ਟੇਪ-ਰਿਕਾਰਡ (ਹੱਡ ਬੀਤੀ) (ਸਵੈ ਜੀਵਨੀ )

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੱਲ ਉਸ ਸਮੇਂ ਦੀ ਹੈ। ਜਿਸ ਸਮੇਂ ਮੈਂ ਅਜੇ ਸੱਤਵੀਂ ਜਮਾਤ ਵਿੱਚ ਪੜ੍ਹਦੇ ਸੀ । ਮੈਨੂੰ ਉਸ ਸਮੇਂ ਮੇਰੇ ਭਰਾ ਨਾਲ ਦਿੱਲੀ ਜਾਣ ਦਾ  ਮੋਕਾ ਮਿਲਿਆ । ਮੈਂ, ਮੇਰਾ ਭਰਾ ਅਤੇ ਉਸ ਦਾ ਇੱਕ ਦੋਸਤ ਅਸੀ ਰਾਤ ਨੂੰ ਦਿੱਲੀ ਨੂੰ ਚੱਲ ਪਏ।ਲੁਧਿਆਣੇ ਸਟੇਸ਼ਨ ਤੋ ਜਾ ਕੇ ਅਸੀ ਲਗਭਗ ਰਾਤ ਨੂੰ ਦਸ ਕੁ ਵਜੇ ਟਰੇਨ ਵਿੱਚ ਬੈਠ ਗਏ ਅਤੇ ਸਵੇਰੇ ਲਗਭਗ ਪੰਜ ਕੁ ਵਜੇ ਸਾਨੂੰ ਟਰੇਨ ਨੇ ਦਿੱਲੀ ਉਤਾਰ ਦਿੱਤਾ। ਮੇਰਾ ਭਰਾ ਕਾਫੀ ਸਮੇਂ ਤੋਂ ਉੱਥੇ ਇੱਕ ਸੇਠ ਕੋਲ ਕੰਮ ਕਰਦਾ ਸੀ । ਜਿਸਦਾ ਪਿਛੋਕੜ ਪੰਜਾਬ ਲੁਧਿਆਣੇ ਦਾ ਸੀ । ਅਕਸਰ ਉਹ ਪੰਜਾਬ ਆਉਦਾਂ ਰਹਿੰਦਾ ਸੀ । ਇਸ ਕਰਕੇ ਮੇਰੇ ਭਰਾ ਦੇ ਦੋਸਤ ਦਾ ਉਸ ਨਾਲ ਵੀ ਗੂੜ੍ਹਾ ਰਿਸ਼ਤਾ ਬਣ ਗਿਆ , ਪਰ ਉਹ ਉਸ ਕੋਲ ਮੇਰੇ ਭਰਾ ਨਾਲ ਮੇਰੀ ਤਰ੍ਹਾ ਹੀ ਪਹਿਲੀ ਵਾਰ ਜਾ ਰਿਹਾ ਸੀ। 
                         ਦਿੱਲੀ ਰੇਲਵੇ ਸਟੇਸ਼ਨ ਤੇ ਉਤਰ ਕੇ ਅਸੀ ਸੇਠ ਦੇ ਘਰ ਚਲੇ ਗਏ , ਜਿਸ ਵਕਤ ਅਸੀ ਸੇਠ ਦੇ ਘਰ ਗਏ ਉਸ ਵਕਤ ਲਗਭਗ ਦਸ ਕੁ ਵਜੇ ਹੋਏ ਸਨ। ਸੇਠ ਦੇ ਘਰ ਟੀ .ਵੀ ਚੱਲ ਰਿਹਾ ਸੀ। ਟੀ.ਵੀ ਉੱਪਰ ਕੋਈ ਡਰਾਵਣੀ ਫਿਲਮ ਚੱਲ ਰਹੀ ਸੀ। ਮੈਂ ਇਸ ਤਰ੍ਹਾ ਦੀ ਫਿਲਮ ਪਹਿਲਾ ਕਦੇ ਨਹੀ ਸੀ ਦੇਖੀ। ਮੇਰਾ ਭਰਾ , ਉਸਦਾ ਦੋਸਤ ਅਤੇ ਸੇਠ ਅਤੇ ਸਠਾਣੀ ਆਪਸ ਵਿੱਚ  ਗੱਲਾਂ ਕਰ ਰਹੇ ਸਨ ਪਰੰੰਤੂ ਮੇਰਾ ਸਾਰਾ ਧਿਆਨ ਉਸ ਫਿਲਮ ਵੱਲ ਸੀ। ਮੈਂ ਸੋਚੀ ਜਾ ਰਿਹਾ ਸੀ ਕਿ ਸਾਡੇ ਬਲੈਕ ਐਡ ਵਾਈਟ ਟੀ.ਵੀ. ਤੇ ਇਸ ਤਰ੍ਹਾ ਦੀ ਫਿਲਮ ਕਦੇ ਨਹੀ ਆਈ। ਅਸੀ ਲਗਾਤਾਰ ਪੰਜ ਦਿਨ ਉੱਥੇ ਰਹੇ, ਅਸੀ ਜਦੋਂ ਵੀ ਸਵੇਰ ਵੇਲੇ ਸੇਠ ਦੇ ਘਰ ਜਾਣਾ ਕੋਈ ਨਾ ਕੋਈ ਫਿਲਮ ਚਲਦੀ ਰਹਿੰਦੀ ਸੀ। ਮੈਨੂੰ ਇਸ ਗੱਲ ਦੀ ਬਹੁਤ ਸਮੇਂ ਬਾਅਦ ਵਿੱਚ ਸਮਝ ਆਈ ਕਿ ਉੱਥੇ ਉਸ ਸਮੇਂ ਕੇਬਲ ਚਲਦੀ ਸੀ। ਅਸੀ ਜਿੰਨੇ ਦਿਨ ਉੱਥੇ ਰਹੇ , ਅਸੀ ਰਾਤ ਨੂੰ ਟਰੱਕ ਵਿੱਚ ਸੌਂਦੇ ਸੀ। ਕਿਉਂ ਕਿ ਜਿਸ ਮਕਾਨ ਵਿੱਚ ਸੇਠ ਰਹਿੰਦਾ ਸੀ ਉਸ ਦੇ ਸਿਰਫ ਦੋ ਹੀ ਕਮਰੇ ਸਨ । ਸੇਠ ਦੇ ਦੋ ਲੜਕੀਆਂ ਅਤੇ ਮੇਰੇ ਭਰਾ ਦਾ ਦੋਸਤ ਵੀ ਉਸ ਦੇ ਮਕਾਨ ਵਿੱਚ ਸੌਂਦਾ ਸੀ ।ਇਸ ਕਰਕੇ ਮੈਂ ਅਤੇ ਮੇਰਾ ਭਰਾ ਅਸੀ ਟਰੱਕ ਵਿੱਚ ਸੌਂਦੇ ਸੀ , ਇਸ ਨਾਲ ਰਾਤ ਕੱਟਣ ਦੇ ਨਾਲ –ਨਾਲ ਟਰੱਕ ਦੀ ਰਾਖੀ ਵੀ ਹੋ ਜਾਂਦੀ ਸੀ।
                     ਅਸੀ ਪੰਜ ਦਿਨਾਂ ਵਿੱਚ ਲਾਲ ਕਿਲਾਂ, ਸੰਸਦ ਭਵਨ, ਜਾਮਾ-ਮਸਜਿਦ ਅਤੇ ਹੋਰ ਕਈ ਥਾਂਵਾਂ ਮੇਰੇ ਭਰਾ ਨੇ ਮੈਨੂੰ ਦਿਖਾਈਆ ਅਤੇ ਜਿਆਦਾ ਦਿਨ ਦਾ ਸਮਾਂ ਸਾਡਾ ੂ ਯੂ.ਪੀ. ਬਾਰਡਰ ਤੇ ਹੀ ਬੀਤਿਆ ਕਿਉਂ ਕਿ ਉੱਥੇ ਸੇਠ ਦੀ ਇੱਕ ਕਮਰੇ ਦਾ ਦਫਤਰ ਬਣਿਆ ਹੋਇਆ ਸੀ । ਜਿਸ ਨੂੰ ਉਹ ਟਰਾਂਸਪੋਰਟ ਆਖਦੇ ਸਨ । ਇਸ ਦੌਰਾਨ ਅਸੀ ਹਰ ਰੋਜ ਉੱਥੇ ਬਾਰਡਰ ਤੇ ਬੈਠੈ ਰਹਿੰਦੇ ਅਤੇ ਮੇਰਾ ਭਰਾ ਅਤੇ ਉਸ ਦੀ ਕਈ ਹੋਰ ਜਾਣ ਪਛਾਣ ਵਾਲੇ ਉੱਥੇ ਬੈਠੇ ਤਾਸ਼ ਖੇਡੀ ਜਾਦੇ। 
