ਬਰੈਂਪਟਨ (ਬ੍ਰਜਿੰਦਰ ਗੁਲਾਟੀ): 'ਪੰਜਾਬੀ ਕਲਮਾਂ ਦਾ ਕਾਫ਼ਲਾ' ਦੀ ਮਹੀਨੇਵਾਰ ਮੀਟਿੰਗ 26 ਅਗਸਤ, 2017 ਨੂੰ ਹਰ ਵਾਰ ਦੀ ਤਰ੍ਹਾਂ ਮਹੀਨੇ ਦੇ ਅਖੀਰਲੇ ਸਨਿਚਰਵਾਰ ਬਰੈਮਲੀ ਸਿਟੀ ਸੈਂਟਰ ਦੀ ਲਾਇਬ੍ਰੇਰੀ ਦੇ ਮੀਟਿੰਗ ਹਾਲ ਵਿੱਚ ਹੋਈ। ਮੁੱਖ ਸੰਚਾਲਕ, ਉਂਕਾਰਪ੍ਰੀਤ ਦੇ ਹਾਜ਼ਿਰ ਨਾ ਹੋਣ ਕਾਰਨ, ਬ੍ਰਜਿੰਦਰ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਦੱਸਿਆ ਕਿ ਅੱਜ ਪੰਜਾਬੀ ਸਾਹਿਤ ਵਿੱਚ ਵਾਰਤਿਕ ਦੇ ਸਿਲਸਿਲੇ ਵਿੱਚ ਦੋ ਲੇਖ ਪੜ੍ਹੇ ਤੇ ਵਿਚਾਰੇ ਜਾਣਗੇ। ਉਸ ਨੇ ਸੰਖੇਪ ਵਿੱਚ 'ਪਰੋਜ਼' ਦੇ ਇਤਿਹਾਸ ਬਾਰੇ ਅਤੇ ਪੰਜਾਬੀ ਵਿੱਚ ਇਸ ਦੀ ਸ਼ਮੂਲੀਅਤ ਦੀ ਗੱਲ ਕਰਦਿਆਂ ਇਹ ਵੀ ਦੱਸਿਆ ਕਿ ਅੱਜ ਹਰਮਨ ਪਿਆਰੇ ਲੇਖਕ ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਵਾਰਤਿਕ ਵਿੱਚ ਯੋਗਦਾਨ ਦੀ ਗੱਲ ਕਰਾਂਗੇ। ਉਨ੍ਹਾਂ ਦੇ ਲੇਖ "ਪਰਮ ਮਨੁੱਖ ਕਿਉਂ?" ਬਾਰੇ ਵਿਚਾਰ ਚਰਚਾ ਹੋਵੇਗੀ ਅਤੇ ਬਾਅਦ ਵਿੱਚ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ ਦੇ ਲੇਖ 'ਸੰਸਾਰ ਵਿੱਚ ਗਰੀਬੀ' ਬਾਰੇ ਗੱਲ ਕਰਾਂਗੇ।
ਪਹਿਲਾਂ, ਬ੍ਰਜਿੰਦਰ ਨੇ ਲੇਖ "ਪਰਮ ਮਨੁੱਖ ਕਿਉਂ?" ਪੜ੍ਹਿਆ। ਇਹ ਲੇਖ ਸ: ਗੁਰਬਖ਼ਸ਼ ਸਿੰਘ ਨੇ ਗੁਰੂ ਗੋਬਿੰਦ ਸਿੰਘ ਬਾਰੇ ਲਿਖਿਆ ਹੋਇਆ ਹੈ ਜਿਸ ਵਿੱਚ ਉਹ ਗੁਰੂ ਸਾਹਿਬ ਨੂੰ ਅਵਤਾਰ ਨਹੀਂ 'ਪਰਮ ਮਨੁੱਖ' ਕਹਿੰਦੇ ਹਨ। ਉਨ੍ਹਾਂ ਲਿਖਿਆ ਹੈ ਕਿ:
