ਨੂੰ ਇੱਕਠਾ ਕਰ ਟੋਏ 'ਚ ਦੱਬ ਖ਼ਾਦ ਬਣਾਉਂਦੀ .. ਸਾਰਾ ਦਿਨ ਬੜੀ ਸਖ਼ਤ ਸਰੀਰਕ ਮਿਹਨਤ ਕਰਦੀ ।ਝਾੜੂ ਪੋਚਾ , ਕਪੜੇ ਧੋਣਾ , ਪਰੈਸ ਕਰਨਾ ਰਸੋਈ ਦਾ ਪੂਰਾ ਕੰਮ, ਗਾਰਡਨਿੰਗ ਅਤੇ ਹੋਰ ਨਿੱਕੇ ਮੋਟੇ ਕੰਮ ਕਰਦਿਆਂ ਸ਼ਾਮ ਪੈ ਜਾਂਦੀ । ਪੂਰੇ ਮਹੀਨੇ 'ਚ ਉਹ ਸੁਘੜ ਸੁਆਣੀ ਅਤੇ ਸੋਹਣੀ ਕੁੜੀ ਬਣ ਗਈ ਸੀ ।
ਉਹ ਸਵੇਰੇ ਨਹਾ ਧੋ ਕੇ ਨਾਸ਼ਤਾ ਬਣਾ ਗਾਰਡਨ'ਚ ਬੈਠੇ ਦੇਵ ਕੋਲ ਲੈ ਆਈ ...ਅੰਬਾਂ ਦੇ ਦਰੱਖ਼ਤ ਤੇ ਬੋਲਦੀ ਕੋਇਲ , ਖਿੜੇ ਫ਼ੁੱਲਾਂ 'ਚ ਆਉਂਦੀ ਛਾਇਆ ਉਸਨੂੰ ਅਸਮਾਨੋਂ ਉਤਰੀ ਪਰੀ ਲੱਗੀ...ਉਹ ਇੱਕ ਟੱਕ ਉਸ ਵਲ ਦੇਖ ਰਿਹਾ ਸੀ, ਸਰੀਰ ਦੀ ਚਰਬੀ ਮਹੀਨੇ ਵਿੱਚ ਘੁਲ ਗਈ ਸੀ । ਹੱਥੀਂ ਮਿਹਨਤ ਕਰਨ ਨਾਲ ਉਸਦੇ ਚਿਹਰੇ ਤੇ ਅਜੀਬ ਜਿਹੀ ਚਮਕ ਸੀ । ਉਹ ਮੁਸਕਰਾਈ ਤਾਂ ਗਲਾਂ 'ਚ ਪਏ ਦੋ ਡੂੰਘੇ ਟੋਏ ਉਸਦੀ ਸੁੰਦਰਤਾਂ ਨੂੰ ਵਧਾ ਰਹੇ ਸਨ। ਮਿਹਨਤ ਮੁਸ਼ਕਤ ਦੇ ਨਾਲ ਉਸਦੇ ਚਿਹਰੇ ਦਾ ਰੰਗ ਪਿਆਜ਼ੀ ਪਿਆਜ਼ੀ ਹੋ ਗਿਆ ਸੀ । ਛਾਇਆ ਦੇਵ ਦੇ ਨਜ਼ਦੀਕ ਹੀ ਬੈਠ ਕੇ ਚਾਹ ਬਣਾ ਦੇਵ ਨੂੰ ਪਕੜਾਈ ਤਾਂ ਦੇਵ ਨੇ ਦੇਖਿਆ ਉਸਦੇ ਨੌਂਹ ਕੱਟੇ ਹੋਏ ਬਿਨਾਹ ਨੇਲ ਪਾਲਿਸ਼ ਦੇ ਨੌਂਹ ਪਿਆਜ਼ੀ ਪਿਆਜ਼ੀ ਲੱਗ ਰਹੇ ਸਨ ।ਛਾਇਆ ਨੇ ਉਸਦੀਆਂ ਅੱਖਾਂ 'ਚ ਦੇਖਦੇ ਹੋਏ ਬਰੈਡ ਆਮਲੇਟ ਅੱਗੇ ਵਧਾਇਆ ਤਾਂ ਉਹ ਨੀਲੀਆਂ ਝੀਲ ਦੀਆਂ ਗਹਿਰਾਈਆਂ ਵਰਗੀਆਂ ਅੱਖਾਂ 'ਚ ਖੋਹ ਗਿਆ। ਉਹ ਅਪਲਕ ਉਸਨੂੰ ਦੇਖ ਰਿਹਾ ਸੀ ਕਿ ਛਾਇਆ ਦੇ ਕੇਸ ਲੰਬੇ ਅਤੇ ਭਾਰੇ ਹੋ ਗਏ ਸਨ ।ਉਸਦੇ ਨਵੇਂ ਸੀਤੇ ਪਾਏ ਕਪੜੇ ਖੁਲੇ ਹੋ ਗਏ ਸਨ । ਨਾਸ਼ਤਾ ਖਾਕੇ ਦੇਵ ਉੱਠ ਕੇ ਚਲਾ ਗਿਆ ।ਤਿਆਰ ਹੋ ਕੇ ਗੱਡੀ ਲੈ ਕੇ ਮੇਨ ਗੇਟ ਤੋਂ ਬਾਹਰ ਨਿਕਲ ਗਿਆ ।
