ਬੋਧ ਤੋਂ ਜੇ ਦਾਸ ਬਣਿਆ ਕਿਸੇ ਨੂੰ ਇਤਰਾਜ਼ ਹੋਇਆ
ਰਾਮ ਤੋਂ ਮਹੰਮਦ ਬਣਿਆ ਮਜ਼ਬ ਨੂੰ ਸਲਾਬ ਹੋਇਆ
ਸਾਗਰ ਤੋਂ ਪੈਦਾ ਹੋ ਕੇ ਬੱਦਲ ਜਮੀਨ ਤੇ ਆ ਵਰ੍ਹੇ
ਨੀਰ ਆਖਰ ਨੂੰ ਨੀਰ ਰਿਹਾ ਝੀਲ ਜਾਂ ਤਲਾਬ ਹੋਇਆ
ਸੁੰਨਤ,ਬੋਦੀ ਕੇਸ ਰੱਖ ਕੇ ਸੱਭ ਨੇ ਵੱਖਰਾ ਭੇਸ ਕੀਤਾ
ਥੋਹਰ ਨਾ ਗੁਲਦਾਉਦੀ ਨਾ ਲਾਲ ਗੁਲਾਬ ਹੋਇਆ
ਤਾਜ਼ਰ ਕਿਸੇ ਵੀ ਮਜ਼ਹਬ ਦੇ ਕਾਮੇ ਦੇ ਮਹਿਰਮ ਨਾ ਬਣੇ
ਉਹਦੀ ਖਾਤਰ ਚਾਹੇ ਕਿਰਤੀ ਲੱਖ ਭੁੱਜ ਕੇ ਕਬਾਬ ਹੋਇਆ
ਰਾਜੇ ਤੋਂ ਨਿਆਂ ਮੰਗਣ ਦੀ ਜਦ ਕਿਸੇ ਨੇ ਗੱਲ ਕੀਤੀ
ਖਫਾ ਹੋ ਕੇ ਹੱਕੀ ਗੱਲ ਤੋਂ ਰਾਜ ਪੀਲਾ ਲਾਲ ਹੋਇਆ
ਜੀਹਨੇ ਰੰਗਾਂ ਦੇ ਪੁੱਛੇ ਭਾਅ ਉਤਰ ਵਿੱਚ ਬੇਰੰਗ ਕੀਤਾ
ਇੱਕ ਤੋਂ ਦੂਜੀ ਥਾਂ ਤੇ ਰੁਲਣਾ ਬੰਦੇ ਦਾ ਭਾਗ ਹੋਇਆ
ਸਾਫਗੋਈ ਨਾਲ ਬਾਸੀ ਦੱਬ ਲੈਣ ਉਹ ਆਪਣੇ ਦੋਸ਼
ਆਪਣੇ ਘੜੇ ਕਾਨੂੰਨਾਂ ਦਾ ਨਾ ਉਹ ਮੁਹਤਾਜ਼ ਹੋਇਆ