ਬੁੱਢੇ ਵਾਰੇ ਦੇ ਜੰਜਾਲ
(ਲੇਖ )
ਬੁਢਾਪਾ ਕੀ ਹੈ, ਇਹ ਕਿਉਂ ਆਉਂਦਾ ਹੈ ਅਤੇ ਇਸ ਦੀਆਂ ਕੀ ਕੀ ਕਠਿਨਾਈਆਂ ਹਨ ਇਸ ਨੂੰ ਜਾਨਣ ਦੇ ਲਈ ਪਹਿਲਾਂ ਗੱਲ ਕਰਦੇ ਹਾਂ ਕਿ ਬੁਢਾਪਾ ਕੀ ਹੈ ਕਿਉਂ ਆਉਂਦਾ ਹੈ। ਕੁਦਰੱਤ ਦਾ ਨੇਮ ਹੈ ਜੋ ਪਦਾਰਥ ਸਮੇਂ ਅਤੇ ਸਥਾਨ ਦੇ ਘੇਰੇ ਅੰਦਰ ਆਉਂਦਾ ਹੈ ਉਸ ਹਰ ਪਦਾਰਥ ਦਾ ਕਿਸੇ ਨਿਸਚਤ ਜਾਂ ਅਨਿਸਚਤ ਸਮਾਂ ਸੀਮਾ ਦੇ ਅੰਦਰ ਅੰਤ ਹੋ ਜਾਣਾ ਹੈ। ਚਾਹੇ ਉਹ ਜਾਨਦਾਰ ਹੈ ਚਾਹੇ ਬੇਜਾਨ ਹੈ। ਭਾਵੇਂ ਮਨੁੱਖ ਨੂੰ ਧਰਤੀ ਤੇ ਸੱਭ ਜੀਵਾਂ ਤੋਂ ਸਮਝਦਾਰ ਮੰਨਿਆਂ ਗਿਆ ਹੈ ਪਰ ਇਹ ਵੀ ਆਪਣੇ ਆਪ ਨੂੰ ਕੁਦਰੱਤ ਦੇ ਇਸ ਅਟੱਲ ਨੇਮ ਤੋਂ ਬਚਾ ਨਹੀਂ ਸਕਿਆ। ਹਰ ਚੀਜ ਜੱਦ ਨਵੀ ਸਿਰਜਦੀ ਹੈ ਤਾਂ ਉਹ ਉਸ ਦੀ ਪਹਿਲੀ ਅਵੱਸਥਾ ਹੁੰਦੀ ਹੈ ਉਸ ਤੋਂ ਪਿਛੋਂ ਉਸ ਦੀ ਅਵੱਸਥਾਂ ਬਦਲਦੀ ਰਹਿੰਦੀ ਹੈ। ਬੇਜਾਨ ਵਸਤਾਂ ਵਿੱਚ ਜਦੋਂ ਉਹ ਕਿਸੇ ਕੁਠਾਲੀ ਜਾਂ ਸਾਂਚੇ ਵਿੱਚ ਢਲ ਕੇ ਤਿਆਰ ਹੁੰਦੀ ਹੈ ਉਹ ਉਸ ਵਸਤ ਦਾ ਜਨਮ ਹੁੰਦਾ ਹੈ। ਫਿਰ ਉਸ ਨੂੰ ਪੇਂਟ /ਪਾਲਿਸ਼ ਆਦਿ ਕਰਕੇ ਤਿਆਰ ਕੀਤੀ ਜਾਂਦੀ ਹੈ ਤਾਂ ਉਸ ਦੀ ਜਵਾਨੀ ਦੀ ਅਵੱਸਥਾ ਹੁੰਦੀ ਹੈ। ਉਸ ਤੇ ਪੂਰਾ ਰੰਗ ਰੂਪ ਹੁੰਦਾ ਹੈ। ਉਸ ਨੂੰ ਸਾਂਭ ਸੰਵਾਰ ਕੇ ਰੱਖਿਆ ਜਾਂਦਾ ਹੈ। ਹੌਲੀ ਹੌਲੀ ਉਹ ਆਪਣੀ ਮਗਰਲੀ ਉਮਰ ਵੱਲ ਨੂੰ ਵਧਣ ਲੱਗਦੀ ਹੈ ਅਤੇ ਅੰਤ ਨੂੰ ਅੰਤ ਹੋ ਜਾਂਦਾ ਹੈ। ਸਮਾਂ ਸਥਾਨ ਆਪਣੇ ਘੇਰੇ ਵਿੱਚ ਲੈ ਲੈਂਦਾ ਹੈ। ਅੰਤਲੇ ਪੜਾਅ ਤੇ ਉਹ ਫਾਲਤੂ ਲੱਗਣ ਲੱਗ ਪੈਂਦੀ ਹੈ। ਪੁਰਾਣੀ ਵਸਤ ਵੱਲ ਕੋਈ ਧਿਆਨ ਨਹੀਂ ਦਿੰਦਾ ਨਵੀਂ ਖਰੀਦਣ ਵੱਲ ਸਾਰਾ ਧਿਆਨ ਹੁੰਦਾ ਹੈ। ਇਹ ਇੱਕ ਕੁਦਰੱਤ ਦੀ ਚੇਨ ਹੈ ਇੱਸ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਇਹ ਕੁਦਰੱਤ ਦੇ ਨੇਮ ਦਾ ਸੱਚ ਹੈ। ਜੋ ਇਸ ਨੇਮ ਨੂੰ ਨਹੀਂ ਸਮਝਦਾ ਉਹ ਜਿਆਦਾ ਦੁਖੀ ਹੁੰਦਾ ਹੈ।
ਜੀਵ ਦਾ ਮਤਲਬ ਜਾਨਦਾਰ ਮਨੁੱਖ, ਪਸ਼ੂ, ਪੰਛੀ,ਕੀਟ ,ਪਤੰਗੇ, ਘਾਹ, ਪੌਦੇ, ਰੁੱਖ ਆਦਿ ਜੋ ਜਨਮ ਲੈਂਦੇ ਹਨ ਅਤੇ ਖੁਰਾਕ ਖਾਂਦੇ ਹਨ ਵਿਕਾਸ ਕਰਦੇ ਹਨ। ਉਨਾਂ੍ਹ ਵਿੱਚ ਮਨੁੱਖ ਨੂੰ ਉਸ ਦੀ ਬੁਧੀ ਦੇ ਕਾਰਨ ਸੱਭ ਤੋ ਉੱਤਮ ਜੀਵ ਮੰਨਿਆ ਗਿਆ ਹੈ। ਪਰੰਤੂ ਹੋਰ ਜੀਵਾਂ ਸਮੇਤ ਇਹ ਵੀ ਸਮੇਂ ਸਥਾਨ ਦੇ ਘੇਰੇ ਅੰਦਰ ਆਉਂਦਾ ਹੈ। ਜਨਮ ਲੈਂਦਾ ਹੈ ਬਚਪਣ ਤੋਂ ਜਵਾਨੀ ਵੱਲ ਅਤੇ ਜਵਾਨੀ ਤੋਂ ਬੁਢਾਪੇ ਵੱਲ ਨੂੰ ਜਾਂਦਾ ਹੋਇਆ ਅੰਤ ਨੂੰ ਕਾਲ ਦੀ ਭੇਟ ਚੜ੍ਹ ਜਾਂਦਾ ਹੈ।
ਆਉ ਹੁਣ ਅਸੀਂ ਇਸ ਦੀ ਆਖਰੀ ਅਵੱਸਥਾਂ ਬੁਢਾਪਾ ਅਤੇ ਬੁਢਾਪੇ ਵਿੱਚ ਸਮੱਸਿਆਵਾ ਦੀ ਨਿਸ਼ਾਨ ਦੇਹੀ ਕਰੀਏ ਅਤੇ ਉਨਾਂ੍ਹ ਨੂੰ ਕੁੱਝ ਸੁਖਾਲਾ ਕਰਨ ਦੀ ਤਰਕੀਬ ਲਈ ਰਾਹ ਲੱਭੀਏ। ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਇੱਕ ਧਾਰਨਾ ਸੁਣਦੇ ਆਏ ਹਾਂ "ਭੀੜੀਆਂ ਸੁਣੀਦੀਆਂ ਗਲੀਆਂ ਜਿਥੋਂ ਦੀ ਜਿੰਦੇ ਤੁੰ ਲੰਘਣਾਂ" ਇਹ ਕੋਈ ਅਗਲੇ ਜਨਮ ਦੀਆਂ ਗੱਲਾਂ ਨਹੀਂ ਉਹ ਦੁੱਖਾਂ ਦੀਆਂ ਗਲੀਆਂ ਇਹ ਬੁਢਾਪਾ ਹੀ ਹਨ ਜਿਸ ਵਿੱਚ ਦੀ ਹਰ ਇਨਸਾਨ ਨੂੰ ਲੰਘਣਾ ਪੈਂਦਾ ਹੈ।
ਮਨੁੱਖ ਆਪਣੀ ਜਵਾਨੀ ਸਮੇਂ ਜਿੰਦਗੀ ਵਿੱਚ ਜੋ ਵੀ ਆਪ ਥੋੜਾ ਬਹੁਤਾ ਸਿਰਜਦਾ ਹੈ ਚਾਹੇ ਆਪਣਾ ਪ੍ਰੀਵਾਰ, ਮਕਾਨ,ਖੇਤ, ਸਮਾਜ, ਮਿੱਤਰ ਬੇਲੀ ਆਦਿ। ਉਸ ਸਮੇਂ ਆਦਮੀ ਵਿੱਚ ਊਰਜਾ ਦੀ ਬਹੁਤਾਤ ਹੁੰਦੀ ਹੈ। ਉਸ ਨੂੰ ਆਪਣੀ ਤਾਕਤ ਤੇ ਮਾਨ ਹੁੰਦਾ ਹੈ। ਉਸ ਸਮੇਂ ਉਹ ਕਿਸੇ ਦੀ ਪ੍ਰਵਾਹ ਘੱਟ ਹੀ ਕਰਦਾ ਹੈ।
ਪਰ ਜਿਉਂ ਜਿਉਂ ਸਮਾਂ ਬੀਤਦਾ ਜਾਂਦਾ ਹੈ ਜਵਾਨੀ ਤੋਂ ਸਮੇਂ ਦੇ ਪਹੀਏ ਤੇ ਰੁੜਦਾ ਰੁੜਦਾ ਉਹ ਆਪਣੀ ਆਖਰੀ ਅਵੱਸਥਾ ਬੁਢਾਪਾ ਜਾਂ ਪੁਰਾਤਨਤਾ ਵੱਲ ਵੱਧਦਾ ਹੈ। ਬੁਢਾਪਾ ਆਉਦਾ ਜਾਂਦਾ ਹੈ। ਇਹ ਉਹ ਅਵੱਸਥਾ ਹੈ ਜਿਸ ਵਿੱਚ ਉਸ ਦੀ ਸਰੀਰਕ ਉਰਜਾ ਘਟਣ ਲੱਗਦੀ ਹੈ ਤਾਂ ਆਪਣੀ ਉਸ ਪਹਿਲੀ ਸ਼ਕਤੀ ਤੇ ਝੁਰਦਾ ਰਹਿੰਦਾ ਹੈ। ਗੋਡੇ, ਕੰਨ, ਅੱਖਾਂ, ਹੱਥ, ਪੈਰ ਅਤੇ ਯਾਦ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਉਸ ਦੀਆਂ ਸਾਰੀਆਂ ਸ਼ਕਤੀਆਂ ਇੱਕ ਇੱਕ ਕਰਕੇ ਉਸ ਦੇ ਹੱਥੋਂ ਖੁੱਸ ਜਾਦੀਆਂ ਹਨ। ਜਮੀਨ, ਘਰ,ਮਾਇਆ,ਫੈਸਲੇ ਲੈਣੇ ,ਹੁਕਮ ਚਲਾਉਣਾ ਆਦਿ। ਉਹ ਇਉਂ ਹੋ ਜਾਂਦਾ ਹੈ ਜਿਵੇਂ ਗੱਡੀ ਦੇ ਸਟੇਰਿੰਗ ਤੋਂ ਉਠਾ ਕੇ ਕਿਸੇ ਨੂੰ ਪਿਛਲੀ ਸੀਟ ਤੇ ਬਿਠਾ ਦਿੱਤਾ ਹੋਵੇ ਅਤੇ ਫਿਰ ਪਿਛਲੀ ਸੀਟ ਤੋਂ ਵੀ ਥੱਲੇ ਉਤਾਰ ਦਿੱਤਾ ਗਿਆ ਹੋਵੇ। ਉਹ ਬੈਠ ਕੇ ਗੱਡੀ ਦੇਖ ਤਾਂ ਸਕਦਾ ਹੈ ਪਰ ਗੱਡੀ ਵਿੱਚ ਬੈਠ ਕੇ ਨਜਾæਰੇ ਨਹੀਂ ਲੈ ਸਕਦਾ। ਹੌਲੀ ਹੌਲੀ ਨਜ਼ਰਾਂ ਗੱਡੀ ਦੇਖਣ ਜੋਗੀਆਂ ਵੀ ਨਹੀਂ ਰਹਿ ਜਾਂਦੀਆ।
ਦੂਸਰਾ ਉਸ ਦੇ ਮਨ ਵਿੱਚ ਜੋ ਸਿਰਜਣ ਦੀਆਂ ਕਲਪਨਾਵਾਂ ਹੁੰਦੀਆਂ ਹਨ ਉਹਨਾਂ ਨੂੰ ਪੂਰਿਆਂ ਨਹੀਂ ਕਰ ਸਕਦਾ, ਉਸ ਦਾ ਮਨ ਤਾਂ ਸੋਚਦਾ ਹੈ ਪਰ ਸਰੀਰ ਅਤੇ ਹੋਰ ਪ੍ਰਸਥਿਤੀਆ ਉਸ ਦਾ ਸਾਥ ਨਹੀਂ ਦਿੰਦੀਆਂ ਜਿਸ ਕਰਕੇ ਮਨ ਹੀ ਮਨ ਵਿੱਚ ਦੁਖੀ ਹੁੰਦਾ ਹੈ।
ਤੀਸਰਾ ਆਪਣੀ ਸ਼ਕਤੀ ਸਮੇਂ ਪ੍ਰੀਵਾਰ ਜਾਂ ਆਲੇ ਦੁਆਲੇ ਤੇ ਜਿੰਨਾਂ ਵੀ ਹੋ ਸਕਦਾ ਸੀ ਹੁਕਮ ਚਲਾਉਂਦਾ ਸੀ ਉਹ ਵੀ ਲੱਗ ਪੱਗ ਖਤਮ ਹੋ ਜਾਂਦਾ ਹੈ।
ਚੌਥਾ ਘਰ ਵਿੱਚ ਬੱਚਿਆਂ ਦੀਆਂ ਰਿਸ਼ਤੇਦਾਰੀਆਂ ਪੈ ਜਾਂਦੀਆਂ ਹਨ ਹੌਲੀ ਹੌਲੀ ਅੱਗੇ ਜਾਕੇ ਬੱਚਿਆਂ ਵੱਲੋਂ ਉਨ੍ਹਾਂ ਨਾਲ ਵਰਤੋ ਵਰਤਾਉ ਦੀ ਉਸ ਦੀ ਕੋਈ ਰਾਏ ਸਲਾਹ ਨਹੀਂ ਲਈ ਜਾਂਦੀ ਉਸ ਕਾਰਨ ਵੀ ਮਨ ਵਿੱਚ ਖਿਝਾਉ ਆਉਂਦਾ ਹੈ।
ਪੰਜਵਾਂ ਜਿਹੜਾ ਉਸ ਦਾ ਮਿੱਤਰ ਬੇਲੀਆਂ ਦਾ ਘੇਰਾ ਹੁੰਦਾ ਸੀ ਕਿਸੇ ਮਿੱਤਰ ਦੇ ਘਰ ਬੇਰੋਕ ਚਾਅ ਨਾਲ ਜਾਂਦਾ ਸੀ ਕੋਈ ਘਰ ਆਉਂਦੇ ਸਨ ਉਹ ਘੇਰਾ ਟੁੱਟ ਜਾਂਦਾ ਹੈ ਉਹ ਵੀ ਬੱਚਿਆਂ ਦੇ ਆਸਰੇ ਤੇ ਹੋ ਜਾਂਦਾ ਹੈ। ਦੂਸਰੇ ਘਰ ਦੇ ਮਿੱਤਰ ਨਾਲ ਵੀ ਉਹੋ ਕੁੱਝ ਹੁੰਦਾ ਜੋ ਆਪਣੇ ਨਾਲ ਹੁੰਦਾ ਹੈ।