.......ਥੋੜੀ ਦੇਰ ਬਾਅਦ ਕੁੱਝ ਸਮਾਨ ਲੈ ਕੇ ਵਾਪਿਸ ਪਰਤਿਆ । ਗਾਰਡ ਸਾਰਾ ਸਮਾਨ ਉਸਦੇ ਨਾਲ ਦੇ ਬੈਡ ਰੂਮ ਵਿੱਚ ਰੱਖ ਕੇ ਬਾਹਰ ਗੇਟ ਤੇ ਚਲਾ ਗਿਆ। ਦੇਵ ਨੇ ਛਾਇਆ ਜੋ ਕਿ ਰਸੋਈ ਵਿੱਚ ਲੰਚ ਤਿਆਰ ਕਰ ਰਹੀ ਸੀ ਕੋਲ ਜਾ ਕੇ ਇਸ਼ਾਰੇ ਨਾਲ ਆਪਣੇ ਪਿੱਛੇ ਆਉਣ ਲਈ ਕਿਹਾ । ਛਾਇਆ ਨੇ ਦੋਵੇਂ ਗੈਸ ਚੁਲਹੇ ਬੰਦ ਕਰ ਦਿੱਤੇ ।ਉਹ ਉਸਨੂੰ ਆਪਣੇ ਨਾਲ ਦੇ ਬੈਡ ਰੂਮ ਵਿੱਚ ਲੈ ਗਿਆ । ਉੱਥੇ ਉਸਨੇ ਦੇਖਿਆ ਕਿ ਕਮਰੇ 'ਚ ਵਧੀਆ ਸੁੱਖ ਸਹੂਲਤਾਂ ਸਨ । ਦੇਵ ਉਸਨੂੰ ਹੈਰਾਨ ਕੁੰਨ ਕਰਕੇ ਕਮਰੇ 'ਚ ਛੋੜ ਕੇ ਚਲਾ ਗਿਆ ..ਅਰਾਮਦੇਹ ਬੈਡ ਸੀ , ਦੋ ਅਲਮਾਰੀਆਂ , ਟੀਵੀ ਫ਼ਰਿਜ ਸਨ। ਕੋਨੇ 'ਚ ਕੈਨਵਸ ਬੋਰਡ ਅਤੇ ਸਾਈਡ ਟੇਬਲ ਤੇ ਪੇਟਿੰਗ ਦਾ ਸਮਾਨ ਸੀ । ਇੱਕ ਕਾਰਨਰ 'ਚ ਕਾਰਪੈਟ ਦੇ ਉਪਰ ਗਦੇਲਾ ਵਿੱਛਿਆ ਹੋਇਆ ਸੀ ਜਿਸ ਤੇ ਵਜਾਉਣ ਵਾਲਾ ਹਰ ਇੱਕ ਮਿਊਜ਼ਕ ਦਾ ਇੰਸਟਰੂਮੈਂਟ ਰੱਖਿਆ ਹੋਇਆ ਸੀ । ਛਾਇਆ ਨੂੰ ਜੋ ਪਸੰਦ ਸੀ ਉਹ ਸਾਰੀਆਂ ਚੀਜ਼ਾਂ ਕਮਰੇ ਵਿੱਚ ਮੌਜੂਦ ਸੀ ।ਵਾਰਡ ਰੋਬ ਖੋਲਕੇ ਦੇਖੀਆਂ ਤਾਂ ਉਸਦੀ ਪਸੰਦੀਦਾਂ ਡਰੈਸਾਂ ਅਤੇ ਜੁੱਤੀਆਂ ਸਨ । ਉਸਦੇ ਕੀਮਤੀ ਗਹਿਣੇ ਅਤੇ ਮੇਕਅਪ ਦਾ ਸਮਾਨ ਵੀ ਮੌਜੂਦ ਸੀ ।
... ਛਾਇਆ ਦੀਆਂ ਅੱਖਾਂ 'ਚ ਹੰਝੂ ਆ ਗਏ , ਉਹ ਮੂੰਹ 'ਚ ਹੀ ਬੁਦਬੁਦਾਈ , ਦੇਵ!! ਇਸ ਛਾਇਆ ਨੂੰ ਤੇਰਾ ਹੀ ਸਾਥ ਅਤੇ ਪਿਆਰ ਚਾਹੀਦਾ ਹੈ ਹੁਣ ਮੇਰੇ ਲਈ ਹੁਣ ਇਹ ਸਭ ਚੀਜ਼ਾਂ ਫ਼ਜ਼ੂਲ ਹਨ । ਦੇਵ ਮੇਰੇ ਮਾਪਿਆਂ ਨੇ ਜਨਮ ਦਿੱਤਾ , ਹਰ ਸਹੂਲਤ ਦਿੱਤੀ ਪਰ ਮੈਂ ਇੱਕ ਲੋਗੜ ਦੀ ਲੋਗੜ ਸਾਂ ਪਰ ਤੂੰ ਮੈਨੂੰ ਤਰਾਸ਼ਿਆ ਅਤੇ ਜਿਊਣਾ ਸਿਖਾਇਆ । ਉਸਨੂੰ ਵਿਸ਼ਵਾਸ਼ ਸੀ ਕਿ ਇੱਕ ਦਿਨ ਉਹ ਆਪਣੇ ਪਿਆਰ ਨਾਲ ਦੇਵ ਨੂੰ ਪੂਰਨ ਰੂਪ ਨਾਲ ਪਾ ਲਵੇਗੀ । ਦੇਵ ਉਸਦੀ ਅਕਸਰ ਸੇਠ ਸਾਹਿਬ ਨਾਲ ਗੱਲ ਕਰਵਾਉਂਦਾ ਪਰ ਉਹ ਦੋ ਸ਼ਬਦਾਂ 'ਚ ਸੁਖਸਾਂਦ ਦੀ ਗੱਲ ਕਰ ਫ਼ੋਨ ਬੰਦ ਕਰ ਦਿੰਦੀ । ਦੇਵ ਦੇ ਵਾਰ ਵਾਰ ਕਹਿਣ ਤੇ ਵੀ ਪਿਤਾ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ।ਉਹ ਆਪਣੇ ਪਿਤਾ ਦੇ ਮੋਹ ਲਾਡ ਵਿੱਚ ਦੁਬਾਰਾ ਨਹੀਂ ਫ਼ਸਣਾ ਚਾਹੁੰਦੀ ਸੀ ।
