ਅਸੀਂ 5 ਸਤੰਬਰ 2016 ਦੀ ਸਵੇਰ ਨੂੰ 10 ਵਜੇ ਆਪਣੇ ਸ਼ਹਿਰ ਅਹਿਮਦਗੜ੍ਹ ਤੋਂ ਅੰਮ੍ਰਿਤਸਰ ਲਈ ਰਵਾਨਾ ਹੋ ਗਏ | ਮੈਂ ਤੇ ਮੇਰਾ ਦੋਸਤ ਅਤੇ ਸਾਡੇ ਜੀਵਨ-ਸਾਥੀ,ਸਾਰੇ ਸਿੰਗਾਪੁਰ ਨੂੰ ਨੇੜੇ ਹੋ ਤੱਕਣ ਦੇ ਸੁਪਨੇ ਦੇਖਦੇ-ਦੇਖਦੇ ਪਤਾ ਹੀ ਨਹੀਂ ਚੱਲਿਆ ਕਦੋਂ ਲੁਧਿਆਣਾ,ਜਲੰਧਰ ਨੂੰ ਪਾਰ ਕਰ ਗਏ| ਦੁਪਿਹਰ ਇੱਕ ਵਜੇ ਕਾਰ ਪਾਰਕਿੰਗ ਵਿੱਚ ਖੜ੍ਹੀ ਕਰ ਕੇ ਪੈਦਲ ਹੀ ਦਰਬਾਰ ਸਾਹਿਬ ਦੇ ਦਰਸ਼ਨਾ ਲਈ ਚੱਲ ਪਏ| ਗਰਮੀ ਦਾ ਮਹੌਲ ਸੀ , ਦਰਬਾਰ ਸਾਹਿਬ ਪਰਕਰਮਾਂ ਵਿੱਚ ਭੀੜ ਬਹੁਤ ਜਿਆਦਾ ਸੀ| ਦਰਬਾਰ ਸਾਹਿਬ ਵਿੱਚ ਹੁੰਦੇ ਕੀਰਤਨ ਨੂੰ ਸੁਣਨਾ ਵੀ ਮੁਸ਼ਕਿਲ ਲੱਗ ਰਿਹਾ ਸੀ| ਗੁਰੂ ਦੇ ਨਤ-ਮਸਤਕ ਹੋ ਕੇ ਓਟ ਆਸਰਾ ਲਿਆ |
ਇੱਥੋਂ ਚੱਲ ਕੇ ਅਸੀਂ 5 ਵਜੇ ਸ਼੍ਰੀ ਗੁਰੂ ਰਾਮਦਾਸ ਜੀ ਇੰਟਰ-ਨੈਸ਼ਨਲ ਏਅਰਪੋਰਟ ਜਾ ਪਹੁੰਚੇ| ਇਸ ਏਅਰਪੋਰਟ ਤੇ ਮੈਂ ਪਹਿਲੀ ਵਾਰ ਆਇਆ ਹਾਂ | ਸਮਾਨ ਦੀ ਬੁਕਿੰਗ ਕਰਵਾ ਕੇ ਬੋਰਡਿੰਗ ਪਾਸ ਲਏ ਅਤੇ ਇਮੀਗ੍ਰੇਸ਼ਨ ਦੀ ਕਾਰਵਾਈ ਪੂਰੀ ਕਰ ਕੇ ਏਅਰਪੋਰਟ ਦੇ ਅੰਦਰ ਜਾ ਦਾਖਲ ਹੋਏ| ਅਸੀਂ ਏਅਰਪੋਰਟ ਨੂੰ ਅੰਦਰੋਂ ਘੁੰਮ- ਫਿਰ ਕੇ ਦੇਖਣ ਲੱਗੇ ,ਇੱਥੇ ਭੀੜ ਕੋਈ ਜਿਆਦਾ ਨਹੀਂ ਸੀ| ਸਾਡੀ ਉਡਾਣ ਮਿਲਿੰਦੋ ਏਅਰ ਲਾਈਨ ਦੀ ਸ਼ਾਮ 7 ਵੱਜ ਕੇ 40 ਮਿੰਟ ਤੇ ਸੀ| ਅਨਾਉਂਸਮੈਂਟ ਹੋਈ ਅਸੀਂ ਟਰਮੀਨਲ ਦੇ ਨੇੜੇ ਹੋਏ| ਥੋੜੀ ਦੇਰ ਬਾਅਦ ਅਸੀਂ ਜਹਾਜ਼ ਵਿੱਚ ਜਾ ਦਾਖਲ ਹੋਏ| ਸੂਰਜ ਆਪਣੀ ਮੰਜ਼ਿਲ ਵੱਲ ਵਧਦਾ ਹੋਇਆ ਅੱਖੋਂ ਓਹਲੇ ਹੋ ਗਿਆ ਸੀ, ਹਨੇਰਾ ਚਾਨਣ ਨੂੰ ਗਲਵੱਕੜੀ ਪਾ ਆਪਣੀ ਬੁੱਕਲ ਵਿੱਚ ਲੈ ਰਿਹਾ ਸੀ| ਕੁੱਝ ਹੀ ਸਮੇਂ ਵਿੱਚ ਸਾਰੇ ਮੁਸਾਫ਼ਿਰ ਆਪਣੀਆਂ-ਆਪਣੀਆਂ ਸੀਟਾਂ ਉਪਰ ਬੈਠ ਗਏ ਸਨ| ਏਅਰ ਹੋਸਟੇਸ ਸਮਾਨ ਵਾਲੇ ਬਕਸੇ ਬੰਦ ਕਰ ਕੇ , ਸੀਟ ਬੈਲਟ ਬੰਨਣ ਦਾ ਨਿਰਦੇਸ਼ ਦੇ ਰਹੀਆਂ ਸਨ| ਕੁਝ ਲੋਕ ਮੋਬਾਇਲ ਨਾਲ ਸੈਲਫ਼ੀਆਂ ਲੈਣ ਵਿੱਚ ਮਸ਼ਰੂਫ ਸਨ|ਕੁਝ ਨਵੇਂ ਵਿਆਹੇ ਜੋੜੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਹਨੀਮੂਨ ਲਈ ਜਾ ਰਹੇ ਸਨ| ਜਹਾਜ਼ ਦੀ ਖਿੜਕੀ ਵਾਲੀ ਸਾਈਡ ਦੀ ਸੀਟ ਤੇ ਇਸ ਵਾਰ ਮੈਂ ਆਪਣੇ ਜੀਵਨ ਸਾਥੀ ਨੂੰ ਬਿਠਾਇਆ,ਇਹ ਉਸ ਦਾ ਪਹਿਲਾ ਅਨੁਭਵ ਹੈ| ਖਿੜਕੀ ਵਿਚੋਂ ਬਾਹਰ ਦੇ ਨਜ਼ਾਰੇ ਤੱਕਣ ਯੋਗ ਹੁੰਦੇ ਹਨ|ਪਹਿਲੀ ਵਾਰ ਜਹਾਜ਼ ਦੀ ਉਡਾਣ ਦਾ ਆਨੰਦ ਆਪਣੇ-ਆਪ ਵਿੱਚ ਵੱਖਰਾ ਹੀ ਹੁੰਦਾ ਹੈ|ਬਾਅਦ ਵਿੱਚ ਇਹ ਸਾਰੇ ਨਜ਼ਾਰੇ ਇਕੋ ਜਿਹੇ ਹੀ ਜਾਪਦੇ ਹਨ|
ਜਹਾਜ਼ ਰਨ-ਵੇ ਵੱਲ ਨੂੰ ਹੋ ਤੁਰਿਆ ਤੇ ਉਡਾਣ ਲਈ ਅੱਗੇ ਵਧਣ ਲੱਗਿਆ, ਰਨ-ਵੇ ਉਪਰ ਤੇਜ਼ ਸਪੀਡ ਤੇ ਦੌੜਨ ਤੋਂ ਬਾਅਦ ਹਵਾ ਦੇ ਵਿੱਚ ਤੈਰਨ ਲੱਗਿਆ|ਜਹਾਜ਼ ਜਿਓਂ ਹੀ ਉਚਾਈ ਵੱਲ ਨੂੰ ਵਧਣ ਲੱਗਿਆ , ਉਪਰੋਂ ਦੇਖਿਆ ਅੰਮ੍ਰਿਤਸਰ ਸ਼ਹਿਰ ਲਾਈਟਾਂ ਨਾਲ ਜਗ-ਮਗਾ ਰਿਹਾ ਸੀ| ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਦੀਵਾਲੀ ਦੀ ਰਾਤ ਹੋਵੇ| ਬਹੁਤ ਹੀ ਖੂਬਸੂਰਤ ਦ੍ਰਿਸ਼ ਨਜ਼ਰ ਆ ਰਿਹਾ ਸੀ, ਪਰ ਸਾਡੀ ਨਜ਼ਰ ਇਸ ਦ੍ਰਿਸ਼ ਵਿਚੋਂ ਹਰਿਮੰਦਰ ਸਾਹਿਬ ਦੇ ਅਲੌਕਿਕ ਨਜ਼ਾਰੇ ਨੂੰ ਲੱਭ ਰਹੀ ਸੀ| ਦਿਲ ਖੁਸ਼ ਹੋ ਗਿਆ ਦਰਬਾਰ ਸਾਹਿਬ ਦੇ ਹਵਾਈ ਦਰਸ਼ਨ ਕਰਕੇ ! ਜਹਾਜ਼ ਉਚਾਈ ਵੱਲ ਨੂੰ ਵਧਦਾ ਜਾ ਰਿਹਾ ਸੀ|ਧਰਤੀ ਦੇ ਨਜ਼ਾਰੇ ਦੂਰ ਹੋਣ ਲਗੇ|ਜ਼ਮੀਨ ਆਸਮਾਨ ਦੀ ਤਰ੍ਹਾਂ ਨਜ਼ਰ ਆਉਣ ਲੱਗੀ ਜਿਵੇਂ ਰਾਤ ਨੂੰ ਤਾਰੇ ਟਿਮ-ਟੀਮਾਉਂਦੇ ਹੋਣ| ਜਹਾਜ਼ 36000 ਫੁੱਟ ਦੀ ਉਚਾਈ ਤੇ 800 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾ ਰਿਹਾ ਸੀ|ਬਾਹਰ ਦਾ ਤਾਪਮਾਨ -45 ਡਿਗਰੀ ਦੇ ਆਸ-ਪਾਸ ਸੀ|ਇਹ ਸਾਰੀ ਜਾਣਕਾਰੀ ਤੁਹਾਡੀ ਸੀਟ ਦੇ ਸਾਹਮਣੇ ਲੱਗੀ ਸਕਰੀਨ ਉਪਰ ਨਜ਼ਰ ਆਉਂਦੀ ਰਹਿੰਦੀ ਹੈ, ਜਹਾਜ਼ ਕਿਸ ਦਿਸ਼ਾ ਵੱਲ, ਕਿਸ ਸ਼ਹਿਰ ਦੇ ਉਪਰ ਉਡਾਣ ਭਰ ਰਿਹਾ ਹੁੰਦਾ ਹੈ| ਜਹਾਜ਼ ਦੀ ਰਫ਼ਤਾਰ, ਉਚਾਈ ਅਤੇ ਬਾਹਰ ਦਾ ਤਾਪਮਾਨ ਵਧਦੇ- ਘਟਦੇ ਰਹਿੰਦੇ ਹਨ| ਕਦੇ-ਕਦੇ ਥੋੜੇ ਹਿਚ-ਕੋਲੇ ਜਿਹੇ ਵੀ ਪੈਣ ਲੱਗ ਜਾਂਦੇ ਹਨ| ਏਅਰ ਹੋਸਟੇਸ ਨੇ ਆਪਣੀ ਡਿਉਟੀ ਸ਼ੁਰੂ ਕੀਤੀ’ ਡਰਿੰਕ, ਕੋਲਡ ਡਰਿੰਕ ਤੇ ਰੀਫ੍ਰੇਸ਼ਮੈਂਟ ਤੋਂ ਬਾਅਦ ਖਾਣਾ ਪਰੋਸਣਾ ਸ਼ੁਰੂ ਕੀਤਾ , ਖਾਣੇ ਤੋਂ ਬਾਅਦ ਸਾਰੇ ਸੁਸਤਾਉਣ ਲੱਗੇ | ਏ ਸੀ ਦੀ ਠੰਡਕ ਕਾਫ਼ੀ ਜਿਆਦਾ ਸੀ, ਕੰਬਲ ਲੈ ਕੇ ਥੋੜਾ ਨਿੱਘ ਮਾਨਣ ਲੱਗੇ|
ਅਨਾਉਂਸਮੈਂਟ ਹੋਈ ਸਾਡਾ ਜਹਾਜ਼ ਮਲੇਸ਼ੀਆ ਦੇ ਕੁਆਲਾਲੰਪੁਰ ਦੇ ਨੇੜੇ ਪਹੁੰਚ ਰਿਹਾ ਸੀ| ਸਾਡੀ ਉਡਾਣ 5 ਘੰਟੇ 50 ਮਿੰਟ ਦੀ ਸੀ| ਇਸ ਸਮੇਂ ਮਲੇਸ਼ੀਆ ਦੇ ਸਵੇਰ ਦੇ 4 ਵੱਜ ਰਹੇ ਸਨ|ਭਾਰਤੀ ਸਮਾਂ ਰਾਤ ਦੇ 1 ਵੱਜ ਕੇ 30 ਮਿੰਟ ਦਾ ਸੀ| ਸਹੀ ਸਮੇਂ ਤੇ ਜਹਾਜ਼ ਮਲੇਸ਼ੀਆ ਦੀ ਧਰਤੀ ਉਪਰ ਉੱਤਰ ਗਿਆ|ਅਸੀਂ ਜਹਾਜ਼ ਵਿਚੋਂ ਨਿੱਕਲ ਕੇ ਕੁਆਲਾਲੰਪੁਰ ਏਅਰਪੋਰਟ ਦੇ ਅੰਦਰ ਦਾਖਲ ਹੋ ਗਏ ਏਅਰਪੋਰਟ ਬਿਲਕੁਲ ਸ਼ਾਂਤ ਸੀ| ਅਸੀਂ ਘੁੰਮ ਫਿਰ ਕੇ ਏਅਰਪੋਰਟ ਦੇਖਣ ਲੱਗੇ| ਇਥੇ ਸਾਡੀ 4 ਘੰਟੇ ਦੀ ਠਹਿਰ ਸੀ| ਸਾਡੀ ਦੁਬਾਰਾ ਉਡਾਣ ਦੂਸਰੇ ਟਰਮੀਨਲ ਨੰ: 3 ਤੋਂ ਸੀ|ਅਸੀਂ ਮੋਨੋਰੇਲ ਰਾਹੀਂ ਦੂਸਰੇ ਟਰਮੀਨਲ ਤੇ ਪੁਹੰਚ ਗਏ| ਏਅਰਪੋਰਟ ਤੇ ਏਅਰ ਕੰਡੀਸ਼ਨ ਕਾਫੀ ਤੇਜ਼ ਸੀ,ਸਾੰਨੂ ਠੰਡਕ ਥੋੜਾ ਤੰਗ ਕਰਨ ਲੱਗੀ| ਸੋਚਿਆ ਅੱਗੇ ਤੋਂ ਹਵਾਈ ਸਫ਼ਰ ਸਮੇਂ ਲੋਈ ਜਾਂ ਸ਼ਾਲ ਨਾਲ ਜਰੂਰ ਰੱਖਣਾ ਚਾਹੀਦਾ ਹੈ| ਹੌਲੀ-ਹੌਲੀ ਦਿਨ ਚੜ੍ਹਦਾ ਜਾ ਰਿਹਾ ਸੀ|ਅਸਮਾਨ ਦੀ ਰੰਗਤ ਬਦਲਣ ਲੱਗੀ| ਏਅਰਪੋਰਟ ਤੇ ਚਹਿਲ-ਪਹਿਲ ਸ਼ੁਰੂ ਹੋਈ, ਥੋੜੀ-ਥੋੜੀ ਦੇਰ ਬਾਅਦ ਜਹਾਜ਼ ਉੱਡਣ ਲੱਗੇ| ਆਖਿਰ ਸਾਡੀ ਉਡਾਣ ਦੀ ਅਨਾਉਂਸਮੇਂਟ ਹੋਈ, ਉਡਾਣ 8 ਵੱਜ ਕੇ 15 ਮਿੰਟ ਤੇ ਸੀ, ਉਡਾਣ ਦਾ ਸਮਾਂ 1 ਘੰਟਾ 15 ਮਿੰਟ ਦਾ ਸੀ|ਅਸੀਂ 9ਵੱਜ ਕੇ 20ਮਿੰਟ ਤੇ ਆਪਣੀ ਮੰਜਿਲ ਸਿੰਗਾਪੁਰ ਦੇ ਚਾਗੀਂ ਏਅਰਪੋਰਟ ਦੇ ਟਰਮੀਨਲ ਨੰ: 3 ਤੇ ਪਹੁੰਚ ਗਏ |ਇਮੀਗ੍ਰੇਸ਼ਨ ਫਾਰਮ ਭਰ ਕੇ ਕਾਉਂਟਰ ਦੇ ਦੁਆਲੇ ਹੋ ਗਏ| ਚਾਗੀਂ ਏਅਰਪੋਰਟ ਦੁਨੀਆਂ ਦੇ ਖੂਬਸੂਰਤ ਏਅਰਪੋਰਟਾਂ ਵਿਚੋਂ ਇੱਕ ਹੈ,ਦੁਨੀਆਂ ਦੇ ਵਿਚੋਂ ਛੇਵੇਂ ਅਤੇ ਏਸ਼ੀਆ ਦੇ ਵਿਚੋਂ ਦੂਜੇ ਨੰਬਰ ਦਾ ਵਿਅਸਥ ਏਅਰਪੋਰਟ ਹੈ|ਇਮੀਗ੍ਰੇਸ਼ਨ ਦੀ ਕਾਰਵਾਈ ਤੋਂ ਵੇਹਲੇ ਹੋ ਕੇ ਆਪਣਾ ਸਮਾਨ ਲੈ ਕੇ ਏਅਰਪੋਰਟ ਦੇ ਬਾਹਰ ਆ ਗਏ |
ਗੱਡੀ ਦਾ ਡਰਾਈਵਰ ਸਾਡਾ ਇੰਤਜ਼ਾਰ ਕਰ ਰਿਹਾ ਸੀ|ਸਾਡਾ ਸਵਾਗਤ ਕਰ ਕੇ, ਸਮਾਨ ਗੱਡੀ ਵਿੱਚ ਰੱਖਿਆ ਤੇ ਗੱਡੀ ਸਿੰਗਾਪੁਰ ਦੀਆਂ ਖੂਬਸੂਰਤ ਸੜਕਾਂ ਉਪਰ ਦੌੜਨ ਲੱਗੀ|ਏਅਰਪੋਰਟ ਤੋਂ ਸਾਡੇ ਹੋਟਲ ਦੀ ਦੂਰੀ 19 ਕਿਲੋਮੀਟਰ ਸੀ|ਖੂਬਸੂਰਤ ਇਮਾਰਤਾਂ,ਆਸ-ਪਾਸ ਦੇ ਸੁੰਦਰ ਦ੍ਰਿਸ਼ ਚਾਰੇ ਪਾਸੇ ਹਰਿਆਵਲ ,ਵੱਡੇ- ਵੱਡੇ ਪੁਲ, ਸਾਫ਼ ਸੁਥਰੀਆਂ ਸੜਕਾਂ ਉਪਰ ਸ਼ਾਂਤ-ਮਈ ਚਲਦੀਆਂ ਕਾਰਾਂ ਦੀ ਹੀ ਅਵਾਜ਼ ਆ ਰਹੀ ਸੀ| ਸੜਕ ਕਿਨਾਰੇ ਪਾਮ ਦੇ ਦਰੱਖਤ ਅਤੇ ਫੁੱਲ ਦਾਰ ਬੂਟੇ ਮਨ ਨੂੰ ਮੋਂਹਦੇ ਸਨ| ਸਿੰਗਾਪੁਰ ਵਿੱਚ ਦਾਖਲ ਹੁੰਦੇ ਹੀ ਸਮੁੰਦਰ ਦੇ ਉੱਪਰ ਪੁਲ ਤੇ ਚੜਦੇ ਹੀ ਸਿੰਗਾਪੁਰ ਫਲਾਇਰ, ਮੈਰੀਨਾ- ਬੇ- ਸੈਂਡ ਹੋਟਲ ਅਤੇ ਡਾਊਨ ਟਾਊਨ ਏਰੀਏ ਦੀਆਂ ਅਤਿ ਆਧੁਨਿਕ ਇਮਾਰਤਾਂ ਦਿਲ ਨੂੰ ਖਿਚ ਪਾ ਰਹੀਆਂ ਸਨ|ਸਾਰਾ ਕੁਝ ਵਧੀਆ-ਵਧੀਆ ਲੱਗ ਰਿਹਾ ਸੀ ਦਿਲ ਦੀ ਖੁਸ਼ੀ ਸੰਭਾਲੀ ਨਹੀਂ ਜਾਂਦੀ ਸੀ| ਡਰਾਈਵਰ ਆਸ- ਪਾਸ ਦੇ ਸਥਾਨਾਂ ਬਾਰੇ ਜਾਣਕਾਰੀ ਦੇ ਰਿਹਾ ਸੀ| ਅਸੀਂ 12 ਵਜੇ ਆਪਣੇ ਹੋਟਲ ਦੀ ਰੀਸ਼ੈਪਸ਼ਨ ਤੇ ਪਹੁੰਚ ਗਏ | ਰੂਮ ਦਾ ਕੀ ਕਾਰਡ ਲੈ ਕੇ ਲਿਫਟ ਰਾਹੀਂ ਸੱਤਵੀਂ ਮੰਜਿਲ ਤੇ ਕਮਰੇ ਵਿੱਚ ਪਹੁੰਚ ਗਏ| ਟੈਕਸੀ ਡਰਾਈਵਰ 4 ਵਜੇ ਸਿਟੀ ਟੂਰ ਲਈ ਜਾਣ ਦਾ ਪ੍ਰੋਗਰਾਮ ਦੇ ਗਿਆ ਸੀ|
4 ਸਿਤਾਰਾ ਹੋਟਲ ਬੌਸ ਖੂਬਸੂਰਤ ਏਰੀਏ, 500 ਜਲਨ ਸੁਲਤਾਨ ਰੋਡ ਉਪਰ ਸਥਿਤ ਹੈ| 19 ਮੰਜਿਲਾ ਹੋਟਲ ਪੂਰੀ ਸੁੱਖ- ਸੁਵਿਧਾ ਨਾਲ ਲੈਸ ਹੈ| ਚੌਥੀ ਮੰਜ਼ਿਲ ਉਪਰ ਰੈਸਟੋਰੈਂਟ, ਸਵਿਮਿੰਗ ਪੂਲ, ਜਿਮ, ਬਚਿਆਂ ਦੇ ਖੇਡਣ ਲਈ ਪਾਰਕ ਅਤੇ ਲੌਂਡਰੀ ਏਰੀਆ ਹੈ|ਇਸ ਦੇ ਨਜ਼ਦੀਕ ਹੀ ਐਮ. ਆਰ. ਟੀ ( ਅੰਡਰ ਗਰਾਉਂਡ ਮੈਟਰੋ) ਦਾ ਲਵੈਂਡਰ ਸਟੇਸ਼ਨ ਹੈ|ਸ਼ੌਪਿੰਗ ਲਈ ਬੂਗੀਜ਼ ਸਟ੍ਰੀਟ, ਬੂਗੀਜ਼ ਮਾਲ, ਮੁਸਤਫ਼ਾ ਮਾਲ ਬਿਲਕੁਲ ਨਜ਼ਦੀਕ ਹਨ| ਕਮਰੇ ਦੀ ਖਿੜਕੀ ਵਿਚੋਂ ਸ਼ਹਿਰ ਦਾ ਸੁੰਦਰ ਨਜ਼ਾਰਾ ਨਜ਼ਰ ਆਉਂਦਾ ਹੈ| ਅਸੀਂ ਗਰਮ ਪਾਣੀ ਨਾਲ ਨਹਾ ਕੇ ਤਰੋ-ਤਾਜ਼ਾ ਹੋ ਕੇ ਤਿਆਰ ਹੋ ਗਏ|ਇਥੋਂ ਪੈਦਲ ਹੀ ਮੁਸਤਫ਼ਾ ਮਾਲ ਲਈ ਚੱਲ ਪਏ| ਮੁਸਤਫ਼ਾ ਮਾਲ ਇਥੋਂ ਦਾ ਖੂਬਸੂਰਤ ਤੇ ਬਹੁਤ ਵੱਡਾ ਮਾਲ ਹੈ ਜੋ 24 ਘੰਟੇ ਖੁੱਲਾ ਰਹਿੰਦਾ ਹੈ| ਇਹ ਲਿਟਲ ਇੰਡੀਆ ਏਰੀਏ ਵਿੱਚ ਸਈਦ ਅਲਵੀ ਸੜਕ ਉਪਰ ਸਥਿਤ ਹੈ| ਸਾਡੇ ਹੋਟਲ ਤੋਂ ਇਸ ਦੀ ਦੂਰੀ ਸਿਰਫ 800ਮੀਟਰ ਹੀ ਸੀ|ਅਸੀਂ ਪੈਦਲ ਚਲਦੇ ਹੋਏ ਮਾਲ ਵਿੱਚ ਪਹੁੰਚ ਗਏ, ਮਾਲ ਨੂੰ ਘੁੰਮ ਕੇ ਦੇਖਿਆ| ਫਿਰ ਇਸ ਦੀ ਛੱਤ ਉਪਰ ਬਣੇ ਰੈਸਟੋਰੈਂਟ “ ਕਬਾਬ-ਨ-ਕਰੀ “ ਵਿੱਚ ਪਹੁੰਚ ਗਏ ਦੁਪਿਹਰ ਦਾ ਹਲਕਾ ਖਾਣਾ ਖਾਧਾ, ਬਿਲ ਅਦਾ ਕੀਤਾ ਜਿਸ ਵਿੱਚ 10% ਸਰਵਿਸ ਟੈਕਸ ਤੇ 7% ਜੀ. ਐਸ. ਟੀ ਵੀ ਲੱਗਿਆ ਹੋਇਆ ਸੀ|
ਸਿੰਗਾਪੁਰ ਸੰਸਾਰ ਦੀਆਂ ਪ੍ਰਮੁੱਖ ਬੰਦਰਗਾਹਾਂ ਅਤੇ ਵਪਾਰਕ ਕੇਂਦਰਾਂ ਵਿਚੋਂ ਇਕ ਹੈ|ਇਹ ਦੱਖਣੀ ਏਸ਼ੀਆ ਵਿੱਚ ਮਲੇਸ਼ੀਆ ਅਤੇ ਇੰਡੋਨੇਸ਼ੀਆ ਦੇ ਵਿਚਕਾਰ ਸਥਿਤ ਹੈ| ਸੁੰਦਰ ਅਤੇ ਵਿਕਸਿਤ ਦੇਸ਼ ਪਿਛਲੇ ਵੀਹ ਸਾਲਾਂ ਤੋਂ ਸੈਰ ਅਤੇ ਵਪਾਰ ਦੇ ਲਈ ਇਕ ਪ੍ਰਮੁੱਖ ਕੇਂਦਰ ਦੇ ਰੂਪ ਵਿੱਚ ਉਭਰਿਆ ਹੈ| ਸਿੰਗਾਪੁਰ ਦੀ ਖੂਬਸੂਰਤੀ, ਸਿਸਟਮ, ਕ੍ਰਾਇਮ –ਫਰੀ ਦੇਸ਼ ਨੂੰ ਏਸ਼ੀਆ ਦੇ ਵਿੱਚ ਪਹਿਲੇ ਸਥਾਨ ਤੇ ਹੋਣ ਦਾ ਮਾਣ ਹਾਸਲ ਹੈ| ਵਧੀਆ ਜੀਵਨ ਪੱਧਰ ਵਿੱਚ ਇਹ ਦੁਨੀਆ ਦੇ ਵਿਚ ਛੇਵੇਂ ਸਥਾਨ ਤੇ ਹੈ| ਇਥੋਂ ਦੀ ਭਾਸ਼ਾ ਅੰਗਰੇਜ਼ੀ, ਮਲਾਇਆ ਅਤੇ ਤਮਿਲ ਹੈ| ਤਾਪਮਾਨ ਸਾਰਾ ਸਾਲ 22 -35 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਰਹਿੰਦਾ ਹੈ| ਅਪਰੈਲ ਅਤੇ ਮਈ ਜਿਆਦਾ ਗਰਮੀ ਦੇ ਮਹੀਨੇ ਹੁੰਦੇ ਹਨ | ਮੌਨਸੂਨ ਸੀਜ਼ਨ ਨਵੰਬਰ ਤੋਂ ਜਨਵਰੀ ਤੱਕ ਹੁੰਦਾ ਹੈ|ਇਥੋਂ ਦੇ ਮੌਸਮ ਦਾ ਕੋਈ ਭਰੋਸਾ ਨਹੀਂ ਕਦੋਂ ਬਰਸਾਤ ਸ਼ੁਰੂ ਹੋ ਜਾਵੇ, ਛਤਰੀ ਹਮੇਸ਼ਾਂ ਕੋਲ ਰੱਖਣੀਂ ਚਾਹੀਦੀ ਹੈ| ਬਰਸਾਤ ਜਿਆਦਾਤਰ ਹਲਕੀ ਹੁੰਦੀ ਹੈ, ਬਰਸਾਤ ਤੋਂ ਬਾਅਦ ਬਿਲਕੁਲ ਵੀ ਪਤਾ ਨਹੀ ਚੱਲਦਾ ਕਿ ਬਰਸਾਤ ਹੋਈ ਵੀ ਸੀ|ਇਥੋਂ ਦੀ ਕਰੰਸੀ ਸਿੰਗਾਪੁਰ ਡਾਲਰ ਹੈ ,ਇਕ ਡਾਲਰ ਇੰਡੀਆ ਦੇ 50 ਰੁਪਏ ਦੇ ਆਸ-ਪਾਸ ਹੁੰਦਾ ਹੈ|ਇਥੇ ਕਈ ਧਰਮਾਂ ਦੇ ਲੋਕ ਇੱਕਠੇ ਰਹਿੰਦੇ ਹਨ | ਸਭ ਤੋਂ ਵੱਧ ਬੁੱਧ ਧਰਮ ਦੇ ਲੋਕ 33% ਹਨ| ਇਸ ਦੀ ਅਬਾਦੀ ਵਿਚ 74% ਚੀਨੀ, 13.4% ਮਲਾਇਆ, 9.2% ਭਾਰਤੀ ਅਤੇ 3.3% ਬਾਕੀ ਦੇਸ਼ਾਂ ਦੇ ਲੋਕਾਂ ਦੀ ਵਸੋਂ ਹੈ|ਕੁੱਲ ਖੇਤਰਫਲ 719.1 ਕਿਲੋਮੀਟਰ ਹੈ|ਇਥੇ ਪਾਣੀ ਮਲੇਸ਼ੀਆ ਤੋਂ ਦੁੱਧ, ਫਲ ਅਤੇ ਸਬਜੀਆਂ ਨਿਉਜ਼ੀਲੈਂਡ ਤੋਂ ਦਾਲ,ਚਾਵਲ ਆਸਟ੍ਰੇਲੀਆ ਤੋਂ ਅਤੇ ਹੋਰ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਥਾਈਲੈਂਡ ਅਤੇ ਇੰਡੋਨੇਸ਼ੀਆ ਤੋਂ ਆਯਾਤ ਕੀਤੀਆਂ ਜਾਂਦੀਆਂ ਹਨ| ਸਮੁੰਦਰੀ ਜਹਾਜ਼ਾਂ ਦੀ ਰੀਪੇਅਰ ਅਤੇ ਖਰੀਦੋ-ਫ਼ਰੋਖ਼ਤ ਦਾ ਬਹੁਤ ਵੱਡਾ ਕੇਂਦਰ ਹੈ|ਦੁਨੀਆਂ ਦੇ ਵਿੱਚ ਸ਼ਰਾਬ ਦੀ ਸਭ ਤੋਂ ਘੱਟ ਖਪਤ ਵਾਲਾ ਦੇਸ਼ ਹੈ |ਜਿਸ ਦੀ ਖਪਤ ਪ੍ਰਤੀ ਵਿਅਕਤੀ 2 ਲੀਟਰ ਸਾਲ ਦੀ ਹੈ|
