ਦੁੱਖ ਦਿਲ ' ਤੇ ਹੁਣ ਤੂੰ ਜਰਨਾ ਛੱਡ ਦੇ ,
ਅਪਣਿਆਂ ਦੀ ਮੌਤ ਮਰਨਾ ਛੱਡ ਦੇ ।
ਅਪਣੇ ਵੀ ਬਣਦੇ ਨਹੀਂ ਏਥੇ ਸਕੇ ,
ਗ਼ੈਰ 'ਤੇ ਸ਼ਿਕਵੇ ਤੂੰ ਕਰਨਾ ਛੱਡ ਦੇ ।
ਜੀਅ ਲਿਆ ਕਰ ਜ਼ਿੰਦਗੀ ਹਸ-ਖੇਡ ਕੇ,
ਦੁੱਖ ਤਕਲੀਫ਼ਾਂ ਤੋਂ ਡਰਨਾ ਛੱਡ ਦੇ ।
ਮੰਨਿਆ ਆਸਾਨ ਨੲ੍ਹੀ ਹੈ ਜ਼ਿੰਦਗੀ ,
ਦੇਖ ਹੋਰਾਂ ਵੱਲ ਹਰਨਾ ਛੱਡ ਦੇ ।
ਮੱਛੀ ਨੂੰ ਖਾ ਜਾਂਦੇ ਨੇ ਜੇ ਮਗਰ-ਮੱਛ,
ਫੇਰ ਕੀ ਉਹ ਡਰ ਕੇ ਤਰਨਾ ਛੱਡ ਦੇ ?
ਹਾਰ ਕੇ ਵੀ ਜਿੱਤ ਮਿਲੁ ਰੱਖ ਹੌਸ਼ਲਾ ,
ਹਰ ਸਮੇਂ ਤੂੰ 'ਗਿੱਲ' ਖਰਨਾ ਛੱਡ ਦੇ।