ਇਹ ਗੱਲਾਂ ਸੋਚਦੀ ਉਹ ਵਾਪਿਸ ਰਸੋਈ 'ਚ ਆਈ ਅਤੇ ਲੰਚ ਤਿਆਰ ਕਰਨ ਲੱਗੀ ।ਅਤੇ ਫ਼ਿਰ ਆਪਣੇ ਨਵੇਂ ਕਮਰੇ 'ਚ ਵਾਸ਼ਰੂਮ ਵਿੱਚ ਸ਼ਾਵਰ ਲਿਆ ਤਾਂ ਉਸਨੂੰ ਸਾਰੀਆਂ ਖ਼ੁਸ਼ਬੂਆਂ ਆਪਣੇ ਪਸੀਨੇ ਦੀ ਸਮੈਲ ਅੱਗੇ ਮਨਸੂਈਆਂ ਲੱਗੀਆਂ । ਉਹ ਆਪਣੇ ਪੁਰਾਣੇ ਬਾਥਰੂਮ ਵਿੱਚ ਆ ਕੇ ਮੁੜ ਨਹਾਈ ਤਾਂ ਉਸਨੂੰ ਮਨ ਨੂੰ ਸਕੂਨ ਮਿਲਿਆ । ਉਹ ਆਪਣੇ ਕਮਰੇ 'ਚ ਆ ਕੇ ਤਿਆਰ ਹੋ ਗਈ
ਲੰਚ ਕਰਦਿਆਂ ਦੇਵ ਨੇ ਦੇਖਿਆ ਛਾਇਆਂ ਨੇ ਹਲਕੇ ਸਕਿਨ ਕਲਰ ਦਾ ਸੂਟ ਪਹਨਿਆ ਸੀ ਜੋ ਉਸਤੇ ਬਹੁਤ ਹੀ ਫ਼ਬ ਰਿਹਾ ਸੀ । ਬਾਹਵਾਂ 'ਚ ਹਰੀਆ ਅਤੇ ਸਕਿਨ ਕਲਰ ਦੀਆਂ ਚੂੜੀਆਂ ਅਤੇ ਕੰਨਾਂ 'ਚ ਨਿੱਕੇ ਨਿੱਕੇ ਡਾਇਮੰਡ ਟੌਪਸ ਅਤੇ ਗਲੇ 'ਚ ਪਤਲੀ ਹਲਕੀ ਜਿਹੀ ਚੇਨ ਪਹਿਨੀ । ਛਾਇਆ ਉਸਨੂੰ ਬਲਾ ਦੀ ਸੁੰਦਰ ਜਾਪੀ ।ਛਾਇਆ ਨੂੰ ਆਪਣੇ ਵਲ ਦੇਖਦਿਆ ਦੇਖ ਉਹ ਕੱਚਾ ਜਿਹਾ ਹੋ ਉਸਨੇ ਅੱਖਾਂ ਝੁਕਾ ਲਈਆਂ ।
ਹੁਣ ਸਵੇਰ ਤੋਂ ਸ਼ਾਮ ਤੱਕ ਗੁੰਗੀ ਔਰਤ ਰਸੋਈ ਅਤੇ ਘਰ ਦੀ ਸਾਂਭ ਸੰਭਾਲ ਲਈ ਛਾਇਆ ਦੀ ਮਦਦ ਲਈ ਆ ਗਈ ਸੀ ਪਰ ਛਾਇਆ ਜ਼ਿਆਦਾ ਕੰਮ ਖ਼ੁਦ ਹੀ ਕਰਦੀ । ਬਾਗ਼ ਦੀ ਸਾਂਭ ਸੰਭਾਲ ਲਈ ਵੀ ਮਾਲੀ ਆਉਣ ਲੱਗਾ ਪਰ ਛਾਇਆ ਉਸ ਕੋਲੋਂ ਬੇਲਚਾ ਜਾਂ ਖ਼ੁਰਪਾ ਖੋਹ ਖ਼ੁਦ ਬਾਗ਼ ਦੀ ਦੇਖਭਾਲ ਕਰਨ ਲੱਗੀ । ਹੁਣ ਉਸਨੂੰ ਕੰਮ ਬੋਝ ਨਹੀਂ ਬਲਿਕ ਉਸਦੇ ਕਰਨ ਵਿੱਚ ਮਜ਼ਾ ਆਉਣ ਲੱਗਾ ਸੀ । ਕੁੱਝ ਉਸਦਾ ਭਾਰ ਬਹੁਤ ਜ਼ਿਆਦਾ ਘੱਟ ਹੋਣ ਕਾਰਨ ਉੱਠਣ ਬੈਠਣ 'ਚ ਫ਼ੁਰਤੀਲੀ ਹੋ ਗਈ ਸੀ ।ਦੇਵ ਦਾ ਕਮਰਾ ਖ਼ੁਦ ਹੀ ਸਾਫ਼ ਕਰਦੀ । ਉਸਦੇ ਪਹਿਨੇ ਕਪੜੇ ਉਹ ਖ਼ੁਦ ਪਾ ਲੈਂਦੀ । ਉਸਦੀ ਖ਼ੁਸ਼ਬੂ ਅਤੇ ਕਪੜਿਆਂ ਦੀ ਛੂਹ ਨਾਲ ਉਸਨੂੰ ਜਾਪਦਾ ਜਿਵੇਂ ਦੇਵ ਦਾ ਬਦਨ ਉਸਨੂੰ ਛੂਹ ਰਿਹਾ ਹੈ । ਇੱਕ ਦਿਨ ਇਵੇਂ ਹੀ ਕਪੜੇ ਪਾ ਉਹ ਉੱਥੇ ਹੀ ਸੌਂ ਗਈ , ਸ਼ਾਮ ਪਈ ਦੇਵ ਵਾਪਿਸ ਆਇਆ ਤਾਂ ਉਸਨੂੰ ਆਪਣੇ ਕਮਰੇ. 'ਚ ਦੇਖ ਉਹ ਸਕਪਕਾ ਗਿਆ। ਵਾਲ ਉਸਦੇ ਖੁਲੇ ਅਤੇ ਧਰਤੀ ਨੂੰ ਛੂਹ ਰਹੇ ਸਨ ..ਮੂੰਹ ਤੇ ਅੰਤਾਂ ਦਾ ਭੋਲਾਪਣ , ਗਲਾਂ ਨੀਂਦ ਨਾਲ ਭੱਖ ਰਹੀਆਂ ਸਨ , ਉਸਨੂੰ ਇਸ ਅਦਾ ਤੇ ਇੰਨਾ ਪਿਆਰ ਆਇਆ ਕਿ ਉਸਦਾ ਮਨ ਕੀਤਾ ਉਸਨੂੰ ਬਾਹਵਾਂ ਵਿੱਚ ਸਮੇਟ ਲਵੇ ਅਤੇ ਉਸ ਵਲੋਂ ਦਿੱਤੇ ਕਸ਼ਟਾਂ ਕਾਰਣ ਉਸਦਾ ਰੋਮ ਰੋਮ ਚੁੰਮ ਲਵੇ । ਉਸਦਾ ਮਨ ਛਾਇਆ ਲਈ ਪਸੀਜਣਾ ਸ਼ੁਰੂ ਹੋ ਗਿਆ ਸੀ । ਪਰ ਉਹ ਸੰਕੋਚ ਕਰ ਕੇ ਬਾਹਰ ਆ ਗਿਆ ।