ਸਿੰਗਾਪੁਰ ਦੇ ਵਿਚ ਸਮੇਂ ਦੀ ਪਾਬੰਦੀ ਦਾ ਬਹੁਤ ਖਿਆਲ ਰੱਖਿਆ ਜਾਂਦਾ ਹੈ | ਅਸੀਂ ਡਰਾਈਵਰ ਦੇ ਦਿੱਤੇ ਸਮੇਂ ਦੇ ਅਨੁਸਾਰ 4 ਵਜੇ ਤੋਂ ਪਹਿਲਾਂ ਹੀ ਹੋਟਲ ਦੀ ਲੌਬੀ ਵਿਚ ਪਹੁੰਚ ਗਏ| ਓਹ ਸਾਡਾ ਇੰਤਜ਼ਾਰ ਕਰ ਰਿਹਾ ਸੀ|ਅਸੀਂ ਗੱਡੀ ਦੇ ਵਿਚ ਸਵਾਰ ਹੋ ਕੇ ਸਿਟੀ ਟੂਰ ਲਈ ਚੱਲ ਪਏ|ਟ੍ਰੈਫ਼ਿਕ ਸਾਡੇ ਦੇਸ਼ ਦੀ ਤਰਾਂ ਖੱਬੇ ਹੱਥ ਹੀ ਚੱਲਦਾ ਹੈ , ਸਫਾਈ ਦਾ ਬਹੁਤ ਖਿਆਲ ਰੱਖਿਆ ਜਾਂਦਾ ਹੈ,ਥਾਂ- ਥਾਂ ਉਪਰ ਡਸਟਬਿਨ ਰੱਖੇ ਹੋਏ ਹਨ ਜੋ ਇਸਤੇਮਾਲ ਕੀਤੇ ਜਾਂਦੇ ਹਨ|ਸਿਗਰੇਟ ਪੀਣ ਲਈ ਵਿਸ਼ੇਸ਼ ਸਥਾਨ ਬਣੇ ਹੋਏ ਹਨ|ਅਗਰ ਸਿਗਰੇਟ ਦਾ ਟੋਟਾ ਕਿਤੇ ਬਾਹਰ ਸੁੱਟ ਦਿਓ ਤਾਂ 300 ਡਾਲਰ ਤੱਕ ਦਾ ਜੁਰਮਾਨਾ ਹੋ ਜਾਂਦਾ ਹੈ|ਸਿੰਗਾਪੁਰ ਦੇ ਲੋਕ ਪੈਦਲ ਚੱਲਣ ਅਤੇ ਸਾਈਕਲ ਚਲਾਉਣ ਨੂੰ ਪਹਿਲ ਦਿੰਦੇ ਹਨ|ਟਰੇਨ ਅਤੇ ਬੱਸ ਸਫ਼ਰ ਕਰਨ ਦਾ ਸਭ ਤੋਂ ਸਸਤਾ ਸਾਧਨ ਹੈ|ਟੈਕਸੀ ਥੋੜੀ ਮਹਿੰਗੀ ਹੈ|ਸਾਰੇ ਸ਼ਹਿਰ ਵਿੱਚ ਮੈਟਰੋ ਅੰਡਰ ਗਰਾਉਂਡ ਹੈ|ਸਿੰਗਾਪੁਰ ਨੂੰ ਸਾਫ਼ ਸੁਥਰਾ ਰੱਖਣ ਲਈ ਪ੍ਰਸ਼ਾਸਨ ਬਹੁਤ ਸਖ਼ਤ ਹੈ|ਪੂਰੇ ਸਿੰਗਾਪੁਰ ਦੇ ਵਿੱਚ ਚਿੰਗਮ ਵੇਚਣ,ਖਰੀਦਣ ਅਤੇ ਖਾਣ ਦੀ ਮਨਾਹੀ ਹੈ|ਦੀਵਾਰ ਉੱਪਰ ਪੋਸਟਰ ਲਾਉਣ ਜਾਂ ਲਿਖਣ ਤੇ ਸਜਾ ਹੋ ਜਾਂਦੀ ਹੈ|ਕਾਰ ਦੀ ਰਜਿਸਟ੍ਰੇਸ਼ਨ ਬਹੁਤ ਮਹਿੰਗੀ ਹੈ | ਪ੍ਰਦੂਸ਼ਣ ਨਾਂ ਦੀ ਕੋਈ ਚੀਜ ਨਹੀ, ਨਾਂ ਹੀ ਸ਼ੋਰ ਪ੍ਰਦੂਸ਼ਣ ਹੈ, ਬਸ ਕਾਰਾਂ ਦੇ ਚੱਲਣ ਦੀ ਹੀ ਆਵਾਜ਼ ਆਉਂਦੀ ਹੈ|ਵਿਕਲਾਂਗ ਵਿਅਕਤੀਆਂ ਦਾ ਬਹੁਤ ਖ਼ਾਸ ਧਿਆਨ ਰੱਖਿਆ ਜਾਂਦਾ ਹੈ|ਟਰੇਨ ਵਿਚ, ਬੱਸ ਵਿਚ ਵਿਸ਼ੇਸ਼ ਸਥਾਨ ਨਿਯਤ ਹੁੰਦਾ ਹੈ|ਰੈਸਟ ਰੂਮ ਵਿਚ ਸਪੈਸ਼ਲ ਡਿਜ਼ਾਇਨ ਦੀ ਸੀਟ ਲੱਗੀ ਹੁੰਦੀ ਹੈ|ਪੈਦਲ ਚੱਲਣ ਲਈ ਫੁਟ ਪਾਥ , ਵ੍ਹੀਲਚੇਅਰ ਲਈ ਵਿਸ਼ੇਸ਼ ਰੈਂਪ ਤਿਆਰ ਕੀਤੇ ਹੋਏ ਹਨ|
ਡਰਾਈਵਰ ਆਸ-ਪਾਸ ਦੀਆਂ ਇਤਹਾਸਕ ਇਮਾਰਤਾਂ ਬਾਰੇ ਦੱਸਦਾ, ਦਿਖਾਉਂਦਾ ਜਿਵੇਂ ਰੈਫਲਜ ਹੋਟਲ ਜੋ ਇਤਿਹਾਸਕ ਇਮਾਰਤ ਵਿੱਚ ਬਣਿਆ ਹੈ|ਚੀਨਿਆਂ ਦਾ ਮੰਦਿਰ, ਕੁਝ ਸ਼ੌਪਿੰਗ ਸ਼ੋ-ਰੂਮ ਜੋ ਡਰਾਈਵਰ ਨੂੰ ਕਮਿਸ਼ਨ ਦਿੰਦੇ ਹਨ ,ਓਹਨਾ ਥਾਵਾਂ ਉਪਰ ਲੈ ਗਿਆ| ਅਸੀਂ ਅਜੇ ਕੋਈ ਖਰੀਦੋ-ਫਰੋਖਤ ਨਹੀਂ ਕਰਨੀ ਸੀ|ਸਾਡੀ ਤਾਂਘ ਉਥੇ ਦੇ ਮੁੱਖ ਸਥਾਨਾਂ ਨੂੰ ਦੇਖਣ ਦੀ ਸੀ |ਅਖੀਰ ਸਾਨੂੰ ਸਿੰਗਾਪੁਰ ਫਲਾਇਰ ਦੇ ਕੋਲ ਲੈ ਗਿਆ|
ਸਿੰਗਾਪੁਰ ਫਲਾਇਰ ਇਥੋਂ ਦਾ ਖੂਬਸੂਰਤ ਖਿੱਚ੍ਹ ਦਾ ਕੇਂਦਰ ਹੈ| ਇਹ ਲੰਦਨ ਆਈ ਦੀ ਤਰ੍ਹਾਂ ਬਣਾਇਆ ਗਿਆ ਹੈ| ਇਸ ਦੀ ਉਚਾਈ 165 ਮੀਟਰ (541 ਫੁੱਟ) ਹੈ| ਸਾਈਕਲ ਦੇ ਰਿੰਮ ਦੀ ਤਰਾਂ ਇਸ ਦੇ ਬਾਹਰ ਕੈਪਸੂਲ-ਨੁਮਾ 28 ਏਅਰ ਕੰਡੀਸ਼ਨ ਕੈਬਿਨ ਲੱਗੇ ਹੋਏ ਹਨ,ਇਕ ਕੈਬਿਨ ਵਿੱਚ 28 ਬੰਦਿਆਂ ਦੇ ਬੈਠਣ ਦੀ ਸਮਰਥਾ ਹੈ|ਇਹ 32 ਮਿੰਟ ਵਿੱਚ ਇਕ ਪੂਰਾ ਚੱਕਰ ਲਾਉਂਦਾ ਹੈ|ਇਸ ਫਲਾਇਰ ਨੂੰ ਬਣਾਉਣ ਵਿੱਚ ਢਾਈ ਸਾਲ ਦਾ ਸਮਾਂ ਲੱਗਿਆ|ਇਸ ਦਾ ਉਦਘਾਟਨ 11 ਫਰਵਰੀ 2008 ਨੂੰ ਹੋਇਆ ਸੀ|ਇਸ ਦਾ ਟਿਕਟ 33 ਡਾਲਰ ਪ੍ਰਤੀ ਵਿਅਕਤੀ ਹੈ| ਹਮੇਸ਼ਾਂ ਧੀਮੀ ਗਤੀ ਨਾਲ ਚੱਲਦਾ ਰਹਿੰਦਾ ਹੈ| ਅਸੀਂ ਟਿਕਟਾਂ ਲੈ ਕੇ ਕੈਬਿਨ ਵਿੱਚ ਸਵਾਰ ਹੋ ਗਏ| ਜਿਓ-ਜਿਓ ਉੱਪਰ ਨੂੰ ਵਧਦੇ ਜਾ ਰਹੇ ਸੀ ਪੂਰੇ ਸਿੰਗਾਪੁਰ ਦਾ ਦਿਲਕਸ਼ ਨਜ਼ਾਰਾ ਨਜ਼ਰ ਆਉਣ ਲੱਗਿਆ|ਅਸੀਂ ਆਪਣੇ ਕੈਮਰੇ ਰਾਹੀਂ ਸਾਰੇ ਦ੍ਰਿਸ਼ਾਂ ਨੂੰ ਕੈਦ ਕਰਨ ਲੱਗੇ|ਪੂਰਾ 360 ਡਿਗਰੀ ਦਾ ਦ੍ਰਿਸ਼ ਮੈਰੀਨਾ-ਬੇ ਸੈਂਡ ਹੋਟਲ, ਗਾਰਡਨ ਬਾਈ ਦਾ ਬੇ, ਡਾਊਨ-ਟਾਊਨ ਏਰੀਏ ਦੀਆਂ ਸੁੰਦਰ ਇਮਾਰਤਾਂ ਅਤੇ ਮਰਲਾਇਨ ਪੌਇੰਟ ਦਾ ਬਹੁਤ ਹੀ ਸੁੰਦਰ ਨਜ਼ਾਰਾ ਸੀ|ਜਿਸ ਨੂੰ ਸ਼ਬਦਾਂ ਨਾਲ ਬਿਆਨ ਕਰਨਾ ਨਾ-ਮੁਮਕਿਨ ਹੈ|ਉਚੀਆਂ ਇਮਾਰਤਾਂ ਅਤੇ ਸਮੁੰਦਰ ਦੀ ਵਿਸ਼ਾਲਤਾ ਮਨ ਮੋਹ ਲੈਂਦੀ ਹੈ|ਉਚੇ ਫਲਾਈ ਓਵਰ, ਫਾਰਮੂਲਾ ਰੇਸ ਰੋਡ ,ਸਮੁੰਦਰ ਵਿਚ ਸਮੁੰਦਰੀ ਜਹਾਜ਼ਾਂ ਦੀ ਭੀੜ,ਸਮੁੰਦਰ ਦੇ ਉਪਰ ਪੁਲਾਂ ਤੇ ਚੱਲਦਾ ਤੇਜ਼ ਗਤੀ ਟ੍ਰੈਫ਼ਿਕ ਕੀੜੀਆਂ ਵਾਂਗ ਲੱਗਦਾ ਸੀ|ਸਾਡੇ ਕੈਬਿਨ ਵਿਚ ਅਸੀਂ ਚਾਰੇ ਜਣੇ ਹੀ ਸੀ|ਸਾਰਿਆਂ ਨੇ ਪੂਰਾ ਦਿਲ ਭਰ ਕੇ ਸਿੰਗਾਪੁਰ ਨੂੰ ਪੰਛੀ ਦੀ ਤਰਾਂ ਤੱਕਿਆ | ਸਮੇਂ ਦੀ ਰਫ਼ਤਾਰ ਨਾਲ ਅਸੀਂ ਅੱਧੇ ਘੰਟੇ ਦਾ ਦਿਲਕਸ਼ ਨਜ਼ਾਰਾ ਮਾਣ ਕੇ ਬਾਹਰ ਆ ਗਏ|ਗੱਡੀ ਵਿਚ ਸਵਾਰ ਹੋ ਕੇ ਅਗਲੇ ਸਥਾਨ ਵੱਲ ਵਧਣ ਲੱਗੇ ਜੋ ਇਸ ਦੇ ਨਜ਼ਦੀਕ ਹੀ ਸੀ|
ਮਰਲਾਇਨ ਪਾਰਕ ਵੀ ਸੈਲਾਨੀਆਂ ਦੇ ਲਈ ਖਿਚ ਦਾ ਕੇਂਦਰ ਹੈ| ਇਸ ਨੂੰ ਸਿੰਗਾਪੁਰ ਦੇ ਰਾਸ਼ਟਰੀ ਚਿੰਨ੍ਹ ਵਜੋਂ ਵੀ ਜਾਣਿਆ ਜਾਂਦਾ ਹੈ| ਇਹ ਡਾਊਨ- ਟਾਊਨ ਏਰੀਏ ਵਿਚ ਸਮੁੰਦਰ ਦੇ ਕਿਨਾਰੇ, ਮੇਨ ਬਿਜ਼ਨਸ ਕੇਂਦਰ ਦੇ ਨਜ਼ਦੀਕ 8.6ਮੀਟਰ (28 ਫੁੱਟ) ਉਚੇ ਬੁੱਤ ਦੇ ਰੂਪ ਵਿਚ ਸਥਿਤ ਹੈ|ਇਸ ਦਾ ਧੜ ਮਛੀ ਦਾ ਤੇ ਮੂੰਹ ਸ਼ੇਰ ਦਾ ਹੈ ਇਸ ਦੇ ਮੂੰਹ ਵਿਚੋਂ ਲਗਾਤਾਰ ਪਾਣੀ ਦੀ ਧਾਰ ਸਮੁੰਦਰ ਵਿਚ ਵਹਿੰਦੀ ਰਹਿੰਦੀ ਹੈ ਇਹ ਸਿੰਗਾਪੁਰ ਦੀ ਪਹਿਚਾਨ ਅਤੇ ਖੂਬਸੂਰਤ ਸਥਾਨ ਹੈ|ਇਥੋਂ ਫ਼ੈਰੀ-ਨੁਮਾ ਕਿਸ਼ਤੀਆਂ ਵੀ ਚੱਲਦੀਆਂ ਹਨ ਜੋ ਸ਼ਹਿਰ ਦੇ ਵਿਚੋਂ ਦੀ ਹੁੰਦੀਆਂ ਹੋਈਆਂ ਕਲਾਰਕੀ ਪੌਇੰਟ ਤੱਕ ਜਾਂਦੀਆਂ ਹਨ|ਇਹਨਾਂ ਵਿਚ ਬੈਠ ਕੇ ਸਮੁੰਦਰ ਦੀ ਸੈਰ ਕੀਤੀ ਜਾ ਸਕਦੀ ਹੈ|ਇਥੋਂ ਸਿੰਗਾਪੁਰ ਫਲਾਇਰ ਵੀ ਨਜ਼ਰ ਆਉਂਦਾ ਹੈ|ਮੈਰੀਨਾ-ਬੇ ਸੈਂਡ 5 ਸਟਾਰ ਹੋਟਲ ਦੀ ਇਮਾਰਤ ਵੀ ਖੁਬਸੂਰਤੀ ਨੂੰ ਚਾਰ ਚੰਨ ਲਾਉਂਦੀ ਹੈ|ਇਥੋਂ ਦਾ ਸ਼ਾਂਤ ਮਹੌਲ ਮਨ ਨੂੰ ਖੁਸ਼ ਅਤੇ ਤਰੋ ਤਾਜ਼ਾ ਕਰਦਾ ਹੈ|ਅੱਜ ਦੀ ਸ਼ਾਮ ਨੂੰ ਇਥੋਂ ਦੇ ਹਸੀਨ ਨਜ਼ਾਰਿਆਂ ਨਾਲ ਮਾਣਿਆ|ਇਥੇ ਦੀ ਸੁੰਦਰਤਾ ਹਰ ਦਿਸ਼ਾ ਤੋਂ ਬਦਲਦੀ ਹੈ|ਦਿਨ ਦਾ ਦ੍ਰਿਸ਼ ਵੱਖਰਾ ਹੁੰਦਾ ਹੈ ਅਤੇ ਰਾਤ ਦੀ ਰੋਸ਼ਨੀ ਵਿਚ ਹੋਰ ਵੀ ਦਿਲਕਸ਼ ਨਜ਼ਾਰਾ ਬਣਦਾ ਹੈ|ਆਰਟ ਸਾਇੰਸ ਮਿਊਜੀਅਮ ਵੀ ਹੱਥ ਪੰਜੇ ਦੀ ਸ਼ੇਪ ਵਿਚ ਬਣਿਆ ਨਜ਼ਰ ਆਉਂਦਾ ਹੈ|ਇਹ ਸਾਰਾ ਕੁਝ ਇਸ ਏਰੀਏ ਵਿਚ ਸਮੁੰਦਰ ਦੇ ਆਲੇ- ਦੁਆਲੇ ਬਣਿਆ ਹੋਇਆ ਹੈ|ਇਨ੍ਹਾਂ ਸਾਰੀਆਂ ਯਾਦਾਂ ਨੂੰ ਦਿਲੋ-ਦਿਮਾਗ ਵਿਚ ਵਸਾ, ਕੈਮਰਿਆਂ ‘ਚ ਕੈਦ ਕਰਕੇ ਅਸੀਂ ਵਾਪਿਸ ਆਪਣੇ ਹੋਟਲ ਆ ਗਏ|
ਰਾਤ ਦਾ ਖਾਣਾ ਲਿਟਲ ਇੰਡੀਆ ਦੇ ਏਰੀਏ ਵਿਚ ਖਾਧਾ ,ਜਿਥੇ ਹਰ ਤਰਾਂ ਦਾ ਭਾਰਤੀ ਖਾਣਾ ਮਿਲਦਾ ਹੈ|ਤੁਸੀਂ ਆਪਣੀ ਮਨ ਪਸੰਦ ਦਾ ਖਾਣਾ ਖਾ ਸਕਦੇ ਹੋ| ਇਸ ਤੋਂ ਇਲਾਵਾ ਚਾਇਨੀ ਫੂਡ ਅਤੇ ਸੀ ਫੂਡ ਦੇ ਰੈਸਟੋਰੇਂਟ ਵੀ ਬਹੁਤ ਹਨ| ਖਾਣਾ ਖਾਣ ਤੋਂ ਬਾਅਦ ਅਸੀਂ ਪੈਦਲ ਹੀ ਘੁੰਮਦੇ-ਘੁੰਮਾਉਂਦੇ ਆਪਣੇ ਹੋਟਲ ਪਹੁੰਚ ਗਏ|ਅੱਜ ਦਿਨ ਦੀਆਂ ਯਾਦਾਂ ਨੂੰ ਯਾਦ ਕਰਦੇ ਸੁਪਨਿਆਂ ਵਿਚ ਗੁਆਚ ਗਏ|
ਅੱਜ 7 ਸਤੰਬਰ ਬੁੱਧਵਾਰ ਦੀ ਸਵੇਰ ਨੂੰ ਸਿੰਗਾਪੁਰ ਵਿਚ ਖੁਸ਼-ਆਮਦੀਦ ਕਿਹਾ! ਖਿੜਕੀ ਵਿਚੋਂ ਬਾਹਰ ਦੇ ਨਜ਼ਾਰੇ ਨੂੰ ਤੱਕਿਆ, ਕਾਲੀ ਘਟਾ ਝੁਰਮਟ ਪਾਈ ਖੜੀ ਸੀ|ਹਲਕੀ- ਹਲਕੀ ਬਰਸਾਤ ਸ਼ੁਰੂ ਹੋਈ, ਮੌਸਮ ਖੁਸ਼ਗਵਾਰ ਹੋ ਗਿਆ |ਅਸੀਂ 8 ਵਜੇ ਤੋਂ ਪਹਿਲਾਂ ਹੀ ਤਿਆਰ ਹੋ ਗਏ| ਸਾਰਾ ਸਮਾਨ ਪੈਕ ਕਰ ਦਿੱਤਾ ਸਵੇਰ ਦੇ ਨਾਸ਼ਤੇ ਲਈ ਲਿਫਟ ਰਾਂਹੀ ਚੌਥੀ ਮੰਜ਼ਿਲ ਤੇ ਚਲੇ ਗਏ| ਕਾਰਡ ਪਾਸ ਚੈੱਕ ਕਰਾ ਕੇ ਬਰੇਕ-ਫਾਸਟ ਹਾਲ ਅੰਦਰ ਦਾਖਲ ਹੋਏ|ਨਾਸਤਾ ਰੋਜ਼ਾਨਾ ਸਵੇਰੇ 6-30 ਵਜੇ ਤੋਂ10 ਵਜੇ ਤੱਕ ਖੁੱਲਾ ਰਹਿੰਦਾ ਹੈ|ਮਾਸਾਹਾਰੀ ਤੇ ਸ਼ਾਕਾਹਾਰੀ ਦੋਨੋ ਤਰਾਂ ਦੇ ਪਕਵਾਨ ਹਮੇਸ਼ਾਂ ਤਿਆਰ ਹੁੰਦੇ ਹਨ|ਅਸੀਂ ਸਭ ਤੋਂ ਪਹਿਲਾਂ ਫਰੂਟ ਤੇ ਸਲਾਦ ਖਾਂਦੇ ਉਸ ਤੋਂ ਬਾਅਦ ਆਪਣੇ ਮਨ ਪਸੰਦ ਦਾ ਬਰੇਕਫਾਸਟ ਕਰਦੇ | ਨਾਸ਼ਤੇ ਵਿਚ ਅਨੇਕਾਂ ਪ੍ਰਕਾਰ ਦੀਆਂ ਆਈਟਮਾਂ ਹੁੰਦੀਆਂ| ਨਾਸ਼ਤਾ ਕਰਕੇ ਆਪਣੇ ਕਮਰੇ ਵਿਚੋਂ ਸਮਾਨ ਲੈ ਕੇ 8 ਵੱਜ ਕੇ 50 ਮਿੰਟ ਤੇ ਅਸੀਂ ਰਿਸ਼ੈਪਸ਼ਨ ਤੇ ਚੈੱਕ ਆਉਟ ਕਰਵਾ ਕੇ ਸਮਾਨ ਲਗੇਜ਼ ਰੂਮ ਵਿੱਚ ਬੁੱਕ ਕਰਵਾ ਦਿੱਤਾ|ਠੀਕ 9 ਵਜੇ ਡਰਾਈਵਰ ਗੱਡੀ ਲੈ ਕੇ ਆ ਗਿਆ|ਲਗੇਜ਼ ਦਾ ਟੋਕਨ ਅਸੀਂ ਡਰਾਈਵਰ ਨੂੰ ਦੇ ਦਿੱਤਾ ,ਕਿਓਕਿ ਉਸ ਨੇ ਸ਼ਾਮ ਨੂੰ ਸਾਡਾ ਸਮਾਨ ਲੈ ਕੇ ਦੁਬਾਰਾ ਯੂਨੀਵਰਸਲ ਸਟੂਡੀਓ ਪਹੁੰਚਣਾ ਸੀ|ਅਸੀਂ ਗੱਡੀ ਵਿਚ ਸਵਾਰ ਹੋ ਕੇ ਯੂਨੀਵਰਸਲ ਸਟੂਡੀਓ ਲਈ ਰਵਾਨਾ ਹੋ ਗਏ|ਵਾਰ- ਵਾਰ ਸਾਡੇ ਓਹੀ ਰਸਤੇ ਮੈਰੀਨਾ- ਬੇ-ਸੈਂਡ ਹੋਟਲ ਦੇ ਕੋਲ ਦੀ ਸਮੁੰਦਰ ਦੇ ਉਪਰ ਬਣੇ ਪੁਲ ਨੂੰ ਪਾਰ ਕਰ ਗਏ| ਡਰਾਈਵਰ ਰਸਤੇ ਵਿਚ ਜਾਂਦੇ-ਜਾਂਦੇ ਸਿੰਗਾਪੁਰ ਬਾਰੇ ਜਾਣਕਾਰੀ ਦਿੰਦਾ ਰਹਿੰਦਾ| ਹੱਸਦਿਆਂ- ਖੇਡਦਿਆਂ ਪਤਾ ਹੀ ਨਹੀ ਚੱਲਿਆ ਕਦੋਂ ਅਸੀਂ ਸਮੁੰਦਰ ਦੇ ਉਪਰ ਬਣੇ ਪੁਲ ਰਾਂਹੀ ਸੰਤੋਸਾ ਆਈਲੈਂਡ ਵਿਚ ਦਾਖ਼ਲ ਹੋ ਗਏ|ਅਸੀਂ ਖੱਬੇ ਹੱਥ ਮੁੜਦੇ ਹੋਏ ਸੁਰੰਗ ਰਾਂਹੀ ਅੰਡਰ ਗਰਾਉਂਡ ਕਾਰ ਪਾਰਕਿੰਗ ਵਿਚ ਪਹੁੰਚ ਗਏ| ਕਾਰ ਪਾਰਕਿੰਗ ਬਹੁਤ ਹੀ ਖੁੱਲੇ ਏਰੀਏ ਵਿਚ ਸਾਫ਼ ਸੁਥਰੀ , ਖੂਬਸੂਰਤ , ਯੋਜਨਾ ਬੱਧ ਤਰੀਕੇ ਨਾਲ ਬਣੀ ਹੋਈ ਹੈ | ਇਨ੍ਹੀ ਵੱਡੀ ਪਾਰਕਿੰਗ ਦੀ ਸਫਾਈ , ਸੜਕਾਂ ਤੇ ਲਾਈਟਾਂ ਦਾ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਹੋਇਆ ਹੈ| ਡਰਾਈਵਰ ਨੇ ਯੂਨੀਵਰਸਲ ਸਟੂਡੀਓ ਦੇ ਐਂਟਰੀ ਪਾਸ ਸਾਨੂੰ ਦੇ ਦਿੱਤੇ ਤੇ ਸ਼ਾਮ ਨੂੰ 5 ਵਜੇ ਵਾਪਿਸ ਸਮਾਨ ਲੈ ਕੇ ਇਥੇ ਹੀ ਮਿਲਣ ਦਾ ਵਾਅਦਾ ਕਰਕੇ ਚਲਾ ਗਿਆ|ਅਸੀਂ ਬੇਸਮੈਂਟ ਵਿਚੋਂ ਐਸਕੀਲੇਟਰ(ਚਲਦੀਆਂ ਹੋਈਆਂ ਪੌੜੀਆਂ) ਰਾਂਹੀ ਉਪਰ ਆਏ , ਉਪਰ ਆਉਂਦੇ ਹੀ ਹੈਰਾਨ ਹੋ ਗਏ ! ਅਸੀਂ ਯੂਨੀਵਰਸਲ ਸਟੂਡੀਓ ਦੀ ਮੇਨ ਐਂਟਰੀ ਦੇ ਸਾਹਮਣੇ ਪਹੁੰਚ ਗਏ|ਉਪਰ ਯੂਨੀਵਰਸਲ ਸਟੂਡੀਓ ਬਣਿਆ ਹੋਇਆ ਹੈ ਤੇ ਥੱਲੇ ਕਾਰ ਪਾਰਕਿੰਗ ਬਣੀ ਹੋਈ ਹੈ|
ਯੂਨੀਵਰਸਲ ਸਟੂਡੀਓ ਸਿੰਗਾਪੁਰ ਦੇ ਨਾਲ ਹੀ ਇਕ ਵੱਖਰੇ ਟਾਪੂ ਉਪਰ ਬਣਿਆ ਹੋਇਆ ਹੈ |ਜਿਸ ਨੂੰ ਸੰਤੋਸਾ ਆਈਲੈੰਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ|ਇਹ ਸਟੂਡੀਓ 49ਏਕੜ ਏਰੀਏ ਵਿਚ ਫ਼ੈਲਿਆ ਹੋਇਆ ਹੈ| ਇਥੇ ਵੱਖ- ਵੱਖ ਤਰਾਂ ਦੀਆਂ ਮਨੋਰੰਜਕ ਖੇਡਾਂ, ਝੂਲੇ ,ਥੇਟਰ ਸ਼ੋ ,ਪਾਣੀ ਵਾਲੀਆਂ ਖੇਡਾਂ ,ਖਾਣ- ਪੀਣ ਲਈ 30 ਰੈਸਟੋਰੈਂਟ ,ਖਰੀਦ- ਦਾਰੀ ਲਈ 20 ਯੂਨੀਕ ਰੀਟੇਲ ਸਟੋਰ ਬਣੇ ਹੋਏ ਹਨ|ਇਸ ਦੀ ਗਰੈਂਡ ਓਪਨਿੰਗ 28 ਮਈ 2011 ਵਿਚ ਹੋਈ ਸੀ|ਇਹ ਯੂਨੀਵਰਸਲ ਸਟੂਡੀਓ , ਹਾਲੀਵੁਡ ਦੀ ਤਰਜ ਤੇ ਬਣਿਆ ਹੋਇਆ ਹੈ|ਇਸ ਨੂੰ ਅਲੱਗ- ਅਲੱਗ ਭਾਗਾਂ ਵਿਚ ਵੰਡ ਕੇ ਵੱਖੋ- ਵੱਖ ਤਰਾਂ ਦੀਆਂ ਖੇਡਾਂ ਦਾ ਆਨੰਦ ਲੈ ਸਕਦੇ ਹੋ|ਇਸ ਦੇ ਹਰੇਕ ਭਾਗ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ|ਜਿਵੇਂ ਕਿ ਹਾਲੀਵੁਡ, ਨਿਊਯਾਰਕ, ਸਾਇੰਸ ਫਾਈ ਸਿਟੀ,ਸਾਇੰਸ ਇਗਪਟ, ਦ ਲੋਸਟ ਵਰਲਡ,ਫ਼ਰ- ਫ਼ਰ-ਅਵੇ, ਮੈਡਾਗਸਕਰ ਅਤੇ ਜੁਰਾਸਿਕ ਪਾਰਕ ਆਦਿ|ਇਸ ਦੇ ਵਿਚ ਟੋਟਲ 21 ਰਾਈਡਜ਼ ਹਨ ਜਿਸ ਵਿਚ 6 ਰੋਲਰ ਕੋਸਟਰ ਅਤੇ 2 ਵਾਟਰ ਰਾਈਡ ਹਨ|
ਸਭ ਤੋਂ ਪਹਿਲਾਂ ਯੂਨੀਵਰਸਲ ਸਟੂਡੀਓ ਦਾ ਗਲੋਬ ਤੁਹਾਡਾ ਸਵਾਗਤ ਕਰਦਾ ਹੈ|ਫਿਰ ਅਸੀਂ ਪਾਸ ਚੈਕਿੰਗ ਤੋਂ ਬਾਅਦ ਗੇਟ ਰਾਂਹੀ ਇਸ ਦੇ ਅੰਦਰ ਦਾਖਲ ਹੋ ਗਏ|ਇਹ ਇਕ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸੁੰਦਰ ਸ਼ਹਿਰ ਦੀ ਤਰਾਂ ਬਣਾਇਆ ਗਿਆ ਹੈ| ਜਿਸ ਵਿਚ ਬਾ-ਕਮਾਲ ਇੰਜਨੀਅਰ ਦਾ ਨਮੂਨਾ ਪੇਸ਼ ਕਰਦੀਆਂ ਇਮਾਰਤਾਂ,ਸੁੰਦਰ ਸੜਕਾਂ, ਸ਼ੌਪਿੰਗ ਸਟੋਰ ਅਤੇ ਪੂਰੀ ਹਰਿਆਵਲ ਭਰਪੂਰ ਫੁੱਲ ਬੂਟੇ, ਉੱਚੇ-ਉੱਚੇ ਪਾਮ ਦੇ ਦਰੱਖਤ ਦਿਲਕਸ਼ ਨਜ਼ਾਰਾ ਪੇਸ਼ ਕਰਦੇ ਸਨ|ਹਲਕੀ-2 ਬੱਦਲਵਾਈ ਤੇ ਹਸੀਨ ਮੌਸਮ ਸੀ|ਪਹਿਲੀ ਨਜ਼ਰ ਤਾਂ ਸਾਨੂੰ ਇਹ ਖਰੀਦਾਰੀ ਸਟੋਰ ਹੀ ਨਜ਼ਰ ਆਉਂਦੇ ਹਨ|ਪ੍ਰੰਤੂ ਇਹਨਾ ਸ਼ੋ-ਰੂਮ ਦੇ ਬੈਕਸਾਈਡ ਤੇ ਥੇਟਰ ਸਨ| ਹਰ ਇਕ ਥੇਟਰ ਵਿਚ ਵੱਖ- ਵੱਖ ਤਰਾਂ ਦੇ ਮਨੋਰੰਜਕ ਸ਼ੋ ਹੁੰਦੇ ਹਨ| ਥੇਟਰ ਵਿਚ ਜਾਣ ਦਾ ਰਸਤਾ ਵੱਖਰਾ ਹੁੰਦਾ ਹੈ| ਜਦੋਂ ਸ਼ੋ ਖਤਮ ਹੁੰਦਾ ਹੈ ਤਾਂ ਬਾਹਰ ਨਿਕਲਣ ਦਾ ਰਸਤਾ ਸ਼ੋ ਰੂਮ ਦੇ ਵਿੱਚ ਦੀ ਹੁੰਦਾ ਹੈ|ਜਿਹੜਾ ਵੀ ਸ਼ੋ ਤੁਸੀਂ ਦੇਖ ਕੇ ਨਿਕਲੋ ਗੇ ਉਸ ਦੇ ਨਾਲ ਸਬੰਧਤ ਸਮਾਨ ਤੁਹਾਨੂੰ ਖਰੀਦ ਦਾਰੀ ਲਈ ਸਟੋਰ ਵਿਚ ਪਿਆ ਮਿਲੇਗਾ| ਮਨੋਰੰਜਨ ਦੇ ਨਾਲ-ਨਾਲ ਬਿਜ਼ਨਸ ਨੂੰ ਵੀ ਪ੍ਰਮੋਟ ਕੀਤਾ ਗਿਆ ਹੈ|
ਸਭ ਤੋਂ ਪਹਿਲਾਂ ਅਸੀਂ ਵਿਨਟੇਜ ਕਾਰ ਦੀ ਸਵਾਰੀ ਕੀਤੀ ਜੋ ਇਕ ਟਰੈਕ ਉਪਰ ਚਲਦੀ ਹੋਈ ਸਾਨੂੰ ਪੁਰਾਣੇ ਜ਼ਮਾਨੇ ਦੀ ਯਾਦ ਦਵਾਉਂਦੀ ਹੋਈ ਸੈਰ ਕਰਵਾ ਰਹੀ ਸੀ|ਉਸ ਤੋਂ ਬਾਅਦ ਅਸੀਂ ਅੱਗੇ ਵਧੇ ਤਾਂ ਬੱਚੇ ਇਕ ਸਿਧੀ ਦੀਵਾਰ ਉਪਰ ਪੱਥਰਾਂ ਦੇ ਸਹਾਰੇ ਉਪਰ ਚੜਨ ਦਾ ਰੋਮਾਂਚਕ ਆਨੰਦ ਲੈ ਰਹੇ ਸਨ|ਇਸ ਨੂੰ ਅੰਬਰ ਰੌਕ਼ ਕਲਾਈਂਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ | ਉਸ ਤੋਂ ਬਾਅਦ ਅਸੀਂ ਕਨੌਪੀ ਫਲਾਇਰ ਰਾਹੀਂ ਯੂਨੀਵਰਸਲ ਸਟੂਡੀਓ ਦੀ ਹਵਾ ਦੇ ਵਿਚ ਘੁੰਮਦੇ ਹੋਏ ਸੈਰ ਕੀਤੀ| ਮੇਰੇ ਮਿੱਤਰ ਨੇ ਜੁਰਾਸਿਕ ਪਾਰਕ ਦੀ ਵਾਟਰ ਰਾਈਡ ਲਈ| ਫਿਰ ਅਸੀਂ ਇਕ ਸ਼ੋ ਦੇਖਿਆ ਜਿਸ ਦਾ ਨਾਂ ਲਾਈਟ- ਕੈਮਰਾ-ਐਕਸ਼ਨ ਸੀ|ਇਸ ਵਿਚ ਦਰਸ਼ਕਾਂ ਨੂੰ ਤਿੰਨ ਲਾਈਨਾਂ ਵਿਚ ਖੜਾ ਕੀਤਾ ਗਿਆ|ਇਕ ਸਕਰੀਨ ਉਪਰ ਵੀਡੀਓ ਰਾਂਹੀ ਸਪੈਸ਼ਲ ਇਫ਼ੈਕਟ ਬਾਰੇ ਜਾਣਕਾਰੀ ਦਿੱਤੀ ਗਈ, ਕਿਵੇਂ ਫਿਲਮਾਂ ਵਿਚ ਸਮੁੰਦਰ ਦੇ ਵਿਚ ਤੂਫ਼ਾਨ ਦੇ ਸੀਨ ਨੂੰ ਕਿਸ ਤਰਾਂ ਫਿਲਮਾਇਆ ਜਾਂਦਾ ਹੈ| ਉਸ ਤੋਂ ਬਾਅਦ ਅਗਲੇ ਹਾਲ ਵਿਚ ਦਾਖਲ ਹੋ ਗਏ ਉਸ ਦੇ ਅੰਦਰ ਸਮੁੰਦਰੀ ਜਹਾਜ਼ ਅਤੇ ਹੋਰ ਪੂਰਾ ਸੈਟ ਲੱਗਿਆ ਹੋਇਆ ਸੀ|ਅਵਾਜ਼, ਲਾਈਟ ਅਤੇ ਫੁਆਰੇ ਰਾਂਹੀ ਮੀਂਹ ਦੇ ਦ੍ਰਿਸ਼,ਬਿਜਲੀ ਚਮਕਦੀ,ਪਾਣੀ ਦੇ ਵਿਚ ਅੱਗ ਲੱਗਣ ਦੇ ਦ੍ਰਿਸ਼ ਨੂੰ ਬਹੁਤ ਹੀ ਖੂਬਸੂਰਤੀ ਨਾਲ ਦਿਖਾਇਆ ਜਿਵੇਂ ਅਸੀਂ ਉਸ ਸੀਨ ਦਾ ਹਿੱਸਾ ਹੋਈਏ, ਸਾਡੀਆਂ ਅੱਖਾਂ ਦੇ ਸਾਹਮਣੇ ਸਮੁੰਦਰੀ ਤੁਫਾਨ ਦਾ ਦ੍ਰਿਸ਼ ਪੇਸ਼ ਕਰ ਦਿਖਾਇਆ , ਬਹੁਤ ਹੀ ਕਮਾਲ ਦੀ ਤਕਨੀਕ ਸੀ ਜੋ ਸਾਨੂੰ ਅਕਸਰ ਹਾਲੀਵੁਡ ਦੀਆਂ ਫ਼ਿਲਮਾਂ ਵਿਚ ਵੇਖਣ ਨੂੰ ਮਿਲਦੀ ਹੈ|
ਇਸ ਤੋਂ ਬਾਅਦ ਅਸੀਂ ਟ੍ਰਾਂਸਫਾਰਮਰ ਰਾਈਡ ਲਈ ਹਾਲ ਦੇ ਅੰਦਰ ਦਾਖਲ ਹੋ ਗਏ ਇਹ 3 ਡੀ ਇਫ਼ੈਕਟ ਸ਼ੋ ਸੀ ਅਸੀਂ ਛੋਟੀਆਂ- ਛੋਟੀਆਂ ਟਰਾਲੀਆਂ ਵਿਚ 8-10 ਜਾਣੇ ਬੈਠ ਗਏ , 3 ਡੀ ਐਨਕਾਂ ਲਾ ਕੇ ਅਸੀਂ ਹਨੇਰੇ ਕਮਰੇ ਵਿਚ ਦਾਖਲ ਹੋ ਗਏ ਫਿਰ ਸਾਡੇ ਸਾਹਮਣੇ ਫਿਲਮ ਦਾ ਸੀਨ ਚਲਣਾ ਸ਼ੁਰੂ ਹੋ ਗਿਆ, ਟਰਾਲੀ ਫਿਲਮ ਦੇ ਹਿਸਾਬ ਨਾਲ ਕਦੇ ਅੱਗੇ-ਪਿਛੇ,ਕਦੇ ਉਪਰ-ਥੱਲੇ , ਕਦੇ ਤੇਜ ਗਤੀ ਤੇ ਕਦੇ ਹੋਲੀ ਚਲਦੀ ਹੋਈ ਹਵਾ ਦੇ ਵਿੱਚ ਉਡਾਰੀਆਂ ਮਾਰਦੀ ਹੋਈ ਮਹਿਸੂਸ ਹੁੰਦੀ ਸੀ| ਇਹ ਸ਼ੋ ਬਹੁਤ ਹੀ ਰੋਮਾਂਚਿਕ ਸੀ|ਅਸੀਂ ਕਦੇ ਪਹਾੜਾਂ ਦੀਆਂ ਟੀਸੀਆਂ ਤੋਂ ਹੁੰਦੇ ਹੋਏ ਇਕ ਦਮ ਥੱਲੇ ਨੂੰ ਜਾਂਦੇ, ਕਦੇ ਸ਼ੀਸ਼ੇ ਦੇ ਟੁਕੜੇ ਸਾਡੇ ਵੱਲ ਨੂੰ ਆਉਂਦੇ ਲੱਗਦੇ,ਅੱਗ ਦਾ ਸੇਕ ਵੀ ਸਾਨੂੰ ਮਹਿਸੂਸ ਹੁੰਦਾ| ਤੁਸੀਂ ਫਿਲਮ ਦੇ ਹਰ ਸੀਨ ਦਾ ਇਕ ਹਿੱਸਾ ਹੋ ਜਾਂਦੇ ਹੋ| ਇਹ 5 ਮਿੰਟ ਦਾ ਸ਼ੋ ਤੁਹਾਡਾ ਬਾਰ- ਬਾਰ ਦੇਖਣ ਨੂੰ ਦਿਲ ਕਰਦਾ ਹੈ|ਇਸ ਤਰ੍ਹਾਂ ਦੇ ਅਨੇਕਾਂ ਸ਼ੋ ਜੋ ਤੁਸੀਂ ਸਵੇਰ ਤੋਂ ਸ਼ਾਮ ਤੱਕ ਇਥੇ ਦੇਖ ਸਕਦੇ ਹੋ| ਬਹੁਤ ਹੀ ਰੋਮਾਂਚਿਕ ਤੇ ਖ਼ਤਰਨਾਕ ਝੂਲੇ ਡਬਲ ਰੋਲਰ ਕੋਸਟਰ ਜੋ ਅਸੀਂ ਲੋਕਾਂ ਨੂੰ ਚੀਕਾਂ ਮਾਰਦੇ ਹੋਏ , ਉਚੇ-ਨੀਵੇਂ , ਮੂਧੇ-ਸਿਧੇ ਹੁੰਦੇ ਹੋਏ ਲੇਂਦੇ ਵੇਖਿਆ| ਸਾਨੂੰ ਤਾਂ ਵੇਖ ਕੇ ਹੀ ਚੱਕਰ ਆ ਰਹੇ ਸਨ,ਧੰਨ ਸੀ ਉਹ ਜੋ ਇਸ ਦਾ ਆਨੰਦ ਮਾਣ ਰਹੇ ਸਨ !
ਸਿੰਗਾਪੁਰ ਦੇ ਵਿਚ ਪਬਲਿਕ ਸਥਾਨਾਂ ਉਪਰ ਰੈਸਟ ਰੂਮ ਦਾ ਬਹੁਤ ਧਿਆਨ ਰੱਖਿਆ ਹੋਇਆ ਹੈ| ਰੈਸਟ ਰੂਮ ਦੀ ਸਫਾਈ ਦੇਖ ਕੇ ਦੰਗ ਰਹਿ ਜਾਈਦਾ ਹੈ ਬਸ ਮਹਿਕਾਂ ਹੀ ਬਖੇਰਦੇ ਹਨ| ਹਰ ਰੈਸਟ ਰੂਮ ਵਿਚ ਪੀਣ ਵਾਲੇ ਪਾਣੀ ਦਾ ਵਿਸ਼ੇਸ਼ ਪ੍ਰਬੰਧ ਹੈ|ਜਿਧਰ ਵੀ ਨਜ਼ਰ ਮਾਰੋਗੇ ਹਰ ਪਾਸੇ ਰੈਸਟ ਰੂਮ ਨਜ਼ਰ ਆ ਜਾਵੇਗਾ ,ਇਥੇ ਵਾਸ਼ ਰੂਮ ਨੂੰ ਰੈਸਟ ਰੂਮ ਕਹਿੰਦੇ ਹਨ|
ਸਿੰਗਾਪੁਰ ਦੇ ਵਿਚ ਬੱਚਿਆਂ ਨੂੰ ਕੋਈ ਵੀ ਗੋਦੀ ਨਹੀਂ ਚੱਕਦਾ, ਸਾਰੇ ਬੱਚਿਆਂ ਨੂੰ ਪ੍ਰਾਇਮ ਵਿਚ ਹੀ ਰੱਖਦੇ ਹਨ, ਹਰ ਉਮਰ ਦੇ ਬੱਚੇ ਲਈ ਵੱਖ-ਵੱਖ ਤਰਾਂ ਦੇ ਪ੍ਰਾਇਮ ਹੁੰਦੇਂ ਹਨ |ਕੋਈ ਵੀ ਬੱਚਾ ਰੋਂਦਾ ਨਹੀ ਵੇਖਿਆ ਸਾਰੇ ਬੱਚੇ ਖੁਸ਼- ਤਬੀਅਤ ਦੇ ਮਾਲਿਕ ਲੱਗਦੇ ਸਨ|
ਅੱਜ ਦਾ ਦਿਨ ਅਤਿ ਰੋਮਾਂਚਿਕ ਸੀ, ਮੌਸਮ ਖੁਸ਼ਗਵਾਰ ਬੱਦਲ ਵਾਈ ਵਾਲਾ ਸੀ |ਕਦੇ- ਕਦੇ ਹਲਕੀ ਬਰਸਾਤ ਹੋ ਜਾਂਦੀ ,ਅਸੀਂ ਅਨੇਕਾਂ ਤਰਾਂ ਦੇ ਮਨੋਰੰਜਨ ਭਰਪੂਰ ਸ਼ੋ ਦੇਖੇ , ਫਿਰ ਕੁਝ ਦੇਰ ਥਕਾਵਟ ਨੂੰ ਦੂਰ ਕਰਨ ਲਈ ਇਕ ਹੋਟਲ ਦੇ ਬਾਹਰ ਕੁਰਸੀਆਂ ਉਪਰ ਬੈਠ ਕੇ ਸਟਰੀਟ ਦੀ ਚਹਿਲ- ਕਦਮੀ ਨੂੰ ਤੱਕਿਆ, ਹਲਕੀ ਰੀਫ੍ਰੇਸ਼ਮੇਂਟ ਲਈ ਇਸ ਜਗ੍ਹਾ ਕੁਝ ਦੇਰ ਮਗਰੋਂ ਸਟਰੀਟ ਡਾਂਸ ਸ਼ੋ ਸ਼ੁਰੂ ਹੋ ਗਿਆ| ਕਲਾਕਾਰਾਂ ਨੇ ਡਾਂਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ| ਕੁਝ ਦਰਸ਼ਕਾਂ ਨੂੰ ਵੀ ਨਾਲ ਡਾਂਸ ਕਰਨ ਦਾ ਮੌਕਾ ਦਿੱਤਾ ਜਾਂਦਾ|ਯੂਨੀਵਰਸਲ ਸਟੂਡੀਓ ਨੂੰ ਇਕ ਦਿਨ ਵਿੱਚ ਵੇਖਣਾ ਮੁਸ਼ਕਿਲ ਹੈ ਅਜੇ ਵੀ ਬਹੁਤ ਕੁਝ ਰਹਿ ਗਿਆ ਦੇਖਣ ਵਾਲਾ|ਅਸੀਂ 5 ਵਜੇ ਇਥੋਂ ਰਵਾਨਾ ਹੋਣਾ ਸੀ| ਜਿੰਨਾ ਵੀ ਹੋ ਸਕਿਆ ਵੱਧ ਤੋਂ ਵੱਧ ਦੇਖਣ ਦੀ ਕੋਸ਼ਿਸ਼ ਕੀਤੀ| ਬਾਹਰ ਆ ਕੇ ਯੂਨੀਵਰਸਲ ਸਟੂਡੀਓ ਦੇ ਘੁੰਮਦੇ ਹੋਏ ਗਲੋਬ ਦੀਆਂ ਕੁਝ ਯਾਦਗਾਰੀ ਤਸਵੀਰਾਂ ਲਈਆਂ ਤੇ ਇਸ ਨੂੰ ਅਲਵਿਦਾ ਕਹਿੰਦੇ ਹੋਏ ਫਿਰ ਚਲਦੀਆਂ ਹੋਈਆਂ ਪੌੜੀਆਂ ਰਾਂਹੀ ਉਸੇ ਬੇਸਮੈਂਟ ਪਹੁੰਚ ਗਏ ਜਿੱਥੇ ਡਰਾਈਵਰ ਨੇ ਸਾਨੂੰ ਲੈਣ ਆਉਣਾ ਸੀ|
ਡਰਾਈਵਰ ਗੱਡੀ ਵਿਚ ਸਮਾਨ ਲਈ ਖੜ੍ਹਾ ਸਾਡਾ ਇੰਤਜ਼ਾਰ ਕਰ ਰਿਹਾ ਸੀ ਅਸੀਂ ਗੱਡੀ ਵਿਚ ਬੈਠ ਕੇ ਕਾਰ ਪਾਰਕਿੰਗ ਵਿਚੋਂ ਬਾਹਰ ਆ ਗਏ| ਸੰਤੋਸਾ ਆਈਲੈੰਡ ਤੋਂ ਪੁੱਲ ਰਾਂਹੀ ਅਸੀਂ ਵੀਵੋ ਸਿਟੀ ਪਹੁੰਚ ਗਏ ਸਾਡਾ ਕਰੂਜ ਸੈਂਟਰ ਇਥੇ ਹੀ ਸੀ|ਯੂਨੀਵਰਸਲ ਸਟੂਡੀਓ ਤੋਂ ਸਿਰਫ਼ 2-50 ਕਿਲੋਮੀਟਰ ਦੀ ਦੂਰੀ ਤੇ ਸੀ ਅਸੀਂ 10 ਮਿੰਟ ਵਿਚ ਹੀ ਉਥੇ ਪੁਹੰਚ ਗਏ | ਗੱਡੀ ਵਿਚੋਂ ਸਮਾਨ ਉਤਾਰ ਕੇ ਡਰਾਈਵਰ ਦਾ ਧੰਨਵਾਦ ਕੀਤਾ| ਡਰਾਈਵਰ 9 ਸਤੰਬਰ ਨੂੰ ਦੁਬਾਰਾ 12 ਵਜੇ ਦੁਪਿਹਰ ਨੂੰ ਮਿਲਣ ਦਾ ਵਾਅਦਾ ਕਰ ਕੇ ਰਵਾਨਾ ਹੋ ਗਿਆ| ਅਸੀਂ ਸਮਾਨ ਲੈ ਕੇ ਕਰੂਜ਼ ਸੈਂਟਰ ਵਿਚ ਦਾਖਲ ਹੋ ਗਏ|ਕਰੂਜ਼ ਪੋਰਟ ਦੀ ਸਾਰੀ ਕਾਰਵਾਈ ਵੀ ਏਅਰਪੋਰਟ ਦੀ ਤਰਾਂ ਹੀ ਹੁੰਦੀ ਹੈ|ਅਸੀਂ ਆਪਣਾ ਸਮਾਨ ਜਮਾਂ ਕਰਵਾ ਕੇ ਇਮੀਗ੍ਰੇਸ਼ਨ ਲੌਬੀ ਵਿਚ ਬੈਠ ਗਏ|ਕੁਝ ਸਮੇਂ ਬਾਅਦ ਇਮੀਗ੍ਰੇਸ਼ਨ ਦੀ ਕਾਰਵਾਈ ਸ਼ੁਰੂ ਹੋਈ ਪਾਸਪੋਰਟ ਤੇ ਹੋਰ ਸਾਰੇ ਪੇਪਰ ਦਿਖਾ ਕੇ ਇਮੀਗ੍ਰੇਸ਼ਨ ਕਲੀਅਰ ਹੋ ਗਈ| ਅਸੀਂ ਚਲਦੀਆਂ ਪੌੜੀਆਂ ਰਾਂਹੀ ਉਪਰ ਪਹੁੰਚ ਗਏ|ਇਸ ਸਥਾਨ ਨੂੰ ਹਾਰਬਰ ਫਰੰਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ|ਸਾਹਮਣੇ ਕਰੂਜ਼ ਪੋਰਟ ਤੇ ਲੱਗਿਆ ਖੜ੍ਹਾ ਸੀ|ਅਸੀਂ ਪੁੱਲ ਰਾਂਹੀ ਕਰੂਜ਼ ਕੋਲ ਪਹੁੰਚੇ ,ਕਰੂਜ਼ ਵਿਚ ਦਾਖਲ ਹੋਣ ਤੋਂ ਪਹਿਲਾਂ ਸਾਡੇ ਪਾਸਪੋਰਟ ਕਰੂਜ਼ ਅਧਿਕਾਰੀਆਂ ਨੇ ਆਪਣੇ ਕੋਲ ਰੱਖ ਲਏ,ਸਾਨੂੰ ਕੀ ਕਾਰਡ ਜਾਰੀ ਕਰ ਦਿੱਤੇ|ਇਹ ਜ਼ਿੰਦਗੀ ਦਾ ਪਹਿਲਾ ਅਦਭੁੱਤ ਅਨੁਭਵ ਸੀ, ਜਿਸ ਨੂੰ ਮਾਨਣ ਲਈ ਕਰੂਜ਼ ਵਿਚ ਪਹਿਲਾ ਕਦਮ ਰੱਖਿਆ| ਪ੍ਰਮਾਤਮਾਂ ਦਾ ਲੱਖ-ਲੱਖ ਸ਼ੁਕਰ ਕੀਤਾ ,ਜਿਸ ਨੇ ਜ਼ਿੰਦਗੀ ਵਿਚ ਇਹੋ ਜਿਹੀਆਂ ਖੁਸ਼ੀਆਂ ਨੂੰ ਮਾਨਣ ਦੇ ਪਲ ਬਖਸ਼ੇ|
ਵੀਵੋ ਸਿਟੀ ਦੇ ਨਜ਼ਦੀਕ ਸਿੰਗਾਪੁਰ ਕਰੂਜ਼ ਪੋਰਟ ਬਣਿਆ ਹੋਇਆ ਹੈ|ਇਹ ਪੋਰਟ ਦੁਨੀਆਂ ਦੇ ਸਭ ਤੋਂ ਵੱਡੇ ਕਰੂਜ਼ ਪੋਰਟਾਂ ਵਿਚੋਂ ਨੌਵੇਂ ਸਥਾਨ ਤੇ ਹੈ|ਇਥੇ ਦੋ ਟਰਮੀਨਲ ਬਣੇ ਹੋਏ ਹਨ|ਇੱਕ ਇੰਟਰਨੈਸ਼ਨਲ ਪੈਸੰਜਰ ਟਰਮੀਨਲ ਤੇ ਦੂਜਾ ਰੀਜਨਲ ਫ਼ੈਰੀ ਟਰਮੀਨਲ ਹੈ|ਸਾਲ ਭਰ ਦੇ ਵਿੱਚ 7 ਮਿਲੀਅਨ ਲੋਕ ਕਰੂਜ਼ ਤੇ ਫ਼ੈਰੀ ਦਾ ਸਫ਼ਰ ਕਰਦੇ ਹਨ |9,50,000 ਯਾਤਰੀ ਕਰੂਜ਼ ਦਾ ਸਫ਼ਰ ਕਰਦੇ ਹਨ|ਇਥੋਂ ਫ਼ੈਰੀ ਰਾਂਹੀ ਆਸ- ਪਾਸ ਦੇ ਦੇਸ਼ਾਂ ਨੂੰ ਜਾਇਆ ਜਾਂਦਾ ਹੈ|ਇਥੋਂ ਫ਼ੈਰੀ ਰਾਂਹੀ ਇੰਡੋਨੇਸ਼ੀਆ ਵੀ ਜਾ ਸਕਦੇ ਹਾਂ ਜੋ ਇਸ ਦੇ ਨਜ਼ਦੀਕ ਹੀ ਹੈ|
ਜਿਸ ਕਰੂਜ਼ ਵਿਚ ਅਸੀਂ ਦੋ ਰਾਤਾਂ ਦੇ ਸਫ਼ਰ ਦਾ ਆਨੰਦ ਮਾਨਣਾ ਹੈ| ਇਸ ਨੂੰ “ ਸੁਪਰ ਸਟਾਰ ਜੈਮਿਨੀ “ ਕਰੂਜ਼ ਦੇ ਨਾਂ ਨਾਲ ਜਾਣਿਆ ਜਾਂਦਾ ਹੈ|ਇਸ ਸਮੁੰਦਰੀ ਜਹਾਜ਼ ਦੀ ਲੰਬਾਈ 230 ਮੀਟਰ(759.59 ਫੁੱਟ)ਅਤੇ 29 ਮੀਟਰ ਚੌੜਾਈ(95.14 ਫੁੱਟ) ਹੈ|ਇਸ ਵਿਚ 765 ਕਮਰੇ ਵੱਖ-ਵੱਖ ਕੈਟਾਗਿਰੀ ਦੇ ਬਣੇ ਹੋਏ ਹਨ|ਇਸ ਵਿਚ 1530 ਮੁਸਾਫ਼ਿਰਾਂ ਦੇ ਰਹਿਣ ਦਾ ਪ੍ਰਬੰਧ ਹੁੰਦਾ ਹੈ,ਬਾਕੀ ਸਟਾਫ਼ ਅਲੱਗ ਹੁੰਦਾ ਹੈ|ਇਸ ਦੇ ਚੱਲਣ ਦੀ ਸਪੀਡ 18 ਤੋਂ 20 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ|