ਉਹ ਖ਼ੁਸ਼-ਬੋਲ ਤੇ ਖ਼ੁਸ਼-ਅਦਾ, ਵਿਦਵਾਨ ਤੇ ਕਵੀ, ਬਹਾਦਰ ਤੇ ਨਿਡਰ ਸਨ... ਤੇ ਸਭ ਤੋਂ ਵੱਧ ਉਹ ਪ੍ਰੇਮ ਦੀ ਮੂਰਤ ਸਨ। ਜੇ ਗੁਰੁ ਨਾਨਕ ਨੇ ਜ਼ਿੰਦਗੀ ਨੂੰ ਨਵੀਆਂ ਕਦਰਾਂ ਕੀਮਤਾਂ ਨਾਲ ਜੀਵਨਯੋਗ ਦੱਸਿਆ ਤਾਂ ਗੁਰੁ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਕਦਰਾਂ ਕੀਮਤਾਂ ਦੀ ਰੱਖਿਆ ਲਈ ਜਬਰ ਦੇ ਖਿਲਾਫ਼ ਟੱਕਰ ਲੈਣ ਦਾ ਹੀਆ ਕੀਤਾ... ਮਨੁੱਖੀ ਅਧਿਕਾਰਾਂ ਦੀ ਸਰਬ-ਪ੍ਰਵਾਨਗੀ ਲਈ ਸੰਗਰਾਮ ਕਰਨਾ ਸਿਖਾਇਆ। ਉਹ ਬੇਮਿਸਾਲ ਦਲੇਰ, ਮਜ਼ਲੂਮਾਂ ਦੀ ਮਦਦ ਕਰਨ ਵਾਲੇ, ਮਨੁੱਖੀ ਕੀਮਤਾਂ ਦੇ ਰਖਵਾਲੇ, ਵਿਦਵਾਨ ਸਨ... ਉਹ ਆਪਣੇ ਗਿਆਨ, ਪ੍ਰੇਮ ਅਤੇ ਬੀਰਤਾ ਰਾਹੀਂ ਇਸ ਰੁਤਬੇ 'ਤੇ ਪਹੁੰਚੇ।
ਤਕਰੀਬਨ ਸਾਰੇ ਹਾਜ਼ਿਰ ਮੈਂਬਰਾਂ ਨੇ ਗੁਰਬਖ਼ਸ਼ ਸਿੰਘ ਦੀ ਲੇਖਣੀ ਖ਼ਾਸ ਕਰ ਇਸ ਲੇਖ ਬਾਰੇ ਆਪੋ ਆਪਣੇ ਵਿਚਾਰ ਦਿੱਤੇ। ਇਸ ਵਿਸ਼ੇ ਨੂੰ ਅਤੇ ਲੇਖਕ ਨੂੰ ਵੀ ਬੇਮਿਸਾਲ ਦੱਸਿਆ। ਸਭ ਦਾ ਕਹਿਣਾ ਸੀ ਕਿ ਲਿਖਤ ਬਹੁਤ ਹੀ ਪ੍ਰੇਰਣਾਦਾਇਕ ਹੈ। ਜਰਨੈਲ ਸਿੰਘ ਕਹਾਣੀਕਾਰ ਨੇ ਕਿਹਾ ਕਿ ਗੁਰਬਖ਼ਸ਼ ਸਿੰਘ ਨੇ 'ਪਰਮ ਮਨੁੱਖ' ਆਖ ਕੇ ਗੁਰੂ ਸਾਹਿਬ ਨੂੰ ਆਦਰ ਸਤਿਕਾਰ ਦਿੱਤਾ ਤੇ ਉਨ੍ਹਾਂ ਦੇ ਮਹਾਨ ਕਾਰਜਾਂ ਨੂੰ ਇਤਿਹਾਸਿਕ ਪਰਿਪੇਖ 'ਚ ਰੱਖ ਕੇ ਹੀ ਵਿਚਾਰਿਆ। ਗੁਰਦੇਵ ਚੌਹਾਨ, ਗੁਰਦਿਆਲ ਬੱਲ ਤੇ ਹੋਰਾਂ ਦਾ ਵੀ ਕਹਿਣਾ ਸੀ ਕਿ ਇਸ ਲੇਖ ਵਿੱਚ ਇੱਕ ਨਵਾਂ ਪੱਖ ਪੇਸ਼ ਕੀਤਾ ਗਿਆ। ਇਸ ਲੇਖ ਵਿੱਚ ਭਾਸ਼ਾ ਸਪੱਸ਼ਟ ਤੇ ਪ੍ਰਭਾਵਸ਼ਾਲੀ ਵਰਤੀ ਗਈ ਹੈ, ਇਸ ਵਿਚਾਰ ਨਾਲ ਬਾਕੀ ਵੀ ਸਹਿਮਤ ਸਨ।