ਛਾਇਆ ਰੋਜ਼ ਸਵੇਰੇ ਉੱਠ ਕੇ ਸੈਰ ਕਰਨ ਤੋਂ ਬਾਅਦ ਨਹਾ ਧੋ ਸਿਤਾਰ ਤੇ ਮੀਰਾ ਬਾਈ ਦੇ ਭਜਨ ਗਾਉਂਦੀ ਤਾਂ ਦੇਵ ਉੱਠ ਬੈਠਦਾ ਤਾਂ ਉਹ ਉਸਦੇ ਕਮਰੇ ਵਿੱਚ ਬੈਡ ਟੀ ਦੇਣ ਜਾਂਦੀ ਫ਼ਿਰ ਉਸਦੇ ਆਫ਼ਿਸ ਜਾਣ ਤੱਕ ਉਸਦਾ ਪਰਛਾਵਾਂ ਬਣ ਕੇ ਰਹਿੰਦੀ ਉਸ ਦੀ ਹਰ ਲੋੜ ਦਾ ਧਿਆਨ ਰੱਖਦੀ । ਰੁਝੇਵੇਂ ਕਾਰਣ ਜੇ ਦੇਵ ਅਗਰ ਲੰਚ ਲਈ ਨਾ ਆਉਂਦਾ ਤਾਂ ਉਹ ਵੀ ਖਾਣਾ ਨਾ ਆਉਂਦੀ । ਘਰ ਦੇ ਕੰਮਾਂ ਤੋਂ ਜਦੋਂ ਵਿਹਲੀ ਹੁੰਦੀ ਤਾਂ ਪੇਟਿੰਗ ਕਰਨ ਵਿੱਚ ਰੁੱਝ ਜਾਂਦੀ । ਵਿਹਲੇ ਸਮੇਂ 'ਚ ਨਾਵਲ ਪੜਦੀ ਜਾਂ ਗਾਰਡਨਿੰਗ ਕਰਦੀ । ਹੈਜ ਬੂਟਿਆਂ ਨੂੰ ਕੱਟ ਕੇ ਨਵੀਂ ਸ਼ੇਪ ਦਿੰਦੀ । ਕੁਕਿੰਗ ਦੀ ਕਿਤਾਬ ਪੜਦੀ ਰਹਿੰਦੀ ਜਾਂ ਟੀਵੀ ਤੇ ਪਾਕ ਕਲਾ ਦਾ ਮ ਦੇਖ਼ਦੀ ਅਤੇ ਨਿੱਤ ਨਵੇਂ ਖਾਣੇ ਤਿਆਰ ਕਰਦੀ । ਰਾਤ ਨੂੰ ਭਗਵਾਨ ਦੀ ਆਰਤੀ ਕਰਦੀ ਤੇ ਦੇਵ ਦੀ ਸੁੱਖ ਸ਼ਾਂਤੀ ਮੰਗਦੀ ।ਜਦੋਂ ਦੇਵ ਘਰ ਨਾ ਆ ਜਾਂਦਾ ਉਹ ਉਦੋਂ ਤੱਕ ਸੌਂਦੀ ਨਾ ।
ਇੰਨੇ ਸਮੇਂ 'ਚ ਇੱਕ ਅਣਹੋਣੀ ਘਟਨਾ ਵਾਪਰੀ , ਛਾਇਆ ਦੇ ਪਿਤਾ ਨੂੰ ਉਸ ਦੀਆਂ ਜ਼ਿਆਦਤੀਆਂ ਕਾਰਣ ਕਿਸੀ ਕਰਮਚਾਰੀ ਨੇ ਭੱਠੀ ਵਿੱਚ ਝੌਂਕ ਦਿੱਤਾ ਅਤੇ ਆਪਣਾ ਜੁਰਮ ਦਾ ਇਕਬਾਲ ਕਰ ਲਿਆ । ਛਾਇਆ ਆਪਣੇ ਪਿਤਾ ਦੀ ਅੰਤਮ ਰਸਮਾਂ ਨੂੰ ਪੂਰਾ ਕਰਨ ਲਈ ਦੁਨੀਆਂ ਦੇ ਸਾਹਮਣੇ ਆਈ ਤਾਂ ਬਦਲੀ ਛਾਇਆ ਨੂੰ ਦੇਖ ਕੇ ਲੋਕਂ ਹੈਰਾਨ ਰਹਿ ਗਏ। ਛਾਇਆ ਨੇ ਆਪਣੇ ਪਾਪਾ ਦੀ ਪਾਪ ਨਾਲ ਇੱਕਠੀ ਕੀਤੀ ਸਾਰੀ ਅਚੱਲ ਚੱਲ. ਕਮਾਈ ਟਰੱਸਟ ਨੂੰ ਦਾਨ ਕਰ ਦਿੱਤੀ ।ਉਧਰ ਦੇਵ ਦੇ ਪਾਪਾ ਨੇ ਵੀ ਆਪਣੇ ਪਿੰਡ ਜ਼ਦੀ ਮਕਾਨ 'ਚ ਰਹਿਣ ਦੀ ਜ਼ਿਦ ਕੀਤੀ ਜਿਸਨੂੰ ਦੇਵ ਨੇ ਮੰਨ ਲਿਆ ।