                 ਪੰਜ ਕੁ ਦਿਨ ਬੀਤ ਜਾਣ ਤੋਂ ਬਾਅਦ ਮੈਨੂੰ ਇੱਥੇ ਥਕਾਨ ਮਹਿਸੂਸ ਹੋ ਲੱਗੀ ਸੀ। ਇੱਕ ਕਾਰਨ ਸੀ ਕਿ ਘਰ ਤੋਂ ਬਾਹਰ ਕਿਤੇ ਜਿਆਦਾ ਸਮਾਂ ਨਾ ਰਹਿਣ ਕਰਕੇ , ਦੂਜਾ ਥੋੜਾ ਬਹੁਤਾ ਪੜ੍ਹਾਈ ਦਾ ਫਿਕਰ ਹੋ ਰਿਹਾ ਸੀ। ਇਸ ਲਈ ਹੁਣ ਮਨ ਘਰ ਜਾਣ ਲਈ ਕਾਹਲਾ ਪੈ ਰਿਹਾ ਸੀ। ਮੇਰੀ ਘੁੱਟਨ ਨੂੰ ਮੇਰਾ ਭਰਾ ਸ਼ਾਇਦ ਮੇਰਾ ਭਰਾ ਮਹਿਸੂਸ ਕਰ ਰਿਹਾ ਸੀ, ਭਾਵੇਂ ਮੈ ਡਰਦਾ ਕੁੱਝ ਵੀ ਨਹੀ ਸੀ ਬੋਲਦਾ । ਇਸ ਲਈ ਉਸ ਰਾਤ ਜਦੋਂ ਅਸੀ ਟਰੱਕ ਵਿਚ ਸੌ ਰਹੇ ਸੀ ।
          ਮੇਰੇ ਭਰਾ ਨੇ ਮੈਨੂੰ ਕਿਹਾ " ਕੱਲ੍ਹ ਨੂੰ ਆਪਾ ਪਿੰਡ ਨੂੰ ਚੱਲਾਗੇ" ਮੈਂਨੂੰ ਕਾਫੀ ਖੁਸੀ ਹੋਈ ਇਸੇ ਚਾਅ ਵਿੱਚ ਅੱਧੀ ਰਾਤ ਤੱਕ ਨੀਂਦ ਹੀ ਨਾ ਆਈ । ਮੈਂਨੂੰ ਕਦੇ ਸਕੂਲ਼ ਦੀ, ਕਦੇ ਬੇਬੇ ਦੀ , ਕਦੇ ਕਿਸੇ ਦੀ ਕਦੇ ਕਿਸੇ ਦੀ ਤਸਵੀਰ ਮੇਰੇ ਸਾਹਮਣੇ ਆ ਜਾਵੇ। ਇਸ ਸਿਲਸਲੇ ਵਿੱਚ ਮੈਂ ਸਾਰੀ ਰਾਤ ਘਰ ਵਾਪਸ ਮੁੜਨ ਦੇ ਸੁਪਨੇ ਹੀ ਲੈਂਦਾ ਰਿਹਾ।
                ਸਵੇਰੇ ਉੱਠ ਕੇ ਅਸੀ ਸੇਠ ਦੇ ਘਰ ਨੂੰ ਗਏ ਅਤੇ ਮੇਰੇ ਭਰਾ ਨੇ ਸੇਠ ਨਾਲ ਅੰਦਰ ਜਾ ਕੇ ਕੋਈ ਗੱਲ ਬਾਤ ਕੀਤੀ ਅਤੇ ਫੇਰ ਮੈ ਮੇਰਾ ਭਰਾ ਅਤੇ ਉਸ ਦਾ ਦੋਸਤ ਦਿੱਲੀ ਦੇ ਬਜ਼ਾਰਾ ਵਿੱਚ ਨੂੰ ਤੁਰ ਪਏ। ਅਸੀ ਦਿੱਲੀ ਦੇ ਲਾਲ ਕਿਲ੍ਹੇ ਦੇ ਸਾਹਮਣੇ ਵਾਲੀ ਮਾਰਕੀਟ ਵਿੱਚੋ ਕਾਫੀ ਨਿੱਕ ਸੁੱਕ ਖਰੀਦੀ । ਮੇਰੇ ਭਰਾ ਦੇ ਦੋਸਤ ਨੇ ਇੱਕ ਟੇਪ ਰਿਕਾਰਡ ਖਰੀਦੀ ।ਜੋ ਸ਼ਾਇਦ, ਸੋਨੀ ਟੋਨ ਕੰਪਨੀ ਦੀ ਸੀ। ਸਾਰੀ ਖਰੀਦੋ ਫਰੋਖਤ ਕਰਕੇ ਅਸੀ ਵਾਪਿਸ ਸੇਠ ਦੇ ਘਰ ਆ ਗਏ । ਮੇਂਨੂੰ ਸੇਠ ਦੇ ਘਰ ਛੱਡ ਕੇ ਸੇਠ ਮੇਰਾ ਭਰਾ ਅਤੇ ਉਸ ਦਾ ਦੋਸਤ ਕਿਸੇ ਕੰਮ ਲਈ ਚਲੇ ਗਏ ਅਤੇ ਉਹ ਸ਼ਾਮੀ ਵਾਪਿਸ ਆਏ। ਜਦੋਂ ਵਾਪਿਸ ਆਏ ਤਾ ਮੇਰੇ ਭਰਾ ਦੇ ਦੋਸਤ ਦਾ ਸਾਡੇ ਨਾਲ ਵਾਪਿਸ ਆਉਣਾ ਕਿਸੇ ਕੰਮ ਕਰਕੇ ਕੈਸ਼ਲ ਹੋ ਗਿਆ ਅਤੇ ਉਸ ਆਪਣੀ ਖਰੀਦੀ ਹੋਈ ਟੇਪ ਮੇਰੇ ਭਰਾ ਨੂੰ ਫੜਾ ਦਿੱਤੀ ਕਿ ਇਹ ਤੁਸੀ ਲੈ ਚੱਲੋ ਮੈਂ ਤੁਹਾਡੇ ਕੋਲੋ ਘਰੋ ਫੜ ਲਵਾਂਗਾ। ਇਸ ਕਰਕੇ ਉਹ ਉੱਥੇ ਹੀ ਰੁੱਕ ਗਿਆ ।
ਉਹ ਸਾਨੂੰ ਦਿੱਲੀ ਦੇ ਬੱਸ ਅੱਡੇ ਚੋ ਬੱਸ ਚੜਾਉਣ ਲਈ ਆਇਆ । ਅਸੀ ਤਕਰੀਬਨ ਰਾਤ ਦੇ ਨੋ ਵਜੇ ਦੇ ਕਰੀਬ ਬੱਸ ਵਿੱਚ ਬੈਠੇ । ਜਦੋਂ ਬੱਸ ਪੰਜਾਬ ਨੂੰ ਚੱਲੀ ਮੇਰੀ ਖੁਸੀ ਦਾ ਕੋਈ ਟਿਕਾਣਾ ਨਹੀ ਸੀ। ਅਸੀ ਖੰਨੇ ਦੀਆ ਟਿਕਟਾਂ ਲਈਆ ਅਤੇ ਬੱਸ ਚੱਲਣ ਤੋਂ ਕੁੱਝ ਸਮੇਂ ਬਾਅਦ ਹੀ ਮੇਰਾ ਭਰਾ ਤਾਂ ਸੌ ਗਿਆ ਪਰ ਮੈਂਨੂੰ ਨੀਂਦ ਨਹੀ ਆ ਰਹੀ ਸੀ। ਮੈ ਸੋਚੀ ਜਾ ਰਿਹਾ ਸੀ ਕਿ ਜੇਕਰ ਮੇਂਨੂੰ ਵੀ ਨੀਂਦ ਆ ਗਈ ਕਿਤੇ ਬੱਸ ਸਾਨੂੰ ਹੋਰ ਕਿਧਰੇ ਹੀ ਨਾ ਲੈ ਜਾਵੇ। ਇਸ ਕਰਕੇ ਮੈ ਬਹੁਤ ਦੇਰ ਤੱਕ ਨਾ ਸੁੱਤਾ ਪਰ ਫੇਰ ਪਤਾ ਨੀ ਕਦੋ ਮੇਰੀ ਅੱਖ ਲੱਗ ਗਈ ਅਤੇ ਮੈਨੂੰ ਨੀਂਦ ਆ ਗਈ। ਮੈਨੂੰ ਤਾਂ ਉਦੋ ਹੀ ਪਤਾ ਲੱਗਿਆ ਜਦੋਂ ਮੇਰੇ ਭਰਾ ਨੇ ਮੈਂਨੂੰ ਜਗਾਇਆ ਅਤੇ ਕਿਹਾ " ਉੱਠ,  ਖੰਨਾ ਆ ਗਿਆ"। ਮੈਂ ਬਹੁਤ ਹੈਰਾਨ ਹੋਇਆ ਕਿ ਇਸ ਨੂੰ ਕਿਵੇ ਪਤਾ ਲੱਗ ਗਿਆ ? ਇਸ ਨੂੰ ਕਿਵੇਂ ਜਾਗ ਆ ਗਈ ? ਚੱਲੋ ਛੱਡੋ ਅਸੀ ਖੰਨੇ ਬੱਸ ਅੱਡੇ ਕੋਲ ਉੱਤਰ ਗਏ । ਸਰਦੀਆ ਦੀ ਰੁੱਤ ਸੀ , ਤਕਰੀਬਨ ਸਵੇਰ ਦੇ  ਚਾਰ ਕੁ  ਵਜੇ ਹੋਣ ਗਏ ਕਿਉਂ ਕਿ ਪਾਠੀ ਸਿੰਘਾ ਦੀ ਗੂਰੂ ਘਰਾਂ ਵਿੱਚੋਂ ਪਾਠ ਕਰਨ ਦੀ ਅਵਾਜ਼  ਆ ਰਹੀ ਸੀ। ਉੱਥੋ ਉੱਤਰ ਕੇ ਅਸੀ ਤੁਰ ਕੇ ਮਲੇਰਕੋਟਲਾ ਬਾਈ ਪਾਸ ਤੇ ਆ ਗਏ, ਸ਼ਾਇਦ ਮੇਰੇ ਭਰਾ ਨੇ ਸੋਚਿਆ ਹੋਣਾ ਕਿ ਉੱਥੋ ਕੋਈ ਮਲੇਰਕੋਟਲੇ ਨੂੰ ਜਾਣ ਦਾ ਸਾਧਨ ਮਿਲ ਜਾਵੇਗਾ ਕਿਉਂ ਕਿ ਉਹ ਪਹਿਲਾਂ ਵੀ ਆਉਦਾ ਰਹਿੰਦਾ ਸੀ ।
