ਸ਼ਿੰਦਰ ਸਾਰਾ ਦਿਨ ਕਦੇ ਵੀ ਵਹਿਲੀ ਨਾ ਬਹਿੰਦੀ। ਉਹ ਕਦੇ ਕੱਪੜੇ ਸਿਲਾਈ ਕਰਦੀ, ਕਦੇ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ, ਕੋਈ ਨਾ ਕੋਈ ਕੰਮ ਕਰਦੀ ਰਹਿੰਦੀ।ਉਸ ਦੀ ਇੱਕ ਪਿਆਰੀ ਜਿਹੀ ਬੇਟੀ ਦੀਪੀ ਜੋ ਅੱਠਵੀਂ ਜਮਾਤ ਵਿੱਚ ਪੜ੍ਹਦੀ ਸੀ। ਬਹੁਤ ਹਸ਼ਿਆਰ ਅਤੇ ਲਾਇਕ ਬੱਚੀ ਸੀ। ਦੀਪੀ ਸਾਰਾ ਿਦਨ ਆਪਣੀ ਮਾਂ ਨੂੰ ਕੰਮ ਕਰਦੀ ਦੇਖਦੀ ਰਹਿੰਦੀ ਅਤੇ ਉਸ ਦਾ ਘਰ ਦੇ ਕੰਮਾਂ ਵਿੱਚ ਹੱਥ ਵੀ ਵਟਾਉਂਦੀ ਰਹਿੰਦੀ।
ਸਿੰਦਰ ਦਾ ਘਰ ਵਾਲਾ ਵਿਹਲੜ ਅਤੇ ਸਿਰੇ ਦਾ ਨਸ਼ਈ ਬੰਦਾ ਸੀ। ਜਦੋਂ ਉਸ ਨੂੰ ਨਸ਼ਾ ਪੱਤਾ ਕਰਨ ਲਈ ਪੈਸੇ ਨਾ ਮਿਲਦੇ ਤਾਂ ਉਹ ਸ਼ਿੰਦਰ ਨੂੰ ਕੁੱਟਦਾ ਮਾਰਦਾ। ਜਿਸ ਨੂੰ ਦੇਖ ਕੇ ਦੀਪੀ ਸਹਿਮ ਜਾਂਦੀ।ਇੱਕ ਦਿਨ ਦੀਪੀ ਆਪਣੀ ਮਾਂ ਨੂੰ ਕਹਿਣ ਲੱਗੀ," ਮੰਮੀ, ਮੰਮੀ.. ਮੈਂ ਵਿਆਹ ਨਹੀਂ ਕਰਵਾਉਣਾ" ਸ਼ਿੰਦਰ ਨੇ ਦੀਪੀ ਦੀ ਗੱਲ ਹਾਸੇ ਵਿੱਚ ਟਾਲ ਦਿੱਤੀ। " ਚੰਗਾ ਨਾ ਕਰਵਾਈ"।
" ਮਾਂ ਮੈਂ ਸੱਚੀ ਸਾਰੀ ਉੱਮਰ ਵਿਆਹ ਨਹੀਂ ਕਰਵਾਉਣਾ"। ਦੀਪੀ ਨੇ ਗੰਭੀਰ ਅਤੇ ਅੱਖਾਂ ਭਰਕੇ ਕਿਹਾ।
" ਕਿਊਂ ? ਬੇਟਾ… ਵਿਆਹ ਤਾਂ ਜੱਗ ਦੀ ਰੀਤ ਹੈ। ਸਾਰੀ ਦੁਨੀਆਂ ਹੀ ਵਿਆਹ ਕਰਵਾਉਂਦੀ ਹੈ। ਮੈਂ ਵੀ ਤਾਂ ਤੇਰੇ ਡੈਡੀ ਨਾ ਵਿਆਹ ਕਰਵਾਇਆ ਹੀ ਹੈ"। ਸ਼ਿੰਦਰ ਨੇ ਦੀਪੀ ਨੂੰ ਕਲਵੇ ਵਿੱਚ ਲੈਂਦੇ ਹੋਏ ਕਿਹਾ।
" ਇਸੇ ਕਰਕੇ ਡੈਡੀ ਤੁਹਾਨੂੰ ਬਿਨਾਂ ਕਸੂਰ ਤੋਂ ਕੁੱਟਦੇ ਹਨ। ਤੁਸੀਂ ਵਿਆਹ ਕਰਵਾਉਣ ਦਾ ਜੋ ਕਸੂਰ ਕੀਤਾ ਕੀ ਤੁਸੀਂ ਇਸ ਦੀ ਹੀ ਸ਼ਜਾ ਭੁਗਤ ਰਹੇ ਹੋ" ਦੀਪੀ ਦੇ ਸ਼ਬਦਾ ਦਾ ਸ਼ਿੰਦਰ ਕੋਲ ਕੋਈ ਉੱਤਰ ਨਹੀਂ ਸੀ।