ਆਸਤਿਕਤਾ ਅਤੇ ਨਾਸਤਿਕਤਾ (ਵਿਅੰਗ )

ਗੁਰਨਾਮ ਸਿੰਘ ਸੀਤਲ   

Email: gurnamsinghseetal@gmail.com
Cell: +91 98761 05647
Address: 582/30, St. No. 2L, Guru Harkrishan Nagar, Maler Kotla Road
Khanna India
ਗੁਰਨਾਮ ਸਿੰਘ ਸੀਤਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਾਡੇ ਪਿੰਡ ਵਿਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪੰਜਵੀਂ ਜਮਾਤ ਪਾਸ ਕਰਕੇ ਛੇਵੀਂ ਵਿਚ ਰਾਜਪੁਰਾ  (ਜਿਲ੍ਹਾ ਪਟਿਆਲਾ) ਵਿਖੇ ਦਾਖਲਾ ਲਿਆ। ਇੱਕ ਦਿਨ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਵਰਤੋਂ ਦਾ ਅਧਿਐਨ ਕਰ ਰਹੇ ਸੀ । ਉਹਨਾਂ ਸ਼ਬਦਾਂ ਵਿਚਂੋ ਕਈ ਸ਼ਬਦ ਬਹੁਤ ਦਿਲਚਸਪ ਲੱਗੇ ਅਤੇ ਇਕ ਜੋ ਬਹੁਤਾ ਹੀ ਦਿਲਚਸਪ ਲੱਗਾ ਉਹ ਸੀ 'ਜੋ ਪ੍ਰਮਾਤਮਾ ਵਿਚ ਵਿਸ਼ਵਾਸ ਨਾ ਰੱਖਦਾ ਹੋਵੇ- ਨਾਸਤਿਕ ਅਤੇ ਇਸਦੇ ਉਲਟ ਜੋ ਪ੍ਰਮਾਤਮਾ ਜਾਂ ਰੱਬ ਵਿਚ ਵਿਸਵਾਸ਼ ਰੱਖਦਾ ਹੋਵੇ ਆਸਤਿਕ। ਮੇਰੇ ਦਿਮਾਗ ਦੇ ਕਲ ਪੁਰਜ਼ੇ ਤੇਜ ਚੱਲਣ ਲੱਗ ਪਏ, ਨਾੜੀਆਂ ਵਿਚ ਚਲ ਰਹੇ ਖੁਨ ਦਾ ਦਬਾਅ ਵੱਧ ਗਿਆ ਮਹਿਸੁਸ ਹੋਇਆ ਕਿ ਅਜਿਹੇ ਮਨੁੱਖ ਵੀ ਹੋ ਸਕਦੇ ਹਨ ਜੋ ਪ੍ਰਮਾਤਮਾ ਤੋਂ ਮੁੱਨਕਰ ਹਨ ਭਾਵ ਉਸ ਸਰਵਉਚ ਤਾਕਤ ਵਿਚ ਵਿਸ਼ਵਾਸ ਨਹੀਂ ਰੱਖਦੇ ਜਿਸ ਦੀ ਉਹ ਖੁਦ ਦੇਣ ਹਨ? ਉਹ ਦਿਮਾਗ ਜੋ ਪ੍ਰਮਾਤਮਾ ਦਾ ਹੀ ਦਿੱਤਾ ਹੋਇਆ ਹੈ, ਉਹੀ ਦਿਮਾਗ ਉਸ ਸਕਤੀ ਨੂੰ ਮੰਨਣ ਲਈ ਤਿਆਰ ਨਹੀ? ਦਿਮਾਗ ਵਿਚ ਘੁੰਮਣ ਘੇਰੀ ਜਿਹੀ ਪੈਦਾ ਹੋ ਗਈ । ਬਚਪਨ ਵਿਚ ਪਿੰਡ ਵਿਚ ਸਥਿਤ ਗੁਰੂਦੁਆਰਾ ਸਹਿਬ ਰੋਜਾਨਾ ਜਾਣ ਦਾ ਮਾਣ ਸੀ ਅਤੇ ਹਰ ਗੁਰਪੂਰਬ ਅਤੇ ਹੋਰ ਖੁਸ਼ੀ ਦੇ ਸਮਾਗਮਾਂ ਵਿਚ ਸ਼ਾਮਲ ਹੋ ਕੇ ਦਿਲੀ ਪ੍ਰਸੰਤਾ ਮਿਲਦੀ ਸੀ। ਬਾਕੀ ਦੇ ਵਿਦਿਆਰਥੀ ਵੀ ਆਪਣੇ–ਆਪਣੇ ਧਰਮਾਂ ਵਿਚ ਪੂਰਨ ਸ਼ਰਧਾ ਰੱਖਦੇ ਸਨ ਪ੍ਰੰਤੂ ਜਿਓਂ ਹੀ ਨਾਸਤਿਕਤਾ ਦਾ ਭੱਦਾ ਰੂਪ ਮੇਰੇ ਦਿਮਾਗ ਵਿਚ ਦਾਖਲ ਹੋਇਆ, ਮੈ ਪੁਰਜੋਰ ਨਾਲ ਭਾਵੁਕ ਹੋ ਗਿਆ ਉਸ ਇਨਸਾਨ ਨੂੰ ਲੱਭਣ ਲਈ ਜੋ ਕੁਦਰਤ ਦੇ ਬਣਾਏ ਨਿਯਮਾਂ ਦੀ ਉਲੰਘਣਾ ਕਰਦਾ ਹੋਵੇ। ਅਕਸਰ ਮੈ ਅਜਿਹੇ ਵਿਸ਼ੇਸ਼ ਮਨੁੱਖ ਨੂੰ ਦੇਖਣ, ਮਿਲਣ ਅਤੇ ਉਹਨਾਂ ਨੂੰ ਸੁਣਨ ਲਈ ਤਰਲੋ-ਮੱਛੀ ਰਹਿੰਦਾ ਜਿਹੜੇ ਉਸ ਸਰਵਮਾਨ ਸ਼ਕਤੀ ਤੋਂ ਨਹੀਂ ਡਰਦੇ, ਜਿਸ ਸ਼ਕਤੀ ਦੇ ਸਾਹਮਣੇ ਅਸੀਂ ਸੱਭ ਆਪਣੇ ਵਜੂਦ ਅਤੇ ਸਭ ਕੁਝ ਬਾਰੇ ਸ਼ਰਧਾ ਪੂਰਬਕ ਸਿਰ ਝੁਕਾaੁਂਦੇ ਹਾਂ । ਮੈਨੂੰ ਬੜੀ ਹੈਰਾਨੀ ਹੁੰਦੀ ਕਿ ਉਹ ਲੋਕ ਕਿਹੋ ਜਿਹੇ ਭੋਜਨ ਖਾਂਦੇ ਹੋਣਗੇ ਅਤੇ ਉਹ ਅਜੀਬੋ –ਗਰੀਬ ਕਿਸਮ ਦਾ ਭੋਜਨ ਪ੍ਰਾਪਤ ਕਿਥੋਂ ਕਰਦੇ ਹੋਣਗੇ? ਮੈ ਮੰਨ ਹੀ ਮੰਨ ਉਹਨਾਂ ਨੂੰ ਜਾਂ ਉਹਨਾਂ ਵਿਚੋ ਘੱਟੋ-ਘੱਟ ਇਕ ਨੂੰ ਕਿਸੇ ਵੀ ਤਰਾਂ ਲੱਭਣ ਦੀ ਲੜਾਈ ਮੰਨ ਹੀ ਮੰਨ ਲੜਦਾ ਰਹਿੰਦਾ ਭਾਂਵੇ ਉਹ ਜਿੱਥੇ ਵੀ ਰਹਿੰਦਾ ਹੋਵੇ ਜਾਂ ਛਿਪਿਆ ਹੋਵੇ । ਉਸਦੇ ਰਹਿਣ ਸਹਿਣ ਦਾ ਢੰਗ ਅਤੇ ਬੋਲ ਚਾਲ ਅਲੱਗ ਜਾਂ ਅਜੀਬ ਕਿਸਮ ਦਾ ਹੋ ਸਕਦਾ ਸੀ ।ਉਸ ਦੇ ਇਸ ਅਜੀਬ ਜਾਂ ਅਲੱਗ ਹੋਣ ਦੀ ਕਲਪਣਾ ਨੂੰ ਲੱਭਣ ਲਈ ਮੇਰੇ ਅੰਦਰ ਜਗਿਆਸਾ ਪੈਦਾ ਹੋ ਚੁੱਕੀ ਸੀ ।ਉਸਦੇ ਦੋਸਤ, ਰਿਸ਼ਤੇਦਾਰ ਵੀ ਉਸ ਵਾਂਗ ਹੀ ਹੋਣਗੇ ਪਰ ਕਦੇ ਵੀ ਮੇਰੇ ਦਿਮਾਗ ਜਾਂ ਅੱਖਾਂ ਉਹਨਾਂ ਨੂੰ ਦੇਖ ਜਾਂ ਪਹਿਚਾਣ ਨਾ ਸਕੀਆਂ। ਸਪਸ਼ਟ ਹੈ ਕਿ ਇਹ ਦਾਨਵ ਕੱਦ ਮਨੁੱਖ ਦੀਆਂ ਅੱਖਾਂ ਡਰਾਉਣੀਆਂ ਹੋਣਗੀਆਂ, ਉਸਦਾ ਚੇਹਰਾ-ਮੋਹਰਾ, ਕਦ-ਕਾਠ ਅਤੇ ਬਾਕੀ ਅੰਗ ਵੀ ਉਹਨਾਂ ਦਾਨਵਾਂ ਵਰਗੇ ਹੋਣਗੇ ਜਿਹਨਾਂ ਨੂੰ ਅਸੀਂ ਰਾਮਾਇਣ ਵਿਚ ਪੜ੍ਹਿਆ ਸੀ ਅਤੇ ਜੋ ਭਗਵਾਨ ਰਾਮ ਨਾਲ ਯੁੱਧ ਕਰਦੇ ਸਨ। ਡਰ ਜਾਂ ਡਰਨਾ ਉਹਨਾਂ ਮਨੁੱਖਾਂ ਲਈ ਕੋਈ ਮਾਇਨੇ ਨਹੀ ਰੱਖਦਾ ਸੀ ਬਲਕਿ ਇਹੀ ਲਫ਼ਜ ਡਰਾਉਣੇ ਦੇ ਰੂਪ ਵਿਚ ਉਹਨਾਂ ਮਨੁੱਖਾਂ ਕੋਲ ਹਥਿਆਰ ਦੇ ਰੂਪ ਵਿਚ ਸਨ । ਵਾਸਤਵ ਵਿਚ ਅਸੀਂ ਪੜਿਆ ਸੀ ਕਿ ਦੇਵਤਾ ਲੋਕ ਉਹਨਾਂ ਦਾਨਵਾਂ ਤੋਂ ਡਰਦੇ ਸਨ ਅਤੇ ਹਾਰ ਜਾਂਦੇ ਸਨ । ਸੰਖੇਪ ਵਿਚ ਮੈਂ ਇਹ ਸੋਚ ਬੈਠਾ ਸਾਂ ਕਿ ਇਸ ਤਰ੍ਹਾਂ ਦੇ ਮਨੁੱਖ ਬੜੇ ਹੀ ਡਰਾਉਣੇ, ਨੁਕਸਾਨਦਾਇਕ ਅਤੇ ਘਾਤਕ ਹੋ ਸਕਦੇ ਹਨ । ਮੇਰੇ ਛੋਟੇ ਜਿਹੇ ਅਵਿਕਸਤ ਦਿਮਾਗ ਨੇ ਨਤੀਜਾ ਕੱਢਿਆ ਕਿ ਨਿਸਚਿਤ ਹੀ ਇਹ ਲੋਕ ਬੁਰੇ ਹੋਣਗੇ ਅਤੇ ਇਹਨਾਂ ਤੋਂ ਦੂਰ ਹੀ ਰਹਿਣਾ ਬਣਦਾ ਹੈ ਪ੍ਰਤੂੰ ਇਹ ਰਾਜ਼ ਜਿਉਂ ਦਾ ਤਿਉਂ ਬਣਿਆ ਰਿਹਾ। ਉਹਨਾਂ ਨੂੰ ਜਾਂ ਘੱਟੋ ਘੱਟ ਕਿਸੇ ਇਕ ਨੂੰ ਦੇਖਣ, ਮਿਲਣ ਅਤੇ ਜਾਨਣ ਦੀ ਮੇਰੀ ਇੱਛਾ ਅਤੇ ਪ੍ਰਸ਼ਨ, ਜਿਓਂ ਦੇ ਤਿਓਂ ਬਣੇ ਰਹੇ।
ਇਕ ਦਿਨ ਮੇਰੀ ਇੱਛਾ ਸ਼ਕਤੀ ਆਪਣੀ ਅਧਿਆਪਿਕਾ ਨੂੰ ਇਕੱਲੇ ਦੇਖ, ਜੋ ਇਮਤਿਹਾਨ ਦੇ ਪਰਚਿਆਂ ਦਾ ਮੂਲਆਂਕਣ ਕਰ ਰਹੇ ਸੀ, ਬਹੁਤ ਪ੍ਰਬਲ ਹੋ ਗਈ, ਮੈਂ ਹੋਲੀ  ਜਿਹੀ ਨੇੜੇ ਗਿਆ ਅਤੇ ਪੁੱਛ ਲਿਆ। ਮੈਮ ਇਕ ਸਵਾਲ ਪੁੱਛਣਾ ਚਾਹੁੰਦਾ ਹਾਂ? ਸਾਡੀ ਹੱਸ ਮੁੱਖ ਅਧਿਆਪਿਕਾ ਨੇ ਹੱਸਦੇ ਹੋਏ ਕਿਹਾ "ਹਾਂ….ਹਾਂ…ਪੁੱਛੋ, ਕੀ ਪੁਛਣਾ ਹੈ?"
"ਮੈਮ, ਕੀ ਤੁਸੀਂ ਕਦੇ ਅਜਿਹਾ ਇਕ ਮਨੁੱਖ ਦੇਖਿਆ ਹੈ ਜੋ ਨਾਸਤਿਕ ਹੋਵੇ?"
"ਉਹਹ ….ਬਹੁਤ ਖ਼ੁਬ! ਪਾਗਲ ਮੁੰਡਾ! ਮੈਂ ਤਾਂ ਅਜਿਹੇ ਬਹੁਤ ਮਨੁੱਖ ਦੇਖੇ ਹਨ ਅਤੇ ਮੈਂ ਵੀ ਉਹਨਾਂ ਵਿਚੋਂ ਇੱਕ ਹਾਂ।" ਹੱਸਦੇ ਹੋਏ ਮੈਮ ਨੇ ਸਰਸਰੀ ਜਵਾਬ ਦਿੱਤਾ। ਜਵਾਬ ਨੇ ਮੈਨੂੰ ਸੁੰਨ ਜਿਹਾ ਕਰ ਦਿੱਤਾ ਅਤੇ ਮੈਂ ਹੋਰ ਅੱਗੇ ਕੁੱਝ ਪੁੱਛਣ ਦਾ ਹੀਆ ਹੀ ਨਾ ਕਰ ਸਕਿਆ। ਮਗਰੋਂ ਲਾਹੁਣ ਕਰਕੇ ਅਜਿਹਾ ਜਵਾਬ ਦਿੱਤਾ ਹੋਵੇਗਾ। 
"ਖੈਰ ਅਜਿਹਾ ਸਵਾਲ ਪੁੱਛਣ ਦੀ ਤੈਨੂੰ ਕੀ ਸੁੱਝੀ? ਅਜਿਹੀਆ ਗੱਲਾਂ ਵੱਲ ਧਿਆਨ ਨਹੀਂ ਦੇਣਾ ਅਤੇ ਆਪਣੀ ਪੜ੍ਹਾਈ ਵੱਲ ਧਿਆਨ ਰੱਖੋ।" 
ਵਕਤ ਦੇ ਪਹੀਏ ਦੇ ਘੁੰਮਣ ਨਾਲ ਨਂਵੇ ਨਂਵੇ ਦ੍ਰਿਸ਼ਟੀਕੋਣ ਸਾਹਮਣੇ ਆਏ, ਨਂਵੇ ਮੋਕਿਆਂ ਦੀ ਤਲਾਸ਼ ਹੋਈ। ਵੱਖ-ਵੱਖ ਸ਼ਖਸ਼ੀਅਤਾਂ ਨਾਲ ਉਠਣਾ-ਬੈਠਣਾ ਹੋਇਆ, ਪੜਾਈ-ਲਿਖਾਈ ਅਤੇ ਸਾਹਿਤਿਕ ਸਭਾਵਾਂ ਵਿਚ ਸ਼ਰੀਕ ਹੋਏ। ਇਸ ਦੁਨੀਆਂ ਨੂੰ ਨੇੜਿਓਂ ਅਤੇ ਵਿਸ਼ਾਲਤਾ ਨਾਲ ਪੜਤਾਲਿਆ। ਸੰਸਾਰ ਯਾਤਰਾ ਵਿਚ ਵਿਚਰਦੇ ਰੰਗ-ਬਿਰੰਗੇ ਵਿਚਾਰਾਂ ਅਤੇ ਦ੍ਰਿਸ਼ਟੀਕੋਣ ਵਾਲੇ ਰਾਹਗੀਰਾਂ ਦੀ ਸੰਗਤ ਨਸੀਬ ਹੋਈ। ਸਵੈ-ਅਭਿਮਾਨ ਦੀ ਚੋਟੀ ਉਪਰ ਗੱਲ ਕਰਦੇ ਅਤੇ ਤਾਰੇ ਤੋੜਨ ਵਾਲੇ ਅਹਿੰਕਾਰੀਆਂ ਨੂੰ ਮੁੱਧੇ-ਮੂੰਹ ਡਿੱਗਦੇ ਨੇੜਿਓਂ ਵੇਖਿਆ। ਦੁਰਾਚਾਰੀਆਂ ਅਤੇ ਵਿਭਾਚਾਰੀਆਂ ਨੂੰ ਧਰਤੀ ਵਿਚ ਧੱਸਦੇ ਦੇਖਿਆ ਅਤੇ ਸੁਣਿਆ, ਬਹਿਰੂਪੀਏ ਦੇਖੇ ਜਿਨਾਂ ਦਾ ਚੇਹਰਾ-ਮੋਹਰਾ ਉਹੋ ਹੋਣ ਦੇ ਬਾਵਜੂਦ ਹਰ ਵਾਰ ਗੱਲ-ਬਾਤ ਦੋਰਾਨ ਉਹਨਾਂ ਦੇ ਬਦਲਦੇ ਅਜੀਬ ਤੇਵਰ ਦੇਖੇ। ਇਸ ਦੇ ਨਾਲ ਸੱਚ ਅਤੇ ਇਮਾਨ ਦਾ ਪਹਿਰਾ ਦੇਣ ਵਾਲੇ ਦੈਵੀ ਗੁਣਾ ਦਾ ਪ੍ਰਚਾਰ ਅਤੇ ਉਪਚਾਰ ਕਰਦੇ ਦੇਖੇ ਅਤੇ ਪੇਖੇ। ਨਿਮਰਤਾ ਅਤੇ ਮਿਠਾਸ ਵਾਲਿਆਂ ਨੂੰ ਨੇੜੇ ਤੋਂ ਹੰਢਾਇਆ ਅਤੇ ਅਪਣਾਇਆ। ਮਤਲਬ ਹੱਡ-ਬੀਤੀਆਂ ਅਤੇ ਜੱਗ ਬੀਤੀਆਂ ਦੇ ਪ੍ਰਚੰਡ ਕਾਰਵਾਂ ਵਿਚੋਂ ਕੁੱਝ ਮੀਤ ਬਣਦੇ ਗਏ ਅਤੇ ਕਈਆਂ ਨੂੰ ਮੀਤ ਬਨਾਉਣ ਲਈ ਪ੍ਰੇਰਦੇ ਰਹੇ ਅਤੇ ਆਪਣੇ ਸਵਾਲਾਂ ਦੇ ਜਵਾਬ ਭਾਲਦੇ ਰਹੇ ਕਿ ਮਨੁੱਖ ਤੂੰ ਦੁਰਲੱਭ ਹੁੰਦੇ ਹੋਏ ਵੀ ਦੁਰਲੱਭ ਅਤੇ ਸਿਆਣਾ ਕਿਉਂ ਨਹੀਂ ਬਣ ਸੱਕਿਆ? ਸ਼ਾਇਦ ਤੂੰ ਸਿਆਣਾ ਬਣਨ ਦੇ ਕਾਬਿਲ ਹੀ ਨਹੀਂ । ਵੇਦਾਂ, ਸ਼ਾਸ਼ਤਰਾਂ, ਧਰਮ ਗ੍ਰੰਥਾਂ ਅਤੇ ਵਿਚਾਰ ਗੋਸ਼ਟੀਆਂ ਸੁਣਨ ਦੇ ਬਾਵਜੂਦ ਤੇਰੀ ਤ੍ਰਿਸ਼ਨਾ ਮਰੀ ਨਹੀ ਸਗੋਂ ਹੋਰ ਪ੍ਰਬਲ ਹੋਈ ਹੈ। ਮਹਾਤਮਾ ਬੁੱਧ ਜੀ ਨੇ ਹਜਾਰਾਂ ਸਾਲ ਪਹਿਲਾਂ ਇਨਸਾਨ ਦਾ ਮੁੱਢਲਾ ਅਤੇ ਅਖੀਰਲਾ ਰੋਗ ਲੱਭ ਕੇ ਦੱਸ ਦਿੱਤਾ ਸੀ ।ਉਸ ਤੋਂ ਬਾਅਦ ਹੋਰ ਆਏ ਪੀਰਾਂ, ਫ਼ਕੀਰਾਂ ਅਤੇ ਪੈਗੰਬਰਾਂ ਨੇ ਇਸ ਤ੍ਰਿਸ਼ਨਾ ਦੇ ਭੈਣ ਭਰਾਵਾਂ ਅਤੇ ਰਿਸ਼ਤੇਦਾਰਾ ਦੀ ਸਲਤਨਤ ਨਾਲ ਵੀ ਵਾਕਫੀਅਤ ਕਰਵਾ ਦਿੱਤੀ ਸੀ ਅਤੇ ਇਸ ਤੋਂ ਬੱਚਣ ਦੀ ਅੋਸਿੱਧੀ ਅਤੇ ਉਪਚਾਰ ਵੀ ਦੱਸ ਦਿੱਤਾ ਸੀ ਪਰ ਜਾਨੀ ਦੁਸ਼ਮਣ ਦੀ ਪਕੜ ਅਤੇ ਪਹੁੰਚ ਅਤਿ ਪ੍ਰਚੰਡ ਹੈ ਜਿਸ ਨੂੰ ਚੰਡਿਆ ਅਤੇ ਨੱਪਿਆ ਹੈ ਤਾਂ ਸਿਰਫ ਸਾਧੂ ਸੰਤਾਂ ਨੇ। ਸਾਧੂ ਸੰਤਾਂ ਦਾ ਨਾਮ ਸੁਣ ਕੇ ਅੱਜ ਦੇ ਬਹੁਤੇ ਮਨੁੱਖ ਸਿਰ ਜਿਹਾ ਮਾਰ ਦਿੰਦੇ ਹਨ ਅਤੇ ਕਿਸੇ ਹੱਦ ਤੱਕ ਉਹ ਹਨ ਵੀ ਸੱਚੇ ਕਿaੁਂਕਿ ਅਖੌਤੀ ਸੰਤਾਂ ਨੇ ਮਨੁੱਖ ਨੂੰ ਭਰਮ ਦੇ ਬੇੜੀ ਵਿਚ ਬਿੱਠਾ ਦਿੱਤਾ ਹੈ ਅਤੇ ਆਪ ਉਡਾ ਰਹੇ ਹਨ ਗੁਲਸ਼ਰੇ।
ਮੇਰੀ ਸਾਂਤਮਈ ਅਤੇ ਚੁੱਪ ਚਾਪ ਦੀ ਖੋਜ ਨੇ ਇਹ ਨਤੀਜਾ ਕੱਢਿਆ ਕਿ ਨਾਸਤਿਕ ਜਮਾਤ ਦੇ ਵੱਡੇ ਮੋਹਰੀ ਇਹੋ ਅਖੋਤੀ ਇਹੋ ਧਾਰਮਿਕ ਆਗੂ ਹਨ ਜੋ ਪ੍ਰਵਚਨ ਅਤੇ ਕੀਰਤਨ ਕਰਦੇ ਹਨ ਪਰ ਸੌਦੇ ਤੈਹ ਕਰਕੇ ਅਤੇ ਪੇਸ਼ਗੀਆਂ ਵਜੋ ਮੋਟੀਆਂ ਰਕਮਾਂ ਹੱਥ ਹੇਠ ਕਰਕੇ। ਵੱਡੀਆਂ-ਵੱਡੀਆਂ ਰਕਮਾਂ ਜੋ ਕਾਲੇ-ਚਿੱਟੇ ਧੰਨ ਵਿਚੋਂ ਆਂਉਦੀਆ ਹਨ ਪਰ ਕਾਲੇ ਧੰਨ ਦੇ ਲੋਭ ਨੂੰ ਂਿਨੰਦਣ ਵਾਲੇ ਬੜੀ ਖੁਸ਼ੀ ਪਰ ਬੇ-ਸ਼ਰਮੀ ਨਾਲ ਫੜਦੇ ਹਨ। ਸਾਦਾ ਜੀਵਨ, ਸਾਦਾ ਖਾਣਾ ਅਤੇ ਸਾਦਗੀ ਦਾ ਢੰਡੋਰਾ ਦੇਣਾ ਇਹਨਾਂ ਦੇ ਪ੍ਰਮੁੱਖ ਪ੍ਰਵੱਚਨਾਂ ਦਾ ਖਾਸ-ਮ-ਖਾਸ ਹਿੱਸਾ ਹਨ ਪਰ ਇਹ ਸੱਭ ਸ੍ਰੋਤਿਆਂ ਲਈ ਹੈ, ਕਹਿਣ ਵਾਲਿਆਂ ਲਈ ਮੁਕੰਮਲ ਛੋਟ ਹੈ। ਵਿਸ਼ੇਸ਼ ਪਕਵਾਨ ਇਹਨਾਂ ਦੇ ਖਾਣੇ ਦਾ ਨਿੱਤ-ਪ੍ਰਤੀ ਦਿਨ ਦਾ ਜਰੂਰੀ ਹਿੱਸਾ ਹਨ ਜੋ ਕਿ ਕਿਸੇ ਗਰੀਬ ਦੀ ਪਹੁੰਚ ਤੋਂ ਬਾਹਰ ਵੀ ਹੋਵੇ ਤਾਂ ਇੰਤਜਾਮ ਕਰਨਾ ਪੈਂਦਾ ਹੈ। ਸ਼ਰਾਬ-ਕਬਾਬ ਦੀ ਵਰਤੋ ਕਰਕੇ ਇਹ ਕਿਹੜਾ ਕਿਸੇ ਨਾਲ ਕਿਸੇ ਚੌਂਕ ਜਾਂ ਗਲੀ ਵਿਚ ਖੜ ਕੇ ਲੜਾਈ ਕਰਦੇ ਹਨ ਜਾਂ ਚੰਗਾਂ–ਮੰਦਾ ਬੋਲਦੇ ਹਨ ਜਿਵੇਂ ਕਿ ਮਵਾਲੀ ਜਾ ਸ਼ਰਾਬੀ ਕਰਦੇ ਹਨ। ਫਿਰ ਕਾਹਦਾ ਡਰ, ਭੈਅ ਜਾਂ ਝਾਅਕਾ? ਇਕ ਵਾਰ ਇੱਕ ਸ਼ਾਦੀ ਦੇ ਸਮਾਗਮ ਉਪਰ ਆਨੰਦ ਕਾਰਜ ਤੋਂ ਪਹਿਲਾਂ ਇਹਨਾਂ ਦੀ ਮੰਡਲੀ ਬੈਠ ਗਈ ਦਾਰੂ ਲੈ ਕੇ। ਕੁੜੀ ਵਾਲਿਆਂ ਨੇ ਇਕ ਬਹਿਰੇ ਦੀ ਡਿਊਟੀ ਲਗਾ ਦਿੱਤੀ ਕਿ ਇਹਨਾਂ ਨੂੰ ਜੋ ਕੁਝ ਚਾਹੀਦਾ ਹੋਵੇ, ਦੇਂਦਾ ਰਹੇ। ਪੰਜ ਬੰਦਿਆਂ ਨੇ ਕਰੀਬ ੧੦ ਕੁ ਡੂੰਗੇ ਮੀਟ ਖਾ ਲਿਆ ਅਤੇ ਬਹਿਰੇ ਨੇ ਆਪਣੇ ਸੁਭਾਅ ਮੁਤਾਬਿਕ ਉਹਨਾਂ ਨੂੰ ਬੜੇ ਅਦਬ ਨਾਲ ਸਲਾਮ ਕੀਤੀ ਅਤੇ ਕੁੱਝ ਨਜ਼ਰਾਨਾ ਦੇਣ ਲਈ ਕਿਹਾ। ਇਕ ਗ੍ਰੰਥੀ ਸਿੰਘ ਜੋ ਉਹਨਾਂ ਸਾਰਿਆਂ ਵਿਚੋਂ ਵੱਡੀ ਉਮਰ ਦਾ ਸੀ, ਨੇ ਕਿਹਾ, ਬੇਟਾ ਜਦੋ ਰੋਟੀ ਖਾਵਾਂਗੇ, ਫਿਰ ਤੈਨੂੰ ਇਨਾਮ ਦੇਵਾਂਗੇ। ਬਹਿਰੇ ਨੇ ਮੱਥੇ ਤੇ ਹੱਥ ਮਾਰਿਆ 'ਹੈਅਅ! ਰੋਟੀ ਖਾਣੀ ਅਜੇ ਬਾਕੀ ਹੈ? ਇਹਨਾਂ ਲੋਕਾਂ ਨੂੰ ਸਮਾਜ ਖਾਸ ਇਜ਼ਤ ਨਾਲ ਨਿਵਾਜ਼ਦਾ ਹੈ ਅਤੇ ਇਹਨਾਂ ਵਿਚੋ ਅਨੇਕਾਂ ਅਜਿਹੇ ਹਨ ਜਿਹਨਾਂ ਦੇ ਪੈਰ ਛੂਹੇ ਜਾਂਦੇ ਹਨ, ਆਸ਼ੀਰਵਾਦ ਲਏ ਜਾਂਦੇ ਹਨ। ਇਹਨਾਂ ਦੁਆਰਾ ਸਿਰੋ-ਪਾਓ ਦਿਵਾਏ ਜਾਂਦੇ ਹਨ ਅਤੇ ਬੱਚਿਆਂ ਦੀ ਸੇਹਿਤ, ਸਿਖਿਆ ਅਤੇ ਕੰਮ ਕਾਰ ਵਿਚ ਤਰੱਕੀ ਲਈ ਅਰਦਾਸੇ ਕਰਵਾਏ ਜਾਂਦੇ ਹਨ ਜਦੋਂ ਕਿ ਗੁਰੁ ਸਾਹਬ ਨੇ ਜੀਵ ਅਤੇ ਪ੍ਰਮਾਤਮਾ ਦਾ ਸਿੱਧਾ ਸਬੰਧ ਦੱਸਿਆ ਹੈ ਅਤੇ ਵਿਚ ਕਿਸੇ ਵਿਚੋਲੇ ਨੂੰ ਸਪੱਸ਼ਟ ਤੌਰ ਤੇ ਨਕਾਰਿਆ ਹੈ। ਇਕ ਸੱਚਾ ਗੁਰੂ, ਸਾਧੂ, ਸੰਤ ਜਾਂ ਪੈਗੰਬਰ ਜੋ ਪ੍ਰਮਾਤਮਾ ਨਾਲ ਮਿਲਣ ਦੀ ਜੁਗਤ ਸਿਖਾਉਂਦਾ ਹੈ, ਕਦੇ ਕਿਸੇ ਗਰੀਬ ਉੱਪਰ ਬੋਝ ਨਹੀਂ ਬਣਦਾ ਅਤੇ ਨਾਂ ਹੀ ਪ੍ਰਮਾਤਮਾ ਦੇ ਅਸੂਲਾਂ ਦੀ ਉਲ਼ੰਘਣਾ ਕਰਦਾ ਹੈ ਜਿਂਵੇ ਕਿ ਅੱਜ ਬੋਲਬਾਲਾ ਹੈ ਅਖੌਤੀ ਸਾਧੂ ਅਤੇ ਸੰਤਾਂ ਦਾ। ਫਿਰ ਨਾਸਤਿਕ ਜਾਂ ਆਸਤਿਕ ਕੋਣ ਹੋਇਆ?
ਸਾਡੇ ਗੁਰੂ ਸਹਿਬਾਨਾਂ ਨੇ ਲੋਕਾਂ ਦੇ ਕੂੜੇ ਨਸ਼ੇ ਛੁਡਾਏ ਅਤੇ ਨਾਮ ਦੇ ਨਸ਼ੇ ਨਾਲ ਤ੍ਰਿਪਤ ਕੀਤਾ, ਪ੍ਰਚਲਿਤ ਊਚ-ਨੀਚ, ਜਾਤ-ਪਾਤ, ਅਮੀਰ-ਗਰੀਬ, ਫ੍ਰਿਕਾਪ੍ਰਸਤੀ ਅਤੇ ਕੂਟਨੀਤੀ ਇਤਿਆਦ ਦੀਆਂ ਬੁਰਾਈਆਂ ਨੂੰ ਫੂਕਿਆ ਅਤੇ ਗਿਆਨ ਦਾ ਦੀਵਾ ਬਾਲਿਆ। ਪਰ ਕੀ ਅੱਜ ਉਹਨਾਂ ਦੁਆਰਾ ਦਰਸਾਏ ਗਏ ਪੂਰਨਿਆਂ ਉਪਰ ਚੱਲਿਆ ਜਾ ਰਿਹਾ ਹੈ ਜਾਂ ਸਾਡਾ ਮਾਰਗ ਦਰਸ਼ਨ ਕਰਨ ਵਾਲਾ ਗਿਆਨ ਦਾ ਦੀਵਾ ਸਾਡੀ ਰਹਿਬਰੀ ਕਰ ਰਿਹਾ ਹੈ? ਕੀ aੁਹ ਗਿਆਨ ਦਾ ਦੀਵਾ ਬੁੱਝ ਗਿਆ ਹੈ ਜਾਂ ਦੀਵੇ ਦੀ ਲੋਅ ਲੈਣ ਵਾਲਿਆਂ ਦੇ ਨੈਣ ਨਹੀਂ ਰਹੇ ਜਾਂ ਤ੍ਰਿਸ਼ਨਾ ਭਰੇ ਨੈਣਾਂ ਅੰਦਰ ਗਿਆਨ ਦੀ ਲੋਅ ਜਗਦੀ ਹੀ ਨਹੀ? ਗਿਆਨ ਦਾ ਦੀਵਾ ਹਮੇਸ਼ਾ-ਹਮੇਸ਼ਾ ਜਗਦਾ ਰਹੇਗਾ ਪਰ ਇਸ ਪਦਾਰਥ ਵਾਦ ਦੇ ਭਵਸਾਗਰ ਨੂੰ ਠੱਲਣ ਲਈ ਗਿਆਨ ਦੇ ਨੈਣ ਹੀ ਨਹੀਂ, ਗਿਆਨ ਦੇ ਕੰਨਾਂ ਦੀ ਵੀ ਲੋੜ ਹੈ ਤਾਂ ਜਾ ਕੇ ਸਹੀ ਅਤੇ ਗਲਤ ਕਦਰਾਂ-ਕੀਮਤਾਂ ਦਾ ਅੰਤਰ ਪਤਾ ਲੱਗੇਗਾ। ਅੰਤਰ ਪਤਾ ਹੋਣ ਦੇ ਬਾਵਜੂਦ ਇਨਸਾਨ ਜਿੱਦ ਅਤੇ ਹਾਉਮੈ ਦਾ ਪੱਲਾ ਨਹੀ ਛੱਡਦਾ ਪੰ੍ਰਤੂ ਈਰਖਾ, ਕਰੋਧ ਅਤੇ ਭੇਦ-ਭਾਵ ਨੂੰ ਆਪਣਾ ਹਮ-ਸਫਰ ਬਣਾ ਕੇ ਰੱਖਦਾ ਹੈ। ਅਜਿਹੇ ਵਿਅਕਤੀਆਂ ਨੂੰ ਆਸਤਿਕ ਕਿਹਾ ਜਾਵੇਗਾ ਜਾਂ ਨਾਸਤਿਕ? ਕੀ ਹੋਇਆ ਜੇ ਮੂੰਹ-ਮੁਹਾਂਦਰਾ ਆਮ ਲੋਕਾਂ ਵਾਲਾ ਹੈ ਪਰ ਟੋਰ, ਚਾਲ-ਢਾਲ ਅਤੇ ਖਾਣ-ਪੀਣ ਤਾਂ ਅਲੱਗ ਹੈ? ਅਚਾਰ-ਵਿਹਾਰ ਅਤੇ ਮਿਲਣ ਸਾਰ ਦੇ ਤੌਰ ਤਰੀਕੇ ਤਾਂ ਹਨ ਪਰ ਕੀ ਹੋਇਆ ਜੇ ਇਸ ਮਿਲਨ ਸਾਰਤਾ ਵਿਚ ਮੁੱਖੋਂ ਰਾਮ ਰਾਮ ਅਤੇ ਅੰਦਰ ਛੁਰੀ ਹੈ? ਗਿਆਨਵਾਨ ਬਹੁਤ ਹੈ- ਇਸੇ ਗਿਆਨ ਦੇ ਸਹਾਰੇ ਹੀ ਤਾਂ ਰੁਹਬ ਜਮਾਉਣਾ ਹੈ!। ਅਖੀਰ ਤੱਤ ਇਹੋ ਨਿਕਲਿਆ ਕਿ ਵਿੱਦਿਆ ਦੀ ਲੋਅ ਹੁੰਦੇ ਹੋਏ ਮਨੁੱਖ ਅੱਜ ਕਿੱਧਰ ਜਾ ਰਿਹਾ ਹੈ? ਖੂਹ ਵਿਚੋਂ ਨਿਕਲ ਕੇ ਖਾਤੇ ਵਿਚ ਡਿੱਗਣ ਵਿਚ ਲਈ ਕਾਹਲਾ ਹੈ। ਹੱਥ ਫੜਨ ਵਾਲੇ ਹਨ ਪਰ ਛੁਡਾਉਣ ਲਈ aਤਾਵਲਾ ਹੈ – ਐਟਮੀ ਸ਼ਕਤੀ ਭਾਵੇ ਬਹੁਤ ਦੂਰ ਦੀ ਗੱਲ ਨਹੀਂ, ਵਾਯੂਮੰਡਲ, ਪਾਣੀ, ਜਮੀਨ, ਸਭ ਦੂਸ਼ਿਤ ਕਰ ਦਿਤੀ ਗਈ ਹੈ ਅਤੇ ਸਿੱਟੇ ਵਜੋ ਇਨਸਾਨ ਦਾ ਖੂਨ ਅਤੇ ਚਰਬੀ ਦੁਸ਼ਿਤ ਹੋ ਰਹੀ ਹੈ ਅਤੇ ਅਜਿਹੀਆਂ ਬਿਮਾਰੀਆਂ ਦੇ ਵੱਸ ਪੈ ਰਹੀ ਹੈ ਜੋ ਨਿਸ਼ਚੇ ਹੀ ਲਾ-ਇਲਾਜ ਹੋਣ।
ਤ੍ਰਿਸ਼ਨਾ–ਰਹਿਤ ਅਤੇ ਗਿਆਨ ਵਾਨ ਮਨੁੱਖ ਅਜਿਹਾ ਕਰਨਾ ਤਾਂ ਕੀ ਸੋਚ ਵੀ ਨਹੀ ਸਕਦਾ। ਅਕਾਸ਼ ਦੀ ਕੁੱਖ ਕਿਧਰੇ ਨਾਂ ਕਿਧਰੇ ਧੁੱਖਦੀ ਅਤੇ ਬਲਦੀ ਹੀ ਰਹਿੰਦੀ ਹੈ ਜੋ ਸਿੱਧਾ–ਸਾਧਾ ਘਾਤ ਹੈ। ਮਨੁੱਖਤਾ, ਗਰੀਬਾਂ ਅਤੇ ਬੱਚਿਆਂ ਦੀ ਕਿਲਕਾਰੀ ਦਿਲ ਅਤੇ ਅਸਮਾਨ ਚੀਰਦੀ ਹੀ ਰਹਿੰਦੀ ਹੈ ਅਤੇ ਸਭਿਆ ਕਹਾਉਣ ਵਾਲਾ ਮਨੁੱਖ ਸੁਣੀ-ਅਣਸੁਣੀ ਕਰਕੇ ਅੋਹ ਜਾਂਦਾ ਹੈ ਜਿਵੇ ਡੰਗਰ। ਹਜਾਰਾਂ ਨਹੀ ਲੱਖਾਂ ਸੱਚੇ ਰਹਿਬਰਾਂ–ਸਾਹਿਤਕਾਰਾਂ-ਲਿਖਾਰੀਆਂ, ਬਲਾਰਿਆਂ, ਬੁਧੀਜੀਵੀਆਂ ਦੇ ਮਾਰਗ ਦਰਸ਼ਨ ਕਰਨ ਦੇ ਬਾਵਜੂਦ ਮਨੁੱਖ ਮਨੁੱਖਤਾ ਦੇ ਰਿਸ਼ਤੇ ਅਤੇ ਕਾਨੂੰਨ ਤੋਂ ਮੁੱਨਕਰ ਹੁੰਦਾ ਚਲਾ ਜਾ ਰਿਹਾ ਹੈ । ਮੰਨ ਕੀ ਬਾਤ ਤਾਂ ਬਹੁਤ ਦੂਰ ਦੀ ਗੱਲ ਹੈ, ਦਿਲ ਦੀ ਫਰਿਆਦ ਦਾ ਉੱਕਾ ਮੁੱਲ ਨਹੀਂ ਪੈਂਦਾ। ਜਰਵਾਣਿਆਂ ਦੀਆਂ ਢਾਣੀਆਂ ਸ਼ਰੇਆਮ, ਖੁੱਲੇਆਮ, ਬੇ-ਡਰ, ਬੇ ਖ਼ੋਫ, ਸੰਸਕ੍ਰੀਤੀ ਸ਼ੁਹਿਰਦਤਾ, ਨੈਤਿਕਤਾ ਉਪਰ ਤਸੱਦਦ ਕਰਦੀਆਂ ਮਾਰ ਜਾਂਦੀਆਂ ਹਨ ਇਕ ਕੱਸਵੀਂ ਜਿਹੀ ਚਪੇੜ ਕਾਨੂੰਨ ਦੇ ਠੇਕੇਦਾਰਾਂ ਦੇ ਮੂੰਹ ਉਪਰ। ਅਜਿਹੇ ਹੀ ਖਿਆਲਾਂ ਨਾਲ ਲੱਧਿਆ ਰਹਿੰਦਾ ਮੇਰਾ ਦਿਮਾਗ ਕਈ ਵਾਰ ਸੁੰਨ ਹੋ ਜਾਂਦਾ ਅਤੇ ਭਾਰ ਨੂੰ ਕਈ ਤਰੀਕਿਆਂ ਨਾਲ ਹਲਕਾ ਕਰਨ ਦੀ ਕੋਸ਼ਿਸ਼ ਕਰਦਾ।
ਸਕੂਲ ਦੀ ਇਸ ਮਾਮੂਲੀ ਘਟਨਾ ਤੋਂ ਕਰੀਬ ੩੦ ਕੁ ਵਰਿਆਂ ਬਾਅਦ ਅਜਿਹਾ ਹੋਇਆ ਕਿ ਮੈਂ ਕਿਸੇ ਕੰਮ ਦਿਲੀ ਰੇਲ ਵਿਚ ਜਾ ਰਿਹਾ ਸਾਂ ਕਿ ਅਚਾਨਕ ਦੇਖਿਆ ਸਾਡੇ ਉਹੀ ਮੈਮ ਬੈਠੇ ਆਪਣੇ ਪੋਤੇ–ਪੋਤੀਆਂ ਨਾਲ ਹੱਸ ਖੇਡ ਰਹੇ ਸਨ। ਗਹੁ ਨਾਲ ਦੇਖਕੇ ਪਹਿਚਾਣਦੇ ਹੋਏ ਮੈਂ ਅਦਬ ਨਾਲ ਫਤਿਹ ਬੁਲਾਈ । ਜਿਵੇਂ ਅਤਿ ਖੁਸ਼ੀ ਦੀ ਲਹਿਰ ਦੋੜ ਗਈ ਹੋਵੇ ਸਾਡੇ ਮੈਮ ਦੇ ਅੰਦਰ ਤੇ ਉਠ ਕੇ ਮੈਨੂੰ ਆਪਣੇ ਨਾਲ ਲਾਉਂਦੇ ਹੋਏ ਪਿਆਰ ਕੀਤਾ । aਪਰੰਤ ਕਹਿਣ ਲੱਗੇ ਕਿ ਤੇਰੇ ਦੁਆਰਾ ਦਿੱਤਾ ਹੋਇਆ ਟਾਪਿਕ ਮੇਰੇ ਲਈ ਬੜਾ ਲਾਹੇਵੰਦ ਸਾਬਤ ਹੋਇਆ ਅਤੇ ਮੈਂ ਉਸ ਉਪਰ ਪੀ.ਐਚ.ਡੀ ਕਰ ਲਈ ਸੀ। ਤੇਰਾ ਧੰਨਵਾਦ ਕਰਨ ਲਈ ਤਰਸਦੀ ਰਹੀ ਪਰ ਤੇਰਾ ਪਤਾ ਟਿਕਾਣਾ ਕੁੱਝ ਵੀ ਨਹੀ ਸੀ ਮੇਰੇ ਕੋਲ 
"ਕੀ ਤੁਸੀਂ ਕੋਈ ਆਸਤਿਕ ਵੀ ਦੇਖਿਆਂ ਜਾਂ ਲੱਭਿਆ ਹੈ ?" ਮੇਰੇ ਮੂੰਹੋ ਨਿਕਲ ਗਿਆ 
"ਹਂੈਅਅ! ਅਜੇ ਵੀ ਉਹੋ ਪਾਗਲਾਂ ਵਾਲੀਆਂ ਗੱਲਾਂ!" 
ਤੇ ਫਿਰ ਅਸੀ ਹੱਸਦੇ-ਹਸਾaਂਦੇ ਦਿਲੀ ਪਹੁੰਚ ਗਏ।