                            ਜਿਉ ਹੀ ਅਸੀ ਮਲੇਰਕੋਟਲਾ ਬਾਈ ਪਾਸ ਤੇ ਪਹੁੰਚੇ ਉੱਥੇ ਤਿੰਨ ਚਾਰ ਪੁਲਿਸ ਵਾਲੇ ਧੂਣੀ ਲਾ ਕੇ ਬੈਠੇ ਸਨ । ਠੰਡ ਹੋਣ ਕਾਰਨ ਅਸੀ ਵੀ ਉਹਨਾ ਕੋਲ ਜਾ ਬੈਠੇ ਅਤੇ ਕੁੱਝ ਦੇਰ ਗੱਲਾਂ ਕਰਦੇ ਰਹੇ। ਅਚਾਨਕ ਇੱਕ ਪੁਲਿਸ ਵਾਲੇ ਨੇ ਮੈਨੂੰ ਪੁਛਿਆ " ਇਹ ਕੀ ਹੈ ? ਤੇਰੇ ਕੋਲ ! ਮੈ ਘਬਰਾ ਗਿਆ ਅਤੇ ਕੁੱਝ ਨਾ ਬੋਲਿਆ , ਪਰ ਮੇਰੇ ਭਰਾ ਨੇ ਕਿਹਾ " ਟੇਪ ਹੈ ॥" ਦਿਖਾਈ ਤਾਂ ਕਿਹੋ ਜਿਹੀ ਹੈ "ਟੇਪ" । ਉਹਨਾਂ ਨੇ ਡੱਬੇ ਵਿੱਚੋ ਕੱਢ ਕੇ ਦੇਖੀ , ਜਿਵੇਂ ਉਹਨਾਂ ਦੀ ਨੀਅਤ ਹੀ ਵਿਗੜ ਗਈ ਹੋਵੇ। ਬੜੀ ਸੋਹਣੀ ਬਈ ਤੁਹਾਡੀ "ਟੇਪ" ਕਿੰਨੇ ਦੀ ਆਈ ਆ , ਮੇਰੇ ਭਰਾ ਨੇ ਕਿਹਾ " ਪੰਜ ਸੋ ਦੀ"। ਇਸ ਦਾ ਬਿਲ ਹੈ ਤੁਹਾਡੇ ਕੋਲ , ਮੇਰਾ ਭਰਾ ਬੋਲਿਆ "ਨਹੀ" । ਫੇਰ ਤਾਂ ਤੁਹਾਨੂੰ ਥਾਣੇ  ਚਲਣਾ ਪਊ । ਇਹ ਤਾਂ ਚੋਰੀ ਦੀ ਵੀ ਹੋ ਸਕਦੀ ਹੈ। ਮੇਰੇ ਭਰਾ ਨੇ ਸਾਰੀ ਗੱਲ ਸਾਫ –ਸਾਫ ਦੱਸ ਦਿੱਤੀ । ਆਪਣਾ ਨਾਂ ਪਤਾ ਅਤੇ ਇਹ ਵੀ ਦੱਸ ਦਿੱਤਾ ਕਿ ਇਹ ਟੇਪ ਮੇਰੇ ਦੋਸਤ ਦੀ ਹੈ। ਪਰ ਉਹ ਮੰਨਣ ਲਈ ਤਿਆਰ ਹੀ ਨਹੀ ਸਨ। ਉਹਨਾਂ ਸਾਨੂੰ ਲਗਭਗ ਉੱਥੇ ਦੋ ਘੰਟਾ ਬਿਠਾਈ ਰੱਖਿਆ ਅਤੇ ਸਾਡੇ ਕੋਲ ਦੀ ਮਲੇਰਕੋਟਲੇ ਨੂੰ ਆਉਣ ਵਾਲੇ ਕਈ ਟਰੱਕ ਅਤੇ ਹੋਰ ਸਾਧਨ ਲੰਘਦੇ ਰਹੇ। ਮੈ ਬਹੁਤ ਡਰ ਗਿਆ ਸੀ , ਮੇਰੀ ਦਸ਼ਾ ਨੂੰ ਭਾਂਪਦੇ ਹੋਏ ਇੱਕ ਪੁਲਿਸ ਵਾਲੇ ਨੇ ਮੈਂਨੂੰ ਫੜ ਕੇ ਇੱਕ ਪਾਸੇ ਲੈ ਗਿਆ ਅਤੇ ਕਹਿਣ ਲੱਗਾ , ਕਿਉ ? ਟਾਈਮ ਖਰਾਬ ਕਰਦੇ ਹੋ। "ਕੁੱਝ ਦੇ - ਲੈ ਕੇ ਕਰਵਾ ਦੇਵਾ ਫੈਸਲਾ"। 