ਸਰਦੀ ਉੱਤਰ ਆਈ ਸੀ , ਰਜਾਈਆਂ ਪੈਣ ਲੱਗ ਗਈਆਂ ਸੀ । ਅੱਜ ਸਵੇਰ ਦੀ ਕਾਲੀ ਘਟਾ ਛਮਛਮ ਬਰਸ ਰਹੀ ਸੀ । ਬਿਜਲੀ ਸਵੇਰ ਦੀ ਹੀ ਨਹੀਂ ਸੀ ਜਿਉਂ ਰਾਤ ਨਜ਼ਦੀਕ ਆਈ ,ਬਿਜਲੀ ਦੀ ਚਮਕ ਅਤੇ ਬੱਦਲਾਂ ਦੀ ਗੜਗੜਾਹਟ ਨਾਲ ਤਾਂ ਇਹ ਰਾਤ ਹੋਰ ਵੀ ਡਰਾਉਣੀ ਹੋ ਗਈ ਸੀ । ਦੇਵ ਅਜੇ ਵੀ ਨਹੀਂ ਆਇਆ ਸੀ । ਉਹ ਮੁੜ ਮੁੜ ਦਰਵਾਜ਼ੇ ਕੋਲ ਜਾਂਦੀ । ਉਹ ਹੌਂਸਲਾ ਕਰਕੇ ਗੇਟ ਦੇ ਕੋਲ ਗਈ ਪਰ ਗੇਟ ਕੀਪਰ ਨਜ਼ਰ ਨਹੀਂ ਆਇਆ । ਫ਼ਿਰ ਉਸਨੂੰ ਯਾਦ ਆਇਆ ਕਿ ਉਹ ਤਾਂ ਬੀਮਾਰ ਹੋਣ ਕਾਰਨ ਉਸ ਤੋਂ ਛੁੱਟੀ ਲੈ ਗਿਆ ਸੀ । ਅਚਾਨਕ ਉਸਦੀ ਨਜ਼ਰ ਆਪਣੀ ਕਾਰ ਤੇ ਪਈ ਉਸਨੇ ਤੇਜ਼ੀ ਨਾਲ ਗੇਟ ਖੋਲਿਆ ਤਾਂ ਉਸਨੇ ਕਾਰ ਦੇ ਬਾਹਰ ਦੇਵ ਨੂੰ ਗਿਰਿਆ ਦੇਖਿਆ , ਪਤਾ ਨਹੀਂ ਉਹ ਕਿਸ ਵਕਤ ਦਾ ਬਾਰਿਸ਼ 'ਚ ਗਿਰਿਆ ਪਿਆ ਸੀ । ਵੱਸਦੀ ਬਾਰਿਸ਼ 'ਚ ਉਸਨੇ ਦੇਵ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ , ਨਬਜ਼ ਚੈਕ ਕੀਤੀ ਤਾਂ ਚਲ ਰਹੀ ਸੀ । ਉਸਨੇ ਬੜੀ ਮੁਸ਼ਕਿਲ ਨਾਲ ਦੇਵ ਨੂੰ ਘਸੀੜ ਕੇ ਗੱਡੀ ਵਿੱਚ ਪਾਇਆ ਅਤੇ ਗੱਡੀ ਚਲਾ ਅੰਦਰ ਲੈ ਆਈ । ਦੇਵ ਨੂੰ ਅਵਾਜ਼ਾਂ ਲਗਾਈਆਂ , ਉਸਨੇ ਥੋੜੀ ਜਿਹੀ ਅੱਖ ਖੋਹਲੀ । ਦੇਵ ਉੱਠੋ !!
ਉਹ ਲੜਖੜਾਉਂਦਾ ਹੋਇਆ ਉੱਠਿਆ ਅਤੇ ਛਾਇਆ ਦੇ ਮੋਢੇ ਦਾ ਸਹਾਰਾ ਲੈ ਬੜੀ ਮੁਸ਼ਕਿਲ ਨਾਲ. ਆਪਣੇ ਕਮਰੇ ਵਿੱਚ ਪਹੁੰਚਿਆ ਅਤੇ ਬੈਡ ਤੇ ਗਿਰ ਗਿਆ । ਛਾਇਆ ਨੇ ਬੜੀ ਮੁਸ਼ਕਿਲ ਨਾਲ ਉਸਦੇ ਗੀਲੇ ਕਪੜੇ ਬਦਲੇ ਅਤੇ ਡਬਲ ਰਜ਼ਾਈ ਨਾਲ ਢੱਕ ਦਿੱਤਾ । ਉਹ ਆਪ ਵੀ ਤੇਜ਼ੀ ਨਾਲ ਵਾਸ਼ ਰੂਮ ਜਾ ਭਿੱਜੇ ਕਪੜੇ ਬਦਲ ਕੇ ਜਲਦੀ ਨਾਲ ਸਿਰਫ਼ ਗਾਊਨ ਪਾਕੇ ਆ ਗਈ । ਦੇਵ ਦੇ ਨੇੜੇ ਗਈ ਤਾਂ ਉਹ ਠੰਡ ਨਾਲ ਕੰਬ ਰਿਹਾ ਸੀ । ਉਸਦੇ ਮੱਥੇ ਨੂੰ ਹੱਥ ਲਾਇਆ ਤਾਂ ਮੱਥਾ ਬੁਖ਼ਾਰ ਨਾਲ ਤੱਪ ਰਿਹਾ ਸੀ. ਅਤੇ ਤਪ ਅਤੇ ਠੰਡ ਕਾਰਣ ਬੁਰੀ ਤਰਹਾਂ ਕੰਬ ਰਿਹਾ ਸੀ । ਕਮਰੇ ਦਾ ਹੀਟਰ ਸਵੇਰ ਦੀ ਲਾਈਟ ਨਾ ਹੋਣ ਕਾਰਨ ਚਲ ਨਹੀਂ ਰਿਹਾ ਸੀ , ਇਥੋਂ ਤੱਕ ਇਨਵਰਟਰ ਵੀ ਜਵਾਬ ਦੇ ਗਿਆ ਸੀ , ਉਸਨੇ ਸਿਰਫ਼ ਵੱਡੀ ਬੈਟਰੀ ਨਾਲ ਕਮਰੇ 'ਚ ਰੋਸ਼ਨੀ ਕੀਤੀ। ਉਹ ਜਲਦੀ ਨਾਲ ਰਸੋਈ 'ਚ ਜਾ ਕੇ ਗਰਮ ਪਾਣੀ ਕਰ ਗਰਮ ਪਾਣੀ ਦੀ ਬੋਤਲ ਲੈ ਆਈ । ਦੇਵ ਦੇ ਪੈਰਾਂ ਹੇਠ ਪਾਣੀ ਦੀ ਬੋਤਲ ਤੋਲੀਏ ਵਿੱਚ ਲਪੇਟ ਰੱਖ ਦਿਤੀ ਪਰ ਉਸਦੀ ਠੰਡ ਮੱਠੀ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਸੀ । ਉਸਨੇ ਦੇਵ ਦਾ ਮੋਬਾਇਲ ਚੁੱਕਿਆ ਪਰ ਗਿੱਲੇ ਹੋਣ ਕਾਰਨ ਕੰਮ ਹੀ ਨਹੀਂ ਕਰ ਰਿਹਾ ਸੀ ।
.......... ਦੇਵ ਦੀ ਕੰਬਣੀ ਦੇਖ ਉਸਨੂੰ ਘਬਰਾਹਟ ਹੋ ਰਹੀ ਸੀ । ਉਹ ਆਪਣੇ ਕਮਰੇ ਚੋਂ ਵੀ ਰਜ਼ਾਈ ਚੁੱਕ ਕੇ ਦੇਵ ਉਪਰ ਪਾ ਦਿੱਤੀ ।ਪਰ ਉਹ ਅਜੇ ਵੀ ਬੁਰੀ ਤਰਹਾਂ ਕੰਬ ਰਿਹਾ ਸੀ। ਉਹ ਦੇਵ ਦੇ ਚਿਹਰੇ ਤੇ ਮੂੰਹ ਰੱਖ਼ ਰੋਣ ਲੱਗ ਗਈ । ਰੋਂਦੇ ਰੋਂਦੇ ਅਚਾਨਕ ਉਸ ਦੇ ਦਿਮਾਗ 'ਚ ਵਿਚਾਰ ਕੋਂਧਿਆ ਉਹ ਆਪਣਾ ਗਾਊਨ ਉਤਾਰ ਦੇਵ ਦੇ ਬਿਸਤਰ ਵਿੱਚ ਹੀ ਲੇਟ ਗਈ । ਆਪਣੇ ਸਰੀਰ ਦੀ ਗਰਮੀ ਦੇਣ ਲਈ ਦੇਵ ਦੇ ਸਰੀਰ ਨੂੰ ਬੱਚੇ ਵਾਂਙ ਆਪਣੀਆਂ ਬਾਹਵਾਂ 'ਚ ਲਪੇਟ ਕੇ ਛਾਤੀ ਨਾਲ ਲਾ ਲਿਆ ।ਸਰੀਰ ਦੀ ਗਰਮੀ ਮਿਲਣ ਤੇ ਦੇਵ ਨੂੰ ਹੋਸ਼ ਆਇਆ ਤਾਂ ਛਾਇਆ ਨੂੰ ਆਪਣੇ ਇੰਨਾ ਨਜ਼ਦੀਕ ਪਾ ਉਸਨੂੰ ਹੋਰ ਵੀ ਨੇੜੇ ਕਰ ਲਿਆ । ਉਹ ਪਾਗਲਾਂ ਦੀ ਤਰਹਾ ਉਸਦਾ ਰੋਮ ਰੋਮ ਚੁੰਮਣ ਲੱਗ ਗਿਆ ।ਰਚਾਈ ਸਾਹ ਚਲਣ ਦੀ ਹੀ ਅਵਾਜ਼ ਆ ਰਹੀ ਸੀ। ਕੁਦਰਤ ਨੇ ਦੋ ਜ਼ਿੰਦਗੀਆਂ ਦਾ ਜੀਵਨ ਜੋ ਸਮਾਨੰਤਰ ਰੇਖਾਵਾਂ ਵਿੱਚ ਚਲ ਰਿਹਾ ਸੀ ਉਸਨੂੰ ਇੱਕ ਲੀਕ ਵਿੱਚ ਬਦਲ ਦਿੱਤਾ ।
ਸਵੇਰੇ ਹੋਣ ਤੇ ਦੇਵ ਨੂੰ ਜਾਗ ਆਈ ਤਾਂ ਉਸਦਾ ਸਿਰ ਅਜੇ ਵੀ ਭਾਰਾ ਸੀ ਅਤੇ ਬੁਖ਼ਾਰ ਵੀ ਤੇਜ਼ ਸੀ , ਉਹ ਦਿਮਾਗ ਤੇ ਜ਼ੋਰ ਦੇਣ ਤੇ ਰਾਤ ਦੀਆਂ ਘਟਨਾਵਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ।ਯਾਦ ਆਉਣ ਤੇ ਉਸਨੂੰ ਸ਼ਰਮਿੰਦਗੀ ਦਾ ਅਹਿਸਾਸ ਹੋਇਆ।