ਛੇਵਾਂ ਬਹੁਤਾ ਕਰਕੇ ਉਮਰ ਦਾ ਖੱਪਾ ਵੀ ਕਾਰਨ ਬਣਦਾ ਹੈ ਬੱਚਿਆਂ ਨਾਲ ਘੁਲਦਾ ਮਿਲਦਾ ਨਹੀਂ। ਨਵੀਂ ਗੱਲ ਨਵੀਆਂ ਪ੍ਰਸਥਿਤੀਆਂ ਨੂੰ ਸਵੀਕਾਰ ਨਹੀਂ ਕਰਦਾ। ਪੁਰਾਣੀਆਂ ਗੱਲਾਂ ਨੂੰ ਜਿਆਦਾ ਗਲ ਲਾਈ ਰੱਖਦਾ ਹੈ।
ਸੱਤਵਾਂ ਘਰ ਦੀਆਂ ਮਜੂਦਾ ਪ੍ਰਸਥਿਤੀਆਂ ਨੂੰ ਨਾ ਸਮਝਣਾ ਹੈ ਉਨ੍ਹਾਂ ਨੂੰ ਨਵੇਂ ਪਰਿਪੇਖ ਵਿੱਚ ਨਾ ਵੇਖਣਾ ਹੈ।
ਅੱਠਵਾਂ ਕਈ ਵਾਰ ਘਰ ਦੇ ਬੱਚੇ ਵੀ ਬੇਲੋੜਾ ਅਣਗੌਲਿਆ ਕਰ ਦਿੰਦੇ ਹਨ। ਘਰ ਵਿੱਚ ਇੱਕ ਫਾਲਤੂ ਚੀਜ ਵਾਂਗ ਸੁੱਟ ਦਿਤਾ ਜਾਂਦਾ ਹੈ। ਸਿਰਫ ਵੇਲੇ ਕੁਵੇਲੇ ਰੋਟੀ ਤੱਕ ਹੀ ਉਸ ਨੂੰ ਸੀਮਤ ਕਰ ਦਿਤਾ ਜਾਂਦਾ ਹੈ।
ਆਉ ਹੁਣ ਦੇਖੀਏ ਕਿ ਬੁਢਾਪੇ ਦੀਆਂ ਕਠਿਨਾਈਆਂ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ
ਜਿਸ ਤਰਾਂ ਸਮਝਦਾਰ ਬੰਦੇ ਕਹਿੰਦੇ ਹਨ ਕਿ ਕਾਮ ਕ੍ਰੋਧ, ਲੋਭ ਮੋਹ, ਹੰਕਾਰ ਤੋਂ ਨੂੰ ਜੀਵਨ ਵਿਚੋਂ ਮਨਫੀ ਨਹੀਂ ਕੀਤਾ ਜਾ ਸਕਦਾ ਪਰ ਯਤਨ ਕਰਨ ਤੇ ਕੁੱਝ ਸੀਮਾ ਵਿੱਚ ਰੱਖਿਆ ਜਾ ਸਕਦਾ ਹੈ। ਉਸੇ ਤਰਾਂ੍ਹ ਬੁਢਾਪੇ ਦੀਆ ਸਾਰੀਆਂ ਔਕੜਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਪਰ ਸਮਝ ਨਾਲ ਯਤਨ ਕਰਨ ਤੇ ਕੁੱਝ ਘਟਾਈਆਂ ਜਾ ਸਕਦੀਆਂ ਹਨ।
ਇਨਾਂ੍ਹ ਕਠਿਨਾਈਆਂ ਤੋਂ ਬਚਣ ਦੇ ਲਈ ਸੱਭ ਤੋਂ ਪਹਿਲੀ ਪਲੇਠੀ ਗੱਲ ਇਹ ਹੈ ਕਿ ਘਰ ਦੇ ਜੀਆਂ ਦੀ ਸਮਝ ਤੇ ਨਿਰਭਰ ਕਰਦਾ ਹੈ ਕਿ ਉਹ ਆਪਸ ਵਿੱਚ ਇੱਕ ਦੂਜੇ ਨੂੰ ਕਿੰਨਾ ਕੁ ਸਮਝ ਕੇ ਵਰਤਾਉ ਕਰਦੇ ਹਨ ਅਤੇ ਉਨਾ੍ਹ ਵਿੱਚ ਕਿੰਨਾਂ ਕੁ ਠਹਿਰਾਅ ਹੈ। ਛੋਟੀਆਂ ਛੋਟੀਆਂ ਗੱਲਾ ਨਾਲ ਹੀ ਕੁੱਝ ਮਹੌਲ ਸੁਖਾਵਾਂ ਹੋ ਜਾਂਦਾ ਹੈ।