ਸਭ ਦਾ ਕਹਿਣਾ ਸੀ ਕਿ ਗੁਰਬਖ਼ਸ਼ ਸਿੰਘ ਨੇ ਨਵੇਂ ਸ਼ਬਦ ਘੜੇ। ਅਸੀਂ ਸਾਰੇ ਉਨ੍ਹਾਂ ਦੀ ਲਿਖਤ ਤੋਂ ਪ੍ਰਭਾਵਿਤ ਹੁੰਦੇ ਰਹੇ ਹਾਂ। ਪ੍ਰੋ: ਰਾਮ ਸਿੰਘ ਦਾ ਕਹਿਣਾ ਸੀ ਕਿ ਸਾਹਿਤ ਦਾ ਵਿਦਿਆਰਥੀ ਨਾ ਹੁੰਦਿਆਂ ਵੀ ਉਨ੍ਹਾਂ ਨੇ ਨਾਵਲ ਤਾਂ ਲਿਖੇ ਹੀ ਸਨ ਪਰ ਵਾਰਤਿਕ ਵੀ ਕਮਾਲ ਦੀ ਸਿਰਜੀ। ਵਾਰਤਿਕ ਦੀ ਖ਼ੂਬੀ ਹੈ ਕਿ ਵਿਸ਼ੇ ਅਨੁਸਾਰ ਭਾਸ਼ਾ ਹੁੰਦੀ ਹੈ। ਸੁਰਜਨ ਸਿੰਘ ਜ਼ਿਰਵੀ ਦਾ ਕਹਿਣਾ ਸੀ ਕਿ ਗੁਰਬਖ਼ਸ਼ ਸਿੰਘ ਪੰਜਾਬੀ ਵਾਰਤਿਕ ਵਿੱਚ ਇੱਕ ਨਵਾਂ ਮੋੜ ਲੈ ਕੇ ਆਏ। ਪੇਂਡੂ ਜੀਵਨ ਸੁਧਾਰਨ ਲਈ ਨਵੀਂ ਸੋਚ ਦਿੱਤੀ ਜਿਸ ਤੋਂ ਬਿਨਾਂ ਵਾਰਤਿਕ ਨੂੰ ਅੱਗੇ ਤੋਰਿਆ ਨਹੀਂ ਜਾ ਸਕਦਾ। ਅਖ਼ੀਰ, ਪੂਰਨ ਸਿੰਘ ਪਾਂਧੀ ਨੇ ਕੂੰਜੀਵਤ ਵਿਚਾਰ ਦਿੰਦਿਆਂ ਕਿਹਾ ਕਿ ਗੁਰਬਖ਼ਸ਼ ਸਿੰਘ ਦੀ ਸ਼ਬਦਾਵਲੀ ਨਵੀਂ ਨਹੀਂ ਸਗੋਂ ਪੁਰਾਤਨ ਸ਼ਬਦਾਂ ਨੂੰ ਨਵਾਂ ਰੂਪ ਦਿੱਤਾ, ਨਵੇਂ ਰੂਪ ਵਿੱਚ ਵਿਸ਼ੇਸ਼ਣ ਵਰਤੇ। ਵਾਰਤਿਕ ਨੂੰ ਕਾਵਿਕ-ਸ਼ੈਲੀ ਦਿੱਤੀ ਤੇ ਵਾਰਤਿਕ ਨੂੰ ਸ਼ਿੰਗਾਰਿਆ ਵੀ। ਪ੍ਰੀਤਲੜੀ ਰਾਹੀਂ ਸਾਹਿਤ ਦੇ ਮਾਹੌਲ ਵਿੱਚ ਚੰਗਾ ਯੋਗਦਾਨ ਪਾਇਆ। ਉਨ੍ਹਾਂ ਨੂੰ ਵਾਰਤਿਕ ਦਾ ਪਿਤਾਮਾ ਕਹਿੰਦੇ ਹਨ।
ਚਾਹ-ਪਾਣੀ ਦੀ ਬ੍ਰੇਕ ਤੋਂ ਬਾਅਦ ਗੁਰਦੀਪ ਸਿੰਘ ਰੰਧਾਵਾ ਨੇ ਆਪਣਾ ਲੇਖ "ਸੰਸਾਰ ਵਿੱਚ ਗਰੀਬੀ" ਪੜ੍ਹਿਆ।
ਇਸ ਲੇਖ ਵਿੱਚ ਵੱਖ ਵੱਖ ਦੇਸ਼ਾਂ ਵਿੱਚ ਗਰੀਬੀ ਦੀ ਦਸ਼ਾ ਬਾਰੇ ਬਾਕਾਇਦਾ ਡੈਟਾ ਦੇ ਕੇ ਦੱਸਿਆ ਗਿਆ ਹੈ। ਗਰੀਬ ਲੋਕ ਭਾਵੇਂ ਸਮਾਜਿਕ ਤੌਰ 'ਤੇ ਲਿਤਾੜੇ ਹੋਏ ਹੋਣ ਜਾਂ ਮਾਇਆ ਦੀ ਘਾਟ ਹੋਵੇ, ਦੁਨੀਆਂ ਵਿੱਚ ਬਹੁਤ ਲੋਕ ਐਸੇ ਹਨ ਜੋ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੇ। ਭਾਰਤ ਵਿੱਚ ਸਦੀਆਂ ਤੋਂ ਜਾਤ-ਪਾਤ ਕਾਰਨ ਕੁਝ ਲੋਕ ਗਰੀਬੀ ਰੇਖਾ ਤੋਂ ਹੇਠ ਹੀ ਰਹਿ ਗਏ ਹਨ। ਦੁਨੀਆਂ ਵਿੱਚ ਗਰੀਬੀ ਦਾ ਕਾਰਨ ਅਨਪੜ੍ਹਤਾ, ਦੇਸ਼ ਦੀ ਅੰਦਰੂਨੀ ਗੜਬੜ ਅਤੇ ਬਾਹਰਲੇ ਮੁਲਕਾਂ ਨਾਲ ਲੜਾਈਆਂ ਹਨ। ਬਿੱਲ ਗੇਟਸ, ਅੰਬਾਨੀ ਵਰਗੇ ਹੋਰ ਅਮੀਰ ਲੋਕਾਂ ਦੀ ਆਮਦਨ ਦਾ ਜ਼ਿਕਰ ਹੈ।
ਇਸ ਲੇਖ ਬਾਰੇ ਵਿਚਾਰ-ਚਰਚਾ ਵਿੱਚ ਕੁਝ ਦਾ ਕਹਿਣਾ ਸੀ ਕਿ ਲੇਖ ਸ਼ਰਧਾਵਾਨ ਕਨੇਡੀਅਨ ਵਾਂਗ ਲਿਖਿਆ ਗਿਆ ਹੈ ਅਤੇ ਇਹ ਕਹਿਣਾ ਕਿ ਕੈਨੇਡਾ ਵਿੱਚ ਗਰੀਬੀ ਦਾ ਨਾਂ-ਨਿਸ਼ਾਨ ਨਹੀਂ, ਸੱਚ ਨਹੀਂ ਹੈ। ਵਿਸ਼ਾ ਚੰਗਾ ਚੁਣਿਆ ਹੈ ਪਰ ਆਂਕੜੇ ਬਹੁਤ ਜ਼ਿਆਦਾ ਭਰੇ ਪਏ ਹਨ। ਇੰਡੀਆ ਵਿੱਚ ਸਦੀਆਂ ਤੋਂ ਲਿਤਾੜੇ ਲੋਕਾਂ ਨੂੰ ਜਕੜਿਆ ਹੈ, ਇਸ ਬਾਰੇ ਕਾਫ਼ੀ ਰਿਸਰਚ ਦੀ ਲੋੜ ਹੈ ਹਾਲਾਂਕਿ ਰੈਜ਼ਰਵੇਸ਼ਨ ਅਧੀਨ ਇਨ੍ਹਾਂ ਲੋਕਾਂ ਨੂੰ ਪਹਿਲ ਵੀ ਦਿੱਤੀ ਜਾਂਦੀ ਰਹੀ ਹੈ। ਜ਼ਿਰਵੀ ਜੀ ਅਨੁਸਾਰ ਲੇਖ ਵਿੱਚ ਆਂਕੜਿਆਂ ਨਾਲੋਂ ਜ਼ਿਆਦਾ ਗਰੀਬੀ ਦੇ ਕਾਰਨਾਂ ਬਾਰੇ ਗੱਲ ਕੀਤੀ ਜਾਣੀ ਚਾਹੀਦੀ ਸੀ। ਵੱਖ ਵੱਖ ਦੇਸ਼ਾਂ ਵਿੱਚ ਗਰੀਬੀ ਹਟਾਉਣ ਵਾਸਤੇ ਕੀ ਕੁਝ ਕੀਤਾ ਜਾ ਰਿਹਾ ਹੈ, ਇਸ ਬਾਰੇ ਵੀ ਕੁਝ ਦੱਸਣਾ ਚਾਹੀਦਾ ਸੀ।
ਇਸ ਵਿਚਾਰ-ਚਰਚਾ ਤੋਂ ਬਾਅਦ ਅੱਜ ਦੀ ਮੀਟਿੰਗ ਬਰਖ਼ਾਸਤ ਹੋਈ। ਪਹਿਲਾਂ ਦਿੱਤੇ ਬੁਲਾਰਿਆਂ ਤੋਂ ਇਲਾਵਾ ਬਲਦੇਵ ਦੂਹੜੇ, ਕਿਰਪਾਲ ਸਿੰਘ ਪੰਨੂ, ਵਕੀਲ ਕਲੇਰ, ਅਜੀਤ ਸਿੰਘ ਲਹਿਲ, ਕੁਲਦੀਪ ਕੌਰ ਗਿੱਲ, ਮਿੰਨੀ ਗਰੇਵਾਲ, ਗੁਰਜਿੰਦਰ ਸੰਘੇੜਾ, ਗੁਰਦਾਸ ਮਿਨਹਾਸ, ਕੁਲਵਿੰਦਰ ਖਹਿਰਾ, ਮਨਮੋਹਣ ਗੁਲਾਟੀ ਤੇ ਅਮਰਜੀਤ ਮਿਨਹਾਸ ਵੀ ਸ਼ਾਮਿਲ ਹੋਏ।