ਇੰਨੇ ਨੂੰ ਛਾਇਆ ਉਸਦੇ ਕਮਰੇ ਵਿੱਚ ਆਈ । ਚਾਹ ਦੀ ਟਰੇ ਇੱਕ ਪਾਸੇ ਰੱਖ ਉਹ ਦੇਵ ਦੇ ਨੇੜੇ ਆਈ । ਉਸਦੇ ਮੱਥੇ ਤੇ ਹੱਥ ਲਾਇਆ ਉਸਨੂੰ ਅਜੇ ਵੀ ਤੇਜ਼ ਬੁਖ਼ਾਰ ਸੀ ।ਛਾਇਆ ਉਸਨੂੰ ਸਹਾਰਾ ਦੇ ਕੇ ਵਾਸ਼ ਰੂਮ ਲੈ ਗਈ ਉਸਦੀ ਨਿਤ ਕੑਿਆ ਕਰਾਉਣ ਤੋਂ ਬਾਅਦ ਉਸਨੂੰ ਚਾਹ ਪਿਲਾਉਣ ਤੋਂ ਬਾਅਦ ਬੈਡ ਤੇ ਲਿਟਾ ਦਿੱਤਾ ।ਫ਼ਿਰ ਬਾਡੀਗਾਰਡ ਨੂੰ ਭੇਜ ਕੇ ਡਾਕਟਰ ਨੂੰ ਬੁਲਾਇਆ ਅਤੇ ਨਵਾਂ ਮੋਬਾਇਲ ਵੀ ਮੰਗਵਾਇਆ ।
ਪੰਦਰਾਂ ਦਿਨ ਦੇਵ ਅਸਵਸਥ ਰਿਹਾ , ਛਾਇਆ ਨੇ ਦਿਨ ਰਾਤ ਸੇਵਾ ਕਰਕੇ ਦੇਵ ਦਾ ਮਨ ਜਿੱਤ ਲਿਆ ।ਦੇਵ ਸੱਚਮੁੱਚ ਉਸਦਾ ਦੀਵਾਨਾ ਬਣ ਗਿਆ ।ਉਹ ਕਿੰਨੀ ਦੇਰ ਅਪਲਕ ਉਸ ਵਲ ਦੇਖਦਾ ਰਹਿੰਦਾ । ਉਸਦਾ ਦਿਲ ਕਰਦਾ ਉਸਦੀਆਂ ਨੀਲੀਆਂ ਝੀਲ ਵਰਗੀਆ ਅੱਖਾਂ ਤੇ ਗੁਲਾਬੀ ਹੋਠਾਂ ਨੂੰ ਚੁੰਮ ਚੁੰਮ ਹਾਲੋ ਬੇਹਾਲ ਕਰ ਦੇਵੇ।ਉਸਦੇ ਮਨ ਨੇ ਛਾਇਆ ਨੂੰ ਪੂਰਨ ਤੌਰ ਤੇ ਸਵੀਕਾਰ ਕਰ ਲਿਆ ਸੀ ।ਉਹ ਹਰ ਸਾਹ ਉਸਦਾ ਸਾਥ ਲੋਚਦਾ ਸੀ ।
..........ਇੱਕ ਸ਼ਾਮ ਛਾਇਆ ਬਾਗ਼ 'ਚ ਝੂਲੇ ਤੇ ਬੈਠੀ ਸੀ ।ਬਹੁਤ ਸੁਹਾਵਣਾ ਮੌਸਮ ਸੀ , ਠੰਡੀ ਹਵਾ ਰੁਮਕ ਰਹੀ ਸੀ । ਕਾਲੀ ਘਟਾ ਛਾਈ ਹੋਈ ਸੀ । ਉਹ ਝੂਲੇ ਤੇ ਬੈਠੀ ਹਾਰਡੀ ਦਾ ਟੈਸ ਨਾਵਲ ਪੜਦਿਆਂ ਲਾਲ ਸੁਰਖ਼ ਸੇਬ ਖਾ ਰਹੀ ਸੀ ... ਉਹ ਪੜਨ ਵਿੱਚ ਇੰਨੀ ਮਗਨ ਹੋ ਗਈ ਕਿ ਉਸਨੂੰ ਦੇਵ ਦੇ ਆਉਣ ਦਾ ਅਹਿਸਾਸ ਹੀ ਨਹੀਂ ਹੋਇਆ ਦੇਵ ਨੇ ਪੋਲੇ ਜਿਹੇ ਛਾਇਆ ਦੇ ਪਿੱਛੇ ਖੜੇ ਹੋਕੇ ਉਸ ਦੀਆ ਅੱਖਾਂ ਉਪਰ ਹੱਥ ਰੱਖ ਦਿੱਤਾ। ਅੱਜ ਉਸ ਨੂੰ ਛਾਇਆ ਫ਼ਿਰੋਜ਼ੀ ਕੁੜਤੇ ਪਜਾਮੇ ਵਿੱਚ ਅਸਮਾਨੋਂ ਉੱਤਰੀ ਪਰੀ ਲੱਗੀ । ਛਾਇਆ ਨੇ ਵੀ ਉਹਨਾਂ ਹੱਥਾਂ ਉਪਰ ਆਪਣੇ ਹੱਥ ਰੱਖ ਦਿੱਤੇ। ਇੱਕ ਵਿਸਮਾਦੀ ਸਰੂਰ ਅਤੇ ਝਰਨਾਹਟ ਦੋਵਾਂ ਦੇ ਜਿਸਮਾਂ 'ਚ ਦਾਖ਼ਲ ਹੋ ਗਈ। ਦੇਵ ਵੀ ਉਸਦੇ ਹੱਥ ਪਕੜਦੇ ਹੋਏ ਉਸਦੇ ਨਾਲ ਹੀ ਝੂਲੇ ਵਿੱਚ ਬੈਠ ਗਿਆ । ਉਸਨੇ ਉਸਦੇ ਕੇਸ , ਮੱਥਾ ਅਤੇ ਅੱਖਾਂ ਨੂੰ ਚੁੰਮ ਲਿਆ ।
