ਸਮਾਂ ਬਦਲਿਆ (ਕਵਿਤਾ)

ਕੁਲਵਿੰਦਰ ਕੌਰ ਮਹਿਕ   

Address:
ਮੁਹਾਲੀ India
ਕੁਲਵਿੰਦਰ ਕੌਰ ਮਹਿਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਮਾਂ ਬਦਲਿਆ, ਰੰਗ ਬਦਲ ਗਏ,

ਬਦਲ ਗਏ ਸਭ ਨਜਾਰੇ।

ਮੌਸਮ ਵਾਂਗੂੰ ਪਿਆਰ ਬਦਲ ਗਏ,

ਸਾਡੇ ਸੱਜਣ ਪਿਆਰੇ।


ਸਾਵਣ ਆਇਆ, ਬੱਦਲ ਵਰਸੇ,

ਕੁੜੀਆਂ ਨਾ ਸ਼ਗਨ ਮਨਾਏ।

ਕਿਸੇ ਨਾ ਪਿੱਪਲੀਂ ਪੀਘਾਂ ਪਾਈਆਂ,

ਝੂਟਣ ਕੋਈ ਕਿੱਥੇ ਜਾਏ।


ਸਿਰ ਤੇ ਨਾ ਫੁਲਕਾਰੀ ਕੋਈ,

ਗਲ ਗਾਨੀ ਨਜ਼ਰ ਨਾ ਆਵੇ।

ਸੱਥਾਂ ਵਿਚੋਂ ਉਡੀਆਂ ਰੌਣਕਾਂ,

ਕੋਈ ਨਾ ਗੀਤ ਸੁਣਾਵੇ।


ਝਾਂਜਰ ਦੀ ਛੁਣਕਾਰ ਨਾ ਗੂੰਜੇ,

ਨੈਣੀਂ ਕੱਜਲ ਨਾ ਕੋਈ ਪਾਏ।

ਸੂਟ ਪੰਜਾਬੀ ਦਾ ਪਹਿਰਾਵਾ,

ਕਿਸੇ ਦੇ ਮਨ ਨਾ ਭਾਏ।


ਮੰਜੇ ਜੋੜ ਸਪੀਕਰ ਨਾ ਵੱਜਦੇ,

ਨਾ ਕਲੀਆਂ ਦੀ ਹੇਕ ਕੋਈ ਲਾਵੇ।

ਉਡ ਗਏ ਗੁੱਤ, ਪਰਾਂਦੇ, ਘੱਗਰੇ,

ਲੱਭਿਆਂ ਨਾ ਕੋਈ ਥਿਆਵੇ।


ਗਿੱਧੇ-ਭੰਗੜੇ, ਨੱਚਣ-ਟੱਪਣ,

ਹੋ ਗਏ 'ਮਹਿਕ' ਪਰਾਏ।

ਰੰਗਲੇ ਮੇਰੇ ਪੰਜਾਬ ਦੀ ਰੌਣਕ,

ਹਾੜਾ ਕੋਈ ਮੋੜ ਲਿਆਏ।

ਹਾੜਾ ਕੋਈ ਮੜ ਲਿਆਏ।