ਇਸ ਵਕਤ ਆਪ ਹਾਰੋਗੇ ਇਹ ਸਮਝ ਯਕੀਨ ਮੇਰੀ ਹੈ
ਜੇ ਜੰਗ ਦਾ ਖੇਤਰ ਤੇਰਾ ਹੈ ਫੁੱਲਾਂ ਦੀ ਜਮੀਨ ਮੇਰੀ ਹੈ
ਤੇਰੇ ਕੋਲ ਖੰਜਰ ਤੇ ਖਾਰਾਂ ਪਤਾ ਨਹੀਂ ਕੀ ਕੁੱਝ ਹੋਰ ਹੈ
ਇਤਰ ਦੀ ਛਲਕਦੀ ਗਾਗਰ ਮੇਰੇ ਕੋਲ ਹੁਸੀਨ ਮੇਰੀ ਹੈ
ਨਫਰਤਾਂ ਦਾ ਕੁਲ ਬਜ਼ਾਰ ਤੂੰ ਖੁਦ ਕਰ ਲਿਆ ਹੈ ਅਪਣੇ ਨਾਂ
ਮੈਂ ਮੁਹੱਬਤ ਦਾ ਹਾਂ ਸੌæਦਾਈ ਖੁਦਾ ਦੀ ਅਮੀਨ ਮੇਰੀ ਹੈ
ਹੰਕਾਰ ਦੇ ਘੋੜੇ ਤੇ ਚੜ੍ਹ ਕੇ ਤੂੰ ਧਰਤ ਤੇ ਨਹੀਂ ਦੇਖਦਾ
ਨਿਮਰਤਾ ਦੀ ਮਹਿਕਦੀ ਜੋ ਬਗੀਚੀ ਹੁਸੀਨ ਮੇਰੀ ਹੈ
ਫੁੰਡ ਕੇ ਮਾਸੂਮ ਪੰਛੀਆਂ ਨੂੰ ਜਿੱਤ ਦੇ ਪਰਚਮ ਤੂੰ ਲਹਿਰੌਦਾ
ਕਿ ਜ਼ਖਮਾਂ ਤੇ ਮਰ੍ਹਮ ਲੌਣਾ ਇਹ ਸਮਝ ਮਹੀਨ ਮੇਰੀ ਹੈ
ਕਸ਼ਟ ਦੇ ਕੇ ਤੇਰੀ ਖੁਸ਼ੀ ਦਾ ਟਿਕਾਣਾ ਸਿਖਰ ਤੇ ਹੁੰਦਾ
ਉਹਨਾਂ ਦੇ ਦੁਖ ਦਰਦ ਅੰਦਰ ਰੂਹ ਗਮਗੀਨ ਮੇਰੀ ਹੈ
ਤੇਰੀ ਤਲਵਾਰ ਉਠਦੀ ਹੈ ਲੋਕਾਂ ਦਾ ਸਿਰ ਝੁਕਾਉਣ ਲਈ
ਉਠਾ ਕੇ ਸਿਰ ਜੀਣਾ ਦਸਣਾ ਕਲਮ ਸੌਕੀਨ ਮੇਰੀ ਹੈ