ਛਾਇਆ !!ਮੇਰੀ ਬੇਰੁੱਖੀ ਲਈ ਮੈਨੂੰ ਮਾਫ਼ ਕਰ ਦੇਣਾ । ਤੇਰੇ ਪਿਆਰ ਨੇ ਮੇਰਾ ਅਂਹ ਤੋੜਿਆ ਹੈ । ਮੇਰੀ ਪਰੀ!! ਮੇਰਾ ਆਪਾ ਤੈਨੂੰ ਸਮਰਪਣ ਹੈ, ਉਸਨੇ ਆਪਣਾ ਸਿਰ ਛਾਇਆ ਦੀ ਗੋਦ ਵਿੱਚ ਰੱਖ ਅਧਲੇਟਾ ਜਿਹਾ ਹੋ ਉਸ ਦੀਆਂ ਨੀਲੀਆਂ ਅੱਖਾਂ ਵਿੱਚ ਦੇਖਣ ਲੱਗ ਗਿਆ ।ਦੇਵ ਦਾ ਆਪਾ ਪੰਘਰਨ ਲੱਗਾ , ਅਤੇ ਆਪਣੇ ਮਨ ਦੀ ਹਰ ਤਹਿ ਉਸ ਨਾਲ ਖੋਲਣ ਲੱਗਾ ।ਬਾਰਿਸ਼ ਦੀ ਨਿੰਮੀ ਫ਼ੁਹਾਰ ਸ਼ੁਰੂ ਹੋ ਗਈ ਸੀ ।ਪਰ ਉਹ ਦੋਵੇਂ ਹੀ ਉੱਥੇ ਬੈਠੇ ਰਹੇ ।
ਦੇਵ ਨੇ ਵੀ ਆਪਣੀ ਜ਼ਿੰਦਗੀ ਦਾ ਰਾਜ਼ ਦੱਸਿਆ ਕਿ ਜਦੋਂ ਉਹ ਨਿੱਕਾ ਸੀ ਤਾਂ ਅਮੀਰ ਸੇਠ ਨੇ ਉਸਦੀ ਮਾਂ ਨਾਲ ਬਲਾਤਕਾਰ ਕੀਤਾ ਸੀ ਮਾਂ ਨੇ ਨਮੋਸ਼ੀ ਨਾਲ ਆਤਮ ਹੱਤਿਆਕਰ ਲਈ ਸੀ । ਇਸ ਘਟਨਾ ਨੇ ਪਿਤਾ ਜੀ ਦੇ ਮਨ ਵਿੱਚ ਅਮੀਰਾਂ ਪੑਤੀ ਨਫ਼ਰਤ ਪੈਦਾ ਕਰ ਦਿੱਤੀ ਇਸ ਹੀ ਨਫ਼ਰਤ ਦਾ ਜ਼ਹਿਰ ਮੇਰੇ ਪਿਤਾ ਨੇ ਮੇਰੇ ਅੰਦਰ ਬੀਜ ਦਿੱਤਾ ।ਇਸੀ ਕਾਰਣ ਕਰਕੇ ਜਿਉਂ ਇਹ ਜ਼ਹਿਰ ਮੇਰੇ ਸਿਰ ਨੂੰ ਚੜਦਾ ਤਾਂ ਹਰ ਰਾਤ ਮੈਂ ਹਰ ਅਮੀਰ ਕੁੜੀਆਂ ਨਾਲ ਖੇਡਦਾ ਤਾਂ ਮੈਨੂੰ ਲੱਗਦਾ ਕਿ ਮਾਂ ਦਾ ਬਦਲਾ ਲੈ ਰਿਹਾ ਹਾਂ । ਪਰ ਤੇਰੇ ਪਿਆਰ ਨੇ ਮੇਰੇ ਰੂਹ ਦਾ ਜ਼ਹਿਰ ਧੋ ਦਿੱਤਾ । ਦੇਵ ਨੂੰ ਬੱਚਿਆ ਵਾਂਙ ਰੋਂਦਾ ਦੇਖ ਛਾਇਆ ਨੇ ਘੁੱਟ ਕੇ ਆਪਣੀ ਛਾਤੀ ਨਾਲ ਲਾ ਲਿਆ ।
ਹਨੇਰਾ ਉਤਰ ਆਇਆ , ਤੇਜ਼ ਬਾਰਿਸ਼ ਸ਼ੁਰੂ ਹੋ ਗਈ ਸੀ। ਸ਼ੀਤ ਪਵਨ ਅਤੇ ਬਾਰਿਸ਼ ਨੇ ਦੋਵਾਂ ਦੇ ਸ਼ਿਕਵੇ ਰੋਸੇ ਧੋ ਦਿੱਤੇ। ਉਹ ਭਿੱਜਦੇ ਹੋਏ ਇੱਕ ਦੂਜੇ ਦੀਆਂ ਬਾਹਵਾਂ ਵਿੱਚ ਸਮਾ ਗਏ । ਜਦੋਂ ਦੋਵੇਂ ਠੰਡ ਨਾਲ ਕੰਬਣ ਲੱਗੇ ਤਾਂ ਹੋਸ਼ 'ਚ ਪਰਤੇ । ਦੇਵ ਨੇ ਛਾਇਆ ਨੂੰ ਆਪਣੀਆਂ ਬਾਹਵਾਂ ਚੁੱਕ ਕੇ ਆਪਣੇ ਬੈਡ ਰੂਮ ਵਿੱਚ ਲੈ ਆਇਆ । ਅੱਜ ਛਾਇਆ ਉਸਨੂੰ ਹਲਕੀ ਫ਼ੁੱਲ ਵਰਗੀ ਲੱਗੀ ।
ਇੱਕ ਦੂਸਰੇ ਦੇ ਪਿਆਰ 'ਚ ਗੜੂੰਦ ਦੋਵਾਂ ਨੇ ਮਨ ਤਨ ਸਮਰਪਣ ਕਰ ਨਵੀਂ ਜ਼ਿੰਦਗੀ ਦੀ ਨੀਂਵ ਰੱਖੀ......
ਇਸ ਰਾਤ ਨੂੰ ਫ਼ਲ ਲੱਗੇ "ਦੇਵ ਛਾਇਆ" ਦੇ ਘਰ ਇੱਕ ਸੁੰਦਰ ਬੱਚੀ ਨੇ ਜਨਮ ਲਿਆ ਜੋ ਕਿ ਵਿਸ਼ਵ ਦੀ ਸੁੰਦਰ ਬੱਚੀ ਬਣੀ ।