ਰੱਖੀਆਂ ਸਨ ਬਾਰੀਆਂ ਤਾਜ਼ੀ ਹਵਾ ਦੇ ਆਉਣ ਨੰੂ।
ਗੰਢ ਲਈਆਂ ਦੁਸ਼ਮਣਾਂ ਨੇ ਭੇਦ ਘਰ ਦਾ ਪਾਉਣ ਨੰੂ।
ਧਰਮ ਦਿੰਦਾ ਸੇਧ ਹੈ ਜੀਵਨ ਸੁਚੱਜਾ ਜੀਣ ਦੀ,
ਵਰਤਿਆ ਇਹ ਜਾ ਰਿਹਾ ਹੈ ਲੜਨ ਨੰੂ ਲੜਵਾਉਣ ਨੰੂ ।
ਕਾਤਲਾਂ ਦਾ ਹੁਣ ਦਬਾਅ ਹੈ ਦੇ ਰਹੇ ਨੇ ਧਮਕੀਆਂ,
ਜ਼ੋਰ ਲਾਇਆ ਹੈ ਗਵਾਹ ਨੰੂ ਹੱਕ ਵਿੱਚ ਭੁਗਤਾਉਣ ਨੰੂ।
ਹੁਣ ਮਨਾ ਵਿੱਚ ਵਸ ਗਈ ਹੈ ਵਾਸ਼ਨਾ ਹੀ ਵਾਸ਼ਨਾ ,
ਫਸ ਗਏ ਨੇ ਕਾਮ ਅੰਦਰ ,ਸੀ ਤੁਰੇ ਰੱਬ ਪਾਉਣ ਨੂੰ।
ਜੰਡ ਵਾਲੀ ਥਾਂ ਬਣੀ ਹੈ ਹੁਣ ਲੜਾਈ ਦੀ ਵਜਾਹ ,
ਕੁਝ ਤੁਰੇ ਬਣਵਾਉਣ ਮੰਦਰ ਕੁਝ ਤੁਰੇ ਨੇ ਢਾਹੁਣ ਨੰੂ ।
ਸੀਸ ਦੇ ਤੈਂ ਸੀ ਬਚਾਇਆ ਤਿਲਕ ਜੰਜੂ ਜੋ ਕਦੀ ,
ਪਾ ਰਿਹਾ ਹੈ ਹੱਥ ਉਹ ਹੀ ਅੱਜ ਸਾਡੀ ਧੌਣ ਨੰੂ ।
ਸੱਚ ਦੇ ਬੋਲਾਂ 'ਤੇ "ਠਾਕਰ" ਬੰਦਸ਼ਾਂ ਹੀ ਬੰਦਸ਼ਾਂ,
ਹੱਲਾ ਸ਼ੇਰੀ ਦੇ ਰਹੇ ਨੇ ਨਫਰਤਾਂ ਫੈਲਾਉਣ ਨੰੂ ।