ਕਰੂਜ਼ ਦੇ ਵਿੱਚ ਦਾਖਲ ਹੁੰਦੇ ਹੀ ਸੱਜੇ ਹੱਥ ਖੂਬਸੂਰਤ ਰਿਸ਼ੈਪਸ਼ਨ ਸੀ| ਉਸੇ ਹੀ 7ਵੀ ਮੰਜ਼ਿਲ ਉਪਰ ਖੱਬੇ ਹੱਥ ਸਾਡਾ ਪਹਿਲਾ ਹੀ ਕਮਰਾ ਸੀ| ਕਮਰੇ ਦਾ ਦਰਵਾਜ਼ਾ ਕੀ ਕਾਰਡ ਨਾਲ ਖੋਲਿਆ ਤੇ ਅੰਦਰ ਦਾਖਲ ਹੋਏ| ਕਮਰੇ ਦੀ ਖੂਬਸੂਰਤੀ ਨੂੰ ਦੇਖ ਦਿਲ ਖੁਸ਼ ਹੋ ਗਿਆ|ਮਖਮਲੀ ਕਾਰਪੈਟ, ਸਿੰਗਲ-ਸਿੰਗਲ ਦੋ ਬੈੱਡ ਉਸ ਤੋਂ ਅੱਗੇ ਸੋਫਾ ਸੈੱਟ ਸਾਹਮਣੇ ਖਿੜਕੀ ਜਿਸ ਵਿਚੋਂ ਪੂਰਾ ਸਮੁੰਦਰ ਦਾ ਨਜ਼ਾਰਾ ਨਜ਼ਰ ਆਉਂਦਾ ਸੀ|ਕਰੂਜ਼ ਸੰਬੰਧੀ ਸਾਰਾ ਲਿਟਰੇਚਰ ਅੰਦਰ ਪਿਆ ਸੀ|ਗੇਟ ਦੇ ਅੰਦਰ ਦਾਖਲ ਹੋਣ ਸਾਰ ਵਾਸ਼ ਰੂਮ ਤੇ ਸੱਜੇ ਹੱਥ ਕਲੋਜਿੱਟ ਸੀ|ਕਮਰੇ ਨੂੰ ਬਹੁਤ ਹੀ ਸੁੰਦਰ ਸਜਾਇਆ ਹੋਇਆ ਸੀ|ਕੁਝ ਯਾਦਗਾਰੀ ਤਸਵੀਰਾਂ ਲਈਆਂ| ਮਨ ਸਮੁੰਦਰੀ ਜਹਾਜ਼ ਨੂੰ ਅੰਦਰੋਂ ਦੇਖਣ ਲਈ ਉਤਾਵਲਾ ਸੀ|ਲਿਫਟ ਰਾਂਹੀ ਕਰੂਜ਼ ਦੀ ਉਪਰਲੀ ਛੱਤ ਤੇ ਚਲੇ ਗਏ, ਹਨੇਰਾ ਹੋ ਚੁਕਿਆ ਸੀ| ਇਕ ਪਾਸੇ ਸਿੰਗਾਪੁਰ ਲਾਈਟਾਂ ਨਾਲ ਜਗ-ਮਗਾ ਰਿਹਾ ਸੀ ਤੇ ਦੂਸਰੇ ਪਾਸੇ ਵਿਸ਼ਾਲ ਸਮੁੰਦਰ ਸੀ|ਕਰੂਜ਼ ਦੀ ਛੱਤ ਉਪਰ ਬਹੁਤ ਰੌਣਕ ਸੀ| ਕਰੂਜ਼ ਆਪਣੇ ਠੀਕ ਸਮੇਂ ਤੇ ਰਾਤ 9 ਵਜੇ ਆਪਣੀ ਮੰਜ਼ਿਲ ਲਈ ਰਵਾਨਾ ਹੋ ਗਿਆ ਜਿਓਂ-ਜਿਓਂ ਸਿੰਗਾਪੁਰ ਤੋਂ ਦੂਰ ਹੁੰਦਾ ਗਿਆ ਨਜ਼ਾਰਾ ਉਨਾਂ ਹੀ ਖੂਬਸੂਰਤ ਹੁੰਦਾ ਜਾ ਰਿਹਾ ਸੀ|ਕਰੂਜ਼ ਦੇ ਚੱਲਣ ਦਾ ਬਿਲਕੁਲ ਵੀ ਪਤਾ ਨਹੀ ਲੱਗਦਾ ਸੀ| ਸੈਲਾਨੀ ਸੈਲਫੀਆਂ ,ਫੋਟੋਆਂ ਲੈਣ ਵਿਚ ਮਸ਼ਰੂਫ ਸਨ | ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਸਮੁੰਦਰ ਵਿੱਚ ਸ਼ਹਿਰ ਤੁਰਿਆ ਜਾ ਰਿਹਾ ਹੋਵੇ|ਉਪਰ ਸਵਿਮਿੰਗ ਪੂਲ ਬਣੇ ਹੋਏ ਸਨ|ਖਾਣ – ਪੀਣ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਸੀ |ਮੁਸਾਫ਼ਿਰਾਂ ਦੇ ਮਨੋਰੰਜਨ ਲਈ ਸਟੇਜ ਉਪਰ ਮਿਊਜਿਕ ਵੱਜ ਰਿਹਾ ਸੀ|ਇਸ ਨਜ਼ਾਰੇ ਨੂੰ ਸਬਦਾਂ ਵਿਚ ਬਿਆਨ ਕਰਨਾ ਨਾ-ਮੁਮਕਿਨ ਹੈ ਸਿਰਫ਼ ਇਸ ਨੂੰ ਮਾਣਿਆ ਹੀ ਜਾ ਸਕਦਾ ਹੈ|ਕਰੂਜ਼ ਵਿੱਚ ਖਾਣੇ ਦਾ ਸਮਾਂ ਨਿਸ਼ਚਿਤ ਹੁੰਦਾ ਹੈ|ਡਿਨਰ ਦਾ ਸਮਾਂ ਰਾਤ 8 ਤੋਂ 9-30 ਵਜੇ ਤੱਕ ਹੀ ਸੀ| ਵਾਰ-ਵਾਰ ਅਨਾਉਂਸਮੈਂਟ ਹੋ ਰਹੀ ਸੀ| ਅਸੀਂ ਸਵਾ 9 ਵਜੇ ਖਾਣੇ ਲਈ ਦਾਖਲ ਹੋਏ ਉਥੇ ਕਾਫੀ ਭੀੜ ਸੀ| ਕਰੂਜ਼ ਵਿੱਚ ਖਾਣ ਪੀਣ ਲਈ ਦੋ ਰੈਸਟੋਰੈਂਟ ਸਨ| ਅਸੀਂ ਖਾਣਾ ਖਾ ਕੇ ਨਜ਼ਾਰਿਆਂ ਨੂੰ ਮਾਨਣ ਲਈ ਉਪਰ ਪਹੁੰਚ ਗਏ|ਉਪਰ ਦੀ ਚਕਾਚੌਂਧ ਵਿਆਹ ਵਰਗੀ ਸੀ |ਕੁਝ ਦੇਰ ਸਮੁੰਦਰੀ ਹਵਾ ਦੇ ਬੁਲਿਆਂ ਦਾ ਆਨੰਦ ਮਾਣਿਆ ਤੇ ਉਸ ਤੋਂ ਬਾਅਦ ਅਸੀਂ ਲਿਫਟ ਰਾਹੀਂ ਰਿਸ਼ੈਪਸ਼ਨ ਤੇ ਆਏ ਉਥੋਂ ਜਾਣਕਾਰੀ ਮਿਲੀ ਕਿ ਕੱਲ ਨੂੰ ਕਰੂਜ਼ ਆਪਣੀ ਮੰਜ਼ਿਲ ਪੋਰਟ ਕਲੈਂਗ ਪੁੱਜਣ ਤੇ ਸਾਡੇ ਕੋਲ 8ਘੰਟੇ ਦਾ ਸਮਾਂ ਹੋਵੇਗਾ| ਉਸ ਨੂੰ ਮਾਨਣ ਲਈ ਕਰੂਜ਼ ਵੱਲੋਂ ਬੱਸਾਂ ਦਾ ਪ੍ਰਬੰਧ ਕੀਤਾ ਹੋਇਆ ਸੀ|ਇਹਨਾ ਬੱਸਾਂ ਵਿੱਚ ਸਵਾਰ ਹੋ ਕੇ ਪੋਰਟ ਕਲੈਂਗ ਤੋਂ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਜਾਣਾ ਸੀ|ਅਸੀਂ ਆਪਣੀਆ ਚਾਰ ਸੀਟਾਂ ਬੁੱਕ ਕਰਵਾ ਦਿਤੀਆਂ ਜਿਨ੍ਹਾਂ ਦਾ ਕਿਰਾਇਆ 67 ਡਾਲਰ ਪ੍ਰਤੀ ਵਿਅਕਤੀ ਸੀ|ਉਸ ਤੋਂ ਬਾਅਦ ਅਸੀਂ ਇੰਟਰਟੇਨਮੈਂਟ ਲਈ ਥੇਟਰ ਹਾਲ ਵਿਚ ਚਲੇ ਗਏ,ਉਥੇ ਮੈਜਿਕ ਸ਼ੋ ਚੱਲ ਰਿਹਾ ਸੀ|ਕੁਝ ਦੇਰ ਅਸੀਂ ਸ਼ੋ ਦਾ ਅਨੰਦ ਮਾਣਿਆ|ਡਿਉਟੀ ਫਰੀ ਸ਼ੌਪਿੰਗ ਏਰੀਆ ਜੋ 6000 ਫੁੱਟ ਦੇ ਕਰੀਬ ਸੀ ਨੂੰ ਘੁੰਮ ਫਿਰ ਕੇ ਦੇਖਿਆ ,ਜਿਸ ਵਿੱਚ ਹਰ ਤਰਾਂ ਦੀ ਖਰੀਦਾਰੀ ਦੀ ਸੁਵਿਧਾ ਸੀ|ਹਰ ਤਰਾਂ ਦੀ ਵਾਇਨ,ਵਿਸਕੀ,ਸਕਾਚ ਮਿਲਦੀ ਸੀ|ਮੁਕਦੀ ਗੱਲ ਕਰੂਜ਼ ਵਿੱਚ ਤੁਸੀਂ ਜ਼ਿੰਦਗੀ ਦਾ ਹਰ ਨਜ਼ਾਰਾ ਮਾਣ ਸਕਦੇ ਹੋ|ਇਸ ਚਕਾਚੌਂਧ ਵਿਚ ਨੀਂਦ ਤਾਂ ਕਿਧਰੇ ਹੀ ਗਾਇਬ ਹੋ ਗਈ ਸੀ ,ਪਤਾ ਹੀ ਨਹੀ ਚੱਲਿਆ ਰਾਤ ਦੇ 12-30 ਕਦੋਂ ਵੱਜ ਗਏ|
ਅੱਜ 8 ਸਤੰਬਰ ਦਿਨ ਵੀਰਵਾਰ ਦੀ ਸ਼ੁਭ ਸਵੇਰ ਦੇ ਕੁਦਰਤੀ ਨਜ਼ਾਰਿਆਂ ਨੂੰ ਤੱਕਣ ਲਈ 5.30 ਵਜੇ ਹੀ ਉਠ ਕੇ ਬਾਹਰ ਜੌਗਿੰਗ ਟਰੈਕ ਉਪਰ ਆ ਗਏ| ਸਾਡਾ ਰੂਮ ਇਸੇ ਟਰੈਕ ਉਪਰ ਹੀ ਸੀ|ਬਾਹਰ ਹਲਕਾ ਹਨੇਰਾ ਸੀ ,ਸ਼ਾਂਤ ਸਮੁੰਦਰ,ਠੰਡੀ- ਠੰਡੀ ਹਵਾ ਦੇ ਬੁੱਲੇ, ਦੂਰ ਧਰਤੀ ਦੇ ਕਿਨਾਰੇ ਕਿਤੇ-ਕਿਤੇ ਲਾਈਟਾਂ ਨਜ਼ਰ ਆ ਰਹੀਆਂ ਸਨ| ਅਕਾਸ਼ ਵਿੱਚ ਬੱਦਲਵਾਈ ਸੀ|ਕੁਦਰਤ ਦੇ ਇਸ ਅਦਭੁੱਤ ਨਜ਼ਾਰੇ ਨੂੰ ਤੱਕਣਾ ਵੀ ਇਕ ਖੁਸ਼ ਨਸੀਬੀ ਹੁੰਦੀ ਹੈ ਜਦੋਂ ਰਾਤ ਦਿਨ ਦੇ ਵਿੱਚ ਤਬਦੀਲ ਹੁੰਦੀ ਹੈ ਜਾਂ ਜਦੋਂ ਦਿਨ ਰਾਤ ਨੂੰ ਗਲਵੱਕੜੀ ਪਾ ਉਸ ਦੇ ਆਂਚਲ ਵਿਚ ਸਮਾ ਜਾਂਦਾ ਹੈ |ਇਸ ਇਕ-ਇਕ ਪਲ ਨੂੰ ਮਾਨਣ ਦਾ ਆਪਣਾ ਹੀ ਅਨੰਦ ਹੁੰਦਾ ਹੈ ਉਦੋਂ ਕੁਦਰਤ ਨਾਲ ਗੱਲਾਂ ਹੁੰਦੀਆਂ ਹਨ | ਉਸ ਨਾਲ ਪਿਆਰ ਹੁੰਦਾ ਹੈ ,ਉਸ ਮੋਹ ਵਿਚ ਕੁਦਰਤ ਦੇ ਵਾਰੇ-ਵਾਰੇ ਜਾਣ ਨੂੰ ਦਿਲ ਕਰਦਾ ਹੈ|ਇਹ ਸਭ ਤੁਹਾਡੇ ਉਪਰ ਨਿਰਭਰ ਕਰਦਾ ਹੈ ਤੁਸੀਂ ਇਸ ਨੂੰ ਕਿਵੇਂ ਮਾਣਦੇ ਹੋ| ਮਾਨਣ ਲਈ ਤਾਂ ਨਿਕੀਆਂ-ਨਿਕੀਆਂ ਖੁਸ਼ੀਆਂ ਹੀ ਬਹੁਤ ਹੁੰਦੀਆਂ ਹਨ|ਅਗਰ ਨਹੀਂ ਮਾਨਣਾ ਤਾਂ ਵੱਡੀਆਂ-2 ਨਿਆਮਤਾਂ ਵੀ ਚੁੱਪ ਕਰ ਕੇ ਕੋਲ ਦੀ ਗੁਜ਼ਰ ਜਾਂਦੀਆਂ ਹਨ|
ਸੋ ਮੈ ਤੇ ਮੇਰੇ ਜੀਵਨ ਸਾਥੀ ਨੇ ਇਨ੍ਹਾਂ ਪਲਾਂ ਨੂੰ ਪੂਰਾ ਮਾਣਿਆ ਅਸੀਂ ਕਰੂਜ਼ ਦੁਆਲੇ ਜੌਗਿੰਗ ਟਰੈਕ ਦਾ ਇਕ ਪੂਰਾ ਚੱਕਰ ਲਾ ਕੇ ਸਮੁੰਦਰ ਦੇ ਚਾਰੇ ਪਾਸੇ ਦਾ ਨਜ਼ਾਰਾ ਤੱਕਿਆ, ਹੋਲੀ –ਹੋਲੀ ਦਿਨ ਚੜਦਾ ਜਾ ਰਿਹਾ ਸੀ|ਪਰ ਸੂਰਜ ਨੂੰ ਚੜਦੇ ਵੇਖਣ ਦੀ ਰੀਝ ਬੱਦਲਾਂ ਨੇ ਪੂਰੀ ਨਹੀਂ ਹੋਣ ਦਿੱਤੀ,ਪਰ ਇਹ ਵੀ ਉਸ ਦਾ ਆਪਣਾ ਇਕ ਖੂਬਸੂਰਤ ਦ੍ਰਿਸ਼ ਸੀ|ਉਸ ਤੋਂ ਬਾਅਦ ਅਸੀਂ ਉਪਰਲੀ ਛੱਤ ਤੇ ਜਾ ਕੇ ਕੁਦਰਤ ਦੇ ਬਲਿਹਾਰੇ ਗਏ|ਹੋਰ ਸੈਲਾਨੀ ਵੀ ਉਪਰ ਇਹਨਾ ਨਜ਼ਾਰਿਆਂ ਨੂੰ ਮਾਣ ਰਹੇ ਸਨ|ਕੁਝ ਲੋਕ ਸਵਿਮਿੰਗ ਪੂਲ ਵਿਚ ਨਹਾਉਣ ਦੇ ਨਜ਼ਾਰੇ ਲੈ ਰਹੇ ਸਨ|
ਅਸੀਂ ਕਮਰੇ ਵਿੱਚ ਆ ਕੇ ਤਿਆਰ ਹੋ ਕੇ ਫਿਰ ਉਪਰ ਚਲੇ ਗਏ| ਅੱਜ ਸਵੇਰ ਦਾ ਨਾਸ਼ਤਾ ਉਪਰ ਹੀ ਕਰਨਾ ਸੀ| ਬ੍ਰੇਕਫਾਸਟ ਵਿੱਚ ਹਰ ਤਰਾਂ ਦੇ ਪਕਵਾਨ ਤਿਆਰ ਸਨ|ਅਸੀਂ ਇਛਾ ਅਨੁਸਾਰ ਸਵੇਰ ਦਾ ਨਾਸ਼ਤਾ ਲਿਆ ਤੇ ਫਿਰ ਅਸੀਂ ਉਪਰੋਂ ਪੌੜੀਆਂ ਰਾਹੀਂ ਬਾਹਰ ਦੀ ਕਰੂਜ਼ ਦੇ ਬੈਕਸਾਈਡ ਵੱਲ ਥੱਲੇ ਉਤਰਨ ਲੱਗੇ ਇਸ ਦੇ ਬੈਕਸਾਈਡ ਵੱਲ ਦਾ ਦ੍ਰਿਸ਼ ਬਹੁਤ ਸੁੰਦਰ ਸੀ|ਉਥੇ ਵੀ ਇਕ ਸਵਿਮਿੰਗ ਪੂਲ ਸੀ|ਬੈਕਸਾਈਡ ਉਪਰ ਪਾਣੀ ਦੀਆਂ ਲਹਿਰਾਂ ਨੂੰ ਦੇਖ ਕੇ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਕਰੂਜ਼ ਸਮੁੰਦਰ ਦੇ ਗੁਦ-ਗਦਾੜੀਆਂ ਕਰਦਾ ਜਾ ਰਿਹਾ ਹੋਵੇ| ਸਾਡੀ ਕੋਸ਼ਿਸ਼ ਹੁੰਦੀ ਜਹਾਜ਼ ਦੇ ਇਕ-ਇਕ ਕੋਨੇ ਨੂੰ ਤੱਕਣ ਦੀ| ਕਰੂਜ਼ ਆਪਣੀ ਮੰਜ਼ਿਲ ਵੱਲ ਵਧਦਾ ਜਾ ਰਿਹਾ ਸੀ| ਆਸ ਪਾਸ ਮਾਲ ਢੋਣ ਵਾਲੇ ਜਹਾਜ਼ ਕੰਨਟੇਨਰਾਂ ਦੇ ਭਰੇ ਜਾ ਰਹੇ ਸਨ|ਹੁਣ ਧਰਤੀ ਦਾ ਵੱਡਾ ਹਿੱਸਾ ਸਮੁੰਦਰ ਵਾਲੀ ਸਾਈਡ ਨਜ਼ਰ ਆ ਰਿਹਾ ਸੀ,ਜਿਸ ਉਪਰ ਬਹੁਤ ਸੰਘਣਾ ਜੰਗਲ ਸੀ|ਅਸੀਂ ਪੋਰਟ ਕਲੈਂਗ ਦੇ ਨੇੜੇ ਪੁੰਹਚ ਰਹੇ ਸੀ|ਅੱਜ 11 ਵਜੇ ਦੁਪਿਹਰ ਦਾ ਖਾਣਾ ਖਾਧਾ , ਕਰੂਜ਼ ਪੋਰਟ ਕਲੈਂਗ ਦੇ ਪੋਰਟ ਤੇ ਲੱਗਣ ਦੀ ਤਿਆਰੀ ਵਿੱਚ ਸੀ|ਠੀਕ 12ਵਜੇ ਅਸੀਂ ਪੋਰਟ ਕਲੈਂਗ ਪਹੁੰਚ ਗਏ|
ਸਿੰਗਾਪੁਰ ਤੋਂ ਮਲੇਸ਼ੀਆ ਦੀ ਦੂਰੀ ਸੜਕ ਰਾਂਹੀ 350 ਕਿਲੋਮੀਟਰ ਹੈ ,ਕਾਰ ਵਿੱਚ 5 ਘੰਟੇ ਦਾ ਸਮਾਂ ਲੱਗਦਾ ਹੈ| ਹਵਾਈ ਸਫ਼ਰ ਸਿਰਫ਼ 55 ਮਿੰਟ ਦਾ ਹੈ ਅਤੇ ਸਮੁੰਦਰੀ ਸਫ਼ਰ ਅਸੀਂ ਪੋਰਟ ਕਲੈਂਗ ਤੱਕ 15 ਘੰਟੇ ਵਿੱਚ ਪੂਰਾ ਕੀਤਾ ਹੈ |ਇਥੋਂ ਕੁਆਲਾਲੰਪੁਰ 54 ਕਿਲੋਮੀਟਰ ਦੂਰ ਹੈ|ਬੱਸ ਰਾਂਹੀ 1-20 ਮਿੰਟ ਦਾ ਸਫ਼ਰ ਹੈ|ਅਸੀਂ ਸਾਰੇ 7 ਨੰਬਰ ਡੈਕ ਤੇ ਇੱਕਠੇ ਹੋ ਗਏ| ਸਾਨੂੰ ਬੱਸ ਦਾ ਨੰਬਰ ਅਲਾਟ ਕਰ ਦਿੱਤਾ ਸੀ |ਕਰੂਜ਼ ਸੇਂਟਰ ਦੇ ਬਾਹਰ ਬੱਸਾਂ ਸਾਡੀ ਇੰਤਜ਼ਾਰ ਵਿੱਚ ਖੜੀਆਂ ਸਨ| ਮੌਸਮ ਬਰਸਾਤੀ ਹੋ ਰਿਹਾ ਸੀ ਹਲਕੀ-ਹਲਕੀ ਫੁਹਾਰ ਪੈ ਰਹੀ ਸੀ|ਥੋੜੀ ਦੇਰ ਬਾਅਦ ਬੱਸਾਂ ਕੁਆਲਾਲੰਪੁਰ ਲਈ ਰਵਾਨਾ ਹੋ ਗਈਆਂ,ਗਾਈਡ ਨੇ ਸਾਰਿਆਂ ਦਾ ਸਵਾਗਤ ਕੀਤਾ ਤੇ ਆਪਣੀ ਜਾਣ-ਪਹਿਚਾਣ ਕਰਾਈ ਅਤੇ ਸਾਨੂੰ ਕੁਆਲਾਲੰਪੁਰ ਬਾਰੇ ਸੰਖੇਪ ਜਾਣਕਾਰੀ ਦਿੱਤੀ|
ਕੁਝ ਦੇਰ ਬਾਅਦ ਅਸੀਂ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿਚ ਦਾਖਲ ਹੋ ਗਏ| ਸ਼ਹਿਰ ਦੀਆਂ ਉਚੀਆਂ ਇਮਾਰਤਾਂ, ਖੂਬਸੂਰਤ ਅਤੇ ਸਾਫ਼ ਸੁਥਰਾ ਹਰਿਆ- ਭਰਿਆ ਨਜ਼ਰ ਆ ਰਿਹਾ ਸੀ|ਗਾਈਡ ਜਾਂਦੇ-ਜਾਂਦੇ ਆਸ- ਪਾਸ ਦੇ ਪ੍ਰਸਿਧ ਸਥਾਨਾਂ ਬਾਰੇ ਜਾਣਕਾਰੀ ਦਿੰਦਾ|ਅਸੀਂ ਨੈਸ਼ਨਲ ਟੇਕ੍ਸਟਾਇਲ ਮਿਊਜੀਅਮ ਦੇ ਸਾਹਮਣੇ ਇਕ ਪਾਰਕ ਵਿਚ ਕੁਝ ਸਮੇਂ ਲਈ ਰੁਕੇ ਤੇ ਤਸਵੀਰਾਂ ਲਈਆਂ| ਇਥੋਂ ਚੱਲ ਕੇ ਅਸੀਂ ਕੇ .ਐਲ. ਟਾਵਰ ਵੱਲ ਵਧਣ ਲੱਗੇ |ਇਹ ਇਕ ਉਚੀ ਪਹਾੜੀ ਉਪਰ ਸਥਿਤ ਹੈ|ਇਥੋਂ ਦੀ ਸਭ ਤੋਂ ਉਚੀ ਇਮਾਰਤ ਕੇ. ਐਲ ਟਾਵਰ ਦੇ ਨਾਂ ਨਾਲ ਪ੍ਰਸਿਧ ਹੈ ਤੇ ਕੁਆਲਾਲੰਪੁਰ ਦੀ ਪਹਿਚਾਣ ਹੈ|ਅਸੀਂ ਲਿਫਟ ਰਾਹੀਂ 54 ਸੈਕਿੰਡ ਵਿੱਚ ਇਸ ਦੇ ਉਪਰ ਪਹੁੰਚ ਗਏ|ਇਸ ਦੀ ਛੱਤ 335 ਮੀਟਰ(1099 ਫੁੱਟ) ਉਚੀ ਹੈ ਇਸ ਦਾ ਐਨਟੀਨਾ ਸਪਾਇਰ 421 ਮੀਟਰ(1381 ਫੁੱਟ) ਉਚਾ ਹੈ |ਇਸ ਦੇ ਉਪਰ 6 ਮੰਜਿਲਾਂ ਬਣੀਆਂ ਹੋਈਆਂ ਹਨ|ਇਸ ਦਾ ਉਦਘਾਟਨ 01 ਅਕਤੂਬਰ 1996 ਨੂੰ ਹੋਇਆ ਸੀ|ਇਹ ਸੈਲਾਨੀਆਂ ਲਈ ਮਨੋਰੰਜਨ ਅਤੇ ਖਿਚ ਦਾ ਕੇਂਦਰ ਹੈ |ਇਸ ਦੇ ਐਨਟੀਨੇ ਨੂੰ ਟੈਲੀਵਿਜ਼ਨ ਅਤੇ ਰੇਡੀਓ ਦੇ ਪ੍ਰਸਾਰਣ ਲਈ ਵਰਤਿਆ ਜਾਂਦਾ ਹੈ|ਇਸ ਉਪਰ ਘੁੰਮਦਾ ਹੋਇਆ ਰੈਸਟੋਰੈਂਟ ਬਣਿਆ ਹੋਇਆ ਹੈ ਜਿਸ ਵਿੱਚ ਤੁਸੀਂ ਡਿਨਰ ਕਰਦੇ ਹੋਏ ਪੂਰੇ ਸ਼ਹਿਰ ਨੂੰ 360 ਡਿਗਰੀ ਤੋਂ ਦੇਖਣ ਦਾ ਨਜ਼ਾਰਾ ਲੈ ਸਕਦੇ ਹੋ|ਅਸੀਂ ਇਸ ਦੀ ਗੈਲਰੀ ਵਿੱਚ ਦਾਖਲ ਹੋ ਕੇ ਸ਼ਹਿਰ ਦੇ ਨਜ਼ਾਰੇ ਨੂੰ ਤੱਕਿਆ,ਪੂਰਾ ਸ਼ਹਿਰ ਨੀਮ ਪਹਾੜੀ ਏਰੀਏ ਵਿੱਚ ਵਸਿਆ ਹੋਇਆ ਹੈ ਉਚੀਆਂ-2 ਇਮਾਰਤਾਂ ਕੰਕਰੀਟ ਦੇ ਜੰਗਲ ਵਾਂਗ ਨਜ਼ਰ ਆ ਰਹੀਆਂ ਸਨ| ਇਥੋਂ ਨਜ਼ਦੀਕ ਹੀ ਟਵਿਨ ਟਾਵਰ ਵੀ ਨਜ਼ਰ ਆ ਰਿਹਾ ਸੀ|ਸਾਰੀਆਂ ਦਿਸ਼ਾਵਾਂ ਤੋਂ ਤਸਵੀਰਾਂ ਨੂੰ ਕੈਦ ਕਰ ਕੇ ਵਾਪਿਸ ਥੱਲੇ ਆ ਗਏ|
ਇਸ ਦੇ ਬਿਲਕੁਲ ਨਜ਼ਦੀਕ ਹੀ ਇਕ ਹੋਰ ਰੋਮਾਂਚਕ ਅੱਪ ਸਾਇਡ ਡਾਉਨ ਹਾਊਸ ਬਣਿਆ ਹੋਇਆ ਹੈ| ਬਾਹਰੋਂ ਦੇਖਣ ਨੂੰ ਪੁੱਠਾ ਘਰ,ਕਾਰ ਉਪਰੋਂ ਪੁੱਠੀ ਲਟਕ ਰਹੀ ਸੀ|ਇਹ ਸੈਲਾਨੀਆਂ ਲਈ ਇਕ ਨਵਾਂ ਰੋਮਾਂਚ ਹੈ|ਘਰ ਦੇ ਵਿਚ ਸਾਰਾ ਕੁਝ ਉਲਟਾ ਬਣਿਆ ਹੋਇਆ |ਇਸ ਵਿਚ ਤੁਸੀਂ ਆਪਣੀ ਫੋਟੋ ਖਿਚ ਕੇ ਪੁੱਠੀ ਕਰਕੇ ਦੇਖਣਾ ਫਿਰ ਘਰ ਸਿਧਾ ਲਗੇਗਾ ਤੇ ਤੁਹਾਡੀ ਫੋਟੋ ਇਸ ਤਰਾਂ ਲਗੇਗੀ ਕਿ ਤੁਸੀਂ ਪੁੱਠੇ ਲਟਕ ਰਹੇ ਹੋ|
ਇਸ ਤੋਂ ਬਾਅਦ ਅਸੀਂ ਇਥੋਂ ਦੀ ਪ੍ਰਸਿਧ ਕੋਕੋ ਬੁਟੀਕ ਚਾਕਲੇਟ ਫ਼ੈਕਟਰੀ ਗਏ|ਜਿਸ ਵਿੱਚ ਚਾਕਲੇਟ ਦੀ ਸਾਰੀ ਹਿਸਟਰੀ ,ਚਾਕਲੇਟ ਕਿਸ ਤਰਾਂ ਪੈਦਾ ਹੁੰਦਾ ਹੈ ਫਿਰ ਇਸ ਨੂੰ ਕਿਸ ਤਰਾਂ ਵੱਖ 2 ਸਵਾਦਾਂ, ਫਲੇਵਰਾਂ ਵਿਚ ਬਣਾਇਆ ਜਾਂਦਾ ਹੈ|ਅਨੇਕਾਂ ਪ੍ਰਕਾਰ ਦੇ ਚਾਕਲੇਟ ਵਖੋ ਵਖ ਸ਼ੇਪਾਂ ਵਿਚ ਤਿਆਰ ਕੀਤੇ ਹੋਏ ਸਨ|ਬਹੁਤ ਸਾਰੇ ਫਲੇਵਰ ਦੇ ਚਾਕਲੇਟ ਦਾ ਸਵਾਦ ਚਖਿਆ|
ਇਸ ਤੋਂ ਬਾਅਦ ਅਸੀਂ ਕੁਆਲਾਲੰਪੁਰ ਦੇ ਵਿਚ ਸੈਲਾਨੀਆਂ ਦੀ ਖਿਚ ਦਾ ਕੇਂਦਰ ਪੈਟਰੋਨਾਜ਼ ਮੀਨਾਰ ਨੂੰ ਵੇਖਣ ਪਹੁੰਚ ਗਏ ਜਿਸ ਨੂੰ ਜਿਆਦਾਤਰ ਲੋਕ ਟਵਿਨ- ਟਾਵਰ( ਜੁੜਵਾਂ ) ਦੇ ਨਾਂ ਨਾਲ ਜਾਣਦੇ ਹਨ|ਇਹ ਵੀ ਮਲੇਸ਼ੀਆ ਦਾ ਸਭ ਤੋਂ ਵੱਡਾ ਪਹਿਚਾਣ ਚਿਨ੍ਹ ਹੈ|ਇਨ੍ਹਾਂ ਟਾਵਰਾਂ ਦੀ ਉਚਾਈ 452 ਮੀਟਰ( 1483 ਫੁੱਟ) ਹੈ ਇਸ ਨੂੰ ਬਣਾਉਣ ਵਿੱਚ 6 ਸਾਲ ਦਾ ਸਮਾਂ 1996 ਵਿਚ ਬਣ ਕੇ ਤਿਆਰ ਹੋ ਗਏ ਸਨ |ਇਸ ਦੀਆਂ ਕੁੱਲ 88 ਮੰਜਿਲਾਂ ਹਨ ਇਕ ਟਾਵਰ ਵਿੱਚ 40 ਲਿਫਟਾਂ ਲਗੀਆਂ ਹੋਈਆਂ ਹਨ |ਇਸ ਦੀ ਵਰਤੋਂ ਕਮਰਸ਼ੀਅਲ ਆਫਿਸ ਵਜੋਂ ਕੀਤੀ ਜਾਂਦੀ ਹੈ|ਇਨ੍ਹਾਂ ਜੁੜਵੀਆਂ ਇਮਾਰਤਾਂ ਦੇ ਵਿਚਾਲੇ 41 ਅਤੇ 42 ਵੀਂ ਮੰਜ਼ਿਲ ਤੇ ਹਵਾ ਵਿੱਚ ਲਟਕਦੇ ਪੁਲ ਨਾਲ ਜੋੜਿਆ ਹੋਇਆ ਹੈ|ਇਨ੍ਹਾਂ ਟਵਿਨ ਟਾਵਰਾਂ ਨੂੰ 1998 ਤੋਂ 2004 ਤੱਕ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਦਾ ਮਾਣ ਹਾਸਲ ਰਿਹਾ ਹੈ |ਇਸ ਦੇ ਪੈਰਾਂ ਵਿਚ ਸੂਰੀਆ ਕੇ. ਐਲ.ਸੀ.ਸੀ ਮਾਲ ਖਿਚ ਦਾ ਕੇਂਦਰ ਹੈ|ਇਸ ਦੇ ਅੱਗੇ ਖੁੱਲੀ ਥਾਂ ਨੂੰ ਪਾਰਕ ਦੇ ਰੂਪ ਵਿਚ ਸ਼ਿੰਗਾਰਿਆ ਹੋਇਆ ਹੈ|ਆਸ ਪਾਸ ਹੋਰ ਵੀ ਇਮਾਰਤਾਂ ਇਮਾਰਤ ਸਾਜੀ ਦਾ ਨਮੂਨਾ ਹਨ|ਸਾਡੇ ਕੋਲ ਸਮੇਂ ਦੀ ਘਾਟ ਹੋਣ ਕਰਕੇ ਸਮੇਂ ਸਿਰ ਕੁਆਲਾਲੰਪੁਰ ਨੂੰ ਅਲਵਿਦਾ ਕਹਿ ਕੇ, ਬੱਸ ਵਿੱਚ ਸਵਾਰ ਹੋ 6.30 ਵਜੇ ਪੋਰਟ ਕਲੈਂਗ ਪਹੁੰਚ ਗਏ|
ਰਾਤ ਨੂੰ 8 ਵਜੇ ਕਰੂਜ਼ ਵਾਪਿਸੀ ਸਫ਼ਰ ਲਈ ਚੱਲ ਪਿਆ| ਰਹਿੰਦੇ ਕਰੂਜ਼ ਨੂੰ ਤੱਕਣ ਲਈ ਮਨ ਉਤਾਵਲਾ ਸੀ|ਕਮਰੇ ਵਿਚ ਆ ਕੇ ਥੋੜਾ ਅਰਾਮ ਕੀਤਾ |ਫਿਰ ਰਾਤ ਦੇ ਖਾਣੇ ਲਈ ਡਿਨਰ ਹਾਲ ਵਿਚ ਪਹੁੰਚ ਗਏ ਓਥੇ ਪੂਰੀ ਰੌਣਕ ਸੀ|ਖਾਣੇ ਤੋਂ ਬਾਅਦ ਜਿਸ ਮੰਜਿਲ ਨੂੰ ਅਸੀਂ ਦੇਖਿਆ ਉਸ ਵਿਚ ਕੈਸੀਨੋ ਸੀ |ਅਨੇਕਾਂ ਪ੍ਰਕਾਰ ਦੀਆਂ ਗੇਮਾਂ ਲੋਕ ਮਸਤੀ ਨਾਲ ਖੇਡ ਰਹੇ ਸਨ|ਪ੍ਰੰਤੂ ਕੈਸੀਨੋ ਦੀ ਕੋਈ ਵੀ ਖੇਡ ਮੇਰੀ ਸਮਝ ਵਿਚ ਨਹੀ ਆਈ ਕਿਓਂਕਿ ਮੈ ਕਦੇ ਤਾਸ਼ ਵੀ ਨਹੀ ਖੇਡਿਆ ਇਸ ਲਈ ਇਹ ਮੇਰੇ ਵੱਸ ਤੋਂ ਬਾਹਰ ਸੀ|ਅਸੀਂ ਖੇਡਦਿਆਂ ਨੂੰ ਹੀ ਦੇਖ ਕੇ ਅਨੰਦ ਲਿਆ |ਫਿਰ ਅਸੀਂ ਥੇਟਰ ਵਿਚ ਸੰਗੀਤ ਮਈ ਸ਼ਾਮ ਦਾ ਅਨੰਦ ਮਾਣਿਆ ਇਕ ਵਾਰ ਫਿਰ ਕਰੂਜ਼ ਦੀ ਉਪਰਲੀ ਛੱਤ ਤੇ ਚਲੇ ਗਏ| ਚੰਦ ਚਾਨਣੀ ਰਾਤ, ਬੱਦਲ ਵਾਈ ਵਾਲਾ ਮੌਸਮ , ਸ਼ਾਂਤ ਸਮੁੰਦਰ ਤੇ ਠੰਡੀ–ਠੰਡੀ ਮਸਤ ਫਿਜ਼ਾ ਬਹੁਤ ਹੀ ਸੁਹਾਨਾ ਸਫ਼ਰ ਲੱਗ ਰਿਹਾ ਸੀ|ਚੰਨ ਦਾ ਬੱਦਲਾਂ ਦੇ ਘੁੰਡ ਵਿਚੋ ਚੋਰੀ-ਚੋਰੀ ਤੱਕਣਾ ਬਹੁਤ ਹੀ ਲੁਭਾਵਣਾ ਲੱਗਦਾ ਸੀ|ਇਹੋ ਜਿਹਾ ਕੁਦਰਤ ਦਾ ਨਜ਼ਾਰਾ ਮਨ ਵਿਚ ਬਹੁਤ ਉਮੰਗਾਂ ਪੈਦਾ ਕਰਦਾ ਹੈ|ਇਸ ਨਾਲ ਜ਼ਿੰਦਗੀ ਵਿਚ ਅੱਗੇ ਵਧਣ ਦੀ ਪ੍ਰੇਰਣਾ ਮਿਲਦੀ ਹੈ ਤੇ ਜ਼ਿੰਦਗੀ ਨੂੰ ਜਿਓਣ ਦਾ ਸਲੀਕਾ ਆਉਂਦਾ ਹੈ|ਜ਼ਿੰਦਗੀ ਵਿਚ ਮਿਹਨਤ ਕਰਨ ਨੂੰ ਦਿਲ ਕਰਦਾ ਹੈ|
ਅੱਜ 9 ਸਤੰਬਰ ਦਿਨ ਸ਼ੁਕਰਵਾਰ ਨੂੰ ਸ਼ੁਭ ਸਵੇਰ ਕਹਿਣ ਲਈ ਕਰੂਜ਼ ਦੇ ਉਪਰ ਚਲੇ ਗਏ |ਕੁਦਰਤ ਦਾ ਸੁਹੱਪਣ ਡੁੱਲ- ਡੁੱਲ ਪੈਦਾ ਸੀ|ਸਮੁੰਦਰ ਦੀ ਸ਼ੀਤਲਤਾ ਮਨ ਨੂੰ ਸ਼ਾਂਤ ਕਰ ਰਹੀ ਸੀ ਇਕਾਗਰ ਮਨ ਪ੍ਰਮਾਤਮਾਂ ਨਾਲ ਰੁ-ਬਰੂ ਹੋਣ ਲਈ ਸਹਾਈ ਹੁੰਦਾ ਹੈ|ਕੁਝ ਸਵਾਰ ਇਸ ਸਮੇਂ ਦਾ ਅਨੰਦ ਧਿਆਨ ਸਾਧਨਾ ਕਰ ਕੇ ਲੈ ਰਹੇ ਸਨ|ਇਹੋ ਜਿਹਾ ਸੁਹਾਨਾ ਇਕਾਂਤ ਕਦ-ਕਦ ਨਸੀਬ ਹੁੰਦਾ ਹੈ ਜਦੋਂ ਉਪਰ ਵਿਸ਼ਾਲ ਨੀਲਾ ਗਗਨ ਤੇ ਥੱਲੇ ਵਿਸ਼ਾਲ ਨੀਲਾ ਸਮੁੰਦਰ ਹੋਵੇ, ਦੁਨੀਆ ਤੋਂ ਬੇ-ਖ਼ਬਰ, ਸ਼ੋਰ- ਸ਼ਰਾਬੇ ਤੋਂ ਦੂਰ....... ਉਸ ਕੁਦਰਤ ਦੀ ਬਾਤ ਪਾਈ ਜਾ ਸਕਦੀ ਹੋਵੇ|ਇਹੋ ਜਿਹੇ ਪਲਾਂ ਨੂੰ ਮਾਨਣ ਲਈ ਮਨੁੱਖ ਨੂੰ ਤਾਂਘ ਹੋਣੀ ਚਾਹੀਦੀ ਹੈ ਚਾਹੇ ਮਨੁੱਖ ਵ੍ਹੀਲ ਚੇਅਰ ਉਪਰ ਹੀ ਕਿਓਂ ਨਾ ਹੋਵੇ, ਇਹੋ ਜਿਹੀ ਇਕ ਔਰਤ ਨੂੰ ਦੇਖ ਮੇਰਾ ਮਨ ਬਹੁਤ ਖੁਸ਼ ਹੋਇਆ| ਇਸੇ ਨੂੰ ਹੀ ਜ਼ਿੰਦਗੀ ਜਿਓਣ ਦਾ ਜਜ਼ਬਾ ਕਹਿੰਦੇ ਹਨ|ਸਮਾਂ ਪਲ-ਪਲ ਬੀਤਦਾ ਜਾ ਰਿਹਾ ਸੀ|ਅਸੀਂ ਆਪਣਾ ਸਮਾਨ ਪੈਕ ਕਰ ਦਿੱਤਾ|ਅਸੀਂ ਆਪਣੀ ਮੰਜ਼ਿਲ ਵੱਲ ਵਧ ਰਹੇ ਸੀ|ਇਸ ਹੁਸੀਨ ਸਫ਼ਰ ਵਿਚ ਕੁਝ ਅਜਨਬੀ ਹਮਸਫ਼ਰਾਂ ਨਾਲ ਦਿਲਾਂ ਦੀ ਸਾਂਝ ਬਣੀ|ਅੱਜ ਦੁਪਿਹਰ ਦੇ ਖਾਣੇ ਦਾ ਟਾਈਮ ਜਲਦੀ ਸੀ| ਕਰੂਜ਼ ਨੇ 12 ਵਜੇ ਸਿੰਗਾਪੁਰ ਪੋਰਟ ਉਪਰ ਪਹੁੰਚਣਾ ਸੀ|ਉਸ ਤੋਂ ਪਹਿਲਾਂ ਅਸੀਂ ਵੇਲਾ- ਵਿਸਤਾ ਰੇਸਟੋਰੈਂਟ ਵਿਚ ਖਾਣਾ ਖਾਧਾ |ਇਥੇ ਅੰਤਰਾਸ਼ਟਰੀ ਪਕਵਾਨ ਪਰੋਸੇ ਹੋਏ ਸਨ|ਕੁਝ ਯਾਦਗਾਰੀ ਤਸਵੀਰਾਂ ਲਈਆਂ| ਇਕ ਵਾਰ ਆਖਰੀ ਝਾਤ ਮਾਰਨ ਲਈ ਕਰੂਜ਼ ਦੇ ਸੌਪਿੰਗ ਏਰੀਏ ਵਿਚ ਗਏ,ਥੇਟਰ ਹਾਲ ਨੂੰ ਨਿਹਾਰਿਆ,ਮਨ ਭਰ ਕੇ ਕਰੂਜ਼ ਨੂੰ ਤੱਕਿਆ|ਛੱਤ ਉਪਰੋਂ ਫਿਰ ਦੂਰੋਂ ਸਿੰਗਾਪੁਰ ਦੇ ਨਜ਼ਾਰਿਆ ਨੂੰ ਤੱਕਿਆ,ਹੁਣ ਸਮੁੰਦਰ ਵਿਚ ਫ਼ੈਰੀ, ਛੋਟੇ ਸ਼ਿਪ, ਮਾਲ ਢੋਂਣ ਵਾਲੇ ਜਹਾਜ਼ਾਂ ਦੀ ਭੀੜ ਹੋ ਗਈ ਸੀ|ਹੋਲੀ-ਹੋਲੀ ਕਰੂਜ਼ ਆਪਣੇ ਟਿਕਾਣੇ ਤੇ ਆ ਲੱਗਿਆ|
ਅਸੀਂ ਕਰੂਜ਼ ਵਿਚੋਂ ਬਾਹਰ ਆਏ , ਫਿਰ ਸਾਰੀ ਕਾਰਵਾਈ ਇਮੀਗ੍ਰੇਸ਼ਨ ਦੀ ਹੋਈ |ਸਾਡੇ ਪਾਸਪੋਰਟ ਸਾਨੂੰ ਵਾਪਿਸ ਕਰ ਦਿੱਤੇ| ਮਨੋਰੰਜਨ ਗਰੁਪ ਦੇ ਮੈਬਰਾਂ ਨੇ ਸਾਰੇ ਮੁਸਾਫ਼ਿਰਾਂ ਦਾ ਖੁਸ਼ੀ ਨਾਲ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ|
ਪੋਰਟ ਦੇ ਬਾਹਰ ਗੱਡੀ ਦਾ ਡਰਾਈਵਰ ਸਾਡਾ ਇੰਤਜ਼ਾਰ ਕਰ ਰਿਹਾ ਸੀ |ਅਸੀਂ ਗੱਡੀ ਵਿਚ ਸਵਾਰ ਹੋ ਵਾਪਿਸ ਉਸੇ ਹੋਟਲ ਪਹੁੰਚ ਗਏ|ਇਸ ਵਾਰ ਸਾਨੂੰ 14ਵੀਂ ਮੰਜ਼ਿਲ ਉਪਰ ਕਮਰਾ ਮਿਲਿਆ| ਇਥੋਂ ਸ਼ਹਿਰ ਦਾ ਦ੍ਰਿਸ਼ ਪਹਿਲਾਂ ਨਾਲੋਂ ਵੀ ਹੋਰ ਖੂਬਸੂਰਤ ਨਜ਼ਰ ਆ ਰਿਹਾ ਸੀ|ਸਿੰਗਾਪੁਰ ਵਿਚ ਬਰਸਾਤ ਦਾ ਕੋਈ ਭਰੋਸਾ ਨਹੀ ਕਿ ਕਦੋਂ ਆ ਜਾਵੇ,ਹਲਕੀ ਬਰਸਾਤ ਨੇ ਮੌਸਮ ਨੂੰ ਬਹੁਤ ਹੀ ਸੁਹਾਵਣਾ ਬਣਾ ਦਿੱਤਾ|ਅੱਜ ਅਸੀਂ ਗੁਰੂਦਵਾਰਾ ਸਾਹਿਬ ਜਾਣ ਦਾ ਪ੍ਰੋਗਰਾਮ ਬਣਾਇਆ , ਹੋਟਲ ਤੋਂ ਪੈਦਲ ਹੀ ਹਲਕੀ ਬਰਸਾਤ ਦਾ ਅਨੰਦ ਮਾਣਦੇ ਹੋਏ ਮੁਸਤਫ਼ਾ ਮਾਲ ਵੱਲ ਨੂੰ ਹੋ ਤੁਰੇ ,ਪੁਛਦੇ ਪੁਛਾਉਂਦੇ ਅਸੀਂ ਸੈਰਾਗੂਨ ਰੋਡ ਗੁਰੂਦਵਾਰਾ ਸਾਹਿਬ ਪਹੁੰਚ ਗਏ| ਗੁਰੂ ਦੇ ਨਤਮਸਤਿਕ ਹੋ ਕੇ ਥੱਲੇ ਆਏ |ਉਥੇ ਕੁਝ ਵਿਦਿਆਰਥੀਆਂ ਨਾਲ ਮੁਲਾਕਾਤ ਹੋਈ ਜੋ ਇੰਡੀਆ ਤੋਂ ਸਿੰਗਾਪੁਰ ਪੜਾਈ ਕਰਨ ਆਏ ਹੋਏ ਸਨ ਜੋ ਸਾਡੇ ਇਲਾਕੇ ਦੇ ਹੀ ਸਨ ਓਹਨਾ ਨਾਲ ਕੁਝ ਗੱਲਾਂ ਬਾਤਾਂ ਹੋਈਆ,ਓਹਨਾ ਦੇ ਭਵਿਖ ਬਾਰੇ ਵਿਚਾਰ ਚਰਚੇ ਹੋਏ|ਰਾਤ ਦਾ ਖਾਣਾ ਲਿਟਲ ਇੰਡੀਆ ਏਰੀਏ ਵਿਚ ਖਾਨਸਾਮਾ ਰੇਸਟੋਰੈਂਟ ਵਿਚ ਕੀਤਾ|ਕਰੂਜ਼ ਦੀ ਯਾਦ ਸੁਪਨਿਆਂ ਵਿਚ ਵੀ ਆਉਂਦੀ ਰਹੀ|
ਖੁਸ਼ੀਆਂ ਦੇ ਪਲ ਬੀਤਦਿਆਂ ਪਤਾ ਹੀ ਨਹੀ ਚੱਲਦਾ,ਨਾਂ ਕੰਮ ਕਾਰ ਦਾ ਬੋਝ, ਨਾ ਕੋਈ ਦੁਨੀਆਦਾਰੀ ਦਾ ਫ਼ਿਕਰ ਹਰ ਰੋਜ਼ ਕੁਝ ਨਵਾਂ ਹੀ ਦੇਖਣ ਨੂੰ ਮਿਲਦਾ| ਅੱਜ 10 ਸਤੰਬਰ ਸਨਿਚਰਵਾਰ ਹੋ ਗਿਆ ਰੋਜ਼ਾਨਾ ਦੀ ਤਰਾਂ ਸਵੇਰ ਦਾ ਨਾਸ਼ਤਾ ਕਰਕੇ ਹੋਟਲ ਲੌਬੀ ਵਿਚ ਪਹੁੰਚ ਗਏ |10ਵਜੇ ਡਰਾਈਵਰ ਗੱਡੀ ਲੈ ਕੇ ਆ ਗਿਆ|ਗੱਡੀ ਵਿਚ ਸਵਾਰ ਹੋ ਕੇ ਅਸੀਂ ਸੰਤੋਸਾ ਆਈਲੈਂਡ ਲਈ ਰਵਾਨਾ ਹੋ ਗਏ|ਸੰਤੋਸਾ ਆਈਲੈਂਡ ਉਪਰ ਪਹੁੰਚਣ ਲਈ ਇਕ ਸਮੁੰਦਰ ਦੇ ਉਪਰ ਪੁਲ ਰਾਹੀਂ ,ਦੂਜਾ ਮੋਨੋਰੇਲ ਰਾਹੀਂ ਜਾਇਆ ਜਾਂਦਾ ਹੈ , ਤੀਜਾ ਸਭ ਤੋਂ ਰੋਮਾਂਚਿਕ ਕੇਬਲ ਕਾਰ ਰਾਹੀਂ ਸੀ|ਅਸੀਂ ਕੇਬਲ ਕਾਰ ਰਾਹੀਂ ਜਾਣ ਦੀਆਂ ਟਿਕਟਾਂ ਪਹਿਲਾਂ ਹੀ ਲਈਆਂ ਹੋਈਆਂ ਸਨ|ਡਰਾਈਵਰ ਸਾਨੂੰ ਗੱਡੀ ਰਾਂਹੀ ਇਸ ਦੇ ਸਟੇਸ਼ਨ ਉਪਰ ਲੈ ਗਿਆ ਜੋ ਇਕ ਉਚੀ ਪਹਾੜੀ ਉਪਰ ਬਣਿਆ ਹੋਇਆ ਸੀ |ਜਿਸ ਨੂੰ ਪੀਕ ਮਾਉੰਟ (ਫ਼ੇਬਰ ਪੀਕ ਸਟੇਸ਼ਨ) ਦੇ ਨਾਂ ਨਾਲ ਜਾਣਿਆ ਜਾਂਦਾ ਹੈ|ਇਸ ਦੀ ਉਚਾਈ ਸਮੁੰਦਰ ਤਲ ਤੋ 300 ਫੁੱਟ ਹੈ|ਅਸੀਂ ਟਿਕਟ ਚੈਕ ਕਰਵਾ ਕੇ ਟਰਾਲੀ ਵਿਚ ਸਵਾਰ ਹੋ ਗਏ ਜੋ ਪੂਰੀ ਵਾਤਾ ਅਨੁਕੂਲ ਸੀ|ਇਸ ਵਿਚ 6 ਮੁਸਾਫਰਾਂ ਦੇ ਬੈਠਣ ਦੀ ਸਮਰਥਾ ਹੈ|ਟਰਾਲੀ ਬਾਹਰੋਂ ਆਟੋਮੈਟਿਕ ਬੰਦ ਹੋ ਜਾਂਦੀ ਹੈ,ਚਲਦੀ ਹੋਈ ਹੋਲੀ-ਹੋਲੀ ਅੱਗੇ ਵਧਣ ਲੱਗੀ|ਥੱਲੇ ਸਮੁੰਦਰ ਦਾ ਦ੍ਰਿਸ਼ ਬਹੁਤ ਹੀ ਖੂਬਸੂਰਤ ਨਜ਼ਰ ਆਉਣ ਲਗਿਆ ਦੂਰ-ਦੂਰ ਤੱਕ ਦੇ ਨਜ਼ਾਰੇ ਵੇਖਣ ਯੋਗ ਸਨ|ਇਨ੍ਹਾਂ ਪਲਾਂ ਨੂੰ ਕੈਮਰਿਆਂ ਵਿਚ ਕੈਦ ਕਰਨ ਲੱਗੇ|ਉਪਰੋਂ ਕਰੂਜ਼ ਸੈਂਟਰ ਵੀ ਨਜ਼ਰ ਆ ਰਿਹਾ ਸੀ|ਸਮੁੰਦਰ ਦੇ ਵਿਚ ਇਸ ਦਾ ਪਹਿਲਾ ਟਾਵਰ 260 ਫੁੱਟ ਉਚਾ ਹੈ ਉਸ ਤੋਂ ਹੁੰਦੀ ਹੋਈ ਹਾਰਬਰ ਫਰੰਟ ਸਟੇਸ਼ਨ ਤੇ ਪਹੁੰਚ ਗਈ ਇਸ ਦੀ ਉਚਾਈ ਵੀ225 ਫੁੱਟ ਹੈ| ਦੋਨੋ ਸਾਈਡ ਤੇ ਟਰਾਲੀਆਂ ਜਾ ਤੇ ਆ ਰਹੀਆਂ ਸਨ|ਇਹ ਅਨੁਭਵ ਵੀ ਹਵਾਈ ਸਫ਼ਰ ਦੀ ਤਰਾਂ ਹੀ ਹੈ|ਪੁਲਾਂ ਦੇ ਉਪਰ ਚੱਲਦਾ ਟ੍ਰੇਫ਼ਿਕ ਬਹੁਤ ਸੁੰਦਰ ਲਗਦਾ ਸੀ|ਇਸ ਤੋਂ ਅਗਲਾ ਸਟੇਸ਼ਨ ਮਰਲਿਨ ਪੌਇੰਟ ਜੋ ਸੰਤੋਸਾ ਆਈਲੈਂਡ ਉਪਰ ਬਣਿਆ ਹੋਇਆ ਹੈ| ਇਥੋਂ ਟਰਾਲੀ ਬਦਲ ਕੇ ਦੂਜੀ ਕੇਬਲ ਕਾਰ ਵਿਚ ਸਵਾਰ ਹੋ ਗਏ|ਉਪਰੋਂ ਚਲਦੇ ਹੋਏ ਯੂਨੀਵਰਸਲ ਸਟੂਡੀਓ ਤੇ ਸੰਤੋਸਾ ਆਈਲੈਂਡ ਦੇ ਘਣੇ ਜੰਗਲ ਦੀ ਹਰਿਆਵਲ ਮਨ ਨੂੰ ਮੋਂਹਦੀ ਸੀ ਅਤੇ ਆਈਲੈਂਡ ਦੇ ਬੀਚ ਖੂਬਸੂਰਤ ਲੱਗ ਰਹੇ ਸਨ |ਇਨ੍ਹਾਂ ਨਜ਼ਾਰਿਆਂ ਨੂੰ ਤੱਕ ਦੇ ਹੋਏ ਸਲੋਸੋ ਬੀਚ ਤੇ ਪਹੁੰਚ ਗਏ|ਇਸ ਬੀਚ ਉਪਰ ਰੀਜ਼ੋਰਟ ਵੀ ਬਣੇ ਹੋਏ ਹਨ|ਛੋਟੇ –ਛੋਟੇ ਟਾਪੂ ਬਹੁਤ ਸੁੰਦਰ ਲੱਗਦੇ ਹਨ|ਇਸ ਬੀਚ ਤੇ ਤੁਸੀਂ ਜ਼ਿੰਦਗੀ ਦੇ ਪਲਾਂ ਨੂੰ ਖੂਬਸੂਰਤੀ ਨਾਲ ਮਾਣ ਸਕਦੇ ਹੋ|ਇਥੇ ਤੁਸੀਂ ਅਨੇਕਾਂ ਵੱਖ- ਵੱਖ ਰੋਮਾਂਚਕ ਖੇਡਾਂ ਦਾ ਅਨੰਦ ਲੈ ਸਕਦੇ ਹੋ|ਦੇਖਣ ਲਈ ਬਹੁਤ ਕੁਝ ਹੈ ਪ੍ਰੰਤੂ ਸਮੇਂ ਦੀ ਘਾਟ ਰਹਿੰਦੀ ਹੈ|ਅਸੀਂ ਸਲੋਸੋ ਬੀਚ ਦੀ ਸੁੰਦਰਤਾ ਨੂੰ ਮਾਣ ਵਾਪਿਸ ਕੇਬਲ ਕਾਰ ਰਾਹੀਂ ਮਰਲਿਨ ਪੌਇੰਟ ਤੇ ਆ ਗਏ|
ਇਥੋਂ ਅਸੀਂ ਟਾਈਗਰ ਸਕਾਈ ਟਾਵਰ (ਘੁੰਮਦਾ ਡਿਸਕ ਨੁਮਾਂ ਕੈਬਿਨ) ਵਿਖੇ ਪਹੁੰਚ ਗਏ |ਇਸ ਦੀ ਜਮੀਨ ਤੋਂ ਉਚਾਈ 110 ਮੀਟਰ(360 ਫੁੱਟ) ਹੈ ਜੋ 36ਮੰਜ਼ਿਲ ਦੇ ਬਰਾਬਰ ਹੈ|ਇਹ ਇਕ ਪਿਲਰ ਦੇ ਦੁਆਲੇ ਵੱਡੀ ਡਿਸਕ ਦੀ ਸ਼ੇਪ ਵਿਚ ਕੇਬਿਨ ਬਣਿਆ ਹੋਇਆ ਹੈ ਜਿਸ ਦੇ ਆਲੇ ਦੁਆਲੇ ਸ਼ੀਸ਼ੇ ਲੱਗੇ ਹੋਏ ਤੇ ਪੂਰਾ ਵਾਤਾ ਅਨੁਕੂਲ ਹੈ ,ਇਸ ਵਿਚ 72 ਵਿਅਕਤੀਆਂ ਦੇ ਬੈਠਣ ਦੀ ਸਮਰਥਾ ਹੈ|299 ਫੁੱਟ ਉਚਾਈ ਤੱਕ ਜਾ ਕੇ ਤੁਸੀਂ ਚਾਰੋਂ ਦਿਸ਼ਾਵਾਂ ਦੇ ਦ੍ਰਿਸ਼ ਨੂੰ ਨਿਹਾਰ ਸਕਦੇ ਹੋ|ਅਸੀਂ ਸਾਰੇ ਇਸ ਵਿਚ ਸਵਾਰ ਹੋ ਗਏ ,ਬਹੁਤ ਹੀ ਹੌਲੀ-ਹੌਲੀ ਡਿਸਕ ਨੇ ਘੁੰਮਦੇ ਹੋਏ ਉਪਰ ਨੂੰ ਜਾਣਾ ਸ਼ੁਰੂ ਕੀਤਾ ,ਸਾਰੀਆਂ ਦਿਸ਼ਾਵਾਂ ਨੂੰ ਘੁੰਮਦੇ ਹੋਏ ਨਿਹਾਰਿਆ
ਤੇ ਵੀਡੀਓ ਰਾਹੀਂ ਇਨ੍ਹਾਂ ਪਲਾਂ ਨੂੰ ਸੰਭਾਲਿਆ ,ਦ੍ਰਿਸ਼ ਲਾ ਜਵਾਬ ਸੀ ਪੂਰਾ ਸਿੰਗਾਪੁਰ,ਸੰਤੋਸਾ ਆਈਲੈਂਡ, ਯੂਨੀਵਰਸਲ ਸਟੂਡੀਓ ਤੇ ਵਿਸ਼ਾਲ ਸਮੁੰਦਰ ਦੇ ਨਜ਼ਾਰੇ ਦੇਖ ਮੂੰਹੋਂ ਸਿਰਫ਼ ਵਾਹ- ਵਾਹ ਹੀ ਨਿਕਲਦੀ ਸੀ |ਜਿਓਂ- ਜਿਓਂ ਉਪਰ ਨੂੰ ਜਾਂਦੇ ਦ੍ਰਿਸ਼ ਹੋਰ ਵੀ ਸੁਹਵਾਨੇ ਲੱਗਦੇ |ਇਹਨਾ ਪਲਾਂ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਨਾ- ਮੁਮਕਿਨ ਹੈ| ਸਿਰਫ਼ 7 ਮਿੰਟ ਦਾ ਸਮਾਂ ਆਪਣੇ ਆਪ ਵਿਚ ਇਕ ਵਿਲੱਖਣ ਨਜ਼ਾਰਾ ਪੇਸ਼ ਕਰ ਦਿੰਦਾ ਹੈ|
ਉਸ ਤੋਂ ਬਾਅਦ ਅਸੀਂ ਸਿੰਗਾਪੁਰ ਇਮੇਜਿਜ ਨੂੰ ਦੇਖਣ ਲਈ ਪਹੁੰਚ ਗਏ| ਇਥੇ ਸਾਨੂੰ ਇਕ ਕਿਸ਼ਤੀ ਵਿਚ ਬਿਠਾ ਕੇ ਹਨੇਰੀ ਗੁਫ਼ਾ ਵਿਚ ਲੈ ਗਏ|ਇਸ ਦੇ ਅੰਦਰ ਸਿੰਗਾਪੁਰ ਦੀਆਂ ਮਸ਼ਹੂਰ ਥਾਵਾਂ ਨੂੰ ਲਾਈਟ ਇਫੇਕਟ ਰਾਹੀਂ ਦਿਖਾਇਆ|ਇਸ ਦੇ ਦੂਜੇ ਭਾਗ ਵਿਚ ਦੁਨੀਆ ਦੀ ਮਸ਼ਹੂਰ ਆਰਟਿਸਟ ਮੈਡਮ ਤੁਸਾਦ ਦੀ ਟੀਮ ਵੱਲੋਂ ਸਿੰਗਾਪੁਰ ਦੇ ਵਿਚ ਏਸ਼ੀਆ ਦਾ ਸੱਤਵਾਂ ਵੈਕਸ ਮਿਊਜੀਅਮ ਬਣਾਇਆ ਗਿਆ ,ਜਿਸ ਦਾ ਉਦਘਾਟਨ 25 ਅਕਤੂਬਰ 2014 ਨੂੰ ਕੀਤਾ ਗਿਆ|ਇਹ ਸੰਤੋਸ਼ਾ ਆਈਲੈਂਡ ਉਪਰ ਇੰਬਿਆਹ ਲੁੱਕ ਆਉਟ ਏਰੀਏ ਵਿਚ ਸਥਿਤ ਸੈਲਾਨੀਆਂ ਦੀ ਖਿਚ ਦਾ ਕੇਂਦਰ ਹੈ|ਇਸ ਵਿਚ ਦੁਨੀਆ ਦੇ ਪ੍ਰਸਿਧ ਰਾਜਨੇਤਾ, ਫਿਲਮ ਐਕਟਰ ,ਖਿਡਾਰੀ,ਗਾਇਕ ਅਤੇ ਹੋਰ ਮਹਾਨ ਸ਼ਖਸ਼ੀਅਤਾਂ ਦੇ ਮੋਮ ਦੇ ਆਦਮ ਕੱਦ ਪੁਤਲੇ ਬਣਾਏ ਹੋਏ ਹਨ|ਹੱਥ ਨਾਲ ਛੋਹਿਆਂ ਪਤਾ ਵੀ ਨਹੀਂ ਚੱਲਦਾ ਕਿ ਇਹ ਵੈਕਸ ਦੇ ਹੀ ਪੁਤਲੇ ਹਨ ਬਹੁਤ ਹੀ ਖੂਬਸੂਰਤ ਕਮਾਲ ਦੀ ਕਲਾਕਾਰੀ ਦਾ ਨਮੂਨਾ ਹੈ|ਹੁਣੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸ਼ਾਮਿਲ ਕੀਤਾ ਹੈ, ਇਸ ਤੋਂ ਇਲਾਵਾ ਮਹਾਤਮਾਂ ਗਾਂਧੀ, ਸ਼ਾਹਰੁਖ ਖਾਨ, ਅਮਿਤਾਬ ਬਚਨ, ਐਸ਼ਵਰਿਆ ਰਾਏ, ਮਾਧੁਰੀ ਦੀਕਸ਼ਤ, ਸਚਿਨ ਤੇਂਦੁਲਕਰ,ਬਰਾਕ ਓਬਾਮਾ, ਮਾਈਕਲ ਜੇਕਸ਼ਨ ਅਤੇ ਹੋਰ ਅਨੇਕਾਂ ਮਹਾਨ ਸਖਸ਼ੀਅਤਾਂ ਦੇ ਪੁਤਲੇ ਬਹੁਤ ਹੀ ਖਿਚ ਪਾਉਂਦੇ ਹਨ|ਦੁਨੀਆ ਦੀ ਮਸ਼ਹੂਰ ਵੈਕਸ ਮੂਰਤੀਕਾਰ ਮੈਰੀ ਤੁਸਾਦ ਨੇ 1836 ਵਿਚ ਸਭ ਤੋਂ ਪਹਿਲਾਂ ਲੰਦਨ ਦੇ ਵਿਚ ਵੈਕਸ ਮਿਊਜੀਅਮ ਦੀ ਸਥਾਪਨਾ ਕੀਤੀ ਸੀ|ਹੁਣ ਵਿਸ਼ਵ ਦੇ ਪ੍ਰਮੁੱਖ ਸ਼ਹਿਰਾਂ ਵਿਚ ਇਸ ਦੀਆਂ ਸ਼ਾਖਾਵਾਂ ਹਨ|

