ਅਰਥਚਾਰਾ ਦੇਸ਼ ਦਾ ਮੰਦਾ ਹੋ ਗਿਆ।
ਕਾਲੇ ਧਨ ਵਾਲਾ ਇੱਥੇ ਚੰਗਾ ਹੋ ਗਿਆ।
ਚਮਕ ਰਹੇ ਮੰਦਰ,ਮਸਜ਼ਿਦ,ਗੁਰਦੁਆਰੇ,
ਬੋਲੀ ਵਿੱਚ ਫ਼ਿੱਕਾ ਹਰ ਬੰਦਾ ਹੋ ਗਿਆ।
ਪੈਸੇ ਦੀ ਖਾਤਰ ਜਿਸਮ ਥਾਂ ਥਾਂ ਵਿਕਦਾ,
ਸਭਿਆਚਾਰ ਪੇਟ ਲਈ ਧੰਦਾ ਹੋ ਗਿਆ।
ਮੱਤ ਸਾਡੀ ਲੈ ਨੇਤਾ ਚਲੇ ਜਾਂਦੇ ਬਨਵਾਸ,
ਲੋਕ ਰਾਜ ਪੈਰ ਵਾਲਾ ਕੰਡਾ ਹੋ ਗਿਆ।
ਪੰਜ ਸਾਲ ਕੁਰਸੀ ਬਣੇ ਰਾਣੀ ਚੋਰਾਂ ਦੀ,
ਭਗਤ ਸਿੰਘ ਲਈ ਹਾਰ ਫ਼ੰਦਾ ਹੋ ਗਿਆ।
ਗੈਰਾਂ ਦੀ ਅੱਖ ਵਿੱਚ ਰੜਕੇਗਾ ਚਰਨਜੀਤ,
ਛੁਪਿਆ ਰਾਜ਼ ਹੁਣ ਅਲਫ਼ ਨੰਗਾ ਹੋ ਗਿਆ।