ਮੈਂ ਕਿਹਾ, "ਭਾਈ ਨੂੰ ਪੁੱਛ ਲੈਦਾ ਹਾਂ"। ਜਦੋ ਮੈ ਮੇਰੇ  ਭਰਾ ਨੂੰ ਇੱਕ ਪਾਸੇ ਚਾਹ ਪੀਣ ਦੇ ਬਹਾਨੇ ਪਰੇ ਲਜਾ ਕੇ ਗੱਲ ਕੀਤੀ ਤਾਂ ਉਹ ਅੱਗ ਬਬੂਲਾ ਹੋ ਗਿਆ ਅਤੇ ਕਹਿਣ ਲੱਗਾ " ਫੇਰ ਬਿਲ ਕਿੱਥੋ ਆ ਜਾਵੇਗਾ ?" ਆਪਾਂ ਨੇ ਨੀ ਇਹਨਾਂ ਨੂੰ ਕੁੱਝ ਦੇਣਾ, ਜਿਹਦੀ ਹੈ ਆਪੇ ਆ ਕੇ ਲੈ ਜਾਵੇਗਾ। ਮੇਰੇ ਦਿਮਾਗ ਵਿੱਚ ਸਿਰਫ ਚੋਰੀ ਵਾਲਾ ਸ਼ਬਦ ਹੀ ਘੁੰਮੀ ਜਾਵੇ , ਕਿਉਂ ਕਿ ਮੈਂਨੂੰ ਅਸਲੀਅਤ ਬਾਰੇ ਕੁੱਝ ਵੀ ਪਤਾ ਨਹੀ ਸੀ। 
ਮੈਨੂੰ ਮੇਰੇ ਪਿੰਡ ਵਾਲੇ ਮਿੰਦਰ ਦੀ ਗੱਲ ਯਾਦ ਆਈ ਜਾਵੇ।ਉਹ ਪੈਂਚਰ ਲਾਉਣ ਦਾ ਕੰਮ ਕਰਦਾ ਸੀ। ਉਸ ਦੇ ਗੁਆਢੀ ਦੁਕਾਨਦਾਰ ਦੇ ਚੋਰੀ ਹੋ ਗਈ। ਉਸ ਨੇ ੰਿਮੰਦਰ ਦਾ ਨਾਂ ਰੱਖ ਦਿੱਤਾ ਕਿ ਚੋਰੀ ਇਹਨੇ ਕੀਤੀ ਹੈ। ਪੁਲਿਸ ਨੇ ਉਸ ਬਹੁਤ ਕੁੱਟਿਆ ਅਤੇ ਕਈ ਦਿਨ ਉਸ ਨੂੰ ਥਾਣੇ ਰੱਖਿਆ।ਫੇਰ ਸਾਰਾ ਪਿੰਡ ਇੱਕਠਾ ਹੋ ਕੇ ਗਿਆ ਤਾਂ ਕਿਤੇ ਜਾ ਕੇ ਪੁਲਿਸ ਨੇ ਉਹਨੂੰ ਛੱਡਿਆ ਅਤੇ ਬਾਅਦ ਵਿੱਚ ਪਤਾ ਲੱਗਿਆ ਕਿ ਮਿੰਦਰ ਤੇ ਨਾਲ ਦੀ ਦੁਕਾਨ ਵਾਲੇ ਨੇ ਐਵੀਂ ਗਲਤ ਇਲਜ਼ਾਮ ਲਗਾ ਦਿੱਤਾ ਸੀ।
                            ਅਸੀ ਚਾਹ ਪੀ ਫੇਰ ਉੱਥੇ ਹੀ ਉਹਨਾਂ ਕੋਲ ਆ ਬੈਠੇ ਅਤੇ ਉਸਨੇ (ਪੁਲਿਸ ਵਾਲੇ ਨੇ) ਇਸ਼ਾਰੇ ਨਾਲ ਪੁੱਛਿਆ। ਮੈ ਸਿਰ ਹਿਲਾ ਦਿੱਤਾ । ਉਹ ਜਿਵੇਂ ਭਟਕ ਗਿਆ ਹੋਵੇ । ਚੱਲੋ! ਉਏ! ਇਹਨਾਂ ਨੂੰ ਲੈ ਚੱਲੋ ਥਾਣੇ , ਜਦੋਂ ਇਹਨਾਂ ਦੇ ਘੋਟਾ ਫੇਰਿਆ , ਇਹ ਤਾਂ ਆਪੇ ਹੀ ਸਭ ਕੁੱਝ ਮੰਨ ਜਾਣਗੇ, ਉਹਦੀ ਬੜਕ ਸੁਣਕੇ । ਮੈ ਤਾਂ ਡਰ  ਗਿਆ ਅਤੇ ਰੋਣ ਲੱਗ ਪਿਆ।