ਘਰ ਵਿੱਚ ਨਰਮ ਅਤੇ ਆਦਰ ਵਾਲੀ ਭਾਸ਼ਾ ਦੀ ਵਰਤੋ ਪੀਰਵਾਰ ਦੇ ਚੈਨ ਨੂੰ ਬਚਾਈ ਰੱਖਦੀ ਹੈ। ਬਜ਼ੁਰਗਾਂ ਨੂੰ ਬੱਚਿਆਂ ਵੱਲੋਂ ਆਦਰ ਨਾਲ ਬੁਲਾਉਣਾ ਅਤੇ ਬਜੁæਰਗਾਂ ਵੱਲੋਂ ਵੀ ਬੱਚਿਆ ਲਈ ਕੌੜੇ ਸ਼ਬਦ ਨਾ ਬੋਲਣਾ ਬੁਢਾਪੇ ਦੀਆਂ ਕਠਿਨਾਈ ਆਂ ਨੂੰ ਸੁਖਾਲਾ ਕਰਦਾ ਹੈ। ਬਾਹਰੋਂ ਕੰਮ ਤੋਂ ਆਏ ਬੱਚਿਆਂ ਨੂੰ ਘਰ ਵਿੱਚ ਜੀ ਆਇਆ ਕਹਿਣਾ ਤੇ ਬੱਚਿਆ ਵੱਲੋਂ ਸੁਖ ਸਾਂਦ ਪੁੱਛਣਾ ਦੋ ਮਿੰਟ ਕੋਲ ਬੈਠਣਾ ਬਜੁæਰਗਾਂ ਨੂੰ ਸਕੂਨ ਦਿੰਦਾ ਹੈ।
ਰੋਟੀ ਪਾਣੀ ਸਮੇਂ ਸਿਰ ਅਤੇ ਉਸ ਦੀ ਉਮਰ ਅਨੁਸਾਰ ਦੇਣਾ ਬਜ਼ੁਰਗਾਂ ਦੇ ਮਨ ਨੂੰ ਤਸੱਲੀ ਦਿੰਦਾ ਹੈ। ਮਿਸਾਲ ਵਜੋਂ ਅਜਿਹਾ ਨਾ ਹੋਵੇ ਕਿ ਦੰਦ ਕੰਮ ਨਾ ਕਰਦੇ ਹੋਣ ਤੇ ਕੋਈ ਸਖਤ ਖੁਰਾਕ ਦਿੱਤੀ ਜਾਵੇ ਜੋ ਉਸ ਨੂੰ ਖਾਣ ਵਿੱਚ ਔਖਿਆਈ ਦੇਵੇ।
ਘਰ ਵਿੱਚ ਬਜ਼ੁਰਗਾ ਦੇ ਆਪਣੇ ਸੁਆਦ ਦੀਆ ਕਦੀ ਕਦੀ ਖਾਣ ਵਾਲੀਆਂ ਚੀਜਾਂ ਬਣ ਜਾਣੀਆਂ ਚਾਹੀਦੀਆਂ ਹਨ। ਕਿਉਕਿ ਹਰ ਬੰਦੇ ਦੀ ਆਪਣੀ ਮਨ ਭਾਉਂਦੀ ਕੋਈ ਖੁਰਾਕ ਰਹੀ ਹੁੰਦੀ ਹੈ ਜਿਸ ਦੀ ਉਸ ਨੂੰ ਕਦੀ ਨਾ ਕਦੀ ਤ੍ਰਿਸ਼ਨਾ ਰਹਿੰਦੀ ਹੈ।
ਬੱਚਿਆਂ ਨੂੰ ਚਾਹੀਦਾ ਹੈ ਕਿ ਕਦੀ ਕਦੀ ਆਪਣੇ ਕੰਮਾਂ ਬਾਰੇ ਬਜ਼ੁਰਗਾਂ ਕੋਲ ਬੈਠ ਕੇ ਦੱਸ ਦਿਆ ਕਰਨ ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਚੰਗੇ ਕੰਮ ਲਈ ਸ਼ਾਬਸ਼ ਅਤੇ ਵਿਗੜੇ ਕੰਮ ਲਈ ਨਰਮ ਸੁਰ ਵਿਚ ਸਲਾਹ ਦੇ ਦਿਆ ਕਰਨ।