ਇਸ ਤੋਂ ਅਗਲੀ ਖਿਚ ਬਟਰਫ਼ਲਾਈ ਪਾਰਕ ਸੀ| ਥੋੜਾ ਨਾਲ ਹੀ ਪੈਦਲ ਬਟਰਫ਼ਲਾਈ ਅਤੇ ਇੰਸੇਕਟ ਕਿੰਗਡਮ ਗਾਰਡਨ ਵਿਚ ਜਾ ਦਾਖਲ ਹੋਏ|ਇਸ ਵਿਚ ਦੁਨੀਆ ਭਰ ਦੀਆਂ ਖੂਬਸੂਰਤ 15000 ਦੇ ਕਰੀਬ ਤਿਤਲੀਆਂ ਘੁੰਮ ਰਹੀਆਂ ਸਨ| ਕੋਮਲ,ਸੂਖਮ ਕੁਦਰਤ ਦੇ ਇਸ ਹਸੀਨ ਤੋਹਫ਼ੇ ਨੂੰ ਵੇਖ ਮਨ ਵਾਹ-ਵਾਹ ਕਰ ਉਠਿਆ| ਕੁਦਰਤ ਨੇ ਸਾਡੇ ਜੀਵਨ ਨੂੰ ਹਸੀਨ ਬਣਾਉਣ ਲਈ ਕੀ- ਕੀ ਸਿਰਜਿਆ ਹੈ| ਵਾਹ ਕੁਦਰਤ ਤੇਰਾ ਵੀ ਕੋਈ ਜਵਾਬ ਨਹੀ! ਇਸ ਦੇ ਨਾਲ ਹੀ 1000 ਕਿਸਮਾਂ ਦੇ ਕੁਦਰਤ ਦੀ ਸ੍ਰਿਸ਼ਟੀ ਦਾ ਇਕ ਹਿੱਸਾ ਕੀੜੇ- ਮਕੌੜੇ ਵੀ ਸਨ|
ਇਸ ਤੋਂ ਬਾਅਦ ਅਸੀਂ ਬੱਸ ਵਿਚ ਬੈਠ ਕੇ’ ਸੀ ਅਕੇਰੀਅਮ ਦੇ ਸਾਹਮਣੇ ਪਹੁੰਚ ਗਏ, ਜੋ ਯੂਨੀਵਰਸਲ ਸਟੂਡੀਓ ਦੇ ਸਾਹਮਣੇ ਹੀ ਹੈ ਚਲਦੀ ਹੋਈ ਪੌੜੀ ਰਾਹੀਂ ਥੱਲੇ ਪਹੁੰਚ ਗਏ| ਇਹ ਸਾਉਥ ਈਸਟ ਏਸ਼ੀਆ ਦਾ ਸਿੰਗਾਪੁਰ ਦੇ ਵਿਚ, ਦੁਨੀਆ ਦਾ ਸਭ ਤੋਂ ਵੱਡਾ ਸੀ ਅਕੇਰੀਅਮ ਬਣਿਆ ਹੋਇਆ ਹੈ|ਇਸ ਵਿਚ ਦੁਨੀਆ ਭਰ ਦੇ ਸਮੁੰਦਰੀ ਜੀਵਾਂ ਦੀਆ 800 ਕਿਸਮਾਂ ਦੇ ਇਕ ਲੱਖ ਜੀਵਾਂ ਨੂੰ 10 ਭਾਗਾਂ ਵਿਚ ਵੰਡ ਕੇ 49 ਵਸੇਰਿਆਂ ਵਿਚ ਰੱਖਿਆ ਗਿਆ ਹੈ| ਸਮੁੰਦਰ ਦੀ ਅਜੀਬੋ-ਗਰੀਬ ਦੁਨੀਆਂ ਨੂੰ ਦੇਖ ਕੇ ਕੁਦਰਤ ਦੀ ਕਲਾਕਾਰੀ ਅੱਗੇ ਸਿਰ ਝੁਕਦਾ ਹੈ ਕਿਨਾ ਸੁੰਦਰ ਸੰਸਾਰ ਹੈ ਇਨ੍ਹਾਂ ਜੀਵਾਂ ਦਾ! ਸਮੁੰਦਰ ਦੇ ਵੱਖ-ਵੱਖ ਭਾਗਾਂ ਦੇ ਜੀਵ, ਜਿਵੇਂ ਮਲੱਕਾ ਅਤੇ ਅੰਡੇਮਾਨ ਸੀ, ਬੇ-ਆਫ ਬੰਗਾਲ ਅਤੇ ਲਕਸ਼ਦੀਪ ਸੀ, ਅਰਬੀਅਨ ਸੀ,ਰੈਡ ਸੀ,ਈਸਟ ਅਫਰੀਕਾ,ਸਾਉਥ ਚਾਇਨਾ ਸੀ ਅਤੇ ਸ਼ਾਰਕ ਸੀ ਦੇ ਜੀਵ ਦੇਖਣ ਨੂੰ ਮਿਲਦੇ ਹਨ|ਇਸ ਦੇ ਪਹਿਲੇ ਹਿੱਸੇ ਵਿਚ 12 ਕਿਸਮਾਂ ਦੀਆਂ 100 ਸ਼ਾਰਕ ਮਛੀਆਂ ਹਨ ਇਸ ਵਿਚ 3 ਮੀਟਰ ਲੰਬੀ ਨਰਸ ਸ਼ਾਰਕ ਫਿਸ਼ ਵੀ ਹੈ, ਸ਼ਾਰਕ ਹੇਮਰ ਹੇੱਡ ਫਿਸ਼(ਜਿਸ ਦਾ ਸਿਰ ਹਥੌੜੇ ਵਰਗਾ) ਹੈ|ਦੂਜੇ ਹਿੱਸੇ ਵਿਚ ਛੋਟੀਆਂ ਰੰਗ- ਬਰੰਗੀਆਂ ਮਛੀਆਂ ਦਿਲ ਖਿਚ ਰਹੀਆਂ ਸਨ|ਤੀਜੇ ਭਾਗ ਵਿਚ ਅਫਰੀਕਨ ਟਾਈਗਰ ਫਿਸ਼ ਸੀ|ਚੌਥੇ ਹਿਸੇ ਵਿਚ 120 ਕਿਸਮ ਦੀਆਂ 40000 ਮਛੀਆਂ ਸਨ|ਪੰਜਵੇ ਹਿਸੇ ਵਿਚ ਪੀਲੀ ਧਾਰੀਦਾਰ ਫਿਸ਼, ਛੇਵੇਂ ਨੂੰ ਕੌਰਲ ਗਾਰਡਨ ਦਾ ਨਾਂ ਦਿੱਤਾ ਹੋਇਆ ਸੀ ਜਿਸ ਵਿਚ 110 ਕਿਸਮ ਦੀਆਂ 5000 ਮਛੀਆਂ ਸਨ |ਇਸ ਵਿੱਚ ਜਪਾਨ ਦੀ ਸਪਾਈਡਰ ਕਰੈਬ,ਲਾਇਨ ਫਿਸ਼ (ਸ਼ੇਰ ਮਛੀ) ਅਤੇ ਸਮੁੰਦਰੀ ਘੋੜਾ ਮਛੀ ਵੀ ਸੀ|ਸੀ ਜੈਲੀ ਮਛੀ,ਸਟਾਰ ਫਿਸ਼ ਅਤੇ ਬੋਤਲ ਨੋਜ ਫਿਸ਼ ਵੀ ਸ਼ਾਮਿਲ ਸੀ ਇਸ ਸਮੁੰਦਰੀ ਸੰਸਾਰ ਦੇ ਜੀਵਾਂ ਦਾ ਗਿਆਨ ਰੱਖਣਾ ਬਹੁਤ ਹੀ ਮੁਸ਼ਕਿਲ ਹੈ| ਕੁਦਰਤ ਦੇ ਅਨਮੋਲ ਜੀਵਾਂ ਦੇ ਦਰਸ਼ਨ ਕਰ ਕੇ ਬਹੁਤ ਹੀ ਹੈਰਾਨੀ ਹੁੰਦੀ ਹੈ ਤੇ ਦਿਲ ਬਹੁਤ ਖੁਸ਼ ਹੁੰਦਾ ਹੈ|ਇਸੇ ਤਰਾਂ ਸਾਰੇ ਅਕੇਰੀਅਮ ਦਾ ਚੱਕਰ ਲਾ ਕੇ ਦੁਨੀਆਂ ਦੇ ਸਭ ਤੋਂ ਵੱਡੇ ਡੋਮ ਜਿਸ ਦਾ ਡਾਇਆ 9ਮੀਟਰ ਹੈ ਦੇ ਥੱਲੇ ਪਹੁੰਚ ਗਏ| ਇਸ ਅਕੇਰੀਅਮ ਦਾ ਫਰੰਟ ਪੈਨਲ 36 ਮੀਟਰ ਲੰਬਾ (118ਫੁੱਟ)ਅਤੇ 8.3 ਮੀਟਰ ਉਚਾ(27ਫੁੱਟ)ਹੈ|ਇਸ ਨੂੰ ਵੇਖ ਕੇ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਮਹਾਂ ਸਾਗਰ ਦੇ ਵਿੱਚ ਹੀ ਹੋਈਏ |ਇਸੇ ਲਈ ਇਹ ਅਕੇਰੀਅਮ ਦਾ ਗਿੰਨੀਜ਼ ਵਰਲਡ ਰਿਕਾਰਡ ਵਿਚ ਨਾਂ ਦਰਜ਼ ਹੈ|ਇਸ ਦਾ ਆਨੰਦ ਮਾਣਦੇ ਹੋਏ ਇਕ ਸ਼ੀਸ਼ੇ ਦੀ ਸੁਰੰਗ ਦੇ ਵਿਚ ਦੀ ਇਸ ਅਦਭੁਤ ਸਮੁੰਦਰੀ ਸੰਸਾਰ ਦੀ ਪ੍ਰਸੰਸਾ ਕਰਦੇ ਹੋਏ ਬਾਹਰ ਆ ਗਏ|
ਬੱਸ ਵਿਚ ਸਵਾਰ ਹੋ ਕੇ ਇੰਬੀਆਹ ਸਟੇਸ਼ਨ ਪਹੁੰਚ ਗਏ| ਇਥੋਂ ਅਸੀਂ ਮੋਨੋ ਰੇਲ ਰਾਹੀਂ ਬੀਚ ਸਟੇਸ਼ਨ ਤੇ ਪਹੁੰਚੇ ਸਮਾਂ ਸ਼ਾਮ ਦੇ ਪੰਜ ਵੱਜ ਰਹੇ ਸਨ| ਇਸ ਬੀਚ ਉਪਰ ਸ਼ਾਮ ਨੂੰ ਹਨੇਰਾ ਹੁੰਦੇ ਸਾਰ ਹੀ ਇਕ ਬਹੁਤ ਖੂਬਸੂਰਤ ਲਾਈਟ ਐਂਡ ਸਾਉਂਡ ਪ੍ਰੋਗਰਾਮ ਜਿਸ ਨੂੰ “ ਵਿੰਗਜ਼ ਆਫ ਟਾਈਮਜ਼ “ ਦੇ ਨਾਂ ਨਾਲ ਜਾਣਿਆ ਜਾਂਦਾ ਹੈ , ਇਸ ਦੇ ਦੋ ਸ਼ੋ ਹੁੰਦੇ ਹਨ|ਸੰਤੋਸ਼ਾ ਆਈਲੈਂਡ ਉਪਰ ਹੋਰ ਵੀ ਬਹੁਤ ਅਨੇਕਾਂ ਪ੍ਰਕਾਰ ਦੀਆਂ ਮਨੋਰੰਜਨ ਭਰਪੂਰ ਖੇਡਾਂ ਸਨ|ਇਕ ਹੀ ਦਿਨ ਵਿਚ ਇਨ੍ਹਾ ਕੁਝ ਦੇਖਣਾ ਅਸੰਭਵ ਹੈ|ਸਾਰਾ ਦਿਨ ਘੁੰਮ ਕੇ ਸਰੀਰਕ ਤੌਰ ਤੇ ਕੁਝ ਥਕਾਵਟ ਵੀ ਹੋ ਜਾਂਦੀ ਹੈ|ਇਸ ਸ਼ਾਮ ਦੀ ਥਕਾਵਟ ਨੂੰ ਦੂਰ ਕਰਨ ਲਈ ਇਕ ਖੂਬਸੂਰਤ ਸਮੁੰਦਰੀ ਤੱਟ ਦੇ ਪਾਰਕ ਵਿਚ ਅਰਾਮ ਕਰਨ ਲਈ ਪਹੁੰਚੇ|ਹਰੇ ਭਰੇ ਪਾਰਕ ਦੇ ਸੁੰਦਰ ਮਹੌਲ ਨੇ ਸਾਡੀ ਸਾਰੀ ਥਕਾਵਟ ਪਲਾਂ ਵਿਚ ਹੀ ਦੂਰ ਕਰ ਦਿੱਤੀ,ਤਰੋ-ਤਾਜ਼ਾ ਹੋ ਕੇ ਫਿਰ ਮੋਨੋ ਰੇਲ ਰਾਹੀਂ ਸੰਤੋਸਾ ਆਈਲੈਂਡ ਦੇ ਕੁਝ ਚੱਕਰ ਲਾਏ |ਇਥੇ ਬਹੁਤ ਹੀ ਹਰਿਆਵਲ ਹੈ|ਇਥੇ ਵੀ ਮਰਲਾਇਨ ਦਾ ਬੁੱਤ ਸਥਾਪਿਤ ਹੈ ਜੋ ਸਿੰਗਾਪੁਰ ਦੀ ਪਹਿਚਾਣ ਹੈ|ਇਥੇ ਇਨਡੋਰ ਹਵਾ ਵਿਚ ਉਡਣ ਵਾਲੀ ਰੋਮਾਂਚਕ ਖੇਡ( ਆਈ ਫਲਾਈ) ਦਾ ਅਨੰਦ ਲੈ ਸਕਦੇ ਹੋ|ਤੁਹਾਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਤੁਸੀਂ ਖੁੱਲੇ ਆਸਮਾਨ ਵਿਚ 3000 ਫੁੱਟ ਤੋਂ ਕੁੱਦ ਕੇ ਹਵਾ ਵਿਚ ਤੈਰ ਰਹੇ ਹੋ|ਇਹ ਸਭ ਇਕ ਮਾਹਿਰ ਦੀ ਦੇਖ-ਰੇਖ ਵਿਚ 16.50 ਫੁੱਟ ਖੁੱਲੀ ਤੇ 56.50 ਫੁੱਟ ਉਚੀ ਸੁਰੰਗ ਵਿਚ ਤੇਜ ਹਵਾ ਨਾਲ ਉਡਣ ਦਾ ਮਜ਼ਾ ਲਿਆ ਜਾ ਸਕਦਾ ਹੈ|

ਲੇਖਕ ਆਪਣੀ ਪਤਨੀ ਨਾਲ
ਸੂਰਜ ਆਪਣੀ ਮੰਜ਼ਿਲ ਤਹਿ ਕਰਦਾ ਹੋਇਆ ਸਮੁੰਦਰ ਦੇ ਵਿਚ ਸਮਾਉਣ ਲਈ ਅਗੇ ਵੱਧ ਰਿਹਾ ਸੀ|ਆਸਮਾਨ ਦੇ ਰੰਗ ਬਦਲ ਰਹੇ ਸਨ,ਸਮੁੰਦਰ ਦੇ ਵਿਚ ਉਸ ਦੇ ਰੰਗ ਦੀ ਝਲਕ ਇਕ ਦਿਲਕਸ਼ ਨਜ਼ਾਰਾ ਪੇਸ਼ ਕਰ ਰਹੀ ਸੀ, ਵਿਚ-ਵਿਚ ਬੱਦਲ ਵੀ ਇਸ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਣ ਦਾ ਯਤਨ ਕਰ ਰਹੇ ਸਨ|ਇਹ ਨਜ਼ਾਰੇ ਅਸੀਂ ਵਿੰਗਜ਼ ਆਫ ਟਾਈਮਜ਼ ਪ੍ਰੋਗਰਾਮ ਨੂੰ ਵੇਖਣ ਵਾਲੇ ਸਥਾਨ ਜੋ ਸਮੁੰਦਰ ਦੇ ਕਿਨਾਰੇ ਬਣੇ ਪੱਕੇ ਬੈਂਚਾ ਉਪਰ ਬੈਠ ਕੇ ਤੱਕ ਰਹੇ ਸੀ|ਦਰਸ਼ਕਾਂ ਦੀ ਭੀੜ ਵਧਦੀ ਜਾ ਰਹੀ ਸੀ |ਹੌਲੀ-ਹੌਲੀ ਹਨੇਰਾ ਵਧ ਰਿਹਾ ਸੀ, ਹਜਾਰਾਂ ਦਰਸ਼ਕ ਇਸ ਸ਼ੋ ਦਾ ਅਨੰਦ ਲੈਣ ਲਈ ਉਤਾਵਲੇ ਸਨ|ਇਹ ਸ਼ੋ ਰੋਜ਼ਾਨਾ ਸ਼ਾਮ 7 ਵੱਜ ਕੇ 40 ਮਿੰਟ ਤੇ ਖੁੱਲੇ ਸਮੁੰਦਰ ਦੇ ਕਿਨਾਰੇ, ਸਮੁੰਦਰ ਵਿਚ ਇਕ ਸਟੇਜ ਦੇ ਉਪਰ ਬਹੁਤ ਹੀ ਬਰੀਕ ਜੈਟਾਂ ਦੁਆਰਾ ਪਾਣੀ ਨੂੰ ਸਪਰੇ ਕਰ ਕੇ ਉਸ ਦੇ ਪਰਦੇ ਉਪਰ ਦੋ ਬਚਿਆਂ ਦੀ ਇਕ ਖੂਬਸੂਰਤ ਕਹਾਣੀ ਨੂੰ ਨਵੀਂ ਮਲਟੀ ਮੀਡੀਆ ਤਕਨੀਕ ਅਤੇ ਥ੍ਰੀ ਡੀ ਪ੍ਰੋਜੈਕਟਰਾਂ ਦੁਆਰਾ ਲੇਜ਼ਰ ਲਾਈਟਾਂ ਦੇ ਰੰਗ-ਬਰੰਗੇ ਇਫ਼ੈਕਟਾਂ ਦੁਆਰਾ ਦਿਖਾਇਆ ਜਾਂਦਾ ਹੈ|ਇਸ ਦੇ ਨਾਲ ਹੀ ਪਾਣੀ ਦੇ ਬਹੁਤ ਹੀ ਉਚੇ 2 ਫੁਆਰੇ ਸੰਗੀਤ ਦੀਆਂ ਧੁਨਾ ਉਪਰ ਝੂਮਦੇ ਹੋਏ ਬਹੁਤ ਹੀ ਦਿਲਖੁਸ਼ ਮਹੌਲ ਸਿਰਜ ਰਹੇ ਸਨ|ਇਸ ਸੰਗੀਤਮਈ ਸ਼ੋ ਵਿਚ ਪਾਣੀ ਦੀਆਂ ਫੁਹਾਰਾਂ,ਅੱਗ ਦੇ ਗੋਲਿਆਂ ਦਾ ਸੇਕ ਤੁਹਾਡੇ ਜਿਸਮ ਤੱਕ ਨੂੰ ਮਹਿਸੂਸ ਹੋ ਜਾਂਦਾ ਹੈ,ਅੰਤ ਵਿਚ ਆਤਿਸ਼ਬਾਜ਼ੀ ਦਾ ਜੋ ਨਜ਼ਾਰਾ ਪੇਸ਼ ਕੀਤਾ ਜਾਂਦਾ ਹੈ ਉਸ ਨੂੰ ਵੇਖ ਕੇ ਆਪ ਮੁਹਾਰੇ ਵਾਹ!ਵਾਹ! ਨਿਕਲ ਜਾਂਦੀ ਹੈ|ਇਹੋ ਜਿਹੇ ਪਲ ਜ਼ਿੰਦਗੀ ਦੀਆਂ ਅਭੁੱਲ ਯਾਦਾਂ ਦਾ ਹਿੱਸਾ ਬਣ ਜਾਂਦੇ ਹਨ|
ਡਰਾਈਵਰ ਨੇ ਸਾਨੂੰ ਸਵਾ 9 ਵਜੇ ਬੀਚ ਸਟੇਸ਼ਨ ਤੇ ਹੀ ਲੈਣ ਆਉਣਾ ਸੀ|ਸਾਡੇ ਕੋਲ ਇਕ ਘੰਟੇ ਦਾ ਹੋਰ ਸਮਾਂ ਸੀ|ਰਾਤ ਨੂੰ ਬੀਚ ਦੇ ਨਾਲ-ਨਾਲ ਰੈਸਟੋਰੈਂਟਾ ਵਿਚ ਰੌਣਕ ਹੋਰ ਵੀ ਵੱਧ ਜਾਂਦੀ ਹੈ|ਅਸੀਂ ਬੀਚ ਸੜਕ ਤੇ ਪੈਦਲ ਹੀ ਸੈਰ ਕਰਨ ਲਈ ਚੱਲ ਪਏ | ਉਥੇ ਸੈਲਾਨੀ ਓਪਨ ਕਲੱਬਾਂ ਵਿਚ ਡਾਂਸ ਮਸਤੀ ਦੇ ਨਜ਼ਾਰੇ ਲੈ ਰਹੇ ਸਨ|ਅਸੀਂ ਬੀਚ ਸੜਕ ਦਾ ਅਨੰਦ ਮਾਣ ਕੇ ਵਾਪਿਸ ਬੀਚ ਸਟੇਸ਼ਨ ਦੇ ਸਾਹਮਣੇ ਪਹੁੰਚ ਗਏ ਡਰਾਈਵਰ ਸਾਡਾ ਇੰਤਜ਼ਾਰ ਕਰ ਰਿਹਾ ਸੀ| ਅਸੀਂ ਗੱਡੀ ਵਿਚ ਸਵਾਰ ਹੋ ਕੇ ਹੋਟਲ ਵਿਚ ਵਾਪਿਸ ਆ ਗਏ|ਸੰਤੋਸਾ ਆਈਲੈਂਡ ਅਸੀਂ ਪੂਰਾ ਨਹੀ ਦੇਖ ਸਕੇ ਪ੍ਰੰਤੂ ਜੋ ਕੁਝ ਵੀ ਅੱਜ ਦੇਖ ਕੇ ਅਨੰਦ ਮਾਣਿਆ ਇਹ ਸਦਾ ਸਾਡੇ ਚੇਤਿਆਂ ਵਿਚ ਵਸਿਆ ਰਹੇਗਾ|
ਛੇ ਦਿਨ ਬੀਤਦਿਆਂ ਪਤਾ ਹੀ ਨਹੀ ਚੱਲਿਆ, ਅੱਜ 11ਸਤੰਬਰ ਦਿਨ ਐਤਵਾਰ ਸੀ|ਟੂਰ ਪਰੋਗਰਾਮਰ ਵੱਲੋ ਅੱਜ ਸਾਡਾ ਦਿਨ ਫਰੀ ਸੀ|ਇਸ ਨੂੰ ਅਸੀਂ ਆਪਣੇ ਪ੍ਰੋਗਰਾਮ ਅਨੁਸਾਰ ਬਤੀਤ ਕਰਨਾ ਸੀ|ਅਸੀਂ ਰੋਜ਼ਾਨਾ ਦੀ ਤਰਾਂ ਜਲਦੀ ਹੀ ਉਠ ਜਾਂਦੇ|ਤਿਆਰ ਹੋ ਕੇ ਸਵੇਰ ਦਾ ਨਾਸ਼ਤਾ ਕਰਨ ਲਈ ਪਹੁੰਚ ਗਏ|ਅੱਜ ਕੋਈ ਕਾਹਲੀ ਜਾਂ ਜਲਦਬਾਜੀ ਨਹੀਂ ਸੀ|ਹੌਲੀ-ਹੌਲੀ ਸਵੇਰ ਦੇ ਨਾਸ਼ਤੇ ਦਾ ਅਨੰਦ ਲਿਆ|ਬਾਹਰ ਅਸੀਂ ਅੱਜ ਪਹਿਲੀ ਵਾਰ ਸਵਿਮਿੰਗ ਪੂਲ ਵੱਲ ਨੂੰ ਨਿਕਲੇ,ਪੂਲ ਇਸੇ ਛੱਤ ਉਪਰ ਹੀ ਸੀ|ਜਿਓਂ ਹੀ ਅਸੀਂ ਪੂਲ ਕੋਲ ਪਹੁੰਚੇ ਤਾਂ ਸਾਡੀਆਂ ਨਜ਼ਰਾਂ ਸਾਡੇ ਹਮ ਉਮਰ ਜੋੜੀ ਨਾਲ ਜਾ ਟਕਰਾਈਆਂ|ਆਪ ਮੁਹਾਰੇ ਫਤਿਹ ਦੀ ਸਾਂਝ ਹੋਈ| ਵਿਦੇਸ਼ ਵਿਚ ਜਾ ਕੇ ਸਾਰੇ ਭਾਰਤੀ ਇਕੋ ਹੀ ਘਰ ਦੇ ਮਹਿਸੂਸ ਹੁੰਦੇ ਹਨ,ਲੇਕਿਨ ਇਹ ਪ੍ਰੀਵਾਰ ਤਾਂ ਸਾਡੇ ਪੰਜਾਬ ਦੇ ਜਲੰਧਰ ਸ਼ਹਿਰ ਦਾ ਸੀ,ਪਿਆਰ ਹੋਣਾ ਤਾਂ ਸੁਭਾਵਿਕ ਹੀ ਸੀ|ਮੁਲਾਕਾਤ ਦੌਰਾਨ ਪਰਿਵਾਰਾਂ ਦੀ ਸਾਂਝ, ਕੰਮ ਕਾਰ ਤੋਂ ਬਾਅਦ ਟੂਰ ਦੇ ਅਨੁਭਵ ਸਾਂਝੇ ਹੋਏ, ਪਤਾ ਚੱਲਿਆ ਵਾਪਿਸ ਜਾਣ ਦੀ ਫਲਾਈਟ ਇਕੋ ਜਹਾਜ਼ ਦੀ ਹੀ ਸੀ|ਪੰਜਾਬੀ ਸੁਭਾਅ ਬਹੁਤ ਖੁੱਲੇ ਹੁੰਦੇ ਹਨ|ਘੁਲ-ਮਿਲਦਿਆਂ ਪਤਾ ਹੀ ਨਹੀਂ ਚੱਲਿਆ ਅਸੀਂ ਇਕ ਪਰਿਵਾਰ ਵਾਂਗ ਹੋ ਗਏ|ਓਹਨਾ ਦਾ ਬੇਟਾ ਸ਼ਿਵਮ ਵੀ ਉਹਨਾ ਦੇ ਨਾਲ ਸੀ,ਜੋ ਸਵਿਮਿੰਗ ਪੂਲ ਵਿਚ ਨਹਾਉਣ ਦਾ ਮਜ਼ਾ ਲੈ ਰਿਹਾ ਸੀ|ਮੇਰੀ ਅਤੇ ਮੇਰੇ ਦੋਸਤ ਦੀ ਵੀ ਇਛਾ ਸੀ ਸਵਿਮਿੰਗ ਪੂਲ ਵਿਚ ਨਹਾਉਣ ਦੀ ਸੋ ਸਮੇਂ ਦਾ ਫਾਇਦਾ ਉਠਾਉਂਦੇ ਹੋਏ ਅਸੀਂ ਵੀ ਪੂਲ ਵਿਚ ਜਾ ਵੜੇ|ਗੱਲਾਂ ਬਾਤਾਂ ਤੋਂ ਪਤਾ ਚੱਲਿਆ ਕਿ ਉਹਨਾ ਨੇ ਵੀ ਕੁਝ ਖਰੀਦਦਾਰੀ ਕਰਨੀ ਸੀ |ਸੋ ਅਸੀਂ ਵੀ ਅੱਜ ਦਾ ਦਿਨ ਉਹਨਾ ਦੇ ਨਾਲ ਹੀ ਬਤੀਤ ਕਰਨ ਦਾ ਪ੍ਰੋਗਰਾਮ ਬਣਾ ਲਿਆ|
11 ਵਜੇ ਅਸੀਂ ਪੈਦਲ ਹੀ ਹੋਟਲ ਦੇ ਨਜ਼ਦੀਕ ਬੁਗੀਜ਼ ਸਟਰੀਟ ਜੋ ਖਰੀਦਦਾਰੀ ਲਈ ਬਹੁਤ ਮਸ਼ਹੂਰ ਹੈ ਵਿਖੇ ਜਾ ਪਹੁੰਚੇ ,ਮਾਰਕੀਟ ਵਿਚ ਕਾਫੀ ਭੀੜ ਸੀ|ਪ੍ਰੰਤੂ ਹੋਰ ਏਰੀਏ ਨਾਲੋ ਸ਼ੋਪਿੰਗ ਲਈ ਵਧੀਆ ਸੀ|ਇਥੇ ਇਕ ਫਰੂਟ ਦੀ ਦੁਕਾਨ ਜੋ ਬਹੁਤ ਹੀ ਸਾਫ਼ ਅਤੇ ਅਨੇਕਾਂ ਕਿਸਮ ਦੇ ਫਲਾਂ ਨਾਲ ਭਰੀ ਹੋਈ ਸੀ|ਇਥੇ ਫਰੂਟ ਦੀ ਵਰਾਇਟੀ ਨੂੰ ਦੇਖ ਕੇ ਦਿਲ ਖੁਸ਼ ਹੋ ਗਿਆ| ਸੇਬ ਹੀ ਅਨੇਕਾਂ ਕਿਸਮ ਦੇ ਪਏ ਸਨ, ਅੰਬ ਦਾ ਸਾਈਜ ਦੇਖ ਕੇ ਹੈਰਾਨੀ ਹੁੰਦੀ ਸੀ,ਅੰਬ ਪੀਸ ਦੇ ਹਿਸਾਬ ਨਾਲ ਮਿਲਦਾ ਸੀ |ਇਕ ਅੰਬ 6 ਡਾਲਰ ਦਾ ਸੀ|ਮੌਸਮੀ ਦਾ ਸਾਇਜ਼ ਅਤੇ ਕਵਾਲਟੀ ਲਾ- ਜਵਾਬ ਸੀ|ਫ੍ਰੇਸ਼ ਜੂਸ ਇਕ ਡਾਲਰ ਪ੍ਰਤੀ ਗਲਾਸ,ਅਤੇ ਬਿਨਾ ਬਰਫ਼ ਤੋਂ ਦੋ ਡਾਲਰ ਪ੍ਰਤੀ ਗਲਾਸ ਤੇ ਟੇਸਟ ਬਹੁਤ ਹੀ ਲਾ-ਜਵਾਬ ਸੀ|ਮਾਰਕੀਟ ਵਿਚੋਂ ਘੁੰਮ ਫਿਰ ਕੇ ਸਾਰਿਆਂ ਨੇ ਲੋੜ ਅਨੁਸਾਰ ਖਰੀਦਦਾਰੀ ਕੀਤੀ|ਸਿੰਗਾਪੁਰ ਵਿਚ ਕਵਾਲਟੀ ਦਾ ਪੱਧਰ ਉੱਤਮ ਸੀ| ਖਰੀਦਦਾਰੀ ਤੋਂ ਬਾਅਦ ਅਸੀਂ ਪੈਦਲ ਹੀ ਸਈਅਦ ਅਲਵੀ ਰੋਡ ਮੁਸਤਫ਼ਾ ਮਾਲ ਵਾਲੀ ਸੜਕ ਉਪਰ ਪਹੁੰਚ ਗਏ|ਇਥੇ ਅਸੀਂ ਦੁਪਿਹਰ ਦਾ ਖਾਣਾ ਬੀਕਾਨੇਰ ਰੇਸਟੋਰੈਂਟ ਵਿਚ ਖਾਧਾ,ਖਾਣਾ ਬਹੁਤ ਹੀ ਸਵਾਦਿਸ਼ਟ ਸੀ, 6.50 ਡਾਲਰ ਦੀ ਇਕ ਥਾਲੀ ਜਿਸ ਵਿਚ ਫੁਲਕੇ,ਮਿੱਸੀ ਰੋਟੀ,ਚਾਵਲ, ਦਾਲ,ਸਬਜ਼ੀ, ਰਾਇਤਾ ਅਤੇ ਸਵੀਟ ਡਿਸ਼ ਸੀ|ਇਕ ਥਾਲੀ ਨਾਲ ਦੋ ਜਾਣਿਆਂ ਨੇ ਪੇਟ ਭਰ ਖਾਣਾ ਖਾਧਾ ਮੇਰੇ ਹਿਸਾਬ ਨਾਲ ਇਨਾ ਵਧੀਆ ਸਵਾਦਿਸ਼ਟ ਖਾਣਾ ਇਨ੍ਹੇਂ ਘੱਟ ਰੇਟ ਵਿਚ ਸ਼ਾਇਦ ਪੂਰੇ ਸਿੰਗਾਪੁਰ ਵਿਚ ਨਾ ਮਿਲੇ, ਰੂਹ ਖੁਸ਼ ਹੋ ਗਈ | ਖਾਣੇ ਤੋਂ ਬਾਅਦ ਅਸੀਂ ਵਾਪਿਸ ਹੋਟਲ ਪਹੁੰਚ ਗਏ|
ਸਿਰਫ਼ ਅੱਜ ਦਾ ਦਿਨ ਹੀ ਸਾਡੇ ਕੋਲ ਸੀ| ਅਸੀਂ ਚਾਹੁੰਦੇ ਸੀ ਵੱਧ ਤੋਂ ਵੱਧ ਸਿੰਗਾਪੁਰ ਨੂੰ ਦੇਖਣਾ,ਹੋਟਲ ਵਿਚ ਕੁਝ ਦੇਰ ਅਰਾਮ ਕੀਤਾ|ਅਸੀਂ ਸ਼ਿਵਮ ਨੂੰ ਨਾਲ ਲੈ ਕੇ ਘੁੰਮਣ ਦਾ ਪ੍ਰੋਗਰਾਮ ਬਣਾਇਆ, ਕਿਓਕਿ ਸ਼ਿਵਮ ਕੁਝ ਥਾਵਾਂ ਨੂੰ ਦੇਖ ਆਇਆ ਸੀ| ਜੋ ਅਸੀਂ ਨਹੀਂ ਦੇਖੀਆਂ ਸਨ,ਨਾ ਹੀ ਅਸੀਂ ਸਿੰਗਾਪੁਰ ਦੀ ਐਮ. ਆਰ. ਟੀ ਅਤੇ ਬੱਸ ਦੇ ਸ਼ਫਰ ਦਾ ਨਜ਼ਾਰਾ ਲਿਆ ਸੀ|ਸਾਡੇ ਕੋਲ ਸਿਰਫ਼ ਇਕ ਹੀ ਐਮ, ਆਰ. ਟੀ ਦਾ ਕਾਰਡ ਸੀ ਬਾਕੀ ਸ਼ਿਵਮ ਨੇ ਅਰੇਂਜ ਕਰ ਲਏ| ਸਿੰਗਾਪੁਰ ਦੇ ਵਿੱਚ ਸਾਰੀ ਮੈਟਰੋ ਜ਼ਮੀਨ ਦੋਜ ਹੀ ਚੱਲਦੀ ਹੈ|ਉਪਰ ਸੜਕਾਂ, ਹੋਟਲ,ਇਮਾਰਤਾਂ ਅਤੇ ਥੱਲੇ ਸਾਰੀ ਮੈਟਰੋ ਲਾਈਨ ਅੰਡਰ ਗਰਾਉਂਡ ਬਣਾਈ ਹੋਈ ਹੈ|ਆਮ ਆਦਮੀ ਨੂੰ ਤਾਂ ਪਤਾ ਹੀ ਨਹੀਂ ਚੱਲਦਾ ਮੈਟਰੋ ਦਾ|ਸਭ ਤੋਂ ਸਸਤੀ ਅਤੇ ਜਲਦੀ ਪਹੁੰਚਣ ਦਾ ਇਸ ਤੋਂ ਵਧੀਆ ਹੋਰ ਕੋਈ ਵੀ ਸਾਧਨ ਨਹੀ| ਸਾਡੇ ਹੋਟਲ ਤੋਂ 300 ਮੀਟਰ ਦੀ ਦੂਰੀ ਤੇ ਲਵੈਂਡਰ ਨਾਂ ਦਾ ਸਟੇਸ਼ਨ ਸੀ|ਮੈਟਰੋ ਨੂੰ ਐਮ.ਆਰ. ਟੀ (Mass Rapid Transit) ਕਿਹਾ ਜਾਂਦਾ ਹੈ|ਸਿੰਗਾਪੁਰ ਵਿਚ ਐਮ. ਆਰ. ਟੀ ਦੀ 170 ਕਿਲੋਮੀਟਰ ਲਾਈਨ ਹੈ, ਇਸ ਦੀਆਂ 8 ਲਾਈਨਾਂ ਹਨ, 5 ਲਾਈਨਾਂ ਚੱਲ ਰਹੀਆਂ ਹਨ ,ਇਕ ਬਣ ਰਹੀ ਹੈ, ਦੋ ਪਲੈਨਿੰਗ ਅਧੀਨ ਹਨ|ਕੁਲ 154 ਸਟੇਸ਼ਨ ਹਨ, 102 ਸਟੇਸ਼ਨ ਚੱਲ ਰਹੇ ਹਨ ,52 ਨਿਰਮਾਣ ਅਧੀਨ ਹਨ|ਮੈਟਰੋ ਦੀ ਸਰਵਿਸ 7 ਨਵੰਬਰ 1984 ਤੋਂ ਸ਼ੁਰੂ ਹੋਈ ਸੀ|ਪੂਰੇ ਸਿੰਗਾਪੁਰ ਨੂੰ ਉੱਤਰ ਤੋਂ ਦੱਖਣ 44 ਕਿਲੋਮੀਟਰ, ਪੂਰਬ ਤੋਂ ਪੱਛਮ 50ਕਿਲੋਮੀਟਰ, ਸਰਕਲ ਲਾਈਨ 35 ਕਿਲੋਮੀਟਰ, ਡਾਊਨ ਟਾਊਨ ਲਾਈਨ 21ਕਿਲੋਮੀਟਰ ਅਤੇ ਉੱਤਰ ਤੋਂ ਪੂਰਬ 20 ਕਿਲੋਮੀਟਰ ਲਾਈਨ ਨਾਲ ਜੋੜਿਆ ਗਿਆ ਹੈ|ਅੰਡਰ ਗਰਾਉਂਡ ਸਟੇਸ਼ਨ ਅਤੇ ਟਰੇਨ ਪੂਰੇ ਵਾਤਾ ਅਨੁਕੂਲ ਹਨ|ਜੰਕਸ਼ਨ ਸਟੇਸ਼ਨ ਨੂੰ ਉਪਰ ਥੱਲੇ ਕਰ ਕੇ ਬਣਾਇਆ ਗਿਆ ਹੈ|ਮੋਬਾਇਲ ਦਾ ਨੇੱਟਵਰਕ ਹਰ ਜਗ੍ਹਾ ਉਪਲਬਧ ਹੈ|ਹਰ ਸਟੇਸ਼ਨ ਉਪਰ ਟਿਕਟ ਲਈ ਆਟੋਮੈਟਿਕ ਮਸ਼ੀਨਾ ਲੱਗੀਆਂ ਹੋਈਆਂ ਹਨ|ਉਪਰ ਥੱਲੇ ਜਾਣ ਲਈ ਹੈਵੀ ਡਿਉਟੀ ਐਸਕੀਲੇਟਰ ਲੱਗੇ ਹੋਏ ਹਨ| ਟਰੇਨ 750 ਡੀ.ਸੀ ਵੋਲਟੇਜ ਦੇ ਨਾਲ 78 ਕਿਲੋਮੀਟਰ ਘੰਟੇ ਦੀ ਰਫ਼ਤਾਰ ਨਾਲ ਚੱਲਦੀ ਹੈ|ਹਰ ਪੰਜ ਮਿੰਟ ਮਗਰੋਂ ਟਰੇਨ ਦੀ ਸਰਵਿਸ ਹੈ|ਰੋਜ਼ਾਨਾ ਸਵੇਰੇ 5.30 ਵਜੇ ਤੋਂ ਰਾਤ ਦੇ ਇੱਕ ਵਜੇ ਤੱਕ ਸਰਵਿਸ ਚੱਲਦੀ ਹੈ|ਦਿਵਾਲੀ ,ਕ੍ਰਿਸਮਿਸ ਅਤੇ ਨਵੇਂ ਸਾਲ ਤੇ ਸਾਰੀ ਰਾਤ ਟਰੇਨਾਂ, ਫੁਲੀ ਆਟੋਮੈਟਿਕ ਬਿਨਾ ਡਰਾਈਵਰ ਦੇ ਚੱਲਦੀਆਂ ਰਹਿੰਦੀਆਂ ਹਨ| ਸੈਲਾਨੀਆਂ ਦੀ ਸੁਵਿਧਾ ਲਈ ਟੂਰਿਸਟ ਪਾਸ ਕਾਰਡ ਈ.ਜੈਡ ਲਿੰਕ ਸਮਾਰਟ ਕਾਰਡ ਬਣ ਜਾਂਦਾ ਹੈ ਜਿਸ ਤੇ ਤੁਸੀਂ ਅਨਲਿਮਟਡ ਟਰੇਨ ਅਤੇ ਬੱਸ ਵਿਚ ਸਫ਼ਰ ਕਰ ਸਕਦੇ ਹੋ|ਸਿੰਗਾਪੁਰ ਛੱਡਣ ਤੋਂ ਪਹਿਲਾਂ ਕਾਰਡ ਵਾਪਿਸ ਕਰ ਕੇ ਬਾਕੀ ਬਚਦਾ ਬਕਾਇਆ ਵਾਪਿਸ ਲੈ ਸਕਦੇ ਹੋ|
ਅਸੀਂ ਲਵੈਂਡਰ ਸਟੇਸ਼ਨ ਤੋਂ ਚਲਦੀਆਂ ਹੋਈਆਂ ਪੌੜੀਆਂ ਰਾਂਹੀ ਥੱਲੇ ਪਹੁੰਚੇ,ਬਹੁਤ ਹੀ ਖੂਬਸੂਰਤ ਸਟੇਸ਼ਨ,ਕਿਤੇ ਵੀ ਚੈਕਿੰਗ ਲਈ ਕੋਈ ਆਦਮੀ ਨਹੀਂ ਸੀ| ਅੱਗੇ ਵਧਦੇ ਹੋਏ ਕਾਰਡ ਮਸ਼ੀਨ ਉਪਰ ਫਲੈਸ਼ ਕੀਤਾ, ਆਟੋਮੈਟਿਕ ਰਸਤਾ ਖੁਲਿਆ ਤੇ ਅੰਦਰ ਦਾਖ਼ਲ ਹੋਏ|ਪਲੇਟਫਾਰਮ ਦੇ ਕੋਲ ਪਹੁੰਚ ਗਏ| ਰੇਲ ਟਰੈਕ ਸਾਰੇ ਪਾਸਿਆਂ ਤੋਂ ਸੀਸ਼ਿਆਂ ਨਾਲ ਕਵਰ ਸੀ|ਜਿਥੇ ਟਰੇਨ ਨੇ ਰੁਕਣਾ ਹੁੰਦਾ ਹੈ ਉਥੇ ਗੇਟ ਦੇ ਅੱਗੇ ਚੜਨ ਲਈ ਖੱਬੇ ਸੱਜ ਨਿਸ਼ਾਨਾਂ ਉਪਰ ਲਾਈਨ ਵਿੱਚ ਲੱਗ ਕੇ ਖੜ੍ਹ ਗਏ|ਉੱਤਰਨ ਵਾਲਿਆਂ ਲਈ ਵਿਚਾਲੇ ਸਾਰਾ ਰਸਤਾ ਖਾਲੀ ਛੱਡਿਆ ਹੋਇਆ ਸੀ|ਜਦੋਂ ਟਰੇਨ ਪਲੇਟਫਾਰਮ ਉਪਰ ਆ ਕੇ ਰੁਕੀ ਤਾਂ ਟਰੇਨ ਅਤੇ ਪਲੇਟਫਾਰਮ ਦੇ ਦਰਵਾਜ਼ੇ ਆਪਣੇ ਆਪ ਖੁੱਲ ਗਏ, ਉਤਰਨ ਵਾਲੇ ਪਹਿਲਾਂ ਉਤਰੇ ਫਿਰ ਅਸੀਂ ਟਰੇਨ ਵਿਚ ਦਾਖ਼ਲ ਹੋਏ|ਆਪਣੇ ਆਪ ਗੇਟ ਬੰਦ ਹੋ ਗਏ ਤੇ ਕੁਝ ਸਕਿੰਟਾਂ ਵਿਚ ਹੀ ਟਰੇਨ ਨੇ ਪੂਰੀ ਰਫ਼ਤਾਰ ਫੜ ਲਈ| ਗੱਡੀ ਦੇ ਅੰਦਰ ਰੂਟ ਮੈਪ ਉਪਰ ਪਤਾ ਚੱਲਦਾ ਰਹਿੰਦਾ ਹੈ ਕਿ ਕਿਹੜਾ ਸਟੇਸ਼ਨ ਆਉਣ ਵਾਲਾ ਹੈ ਅਤੇ ਨਾਲ –ਨਾਲ ਅਨਾਉਸਮੈਂਟ ਵੀ ਹੁੰਦੀ ਰਹਿੰਦੀ ਹੈ| ਵ੍ਹੀਲਚੇਅਰ ਵਾਲਿਆਂ ਦਾ ਬਹੁਤ ਖ਼ਾਸ ਧਿਆਨ ਰਖਿਆ ਜਾਂਦਾ ਹੈ|ਮਿੰਟਾ ਵਿਚ ਹੀ ਟਰੇਨ ਇਕ-ਦੋ ਸਟੇਸ਼ਨਾਂ ਨੂੰ ਪਾਰ ਕਰਦੀ ਹੋਈ ਮੈਰੀਨਾ-ਬੇ-ਸੈਂਡ ਸਟੇਸ਼ਨ ਤੇ ਪਹੁੰਚ ਗਈ|ਟਰੇਨ ਵਿਚੋਂ ਉਤਰੇ ਕਾਰਡ ਫਲੈਸ਼ ਕੀਤਾ ਤੇ ਬਾਹਰ ਆ ਗਏ| ਚੜਨ ਵਾਲੇ ਸਟੇਸ਼ਨ ਤੋਂ ਲੈ ਕੇ ਉਤਰਨ ਵਾਲੇ ਸਥਾਨ ਤੱਕ ਦਾ ਕਿਰਾਇਆ ਆਪਣੇ ਆਪ ਹੀ ਕੱਟਿਆ ਗਿਆ|ਟਰੇਨ ਦਾ ਸਫ਼ਰ ਬਹੁਤ ਹੀ ਸੁੰਦਰ ,ਸਸਤਾ ਅਤੇ ਬਹੁਤ ਹੀ ਘੱਟ ਸਮੇਂ ਵਿਚ ਆਉਣ ਜਾਣ ਲਈ ਸਭ ਤੋਂ ਵਧੀਆ ਹੈ|
ਸਟੇਸ਼ਨ ਤੋਂ ਐਸਕੀਲੇਟਰ ਰਾਹੀਂ ਉਪਰ ਆ ਗਏ ਤੇ ਮੈਰੀਨਾ- ਬੇ ਮਾਲ ਦੇ ਅੰਦਰ ਦਾਖ਼ਲ ਹੋ ਗਏ|ਮਾਲ ਦੁਨੀਆ ਭਰ ਦੇ 300 ਮਲਟੀ ਬਰੈਂਡ ਸੁਪਰ ਸਟੋਰਾਂ ਜਿਵੇਂ ਕੱਪੜੇ, ਜੁੱਤੀਆਂ,ਘੜੀਆਂ, ਪਰਸ ,ਹੀਰੇ, ਜਵੇਲਰੀ, ਕੌਸਮੈਟਿਕ ਅਤੇ ਹੋਰ ਅਨੇਕਾਂ ਪ੍ਰਕਾਰ ਦੀਆਂ ਮਹਿੰਗੀਆਂ ਤੋਂ ਮਹਿੰਗੀਆਂ ਵਸਤੂਆਂ ਦੀ ਚਕਾਚੌਂਧ ਨਾਲ ਚਮਕ ਰਿਹਾ ਸੀ|ਜਿਸ ਨੂੰ ਵੇਖ ਕੇ ਅੱਖਾਂ ਦਾ ਚੁੰਧਿਆਉਣਾ ਕੁਦਰਤੀ ਹੈ|ਮਾਲ ਦੇ ਅੰਦਰ ਫੂਡ ਕੋਰਟ,ਅਤੇ ਮਲਟੀ ਨੈਸ਼ਨਲ ਰੇਸਟੋਰੈਂਟ ਵੀ ਸਨ|ਮਾਲ ਦੇ ਅੰਦਰ ਸਮੁੰਦਰ ਦੇ ਪਾਣੀ ਨੂੰ ਲਿਆ ਕੇ ਉਸ ਵਿਚ ਛੋਟੀਆਂ-ਛੋਟੀਆਂ ਕਿਸ਼ਤੀਆਂ ਚਲਦੀਆਂ ਹਨ ਜਿਸ ਵਿਚ ਤੁਸੀਂ ਅਨੰਦ ਮਾਣ ਸਕਦੇ ਹੋ|ਅਸੀਂ ਮਾਲ ਨੂੰ ਘੁੰਮ ਫਿਰ ਕੇ ਦੇਖਿਆ ਤੇ ਫਿਰ ਇਕ ਗੇਟ ਰਾਹੀਂ ਸਮੁੰਦਰ ਸਾਈਡ ਬਾਹਰ ਆ ਗਏ|
ਸਮੁੰਦਰ ਦੇ ਕਿਨਾਰੇ ਦੂਸਰੀ ਸਾਈਡ ਉਚੀਆਂ-ਉਚੀਆਂ ਇਮਾਰਤਾਂ ਰਾਤ ਦੇ ਹਨੇਰੇ ਵਿਚ ਆਧੁਨਿਕ ਲਾਈਟਾਂ ਨਾਲ ਜਗ-ਮਗਾ ਰਹੀਆਂ ਸਨ| ਇਮਾਰਤਾਂ ਦਾ ਅਕਸ ਸਮੁੰਦਰ ਦੇ ਪਾਣੀ ਵਿਚ ਬਹੁਤ ਹੀ ਦਿਲਕਸ਼ ਲੱਗ ਰਿਹਾ ਸੀ|ਸਮੁੰਦਰ ਦੇ ਕਿਨਾਰੇ ਬਹੁਤ ਹੀ ਰੌਣਕ ਸੀ|ਇਹ ਸਿੰਗਾਪੁਰ ਦੇ ਡਾਊਨ ਟਾਊਨ ਏਰੀਏ ਦਾ ਮੁੱਖ ਬਿਜ਼ਨਸ ਕੇਂਦਰ ਹੈ|ਇਥੇ ਵੀ ਰੋਜ਼ਾਨਾ ਰਾਤ ਨੂੰ 8 ਵਜੇ ਅਤੇ 9.30 ਵਜੇ ਲੇਜ਼ਰ ਲਾਈਟ, ਮਿਊਜਿਕ ਅਤੇ ਵਾਟਰ ਸ਼ੋ ਸੈਲਾਨੀਆਂ ਦੇ ਮਨੋਰੰਜਨ ਲਈ ਹੁੰਦਾ ਹੈ|ਇਹ 15 ਮਿੰਟ ਦਾ ਸ਼ੋ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੰਦਾ ਹੈ|ਮੈਰੀਨਾ- ਬੇ- ਸੈਂਡ ਹੋਟਲ ਦੀ ਛੱਤ ਤੋਂ ਰੰਗ-ਬਰੰਗੀਆਂ ਲੇਜ਼ਰ ਲਾਈਟਾਂ ਜਦੋਂ ਡਾਂਸ ਕਰਦੇ ਪਾਣੀ ਦੇ ਫੁਆਰਿਆਂ ਉਪਰ ਪੈਂਦੀਆਂ ਹਨ ਅਤੇ ਪਾਣੀ ਦੀ ਫੁਹਾਰ ਨਾਲ ਬਣੇ ਪਰਦੇ ਉਪਰ ਇਕ ਛੋਟੀ ਕਹਾਣੀ ਨੂੰ ਫਿਲਮ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ ਤਾਂ ਦੇਖਣ ਵਾਲਾ ਦੰਗ ਰਹਿ ਜਾਂਦਾ ਹੈ|ਬਿਲਕੁਲ ਓਹੀ ਸਟਾਇਲ,ਤਕਨੀਕ ਜੋ ਵਿੰਗਜ ਆਫ ਟਾਈਮ ਸ਼ੋ ‘ਚ ਦੇਖਿਆ ਸੀ|ਲੇਕਿਨ ਇਸ ਦੀ ਕਹਾਣੀ ਅਲੱਗ ਸੀ|ਸੰਤੋਸਾ ਆਈਲੈਂਡ ਉਪਰ ਇਸ ਸ਼ੋ ਦੀ ਟਿਕਟ ਲੱਗਦੀ ਹੈ ਇਥੇ ਰੋਜ਼ਾਨਾ ਮੁਫ਼ਤ ਵਿਚ ਦਿਖਾਇਆ ਜਾਂਦਾ ਹੈ|ਇਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਨਾ-ਮੁਮਕਿਨ ਹੈ, ਅੱਖੀਂ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ|ਸ਼ੋ ਦਾ ਅਨੰਦ ਮਾਣ ਕੇ ਕੁਝ ਯਾਦਗਾਰੀ ਤਸਵੀਰਾਂ ਲਈਆਂ |ਫਿਰ ਮਾਲ ਦੇ ਅੰਦਰ ਦਾਖਲ ਹੋ ਕੇ ਚੱਲਦੀਆਂ ਹੋਈਆਂ ਪੌੜੀਆਂ ਰਾਹੀਂ ਮਾਲ ਦੀ ਛੱਤ ਤੇ ਚਲੇ ਗਏ|ਇਥੋਂ ਹੀ ਇਕ ਰਸਤਾ ਪੁਲ ਰਾਹੀਂ ਮੈਰੀਨਾ- ਬੇ -ਸੈਂਡ ਹੋਟਲ ਨੂੰ ਜਾਂਦਾ ਸੀ|ਛੱਤ ਦੇ ਉਪਰ ਖੂਬਸੂਰਤ ਦਰੱਖਤ ਅਤੇ ਫੁਲਦਾਰ ਬੂਟੇ ਲੱਗੇ ਹੋਏ ਸਨ |ਇਸ ਹੋਟਲ ਦੀ ਬੈਕ ਸਾਈਡ ਇਥੋਂ ਦਾ ਮਸ਼ਹੂਰ ਗਾਰਡਨ ਬਾਈ- ਦਾ- ਬੇ ਬਣਿਆ ਹੋਇਆ ਹੈ|ਇਸ ਗਾਰਡਨ ਨੂੰ ਵੀ ਰਸਤਾ ਹੋਟਲ ਦੇ ਵਿਚ ਦੀ ਹੋ ਕੇ ਜਾਂਦਾ ਸੀ|
ਗਾਰਡਨ ਬਾਈ ਦਾ ਬੇ 250 ਏਕੜ ਏਰੀਏ ਵਿਚ ਬਣਿਆ ਹੋਇਆ ਹੈ|ਇਸ ਦੇ ਤਿੰਨ ਪਾਸੇ ਸਮੁੰਦਰ ਲੱਗਦਾ ਹੈ|ਇਸ ਨੂੰ ਤਿੰਨ ਭਾਗਾਂ ਵਿਚ ਵੰਡ ਕੇ ਬੇ ਸਾਉਥ ਗਾਰਡਨ 130 ਏਕੜ, ਬੇ ਈਸਟ ਗਾਰਡਨ 79 ਏਕੜ ਤੇ ਬੇ ਸੈਂਟ੍ਰਲ ਗਾਰਡਨ 37 ਏਕੜ ਏਰੀਏ ਵਿਚ ਬਣਿਆ ਹੋਇਆ ਹੈ|ਇਸ ਵਿਚ ਦੋ ਗਲਾਸ ਹਾਊਸ ਬਣਾਏ ਹੋਏ ਹਨ ਜੋ ਦੁਨੀਆ ਦੇ ਸਭ ਤੋਂ ਵੱਡੇ ਡੋਮ ਹਾਊਸ ਹਨ|ਇਸ ਦੀ ਉਚਾਈ 125 ਫੁੱਟ ਹੈ ਇਸ ਦਾ ਤਾਪਮਾਨ 23 ਤੋਂ 25 ਡਿਗਰੀ ਸੈਂਟੀਗ੍ਰੇਡ ਦੇ ਵਿਚ ਰਖਿਆ ਹੋਇਆ ਹੈ ਡੋਮ ਦੇ ਅੰਦਰ ਖੂਬਸੂਰਤ ਫਲਾਵਰ ਲੱਗੇ ਹੋਏ ਹਨ |ਇਹ ਗਾਰਡਨ ਬਹੁਤ ਹੀ ਕਮਾਲ ਦੀ ਡਿਜ਼ਾਈਨਿੰਗ ਦਾ ਨਮੂਨਾ ਹੈ|ਗਾਰਡਨ ਰਾਤ ਨੂੰ ਲਾਈਟਾਂ ਦੇ ਨਾਲ ਇਕ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਿਹਾ ਸੀ|
ਮੈਰੀਨਾ- ਬੇ- ਸੈਂਡ ਹੋਟਲ ਪੰਜ ਸਿਤਾਰਾ, 55 ਮੰਜਿਲਾ ਜੋ ਤਿੰਨ ਅਲੱਗ- ਅਲੱਗ ਟਾਵਰਾਂ ਨੂੰ ਉਪਰੋਂ ਇਕ ਪਲੈਟਫਾਰਮ ਦੇ ਰੂਪ ਵਿਚ ਜੋੜ ਕੇ ਬਣਾਇਆ ਗਿਆ ਹੈ|ਇਸ ਹੋਟਲ ਵਿਚ 2561 ਅਤਿ-ਆਧੁਨਿਕ ਰੂਮ,ਫ਼ੈਮਲੀ ਰੂਮ ਹਨ|ਇਸ ਦੀ ਗਰੈਂਡ ਓਪਨਿੰਗ 17 ਫਰਵਰੀ 2011 ਨੂੰ ਹੋਈ ਸੀ|ਇਸ ਦੇ ਉਪਰ ਇੱਕ ਹੈਕਟੇਅਰ ਸਕਾਈ ਪਾਰਕ ਜੋ 1120 ਫੁੱਟ ਲੰਬਾ ਹੈ, ਵਿਚ ਦੁਨੀਆ ਦਾ ਸਭ ਤੋਂ ਉਚਾ ਅਤੇ ਲੰਬਾ ਐਲੀਵੇਟਡ ਸਵਿਮਿੰਗ ਪੂਲ ਜੋ 490 ਫੁੱਟ ਲੰਬਾ ਬਣਾਇਆ ਹੋਇਆ ਹੈ|ਇਸ ਸਕਾਈ ਪਾਰਕ ਵਿਚ ਸੈਂਕੜੇ ਪਾਮ ਦੇ ਦਰਖਤ ਅਤੇ ਪੌਦੇ ਲਗਾਏ ਹੋਏ ਹਨ|ਇਸ ਦੇ ਉਤਰੀ ਟਾਵਰ ਦੇ ਸਕਾਈ ਪਾਰਕ ਉਪਰ ਆਮ ਪਬਲਿਕ ਦੇ ਦੇਖਣ ਲਈ 220 ਫੁੱਟ ਲੰਬਾ ਪਲੈਟਫਾਰਮ ਹੈ| ਅਸੀਂ ਟਿਕਟ ਲੈ ਕੇ ਲਿਫਟ ਰਾਹੀਂ ਇਸ ਦੇ ਉਪਰ ਪਹੁੰਚ ਗਏ |ਉਪਰ ਪਹੁੰਚਦੇ ਹੀ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਕਿਸੇ ਜੰਨਤ ਵਿਚ ਪਹੁੰਚ ਗਏ ਹੋਈਏ|ਉਪਰੋਂ ਚਾਰੋਂ ਦਿਸ਼ਾਵਾਂ ਤੋਂ ਸਿੰਗਾਪੁਰ ਨੂੰ ਦੇਖਣ ਦਾ ਇਕ ਅਦਭੁੱਤ ਨਜ਼ਾਰਾ ਸੀ|ਉਪਰੋਂ ਬੈਕ ਸਾਈਡ ਗਾਰਡਨ ਬਾਈ- ਦਾ- ਬੇ, ਦਾ ਪੂਰਾ ਏਰੀਆ ਸਮੁੰਦਰ ਦੇ ਨਾਲ-ਨਾਲ ਲਾਈਟਾਂ ਨਾਲ ਜਗ-ਮਗਾ ਰਿਹਾ ਸੀ|ਇਕ ਸਾਈਡ ਸਿੰਗਾਪੁਰ ਫਲਾਇਰ ਨਜ਼ਰ ਆ ਰਿਹਾ ਸੀ|ਇਸ ਦੇ ਪੈਰਾਂ ਵਿਚ ਸਾਇੰਸ ਆਰਟ ਮਿਊਜੀਅਮ ਰਾਤ ਦੀਆਂ ਲਾਈਟਾਂ ਵਿਚ ਕਮਲ ਦੀ ਤਰਾਂ ਖਿਲਿਆ ਨਜ਼ਰ ਆ ਰਿਹਾ ਸੀ| ਸਮੁੰਦਰ ਦੇ ਕਿਨਾਰੇ ਮਰਲਾਇਨ ਲਗਾਤਾਰ ਆਪਣੇ ਮੂੰਹ ਵਿਚੋਂ ਪਾਣੀ ਸਮੁੰਦਰ ਵਿਚ ਸਿੱਟ ਰਿਹਾ ਸੀ|ਬਿਜ਼ਨਸ ਸੈਂਟਰ ਦੀਆਂ ਇਮਾਰਤਾਂ ਲਾਈਟਾਂ ਨਾਲ ਜਗ ਮਗਾਉਂਦੀਆਂ ਖੂਬਸੂਰਤੀ ਨੂੰ ਚਾਰ ਚੰਨ ਲਾ ਰਹੀਆਂ ਸਨ|ਦੂਰ-ਦੂਰ ਤੱਕ ਸਮੁੰਦਰ ਵਿਚ ਜਹਾਜ਼, ਕਰੂਜ਼ ਘੁੰਮ ਰਹੇ ਸਨ|ਇਹ ਦ੍ਰਿਸ਼ ਦੇਖ ਕੇ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਕਿਸੇ ਸਵਰਗ ਦੇ ਨਜ਼ਾਰੇ ਦੇਖ ਰਹੇ ਹੋਈਏ|360 ਡਿਗਰੀ ਤੋਂ ਪੂਰਾ ਸਿੰਗਾਪੁਰ ਦਿਲ ਭਰ ਕੇ ਦੇਖਿਆ ਲੇਕਿਨ ਪਿਆਸ ਹੋਰ ਵਧਦੀ ਜਾ ਰਹੀ ਸੀ|ਓਬਜਰਵੇਸਨ ਡੇੱਕ ਤੋਂ ਉਤਰਨ ਨੂੰ ਦਿਲ ਨਹੀਂ ਕਰਦਾ ਸੀ| ਵਾਰ-ਵਾਰ ਸ਼ਿਵਮ ਦਾ ਧੰਨਵਾਦ ਕਰ ਰਹੇ ਸੀ|ਅੱਜ ਦੀ ਹਸੀਨ ਸ਼ਾਮ ਦਾ ਸਿਹਰਾ ਸ਼ਿਵਮ ਦੇ ਨਾਂ ਸੀ|ਅਗਰ ਸਾਡੀ ਇਸ ਪ੍ਰੀਵਾਰ ਨਾਲ ਮੁਲਾਕਾਤ ਨਾਂ ਹੁੰਦੀ ਤਾਂ ਅਸੀਂ ਇਨ੍ਹਾਂ ਨਜ਼ਾਰਿਆਂ ਤੋਂ ਵਾਂਝੇ ਰਹਿ ਸਕਦੇ ਸੀ|