ਮੇਰਾ ਭਰਾ ਮੈਂਨੂੰ ਚੁੱਪ ਕਰਾਉਣ ਲੱਗ ਪਿਆ ਅਤੇ ਉਹਨਾਂ ਦੇ ਸਾਹਮਣੇ ਹੀ ਕਹੀ ਜਾਵੇ । ਚੁੱਪ ਕਰ ਜਾ ! ਇਹ ਕੁੱਝ ਨਹੀ ਕਰ ਸਕਦੇ । ਐਵੈ! ਡਰਾ ਰਹੇ ਹਨ।
                     ਉਹਨਾਂ ਸਾਨੂੰ ਅੱਗੇ ਲਾ ਲਿਆ । ਮੇਰਾ ਭਰਾ ਚੁੱਪ ਚਾਪ ਤੁਰ ਪਿਆ ਅਤੇ ਮੈ ਉਹੀ ਬੱਚਿਆ ਦੀ ਤਰ੍ਹਾ ਰੋਈ ਜਾਵਾਂ । ਕੁੱਝ ਕੁ ਦੂਰ ਜਾ ਕੇ ਇੱਕ ਨੇ ਮੇਰੇ ਭਰਾ ਨੂੰ ਕਿਹਾ,"ਯਾਰ !@ ਕਿਉਂ ਜੁਆਕ ਨੂੰ ਰੁਆਈ ਜਾਨਾ । ਦੋ ਸੋ ਰੁਪਏ ਕੱਢ ਅਤੇ ਜਾਉ , ਅਸੀ ਹੀ ਤੁਹਾਨੂੰ ਕਿਸੇ ਟਰੱਕ ਵਾਲੇ ਨਾਲ ਬਿਠਾ ਦਿੰਦੇ ਹਾ । ਪਰ ਮੇਰਾ ਭਰਾ ਟੱਸ ਤੋਂ ਮੱਸ ਨਾ ਹੋਇਆ । ਮੈਂਨੁੰ ਮੇਰੇ ਭਰਾ ਉੱਪਰ ਗੁੱਸਾ ਵੀ ਆਇਆ , "ਵੀ ਦੇਦੇ ਦੋ ਸੋ ਰੁਪਏ , ਪਰੇ ਫਾਹਾ ਵੱਢ" , ਛੇਤੀ ਚੱਲੀਏ ਘਰ ਨੂੰ। ਉਹ ਫੇਰ ਸਾਨੂੰ ਉਸੇ ਧੂਣੀ ਤੇ ਮੋੜ ਲਿਆਏ, ਫੇਰ ਉੱਥੇ ਹੋਰ ਵੀ ਕਈ ਪੁਲਿਸ ਵਾਲੇ ਆਉਣੇ ਸ਼ੁਰੂ ਹੋ ਗਏ, ਸ਼ਾਇਦ ਉਹ ਕਿਤੇ ਹੋਰ ਡਿਊਟੀ ਤੇ ਜਾ ਰਹੇ ਸਨ ਜਾ ਕਰਕੇ ਆ ਰਹੇ ਸਨ। ਇੱਕ ਨੇ ਪੁੱਛਿਆ "ਕਿਵੇ ਬਿਠਾਏ ਨੇ ਸ਼ਿਕਾਰੀ ?" ਇੱਕ ਬੋਲਿਆ ਕਾਹਦੇ ਸ਼ਿਕਾਰੀ ਨੇ ਯਾਰ, "ਇੱਕ ਟੇਪ ਨੇ ਪੰਗਾ ਪਾਇਆ ,ਇਹਨਾਂ ਕੋਲ ਬਿਲ ਨੀ , ਦਿੰਦੇ ਵੀ ਕੁੱਝ ਨੀ" ਇਵੇਂ ਬੈਠੇ ਨੇ ਚਾਰ ਵਜੇ ਦੇ ,ਆਹ ਜੁਆਕ ਜਿਹਾ ਐਵੈ ਵਿਲਕੀ ਜਾਂਦਾ ॥ ਕਰ ਲਉ ਕੁੱਝ, ਨਿਬੇੜ ਦਿਉ। ਇਹ ਕਹਿੰਦਾ ਹੋਇਆ , ਉਹ ਉੱਥੋ ਚਲਿਆ ਗਿਆ । ਜਿਉਂ – ਜਿਉਂ ਦਿਨ ਚੜ੍ਹਨ ਲੱਗਾ ਮੇਰੀ ਜਾਨ ਘਟਦੀ ਜਾਵੇ। ਹੁਣ ਲੋਕਾਂ ਨੇ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਸੀ।