ਨਿੱਕੀ ਨਿੱਕੀ ਗੱਲ ਤੋਂ ਬੱਚਿਆਂ ਨੂੰ ਟੋਕਣਾ ਉਨਾਂ ਦੇ ਹਰ ਕੰਮ ਵਿੱਚ ਦਖਲ ਅੰਦਾਜ਼ੀ ਕਰਨਾ ਬਜ਼ੁਰਗਾ ਦਾ ਆਦਰ ਮਾਨ ਘਟਾਉਂਦਾ ਹੈ ਅਤੇ ਖਿਝ ਦਾ ਕਾਰਨ ਬਣਦਾ ਹੈ। ਸੋ ਇਸ ਗੱਲ ਤੋਂ ਬਚਣਾ ਚਾਹੀਦਾ ਹੈ।
ਆਪਣੀ ਹਰ ਗੱਲ ਨੂੰ ਮਨਾਉਣ ਦੇ ਲਈ ਗੁਸਾ ਦਿਖਾਉਣਾ ਵੀ ਠੀਕ ਨਹੀਂ। ਪ੍ਰਸਥਿਤੀਆਂ ਮੁਤਾਬਕ ਕੁੱਝ ਢਲ ਜਾਣਾ ਚਾਹੀਦਾ ਹੈ।
ਜੇ ਕਿਸੇ ਬਜ਼ੁਰਗ ਨੂੰ ਦਾਰੂ ਦੀ ਆਦਤ ਹੈ ਉਸ ਨੂੰ ਉਸੇ ਤਰਾਂ੍ਹ ਆਦਤ ਨਹੀਂ ਰੱਖਣਾ ਚਾਹੀਦਾ ਸਗੋਂ ਸਿਆਣਪ ਨਾਲ ਸੀਮਤ ਕਰ ਲੈਣਾ ਚਾਹੀਦਾ ਹੈ।ਬੱਚਿਆਂ ਨੂੰ ਵੀ ਉਸ ਦੀ ਚਾਹਤ ਦਾ ਥੋੜਾ ਖਿਆਲ ਰੱਖਣਾ ਬਣਦਾ ਹੈ।
ਅਗਲੀ ਗੱਲ ਕਈ ਘਰਾਂ ਵਿੱਚ ਬਜੁਰਗਾਂ ਨੂੰ ਫੋਨ ਚੁਕਣ ਅਤੇ ਫੋਨ ਕਰਨ ਦੀ ਮਨਾਹੀ ਹੈ ਉਹ ਵੇਲੇ ਕਵੇਲੇ ਘਰ ਦੇ ਬੱਚਿਆਂ ਤੋਂ ਚੋਰੀ ਆਪਣੇ ਸਾਥੀਆਂ ਨੂੰ ਫੋਨ ਕਰਦੇ ਹਨ। ਕਿਸੇ ਦਾ ਫੋਨ ਘਰ ਆ ਜਾਵੇ ਤਾਂ ਘੂਰ ਪੈਂਦੀ ਹੈ। ਇਸ ਗੱਲ ਤੋਂ ਬਚਣ ਲਈ ਬਜ਼ੁਰਗਾਂ ਨੂੰ ਆਪਣਾ ਫੋਨ ਲੈ ਲੈਣਾ ਚਾਹੀਦਾ ਹੈ। ਸਰਕਾਰ ਪੈਸੇ ਦਿੰਦੀ ਹੈ।
ਸੱਭ ਤੋਂ ਸਿਰੇ ਦੀ ਗੱਲ ਜੇ ਦੋਵੇਂ ਪਤੀ ਪਤਨੀ ਮਜੂਦ ਹਨ ਤਾਂ ਦੋਹਾਂ ਵਿੱਚ ਅੰਤਾਂ ਦੀ ਸਿਆਣਪ ਨਾਲ ਦੋਸਤੀ ਚਾਹੀਦੀ ਹੈ। ਕਿਸੇ ਹੋਰ ਗੱਲ ਲਈ ਆਪਣੇ ਰਿਸ਼ਤੇ ਕੁਰਬਾਨ ਨਾ ਕਰਨ। ਜਿੰਨੀ ਦੇਰ ਦੋਵੇਂ ਹਨ ਬੁਢਾਪਾ ਕੁੱਝ ਸੁਖਾਲਾ ਲੰਘੇਗਾ। ਬੱਚੇ ਵੀ ਚੰਗਾ ਸਿਖਣਗੇ।