ਵਾਪਿਸ ਥੱਲੇ ਆ ਕੇ ਇਸ ਦੇ ਸਾਹਮਣੇ ਬਣੇ ਕੈਸੀਨੋਂ ਘਰ ਵਿਚ ਦਾਖ਼ਲ ਹੋ ਗਏ |ਵਿਦੇਸ਼ੀ ਟੂਰਿਸਟ ਲਈ ਇਸ ਵਿਚ ਦਾਖਲਾ ਮੁਫ਼ਤ ਹੈ|ਸਿੰਗਾਪੁਰ ਦੇ ਵਸਨੀਕਾਂ ਲਈ 24 ਘੰਟੇ ਦੀ ਐਂਟਰੀ ਫੀਸ 100 ਡਾਲਰ ਹੈ|ਅਸੀਂ ਆਪਣੇ ਪਾਸਪੋਰਟ ਦਿਖਾ ਕੇ ਐਂਟਰੀ ਲਈ ਤੇ ਆਪਣਾ ਸਮਾਨ ਬੈਗ , ਕੈਮਰੇ ਕਾਉਂਟਰ ਤੇ ਜਮਾਂ ਕਰਵਾ ਕੇ ਅੰਦਰ ਦਾਖ਼ਲ ਹੋ ਗਏ|ਅੰਤਰਾਸ਼ਟਰੀ ਕੈਸੀਨੋ ਹਾਲ ਦੀ ਆਧੁਨਿਕ ਇਮਾਰਤ 160,000 ਸੁਕੇਅਰ ਫੁੱਟ ਏਰੀਏ ਵਿੱਚ ਚਾਰ ਮੰਜਿਲਾ ਬਣੀ ਹੋਈ ਹੈ ਜੋ ਵਿਚੋਂ ਖਾਲੀ ਅਤੇ ਚਾਰੇ ਪਾਸੇ ਤਿੰਨ ਮੰਜਿਲਾ ਗੈਲਰੀ ਬਣੀ ਹੋਈ ਹੈ|ਇਸ ਜੂਆ ਘਰ ਵਿਚ ਵੱਖ-ਵੱਖ ਤਰਾਂ ਦੀਆਂ 250 ਗੇਮਾਂ ਖੇਡਣ ਲਈ 2500 ਸਲੌਟ ਮਸ਼ੀਨਾ ਦਾ ਪ੍ਰਬੰਧ ਹੈ , 700 ਗੇਮ ਟੇਬਲ ਲੱਗੇ ਹੋਏ ਹਨ| ਇਨ੍ਹਾਂ ਵੱਡਾ ਜੂਆ ਘਰ ਮੈ ਪਹਿਲੀ ਵਾਰ ਵੇਖਿਆ ਹੈ|ਮੈ ਪਹਿਲਾਂ ਕਦੇ ਵੀ ਕੋਈ ਕੈਸੀਨੋ ਨਹੀਂ ਦੇਖਿਆ ਸੀ|ਲੋਕ ਅੰਦਰ ਖੇਡਣ ਵਿਚ ਮਸਤ ਸਨ|ਦੋ ਮੰਜਿਲਾਂ ਸਮੋਕਿੰਗ ਫਰੀ ਹਨ|ਅੰਦਰ ਜੂਸ, ਪਾਣੀ, ਕੋਲਡ ਡਰਿੰਕ ਲਈ ਮਸ਼ੀਨਾਂ ਲੱਗੀਆਂ ਹੋਈਆਂ ਹਨ ਜੋ ਬਿਲਕੁਲ ਮੁਫ਼ਤ ਹਨ|ਜੂਆ ਖੇਡਣ ਵਾਲਿਆਂ ਲਈ ਵਿਸਕੀ ,ਸਕਾਚ ਦਾ ਵੀ ਫਰੀ ਪ੍ਰਬੰਧ ਹੈ|ਕੈਸ਼ ਕਢਾਉਣ ਲਈ ਅੰਦਰ ਹੀ ਏ.ਟੀ .ਐਮ ਮਸ਼ੀਨਾਂ ਹਨ|ਮੈਨੂੰ ਬਹੁਤ ਹੈਰਾਨੀ ਹੋ ਰਹੀ ਸੀ ਇਨ੍ਹਾਂ ਵੱਡਾ ਜੂਆ ਘਰ ਦੇਖ ਕੇ ਜੋ 24 ਘੰਟੇ ਖੁੱਲਾ ਰਹਿੰਦਾ ਹੈ|ਇਸ ਨੂੰ ਘੁੰਮ ਫਿਰ ਕੇ ਦੇਖਿਆ ਤਾਂ ਪਤਾ ਚੱਲਿਆ ਕਿ ਲੋਕ ਜੂਆ ਖੇਡਣ ਦੇ ਕਿੰਨੇ ਸੌਕੀਨ ਹਨ|ਮੈ ਕਿਨ੍ਹਾਂ ਖੁਸ਼ ਨਸੀਬ ਹਾਂ ਕਿ ਮੈਨੂੰ ਤਾਸ਼ ਵੀ ਨਹੀ ਖੇਡਣੀ ਆਉਂਦੀ|ਕੈਸੀਨੋ ਘਰ ਦਾ ਡ੍ਰੇੱਸ ਕੋਡ ਹੈ ਤੁਸੀਂ ਅੰਦਰ ਚੱਪਲ , ਹਾਫ਼ ਪੈਂਟ ਪਾ ਕੇ ਨਹੀ ਜਾ ਸਕਦੇ ਅਤੇ 21 ਸਾਲ ਤੋਂ ਘੱਟ ਉਮਰ ਦੇ ਲਈ ਅੰਦਰ ਜਾਣ ਦੀ ਮਨਾਹੀ ਹੈ|
ਸਿੰਗਾਪੁਰ ਰਾਤ ਦੇ ਹਨੇਰੇ ਵਿੱਚ ਦਿਵਾਲੀ ਦੀ ਤਰਾਂ ਜਗ ਮਗਾ ਰਿਹਾ ਸੀ|ਅਸੀਂ ਵਾਪਿਸ ਆ ਕੇ ਚੱਲਦੀਆਂ ਪੋੜੀਆਂ ਰਾਹੀਂ ਬੇ ਫਰੰਟ ਸਟੇਸ਼ਨ ਤੇ ਪਹੁੰਚ ਗਏ |ਆਪਣੇ ਕਾਰਡ ਫਲੈਸ਼ ਕੀਤੇ ਤੇ ਅੰਦਰ ਦਾਖ਼ਲ ਹੋ ਗਏ ਰਸਤੇ ਵਿਚੋਂ ਅਸੀਂ ਇਕ ਸਟੇਸ਼ਨ ਤੋਂ ਟਰੇਨ ਬਦਲਣੀ ਸੀ|ਅਸੀਂ ਸਟੇਸ਼ਨ ਤੇ ਉਤਰੇ ਇਕ-ਇਕ ਕਰਕੇ ਕਾਰਡ ਫਲੈਸ਼ ਕਰਕੇ ਬਾਹਰ ਹੁੰਦੇ ਗਏ|ਅਚਾਨਕ ਸਾਡੇ ਇਕ ਮੈਂਬਰ ਦਾ ਕਾਰਡ ਫਲੈਸ਼ ਕਰਨੋਂ ਹਟ ਗਿਆ ਜਿਨਾਂ ਚਿਰ ਕਾਰਡ ਫਲੈਸ਼ ਨਹੀ ਹੁੰਦਾਂ ਓਨ੍ਹਾਂ ਚਿਰ ਤੁਹਾਡਾ ਰਸਤਾ ਨਹੀਂ ਖੁੱਲਦਾ, ਅਸੀਂ ਹੈਰਾਨ ਹੋਏ!ਹੋਰ ਮੁਸਾਫ਼ਿਰ ਨਿਕਲਦੇ ਚਲੇ ਗਏ |ਜਦੋਂ ਦੋ ਤਿੰਨ ਵਾਰ ਟਰਾਈ ਕੀਤਾ ਤਾਂ ਸਫ਼ਲ ਨਾ ਹੋਏ | ਅਚਾਨਕ ਨਜ਼ਰ ਪਈ ਤਾਂ ਸਾਡੀਆਂ ਤਸਵੀਰਾਂ ਸੀ ਸੀ ਟੀਵੀ ਕੈਮਰੇ ਰਾਹੀਂ ਸਕਰੀਨ ਉਪਰ ਚੱਲਣ ਲੱਗ ਪਈਆਂ|ਪਤਾ ਚੱਲਿਆ ਕਿ ਸਾਡੇ ਕਾਰਡ ਦਾ ਬੇਲੇਂਸ ਖ਼ਤਮ ਹੋ ਗਿਆ ਸੀ| ਫਿਰ ਕਾਰਡ ਰੀਚਾਰਜ਼ ਕਰਵਾਇਆ ਤਾਂ ਅੰਦਰੋਂ ਬਾਹਰ ਆਏ|ਖੂਬਸੂਰਤ ਸਿਸਟਮ ਦੇਖ ਕੇ ਦਿਲ ਖੁਸ਼ ਹੋ ਗਿਆ|ਉਥੇ ਕੋਈ ਵੀ ਮੁਲਾਜਮ ਡਿਉਟੀ ਤੇ ਨਹੀ ਹੁੰਦਾ|ਇਥੋਂ ਅਸੀਂ ਦੂਸਰੀ ਟਰੇਨ ਲਈ ਤੇ ਬੂਗੀਜ਼ ਸਟੇਸ਼ਨ ਤੇ ਪਹੁੰਚ ਗਏ ਓਥੇ ਸ਼ਿਵਮ ਦੇ ਮੰਮੀ ਪਾਪਾ ਸਾਡਾ ਇੰਤਜ਼ਾਰ ਕਰ ਰਹੇ ਸਨ|ਅਸੀਂ ਸਾਰਿਆਂ ਨੇ ਮੈਕ- ਡੀ ਤੋਂ ਰੀਫ੍ਰੇਸ਼ਮੈਂਟ ਲਈ ਤੇ ਤਰੋ ਤਾਜ਼ਾ ਹੋ ਗਏ|ਸਾਡੇ ਕੁਝ ਮੈਂਬਰ ਵਾਪਿਸ ਹੋਟਲ ਜਾਣਾ ਚਾਹੁੰਦੇ ਸਨ ਤੇ ਕੁਝ ਹੋਰ ਘੁੰਮਣਾ ਚਾਹੁੰਦੇ ਸਨ|ਸਾਡੇ ਕੋਲ ਅੱਜ ਦੀ ਰਾਤ ਹੀ ਬਾਕੀ ਸੀ|ਦਿਲ ਚਾਹੁੰਦਾ ਸੀ ਸਿੰਗਾਪੁਰ ਨੂੰ ਹੋਰ ਘੁੰਮ ਕੇ ਦੇਖਿਆ ਜਾਵੇ |ਰਾਤ ਦੇ 11 ਵੱਜ ਚੁੱਕੇ ਸਨ, ਸਾਡੇ ਇਕ ਹੋਰ ਪੌਇੰਟ ਕਲਾਰਕੀ ਦਾ ਕੀੜਾ ਦਿਮਾਗ ਵਿੱਚ ਫਸਿਆ ਹੋਇਆ ਸੀ ਜਿਸ ਨੂੰ ਕੱਢਣ ਲਈ ਅਸੀਂ ਚਾਰ ਜਾਣੇ ਬੱਸ ਚੜ੍ਹ ਕੇ ਕਲਾਰਕੀ- ਕੁਵੇ ਨੂੰ ਚੱਲ ਪਏ |ਬੱਸ ਵਿਚ ਵੀ ਓਹੀ ਕਾਰਡ ਪਾਸ ਚੱਲਦੇ ਸਨ|ਬੱਸ ਦੀ ਅਗਲੀ ਖਿੜਕੀ ਤੋਂ ਚੜ੍ਹਨ ਲੱਗੇ ਕਾਰਡ ਟੱਚ ਕਰੋ ਤੇ ਅੰਦਰ ਦਾਖ਼ਲ ਹੋਵੋ ਅਤੇ ਉੱਤਰਨ ਲੱਗੇ ਟੱਚ ਕਰ ਕੇ ਉਤਰ ਜਾਓ ਕਿਰਾਇਆ ਆਪਣੇ ਆਪ ਹੀ ਕੱਟਿਆ ਜਾਂਦਾ ਹੈ|ਸਿਰਫ਼ ਇਕ ਡਰਾਈਵਰ ਹੀ ਸਾਰੀ ਬੱਸ ਨੂੰ ਕੰਟਰੋਲ ਕਰ ਰਿਹਾ ਸੀ|ਉਸ ਕੋਲ ਸਕਰੀਨ ਉਪਰ ਸਾਰੀ ਜਾਣਕਾਰੀ ਰਹਿੰਦੀ ਹੈ|ਬੱਸਾਂ ਵੀ ਬਹੁਤ ਖੂਬਸੂਰਤ ਏਅਰ ਕੰਡੀਸ਼ਨ ਤੇ ਲੋਅਰ ਫਲੋਰ ਹਨ|
ਸਿੰਗਾਪੁਰ ਨਦੀ ਦੇ ਕਿਨਾਰੇ ਸਥਿੱਤ ਬੋਟ ਕੁਵੇ ਅਤੇ ਕਲਾਰਕ ਕੁਵੇ ਸਿੰਗਾਪੁਰ ਦਾ ਜਹਾਜ਼ੀ ਘਾਟ ਹੈ|ਇਹ ਸਥਾਨ ਬੇਹਤਰੀਨ ਸ਼ੌਪਿੰਗ ਅਤੇ ਖਾਣ ਪੀਣ ਲਈ ਦੁਨੀਆ ਦੇ ਪ੍ਰਮੁੱਖ ਪੰਜ ਦੇਸ਼ਾਂ ਵਿਚ ਸ਼ਾਮਿਲ ਹੈ ਤੇ ਨਾਈਟ ਲਾਈਫ ਮਸ਼ਹੂਰ ਹੈ|ਇਥੇ ਅਨੇਕਾਂ ਪੱਬ, ਬਾਰ ਅਤੇ ਰੈਸਟੋਰੇਂਟ ਵਿੱਚ ਦੁਨੀਆ ਭਰ ਦੀ ਸ਼ਰਾਬ ਅਤੇ ਖਾਣ ਪੀਣ ਦਾ ਸਮਾਨ ਮੌਜੂਦ ਹੈ|ਸੈਲਾਨੀ ਵੱਖ- ਵੱਖ ਤਰਾਂ ਦੇ ਪੱਬ ਜਾਂ ਡਿਸਕੋ ਦਾ ਲੁਤਫ਼ ਉਠਾ ਸਕਦੇ ਹਨ|ਭਾਰਤੀ ਸੈਲਾਨੀਆਂ ਦੇ ਮਨੋਰੰਜਨ ਲਈ ਹਿੰਦੀ, ਪੰਜਾਬੀ ਗੀਤਾਂ ਦੀਆਂ ਧੁਨਾਂ ਉਪਰ ਨਚਿਆ ਜਾ ਸਕਦਾ ਹੈ|
ਵੱਡੇ- ਵੱਡੇ ਡਿਸਕੋ ਹਾਲ ਵਿੱਚ ਉੱਚੀ-ਉੱਚੀ ਵੱਜਦਾ ਮਿਊਜਿਕ, ਸ਼ੋਰ ਸ਼ਰਾਬੇ ਤੇ ਲੋਕ ਮਸਤੀ ਵਿਚ ਮਸਤ ਨਾਈਟ ਲਾਈਫ ਦਾ ਅਨੰਦ ਲੈ ਰਹੇ ਸਨ|ਪਰ ਇਹੋ ਜਿਹਾ ਸ਼ੋਰ- ਸ਼ਰਾਬੇ ਦਾ ਮਹੌਲ ਮੈਨੂੰ ਪਸੰਦ ਨਹੀ|ਅਸੀਂ ਇਕ ਚੱਕਰ ਲਾ ਘੁੰਮ ਕੇ ਦੇਖਿਆ ਕਿਓਕਿ ਸਾਡਾ ਕਲਾਰਕ-ਕੁਵੇ ਵਾਲਾ ਕੀੜਾ ਮਰ ਕੇ ਸ਼ਾਂਤ ਹੋ ਗਿਆ ਸੀ|ਅਸੀਂ ਵਾਪਿਸ ਹੋਟਲ ਲਈ ਚੱਲ ਪਏ|ਸਾਨੂੰ ਟੈਕਸੀ ਕਰਕੇ ਵਾਪਿਸ ਹੋਟਲ ਆਉਣਾ ਪਿਆ, ਮੈਟਰੋ ਤੇ ਬੱਸ ਸਰਵਿਸ ਸਵੇਰੇ 5.30 ਤੋਂ ਰਾਤ 12.ਵਜੇ ਤੱਕ ਹੀ ਚੱਲਦੀਆਂ ਹਨ|ਰਸਤੇ ਵਿਚ ਅਸੀਂ ਆਪਸ ਵਿਚ ਡਰਾਈਵਰ ਦੀ ਉਮਰ ਦੇ ਅੰਦਾਜੇ ਲਾਉਣ ਲੱਗੇ|ਆਖਿਰ ਉਸ ਨੂੰ ਪੁੱਛ ਹੀ ਲਿਆ ਜਦੋਂ ਉਸ ਨੇ ਆਪਣੀ ਉਮਰ ਬਾਰੇ ਦੱਸਿਆ ਤਾਂ ਅਸੀਂ ਹੈਰਾਨ ਹੋ ਗਏ ਜੋ 75 ਸਾਲ ਦਾ ਹੋ ਕੇ ਵੀ ਰਾਤ ਨੂੰ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ|ਜਦੋਂ ਅਸੀਂ 55-60 ਸਾਲ ਦੇ ਹੋ ਜਾਂਦੇ ਹਾਂ ਤਾਂ ਸਾਡੀ ਮਾਨਸਿਕਤਾ ਸਾਨੂੰ ਰਿਟਾਇਰਮੈਂਟ ਵੱਲ ਖਿਚ ਕੇ ਲੈ ਜਾਂਦੀ ਹੈ|ਅਸੀਂ ਹਿੰਮਤ ਹਾਰ ਕੇ ਵੇਹਲੇ ਬਹਿਣਾ ਪਸੰਦ ਕਰਦੇ ਹਾਂ|ਇਹ ਗੱਲ ਭਾਵੇਂ ਹਰ ਇਕ ਤੇ ਲਾਗੂ ਨਹੀ ਹੁੰਦੀ|ਸਲਾਮ ਕਰਦਾ ਹਾਂ ਇਹੋ ਜਿਹੇ ਮਿਹਨਤਕਸ਼ ਲੋਕਾਂ ਨੂੰ|ਗੱਲਾਂ-ਬਾਤਾਂ ਕਰਦੇ ਹੋਟਲ ਪਹੁੰਚ ਗਏ|ਡਰਾਈਵਰ ਵੀਰ ਦਾ ਧੰਨਵਾਦ ਕੀਤਾ|ਅੱਜ ਦੇ ਦਿਨ ਬਾਰੇ ਬਿਲਕੁਲ ਵੀ ਸੋਚਿਆ ਨਹੀ ਸੀ ਕਿ ਇਨ੍ਹਾਂ ਵਧੀਆ ਗੁਜਰੇਗਾ ਪਰ ਇਸ ਦੇ ਲਈ ਸ਼ਿਵਮ ਦੇ ਬਹੁਤ ਧੰਨਵਾਦੀ ਹੋਏ|ਅੱਜ ਦੀ ਰਾਤ ਚਾਹੁੰਦੇ ਹੋਏ ਵੀ ਨੀਂਦ ਨਹੀ ਆ ਰਹੀ ਸੀ|ਜਿੰਨ੍ਹੀ ਜਿਆਦਾ ਖੁਸ਼ੀ ਸਿੰਗਾਪੁਰ ਨੂੰ ਨੇੜੇ ਹੋ ਤੱਕਣ ਦੀ ਸੀ ਉਸ ਤੋਂ ਕਿਤੇ ਜਿਆਦਾ ਅਫ਼ਸੋਸ ਸਿੰਗਾਪੁਰ ਨੂੰ ਅਲਵਿਦਾ ਕਹਿਣ ਦਾ ਸੀ|ਰਾਤ ਨੂੰ ਅਚੇਤ ਮਨ ਸਿੰਗਾਪੁਰ ਦੇ ਨਜ਼ਾਰਿਆਂ ਨੂੰ ਤੱਕਦਾ ਰਿਹਾ|
ਰੋਜ਼ਾਨਾ ਦੀ ਤਰਾਂ ਸਵੇਰੇ ਜਲਦੀ ਉਠੇ ਤਿਆਰ ਹੋ ਕੇ ਸਮਾਨ ਪੈਕ ਕਰ ਦਿੱਤਾ,ਖਿੜਕੀ ਵਿਚੋਂ ਸਿੰਗਾਪੁਰ ਦੇ ਨਜ਼ਾਰੇ ਨੂੰ ਇਕ ਵਾਰ ਫਿਰ ਤੱਕਿਆ ਅਤੇ ਨਾਸ਼ਤੇ ਲਈ ਹਾਲ ਵਿਚ ਪਹੁੰਚ ਗਏ|ਉਥੇ ਸਾਡੇ ਸਾਥੀ ਜਲੰਧਰ ਵਾਲੇ ਵੀ ਪਹੁੰਚੇ ਹੋਏ ਸਨ|ਸਾਰਿਆਂ ਨੇ ਨਾਸ਼ਤਾ ਕੀਤਾ|ਸਮਾਨ ਲੈ ਕੇ ਹੋਟਲ ਦੀ ਰਿਸ਼ੈਪਸ਼ਨ ਤੇ ਪਹੁੰਚੇ, ਗੱਡੀ ਦਾ ਡਰਾਈਵਰ ਠੀਕ 9 ਵਜੇ ਪਹੁੰਚਿਆ ਹੋਇਆ ਸੀ|ਸਮਾਨ ਗੱਡੀ ਵਿਚ ਰੱਖ ਕੇ ਏਅਰਪੋਰਟ ਲਈ ਰਵਾਨਾ ਹੋ ਗਏ|ਆਸ ਪਾਸ ਦੇ ਨਜ਼ਾਰਿਆਂ ਨੂੰ ਉਦਾਸ ਮਨ ਨਾਲ ਤੱਕ ਰਹੇ ਸੀ|ਸਿੰਗਾਪੁਰ ਦੀ ਖੂਬਸੂਰਤੀ ਦਿਲੋ ਦਿਮਾਗ ਵਿਚ ਵਸ ਗਈ ਸੀ|ਡਰਾਈਵਰ ਬਹੁਤ ਹੀ ਹਸਮੁਖ ਤੇ ਗਾਲੜੀ ਸੁਭਾ ਦਾ ਸੀ|ਉਸ ਦੇ ਨਾਲ ਹੱਸਦਿਆਂ ਖੇਡਦਿਆਂ ਸਮੇਂ ਦਾ ਪਤਾ ਹੀ ਨਹੀ ਚੱਲਦਾ ਸੀ|ਅਸੀਂ 9.30 ਵਜੇ ਏਅਰਪੋਰਟ ਪਹੁੰਚ ਗਏ|ਸਮਾਨ ਟਰਾਲੀਆਂ ਉਪਰ ਰੱਖ ਕੇ ਡਰਾਈਵਰ ਦਾ ਧੰਨਵਾਦ ਕੀਤਾ ਤੇ ਉਸ ਦੀਆਂ ਸ਼ੁਭ ਇਛਾਵਾਂ ਕਬੂਲ ਕਰਕੇ ਸਿੰਗਾਪੁਰ ਨੂੰ ਅਲਵਿਦਾ ਕਹਿ ਕੇ ਏਅਰਪੋਰਟ ਅੰਦਰ ਦਾਖ਼ਲ ਹੋ ਗਏ|ਇਥੋਂ 12 ਵੱਜ ਕੇ 20 ਮਿੰਟ ਤੇ ਟਰਮੀਨਲ ਨੰਬਰ 3 ਤੋ ਮਲੇਸ਼ੀਆ ਲਈ ਉਡਾਣ ਸੀ|ਹੁਣ ਸਾਡੇ ਕੋਲ ਏਅਰਪੋਰਟ ਨੂੰ ਘੁੰਮ ਫਿਰ ਕੇ ਦੇਖਣ ਦਾ ਸਮਾਂ ਸੀ|
ਠੀਕ ਸਮੇਂ ਤੇ ਜਹਾਜ਼ ਨੇ ਮਲੇਸ਼ੀਆ ਲਈ ਉਡਾਣ ਭਰ ਲਈ|ਉਪਰੋਂ ਧਰਤੀ,ਸਮੁੰਦਰ ਅਤੇ ਜੰਗਲਾਂ ਦੇ ਨਜ਼ਾਰਿਆਂ ਨੂੰ ਤੱਕਦੇ ਇਕ ਘੰਟੇ ਮਗਰੋਂ ਮਲੇਸ਼ੀਆ ਦੇ ਏਅਰਪੋਰਟ ਤੇ ਲੈਂਡ ਕਰ ਗਏ|ਇਥੇ ਸਾਡੀ ਦੋ ਘੰਟੇ ਦੀ ਠਹਿਰ ਸੀ|ਠੀਕ 3 ਵੱਜ 20 ਮਿੰਟ ਤੇ ਫਿਰ ਉਡਾਣ ਭਰ ਕੇ ਅੰਮ੍ਰਿਤਸਰ ਲਈ ਰਵਾਨਾ ਹੋ ਗਏ|ਸਿੰਗਾਪੁਰ ਦੇ ਤੱਕੇ ਹੋਏ ਨਜ਼ਾਰੇ ਦਿਲੋ-ਦਿਮਾਗ ਵਿਚ ਛਾਏ ਹੋਏ ਸਨ|ਸਰੀਰਕ ਤੌਰ ਤੇ ਭਾਵੇਂ ਵਾਪਿਸ ਆ ਰਹੇ ਸੀ ਲੇਕਿਨ ਰੂਹ ਸਾਡੀ ਉਥੇ ਹੀ ਘੁੰਮ ਰਹੀ ਸੀ|ਸਿੰਗਾਪੁਰ ਦੇ ਸਿਸਟਮ,ਰਹਿਣ-ਸਹਿਣ ਤੇ ਸਾਫ਼ ਸਫਾਈ ਦੇ ਪੱਖੋਂ ਤੁਲਨਾ ਕਰਦੇ ਹੋਏ ਖਿਆਲਾਂ ਦੇ ਸਮੁੰਦਰ ਵਿਚ ਤੈਰਦੇ- ਤੈਰਦੇ 6ਘੰਟਿਆਂ ਦਾ ਪਤਾ ਹੀ ਨਹੀ ਚੱਲਿਆ ਕਦੋਂ ਸ਼੍ਰੀ ਗੁਰੂ ਰਾਮਦਾਸ ਜੀ ਏਅਰਪੋਰਟ ਤੇ ਲੈਂਡ ਕਰ ਗਏ|
ਅਸੀਂ ਚਾਹੁੰਦੇ ਹਾਂ ਸਵਰਗ ਵਰਗੇ ਦੇਸ਼ਾਂ ਦੇ ਸੁਪਨੇ ,ਪਰ ਕਰਨਾ ਕੁਝ ਨਹੀਂ ਚਾਹੁੰਦੇ|ਹਰ ਜਗ੍ਹਾ ਗੰਦਗੀ ਅਸੀਂ ਆਪ ਹੀ ਪਾਉਂਦੇ ਹਾਂ|ਜਦੋਂ ਜਹਾਜ਼ ਮਲੇਸ਼ੀਆ ਤੋਂ ਉਡਿਆ ਸੀ ਬਹੁਤ ਸਾਫ਼ ਸੁਥਰਾ ਸੀ|ਓਹਦੀ ਹਾਲਤ ਅੰਮ੍ਰਿਤਸਰ ਪਹੁੰਚਦੇ ਪਹੁੰਚਦੇ ਬਹੁਤ ਗੰਦੀ ਕਰ ਦਿਤੀ,ਕਿਧਰੇ ਕੰਬਲ ਥੱਲੇ ਸੁੱਟੇ ਪਏ ,ਕਿਧਰੇ ਹੈਡ ਫੋਨ,ਮੇਗਜ਼ੀਨ ਡਿਗੇ ਪਏ|ਅਸੀਂ ਆਪਣੀਆ ਆਦਤਾਂ ਵਿੱਚ ਸੁਧਾਰ ਕਰ ਲਈਏ ਤਾਂ ਬਹੁਤ ਹੱਦ ਤੱਕ ਸਫਾਈ ਰਹਿ ਸਕਦੀ ਹੈ|ਜਹਾਜ਼ ਦੀ ਹਾਲਤ ਦੇਖ ਕੇ ਬਹੁਤ ਸ਼ਰਮ ਆਈ, ਕੀ ਅਸੀਂ ਸਵਰਗ ਵਰਗਾ ਦੇਸ਼ ਦੇਖ ਕੇ ਆਏ ਹਾਂ ? ਸਚ ਹੀ ਇਹੋ ਜਿਹੇ ਦੇਸ਼ਾਂ ਦੇ ਵਾਸੀ ਅਸਲੀ ਸਵਰਗ ਵਾਸੀ ਹਨ | ਲੇਕਿਨ ਸਾਨੂੰ ਤਾਂ ਮਰਨ ਤੋਂ ਬਾਅਦ ਹੀ ਸਵਰਗ ਵਾਸੀ ਹੋਣ ਦਾ ਸਰਟੀਫ਼ਿਕੇਟ ਦਿੱਤਾ ਜਾਂਦਾ ਹੈ|ਜਿਉਂਦੇ ਜੀ ਭਾਵੇ ਨਰਕਾਂ ਦੇ ਵਾਸੀ ਹੀ ਰਹੀਏ |
ਇਹ ਟੂਰ ਮੇਰੇ ਜੀਵਨ ਸਾਥੀ ਦੇ ਗੋਲਡਨ ਜੁਬਲੀ ਬਰਥ ਡੇ ਉਪਰ ਉਸ ਲਈ ਇਕ ਤੋਹਫ਼ਾ ਸੀ|ਜਿਸ ਵਿਚ ਅਸੀਂ ਸਿੰਗਾਪੁਰ ਨੂੰ ਨੇੜੇ ਹੋ ਤੱਕ ਕੇ ਆਪਣੀ ਰੂਹ ਨੂੰ ਤ੍ਰਿਪਤ ਕੀਤਾ ਜਿਸ ਨਾਲ ਸਾਡੇ ਵਿੱਚ ਮੇਹਨਤ ਕਰਨ ਦਾ ਜਜ਼ਬਾ ਤੇ ਜੋਸ਼ ਪੈਦਾ ਹੋ ਗਿਆ|