                     ਮਲੇਰਕੋਟਲੇ ਨੂੰ ਜਾਣ ਵਾਲੀ ਪਹਿਲੀ ਬੱਸ ਵੀ ਆ ਗਈ ਸੀ । ਕੰਡਕਟਰ ਨਾਲੇ ਚਾਹ ਪੀਈ ਜਾਵੇ ਨਾਲੇ ਹਾਕਾਂ ਮਾਰੀ ਜਾਵੇ। ਉਸ ਦੇ ਬੋਲ ਮਲੇਰਕੋਟਲਾ – ਮਲੇਰਕੋਟਲਾ – ਜੌੜੇ ਪੁਲ ……………… ਮੇਰੇ ਕੰਨਾਂ ਵਿੱਚ ਬੰਦੂਕ ਦੀ ਗੋਲੀ ਵਾਗੂ ਵੱਜ ਰਹੇ ਸਨ।ਫੇਰ ਉਹ ਬਸ ਚੱਲ ਪਈ ਮੇਰੀ ਨਿਗਾਹ ਕਾਫੀ ਦੇਰ ਤੱਕ ਉਸ ਦਾ ਪਿੱਛਾ ਕਰਦੀ ਰਹੀ ਫੇਰ ਉਹ ਇਸ ਤਰ੍ਹਾਂ ਅਲੋਪ ਹੁੰਦੀ ਗਈ ਜਿਸ ਤਰ੍ਹਾਂ ਮੇਰਾ ਘਰ ਵਾਪਿਸ ਆਉਣ ਦਾ ਸੁਪਨਾ ਸਵੇਰੇ ਚਾਰ ਵਜੇ ਤੋਂ ਅਲੋਪ ਹੋ ਰਿਹਾ ਸੀ
             ਫਿਰ ਇੱਕ ਦਮ ਉਹ ਸਾਰੇ ਖੜ੍ਹੇ ਹੋ ਗਏ ਜਿਵੇਂ ਉਹਨਾਂ ਨੂੰ ਜਾਣ ਦੀ ਕਾਹਲੀ ਜਿਹੀ ਪੈ ਗਈ ਹੋਵੇ, ਇੱਕ ਨੇ ਕਿਹਾ ਜਾਉ, ਭਾਜੋ ਉਏ! ਅੱਗੇ ਤੋ ਬਿਲ ਜਰੂਰ ਲਿਆ ਕਰੋ, ਅੇਵੇ ਮਗਜ ਖਪਾਈ ਕਰਾਈ ਨਾ ਕੁੱਝ ਕੱਢਿਆ ਨਾ ਪਾਇਆ। ਮਸ਼ਾ ਮੇਰੀ ਜਾਨ ਵਿੱਚ ਜਾਨ ਆਈ ਅਤੇ ਜਿਉਂ ਹੀ ਉੱਥੋ ਉੱਠੇ ਮਲੇਰਕੋਟਲੇ ਨੂੰ ਜਾਣ ਲਈ ਇੱਕ ਹੋਰ ਬੱਸ ਆ ਗਈ । ਮੈਂ ਤਾਂ ਭੱਜ ਕੇ ਬੱਸ ਚੜ੍ਹ ਗਿਆ ਅਤੇ ਭਰਾ ਤੋਂ ਪਹਿਲਾ ਜਾ ਕੇ ਸੀਟ ਮੱਲ ਲਈ , ਬੱਸ ਤੁਰ ਪਈ । ਫੇਰ ਵੀ ਯਕੀਨ ਨਾ ਆਵੇ ਕਿ ਅਸੀ ਅਜ਼ਾਦ ਹੋ ਗਏ , ਮਂੈ ਪਿੱਛੇ ਵੱਲ ਦੇਖ ਰਿਹਾ ਸੀ । ਭਰਾ ਬੋਲਿਆ " ਹੁਣ ਨੀ ਆਉਦੇ , ਆਹ ਫੜ੍ਹ "ਟੇਪ" । ਮੈ ਟਿਕਟ ਲੈ ਲਵਾਂ , ਟੇਪ ਵੱਲ ਦੇਖ ਕੇ ਮੇਰਾ ਹਾਸਾ ਨਿਕਲ ਗਿਆ ਅਤੇ ਭਰਾ ਵੀ ਮੇਰੇ ਵੱਲ ਦੇਖ ਕੇ ਹੱਸ ਪਿਆ।